“ਭੋਜਨ ਸੁਰੱਖਿਆ ਨਾ ਸਿਰਫ ਸਾਡੀ ਸਿਹਤ ਬਚਾਉਂਦੀ ਹੈ ਬਲਕਿ ਇਹ ਇੱਕ ਬਿਹਤਰ ਸਮਾਜ ...”
(9 ਜੂਨ 2026)
ਖਾਣਾ ਇਨਸਾਨੀ ਜੀਵਨ ਦਾ ਅਧਾਰ ਹੈ। ਇਹ ਸਾਨੂੰ ਊਰਜਾ ਦਿੰਦਾ ਹੈ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਚਲਾਉਂਦਾ ਹੈ। ਪਰ ਜਦੋਂ ਇਹੀ ਖਾਣਾ ਅਸੁਰੱਖਿਅਤ ਹੋ ਜਾਵੇ ਤਾਂ ਇਹ ਬਿਮਾਰੀਆਂ, ਦਰਦ ਅਤੇ ਇਸ ਤੋਂ ਵੀ ਵੱਧ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹਰ ਸਾਲ 7 ਜੂਨ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਭੋਜਨ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਲੋਕਾਂ ਵਿੱਚ ਭੋਜਨ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਭੋਜਨ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਲਈ ਯਤਨ ਕਰਨਾ ਹੈ।
ਸਾਲ 2026 ਵਿੱਚ ਇਸ ਦਿਨ ਦਾ ਥੀਮ ਹੈ, “ਫਰੌਮ ਬਰਡਨ ਟੂ ਸਲੂਸ਼ਨਜ਼ - ਸੇਫ ਫੂਡ ਐਵਰੀਵੇਅਰ।” ਇਸ ਥੀਮ ਰਾਹੀਂ ਯੂਨਾਈਟਿਡ ਨੇਸ਼ਨਜ਼ ਦੀ ਏਜੰਸੀਆਂ ਵਿਸ਼ਵ ਸਿਹਤ ਸੰਸਥਾ ਅਤੇ ਭੋਜਨ ਅਤੇ ਖੇਤੀਬਾੜੀ ਸੰਸਥਾ ਇਸ ਗੱਲ ’ਤੇ ਜ਼ੋਰ ਦੇ ਰਹੀਆਂ ਹਨ ਕਿ ਭੋਜਨ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਦੇ ਬੋਝ ਤੋਂ ਹੱਲਾਂ ਵੱਲ ਵਧਣਾ ਚਾਹੀਦਾ ਹੈ। ਇਸ ਥੀਮ ਤਹਿਤ ਡਾਟਾ ਅਤੇ ਵਿਗਿਆਨਕ ਖੋਜਾਂ ਦੀ ਮਦਦ ਨਾਲ ਭੋਜਨ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਨੂੰ ਘਟਾਉਣ ਲਈ ਠੋਸ ਕਦਮ ਉਠਾਉਣ ’ਤੇ ਚਰਚਾ ਹੋ ਰਹੀ ਹੈ। ਇਸ ਸਾਲ ਇਸ ਦਿਨ ਨੂੰ ਲੈ ਕੇ ਵਿਸ਼ਵ ਭਰ ਵਿੱਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਵਿਸ਼ਵ ਭੋਜਨ ਸੁਰੱਖਿਆ ਦਿਵਸ ਦੀ ਸ਼ੁਰੂਆਤ 2018 ਵਿੱਚ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਵੱਲੋਂ ਇੱਕ ਰੈਜ਼ੋਲਿਊਸ਼ਨ ਰਾਹੀਂ ਹੋਈ ਸੀ। ਇਸ ਤੋਂ ਬਾਅਦ 2019 ਤੋਂ ਇਸ ਨੂੰ ਰਸਮੀ ਤੌਰ ’ਤੇ ਮਨਾਇਆ ਜਾਣ ਲੱਗਾ। ਇਸ ਦਿਨ ਦਾ ਉਦੇਸ਼ ਭੋਜਨ ਸੁਰੱਖਿਆ ਨੂੰ ਇੱਕ ਵਿਸ਼ਵਵਿਆਪੀ ਮੁੱਦਾ ਬਣਾਉਣਾ ਅਤੇ ਇਸ ਵੱਲ ਸਰਕਾਰਾਂ, ਉਦਯੋਗ ਅਤੇ ਆਮ ਲੋਕਾਂ ਦਾ ਧਿਆਨ ਖਿੱਚਣਾ ਹੈ। ਇਸ ਦਿਨ ਰਾਹੀਂ ਲੋਕਾਂ ਨੂੰ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਭੋਜਨ ਸੁਰੱਖਿਆ ਸਿਰਫ ਇੱਕ ਵਿਅਕਤੀਗਤ ਮੁੱਦਾ ਨਹੀਂ ਬਲਕਿ ਇਹ ਆਰਥਿਕਤਾ, ਸਿਹਤ ਅਤੇ ਟਿਕਾਊ ਵਿਕਾਸ ਨਾਲ ਜੁੜਿਆ ਹੋਇਆ ਹੈ। ਦੁਨੀਆ ਭਰ ਵਿੱਚ ਹਰ ਸਾਲ ਲਗਭਗ 60 ਕਰੋੜ ਲੋਕ ਭੋਜਨ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਵਿੱਚੋਂ ਲਗਭਗ 4 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਬਿਮਾਰੀਆਂ ਬਹੁਤੀਆਂ ਵਾਰ ਬੈਕਟੀਰੀਆ, ਵਾਇਰਸ, ਪੈਰਾਸਾਈਟ ਜਾਂ ਰਸਾਇਣਕ ਤੱਤਾਂ ਕਾਰਨ ਹੁੰਦੀਆਂ ਹਨ। ਗਰੀਬ ਅਤੇ ਘੱਟ ਆਮਦਨ ਵਾਲੇ ਲੋਕ ਅਤੇ ਛੋਟੀ ਉਮਰ ਦੇ ਬੱਚੇ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਇਹ ਬਿਮਾਰੀਆਂ ਨਾ ਸਿਰਫ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਬਲਕਿ ਲੋਕਾਂ ਦੀ ਆਰਥਿਕਤਾ ਅਤੇ ਰੁਜ਼ਗਾਰ ’ਤੇ ਵੀ ਬੁਰਾ ਅਸਰ ਪਾਉਂਦੀਆਂ ਹਨ। ਇਸ ਲਈ ਭੋਜਨ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਹੈ।
ਭਾਰਤ ਵਰਗੇ ਉੱਭਰਦੇ ਦੇਸ਼ ਵਿੱਚ ਭੋਜਨ ਸੁਰੱਖਿਆ ਦੀ ਚੁਣੌਤੀ ਹੋਰ ਵੀ ਵੱਡੀ ਹੈ। ਵਧਦੀ ਅਬਾਦੀ, ਤੇਜ਼ ਉਦਯੋਗੀਕਰਨ ਅਤੇ ਬਦਲਦੀਆਂ ਖਾਣ-ਪੀਣ ਦੀਆਂ ਆਦਤਾਂ ਨੇ ਇਸ ਮੁੱਦੇ ਨੂੰ ਗੰਭੀਰ ਬਣਾ ਦਿੱਤਾ ਹੈ। ਗਲੀ-ਮੁਹੱਲਿਆਂ ਵਿੱਚ ਵਿਕਣ ਵਾਲਾ ਸਟ੍ਰੀਟ ਫੂਡ, ਅਸਾਨੀ ਨਾਲ ਉਪਲਬਧ ਪ੍ਰੋਸੈੱਸਡ ਫੂਡ ਅਤੇ ਖੇਤੀਬਾੜੀ ਵਿੱਚ ਵਰਤੀਆਂ ਜਾਣ ਵਾਲੀਆਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਭੋਜਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਇਸ ਤੋਂ ਇਲਾਵਾ ਭੋਜਨ ਸਪਲਾਈ ਚੇਨ ਵਿੱਚ ਸਟੋਰੇਜ ਅਤੇ ਟ੍ਰਾਂਸਪੋਰਟੇਸ਼ਨ ਦੌਰਾਨ ਵੀ ਬਹੁਤੀ ਵਾਰ ਸੁਰੱਖਿਆ ਦੇ ਮਾਪਦੰਡਾਂ ਦੀ ਅਣਦੇਖੀ ਹੋ ਜਾਂਦੀ ਹੈ। ਇਸ ਲਈ ਭਾਰਤ ਸਰਕਾਰ ਵੱਲੋਂ ਭੋਜਨ ਸੁਰੱਖਿਆ ਅਤੇ ਮਾਨਕ ਅਥਾਰਿਟੀ ਆਫ ਇੰਡੀਆ ਵਰਗੀਆਂ ਸੰਸਥਾਵਾਂ ਰਾਹੀਂ ਬਹੁਤ ਯਤਨ ਕੀਤੇ ਜਾ ਰਹੇ ਹਨ। ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ ਤਹਿਤ ਬਹੁਤ ਸਾਰੀਆਂ ਗਾਈਡਲਾਈਨਜ਼ ਬਣਾਈਆਂ ਗਈਆਂ ਹਨ ਤਾਂ ਜੋ ਭੋਜਨ ਉਤਪਾਦਕ ਤੋਂ ਲੈ ਕੇ ਖਪਤਕਾਰ ਤਕ ਹਰ ਪੜਾਅ ’ਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਭੋਜਨ ਸੁਰੱਖਿਆ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਭੂਮਿਕਾ ਬਹੁਤ ਅਹਿਮ ਹੈ। ਆਧੁਨਿਕ ਟੈਸਟਿੰਗ ਤਕਨੀਕਾਂ, ਬਾਇਓਟੈਕਨਾਲੋਜੀ ਅਤੇ ਡਿਜਿਟਲ ਟ੍ਰੇਸਿੰਗ ਸਿਸਟਮ ਭੋਜਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿੱਚ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ ਖੇਤੀਬਾੜੀ ਵਿੱਚ ਟਿਕਾਊ ਢੰਗਾਂ ਨੂੰ ਅਪਣਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਵਿਸ਼ਵ ਭੋਜਨ ਸੁਰੱਖਿਆ ਦਿਵਸ ’ਤੇ ਇਸ ਗੱਲ ’ਤੇ ਵੀ ਚਰਚਾ ਹੋ ਰਹੀ ਹੈ ਕਿ ਜਲਵਾਯੂ ਤਬਦੀਲੀ ਭੋਜਨ ਸੁਰੱਖਿਆ ਲਈ ਵੱਡੀ ਚੁਣੌਤੀ ਬਣ ਰਹੀ ਹੈ। ਬਦਲਦਾ ਮੌਸਮ ਫਸਲਾਂ ਉੱਤੇ ਅਸਰ ਪਾ ਰਿਹਾ ਹੈ ਅਤੇ ਨਵੀਂਆਂ ਬਿਮਾਰੀਆਂ ਪੈਦਾ ਕਰ ਰਿਹਾ ਹੈ। ਇਸ ਲਈ ਵਿਗਿਆਨਕ ਖੋਜਾਂ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਖੇਤੀ ਖੇਤਰ ਵਿੱਚ ਲਾਗੂ ਕਰਨ ਦੀ ਲੋੜ ਹੈ। ਭੋਜਨ ਸੁਰੱਖਿਆ ਲਈ ਹਰ ਵਿਅਕਤੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਘਰ ਵਿੱਚ ਖਾਣਾ ਬਣਾਉਂਦੇ ਵੇਲੇ ਹੱਥ ਧੋਣਾ, ਤਾਜ਼ਾ ਖਾਣਾ ਵਰਤਣਾ, ਫਰਿੱਜ ਦੀ ਸਫਾਈ ਰੱਖਣਾ ਅਤੇ ਖਰਾਬ ਖਾਣੇ ਨੂੰ ਸੁੱਟਣ ਵਰਗੀਆਂ ਛੋਟੀਆਂ ਆਦਤਾਂ ਬਹੁਤ ਵੱਡਾ ਫਰਕ ਲਿਆ ਸਕਦੀਆਂ ਹਨ। ਬਾਹਰ ਖਾਣਾ ਖਾਣ ਵੇਲੇ ਵੀ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਣਾ ਸਾਫ ਅਤੇ ਤਾਜ਼ਾ ਹੋਵੇ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਭੋਜਨ ਸੁਰੱਖਿਆ ਬਾਰੇ ਸਿਖਾਉਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਇਸ ਨੂੰ ਆਪਣੀ ਆਦਤ ਬਣਾ ਲੈਣ। ਸਕੂਲਾਂ ਅਤੇ ਕਾਲਜਾਂ ਵਿੱਚ ਵੀ ਇਸ ਬਾਰੇ ਵਰਕਸ਼ਾਪਾਂ ਅਤੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣੇ ਚਾਹੀਦੇ ਹਨ।
ਉਦਯੋਗ ਵੱਲੋਂ ਵੀ ਭੋਜਨ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਫੈਕਟਰੀਆਂ ਵਿੱਚ ਗੁਣਵੱਤਾ ਨਿਯੰਤਰਣ, ਸਟੈਂਡਰਡਜ਼ ਦੀ ਪਾਲਣਾ ਅਤੇ ਟ੍ਰਾਂਸਪੋਰਟੇਸ਼ਨ ਵਿੱਚ ਠੰਢੀ ਚੇਨ ਦੀ ਵਰਤੋਂ ਯਕੀਨੀ ਬਣਾਉਣੀ ਚਾਹੀਦੀ ਹੈ। ਸਰਕਾਰਾਂ ਨੂੰ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣੀ ਚਾਹੀਦੀ ਹੈ ਅਤੇ ਛੋਟੇ ਉਦਯੋਗਾਂ ਅਤੇ ਖੇਤੀਬਾੜੀ ਉਤਪਾਦਕਾਂ ਨੂੰ ਟ੍ਰੇਨਿੰਗ ਅਤੇ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਵਿਸ਼ਵ ਭੋਜਨ ਸੁਰੱਖਿਆ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਭੋਜਨ ਸੁਰੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ, ਇਸ ਨਾਲ ਜੁੜੀਆਂ ਬਿਮਾਰੀਆਂ ਬਹੁਤੀਆਂ ਵਾਰ ਰੋਕੀਆਂ ਜਾ ਸਕਦੀਆਂ ਹਨ। ਇਸ ਲਈ ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਅਤੇ ਭੋਜਨ ਉਤਪਾਦਨ ਤੋਂ ਲੈ ਕੇ ਖਪਤ ਤਕ ਹਰ ਪੜਾਅ ’ਤੇ ਧਿਆਨ ਦੇਣਾ ਪਵੇਗਾ।
ਇਸ ਦਿਨ ’ਤੇ ਆਉ ਆਪਾਂ ਸਾਰੇ ਵਾਅਦਾ ਕਰੀਏ ਕਿ ਅਸੀਂ ਸੁਰੱਖਿਅਤ ਭੋਜਨ ਲਈ ਯਤਨ ਕਰਾਂਗੇ ਅਤੇ ਆਪਣੇ ਆਲੇ-ਦੁਆਲੇ ਵਿੱਚ ਵੀ ਇਸ ਬਾਰੇ ਜਾਗਰੂਕਤਾ ਫੈਲਾਵਾਂਗੇ। ਜਦੋਂ ਤਕ ਹਰ ਇੱਕ ਵਿਅਕਤੀ ਇਸ ਮੁੱਦੇ ਨੂੰ ਆਪਣਾ ਨਹੀਂ ਬਣਾਉਂਦਾ, ਉਦੋਂ ਤਕ ਕਾਮਯਾਬੀ ਨਹੀਂ ਮਿਲੇਗੀ। ਇਸ ਲਈ ਇਸ ਵਿਸ਼ਵ ਭੋਜਨ ਸੁਰੱਖਿਆ ਦਿਵਸ ’ਤੇ ਆਉ ਇੱਕਜੁੱਟ ਹੋ ਕੇ ਇੱਕ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਬਣਾਉਣ ਵੱਲ ਵਧੀਏ। ਭੋਜਨ ਸੁਰੱਖਿਆ ਨਾ ਸਿਰਫ ਸਾਡੀ ਸਿਹਤ ਬਚਾਉਂਦੀ ਹੈ ਬਲਕਿ ਇਹ ਇੱਕ ਬਿਹਤਰ ਸਮਾਜ ਅਤੇ ਟਿਕਾਊ ਭਵਿੱਖ ਦੀ ਨੀਂਹ ਵੀ ਰੱਖਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































