HarshinderKaur7ਆਖ਼ਰੀ ਸਵਾਲ ਅਣਖੀਸਵੈਮਾਨ ਭਰਪੂਰ ਪਿਓਆਂਭਰਾਵਾਂ ਅਤੇ ਪੁੱਤਰਾਂ ਨੂੰ ਇਹੋ ਹੈ ...
(9 ਦਸੰਬਰ 2019)

 

Pryanka1ਗੁਰੂ ਨਾਨਕ ਸਾਹਿਬ ਨੇ ਜਦੋਂ “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨਾ ਆਇਆ” ਉਚਾਰਿਆ ਸੀ ਤਾਂ ਲੋਕਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਗ਼ਰੀਬ, ਲਾਚਾਰ, ਬੇਕਸੂਰ ਔਰਤਾਂ ਦਾ ਬਲਾਤਕਾਰ ਕਰ ਕੇ, ਵੱਢ ਟੁੱਕ ਕੇ, ਨਿਰਵਸਤਰ ਕਰ ਕੇ ਸੁੱਟਣਾ ਸੰਗੀਨ ਜੁਰਮ ਹੈਇਸੇ ਲਈ ਔਰਤ ਨੂੰ ਉਚੇਰਾ ਦਰਜਾ ਦੇਣ ਦੀ ਗੱਲ ਵੀ ਕੀਤੀਲੋਕਾਂ ਨੂੰ ਸਹੀ ਰਾਹ ਦਿਖਾਉਣ ਲਈ ਜਿੰਨੀ ਦੂਰ ਤੱਕ ਪਹੁੰਚ ਸਕਦੇ ਸਨ ਪਹੁੰਚੇ

ਸਵਾਲ ਇਹ ਹੈ ਕਿ ਕੀ ਉਨ੍ਹਾਂ ਸਿੱਖਿਆਵਾਂ ਵਿੱਚੋਂ ਅੱਜ ਦੇ ਦਿਨ ਭਾਰਤ ਅੰਦਰ ਕੋਈ ਪੂਰੀ ਤਰ੍ਹਾਂ ਖਰਾ ਉੱਤਰ ਰਿਹਾ ਹੈ? ਕੀ ਹਵਾ, ਪਾਣੀ, ਧਰਤੀ ਅੱਜ ਪਲੀਤ ਨਹੀਂ ਹੋ ਰਹੇ? ਕੀ ਲੁੱਟ ਖਸੁੱਟ ਬੰਦ ਹੋ ਚੁੱਕੀ ਹੈ? ਕੀ ਧਾਰਮਿਕ ਪਾਖੰਡਾਂ ਰਾਹੀਂ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾਇਆ ਜਾ ਰਿਹਾ? ਕੀ ਗੁੰਡਾਗਰਦੀ ਮੁੱਕ ਚੁੱਕੀ ਹੈ? ਕੀ ਹੁਣ ‘ਰਾਜੇ ਸੀਹ ਮੁਕਦਮ ਕੁਤੇ’ ਨਹੀਂ ਰਹੇ? ਕੀ ਲੋਕ ਹੁਣ ਰਾਜ ਕਰਨ ਵਾਲਿਆਂ ਹੱਥੋਂ ਨਪੀੜੇ ਨਹੀਂ ਜਾ ਰਹੇ? ਕੀ ਲੋਕ ਬਹਿ ਕੇ ਆਪਣੀ ਕਿਸਮਤ ਉੱਤੇ ਝੂਰਦੇ ਸਭ ਕੁਝ ਸਹਿਨ ਤਾਂ ਨਹੀਂ ਕਰ ਰਹੇ? ਜੇ ਸਭ ਕੁਝ ਉਸੇ ਤਰ੍ਹਾਂ ਹੈ ਤੇ ਮਲਕ ਭਾਗੋਆਂ ਦੀ ਪੂਰੀ ਚੜ੍ਹਤ ਹੈ, ਤਾਂ ਫੇਰ ਔਰਤ ਨਾਲ ਹੋ ਰਹੇ ਜੁਰਮਾਂ ਵਿੱਚ ਘਾਟਾ ਕਿਵੇਂ ਹੋ ਸਕਦਾ ਹੈ?

ਇੰਨੇ ਸਾਲਾਂ ਵਿੱਚ ਫ਼ਰਕ ਸਿਰਫ਼ ਇਹ ਪਿਆ ਹੈ ਕਿ ਬਾਕੀ ਗੱਲਾਂ ਵਿੱਚ ਤਾਂ ਅਸੀਂ ਢੀਠ ਬਣ ਕੇ ਉੰਨੀ ਹੀ ਧੁੰਦ ਵਿੱਚ ਗਰਕੇ ਪਏ ਹਾਂ ਪਰ ਜਿੱਥੋਂ ਤੱਕ ਔਰਤਾਂ ਪ੍ਰਤੀ ਹੁੰਦਾ ਜੁਰਮ ਸੀ, ਉਸ ਵਿੱਚ ਅਸੀਂ ਵੱਡਾ ਮਾਅਰਕਾ ਮਾਰਿਆ ਹੈਉਹ ਸਿਖਰਾਂ ਛੂਹੀਆਂ ਹਨ ਕਿ ਪੂਰੀ ਦੁਨੀਆ ਨੂੰ ਮਾਤ ਪਾ ਦਿੱਤੀ ਹੈਕੁੱਖੋਂ ਜੰਮਿਆ ਮਾਸ ਦਾ ਲੋਥੜਾ ਕਿੰਜ ਉਸੇ ਕੁੱਖ ਨੂੰ ਨੋਚ ਕੇ, ਕੱਟ ਵੱਢ ਕੇ ਚੀਥੜੇ ਉਡਾ ਰਿਹਾ ਹੈ, ਇਹ ਤਾਂ ਸਪਸ਼ਟ ਹੋ ਗਿਆ ਕਿ ਭਾਰਤ ਮਾਤਾ ਦੇ ਹਵਸੀ ਕੁੱਤਿਆਂ ਨੇ ਹੈਵਾਨਾਂ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ

ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਭਾਰਤ ਮਾਤਾ ਆਪਣੇ ਅੰਦਰ 33 ਕਰੋੜ ਦੇਵੀ ਦੇਵਤੇ ਸਮੋਈ ਬੈਠੀ ਹੈਇੱਥੇ ਧਾਰਮਿਕ ਥਾਵਾਂ, ਸਕੂਲਾਂ, ਕਾਲਜਾਂ ਤੋਂ ਵੱਧ ਹਨਵਿੱਦਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਵੱਡੀ ਗਿਣਤੀ ਅਨਪੜ੍ਹ ਅਤੇ ਬੇਰੁਜ਼ਗਾਰ ਤਿਆਰ ਹੋ ਰਹੇ ਹਨਕਾਨੂੰਨ ਵਿਚਲੀ ਢਿੱਲ ਅਤੇ ਰਾਜਨੀਤਕ ਸ਼ਹਿ ਹੇਠ ਤਿਆਰ ਹੋ ਰਹੇ ਗੁੰਡਾ ਅਨਸਰਾਂ ਦੀ ਗਿਣਤੀ ਦੁੱਗਣੀ ਚੌਗੁਣੀ ਹੋ ਚੁੱਕੀ ਹੈਸਕੂਲਾਂ ਦੇ ਅੰਦਰ ਦੀ ਪੜ੍ਹਾਈ ਦਾ ਹਾਲ ਇਹ ਹੈ ਕਿ ਸਿਰਫ਼ ਇਨਸਾਨ ਬਣਨ ਤੋਂ ਬਗ਼ੈਰ ਬੱਚੇ ਹੋਰ ਸਭ ਕੁਝ ਹਾਸਲ ਕਰ ਲੈਂਦੇ ਹਨ

ਅੱਠਵੀਂ ਜਮਾਤ ਵਿੱਚ ਪੜ੍ਹ ਰਿਹਾ ਮੁੰਡਾ ਸਭ ਜਾਣਦਾ ਹੈ ਕਿ ਕਿਵੇਂ ਉਸ ਨੇ ਦੂਜੀ ਜਾਂ ਛੇਵੀਂ ਜਮਾਤ ਵਿੱਚ ਪੜ੍ਹ ਰਹੀ ਬੱਚੀ ਦਾ ਬਲਾਤਕਾਰ ਕਰਨਾ ਹੈਦੂਜੇ ਪਾਸੇ, ਕੀ ਮਾਪੇ ਅਤੇ ਕੀ ਅਧਿਆਪਕ, ਕੋਈ ਵੀ ਬੇਟੀਆਂ ਨੂੰ ‘ਚੰਗੀ ਛੋਹ - ਮਾੜੀ ਛੋਹ’ ਤੱਕ ਦੱਸਣ ਤੋਂ ਇਨਕਾਰੀ ਹਨਸਰੀਰਕ ਵਿਗਿਆਨ ਬਾਰੇ ਗੱਲ ਕਰਨੀ ਤਾਂ ਦੂਰ ਦੀ ਗੱਲ ਹੈ ਇਸੇ ਲਈ ਘਰਾਂ ਵਿੱਚ ਬੈਠੀਆਂ ਨਿੱਕੀਆਂ ਬਾਲੜੀਆਂ ਵੀ ਘਰ ਅੰਦਰਲੇ ਰਿਸ਼ਤੇਦਾਰਾਂ ਹੱਥੋਂ ਸੌਖੀਆਂ ਹੀ ਜਬਰ ਜ਼ਨਾਹ ਦਾ ਸ਼ਿਕਾਰ ਹੋ ਜਾਂਦੀਆਂ ਹਨਉਨ੍ਹਾਂ ਨੂੰ ਸਿੱਖਿਆ ਸਿਰਫ਼ ਮਰਦ ਦੀ ਅਧੀਨਗੀ ਦੀ ਹੀ ਦਿੱਤੀ ਜਾਂਦੀ ਹੈ ਖ਼ਾਨਦਾਨ ਦੀ ਅਖੌਤੀ ਇੱਜ਼ਤ ਦਾ ਹਵਾਲਾ ਦੇ ਕੇ ਹਰ ਬਾਲੜੀ ਉੱਤੇ ਦੜ ਵੱਟ ਕੇ ਜ਼ੁਲਮ ਸਹਿਣ, ਕਦੇ ਆਵਾਜ਼ ਨਾ ਚੁੱਕਣ ਅਤੇ ਨਾ ਹੀ ਆਪਣੀ ਮਰਜ਼ੀ ਕਰਨ ਦਾ ਹੱਕ ਦਿੱਤਾ ਜਾਂਦਾ ਹੈ ਨਤੀਜਾ ਸਾਡੇ ਸਾਹਮਣੇ ਹੈਪਹਿਲਾਂ ਮੰਦਰਾਂ ਵਿੱਚ ਦੇਵਦਾਸੀਆਂ ਬਣਾ ਕੇ ਅਤਿ ਦਾ ਨਰਕ ਭੋਗਦੀਆਂ ਅਣਗਿਣਤ ਬਾਲੜੀਆਂ ਹਵਸ ਦੇ ਲੋਭੀਆਂ ਹੱਥੋਂ ਗਰਭ ਠਹਿਰ ਜਾਣ ਬਾਅਦ ਉਨ੍ਹਾਂ ਹੀ ਪੁਜਾਰੀਆਂ ਦੀਆਂ ਲੱਤਾਂ ਦੇ ਠੇਡੇ ਢਿੱਡਾਂ ਉੱਤੇ ਝੱਲਦੀਆਂ ਬੱਚੇਦਾਨੀ ਫਟ ਜਾਣ ਕਾਰਨ ਮੌਤ ਦੇ ਮੂੰਹ ਵਿੱਚ ਜਾਂਦੀਆਂ ਰਹੀਆਂ ਸਨ, ਅੱਜ ਵੀ ਸਹਾਰਾ ਘਰਾਂ ਵਿੱਚ ਬਥੇਰੀਆਂ ਅਜਿਹਾ ਨਰਕ ਭੋਗ ਰਹੀਆਂ ਹਨ

ਵਿਧਵਾਵਾਂ ਦਾ ਜੋ ਹਾਲ ਕੀਤਾ ਜਾਂਦਾ ਰਿਹਾ ਹੈ ਜਾਂ ਹੁਣ ਤੱਕ ਵੀ ਹੋ ਰਿਹਾ ਹੈ, ਉਹ ਵੀ ਕਿਸੇ ਕੋਲੋਂ ਲੁਕਿਆ ਛੁਪਿਆ ਨਹੀਂਅਣਖ ਨਾਲ ਆਪਣੀ ਰੋਜ਼ੀ ਰੋਟੀ ਕਮਾਉਂਦੀ ਇਕੱਲੀ ਔਰਤ ਭਾਰਤ ਮਾਤਾ ਦੀ ਧਰਤੀ ਉੱਪਰ ਗੁਨਾਹ ਮੰਨ ਲਿਆ ਗਿਆ ਹੈ

ਡਾ. ਪ੍ਰਿਅੰਕਾ ਰੈਡੀ ਇਸ ਸੋਚ ਦੀ ਤਾਜ਼ਾ ਸ਼ਿਕਾਰ ਬਣ ਗਈ ਹੈਇੱਕ ਖੁਦਦਾਰ 26 ਸਾਲਾ ਡਾਕਟਰ ਤੇਲੰਗਾਨਾ ਵਿੱਚ ਡਿਊਟੀ ਉੱਤੇ ਜਾਣ ਲਈ ਆਪਣੀ ਸਕੂਟੀ ਉੱਤੇ ਜੇ ਸ਼ਾਮ ਵੇਲੇ ਜਾਵੇ ਤਾਂ ਔਰਤ ਨੂੰ ਸਿਰਫ਼ ਸਰੀਰ ਮੰਨਣ ਵਾਲੇ ਹਵਸੀ ਉਸ ਦੇ ਸਰੀਰ ਉੱਤੇ ਕਬਜ਼ਾ ਕਰ ਕੇ ਹੈਵਾਨੀਅਤ ਦਾ ਨੰਗਾ ਨਾਚ ਕਰਦੇ ਹਨ, ਗਲਾ ਘੁੱਟਦੇ ਹਨ ਤੇ ਆਪਣੇ ਕੁਕਰਮ ਨੂੰ ਲੁਕਾਉਣ ਲਈ ਉਸ ਦੇ ਜਿਸਮ ਨੂੰ ਸਾੜ ਵੀ ਦਿੰਦੇ ਹਨ

ਇਹ ਇੱਕ ਆਮ ਘਟਨਾ ਮੰਨ ਕੇ ਉਸੇ ਦਿਨ ਅਨੇਕ ਹੋਰ ਵੀ ਹਲਕੇ ਕੁੱਤਿਆਂ ਨੇ ਆਪਣਾ ਰੂਪ ਜੱਗ ਜ਼ਾਹਿਰ ਕੀਤਾ ਸੀਇਨ੍ਹਾਂ ਵਿੱਚੋਂ ਕੁਝ ਹਨ:

1. ਟਰਾਈਬਲ ਕਾਨੂੰਨ ਦੀ ਪੜ੍ਹਾਈ ਕਰਦੀ 25 ਸਾਲਾ ਵਿਦਿਆਰਥਣ ਨੂੰ ਰਾਂਚੀ ਦੇ “ਵੀ.ਈ.ਪੀ.” ਇਲਾਕੇ ਵਿੱਚ ਪਿਸਤੌਲ ਵਿਖਾ ਕੇ ਚੁੱਕ ਲਿਆ ਗਿਆ ਤੇ 12 ਜਣਿਆਂ ਨੇ ਰਲ ਕੇ ਇੱਟਾਂ ਦੇ ਭੱਠੇ ਅੰਦਰ ਕੈਦ ਕਰ ਕੇ ਉਸ ਦਾ ਬਲਾਤਕਾਰ ਕੀਤਾ

2. ਦਲਿਤ ਬੱਚੀ ਰੋਜਾ, ਜੋ 20 ਸਾਲ ਦੀ ਸੀ, ਦਾ ਬਲਾਤਕਾਰ ਕਰ ਕੇ ਹਵਸੀਆਂ ਨੇ ਉਸ ਨੂੰ ਦਰਖਤ ਨਾਲ ਟੰਗ ਕੇ ਕਾਂਚੀਪੁਰਮ (ਤਾਮਿਲ ਨਾਡੂ) ਵਿੱਚ ਆਪਣੀ “ਬਹਾਦਰੀ” ਵਿਖਾਈ

3. ਬੱਤੀ ਸਾਲਾ ਔਰਤ ਕੁੱਡਾਲੋਰ (ਤਾਮਿਲ ਨਾਡੂ) ਵਿਖੇ ਆਪਣੇ ਰਿਸ਼ਤੇਦਾਰ ਨਾਲ ਸਕੂਟਰ ਉੱਤੇ ਘਰ ਮੁੜਦੀ ਨੂੰ 5 ਵੀਹ-ਵੀਹ ਸਾਲਾਂ ਦੇ ਬਲਾਤਕਾਰੀਆਂ ਨੇ ਇਹ ਸਜ਼ਾ ਸੁਣਾ ਕੇ ਚੂੰਡਿਆ ਕਿ ਘਰੋਂ ਬਾਹਰ ਪੈਰ ਧਰਨਾ ਔਰਤ ਲਈ ਭਾਰਤ ਮਾਤਾ ਦੀ ਧਰਤੀ ਉੱਤੇ ਗੁਨਾਹ ਹੈ

4. ਵਦੋਦਰਾ (ਗੁਜਰਾਤ) ਵਿਖੇ ਵੀ 14 ਸਾਲਾ ਬੱਚੀ ਦਾ ਦੋ ਮੁਸ਼ਟੰਡਿਆਂ ਨੇ ਉਸੇ ਹੀ ਦਿਨ ਬਲਾਤਕਾਰ ਕੀਤਾ

5. 88 ਸਾਲਾ ਔਰਤ ਦਾ ਬਲਾਤਕਾਰ ਉਸੇ ਦੇ ਘਰ ਟੂਟੀ ਠੀਕ ਕਰਨ ਆਏ ਵਹਿਸ਼ੀ ਨੇ ਕੀਤਾ

6. ਚੰਡੀਗੜ੍ਹ ਦਾ ਆਟੋ ਡਰਾਈਵਰ 11 ਸਾਲਾ ਬੱਚੀ ਨੂੰ ਤਿੰਨ ਦਿਨ ਘਰ ਅੰਦਰ ਡੱਕ ਕੇ ਲਗਾਤਾਰ ਬਲਾਤਕਾਰ ਕਰਦਾ ਰਿਹਾ

7. ਜੈਪੁਰ ਦੇ ਹਵਸੀ ਕੁੱਤੇ ਨੇ ਨਵਾਂ ਰਿਕਾਰਡ ਕਾਇਮ ਕਰਨ ਦੀ ਕੋਸ਼ਿਸ਼ ਕੀਤੀਪਹਿਲੀ ਜਮਾਤ ਵਿੱਚ ਪੜ੍ਹਦੀ ਛੇ ਸਾਲਾ ਬੱਚੀ ਨੂੰ ਟੌਂਕ (ਰਾਜਸਥਾਨ) ਵਿੱਚ ਸਕੂਲ ਅੰਦਰਲੇ ਫੰਕਸ਼ਨ ਤੋਂ ਤਿੰਨ ਵਜੇ ਬਾਹਰ ਨਿਕਲਣ ਲੱਗਿਆਂ ਉਸੇ ਥਾਂ ਦਬੋਚ ਲਿਆ ਤੇ ਬਲਾਤਕਾਰ ਕਰ ਕੇ ਉਸੇ ਦੀ ਸਕੂਲ ਦੀ ਬੈਲਟ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾਫਿਰ ਉਸ ਦੀ ਲਾਸ਼ ਨੂੰ ਪਿੰਡ ਦੀਆਂ ਝਾੜੀਆਂ ਵਿੱਚ ਸੁੱਟ ਦਿੱਤਾ ਤੇ ਮੁੱਛਾਂ ਨੂੰ ਤਾਅ ਦਿੰਦਾ ਉੱਥੋਂ ਤੁਰ ਗਿਆ

8. ਇਕ ਹੋਰ ਛੇ ਸਾਲਾ ਬੱਚੀ ਦੀ ਗਲੀ ਸੜੀ ਲਾਸ਼ ਰਾਮਪੁਰ ਵਿੱਚ ਇੱਕ ਟੁੱਟੇ ਹੋਏ ਘਰ ਦੀ ਚਾਰਦੀਵਾਰੀ ਅੰਦਰ ਮਿਲੀ ਜਿਸ ਨੂੰ ਉਸੇ ਦੇ ਗਵਾਂਢੀ ਨੇ ਬਲਾਤਕਾਰ ਕਰ ਕੇ ਗਲਾ ਘੁੱਟ ਕੇ ਮਾਰ ਮੁਕਾਇਆ ਸੀ

9. ਦਿੱਲੀ ਵਿੱਚ ਇੱਕ ਨੌਂ ਸਾਲਾ ਬੱਚੀ ਦਾ ਉਧਾਲਾ ਉਸ ਦੇ ਆਪਣੇ ਸਕੇ ਪਿਓ ਨੇ ਕੀਤਾਜ਼ਖ਼ਮਾਂ ਦੀ ਮਾਰ ਨਾ ਝੱਲਦੀ ਹੋਈ ਤੇ ਬੱਚੇਦਾਨੀ ਫਟਣ ਨਾਲ ਵਾਧੂ ਲਹੂ ਵਹਿ ਜਾਣ ਕਾਰਨ ਉਹ ਸਵਾਸ ਤਿਆਗ ਗਈ

10. ਹਰਿਆਣੇ ਵਿੱਚ ਇੱਕ ਵਿਧਵਾ ਔਰਤ ਨੂੰ ਦੋ ਜਣਿਆਂ ਨੇ ਘੜੀਸ ਕੇ ਨਸ਼ਾ ਪਿਆ ਕੇ ਖੇਤਾਂ ਵਿੱਚ ਲਿਜਾ ਕੇ ਬਲਾਤਕਾਰ ਕੀਤਾ

11. ਇੱਕ 6 ਸਾਲਾ ਬੱਚੀ ਦਾ ਸਮੂਹਿਕ ਬਲਾਤਕਾਰ ਉਸੇ ਦੇ ਸਕੂਲ ਵਿੱਚ ਪੜ੍ਹ ਰਹੇ 4 ਨਾਬਾਲਗ (12 ਤੋਂ 15 ਸਾਲਾਂ ਦੇ) ਮੁਸ਼ਟੰਡਿਆਂ ਨੇ ਕੀਤਾ

12. ਹਰਿਆਣੇ ਵਿੱਚ 19 ਸਾਲਾ ਬੱਚੀ ਦਾ ਬਲਾਤਕਾਰ ਉਸ ਨੂੰ ਜਬਰੀ ਚੁੱਕ ਕੇ ਨਸ਼ੇ ਦਾ ਟੀਕਾ ਲਾ ਕੇ ਕੀਤਾ ਗਿਆਫੜੇ ਜਾਣ ਉੱਤੇ ਬਲਾਤਕਾਰੀ ਨੇ ਬਿਆਨ ਦਿੱਤਾ ਕਿ ਉਹ ਬੱਚੀ ਪੜ੍ਹਾਈ ਵਿੱਚ ਪਹਿਲੇ ਨੰਬਰ ਉੱਤੇ ਆਉਂਦੀ ਰਹੀ ਸੀ ਤੇ ਉਸ ਨੇ ਨੈਸ਼ਨਲ ਐਵਾਰਡ ਜਿੱਤਿਆ ਸੀਇਸ ਵਾਸਤੇ ਇਹ ਸਜ਼ਾ ਦਿੱਤੀ ਗਈ ਤਾਂ ਜੋ ਉਸ ਨੂੰ ਵੇਖ ਕੇ ਕੋਈ ਹੋਰ ਬੱਚੀ ਅਗਾਂਹ ਪੜ੍ਹਨ ਦੀ ਹਿੰਮਤ ਨਾ ਕਰ ਸਕੇ

13. ਦਿੱਲੀ ਵਿੱਚ ਇੱਕ ਸੱਤ ਸਾਲਾ ਬੱਚੀ ਦਾ ਬਲਾਤਕਾਰ ਉਸ ਦੇ ਗੁਆਂਢੀ 45 ਸਾਲਾ ਹੈਵਾਨ ਨੇ ਕੀਤਾਬਲਾਤਕਾਰ ਕਰਨਾ ਸੰਭਵ ਨਹੀਂ ਹੋ ਰਿਹਾ ਸੀ ਕਿਉਂਕਿ ਬੱਚੀ ਦੇ ਅੰਦਰੂਨੀ ਅੰਗ ਅਜੇ ਬਣੇ ਹੀ ਨਹੀਂ ਸੀਇਸ ਲਈ ਉਸ ਨੇ ਲੋਹੇ ਦੀ ਵੱਡੀ ਚੌੜੀ ਪਾਈਪ ਉਸ ਦੀ ਬੱਚੇਦਾਨੀ ਅੰਦਰ ਪਾ ਕੇ ਪਾੜ ਦਿੱਤੀ ਤੇ ਇੰਜ ਹੀ ਬੇਸੁਰਤ ਲਹੂ ਵਹਿੰਦੀ ਨੂੰ ਹਵਸ ਮਿਟਾਉਣ ਬਾਅਦ ਗਲੀ ਵਿੱਚ ਸੁੱਟ ਕੇ ਤੁਰ ਗਿਆਉਸ ਬੱਚੀ ਦੇ ਪਿਤਾ ਦੀ ਮੌਤ ਹੋ ਚੁੱਕੀ ਸੀਮਾਂ ਇਕੱਲੀ ਕਮਾਉਣ ਵਾਲੀ ਸੀ ਤੇ ਉਹ ਵੀ ਦਿਹਾੜੀਦਾਰਪੈਸੇ ਦੀ ਕਮੀ ਹੋਣ ਸਦਕਾ ਬੱਚੀ ਦਾ ਆਈ.ਸੀ.ਯੂ. ਦਾ ਖ਼ਰਚਾ ਨਾ ਝੱਲ ਸਕੀ

14. ਇਸ ਬੱਚੀ ਵੇਲੇ ਤਾਂ ਹੱਦ ਹੀ ਟੱਪੀ ਗਈ! ਕਰੂਰ ਮਾਨਸਿਕਤਾ ਦਾ ਚਿਹਰਾ ਸਭ ਸਾਹਮਣੇ ਸਪਸ਼ਟ ਹੋ ਗਿਆਇੱਕ ਨਾਮਵਰ ਸਕੂਲ ਦੇ ਬੋਰਡਿੰਗ ਵਿੱਚ ਪੜ੍ਹ ਰਹੀ 10ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਨੂੰ ਉਸੇ ਦੇ ਕਲਾਸ ਵਿਚਲੇ ਨਾਲਾਇਕ 4 ਵਿਦਿਆਰਥੀਆਂ, ਜੋ ਵੱਡੇ ਘਰਾਂ ਦੇ ਕਾਕੇ ਸਨ, ਨੇ ਸਮੂਹਕ ਬਲਾਤਕਾਰ ਕੀਤਾ ਤੇ ਸਕੂਲ ਵਾਲਿਆਂ ਨੇ ਬੱਚੀ ਨੂੰ ਸਭ ਕੁਝ ਜਰ ਜਾਣ ਲਈ ਕਿਹਾ ਤਾਂ ਜੋ ਸਕੂਲ ਦਾ ਨਾਂ ਬਦਨਾਮ ਨਾ ਹੋ ਜਾਵੇਜਦੋਂ ਗਰਭ ਠਹਿਰ ਗਿਆ ਤਾਂ ਗਰਭਪਾਤ ਵੀ ਚੁੱਪ ਚਪੀਤੇ ਸਕੂਲ ਅੰਦਰ ਹੀ ਕਰਵਾ ਦਿੱਤਾ ਗਿਆਉਸ ਤੋਂ ਬਾਅਦ ਹੀ ਮਾਪਿਆਂ ਨੂੰ ਪਤਾ ਲੱਗਿਆ ਤੇ ਗੱਲ ਮੀਡੀਆ ਤੱਕ ਪਹੁੰਚੀ

15. ਸੰਗਰੂਰ ਵਿੱਚ 65 ਸਾਲਾ ਮਾਈ ਭਾਗੋ ਦੇਵੀ ਦਾ ਸਮੂਹਕ ਬਲਾਤਕਾਰ ਬਾਅਦ ਕਤਲ ਕੀਤਾ ਹੋਇਆ ਸਰੀਰ ਖਨੌਰੀ ਪੁਲਿਸ ਨੂੰ ਲੱਭਿਆਕਤਲ ਕਰਨ ਵਾਲੇ ਸ਼ਤਰਾਨੇ ਦੇ ਚਾਰ ਨੌਜਵਾਨ ਮੁਸ਼ਟੰਡਿਆਂ ਵਿੱਚੋਂ ਇੱਕ 15 ਵਰ੍ਹਿਆਂ ਦਾ ਸੀਸਾਗਰ, ਬੰਟੀ ਤੇ ਬਿੱਟੂ ਨੇ ਮੰਨਿਆ ਕਿ ਉਨ੍ਹਾਂ ਚਾਰਾਂ ਨੇ ਵਾਰੋ ਵਾਰੀ ਰੱਜ ਕੇ ਬਜ਼ੁਰਗ ਬੀਬੀ ਦਾ ਬਲਾਤਕਾਰ ਕਰ ਕੇ ਗਲਾ ਘੁੱਟ ਕੇ ਮਾਰ ਕੇ ਉਸ ਦੇ ਘਰ ਲੁੱਟ ਮਾਰ ਕੀਤੀ ਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਵੀ ਲਾਹ ਲਈਆਂ ਸਨਮਾਈ ਭਾਗੋ ਦੇਵੀ 20 ਸਾਲਾਂ ਤੋਂ ਇਕੱਲੀ ਰਹਿ ਰਹੀ ਸੀ ਕਿਉਂਕਿ ਉਸ ਦਾ ਪਤੀ ਮਰ ਚੁੱਕਿਆ ਸੀ ਤੇ ਪੁੱਤਰ ਵੱਖ ਰਹਿਣ ਤੁਰ ਗਏ ਸਨ

ਜ਼ਰਾ ਧਿਆਨ ਦੇਣਾ! ਇਨ੍ਹਾਂ ਵਿੱਚੋਂ ਇੱਕ ਮੁਸ਼ਟੰਡਾ 19 ਸਾਲਾ ਸਾਗਰ ਮਾਈ ਭਾਗੋ ਦੇ ਸਕੇ ਭਰਾ ਦਾ ਪੋਤਰਾ ਸੀ, ਜੋ ਖਨੌਰੀ ਦੇ ਐੱਸ.ਐੱਚ.ਓ. ਕਰਤਾਰ ਸਿੰਘ ਅਨੁਸਾਰ ਬਹੁਤ ਵਾਰ ਆਪਣੀ ਦਾਦੀ ਕੋਲ ਪਿੰਨੀਆਂ ਅਤੇ ਚੂਰੀ ਖਾਣ ਆਉਂਦਾ ਜਾਂਦਾ ਰਹਿੰਦਾ ਸੀ! ਯਾਨੀ ਹੁਣ ਪੋਤਰੇ ਵੀ ਦਾਦੀ ਦਾ ਬਲਾਤਕਾਰ ਕਰ ਕੇ ਕਤਲ ਕਰ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਚੁਰਾ ਕੇ ਜਾਣ ਵੇਲੇ ਰਤਾ ਕਸਕ ਤੱਕ ਮਹਿਸੂਸ ਨਹੀਂ ਕਰਦੇ! ਇਸ ਤੋਂ ਵੱਧ ਨਿਘਾਰ ਹੋਰ ਕੀ ਆ ਸਕਦਾ ਹੈ? ਨਗਰ ਕੀਰਤਨ ਦੇ ਰੌਲੇ ਵਿੱਚ ਮਾਈ ਭਾਗੋ ਦੀ ਚੀਖ ਦੱਬ ਕੇ ਰਹਿ ਗਈਪਰ ਅਸਲ ਗੱਲ ਤਾਂ ਇਹ ਹੈ ਕਿ ਹੁਣ ਸਾਗਰ ਨੂੰ ਬਚਾਉਣ ਲਈ ਉਸ ਦਾ ਪਿਓ ਆਪਣੀ ਹੀ ਮਾਂ ਦੇ ਵਿਰੁੱਧ ਗਵਾਹੀ ਦੇਣ ਨੂੰ ਤਿਆਰ ਹੈ

16. ਧੂਰੀ ਵਿਖੇ ਸਕੂਲ ਬੱਸ ਕੰਡਕਟਰ ਕਮਲ ਕੁਮਾਰ ਨੇ ਆਪਣੀ ਹੀ ਬੱਸ ਵਿੱਚ ਸਕੂਲ ਜਾਂਦੀ 4 ਸਾਲਾ ਬੱਚੀ ਨੂੰ ਸਕੂਲ ਦੀ ਹੱਦ ਅੰਦਰ ਲਿਜਾ ਕੇ, ਬਲਾਤਕਾਰ ਕਰ ਕੇ ਸਕੂਲ ਦੇ ਪਿਛਵਾੜੇ ਵਿੱਚ ਸੁੱਟ ਦਿੱਤਾ

ਹੈ ਨਾ ਇੱਕ ਤੋਂ ਇੱਕ ਵੱਡੇ ਦਮਗਜ਼ੇ ਮਾਰੇ ਹੋਏ? ਸਭ ਹਵਸੀ ਕੁੱਤੇ ਇੱਕ ਨਵਾਂ ਰਿਕਾਰਡ ਕਾਇਮ ਕਰਨ ਦੀ ਹੋੜ ਵਿੱਚ ਹਨਨਵੇਂ ਤੋਂ ਨਵਾਂ ਜਨੂੰਨ ਔਰਤ ਦੇ ਜਿਸਮ ਨੂੰ ਹੰਢਾਉਣ ਦਾ! ਉਸਦੀਆਂ ਮਿੱਠੀਆਂ ਲੋਰੀਆਂ ਅਤੇ ਗੋਦ ਵਿੱਚ ਖਿਡਾ ਕੇ ਆਪਣਾ ਦੁੱਧ ਪਿਆਉਣ ਦੇ ਜੁਰਮ ਦੀ ਸਜ਼ਾ ਦੇਣ ਦੇ ਦਿਲ ਕੰਬਾਊ ਢੰਗ!

ਇਹ ਸਭ ਹੋਇਆ ਇੱਕੋ ਦਿਨ ਪਰ ਇੱਕ ਖ਼ਾਸ ਵਰ੍ਹੇ ਵਿੱਚ! ਇਸ ਵਰ੍ਹੇ ਪੂਰੀ ਦੁਨੀਆਂ ਵਿੱਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਜਨਮ ਦਿਨ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਔਰਤ ਦਾ ਬਿੰਬ ਉਚੇਰਾ ਚੁੱਕਣ ਦੇ ਅਣਥੱਕ ਯਤਨ ਕੀਤੇ ਸਨ

ਇੱਕ ਵੱਖ ਕਿਸਮ ਦਾ ਰਿਕਾਰਡ ਦੁਨੀਆ ਸਾਹਮਣੇ ਪੇਸ਼ ਕੀਤਾ ਗਿਆ

ਇਸ ਇੱਕ ਵਰ੍ਹੇ ਵਿੱਚ 38, 947 ਬਲਾਤਕਾਰ ਰਿਕਾਰਡ ਕੀਤੇ ਗਏ ਜਿਨ੍ਹਾਂ ਵਿੱਚੋਂ 2167 ਸਮੂਹਕ ਸਨ ਤੇ ਲਗਭਗ 60 ਫੀਸਦੀ ਨਾਬਾਲਗ ਬੱਚੀਆਂ ਦੇ ਸਨ, ਜਿਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆਮੱਧ ਪ੍ਰਦੇਸ਼ ਵਿੱਚ 4882, ਉੱਤਰ ਪ੍ਰਦੇਸ ਵਿੱਚ 4616, ਮਹਾਰਾਸ਼ਟਰ ਵਿੱਚ 4189, ਰਾਜਸਥਾਨ ਵਿੱਚ 3656 ਤੇ ਦਿੱਲੀ ਵਿੱਚ 2155 ਬਲਾਤਕਾਰ ਹੋਏ

ਦਿਨੋ ਦਿਨ ਦੁੱਗਣੀ ਚੌਗੁਣੀ ਹੁੰਦੀ ਇਨ੍ਹਾਂ ਰਾਖਸ਼ੀ ਬਿਰਤੀ ਵਾਲਿਆਂ ਦੀ ਗਿਣਤੀ ਨੇ ਔਰਤ ਲਈ ਕੋਈ ਸੁਰੱਖਿਅਤ ਥਾਂ ‘ਭਾਰਤ ਮਾਤਾ’ ਦੀ ਹੱਦ ਅੰਦਰ ਰਹਿਣ ਹੀ ਦਿੱਤੀ

ਵਿਹਲੜ ਫਿਰਦੇ ਇਨ੍ਹਾਂ ਲਾਰਾਂ ਟਪਕਾਉਂਦੇ ਕੁੱਤਿਆਂ ਦਾ ਇੱਕੋ ਟੀਚਾ ਹੈ ਕਿ ਆਪਣੀ ਮਾਂ ਦੀ ਜਿਨਸ ਵਾਲੀਆਂ ਦੇ ਸਰੀਰਾਂ ਨੂੰ ਮਾਸ ਦਾ ਲੋਥੜਾ ਮੰਨ ਕੇ ਪਾੜ ਸੁੱਟਣਾ ਹੈ ਜਾਂ ਕਿਸੇ ਵੀ ਹਾਲ ਵਿੱਚ ਉਨ੍ਹਾਂ ਦੇ ਸਰੀਰਾਂ ਨੂੰ ਭੋਗ ਕੇ ਉਨ੍ਹਾਂ ਉੱਤੇ ਕਾਬਜ਼ ਹੋਣਾ ਹੈ! ਅਜਿਹੀ ਹਾਲਤ ਵਿੱਚ ਕਿਹੜੀ ਔਰਤ ਇਹ ਮੰਨ ਸਕਦੀ ਹੈ ਕਿ ਉਹ ਘਰੋਂ ਨਿਕਲਣ ਬਾਅਦ ਵਾਪਸ ਸੁਰੱਖਿਅਤ ਘਰ ਪਹੁੰਚ ਜਾਵੇਗੀ?

ਔਰਤ ਦੇ ਕੁੱਖੋਂ ਜੰਮਿਆ ਮਾਸ ਦਾ ਲੋਥੜਾ ਇੰਨਾ ਕਹਿਰੀ ਅਤੇ ਜ਼ਹਿਰੀ ਹੋ ਚੁੱਕਿਆ ਹੈ ਕਿ ਉਹ ਜੰਮਣ ਬਾਅਦ ਪਹਿਲਾ ਹੱਲਾ ਉਸੇ ਕੁੱਖ ਉੱਤੇ ਹੀ ਕਰਨ ਬਾਰੇ ਸੋਚਣ ਲੱਗ ਪਿਆ ਹੈ!

ਭਾਰਤ ਦੀ ਇਸ ਧਰਤੀ ਉੱਤੇ ਧਾਰਮਿਕ ਪਾਖੰਡਾਂ ਦੀ ਵੀ ਕੋਈ ਘਾਟ ਨਹੀਂ ਹੈਕਮਾਲ ਇਹ ਹੈ ਕਿ ਮੰਦਰ ਦੀ ਚਾਰ ਦੀਵਾਰੀ ਅੰਦਰ ਵੀ ਨਿੱਕੀ ਬਾਲੜੀ ਦਾ ਬਲਾਤਕਾਰ ਹੋ ਜਾਂਦਾ ਹੈ ਤੇ ਕਿਸੇ ਧਰਮ ਦਾ ‘ਰੱਬ’ ਉੱਥੇ ਬੱਚੀਆਂ ਨੂੰ ਬਚਾਉਣ ਪਹੁੰਚਦਾ ਨਹੀਂ! ਆਖ਼ਰ ਕਿਸ ਨੇ ਘੜ੍ਹਿਆ ਹੈ ਅਜਿਹਾ ਰੱਬ ਜੋ ਸਿਰਫ਼ ਮਰਦਾਂ ਲਈ ਬਹੁੜਦਾ ਹੈ ਤੇ ਉਨ੍ਹਾਂ ਨੂੰ ਹੀ ਔਰਤ ਦਾ ਸਮੂਹਕ ਬਲਾਤਕਾਰ ਕਰ ਕੇ ਮਾਰ ਦੇਣ ਦਾ ਹੱਕ ਵੀ ਦੇ ਦਿੰਦਾ ਹੈ?

ਕਿਉਂ ਰੱਬ ਦੇ ਘਰ ਸਾਰੀਆਂ ਬੰਦਸ਼ਾਂ ਸਿਰਫ਼ ਔਰਤ ਜ਼ਾਤ ਉੱਤੇ ਲੱਗਦੀਆਂ ਹਨ, ਕੌਣ ਹੈ ਅਜਿਹੇ ਕਾਨੂੰਨ ਬਣਾਉਣ ਵਾਲਾ ਅਤੇ ਰੋਕਾਂ ਲਾਉਣ ਵਾਲਾ? ਰੱਬ ਜਾਂ ਬੰਦੇ ਵੱਲੋਂ ਘੜਿਆ ਰੱਬ ਦਾ ਬੁੱਤ? ਉਸ ਬੁੱਤ ਨੂੰ ਘੁਮਾਉਣ ਵਾਲਾ ਸ਼ੈਤਾਨੀ ਦਿਮਾਗ਼ ਕਿਸਦਾ ਹੈ? ਕਿਉਂ ਔਰਤ ਨੂੰ ਹੀ ਵੱਧ ਧਾਰਮਿਕ ਵਲਗਣਾ ਵਿੱਚ ਘੇਰੀ ਰੱਖਣ ਦਾ ਜਤਨ ਲਗਾਤਾਰ ਜਾਰੀ ਹੈ? ਕਿਉਂ ਬੱਚੀ ਨੂੰ ਚੰਗੀ ਛੋਹ - ਮਾੜੀ ਛੋਹ ਸਮਝਾਉਣ ਵੇਲੇ ਵੱਡੀ ਗਿਣਤੀ ਮਰਦ ਸਮਾਜ ਹਾਲ ਦੁਹਾਈ ਪਾਉਣ ਲੱਗ ਜਾਂਦਾ ਹੈ? ਕਿਉਂ ਖ਼ਾਨਦਾਨ ਦੀ ਇੱਜ਼ਤ ਦਾ ਭਾਰ ਸਿਰਫ਼ ਬਾਲੜੀ ਉੱਤੇ ਲੱਦ ਦਿੱਤਾ ਗਿਆ ਹੈ? ਜਦੋਂ ਖ਼ਾਨਦਾਨ ਦਾ “ਚਿਰਾਗ਼” ਦੂਜੇ ਦੀ ਧੀ ਦਾ ਬਲਾਤਕਾਰ ਕਰਦਾ ਹੈ ਤਾਂ ਖ਼ਾਨਦਾਨ ਦੀ ਇੱਜ਼ਤ ਨੂੰ ਕੀ ਚਾਰ ਚੰਨ ਲੱਗ ਜਾਂਦੇ ਹਨ?

ਕੀ ਇਸੇ ਨੂੰ ਅਖੌਤੀ ਇੱਜ਼ਤ ਦਾ ਨਾਂ ਦੇ ਦਿੱਤਾ ਗਿਆ ਹੈ ਕਿ ਔਰਤ ਨੂੰ ਸਦਾ ਚਰਨਾਂ ਦੀ ਦਾਸੀ ਬਣਾਈ ਰੱਖਣਾ ਹੈ? ਕਦੋਂ ਅਸੀਂ ਆਪਣਾ ਦੋਗਲਾਪਨ ਛੱਡਾਂਗੇ ਤੇ ਔਰਤ ਨੂੰ ਔਰਤ ਦੀ ਦੁਸ਼ਮਨ ਕਹਿ ਕੇ ਪਾਸਾ ਵੱਟਦੇ ਰਹਾਂਗੇ? ਇਨ੍ਹਾਂ ਸਾਰੇ ਬਲਾਤਕਾਰਾਂ ਬਾਅਦ ਕਿਸੇ ਥਾਂ ਤੋਂ ਆਵਾਜ਼ ਕਿਉਂ ਨਹੀਂ ਉੱਠੀ ਕਿ ਮਰਦ ਔਰਤ ਦਾ ਦੁਸ਼ਮਣ ਹੈ? ਜਦੋਂ ਪੁੱਤਰ ਪਿਓ ਦਾ ਕਤਲ ਕਰਦਾ ਹੈ ਜਾਂ ਕੋਈ ਮੁੰਡਾ ਆਪਣੀ ਹੀ ਜਿਨਸ ਵਾਲੇ ਨਾਲ ਬਦਫੈਲੀ ਕਰਦਾ ਹੈ ਤਾਂ ਕਿਉਂ ਮਰਦ ਹੀ ਮਰਦ ਦਾ ਦੁਸ਼ਮਣ ਹੈ, ਵਰਗੀ ਆਵਾਜ਼ ਨਹੀਂ ਚੁੱਕੀ ਜਾਂਦੀ?

ਕੀ ਆਪਣੇ ਮੁਲਕ ਨੂੰ ‘ਭਾਰਤ ਮਾਤਾ’ ਕਹਿਣ ਦਾ ਅਡੰਬਰ ਹੁਣ ਤਿਆਗ ਨਹੀਂ ਦੇਣਾ ਚਾਹੀਦਾ? ਕਿਉਂ ਧਾਰਮਿਕ ਸਥਾਨਾਂ ਉੱਤੇ ਔਰਤ ਦੀ ਵਡਿਆਈ ਕਰਨ ਦਾ ਪਾਖੰਡ ਰਚਿਆ ਜਾ ਰਿਹਾ ਹੈ?

ਕਿਉਂ ਇੰਨੇ ਭਿਆਨਕ ਢੰਗ ਨਾਲ ਹੋ ਰਹੇ ਬਾਲੜੀਆਂ ਦੇ ਉਧਾਲਿਆਂ ਦੀ ਖ਼ਬਰ ਸੁਣ ਕੇ ਕਦੇ ਵੀ ਨਿਆਂ ਦਿਵਾਉਣ ਵਾਸਤੇ ਭਾਰਤ-ਬੰਦ ਨਹੀਂ ਹੋਇਆ? ਸਖ਼ਤ ਕਾਨੂੰਨਾਂ ਦੀ ਘਾਟ ਅਤੇ ਬਲਾਤਕਾਰੀਆਂ ਲਈ ਨਰਮ ਰਵੱਈਆ ਕਿਤੇ ਇਸੇ ਕਰਕੇ ਤਾਂ ਨਹੀਂ ਕਿ ਭਾਰਤ ਵਿੱਚ ਸੱਤਾ ਵਿੱਚ ਬੈਠੇ ਲੋਕ ਹੀ ਅਜਿਹੇ ਹਨ ਜੋ ਅਸੈਂਬਲੀਆਂ ਅੰਦਰ ਪੋਰਨ ਵੇਖਦੇ ਹਨ? ਕੁਝ ਨੇ ਪਤਨੀਆਂ ਛੱਡੀਆਂ ਹੋਈਆਂ ਹਨ? ਕੁਝ ਨੇ ਧੀਆਂ ਕੁੱਖ ਵਿੱਚ ਮਾਰੀਆਂ ਹੋਈਆਂ ਹਨ? ਕੁਝ ਵਤਨੋਂ ਪਾਰ ਦੇ ਚੱਕਰਾਂ ਵਿੱਚ ਸਿਰਫ਼ ਗੋਰੀਆਂ ਨੂੰ ਰਾਤ ਭਰ ਹੰਢਾਉਣ ਜਾਂਦੇ ਹਨ?

ਕਿਉਂ ਹਰ ਪਿਓ ਆਪਣੀ ਧੀ ਲਈ ਚਿੰਤਿਤ ਨਹੀਂ? ਕਿਉਂ ਭਰਾ ਆਪਣੀ ਭੈਣ ਦੀ ਸੁਰੱਖਿਆ ਲਈ ਆਵਾਜ਼ ਨਹੀਂ ਚੁੱਕ ਰਿਹਾ? ਕਿਉਂ ਪੁੱਤਰ ਆਪਣੀ ਮਾਂ ਦੀ ਸੁਰੱਖਿਆ ਵਾਸਤੇ ਚੁੱਪੀ ਨਹੀਂ ਤੋੜ ਰਿਹਾ? ਕਿਉਂ ਕਦੇ ਵੀ ਚੋਣਾਂ ਵੇਲੇ ਮਾਵਾਂ, ਭੈਣਾਂ ਤੇ ਧੀਆਂ ਦੀ ਸੁਰੱਖਿਆ ਦਾ ਮੁੱਦਾ ਨਹੀਂ ਚੁੱਕਿਆ ਜਾਂਦਾ? ਕੋਈ ਤਾਂ ਬੋਲੇ ਤੇ ਜਵਾਬ ਦੇਵੇ ਕਿ ਸਦੀਆਂ ਤੋਂ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਰਹੀ ਹੈ ਤੇ ਹਰ ਸਾਲ ਪਹਿਲਾਂ ਤੋਂ ਵਧ ਭਿਆਨਕ ਆਧੁਨਿਕ ਢੰਗਾਂ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਰਿਕਾਰਡ ਕਾਇਮ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਨੂੰ ਰੋਕਣ ਵਾਲੇ ਕਾਨੂੰਨ ਸਦਾ ਹੀ ਕਿਉਂ ਫੇਲ ਹੁੰਦੇ ਰਹੇ ਹਨ?

ਕਿਉਂ ਸਾਡੇ ਮੁਲਕ ਦੇ ਸਿਪਾਹੀਆਂ ਨੂੰ ਆਮ ਵਸਨੀਕਾਂ ਦੀ ਸੁਰੱਖਿਆ ਨਾਲੋਂ ਸਿਰਫ਼ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੀ ਸੁਰੱਖਿਆ ਦੀ ਡਿਊਟੀ ਮਿਲਦੀ ਹੈ? ਕਿਉਂ ਸਾਡੀਆਂ ਫਾਸਟ ਟਰੈਕ ਕੋਰਟਾਂ ਵਿੱਚੋਂ ਮਿਲੀਆਂ ਸਜ਼ਾਵਾਂ ਬਾਅਦ ਵੀ ਬੇਲ ਉੱਤੇ ਬਾਹਰ ਨਿਕਲ ਕੇ ਬਲਾਤਕਾਰੀਏ ਦੁਬਾਰਾ ਜਬਰ ਜ਼ਨਾਹ ਕਰਦੇ ਫੜੇ ਜਾਂਦੇ ਹਨ? ਕਿਉਂ ਵਕੀਲ ਵੀਰ ਜ਼ਮੀਰ ਨੂੰ ਛਿੱਕੇ ਟੰਗ ਕੇ ਇਨ੍ਹਾਂ ਬਲਾਤਕਾਰੀਆਂ ਦੀ ਬੇਲ ਦੀ ਅਰਜ਼ੀ ਪੇਸ਼ ਕਰਦੇ ਹਨ? ਕਿਉਂ ਬਲਾਤਕਾਰ ਦੇ ਕੇਸਾਂ ਦਾ ਮੁਆਵਜ਼ਾ ਪੀੜਤਾਂ ਤੱਕ ਨਹੀਂ ਪਹੁੰਚ ਰਿਹਾ? ਇਹ ‘ਫੰਡ’ ਕੌਣ ਹਜ਼ਮ ਕਰ ਰਿਹਾ ਹੈ? ਨਿਰਭਆ ਫੰਡ ਕਿਉਂ ਹਾਲੇ ਤਕ ਸਹੀ ਢੰਗ ਨਾਲ ਵਰਤਿਆ ਨਹੀਂ ਗਿਆ?

ਕਿਉਂ ਭਾਰਤ ਵਿੱਚ ਹੀ ਸਭ ਤੋਂ ਵੱਧ ਸਮੂਹਕ ਬਲਾਤਕਾਰ ਤੇ ਸਭ ਤੋਂ ਵੱਧ ਵਹਿਸ਼ੀਆਨਾ ਢੰਗ ਨਾਲ ਜਬਰ ਜ਼ਨਾਹ ਹੋ ਰਹੇ ਹਨ?

ਕਿਉਂ ਸਿਰਫ਼ ਇਸੇ ਧਰਤੀ ਉੱਤੇ ਪਤੀ ਨੂੰ ਹਾਲੇ ਵੀ ‘ਪਤੀ-ਦੇਵ’ ਕਹਿ ਕੇ ਦੇਵਤਾ ਦਾ ਰੁਤਬਾ ਦੇ ਕੇ ਔਰਤ ਨੂੰ ਅਧੀਨਗੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ? ਕਿਉਂ ਹਾਲੇ ਵੀ ਇਸ ਧਰਤੀ ਉੱਤੇ ਔਰਤ ਨੂੰ ਅੱਧੇ ਅੰਗਾਂ ਵਾਲੀ ‘ਅਰਧਾਂਗਨੀ’ ਕਹਿ ਕੇ ਬੇਵਸ ਦਰਸਾਇਆ ਜਾ ਰਿਹਾ ਹੈ?

ਦੁਨੀਆ ਭਰ ਵਿੱਚ ਬਲਾਤਕਾਰੀਆਂ ਨੂੰ ਫਾਂਸੀ, ਤਾ-ਉਮਰ ਕੈਦ, ਸਰੇ ਬਜ਼ਾਰ ਲੋਕਾਂ ਸਾਹਮਣੇ ਤਸੀਹੇ ਦੇਣੇ ਜਾਂ ਲੋਕਾਂ ਵਿਚਕਾਰ ਖੜ੍ਹਾ ਕਰ ਕੇ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਹੈ, ਅੰਗ ਵੱਢ ਦਿੱਤਾ ਜਾਂਦਾ ਹੈ ਜਾਂ ਸਿਰ ਵੱਢ ਦਿੱਤਾ ਜਾਂਦਾ ਹੈਬਲਾਤਕਾਰੀਏ ਦੇ ਟੱਬਰ ਨਾਲ ਵੀ ਕਈ ਥਾਂਈਂ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈਭਾਰਤ ਵਿੱਚ ਹੀ ਇਨ੍ਹਾਂ ਬਲਾਤਕਾਰੀਆਂ ਨੂੰ ਢਿੱਲ ਕਿਉਂ ਦਿੱਤੀ ਜਾਂਦੀ ਹੈ?

ਆਖ਼ਰੀ ਸਵਾਲ ਅਣਖੀ, ਸਵੈਮਾਨ ਭਰਪੂਰ ਪਿਓਆਂ, ਭਰਾਵਾਂ ਅਤੇ ਪੁੱਤਰਾਂ ਨੂੰ ਇਹੋ ਹੈ ਕਿ ਕਿਉਂ ਸਾਨੂੰ ਸਭ ਨੂੰ ਜਨਮ ਦੇਣ ਵਾਲੀ ਔਰਤ ਨੂੰ ਉਸ ਦੇ ਵਾਰਿਸ ਕੁੱਖਾਂ ਵਿੱਚ ਮਾਰਦੇ ਨੇ, ਤੰਦੂਰ ਵਿੱਚ ਸਾੜਦੇ ਨੇ, ਇਕੱਲੀ ਨੂੰ ਘੇਰ ਕੇ ਸਮੂਹਕ ਬਲਾਤਕਾਰ ਕਰਦੇ ਨੇ, ਰਾਹਾਂ ਵਿੱਚ ਛੇੜਦੇ ਨੇ ਤੇ ਕਿਉਂ ਹਰ ਆਸਿਫਾ, ਦਾਮਿਨੀ, ਕਿਰਨਜੀਤ, ਕਿਰਨਦੀਪ, 9 ਮਹੀਨਿਆਂ ਦੀ ਸ਼ਬਨਮ ਦੀ ਚੀਕ ਖਲਾਅ ਵਿੱਚ ਤੈਰਦੀ ਹੈ ਪਰ ਅਣਖੀ ਵਾਰਿਸਾਂ ਦੇ ਬੋਲੇ ਕੰਨਾਂ ਨੂੰ ਛੂਹ ਕੇ ਸਿਰਫ਼ ਅਗਾਂਹ ਲੰਘ ਜਾਂਦੀ ਹੈ?

ਕਿਉਂ ਜਲਸਿਆਂ, ਜੈਕਾਰਿਆਂ ਦੇ ਰੌਲੇ ਰੱਪਿਆਂ ਹੇਠ ਸਿਰਫ਼ ਔਰਤ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ?

ਅਖ਼ੀਰ ਵਿੱਚ ਸਲਾਮ ਹੈ ਉਨ੍ਹਾਂ ਸੱਚ, ਹੱਕ ਤੇ ਦਲੀਲ ਨਾਲ ਤੁਰਦੇ ਭਰਾਵਾਂ, ਪੁੱਤਰਾਂ ਤੇ ਵੀਰਾਂ ਨੂੰ, ਜਿਹੜੇ ਹਾਲੇ ਵੀ ਦਮ ਰੱਖਦੇ ਹਨ ਇਸ ਵਰਤਾਰੇ ਨੂੰ ਗਲਤ ਕਹਿਣ ਦਾ ਤੇ ਰੁਤਬਿਆਂ ਵਾਲਿਆਂ ਨੂੰ ਨੰਗੇ ਧੜ ਲਲਕਾਰਦੇ ਹਨ ਜਾਂ ਕਲਮ ਰਾਹੀਂ ਹਾਅ ਦਾ ਨਾਅਰਾ ਮਾਰਦੇ ਹਨ!

ਜੇ ਕਿਸੇ ਦੇ ਮਨ ਅੰਦਰ ਸਵਾਲ ਉੱਠਦਾ ਹੈ ਕਿ ਮੈਂ ਭਾਰਤ ਮਾਤਾ ਦੇ ਅਣਖੀ ਪੁੱਤਰਾਂ ਤਾਈਂ ਕਿਉਂ ਪਹੁੰਚ ਕਰ ਰਹੀ ਹਾਂ ਤਾਂ ਮੇਰਾ ਸਿੱਧਾ ਸਾਦਾ ਜਵਾਬ ਹੈ - ਸੋਮਨਾਥ ਦੇ ਮੰਦਰ ਦੇ ਗਰਭ ਵਿੱਚ ਬੈਠੇ ਪੰਡਤਾਂ ਵੱਲੋਂ ਰੱਬ ਨੂੰ ਲੱਖ ਵਾਰ ਬੁਲਾਉਣ ਉੱਤੇ ਵੀ ਉਨ੍ਹਾਂ ਨੂੰ ਬਚਾਉਣ ਰੱਬ ਨਹੀਂ ਬਹੁੜਿਆ ਸੀਮੈਂ ਅਣਖੀ ਪੁੱਤਰਾਂ ਨੂੰ ਹੀ ਵੰਗਾਰ ਪਾਈ ਹੈ, ਹਲੂਣਾ ਦਿੱਤਾ ਹੈ ਕਿ ਜਾਗੋ ਅਤੇ ਔਰਤ ਦੇ ਹੱਕ ਵਿੱਚ ਨਿੱਤਰੋ!

ਮੈਂ ਸਾਰੀਆਂ ਕਿਸਮਾਂ ਅਤੇ ਨਸਲਾਂ ਦੇ ਕੁੱਤਿਆਂ ਤੋਂ ਖਿਮਾ ਮੰਗੇ ਬਗ਼ੈਰ ਇਸ ਲੇਖ ਦਾ ਅੰਤ ਕਰਦੀ ਹਾਂ। ਮੈਂ ਸਮਝਦੀ ਹਾਂ ਕਿ ਭਾਰਤ ਮਾਤਾ ਦੇ ਅਣਖੀ ਪੁੱਤਰਾਂ ਸਦਕਾ ਹੀ ਹਾਲੇ ਤਕ ਇਸ ਧਰਤੀ ਉੱਤੇ ਔਰਤ ਦਾ ਵਜੂਦ ਖ਼ਤਮ ਨਹੀਂ ਹੋਇਆ ਤੇ ਹਾਲੇ ਵੀ ਮਾਂ ਪੁੱਤਰ ਨੂੰ ਜੰਮਣਾ ਗੁਨਾਹ ਨਹੀਂ ਮੰਨ ਰਹੀ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1838)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author