HarshinderKaur7ਹਾਲੇ ਪਾਪਾ ਹੱਥ ਧੋ ਕੇ ਮੁੜੇ ਹੀ ਸਨ ਤੇ ਚਾਹ ਦਾ ਕੱਪ ਵੀ ਨਹੀਂ ਸੀ ਫੜਿਆ ਕਿ ਬਾਹਰ ...
(1 ਨਵੰਬਰ 2017)

 

(ਇਹ ਘਟਨਾ ਸੁਰਿੰਦਰ ਸਿੰਘ ਜੀ ਵੱਲੋਂ ਦੱਸੀ ਗਈ ਹੈ। ਉਹ ਦਿੱਲੀ ਵਿਚ ਇਸ ਘਟਨਾ ਦੇ ਅੱਖੀਂ ਵੇਖੇ ਗਵਾਹ ਸਨ ਤੇ ਉਨ੍ਹਾਂ ਦਾ ਆਪਣਾ ਸਕਾ ਭਰਾ ਵੀ ਦੰਗਈਆਂ ਹੱਥੋਂ ਅਧਮਰਿਆ ਕਰ ਕੇ ਪੁਲਿਸ ਜਿਪਸੀ ਵਿਚ ਫੂਕੇ ਜਾਣ ਲਈ ਸੁੱਟਿਆ ਗਿਆ ਸੀ। ਗੱਲ ਇਕ ਨਵੰਬਰ 1984 ਦੀ ਹੈ। ਦਿੱਲੀ ਦੇ ਨਜਫਗੜ੍ਹ ਇਲਾਕੇ (ਤਿਲਕ ਨਗਰ ਨੇੜੇ) ਵਿਚ 13 ਦਿਨ ਦੀ ਨਵਜੰਮੀ ਬੱਚੀ ਨੂੰ ਵੇਖਣ ਉਸਦਾ ਪਿਤਾ ਫੌਜ ਵਿੱਚੋਂ ਛੁੱਟੀ ਲੈ ਕੇ ਘਰ ਆਇਆ ਸੀ।)

ਮੈਂ ਤਾਂ ਹਾਲੇ 13 ਦਿਨ ਦੀ ਨਿੱਕੀ ਜਿਹੀ ਬੱਚੀ ਸੀ। ਆਪਣੀ ਮੰਮੀ ਦੀ ਪਿਆਰੀ ਗੋਦ ਵਿਚ ਪਈ ਮੈਂ ਰੋਜ਼ ਮੰਮੀ ਨੂੰ ਰੱਬ ਦਾ ਸ਼ੁਕਰ ਕਰਦਿਆਂ ਸੁਣਦੀ ਸੀ। ਪਤਾ ਹੈ, ਉਸ ਦਿਨ ਮੰਮੀ ਕਿੰਨੀ ਖੁਸ਼ ਸੀ। ਵਾਰ-ਵਾਰ ਮੇਰਾ ਮੱਥਾ ਚੁੰਮ ਕੇ ਮੈਨੂੰ ਕਹਿ ਰਹੀ ਸੀ, “ਅੱਜ ਤੇਰੇ ਪਾਪਾ ਨੇ ਆਉਣਾ ਹੈ। ਉਹ ਤੈਨੂੰ ਬਹੁਤ ਪਿਆਰ ਕਰਦੇ ਨੇ। ਉਨ੍ਹਾਂ ਨੇ ਕਿਹਾ ਹੈ ਕਿ ਉਹ ਆ ਕੇ ਸਾਨੂੰ ਗੁਰਦੁਆਰੇ ਲਿਜਾ ਕੇ ਤੇਰਾ ਨਾਮਕਰਣ ਕਰਨਗੇ। ਤੈਨੂੰ ਤਾਂ ਹਾਲੇ ਤਕ ਉਹ ਦੁਰਗਾ ਕਹਿ ਕੇ ਹੀ ਬੁਲਾਉਂਦੇ ਰਹੇ ਨੇ ਕਿਉਂਕਿ ਤੇਰੇ ਪਾਪਾ ਨੂੰ ਇਹ ਨਾਂ ਬਹੁਤ ਪਸੰਦ ਹੈ। ਪਤਾ ਹੈ ਕਿ ਤੇਰੇ ਪਾਪਾ ਦੀ ਦਾਦੀ ਹਿੰਦੂ ਟੱਬਰ ਵਿੱਚੋਂ ਸੀ ਤੇ ਉਸਦਾ ਨਾਂ ਦੁਰਗਾ ਸੀ। ਪਰ ਤੇਰਾ ਜਨਮ ਸਿੱਖ ਟੱਬਰ ਵਿਚ ਹੋਣ ਕਰਕੇ, ਜੋ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਹੋਇਆ, ਉਹੀ ਨਾਂ ਰੱਖਣਗੇ। ਪਰ ਤੂੰ ਰਹੀਂ ਦੁਰਗਾ ਹੀ। ਪਾਪੀਆਂ ਦਾ ਨਾਸ ਕਰਨ ਵਾਲੀ - ਬਹਾਦਰ ਪਿਤਾ ਦੀ ਬਹਾਦਰ ਧੀ। ਦੇਸ ਉੱਤੇ ਜਾਨ ਵਾਰ ਦੇਣ ਵਾਲੀ। ਮੈਂ ਤਾਂ ਤੈਨੂੰ ਫੌਜ ਵਿਚ ਹੀ ਭਰਤੀ ਕਰਵਾਵਾਂਗੀ। ਵੱਡੀ ਹੋ ਕੇ ਦੇਸਵਾਸੀਆਂ ਦੀ ਰਾਖੀ ਲਈ ਆਪਣੀ ਜਾਨ ਵਾਰ ਦੇਣ ਵਾਲੀ। ਬਿਟੀਆ ਮੇਰੀ, ਤੂੰ ਧਰਮ ਦੀ ਖ਼ਾਤਰ ਕਦੇ ਕਿਸੇ ਨਾਲ ਵਿਤਕਰਾ ਨਾ ਕਰੀਂ। ਸਾਡਾ ਤਾਂ ਟੱਬਰ ਹੀ ਸਾਂਝੀਵਾਲਤਾ ਦਾ ਪ੍ਰਤੀਕ ਹੈ। ਸਾਡੀ ਰਿਸ਼ਤੇਦਾਰੀ ਵਿਚ ਵੀ ਹਿੰਦੂ ਸਿੱਖ ਸਾਂਝੇ ਵਰਤਦੇ ਨੇ। ਲੈ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਈ ਆਂ। ਚੱਲ ਤੈਨੂੰ ਨਵੇਂ ਕਪੜੇ ਪਾ ਕੇ ਤਿਆਰ ਕਰਾਂ। ਤੇਰੇ ਪਾਪਾ ਆਉਣ ਵਾਲੇ ਨੇ ...”

ਇਸ ਤੋਂ ਬਾਅਦ ਪਤਾ ਨਹੀਂ ਕਿੰਨੀ ਦੇਰ ਮੰਮੀ ਰਸੋਈ ਵਿਚ ਖੁਸ਼ਬੂਦਾਰ ਚੀਜ਼ਾਂ ਬਣਾਉਂਦੀ ਰਹੀ ਤੇ ਮੈਂ ਮੰਜੇ ਉੱਤੇ ਪਈ ਪਾਸੇ ਵਾਲੀ ਕੰਧ ਉੱਤੇ ਲਟਕਦੀ ਪਾਪਾ ਦੀ ਵਰਦੀ ਵਾਲੀ ਤਸਵੀਰ ਵੱਲ ਵੇਖਦੀ ਰਹੀ। ਕਿੰਨੇ ਸੁਹਣੇ ਲੱਗ ਰਹੇ ਸਨ ਮੇਰੇ ਪਾਪਾ ਫੌਜੀ ਵਰਦੀ ਵਿਚ। ਸਿਰ ਉੱਤੇ ਹਰੀ ਪੱਗ। ਗੋਰੇ ਚਿੱਟੇ। ਛਾਤੀ ਉੱਤੇ ਢੇਰ ਸਾਰੇ ਮੈਡਲ। ਮੈਂ ਆਪ ਤਾਂ ਸੀਸ਼ਾ ਨਹੀਂ ਸੀ ਵੇਖ ਸਕਦੀ, ਪਰ ਮੰਮੀ ਤੇ ਪਾਪਾ ਇੰਨੇ ਸੁਹਣੇ ਸੀ ਤਾਂ ਮੈਂ ਜ਼ਰੂਰ ਬਹੁਤ ਸੁਹਣੀ ਹੋਵਾਂਗੀ। ਮੈਂ ਵੀ ਉਡੀਕ ਰਹੀ ਸੀ ਕਿ ਕਦੋਂ ਪਾਪਾ ਆਉਣ ਤੇ ਮੈਨੂੰ ਗੋਦੀ ਚੁੱਕ ਕੇ ਖਿਡਾਉਣ ...

ਅਖ਼ੀਰ ਮੰਮੀ ਰਸੋਈ ਵਿੱਚੋਂ ਨਿਕਲੀ ਤੇ ਮੈਨੂੰ ਗੁਸਲਖਾਨੇ ਵਿਚ ਨੁਹਾਉਣ ਲੈ ਗਈ। ਮੰਮੀ ਨੇ ਬੜਾ ਖਿਆਲ ਰੱਖਿਆ ਸੀ ਕਿ ਕਿਤੇ ਪਾਣੀ ਜ਼ਿਆਦਾ ਗਰਮ ਜਾਂ ਠੰਢਾ ਨਾ ਹੋਵੇ। ਮੇਰੇ ਚਮੜੀ ਨਰਮ ਜੁ ਬਹੁਤ ਸੀ। ਮੰਮੀ ਕਹਿੰਦੀ ਸੀ, ਮੈਂ ਤਾਂ ਨਿਰੀ ਰੂੰ ਵਰਗੀ ਹਾਂ। ਕਦੇ-ਕਦੇ ਤਾਂ ਮੰਮੀ ਮੈਨੂੰ ਚਿੱਟੀ ਬਰਫ਼ ਦਾ ਗੋਲਾ ਕਹਿੰਦੀ ਸੀ। ...

ਮੰਮੀ ਨੇ ਮੈਨੂੰ ਬਹੁਤ ਸੁਹਣੀ ਲਾਲ ਫਰਾਕ ਪਾਈ ਤੇ ਮੇਰੇ ਵਾਲ ਬਹੁਤ ਸੁਹਣੇ ਤਰੀਕੇ ਵਾਹੇ। ਫੇਰ ਮੈਨੂੰ ਛਾਤੀ ਨਾਲ ਲਾ ਕੇ, ਦੁੱਧ ਪਿਆ ਕੇ ਸੁਆ ਦਿੱਤਾ। ਮੈਂ ਸੁਫ਼ਨੇ ਵਿਚ ਪਾਪਾ ਦੀ ਗੋਦੀ ਚੜ੍ਹ ਰਹੀ ਸੀ ਕਿ ਅਚਾਨਕ ਮੈਨੂੰ ਪੋਲੇ ਜਿਹੇ ਕਿਸੇ ਨੇ ਚੁੱਕ ਕੇ, ਘੁੱਟ ਕੇ ਗਲ ਨਾਲ ਲਾ ਲਿਆ। ਓ ਹੋ ਕਿੰਨਾ ਜ਼ਿਆਦਾ ਚੁੰਮਿਆ। ਮੇਰੀ ਤਾਂ ਗੱਲ੍ਹ ਗਿੱਲੀ ਹੋ ਗਈ। ਮੈਂ ਨਿੱਕੀਆਂ ਨਿੱਕੀਆਂ ਅੱਖਾਂ ਖੋਲ੍ਹ ਕੇ ਵੇਖਿਆ ਤਾਂ ਇਹ ਬਿਲਕੁਲ ਉਹੀ ਸ਼ਕਲ ਸੀ ਜੋ ਕੰਧ ਉੱਤੇ ਲਟਕੀ ਤਸਵੀਰ ਵਿਚ ਸੀ। ਓ ਲੈ, ਇਹ ਤਾਂ ਮੇਰੇ ਪਾਪਾ ਸੀ। ਮੈਂ ਨਿੱਕੀ ਜਿਹੀ ਮੁਸਕਾਨ ਨਾਲ ਜਦੋਂ ਉਨ੍ਹਾਂ ਵੱਲ ਤੱਕਿਆ ਤਾਂ ਮੈਂ ਵੇਖਿਆ, ਪਾਪਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਸਨਪਾਪਾ ਇਕਦਮ ਬੋਲ ਪਏ, “ਇਹ ਤਾਂ ਮੇਰੀ ਪਰੀ ਵਰਗੀ ਬੱਚੀ ਐ। ਤੈਨੂੰ ਕਦੇ ਤੱਤੀ ’ਵਾ ਨਾ ਲੱਗੇ। ਤੇਰੀ ਆਈ ਮੈਂ ਮਰ ਜਾਂ। ਰੱਬ ਤੈਨੂੰ ਮੇਰੀ ਉਮਰ ਵੀ ਲਾ ਦੇਵੇ ...

ਪਾਪਾ ਮੈਨੂੰ ਗੋਦੀ ਵਿੱਚੋਂ ਲਾਹੁੰਦੇ ਹੀ ਨਹੀਂ ਸੀ ਪਏ। ਮੰਮੀ ਪਾਪਾ ਲਈ ਚਾਹ ਲੈ ਕੇ ਆਈ ਪਰ ਪਾਪਾ ਤਾਂ ਆਪਣੇ ਚਾਅ ਹੀ ਪੂਰੇ ਕਰਨ ਵਿਚ ਰੁੱਝੇ ਹੋਏ ਸਨ। ਮੈਂ ਤਾਂ ਪਾਪਾ ਉੱਤੇ ਸੁਸੂ ਵੀ ਕਰ ’ਤਾ ਪਰ ਪਾਪਾ ਹੋਰ ਘੁੱਟ ਕੇ ਪਿਆਰ ਕਰਨ ਲੱਗ ਪਏ ਤੇ ਕਹਿਣ ਲੱਗੇ, ‘ਤੇਰਾ ਨਾਂ ਤਾਂ ਮੈਂ ਦੁਰਗਾ ਕੌਰ ਈ ਰੱਖ ਦੇਣੈ। ਸਾਂਝੀਵਾਲਤਾ ਦੀ ਪ੍ਰਤੀਕ। ਮੇਰੀ ਦਾਦੀ ਵਾਂਗ ਈ ਤੂੰ ਵੀ ਤਗੜੀ ਬਣਨੈ ਤੇ ਪਾਪਾ ਤੋਂ ਵੀ ਜ਼ਿਆਦਾ ਮੈਡਲ ਹਾਸਲ ਕਰਨੇ ਨੇ। ਬੋਲ ਕਰੇਂਗੀ ਨਾ? ਆਪਣੇ ਪਾਪਾ ਦਾ ਨਾਂ ਰੌਸ਼ਨ ਕਰੇਂਗੀ ਨਾ? ਮੇਰੀ ਬਹਾਦਰ ਬੱਚੀ ਬਣੇਂਗੀ ਨਾ?’

ਮੈਂ ਵੀ ਪੂਰਾ ਜ਼ੋਰ ਲਾ ਕੇ ਮੁਸਕੁਰਾ ਕੇ ਹਾਮੀ ਭਰ ਦਿੱਤੀ। ਮੈਂ ਤਾਂ ਜ਼ਰੂਰ ਪਾਪਾ ਤੋਂ ਵੱਧ ਮੈਡਲ ਹਾਸਲ ਕਰ ਕੇ ਪਾਪਾ ਦਾ ਨਾਂ ਰੌਸ਼ਨ ਕਰਾਂਗੀ।

ਅਖ਼ੀਰ ਮੰਮੀ ਕੋਲੋਂ ਚਾਹ ਦਾ ਕੱਪ ਫੜਨ ਲਈ ਪਾਪਾ ਮੈਨੂੰ ਮੰਜੇ ਉੱਤੇ ਪਾ ਕੇ ਹੱਥ ਧੋਣ ਗੁਸਲਖ਼ਾਨੇ ਚਲੇ ਗਏ। ਮੈਂ ਪੂਰੇ ਜ਼ੋਰ ਦੀ ਲੱਤਾਂ ਮਾਰ ਕੇ ਪਾਪਾ ਦੀ ਗੋਦੀ ਚੜ੍ਹਨ ਦੀ ਜ਼ਿਦ ਕਰਦਿਆਂ ਹੌਲੀ-ਹੌਲੀ ਰੂੰ-ਰੂੰ ਕਰਨਾ ਸ਼ੁਰੂ ਕਰ ਦਿੱਤਾ।

ਹਾਲੇ ਪਾਪਾ ਹੱਥ ਧੋ ਕੇ ਮੁੜੇ ਹੀ ਸਨ ਤੇ ਚਾਹ ਦਾ ਕੱਪ ਵੀ ਨਹੀਂ ਸੀ ਫੜਿਆ ਕਿ ਬਾਹਰ ਰੌਲੇ ਰੱਪੇ ਦੀ ਆਵਾਜ਼ ਆਈ। ਮੈਂ ਤ੍ਰਭਕ ਗਈ ਪਰ ਰੋਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਸਾਬਤ ਕਰਨਾ ਸੀ ਕਿ ਮੈਂ ਪਾਪਾ ਦੀ ਤਾਕਤਵਰ ਧੀ ਹਾਂ।

ਪਾਪਾ ਵਰਦੀ ਵਿਚ ਹੀ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਧੱਕਾ ਮਾਰ ਕੇ ਬਾਹਰੋਂ ਭੀੜ ਅੰਦਰ ਆ ਵੜੀ। ਸਾਰੇ ਉੱਚੀ ਉੱਚੀ ਚੀਕ ਰਹੇ ਸੀ ਤੇ ਮੈਂ ਡੌਰ ਭੌਰ ਹੋਈ ਸਭ ਕੁੱਝ ਸਮਝਣ ਦਾ ਜਤਨ ਕਰ ਰਹੀ ਸੀ।

ਮੰਮੀ ਕਹਿੰਦੀ ਹੁੰਦੀ ਸੀ ਕਿ ਜਦੋਂ ਮੈਂ ਸਵਾ ਮਹੀਨੇ ਦੀ ਹੋਵਾਂਗੀ ਤਾਂ ਉਹ ਪਾਰਟੀ ਰੱਖਣਗੇ। ਪਰ, ਹਾਲੇ ਤਾਂ ਮੈਂ ਸਿਰਫ਼ 13 ਦਿਨਾਂ ਦੀ ਹਾਂ। ਇੰਨਾ ਉੱਚਾ ਸ਼ੋਰ ਸੀ ਕਿ ਮੈਂ ਸਹਿਮ ਗਈ ਸੀ।

ਅਚਾਨਕ ਤਿੰਨ ਜਣਿਆਂ ਨੇ ਅਗਾਂਹ ਹੋ ਕੇ ਪਾਪਾ ਦੀ ਬਾਂਹ ਖਿੱਚੀ ਤੇ ਚੀਕੇ, “ਬਾਹਰ ਖੀਂਚੋ। ਫੂਕ ਦੋ ਸਾਲੇ ਕੋ।” ਮੈਂ ਸੱਚੀਂ ਮੁੱਚੀਂ ਡਰ ਗਈ ਤੇ ਚੀਕ ਪਈ। ਮੇਰੇ ਚੀਕਣ ਦੀ ਦੇਰ ਸੀ ਕਿ ਮੈਨੂੰ ਦੋ ਜਣਿਆਂ ਨੇ ਲੱਤਾਂ ਤੋਂ ਧੂਹ ਲਿਆ ਤੇ ਸਿੱਧਾ ਰਸੋਈ ਵਿਚ ਗੈਸ ਬਾਲ ਕੇ ਉਸ ਉੱਤੇ ਸੁੱਟ ਦਿੱਤਾ। ਮੇਰੀ ਮੰਮੀ ਨੂੰ ਘੜੀਸ ਕੇ ਕਈ ਜਣੇ ਬਾਹਰ ਲੈ ਗਏ ਤੇ ਮੇਰੇ ਪਾਪਾ ਨੂੰ ਪੱਗ ਤੋਂ ਫੜ ਕੇ ਪੂਰੀ ਭੀੜ ਨੇ ਧੂਹ ਕੇ ਬਾਹਰ ਖਿੱਚ ਲਿਆ। ਪਾਪਾ ਨੇ ਪੂਰਾ ਜ਼ੋਰ ਲਾ ਕੇ ਸਾਰਿਆਂ ਨੂੰ ਧੱਕ ਕੇ ਮੈਨੂੰ ਗੈਸ ਉੱਤੋਂ ਚੁੱਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਤਿੰਨ ਜਣਿਆਂ ਨੇ ਉਨ੍ਹਾਂ ਦੇ ਸਿਰ ’ਤੇ ਲੋਹੇ ਦੀਆਂ ਰਾਡਾਂ ਮਾਰ ਦਿੱਤੀਆਂ ਤੇ ਉਹ ਡਿੱਗ ਪਏ।

ਮੈਂ ਕੀ ਦੱਸਾਂ, ਮੈਨੂੰ ਕਿੰਨੀ ਪੀੜ ਹੋਈ। ਮੇਰੀਆਂ ਨਿੱਕੀਆਂ ਹੱਡੀਆਂ ਤੇ ਚਮੜੀ ਤਾਂ ਸੱਚੀਂ ਰੂੰ ਵਾਂਗ ਸੜ ਗਈਆਂ। ਮੰਮੀ ਠੀਕ ਕਹਿੰਦੀ ਸੀ ਕਿ ਮੈਂ ਨਿਰੀ ਰੂੰ ਹੀ ਤਾਂ ਸੀ। ਚੀਕਣ ਦੀ ਕੋਸ਼ਿਸ਼ ਵੀ ਕੀਤੀ ਤੇ ਪਾਪਾ ਦੀ ਬਹਾਦਰ ਧੀ ਬਣ ਕੇ ਹਿੱਲਣ ਦੀ ਵੀ ਕੋਸ਼ਿਸ਼ ਕੀਤੀ। ਪਰ ਦੋ ਜਣਿਆਂ ਨੇ ਮੇਰੇ ਉੱਤੇ ਬਲਦਾ ਹੋਇਆ ਟਾਇਰ ਵੀ ਸੁੱਟ ਦਿੱਤਾ। ਮੇਰੀ ਮੰਮੀ ਵੱਲੋਂ ਲਾਡਾਂ ਨਾਲ ਪਾਈ ਲਾਲ ਫਰਾਕ ਧੂਅ-ਧੂਅ ਕੇ ਸੜੀ ਤੇ ਮੇਰੀ ਚੀਕ ਕਿਤੇ ਵਿੱਚੇ ਹੀ ਦਫ਼ਨ ਹੋ ਗਈ। ਮੇਰਾ ਸਰੀਰ ਪੂਰਾ ਫੁੱਲ ਗਿਆ ਤੇ ਫੇਰ ਸਾਰਾ ਕੁੱਝ ਸੜ ਗਿਆ। ਪਲਾਂ ਵਿਚ ਹੀ ਮੈਂ ਆਪਣੇ ਪਿਆਰੇ ਪਾਪਾ ਦੀ ਦੁਰਗਾ ਧੀ, ਸਿਰਫ਼ ਨਿੱਕੀਆਂ ਹੱਡੀਆਂ ਦੀ ਮੁੱਠ ਰਹਿ ਗਈ। ਜਦੋਂ ਮੇਰੀ ਰੂਹ ਨਿਕਲੀ ਤਾਂ ਮੈਂ ਵੇਖਿਆ, ਮੇਰਾ ਸਿਰ ਟੋਟੇ ਟੋਟੇ ਹੋਇਆ ਪਿਆ ਸੀ ਤੇ ਗੈਸ ਦੇ ਕੋਨੇ ’ਤੇ ਹਾਲੇ ਵੀ ਮੇਰਾ ਨਿੱਕਾ ਜਿਹਾ ਕਲਿੱਪ ਪਿਆ ਸੀ ਜੋ ਮੇਰੀ ਮਾਂ ਨੇ ਚੁੰਮ ਕੇ ਮੇਰੇ ਸਿਰ ਉੱਤੇ ਟੁੰਗਿਆ ਸੀ।

ਪਰ ਇਹ ਕੀ? ਮੈਂ ਵੇਖਿਆ ਗਲੀ ਵਿਚ ਮੇਰੀ ਮੰਮੀ ਦੇ ਕੱਪੜੇ ਪਾੜ ਦਿੱਤੇ ਗਏ ਸੀ ਤੇ ਮੇਰੇ ਪਾਪਾ ਨੂੰ ਪੱਗ ਨਾਲ ਬੰਨ੍ਹ ਕੇ ਖਿੱਚਿਆ ਜਾ ਰਿਹਾ ਸੀ।

ਭੀੜ ਨੇ ਪਾਪਾ ਨੂੰ ਰਾਡਾਂ ਮਾਰ-ਮਾਰ ਕੇ ਅਧਮੋਇਆ ਕਰ ਦਿੱਤਾ ਸੀ ਤੇ ਉਨ੍ਹਾਂ ਉੱਤੇ ਵੀ ਟਾਇਰ ਬਾਲ ਕੇ ਸੁੱਟ ਦਿੱਤਾ ਸੀ।

“ਕਿੰਨੀ ਸੁਹਣੀ ਫੌਜੀ ਵਰਦੀ ਅੱਗ ਵਿਚ ਧੂਅ ਧੂਅ ਕੇ ਬਲ ਰਹੀ ਸੀ। ਮੇਰੇ ਪਾਪਾ ਇੱਕੋ ਗੱਲ ਕਹੀ ਜਾ ਰਹੇ ਸਨ, “ਮੇਰੀ ਧੀ ਨੂੰ ਛੱਡ ਦਿਓ। ਮੇਰੀ ਦੁਰਗਾ ਬਚਾ ਲਓ।”

ਮੇਰੀਆਂ ਤਾਂ ਭੁੱਬਾਂ ਨਿਕਲ ਗਈਆਂ। ਕਿਵੇਂ ਦੱਸਦੀ, ਪਾਪਾ ਮੈਂ ਪੂਰੀ ਬਹਾਦਰੀ ਵਿਖਾਈ ਪਰ ਤੁਹਾਡੀ ਦੁਰਗਾ ਅੱਗ ਨਾਲ ਲੜ ਨਹੀਂ ਸਕੀ ਤੇ ਵਿਦਾ ਹੋ ਚੁੱਕੀ ਹੈ। ਉਹ ਏਨੀ ਲਾਚਾਰ ਬਣ ਚੁੱਕੀ ਹੈ ਕਿ ਪਾਪਾ ਨੂੰ ਬਚਾਉਣ ਵੀ ਨਹੀਂ ਆ ਸਕਦੀ। ਮੇਰੇ ਕੋਲੋਂ ਹੋਰ ਕੁੱਝ ਵੀ ਵੇਖਣ ਦੀ ਤਾਕਤ ਨਹੀਂ ਸੀ ਬਚੀ। ਸਿਰ ਪਰ੍ਹਾਂ ਘੁਮਾਇਆ ਤਾਂ ਵੇਖਿਆ ਮੇਰੇ ਪਾਪਾ ਦੀ ਰੂਹ ਵੀ ਮੇਰੇ ਨਾਲ ਹੀ ਆ ਚੁੱਕੀ ਸੀ। ਅਸੀਂ ਫਿਰ ਘੁੱਟ ਕੇ ਜੱਫੀ ਪਾ ਲਈ। ਪਰ ਮੰਮੀ? ਉਹ ਤਾਂ ਕਿਤੇ ਵੀ ਦਿਸਦੀ ਨਹੀਂ ਸੀ ਪਈ! ਚੁਫੇਰੇ ਅੱਗਾਂ ਲੱਗੀਆਂ ਸਨ।

ਹੁਣ ਤਾਂ ਤਿੰਨ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ। ਪਰ, ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ। ਮੈਂ ਤੇ ਮੇਰੇ ਪਾਪਾ ਦੀ ਰੂਹ ਇਕੱਠੇ ਹਾਂ। ਉਦੋਂ ਹੀ ਪੰਜ ਦਿਨ ਬਾਅਦ ਪੱਤ ਗੁਆ ਕੇ ਮੇਰੀ ਮੰਮੀ ਵੀ ਸਾਡੇ ਨਾਲ ਹੀ ਆ ਗਈ ਸੀ। ਹੁਣ ਸਾਨੂੰ ਕੋਈ ਅਲੱਗ ਨਹੀਂ ਕਰ ਸਕਦਾ। ਅਸੀਂ ਬਹੁਤ ਖੁਸ਼ ਹਾਂ।

ਮੈਂ ਬਿਲਕੁਲ ਕਿਸੇ ਤੋਂ ਕੋਈ ਨਿਆਂ ਨਹੀਂ ਮੰਗ ਰਹੀ, ਸਗੋਂ ਸ਼ੁਕਰਾਨਾ ਕਰ ਰਹੀ ਹਾਂ ਕਿ ਦੰਗਾ ਕਰਨ ਵਾਲਿਆਂ ਨੇ ਸਾਨੂੰ ਸਾਰੇ ਟੱਬਰ ਨੂੰ ਹਮੇਸ਼ਾ ਲਈ ਇਕੱਠਾ ਕਰ ਦਿੱਤਾ।

ਪਰ ਅੱਜ ਮੈਂ ਸ਼ਹੀਦ ਫੌਜੀਆਂ ਦੀ ਯਾਦ ਵਿਚ ਲੋਕਾਂ ਨੂੰ ਦੀਵੇ ਬਾਲਦੇ ਵੇਖਿਆ ਹੈ। ਮੈਂ ਪੂਰੀ ਲਿਸਟ ਵੇਖੀ ਹੈ। ਉੱਥੇ ਮੇਰੇ ਪਾਪਾ ਦਾ ਨਾਂ ਨਹੀਂ ਲਿਖਿਆ ਹੋਇਆ।

ਸੱਚ ਕਹਿ ਰਹੀ ਹਾਂ। ਮੈਂ ਆਪ ਅੱਖੀਂ ਵੇਖੀ ਗਵਾਹ ਹਾਂ ਕਿ ਮੇਰੇ ਪਾਪਾ ਪੂਰੀ ਬਹਾਦਰੀ ਨਾਲ ਲੜੇ ਸੀ। ਪਰ, ਇਕ ਪਾਸੇ ਏਨੀਆਂ ਰਾਡਾਂ ਤੇ ਅੱਗ ਵਾਲੇ ਟਾਇਰ ਸਨ ਤੇ ਦੂਜੇ ਪਾਸੇ ਇਕੱਲੇ ਪਾਪਾ ਤੇ ਉਹ ਵੀ ਨਿਹੱਥੇ। ਹੋਰ ਕੁੱਝ ਵੀ ਨਾ ਕਰੋ ਪਰ ਪਲੀਜ਼ ਮੇਰੇ ਪਿਆਰੇ ਫੌਜੀ ਪਾਪਾ ਦਾ ਸ਼ਹੀਦਾਂ ਦੇ ਵਿਚ ਨਾਂ ਤਾਂ ਸ਼ਾਮਲ ਕਰ ਦਿਓ।

ਰੱਬ ਦਾ ਵਾਸਤਾ ਜੇ! ਕੋਈ ਇਕ ਤਾਂ ਇਸ ਕਰੋੜਾਂ ਦੀ ਭੀੜ ਵਿੱਚੋਂ, ਸਿਰਫ਼ ਇਕ ਦੀਵਾ, ਇਕ ਨਵੰਬਰ ਦੇ ਦਿਨ ਦਿੱਲੀ ਵਿਚ ਮੇਰੇ ਪਾਪਾ ਦੇ ਨਾਂ ਦਾ ਵੀ ਜਗਾ ਦਿਆ ਕਰੋ। ਬਿਲਕੁਲ ਕੋਈ ਮੈਡਲ ਨਾ ਦੇਣਾ। ਉਹ ਪਾਪਾ ਕੋਲ ਪਹਿਲਾਂ ਹੀ ਹੈਗੇ ਸੀ।

“ਯਕੀਨ ਜਾਣਿਓ, ਤੇਜ਼ ਹਵਾਵਾਂ ਵੀ ਹੋਈਆਂ ਤਾਂ ਇਹ ਪਾਪਾ ਦੀ ਦੁਰਗਾ ਬੇਟੀ ਦੀ ਰੂਹ ਉਸ ਦੀਵੇ ਨੂੰ ਬੁਝਣ ਨਹੀਂ ਦੇਵੇਗੀ ਕਿਉਂਕਿ ਹੁਣ ਮੈਨੂੰ ਅੱਗ ਹੋਰ ਝੁਲਸਾ ਨਹੀਂ ਸਕਦੀ।

“ਬੱਸ ਪਲੀਜ਼, ਇਕ ਨਵੰਬਰ ਦਾ ਦਿਨ ਤੇ ਸਿਰਫ਼ ਇਕ ਦੀਵਾ, ਮੇਰੇ ਪਾਪਾ ਦੇ ਨਾਂ ਦਾ! ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ।

“ਤੁਹਾਡੀ ਖ਼ੈਰ ਮੰਗਦੀ, ਤੁਹਾਡੀ ਆਪਣੀ ਹੀ ਨਿੱਕੀ ਜਿਹੀ ਧੀ ਵਰਗੀ, ਦੁਰਗਾ।”

*****

(881)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author