“ਜੇ ਪੁਸਤਕਾਂ ਦੀ ਅਹਿਮੀਅਤ ਸਮਝ ਆ ਗਈ ਹੋਵੇ ਤਾਂ ਸਾਨੂੰ ਅੱਜ ਤੋਂ ਹੀ ...”
(27 ਜਨਵਰੀ 2019)
ਕੁਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ। ਇਹੋ ਜਿਹੀ ਹੀ ਇੱਕ ਖੋਜ ਹੈ ਪੁਸਤਕਾਂ ਪੜ੍ਹਨ ਬਾਰੇ। ਵੱਖੋ-ਵੱਖ ਤਰ੍ਹਾਂ ਦੀਆਂ ਪੁਸਤਕਾਂ ਦਿਮਾਗ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਹਿਲਜੁਲ ਪੈਦਾ ਕਰਦੀਆਂ ਹਨ। ਸਟੈਨਫੋਰਡ ਯੂਨੀਵਰਸਿਟੀ ਵਿੱਚ ਲੋਕਾਂ ਨੂੰ ਵੱਖੋ-ਵੱਖ ਤਰ੍ਹਾਂ ਦੀਆਂ ਪੁਸਤਕਾਂ ਪੜ੍ਹਨ ਨੂੰ ਦਿੱਤੀਆਂ ਗਈਆਂ ਤੇ ਨਾਲੋ-ਨਾਲ ਬਰੇਨ ਮੈਪਿੰਗ ਕੀਤੀ ਗਈ। ਇਹ ਵੇਖਣ ਵਿੱਚ ਆਇਆ ਕਿ ਗਿਆਨ ਭਰਪੂਰ ਸਾਹਿਤਕ ਪੁਸਤਕਾਂ ਪੜ੍ਹਨ ਵੇਲੇ ਦਿਮਾਗ਼ ਦੇ ਕਈ ਹਿੱਸੇ ਬੜੇ ਗੁੰਝਲਦਾਰ ਤਰੀਕੇ ਨਾਲ ਹਿਲਜੁਲ ਕਰਦੇ ਹਨ ਜਦ ਕਿ ਹਾਸੇ ਠੱਠੇ ਵਾਲੀਆਂ ਪੁਸਤਕਾਂ ਪੜ੍ਹਨ ਲੱਗਿਆਂ ਬਿਲਕੁਲ ਵੱਖਰੇ ਹਿੱਸਿਆਂ ਵਿੱਚ ਹਰਕਤ ਹੁੰਦੀ ਹੈ।
ਜਦੋਂ ਕੋਈ ਰੋਮਾਂਚਕ ਨਾਵਲ ਪੜ੍ਹਿਆ ਜਾਵੇ ਤਾਂ ਦਿਮਾਗ਼ ਪੂਰਾ ਚੁਸਤ ਹੋ ਜਾਂਦਾ ਹੈ। ਇਸ ਨਾਲ ਸਾਡੇ ਦਿਮਾਗ਼ ਦਾ ਇੱਕ ਪਾਸਾ ਆਪਣੇ ਆਪ ਹੀ ਪੜ੍ਹੀ ਜਾ ਰਹੀ ਮਜ਼ੇਦਾਰ ਗੱਲ ਦੇ ਹਿਸਾਬ ਨਾਲ ਤਸਵੀਰਾਂ ਬਣਾਉਣ ਲੱਗ ਪੈਂਦਾ ਹੈ ਤੇ ਪੜ੍ਹਨ ਵਾਲੇ ਨੂੰ ਇਉਂ ਜਾਪਦਾ ਹੈ ਜਿਵੇਂ ਉਹ ਉਸ ਨਾਵਲ ਜਾਂ ਲਿਖਤ ਦਾ ਹੀ ਇੱਕ ਪਾਤਰ ਹੋਵੇ।
ਮਿਸਾਲ ਵਜੋਂ, “ਜਿਉਂ ਹੀ ਨਾਇਕ ਨੇ ਦਰਵਾਜ਼ਾ ਖੋਲ੍ਹਿਆ ...”, ਪੜ੍ਹਦੇ ਸਾਰ ਪੜ੍ਹਨ ਵਾਲੇ ਨੂੰ ਇੰਜ ਜਾਪਣ ਲੱਗ ਪੈਂਦਾ ਹੈ ਜਿਵੇਂ ਉਹ ਵੀ ਨਾਵਲ ਵਿਚਲੇ ਨਾਇਕ ਨਾਲ ਦਰਵਾਜ਼ੇ ਅੰਦਰ ਝਾਕਣ ਲੱਗਿਆ ਹੈ।
ਬਿਲਕੁਲ ਇੰਜ ਹੀ ਜਦੋਂ ਕੋਈ ਨਾਵਲ ਵਿੱਚੋਂ ਕਹਾਣੀ ਪੜ੍ਹ ਕੇ ਸੁਣਾਵੇ ਤਾਂ ਨਾ ਸਿਰਫ਼ ਦਿਮਾਗ਼ ਅੰਦਰ ਚਿੱਤਰ ਬਣਦੇ ਜਾਂਦੇ ਹਨ, ਬਲਕਿ ਦਿਮਾਗ਼ ਦਾ ਉਹ ਹਿੱਸਾ ਜੋ ਜ਼ਬਾਨ ਦੀ ਬਰੀਕੀ ਸਮਝਣ ਲਈ ਬਣਿਆ ਹੋਇਆ ਹੈ, ਉਸ ਵਿੱਚ ਵੀ ਤਰਥੱਲੀ ਮਚ ਜਾਂਦੀ ਹੈ ਤੇ ਉਹ ਨਵਾਂ ਸੁਣਿਆ ਕੋਈ ਅੱਖਰ ਝਟਪਟ ਡੀਕੋਡਿੰਗ ਕਰਨ ਵਿੱਚ ਜੁਟ ਜਾਂਦਾ ਹੈ। ਸਿਰਫ਼ ਇਹ ਹੀ ਨਹੀਂ, ਜਜ਼ਬਾਤਾਂ ਨੂੰ ਕੰਟਰੋਲ ਕਰਨ ਵਾਲੇ ਸੈਂਟਰ ਵਿੱਚ ਵੀ ਬਹੁਤ ਹਿਲਜੁਲ ਹੁੰਦੀ ਹੈ। ਨਾਇਕ ਨਾਲ ਹੀ ਹੱਸਣਾ, ਰੋਣਾ, ਭਾਵੁਕ ਹੋਣਾ, ਗੁੱਸੇ ਵਿੱਚ ਆ ਜਾਣਾ, ਆਈਸਕ੍ਰੀਮ ਜਾਂ ਹੋਰ ਖਾਣ ਵਾਲੀ ਚੀਜ਼ ਨੂੰ ਨਾਇਕ ਦੇ ਨਾਲ ਹੀ ਖਾਣ ਲਈ ਆਪਣਾ ਜੀਅ ਲਲਚਾਉਣਾ, ਆਦਿ ਹੋਣ ਲੱਗ ਪੈਂਦੇ ਹਨ।
ਰੋਮਾਂਚਕ ਨਾਵਲ ਵਿੱਚ ਪੜ੍ਹੀ ਜਾ ਰਹੀ ਗੱਲ ਸਾਡੀ ਸੋਚ ਤੇ ਭਾਵਨਾਵਾਂ ਉਜਾਗਰ ਕਰਨ ਵਾਲੇ ਸੈਂਟਰ ਵਿੱਚ ਵੀ ਵੜ ਜਾਂਦੀ ਹੈ ਕਿਉਂਕਿ ਉਸ ਹਿੱਸੇ ਵੱਲ ਅਨੇਕ ਤਰੰਗਾਂ ਜਾਂਦੀਆਂ ਵੇਖੀਆਂ ਗਈਆਂ ਹਨ। ਇਹੀ ਕਾਰਨ ਹੈ ਕਿ ਕਈ ਵਾਰ ਪੁਸਤਕਾਂ ਜਿੱਥੇ ਸਾਡੀ ਸੋਚ ਨੂੰ ਤਬਦੀਲ ਕਰ ਦਿੰਦੀਆਂ ਹਨ, ਉੱਥੇ ਸਾਡੀ ਲੰਮੇ ਸਮੇਂ ਤੱਕ ਟਿਕੀ ਰਹਿਣ ਵਾਲੀ ਯਾਦ ਦਾ ਹਿੱਸਾ ਵੀ ਬਣ ਜਾਂਦੀਆਂ ਹਨ।
ਸਟੈਨਫੋਰਡ ਯੂਨੀਵਰਸਿਟੀ ਦੀ ਖੋਜ ਵਿੱਚ ਇਹ ਸਾਬਤ ਹੋਇਆ ਹੈ ਕਿ ਵੱਖੋ-ਵੱਖ ਤਰ੍ਹਾਂ ਦੀਆਂ ਪੁਸਤਕਾਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਗਿਆਨ ਵਧਾਉਣ ਵਾਲੀਆਂ ਪੁਸਤਕਾਂ ਨਾਲ ਦਿਮਾਗ਼ ਦੇ ਵੱਖ ਹਿੱਸੇ ਵਿੱਚ ਹਲਚਲ ਹੁੰਦੀ ਹੈ ਜਦਕਿ ਹਾਸੇ ਠੱਠੇ ਵਾਲੀ ਨਾਲ ਵੱਖਰੇ ਹਿੱਸੇ ਵਿੱਚ ਲਹੂ ਦਾ ਵਹਾਓ ਵਧਦਾ ਹੈ। ਇੰਜ ਹੀ ਬੁਝਾਰਤਾਂ ਵਾਲੀ ਪੁਸਤਕ ਨਾਲ ਦਿਮਾਗ਼ ਦੇ ਅਲੱਗ ਹਿੱਸੇ ਦੀ ਕਸਰਤ ਹੁੰਦੀ ਹੈ। ਯਾਨੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੁਸਤਕਾਂ ਪੜ੍ਹਨ ਦਾ ਮਤਲਬ ਹੈ ਦਿਮਾਗ਼ ਦੀ ਤਕੜੀ ਕਸਰਤ ਤੇ ਅਨੇਕ ਔਖੀਆਂ ਸਮਝਣ ਵਾਲੀਆਂ ਗੁੰਝਲਾਂ ਨੂੰ ਸੁਲਝਾਉਣ ਦੇ ਨਾਲ ਹੀ ਵਿਚਾਰਾਂ ਦਾ ਉਜਾਗਰ ਹੋਣਾ ਤੇ ਜਜ਼ਬਾਤਾਂ ਸਦਕਾ ਸੈੱਲਾਂ ਦਾ ਤੇਜ਼ੀ ਨਾਲ ਸੁੰਗੜਨਾ-ਫੈਲਣਾ।
ਸਵੀਡਨ ਦੀ ਲੁੰਡ ਯੂਨੀਵਰਸਿਟੀ ਵਿਚਲੀ ਖੋਜ:
ਸਵੀਡਨ ਦੇ ਫੌਜੀਆਂ ਨੂੰ ਵੱਖੋ-ਵੱਖ ਜ਼ਬਾਨਾਂ ਸਿਖਾਉਣ ਸਮੇਂ ਉਨ੍ਹਾਂ ਦੇ ਦਿਮਾਗ਼ ਦੇ ਸਕੈਨ ਕੀਤੇ ਗਏ। ਜਿੰਨੀਆਂ ਜ਼ਿਆਦਾ ਪੁਸਤਕਾਂ ਪੜ੍ਹੀਆਂ ਗਈਆਂ, ਉੰਨੇ ਹੀ ਉਨ੍ਹਾਂ ਦੇ ਦਿਮਾਗ਼ ਵਿਚਲੇ ਹਿੱਪੋਕੈਂਪਸ ਤੇ ਸੈਰੇਬਰਲ ਕੌਰਟੈਕਸ ਹਿੱਸੇ ਵੱਧ ਵਿਕਸਿਤ ਹੋਏ ਲੱਭੇ। ਸਿਰਫ਼ ਤਿੰਨ ਮਹੀਨਿਆਂ ਦੀ ਪੜ੍ਹਾਈ ਨਾਲ ਹੀ ਦਿਮਾਗ਼ ਦੇ ਹਿੱਸਿਆਂ ਦਾ ਇੰਨਾ ਜ਼ਿਆਦਾ ਵਿਕਾਸ ਹੋਣਾ ਆਪਣੇ ਆਪ ਹੀ ਸਪਸ਼ਟ ਕਰ ਦਿੰਦਾ ਹੈ ਕਿ ਲੰਮੇ ਸਮੇਂ ਤਕ ਦਿਮਾਗ਼ ਚੁਸਤ ਦਰੁਸਤ ਤੇ ਤੰਦਰੁਸਤ ਰੱਖਣ ਲਈ ਪੁਸਤਕਾਂ ਹਰ ਹਾਲ ਪੜ੍ਹਨੀਆਂ ਚਾਹੀਦੀਆਂ ਹਨ।
ਈ-ਪੁਸਤਕਾਂ (ਕਿੰਡਲ):
ਅੱਜਕਲ ਬਹੁਤ ਜਣੇ ਆਪਣੇ ਮੋਬਾਈਲ ਜਾਂ ਕੰਪਿਊਟਰ ਉੱਤੇ ਹੀ ਪੜ੍ਹਨਾ ਚਾਹੁੰਦੇ ਹਨ। ਜਿਨ੍ਹਾਂ ਨੇ ਕਦੇ ਕੰਪਿਊਟਰ ਉੱਤੇ ਕੰਮ ਨਾ ਕੀਤਾ ਹੋਵੇ, ਉਹ ਵੀ ਸੱਤ ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਸਿੱਖ ਸਕਦੇ ਹਨ। ਈ-ਪੁਸਤਕਾਂ ਨੂੰ ਪੜ੍ਹਨ ਦਾ ਭਾਵੇਂ ਰਿਵਾਜ਼ ਬਣ ਗਿਆ ਹੋਵੇ ਪਰ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਇਸ ਨਾਲ ਅੱਖਾਂ ਉੱਤੇ ਜ਼ਿਆਦਾ ਜ਼ੋਰ ਪੈਂਦਾ ਹੈ ਤੇ ਤੇਜ਼ ਰੌਸ਼ਨੀ ਨਾਲ ਅੱਖਾਂ ਅੰਦਰਲੀ ਪਰਤ ਉੱਤੇ ਵੀ ਅਸਰ ਪੈਂਦਾ ਹੈ। ਇਸੇ ਲਈ ਈ-ਪੁਸਤਕਾਂ ਪੜ੍ਹਦਿਆਂ ਅੱਖਾਂ ਛੇਤੀ ਥਕਾਵਟ ਮਹਿਸੂਸ ਕਰਦੀਆਂ ਹਨ।
ਸਿਰਫ਼ ਅੱਖਾਂ ਦੀ ਥਕਾਵਟ ਹੀ ਨਹੀਂ, ਇਸ ਨਾਲ ਦਿਮਾਗ਼ ਅੰਦਰ ‘ਸਪੇਸ਼ੀਅਲ ਨੈਵੀਗੇਬਿਲਟੀ’ ਵੀ ਨਹੀਂ ਬਣਦੀ। ਇਨਸਾਨੀ ਦਿਮਾਗ਼ ਵਧੀਆ ਨਕਸ਼ੇ ਬਣਾਉਣ ਵਿੱਚ ਮਾਹਿਰ ਹੁੰਦਾ ਹੈ। ਕਿਤਾਬ ਕਿੰਨੀ ਰਹਿੰਦੀ ਹੈ, ਕਿਵੇਂ ਕਿਸੇ ਜ਼ਰੂਰੀ ਕੰਮ ਨੂੰ ਕਰਨ ਲਈ ਉੱਠਣ ਸਮੇਂ ਝਟਪਟ ਪੰਨੇ ਵਿੱਚ ਨਿਸ਼ਾਨੀ ਟਿਕਾਉਣੀ ਹੈ, ਕਿਹੜਾ ਪੰਨਾ ਵਾਪਸ ਪਲਟਦੇ ਸਾਰ ਉਹੀ ਗੱਲ ਦੁਬਾਰਾ ਪੜ੍ਹਨੀ ਹੈ, ਵਰਗੀ ਗੱਲ ਈ-ਕਿਤਾਬ ਵਿੱਚ ਹੋ ਨਹੀਂ ਸਕਦੀ ਤੇ ਨਾ ਹੀ ਉਸ ਤੋਂ ਪੜ੍ਹਦਿਆਂ ਉਸਦੇ ਬਚੇ ਹੋਏ ਪੰਨਿਆਂ ਬਾਰੇ ਦਿਮਾਗ਼ ਵਿੱਚ ਨਕਸ਼ਾ ਬਣਦਾ ਹੈ। ਇਸੇ ਲਈ ਜਿੰਨਾ ਆਨੰਦ ਦਿਮਾਗ਼ ਕਿਤਾਬ ਪੜ੍ਹਦਿਆਂ ਲੈਂਦਾ ਹੈ, ਉੰਨਾ ਲਹੂ ਦਾ ਵਹਾਓ ਦਿਮਾਗ਼ ਦੇ ਵੱਖੋ-ਵੱਖ ਹਿੱਸਿਆਂ ਵਿੱਚ ਈ-ਕਿਤਾਬ ਪੜ੍ਹਦਿਆਂ ਨਹੀਂ ਦਿਸਦਾ।
ਕੁਝ ਈ-ਪੁਸਤਕਾਂ ਵਿੱਚ ਪੰਨਿਆਂ ਦੇ ਨੰਬਰ ਤੇ ਪੰਨੇ ਪਲਟਣ ਦਾ ਇਹਸਾਸ ਉਨ੍ਹਾਂ ਨੂੰ ਅਸਲ ਕਾਗਜ਼ ਦੀਆਂ ਪੁਸਤਕਾਂ ਵਾਂਗ ਹੀ ਮਹਿਸੂਸ ਕਰਵਾ ਦਿੰਦਾ ਹੈ ਪਰ ਫਿਰ ਵੀ ਦਿਮਾਗ਼ ਅੰਦਰ ਉੰਨੀ ਲਹੂ ਦੀ ਰਵਾਨੀ ਨਹੀਂ ਹੁੰਦੀ ਲੱਭੀ, ਜਿੰਨੀ ਕਾਗਜ਼ ਦੀਆਂ ਪੁਸਤਕਾਂ ਨਾਲ ਹੁੰਦੀ ਲੱਭੀ ਗਈ ਹੈ।
ਪੁਸਤਕਾਂ ਪੜ੍ਹਨ ਨਾਲ ਦਿਮਾਗ਼ ਦੀ ਸੋਚਣ ਸਮਝਣ ਦੀ ਤਾਕਤ ਕਿਵੇਂ ਵਧਦੀ ਹੈ?
ਹਰ ਕਹਾਣੀ ਦਾ ਇੱਕ ਸ਼ੁਰੂ, ਇੱਕ ਮੱਧ ਤੇ ਇੱਕ ਅੰਤ ਹੁੰਦਾ ਹੈ। ਇਸੇ ਤਰਜ਼ ਉੱਤੇ ਦਿਮਾਗ਼ ਕਹਾਣੀ ਦੇ ਸ਼ੁਰੂ ਤੋਂ ਹੀ ਆਪਣੇ ਆਪ ਕੁਝ ਅੰਦਾਜ਼ੇ ਲਾਉਣ ਲੱਗ ਪੈਂਦਾ ਹੈ। ਇਨ੍ਹਾਂ ਅੰਦਾਜ਼ਿਆਂ ਦੌਰਾਨ ਦਿਮਾਗ਼ ਇੱਕ ਕ੍ਰਮ ਵਿੱਚ ਸੋਚਣਾ ਸਿੱਖਦਾ ਹੈ। ਫੇਰ ਦੋ ਸੋਚਾਂ ਨੂੰ ਜੋੜਨਾ ਤੇ ਉਸ ਵਿੱਚੋਂ ਨਿਚੋੜ ਕੱਢਣਾ। ਜਿੰਨਾ ਜ਼ਿਆਦਾ ਪੜ੍ਹਿਆ ਜਾਵੇ, ਉੰਨਾ ਹੀ ਦਿਮਾਗ਼ ਆਪਣੇ ਜੋੜ ਵਧਾਉਣ ਲੱਗ ਪੈਂਦਾ ਹੈ।
ਇਸੇ ਲਈ ਬੱਚਿਆਂ ਨੂੰ ਲਾਇਕ ਬਣਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਕਹਾਣੀਆਂ ਪੁਸਤਕਾਂ ਵਿੱਚੋਂ ਪੜ੍ਹ ਕੇ ਸੁਣਾਈਆਂ ਜਾਣ। ਇੰਜ ਉਨ੍ਹਾਂ ਦੇ ਦਿਮਾਗ਼ ਦੀ ਲਚਕ ਵਧਦੀ ਹੈ ਤੇ ਯਾਦਦਾਸ਼ਤ ਦਾ ਸੈਂਟਰ ਵੀ ਵੱਡਾ ਹੋ ਜਾਂਦਾ ਹੈ। ਇਹ ਵੀ ਖੋਜਾਂ ਰਾਹੀਂ ਸਿੱਧ ਹੋ ਚੁੱਕਿਆ ਹੈ ਕਿ ਕਹਾਣੀਆਂ ਦੀਆਂ ਪੁਸਤਕਾਂ ਪੜ੍ਹਨ ਨਾਲ ਬੱਚਿਆਂ ਦੇ ਧਿਆਨ ਲਾਉਣ ਵਿੱਚ ਵਾਧਾ ਹੋ ਜਾਂਦਾ ਹੈ ਤੇ ਉਹ ਟਿਕ ਕੇ ਬਹਿਣ ਲੱਗ ਪੈਂਦੇ ਹਨ।
ਕੀ ਦਿਮਾਗ਼ ਦੀ ਬਣਤਰ ਵਿੱਚ ਵੀ ਫ਼ਰਕ ਪੈਂਦਾ ਹੈ?
ਕੁਝ ਖੋਜਾਂ ਦੌਰਾਨ ਅਜਿਹੇ ਬੰਦੇ ਲੱਭੇ ਗਏ ਜੋ ਬਿਲਕੁਲ ਪੁਸਤਕਾਂ ਨਹੀਂ ਸਨ ਪੜ੍ਹਦੇ। ਉਨ੍ਹਾਂ ਸਾਰਿਆਂ ਨੂੰ ਛੇ ਮਹੀਨੇ ਲਗਾਤਾਰ ਮਿਹਨਤ ਕਰ ਕੇ ਪੜ੍ਹਨ ਦੀ ਆਦਤ ਪਾਈ ਗਈ। ਜਦੋਂ ਸਭ ਦੀ ਪੜ੍ਹਨ ਵਿੱਚ ਰੁਚੀ ਪੈਦਾ ਹੋ ਗਈ ਤਾਂ ਉਨ੍ਹਾਂ ਦੇ ਪਹਿਲਾਂ ਦੇ ਅਤੇ ਬਾਅਦ ਦੇ ਦਿਮਾਗ਼ ਦੀ ਕੀਤੀ ਮੈਪਿੰਗ ਵਿਚਲਾ ਫਰਕ ਲੱਭਿਆ ਗਿਆ। ਨਤੀਜੇ ਸਨ ਕਿ 83 ਫੀਸਦੀ ਦੇ ਦਿਮਾਗ਼ਾਂ ਦੇ ‘ਵਾਈਟ ਮੈਟਰ’ ਵਿੱਚ ਕਾਫ਼ੀ ਵਾਧਾ ਹੋਇਆ ਲੱਭਿਆ। ਇਸ ਵਿੱਚੋਂ ਵੀ ‘ਲੈਂਗੁਏਜ ਜ਼ੋਨ’ ਹਿੱਸਾ ਕਾਫ਼ੀ ਫੈਲਿਆ ਹੋਇਆ ਲੱਭਿਆ। ਯਾਨੀ ਬੰਦੇ ਨੂੰ ਨਵੇਂ ਲਫ਼ਜ਼ ਚੁਣਨ, ਲੱਭਣ, ਸੋਚਣ, ਜੋੜਨ, ਤੋੜਨ ਤੇ ਹੋਰ ਜ਼ਬਾਨਾਂ ਵਿੱਚ ਸਾਂਝ ਗੰਢਣ ਵਿੱਚ ਆਸਾਨੀ ਹੋ ਗਈ। ਇੰਜ ਸਪਸ਼ਟ ਹੋ ਗਿਆ ਕਿ ਪੁਸਤਕਾਂ ਪੜ੍ਹਨ ਨਾਲ ਜਾਣਕਾਰੀ ਤਾਂ ਵਧਦੀ ਹੀ ਹੈ, ਜ਼ਬਾਨ ਵਿੱਚ ਮੁਹਾਰਤ ਵੀ ਵਧਦੀ ਹੈ ਤੇ ਦਿਮਾਗ਼ ਆਪਣੀਆਂ ਨਵੀਆਂ ਕਾਢਾਂ ਕੱਢਣ ਤੇ ਹੋਰ ਸਿੱਖਣ ਦੀ ਚਾਹ ਸਦਕਾ ਵੱਡੀ ਉਮਰ ਤੱਕ ਸੁੰਗੜਦਾ ਨਹੀਂ ਤੇ ਤਰੋਤਾਜ਼ਾ ਰਹਿੰਦਾ ਹੈ।
ਸਹਿਣਸ਼ੀਲਤਾ ਤੇ ਕਿਸੇ ਦੀ ਖਿੱਚ ਦਾ ਕਾਰਨ ਬਣਨਾ:
ਜਿੰਨੀਆਂ ਵੱਧ ਪੁਸਤਕਾਂ ਪੜ੍ਹਦੇ ਰਹੋ ਉੰਨਾ ਹੀ ਦਿਮਾਗ਼ ਹੌਲੀ-ਹੌਲੀ ਸਹਿਣਸ਼ੀਲ ਹੁੰਦਾ ਜਾਂਦਾ ਹੈ ਤੇ ਆਪਣੇ ਗਿਆਨ ਦੇ ਆਧਾਰ ਉੱਤੇ ਦੂਜੇ ਨੂੰ ਕੀਲ ਲੈਣ ਦੀ ਸਮਰੱਥਾ ਵਧ ਜਾਂਦੀ ਹੈ। ਕਹਾਣੀ ਵਿਚਲੇ ਕਿਰਦਾਰ ਨਾਲ ਜੁੜਨਾ ਤੇ ਉਸ ਪ੍ਰਤੀ ਤਰਸ ਦੀ ਭਾਵਨਾ ਉਜਾਗਰ ਹੋਣੀ ਜਾਂ ਉਸ ਨਾਲ ਹੁੰਦੀਆਂ ਵਧੀਕੀਆਂ ਦੇ ਵਿਰੁੱਧ ਆਵਾਜ਼ ਚੁੱਕਣ ਦਾ ਹੀਆ ਕਰਨਾ ਤੇ ਜੁਰਮ ਕਰਨ ਵਾਲੇ ਦਾ ਵਿਰੋਧ ਕਰਨ ਦੀ ਚਿੰਗਾਰੀ ਪੈਦਾ ਹੋਣੀ ਜਾਂ ਲੀਡਰ ਬਣ ਕੇ ਸਮਾਜ ਸੁਧਾਰਨ ਦਾ ਜ਼ਿੰਮਾ ਚੁੱਕਣਾ ਵਰਗੇ ਵਿਚਾਰ ਪੁਸਤਕਾਂ ਪੜ੍ਹਨ ਤੋਂ ਬਾਅਦ ਬੜੇ ਤਰਤੀਬਵਾਰ ਤਰੀਕੇ ਨਾਲ ਸ਼ੁਰੂ ਹੁੰਦੇ ਹਨ। ਗਿਆਨਵਾਨ, ਸੂਝਵਾਨ, ਚਿੰਤਕ ਜਾਂ ਖੋਜੀ ਸੁਭਾਓ, ਇਹ ਸਾਰੇ ਹੀ ਪੁਸਤਕਾਂ ਪੜ੍ਹਨ ਨਾਲ ਕਿਸੇ ਦੀ ਸ਼ਖ਼ਸੀਅਤ ਵਿੱਚ ਦਿਸ ਸਕਦੇ ਹਨ। ਇਸ ਤਰ੍ਹਾਂ ਦੀ ਸ਼ਖ਼ਸੀਅਤ ਵਾਲੇ ਦੇ ਦਿਮਾਗ਼ ਦੇ ਸ਼ਬਦਕੋਸ਼ ਵਿੱਚੋਂ ਢੁੱਕਵੇਂ ਤੇ ਲੋੜੀਂਦੇ ਸ਼ਬਦ ਲੋੜ ਪੈਣ ਉੱਤੇ ਸੌਖਿਆਂ ਹੀ ਉਘਾੜੇ ਜਾ ਸਕਦੇ ਹਨ।
ਅੱਜ ਦੀ ਪੀੜ੍ਹੀ ਪੁਸਤਕਾਂ ਤੋਂ ਦੂਰੀ ਵਧਾ ਰਹੀ ਹੈ। ਮੋਬਾਈਲ ਤੇ ਇੰਟਰਨੈੱਟ ਵੱਲ ਵਧਦਾ ਝੁਕਾਓ ਦਿਮਾਗ਼ ਨੂੰ ਸਹਿਜ ਕਰਨ ਦੀ ਥਾਂ ਭੜਕਾਊ ਵਿਚਾਰ ਤੇ ਘਬਰਾਹਟ ਨਾਲ ਭਰ ਦਿੰਦੇ ਹਨ। ਇਹੀ ਕਾਰਨ ਹੈ ਕਿ ਸਹਿਣਸ਼ੀਲਤਾ ਘਟਦੀ ਜਾ ਰਹੀ ਹੈ ਤੇ ਜੁਰਮ ਵਧਦਾ ਜਾ ਰਿਹਾ ਹੈ।
ਜੇ ਸਮਾਜ ਨੂੰ ਬਿਹਤਰ ਬਣਾਉਣਾ ਹੈ ਤਾਂ ਬੱਚਿਆਂ ਤੇ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਵਧਾਉਣੀ ਪੈਣੀ ਹੈ। ਉਸ ਵਾਸਤੇ ਕੀ ਕੀਤਾ ਜਾਵੇ?
1. ਹਰ ਛੋਟੇ ਬੱਚੇ ਨੂੰ ਖਿਡੌਣਿਆਂ ਦੇ ਨਾਲ ਕਹਾਣੀਆਂ ਦੀਆਂ ਪੁਸਤਕਾਂ ਵੀ ਦੇਣੀਆਂ ਜ਼ਰੂਰੀ ਹਨ ਤੇ ਉਨ੍ਹਾਂ ਨੂੰ ਕਹਾਣੀਆਂ ਪੜ੍ਹ ਕੇ ਸੁਣਾਉਣੀਆਂ ਚਾਹੀਦੀਆਂ ਹਨ।
2. ਬੱਚੇ ਨੂੰ ਇਨਾਮ ਦੇਣ ਸਮੇਂ ਪੁਸਤਕਾਂ ਦੇਣੀਆਂ ਚਾਹੀਦੀਆਂ ਹਨ।
3. ਸਕੂਲਾਂ ਵਿੱਚ ਬੱਚਿਆਂ ਨੂੰ ਹਰ ਹਫ਼ਤੇ ਵਿੱਚ ਦੋ ਵਾਰ ਲਾਇਬਰੇਰੀ ਦੇ ਪੀਰੀਅਡ ਦੌਰਾਨ ਨਾਵਲ ਜਾਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਦਾ ਸਾਰ ਲਿਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
4. ਸਕੂਲ ਵਿੱਚੋਂ ਘਰ ਦੇ ਲਈ ਦਿੱਤੇ ਕੰਮ ਵਿੱਚ ਕੋਈ ਨਾ ਕੋਈ ਕਿਤਾਬ ਦੇ ਕਿਸੇ ਚੈਪਟਰ ਨੂੰ ਪੜ੍ਹ ਕੇ ਆਉਣ ਅਤੇ ਉਸ ਬਾਰੇ ਅਗਲੇ ਦਿਨ ਕਲਾਸ ਵਿੱਚ ਸਵਾਲ ਜਵਾਬ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
5. ਬੱਸਾਂ, ਗੱਡੀਆਂ ਵਿੱਚ ਇੱਕ ਖ਼ਾਨਾ ਪੁਸਤਕਾਂ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਸਫ਼ਰ ਦੌਰਾਨ ਪੁਸਤਕਾਂ ਪੜ੍ਹੀਆਂ ਜਾ ਸਕਣ।
6. ਪਬਲਿਕ ਥਾਵਾਂ ਉੱਤੇ ਛੋਟੀਆਂ ਅਲਮਾਰੀਆਂ ਵਿੱਚ ਪੁਸਤਕਾਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਚੱਲਦੀਆਂ ਫਿਰਦੀਆਂ ਲਾਇਬਰੇਰੀਆਂ ਹੋਂਦ ਵਿੱਚ ਆ ਸਕਣ।
7. ਜਨਮ ਦਿਨ ਅਤੇ ਵਿਆਹਾਂ ਦੇ ਸਮਾਗ਼ਮਾਂ ਵਿੱਚ ਵੀ ਵਧੀਆ ਪੁਸਤਕਾਂ ਹੀ ਸੁਗ਼ਾਤ ਵਜੋਂ ਦੇਣੀਆਂ ਚਾਹੀਦੀਆਂ ਹਨ।
8. ਨਿੱਕੇ ਬੱਚਿਆਂ ਲਈ ਖ਼ੂਬਸੂਰਤ ਚਿੱਤਰਾਂ ਵਾਲੀਆਂ ਪਲਾਸਟਿਕ ਦੇ ਪੰਨਿਆਂ ਵਾਲੀਆਂ ਪੁਸਤਕਾਂ ਬਜ਼ਾਰ ਵਿੱਚ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਾ ਹਰ ਸਮੇਂ ਖਿਡੌਣੇ ਵਾਂਗ ਉਨ੍ਹਾਂ ਨੂੰ ਜੱਫੀ ਵਿੱਚ ਲੈ ਕੇ ਫਿਰਦਾ ਰਹੇ।
9. ਬੱਚਿਆਂ ਦੇ ਕਮਰੇ ਵਿੱਚ ਛੋਟੀ ਅਲਮਾਰੀ ਵਿੱਚ ਪੁਸਤਕਾਂ ਦੀ ਲਾਇਬਰੇਰੀ ਬਣਾ ਦੇਣੀ ਚਾਹੀਦੀ ਹੈ।
ਜੇ ਪੁਸਤਕਾਂ ਦੀ ਅਹਿਮੀਅਤ ਸਮਝ ਆ ਗਈ ਹੋਵੇ ਤਾਂ ਸਾਨੂੰ ਅੱਜ ਤੋਂ ਹੀ ਆਪਣੀ ਆਦਤ ਬਦਲ ਲੈਣੀ ਚਾਹੀਦੀ ਹੈ ਤੇ ਟੀ.ਵੀ., ਇੰਟਰਨੈੱਟ, ਮੋਬਾਈਲ ਦੀ ਵਰਤੋਂ ਘਟਾ ਕੇ ਕੁਝ ਸਮਾਂ ਪੁਸਤਕਾਂ ਪੜ੍ਹਨ ਵੱਲ ਵੀ ਲਾਉਣਾ ਚਾਹੀਦਾ ਹੈ। ਇੱਕ ਵਿਦਵਾਨ ਨੇ ਕਿਹਾ ਸੀ ਕਿ “ਲਿਟਰੇਸੀ ਇਜ਼ ਏ ਬਰਿੱਜ ਫਰੌਮ ਮਿਜ਼ਰੀ ਟੂ ਹੋਪ।” ਸੱਚਮੁੱਚ ਉਮੀਦ ਦੀ ਕਿਰਨ ਜਗਾਉਣ ਵਾਲੀ ਪੁਸਤਕ ਨਾ ਸਿਰਫ਼ ਦਿਮਾਗ਼ ਅੰਦਰਲੇ ਹਨ੍ਹੇਰੇ ਨੂੰ ਦੂਰ ਕਰ ਕੇ ਚਾਨਣ ਕਰ ਦਿੰਦੀ ਹੈ, ਬਲਕਿ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰਦੀ ਹੈ।
*****
(1465)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)