HarshinderKaur7“ਬੇਸਹਾਰਾ ਬੱਚੀਆਂ ਦਾ ਸਹਾਰਾ ਬਣ ਰਿਹਾ ਹੈ ਡਾ. ਹਰਸ਼ ਚੈਰੀਟੇਬਲ ਟਰੱਸਟ”
(15 ਸਤੰਬਰ 2017)

 

ਕਿਸੇ ਡਾਕਟਰ ਲਈ ਮਰੀਜ਼ ਸਿਰਫ਼ ਮਰੀਜ਼ ਹੁੰਦਾ ਹੈ, ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਨਹੀਂ। ਬਿਲਕੁਲ ਇੰਜ ਹੀ ਕਿਸੇ ਬਾਬੇ ਜਾਂ ਸੰਤ ਨੂੰ ਮੰਨਣ ਵਾਲੇ ਵੀ ਡਾਕਟਰ ਲਈ ਸਿਰਫ਼ ਮਰੀਜ਼ ਹੀ ਹੁੰਦੇ ਹਨ। ਉਨ੍ਹਾਂ ਦੇ ਵਿਅਕਤੀਗਤ ਮਸਲਿਆਂ ਬਾਰੇ ਡਾਕਟਰਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ।

ਜਦੋਂ ਕਿਸੇ ਵਹਿਮ ਭਰਮ ਨਾਲ ਜਾਂ ਆਪੇ ਲਈਆਂ ਗ਼ਲਤ ਦਵਾਈਆਂ ਦੇ ਸੇਵਨ ਨਾਲ ਮਰੀਜ਼ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਜਾਵੇ ਜਾਂ ਕਿਸੇ ਨੀਮ ਹਕੀਮ ਦੇ ਚੱਕਰ ਵਿਚ ਕੋਈ ਆਪਣੀ ਉਮਰ ਦੇ ਵੀਹ ਸਾਲ ਛੋਟੇ ਕਰ ਲਵੇ ਤਾਂ ਡਾਕਟਰ ਉਸ ਮਰੀਜ਼ ਨੂੰ ਉਸੇ ਤਰ੍ਹਾਂ ਹੀ ਸਮਝਾਉਂਦਾ ਜਾਂ ਝਿੜਕਦਾ ਹੈ ਜਿਵੇਂ ਅਧਿਆਪਕ ਆਪਣੇ ਵਿਦਿਆਰਥੀ ਨੂੰ ਸਹੀ ਸੇਧ ਦੇਣ ਸਮੇਂ ਕਰਦਾ ਹੈ ਜਾਂ ਫੇਰ ਮਾਲੀ ਕਿਸੇ ਬੂਟੇ ਨੂੰ ਸਿੱਧਾ ਉਗਾਉਣ ਲਈ ਉਸ ਦੀਆਂ ਟਾਹਣੀਆਂ ਛਾਂਗਦਾ ਹੈ।

ਕੁੱਝ ਇਸੇ ਹੀ ਤਰ੍ਹਾਂ ਦੇ ਵਿਚਾਰ ਅਧੀਨ ਮੈਂ ਹਸਪਤਾਲ ਵਿਚ ਚੈਕਅੱਪ ਕਰਵਾਉਣ ਪੁੱਜੀ ਇਕ 16 ਵਰ੍ਹਿਆਂ ਦੀ ਬੱਚੀ ਨਾਲ ਗੱਲ ਸ਼ੁਰੂ ਕੀਤੀ ਜਿਸ ਦੇ ਗਲੇ ਦੁਆਲੇ ਇਕ ਬਾਬੇ ਦੀ ਤਸਵੀਰ ਪਾਈ ਹੋਈ ਸੀ।

ਮੈਂ ਜਦੋਂ ਉਸਨੂੰ ਪੁੱਛਿਆ ਕਿ ਉਹ ਕਿਵੇਂ ਉਸ ਦੇ ਲੜ ਲੱਗੀ ਤਾਂ ਉਸ ਦੇ ਜਵਾਬ ਨੇ ਮੈਨੂੰ ਬਹੁਤ ਕੁੱਝ ਸੋਚਣ ਉੱਤੇ ਮਜਬੂਰ ਕਰ ਦਿੱਤਾ। ਉਸ ਦੱਸਿਆ, ਮੈਂ ਦੋ ਸਾਲ ਨਰਕ ਭੋਗਿਆ ਸੀ। ਜਦੋਂ ਮੈਨੂੰ ਮਾਹਵਾਰੀ ਆਉਂਦੀ ਸੀ ਤਾਂ ਘਰੋਂ ਬਾਹਰ ਖੇਤ ਵਿੱਚ ਡੰਗਰਾਂ ਦੇ ਨਾਲ ਮੈਨੂੰ ਸੁੱਟ ਦਿੱਤਾ ਜਾਂਦਾ ਸੀ। ਆਪੇ ਰੋਟੀ ਬਣਾਓ, ਆਪੇ ਖਾਓ ਤੇ ਖੇਤ ਵਿੱਚ ਕੰਮ ਵੀ ਕਰੋ। ਨਾ ਕੋਈ ਚੱਜ ਦਾ ਕੱਪੜਾ, ਨਾ ਕੋਈ ਮੇਰੀ ਬਾਤ ਪੁੱਛਣ ਵਾਲਾ। ਮੈਨੂੰ ਇੰਜ ਪਰ੍ਹਾਂ ਸੁੱਟਿਆ ਜਾਂਦਾ ਸੀ ਜਿਵੇਂ ਮੈਂ ਕੂੜਾ ਕਰਕਟ ਜਾਂ ਅਸ਼ੁੱਧ ਹੋਵਾਂ। ਜਦੋਂ ਦੋਂਹ ਸਾਲਾਂ ਬਾਅਦ ਮੈਨੂੰ ਬਾਬਾ ਜੀ ਦੇ ਆਸ਼ਰਮ ਲੈ ਕੇ ਗਏ ਤਾਂ ਮੈਂ ਆਪਣੀ ਤਕਲੀਫ਼ ਸੁਣਾਈ। ਉਨ੍ਹਾਂ ਦੇ ਕਹੇ ਅਨੁਸਾਰ ਹੁਣ ਮੈਨੂੰ ਮਾਹਵਾਰੀ ਵੇਲੇ ਵੀ ਘਰ ਅੰਦਰ ਰੱਖਿਆ ਜਾਂਦਾ ਹੈ ਤੇ ਮੈਂ ਹੁਣ ਆਪਣੇ ਆਪ ਨੂੰ ਕੂੜਾ ਕਰਕਟ ਜਾਂ ਅਸ਼ੁੱਧ ਨਹੀਂ ਮੰਨਦੀ। ਮੈਂ ਆਪਣੇ ਆਪ ਨੂੰ ਇਨਸਾਨ ਸਮਝਣ ਲੱਗ ਗਈ ਹਾਂ।”

ਉਸ ਦੇ ਬੋਲਣ ਦੇ ਲਹਿਜੇ ਵਿਚ ਤਲਖ਼ੀ ਸੀ। ਸਮਾਜ ਪ੍ਰਤੀ ਗੁੱਸਾ, ਆਪਹੁਦਰਾਪਨ, ਅਣਖ, ਜੋਸ਼ ਤੇ ਸਵੈ-ਵਿਸ਼ਵਾਸ ਡੁੱਲ੍ਹ-ਡੁੱਲ੍ਹ ਬਾਹਰ ਆ ਰਿਹਾ ਸੀ।

ਇਕ ਹੋਰ ਅਜਿਹੇ ਹੀ ਮਰੀਜ਼ ਨਾਲ ਜਦੋਂ ਗੱਲ ਕੀਤੀ ਤਾਂ ਉਸ ਦਾ ਜਵਾਬ ਸੀ, ਸਾਨੂੰ ਇਸ ਸਮਾਜ ਕੋਲੋਂ ਸਿਰਫ਼ ਤ੍ਰਿਸਕਾਰ ਮਿਲਿਆ ਹੈ। ਨੀਵੀਂ ਜਾਤ ਹੋਣ ਕਾਰਨ ਇਕ ਸੜਕ ਕਿਨਾਰੇ ਰੁਲਦੇ ਪੱਥਰ ਤੋਂ ਵੱਧ ਕਦੇ ਵੁੱਕਤ ਨਹੀਂ ਪਈ। ਬਾਬਾ ਜੀ ਨੇ ਸਾਨੂੰ ਸਭ ਨੂੰ ਇੱਜ਼ਤ ਦਿੱਤੀ ਹੈ ਤੇ ਇਨਸਾਨ ਹੋਣ ਦਾ ਇਹਸਾਸ ਦਵਾਇਆ ਹੈ। ਡਾਕਟਰ ਸਾਹਿਬਾ, ਧਿਆਨ ਨਾਲ ਖ਼ਬਰਾਂ ਪੜ੍ਹਿਆ ਕਰੋ। ਚਾਰ ਕੁ ਦਿਨ ਪਹਿਲਾਂ ਦੀ ਖ਼ਬਰ ਹੈ ਕਿ ਇਕ ਮੁਟਿਆਰ ਸਕੂਲੀ ਵਿਦਿਆਰਥਣ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤਾਂ ਗੁਰਦੁਆਰੇ ਦੇ ਗ੍ਰੰਥੀ ਨੇ ਉਸ ਦਾ ਸਤ ਭੰਗ ਕੀਤਾ। ਬਥੇਰੇ ਧਰਮ ਪ੍ਰਚਾਰਕਾਂ ਤੇ ਮੁਲਾਜ਼ਮਾਂ ਕੋਲੋਂ ਨਸ਼ਿਆਂ ਦੀ ਖੇਪ ਫੜੀ ਜਾ ਚੁੱਕੀ ਹੈ। ਇਨ੍ਹਾਂ ਦੀਆਂ ਰੰਗਰਲੀਆਂ ਕਿਹੜੀ ਨੈਤਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ? ਇਹ ਸਾਰੇ ਤਾਂ ਸਿਆਸਤਦਾਨਾਂ ਦੇ ਪੈਰਾਂ ਥੱਲੇ ਵਿਛੇ ਪਏ ਹਨ। ਧਰਮ ਦਾ ਤਾਂ ਇਨ੍ਹਾਂ ਅਖੌਤੀ ਠੇਕੇਦਾਰਾਂ ਨੇ ਮਜ਼ਾਕ ਬਣਾ ਦਿੱਤਾ ਹੋਇਆ ਹੈਸਾਨੂੰ ਨੀਵੀਂ ਜਾਤ ਵਾਲਿਆਂ ਨੂੰ ਤਾਂ ਇਨ੍ਹਾਂ ਨੇ ਛੇਕਿਆ ਪਿਐ। ਬਾਬਾ ਜੀ ਨੇ ਸਾਨੂੰ ਘੱਟੋ-ਘੱਟ ਇੱਜ਼ਤ ਤਾਂ ਦੁਆਈ ਹੈ। ਅਸੀਂ ਤਾਂ ਇੱਥੇ ਹੀ ਠੀਕ ਹਾਂ।”

ਇਹ ਦੋਵੇਂ ਜਵਾਬ ਸਮਾਜ ਲਈ ਸ਼ੀਸ਼ਾ ਹਨ ਕਿ ਕਿਉਂ ਅਣਗਿਣਤ ਗਰੀਬ ਲੋਕ ਬਾਬਿਆਂ ਜਾਂ ਸੰਤਾਂ ਕੋਲ ਜਾਂਦੇ ਹਨ। ਬੀਮਾਰੀ ਨਾਲ ਜੁੜੀ ਮਾਨਸਿਕ ਪ੍ਰੇਸ਼ਾਨੀ ਜਦੋਂ ਪਿਆਰ ਨਾਲ ਦੂਰ ਕਰ ਦਿੱਤੀ ਜਾਵੇ ਜਾਂ ਪੈਸੇ ਦੀ ਤੰਗੀ ਦੌਰਾਨ ਸਹਾਇਤਾ ਮਿਲ ਜਾਏ, ਢਿੱਡ ਭਰਨ ਨੂੰ ਅੰਨ ਮਿਲ ਜਾਏ, ਆਪਣੇ ਅੰਦਰਲੀ ‘ਮੈਂ’ ਸਹਿਲਾ ਦਿੱਤੀ ਜਾਏ ਤਾਂ ਅਜਿਹੇ ਲੋਕ ਅੰਨ੍ਹੀ ਸ਼ਰਧਾ ਪਾਲ ਲੈਂਦੇ ਹਨ। ਉਹ ਵੇਖਦੇ ਹਨ ਕਿ ਉਹ ਨੀਵੀਂ ਜ਼ਾਤ ਦੇ ਵੀ ਹਨ ਤੇ ਗ਼ਰੀਬ ਵੀ ਹਨ, ਪਰ ਲੋੜ ਪੈਣ ਉੱਤੇ ਜਿਸ ਬਾਬੇ ਨਾਲ ਉਹ ਜੁੜੇ ਹਨ, ਉਸੇ ਹੀ ਬਾਬੇ ਜਾਂ ਸੰਤ ਅੱਗੇ ਮੁਲਕ ਦੀ ਉੱਚੀ ਤੋਂ ਉੱਚੀ ਪਦਵੀ ਉੱਤੇ ਬੈਠੇ ਸਿਆਸਤਦਾਨ, ਸਰਕਾਰੀ ਮੁਲਾਜ਼ਮ, ਫਿਲਮੀ ਸਿਤਾਰੇ, ਗੱਲ ਕੀ ਹਰ ਅਮੀਰ ਤੋਂ ਅਮੀਰ ਬੰਦਾ ਵੀ ਸੀਸ ਝੁਕਾਉਣ ਪਹੁੰਚ ਰਿਹਾ ਹੈ ਤਾਂ ਉਨ੍ਹਾਂ ਦੇ ਮਨ ਅੰਦਰਲੀ ਸੋਚ ਪਕਿਆਈ ਫੜ ਲੈਂਦੀ ਹੈ ਕਿ ਉਹ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੀ ਸ਼ਰਨ ਵਿਚ ਬੈਠੇ ਹਨ।

ਦੁਨੀਆ ਭਰ ਵਿਚ ਕ੍ਰਾਂਤੀ ਲਿਆਉਣ ਵਾਲੇ ਗ਼ਰੀਬ ਲੋਕ ਹੀ ਸਨ। ਇਨ੍ਹਾਂ ਵਿਚ ਹੀ ਤਬਦੀਲੀ ਲਿਆਉਣ ਦੀ ਤਾਕਤ ਹੁੰਦੀ ਹੈ। ਅਮੀਰੀ ਗ਼ਰੀਬੀ ਦੇ ਨਿੱਤ ਵਧਦੇ ਜਾਂਦੇ ਪਾੜੇ ਸਦਕਾ ਭਰੀ ਕੌੜ ਹੀ ਗੁੱਸਾ, ਤਣਾਓ ਤੇ ਢਹਿੰਦੀ ਕਲਾ ਨੂੰ ਜਨਮ ਦਿੰਦੀ ਹੈ। ਜਿਸ ਕਿਸੇ ਨੂੰ ਅਜਿਹੇ ਲੋਕਾਂ ਦੇ ਮਨਾਂ ਨੂੰ ਵੱਸ ਕਰਨ ਦਾ ਢੰਗ ਆ ਜਾਏ, ਉਹ ਉਨ੍ਹਾਂ ਲਈ ਰਾਹ ਦਸੇਰਾ ਜਾਂ ਰੱਬ ਬਣ ਜਾਂਦਾ ਹੈ ਤੇ ਸਾਰੇ ਮੰਤਰਮੁਗਧ ਹੋ ਕੇ ਉਸ ਦੇ ਪਿੱਛੇ ਲੱਗ ਜਾਂਦੇ ਹਨ। ਫੇਰ ਉਨ੍ਹਾਂ ਨੂੰ ਆਪਣੇ ਰੱਬ ਵਿਚ ਖ਼ਾਮੀਆਂ ਦਿਸਣੀਆਂ ਵੀ ਬੰਦ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਰੱਬ ਦੇ ਖੁਸਣ ਦਾ ਡਰ ਹੁੰਦਾ ਹੈ ਕਿ ਕਿਤੇ ਫੇਰ ਵਾਪਸ ਹਨੇਰੀ ਜ਼ਿੰਦਗੀ ਵੱਲ ਨਾ ਧੱਕੇ ਜਾਣ!

ਭਾਰਤ ਵਿਚ ਸਿਰਫ਼ ਵਹਿਮ ਭਰਮ ਹੀ ਨਹੀਂ ਬਲਕਿ ਤ੍ਰਿਸਕਾਰ, ਊਚ-ਨੀਚ, ਜਾਤ-ਪਾਤ, ਅਮੀਰੀ-ਗਰੀਬੀ ਦਾ ਇੰਨਾ ਜ਼ਿਆਦਾ ਪਾੜਾ ਹੈ ਤੇ ਮਾਨਸਿਕ ਪ੍ਰੇਸ਼ਾਨੀਆਂ ਇੰਨੀਆਂ ਵੱਧ ਹਨ ਕਿ ਹਰ ਜਣਾ ਆਪਣਾ ‘ਰੱਬ’ ਭਾਲਦਾ ਫਿਰਦਾ ਹੈ ਜੋ ਸਾਰੀਆਂ ਮੁਸ਼ਕਿਲਾਂ ਸਾਹਮਣੇ ਬਹਿ ਕੇ ਸੁਣ ਲਵੇ ਤੇ ਫੇਰ ਕਿਸੇ ਜਾਦੂਈ ਢੰਗ ਨਾਲ ਸਭ ਕੁੱਝ ਝਟਪਟ ਠੀਕ ਕਰ ਦੇਵੇ। ਜੇ ਅਜਿਹੀ ਕੋਈ ਬਾਂਹ ਜਾਂ ਸਹਾਰਾ ਨਾ ਮਿਲੇ ਤਾਂ ਕਈ ਜਣਿਆਂ ਦਾ ਨਸ਼ਿਆਂ ਵਲ ਝੁਕਾਓ ਹੋ ਜਾਂਦਾ ਹੈ।

ਔਰਤਾਂ ਹਮੇਸ਼ਾ ਤੋਂ ਹੀ ਦੱਬੀਆਂ-ਕੁਚਲੀਆਂ, ਹੇਠਲੇ ਦਰਜੇ ਦੀਆਂ ਮੰਨ ਕੇ ਤ੍ਰਿਸਕਾਰ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ। ਜੇ ਗਰੀਬ ਦੀ ਧੀ ਭੈਣ ਹੋਵੇ, ਫੇਰ ਤਾਂ ਸਾਂਝੀ ਜਾਇਦਾਦ ਮੰਨ ਕੇ ਵਰਤੀਆਂ ਜਾਂਦੀਆਂ ਹਨ। ਆਖ਼ਰੀ ਸਾਹ ਤਕ ਨਰਕ ਭੋਗਦੀਆਂ ਇਹ ਬੱਚੀਆਂ ਤੇ ਔਰਤਾਂ ਜੇ ਕਿਤੋਂ ਪਿਆਰ, ਸਹਾਰਾ ਜਾਂ ਆਸਰਾ ਮਿਲਦਾ ਦਿਸੇ ਤਾਂ ਉਸੇ ਦੇ ਲੜ ਲੱਗ ਜਾਂਦੀਆਂ ਹਨ। ਤ੍ਰਿਸਕਾਰ ਦੀਆਂ ਸ਼ਿਕਾਰ ਅਜਿਹੀਆਂ ਔਰਤਾਂ ਬਾਬਿਆਂ ਦੀਆਂ ਜ਼ਿਆਦਾ ਭਗਤ ਬਣ ਜਾਂਦੀਆਂ ਹਨ ਕਿਉਂਕਿ ਉੱਥੋਂ ਉਨ੍ਹਾਂ ਨੂੰ ਦੋ ਬੋਲ ਪਿਆਰ ਦੇ ਸੁਣ ਜਾਂਦੇ ਹਨ। ਬਾਬੇ ਇਸ ਦਾ ਰੱਜ ਕੇ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ।

ਸੱਚਾਈ ਇਹ ਹੈ ਕਿ ਭਾਵੇਂ ਕਿੰਨੇ ਹੀ ਬਾਬੇ ਜੇਲ੍ਹਾਂ ਅੰਦਰ ਸੁੱਟ ਦਿੱਤੇ ਜਾਣ ਜਾਂ ਫਾਹੇ ਟੰਗ ਦਿੱਤੇ ਜਾਣ, ਜਦ ਤਕ ਲੋਕਾਂ ਦੀ ਮਾਨਸਿਕਤਾ ਨਹੀਂ ਸਮਝੀ ਜਾਂਦੀ, ਉਹ ਦੁਬਾਰਾ ਕਿਸੇ ਹੋਰ ਬਾਬੇ ਦੇ ਲੜ ਲੱਗਣ ਨੂੰ ਤਿਆਰ ਹੋਣਗੇ।

ਸਾਡਾ ਸਮਾਜ ਨਾ ਗ਼ਰੀਬਾਂ ਨੂੰ ਤੇ ਨਾ ਹੀ ਨੀਵੀਂ ਜਾਤ ਵਾਲਿਆਂ ਨੂੰ ਇੱਜ਼ਤ ਦੇ ਸਕਿਆ ਹੈ। ਉਨ੍ਹਾਂ ਨੂੰ ਵਰਤ ਕੇ ਸੁੱਟ ਦੇਣ ਦੀ ਸੋਚ ਜਦ ਤਕ ਪਨਪਦੀ ਰਹੇਗੀ, ਬਾਬੇ ਖ਼ਤਮ ਨਹੀਂ ਕੀਤੇ ਜਾ ਸਕਦੇ।

ਔਰਤ ਅੰਦਰ ਹੀਣ ਭਾਵਨਾ ਭਰ ਕੇ, ਉਸ ਦਾ ਜਿਸਮਾਨੀ ਸ਼ੋਸ਼ਣ ਕਰ ਕੇ, ਉਸ ਕੋਲੋਂ ਆਵਾਜ਼ ਕੱਢਣ ਦਾ ਹੱਕ ਖੋਹ ਕੇ ਜਦ ਤਕ ਉਸ ਨੂੰ ਦੋਇਮ ਨਾਗਰਿਕ ਹੋਣ ਦਾ ਇਹਸਾਸ ਦਵਾਇਆ ਜਾਏਗਾ, ਉਹ ਹਮੇਸ਼ਾ ਪਿਆਰ ਤੇ ਇੱਜ਼ਤ ਦੀ ਭਾਲ ਕਰਦੀ, ਆਪਣੇ ਆਪ ਲਈ ਇਨਸਾਨ ਦਾ ਦਰਜਾ ਮੰਗਦੀ, ਵਹਿਸ਼ੀ ਤੇ ਪਸ਼ੂਆਂ ਵਾਲੇ ਵਿਹਾਰ ਤੋਂ ਬਚਦੀ ਕਿਸੇ ਬਾਬੇ ਦੀ ਭਾਲ ਕਰਦੀ ਰਹੇਗੀ।

ਜਦੋਂ ਤਕ ਸਾਡੇ ਸਿਆਸਤਦਾਨ ਵੋਟਾਂ ਲਈ ਬਾਬਿਆਂ ਅੱਗੇ ਮੱਥੇ ਰਗੜਦੇ ਰਹਿਣਗੇ, ਧਰਮ ਦੇ ਉੱਚ ਅਸਥਾਨਾਂ ਨੂੰ ਜੱਫਾ ਮਾਰ ਕੇ ਬਹਿਣ ਵਾਲੇ ਲੋਕ ਸਿਆਸਤਦਾਨਾਂ ਦੇ ਤਲਵੇ ਚੱਟਦੇ ਰਹਿਣਗੇ, ਗਰੀਬਾਂ ਨੂੰ ਮਿੱਧਣ ਵਾਲੀ ਸੋਚ ਪਨਪਦੀ ਰਹੇਗੀ, ਲੋੜਵੰਦਾਂ ਨੂੰ ਵਰਤ ਕੇ ਸੁੱਟਣ ਵਾਲੀ ਪ੍ਰਥਾ ਜਾਰੀ ਰਹੇਗੀ, ਬਾਬੇ ਪੈਦਾ ਹੁੰਦੇ ਰਹਿਣਗੇ ਤੇ ਉਨ੍ਹਾਂ ਲਈ ਜਾਨ ਵਾਰਨ ਵਾਲੇ ਵੀ ਪੈਦਾ ਹੁੰਦੇ ਰਹਿਣਗੇ।

ਹੁਣ ਸਵਾਲ ਉੱਠਦਾ ਹੈ ਕਿ ਅਮੀਰਾਂ ਨੂੰ ਬਾਬਿਆਂ ਦੀ ਲੋੜ ਕਿਉਂ ਪੈਂਦੀ ਹੈ?

ਬਈ ਗ਼ਰੀਬਾਂ ਨੂੰ ਬੱਚੇ ਜੰਮਣ ਦੀ ਲੋੜ ਕੀ ਹੈ। ਇਕ ਹੋਰ ਗ਼ਰੀਬ ਪੈਦਾ ਕਰ ਕੇ ਧਰਤੀ ਉੱਤੇ ਭਾਰ ਹੀ ਜਮ੍ਹਾਂ ਕਰ ਰਹੇ ਹਨ” “ਉਹ ਗ਼ਰੀਬ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਕਰ ਕੇ ਹਨ ਆਦਿ ਕਹਿਣ ਵਾਲੇ ਅਮੀਰ ਸ਼ਾਇਦ ਗ਼ਰੀਬਾਂ ਦੀ ਦੋ ਵੇਲੇ ਦੀ ਰੋਟੀ ਦੇ ਫ਼ਿਕਰ ਤੋਂ ਕਿਤੇ ਵੱਧ ਫ਼ਿਕਰ ਪਾਲਦੇ ਹਨ। ਬੱਚਿਆਂ ਦਾ ਆਪਹੁਦਰੇ ਹੋਣਾ, ਪਤਨੀ ਦਾ ਹੋਰ ਪਾਸੇ ਵੱਲ ਵੱਧ ਰੁਝਾਣ ਹੋਣਾ, ਕੰਮਕਾਰ ਵਿਚ ਘਾਟਾ, ਵਾਧੂ ਆਮਦਨ ਸਾਂਭਣੀ, ਇਕੱਲਾਪਨ, ਬੀਮਾਰੀ, ਸੱਚਾ ਦੋਸਤ ਨਾ ਹੋਣਾ, ਮਾਨਸਿਕ ਤਣਾਓ, ਮਾਨਸਿਕ ਨਿਤਾਣਾਪਨ, ਕਿਸੇ ਹੋਰ ਦਾ ਆਪਣੇ ਤੋਂ ਅਗਾਂਹ ਵਧਣਾ, ਅੰਧ ਵਿਸ਼ਵਾਸ ਵਿਚ ਪੈ ਕੇ ਮੁੰਦਰੀਆਂ, ਬੂਟੇ, ਗਮਲੇ, ਫੁੱਲ, ਕੱਪੜਿਆਂ ਦੇ ਰੰਗ ਚੁਣਨੇ, ਦੁਸ਼ਮਨਾਂ ਵਿੱਚ ਵਾਧਾ, ਆਦਿ ਅਨੇਕ ਕਾਰਨਾਂ ਕਰਕੇ ਅਮੀਰਾਂ ਨੂੰ ਵੀ ਕਿਸੇ ਰੱਬ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਘਟਾ ਕੇ ਉਨ੍ਹਾਂ ਦੇ ਨਿਤਾਣੇਪਨ ਦਾ ਸਮਾਂ ਕਢਾ ਦੇਵੇ ਤੇ ਕੁੱਝ ਪਲ ਮਾਨਸਿਕ ਸ਼ਾਂਤੀ ਪ੍ਰਦਾਨ ਕਰ ਦੇਵੇ।

ਯਾਨੀ ਜਿਨ੍ਹਾਂ ਕੋਲ ਕੁੱਝ ਨਹੀਂ, ਉਨ੍ਹਾਂ ਨੂੰ ਵੀ, ਤੇ ਜਿਨ੍ਹਾਂ ਕੋਲ ਸਭ ਕੁੱਝ ਹੈ, ਉਨ੍ਹਾਂ ਨੂੰ ਵੀ ਬੇਚੈਨੀ ਤੇ ਅਸੰਤੁਸ਼ਟੀ ਤੋਂ ਬਚਣ ਲਈ ਕਿਸੇ ਨਾ ਕਿਸੇ ਆਸਰਾ ਦੇਣ ਵਾਲੇ ‘ਰੱਬ’ ਦੀ ਲੋੜ ਮਹਿਸੂਸ ਹੁੰਦੀ ਹੈ।

ਗ਼ਰੀਬਾਂ ਲਈ ‘ਪ੍ਰਵਚਨ’ ਤੇ ਅਮੀਰਾਂ ਲਈ ‘ਮੈਡੀਟੇਸ਼ਨ’ ਵਾਲੇ ਬਾਬੇ ਉਦੋਂ ਤਕ ਲੋੜੀਂਦੇ ਹਨ ਜਦੋਂ ਤਕ ਇਨਸਾਨ ਦੀ ‘ਭੁੱਖ’ ਕਾਇਮ ਹੈ। ਇਹ ਭੁੱਖ ਮਾਨਸਿਕ, ਸਰੀਰਕ ਜਾਂ ਢਿੱਡ ਦੀ ਹੋ ਸਕਦੀ ਹੈ। ਜਿੱਥੇ ਪੂਰਤੀ ਹੁੰਦੀ ਦਿਸੇ, ਉਸੇ ਨੂੰ ਆਪਣਾ ਰੱਬ ਬਣਾ ਕੇ ਲੋਕ ਹਮੇਸ਼ਾ ਤੋਂ ਆਪਣਾ ਦਿਲ ਹਲਕਾ ਕਰਨ ਲਈ ਪੂਜਦੇ ਆਏ ਹਨ ਤੇ ਅਜਿਹੀ ਅੰਨ੍ਹੀ ਭਗਤੀ ‘ਰੱਬ’ ਬਣੇ ਬੰਦਿਆਂ ਨੂੰ ਰਾਸ ਆਉਂਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਐਸ਼ੋ ਆਰਾਮ ਇਸੇ ਜ਼ਿੰਦਗੀ ਵਿਚ ਪੂਰੇ ਕਰਨੇ ਹੁੰਦੇ ਹਨ।

ਦੁਨੀਆ ਭਰ ਦੇ ਮਨੋਵਿਗਿਆਨੀਆਂ ਅਨੁਸਾਰ ਮੌਤ ਦਾ ਭੈਅ, ਗੁਨਾਹਾਂ ਦਾ ਇਹਸਾਸ ਤੇ ਅਨਹੋਣੀ ਦਾ ਫਿਕਰ ਹੀ ਲੱਖਾਂ ਸਾਲਾਂ ਤੋਂ ਇਨਸਾਨ ਨੂੰ ਕਿਸੇ ਓਪਰੀ ਤਾਕਤ ਦੀ ਹੋਂਦ ਦਾ ਇਹਸਾਸ ਕਰਵਾਉਂਦੇ ਰਹੇ ਹਨ। ਅੱਜ ਵੀ ਦੁਨੀਆ ਭਰ ਦੇ 85 ਫੀਸਦੀ ਲੋਕ ਗ਼ੈਬੀ ਤਾਕਤ ਜਾਂ ਰੱਬ ਦੀ ਹੋਂਦ ਮੰਨਦੇ ਹਨ।

ਜਿਵੇਂ ਜਿਵੇਂ ਭੈਅ ਵਧਦਾ ਹੈ, ਉਵੇਂ ਹੀ ਅਜਿਹੀ ਗ਼ੈਬੀ ਤਾਕਤ ਵੱਲ ਉਲਾਰ ਵਧਦਾ ਹੈ। ਇਸੇ ਉਲਾਰ ਦੇ ਸਮੇਂ ਹੀ ਗ਼ੈਬੀ ਤਾਕਤ ਨਾਲ ਰਾਬਤਾ ਜੋੜਨ ਵਾਲੇ ਦੀ ਭਾਲ ਸ਼ੁਰੂ ਹੋ ਜਾਂਦੀ ਹੈ। ਕਿਸੇ ਲਈ ਇਹ ਰਾਬਤਾ ਪੱਥਰ ਹੋ ਸਕਦਾ ਹੈ, ਕਿਸੇ ਲਈ ਦਰਖ਼ਤ ਤੇ ਕਿਸੇ ਲਈ ਜੀਊਂਦਾ ਜਾਗਦਾ ਇਨਸਾਨ ਜੋ ਸਾਰੀ ਤਕਲੀਫ਼ ਸੁਣ ਕੇ ਸਿਫਰ ਇੰਨਾ ਹੌਸਲਾ ਦੇ ਦੇਵੇ ਕਿ ‘ਸਭ ਕੁੱਝ ਠੀਕ ਹੋ ਜਾਵੇਗਾ

ਇਨਸਾਨੀ ਮਨ ਸਿਰਫ਼ ‘ਸਭ ਕੁੱਝ ਠੀਕ ਹੋ ਜਾਵੇਗਾ’ ਸੁਣ ਕੇ ਹੀ ਆਪਣਾ ਰਿਵਾਰਡ ਸਿਸਟਮ ਦਾ ਚੱਕਰਵਿਊ ਸ਼ੁਰੂ ਕਰ ਦਿੰਦਾ ਹੈ ਤੇ ਬੰਦਾ ਬਦੋਬਦੀ ਅਜਿਹਾ ਕਹਿਣ ਵਾਲੇ ਦਾ ਮੁਰੀਦ ਬਣ ਜਾਂਦਾ ਹੈ। ਜੇ ਡਾਕਟਰ ਅਜਿਹਾ ਕਹਿ ਦੇਵੇ ਤਾਂ ਡਾਕਟਰ ਹੀ ਉਸ ਸਮੇਂ ਰੱਬ ਦਾ ਰੂਪ ਜਾਪਣ ਲੱਗ ਪੈਂਦਾ ਹੈ। ਪਰ ਜੇ ਘਰੇਲੂ ਕਾਰਨਾਂ ਕਰ ਕੇ ਚਿੰਤਾ ਜਕੜੀ ਬੈਠੀ ਹੋਵੇ ਤਾਂ ‘ਬਾਬੇ’ ਦਾ ਗੋਡਾ ਫੜ ਕੇ ਇਹੀ ਇਹਸਾਸ ਹੋਣ ਲੱਗ ਪੈਂਦਾ ਹੈ। ਸਪਸ਼ਟ ਹੈ ਕਿ ਤਕਲੀਫ਼ ਨਹੀਂ ਘਟਦੀ, ਉੰਨੀ ਹੀ ਰਹਿੰਦੀ ਹੈ, ਪਰ ਦਿਮਾਗ਼ ਦੇ ਰਿਵਾਰਡ ਸਿਸਟਮ ਦੇ ਰਵਾਂ ਹੋਣ ਨਾਲ ਉਸ ਨੂੰ ਜਰ ਜਾਣ ਦਾ ਇਹਸਾਸ ਪੈਦਾ ਹੋ ਜਾਂਦਾ ਹੈ। ਇਸ ਇਕ ਨੁਕਤੇ ਉੱਤੇ ਸਾਰੇ ਸੰਤਾਂ ਤੇ ਬਾਬਿਆਂ ਦੀ ਹੋਂਦ ਟਿਕੀ ਹੋਈ ਹੈ।

ਜਿਉਂ ਜਿਉਂ ਭੈਅ ਹੋਰ ਵਧਾ ਦਿੱਤਾ ਜਾਵੇ, ਆਸਥਾ ਵੱਧ ਮਜ਼ਬੂਤ ਹੁੰਦੀ ਜਾਂਦੀ ਹੈ। ਜੇ ਕੰਮ ਸਿਰੇ ਲੱਗ ਗਿਆ ਤਾਂ ਬਾਬੇ ਦੀ ਫੁੱਲ ਕਿਰਪਾ। ਜੇ ਨਾ ਲੱਗਿਆ ਤਾਂ ਸਾਡੀ ਆਪਣੀ ਸ਼ਰਧਾ ਵਿਚ ਖੋਟ!

ਕਿਸੇ ਵੀ ਗ਼ਲਤ ਕੰਮ ਦਾ ਇਹਸਾਸ ਮਨ ਵਿਚ ਗੁਨਾਹਗਾਰ ਹੋਣ ਦਾ ਡਰ ਪੈਦਾ ਕਰਦਾ ਹੈ। ਇਸ ਡਰ ਤੋਂ ਨਿਜਾਤ ਪਾਉਣ ਲਈ ਵੱਖੋ-ਵੱਖ ਧਰਮਾਂ ਵਿਚ ਵੱਖ-ਵੱਖ ਤਰੀਕਿਆਂ ਨਾਲ ਗ਼ੈਬੀ ਤਾਕਤ ਤੋਂ ਖਿਮਾਂ ਮੰਗ ਕੇ ਗੁਨਾਹ ਦੇ ਇਹਸਾਸ ਤੋਂ ਮੁਕਤੀ ਪਾਈ ਜਾਂਦੀ ਹੈ, ਜੋ ਮਨ ਦੇ ਨਾਰਮਲ ਕੰਮ ਕਾਰ ਲਈ ਜ਼ਰੂਰੀ ਹੁੰਦਾ ਹੈ। ਇਸ ਨੂੰ ‘ਅਡੈਪਟਿਵ ਮੈੱਥਡ ਔਫ ਸਰਵਾਈਵਲ’ ਕਿਹਾ ਜਾਂਦਾ ਹੈ।

ਇਹੀ ਕਿਸੇ ਵੀ ਪੜ੍ਹੇ ਲਿਖੇ ਤਰਕਸ਼ੀਲ ਇਨਸਾਨ ਨੂੰ ਵੀ ਕਦੇ ਕਦਾਈਂ ਅਕਲੋਂ ਅੰਨ੍ਹਾ ਕਰ ਕੇ ਮਨ ਅੰਦਰਲਾ ਜੰਮਿਆ ਭਾਰ ਕੱਢਣ ਵੇਲੇ ‘ਰੱਬ’ ਅੱਗੇ ਬਦੋਬਦੀ ਮੱਥਾ ਝੁਕਾਉਣ ਜਾਂ ਰਗੜਨ, ਮੁੰਦਰੀਆਂ ਪਾਉਣ, ਮਹੂਰਤ ਕਢਵਾਉਣ, ਟੇਵੇ ਬਣਾਉਣ, ਧਾਗੇ ਬੰਨ੍ਹਣ, ਦੀਵੇ ਬਾਲਣ, ਸੁੱਖਾਂ ਸੁੱਖਣ ਆਦਿ ਉੱਤੇ ਮਜਬੂਰ ਕਰ ਦਿੰਦਾ ਹੈ। ਜਦੋਂ ਮੌਤ ਸਾਹਮਣੇ ਦਿਸੇ, ਉਸ ਸਮੇਂ ਇਹ ਡਰ ਚਰਮ ਸੀਮਾ ਉੱਤੇ ਹੁੰਦਾ ਹੈਉਹ ਸਮਾਂ ਟਲ ਜਾਣ ਉੱਤੇ ਫਿਰ ਉਹੀ ਚੱਕਰਵਿਊ ਸ਼ੁਰੂ ਹੋ ਜਾਂਦਾ ਹੈ।

ਜਿਸ ਕਿਸੇ ਨੂੰ ਸੰਤੁਸ਼ਟੀ ਕਰਨੀ ਆ ਗਈ, ਉਸ ਨੂੰ ਕਿਸੇ ਬਾਬੇ ਜਾਂ ਸੰਤ ਦੀ ਲੋੜ ਨਹੀਂ ਰਹਿੰਦੀ। ਪਰ ਅਫ਼ਸੋਸ, ਸੰਤੁਸ਼ਟੀ ਹੁੰਦੀ ਬੜੇ ਥੋੜ੍ਹਿਆਂ ਨੂੰ ਹੈ!

ਗੁਰੂ ਸਾਹਿਬ ਨੇ ਬਹੁਤ ਖ਼ੂਬਸੂਰਤ ਤਰੀਕੇ ਨਾਲ ਸਮਝਾਇਆ ਹੈ ਕਿ ਜਿਸ ਨੂੰ ਹਰ ਹਾਲ ਵਿਚ ਖ਼ੁਸ਼ ਰਹਿਣਾ ਆ ਜਾਏ ਅਤੇ ਜੋ ਈਰਖਾ, ਕ੍ਰੋਧ, ਲੋਭ, ਮੋਹ ਤੇ ਹੰਕਾਰ ਛੰਡ ਸਕੇ ਤੇ ਜਿਸ ਨੂੰ ਸ਼ੁਕਰਾਨਾ ਕਰਨ ਦੀ ਜਾਚ ਆ ਜਾਏ, ਉਸ ਨੂੰ ਕਿਸੇ ‘ਏਜੰਟ’ ਜਾਂ ਦੇਹਧਾਰੀ ਗੁਰੂ ਦੀ ਕਦੇ ਲੋੜ ਨਹੀਂ ਰਹਿੰਦੀ। ਸੋ, ਬਾਬਿਆਂ ਤੇ ਸੰਤਾਂ ਦੇ ਚੱਕਰਾਂ ਵਿੱਚ ਪਇਆਂ ਦਾ ‘ਰੱਬ’ ਹੀ ਰਾਖਾ!!
*****

(832)

ਬੇਸਹਾਰਾ ਬੱਚੀਆਂ ਦਾ ਸਹਾਰਾ ਬਣ ਰਿਹਾ ਹੈ ਡਾ. ਹਰਸ਼ ਚੈਰੀਟੇਬਲ ਟਰੱਸਟ

ਸਾਰੀਆਂ ਬੱਚੀਆਂ ਪੜ੍ਹਨਗੀਆਂ ਪ੍ਰਾਈਵੇਟ ਸਕੂਲਾਂ ਵਿੱਚ

HarshinderTrustAB1

 

ਪਟਿਆਲਾ, (3 ਸਤੰਬਰ 2017): ਡਾ. ਹਰਸ਼ ਚੈਰੀਟੇਬਲ ਟਰੱਸਟ ਪਿਛਲੇ 10 ਸਾਲਾਂ ਤੋਂ ਲਗਾਤਾਰ ਗਰੀਬ ਬੱਚੀਆਂ ਦੀ ਪੜ੍ਹਾਈ ਦਾ ਖ਼ਰਚ ਚੁੱਕ ਰਿਹਾ ਹੈ। ਇਸ ਦੇ ਬਾਨੀ ਡਾ. ਹਰਸ਼ਿੰਦਰ ਕੌਰ ਅਤੇ ਡਾ. ਗੁਰਪਾਲ ਸਿੰਘ ਵੱਲੋਂ ਅੱਜ 65 ਗਰੀਬ ਬੇਸਹਾਰਾ ਬੱਚੀਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਸਤੇ ਚੈੱਕ ਵੰਡੇ ਗਏ। ਇਹ ਟਰੱਸਟ 2008 ਤੋਂ ਗਰੀਬ ਬੱਚੀਆਂ ਨੂੰ ਸਕੂਲ ਦੀ ਫੀਸ ਦੇ ਚੈੱਕ ਦੇ ਰਹੀ ਹੈ ਅਤੇ ਇਸ ਵਿਚ ਹੁਣ ਤੱਕ 362 ਬੱਚੀਆਂ ਮਦਦ ਲੈ ਚੁੱਕੀਆਂ ਹਨ। ਇਸ ਟਰੱਸਟ ਰਾਹੀਂ ਉਨ੍ਹਾਂ ਗਰੀਬ ਬੱਚੀਆਂ ਦੀ ਮਦਦ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਤੇ ਉਨ੍ਹਾਂ ਕੋਲ ਕੋਈ ਕਮਾਈ ਦਾ ਸਾਧਨ ਨਾ ਹੋਵੇ। ਕੁੱਝ ਉਹ ਕਿਸਾਨ ਜੋ ਖ਼ੁਦਕੁਸ਼ੀ ਕਰ ਚੁੱਕੇ ਹਨ, ਉਨ੍ਹਾਂ ਦੀਆਂ ਧੀਆਂ ਵੀ ਇਸ ਟਰੱਸਟ ਰਾਹੀਂ ਮਦਦ ਲੈ ਰਹੀਆਂ ਹਨ ਤੇ ਆਪੋ ਆਪਣੇ ਘਰਾਂ ਵਿਚ ਰਹਿ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਕਰ ਰਹੀਆਂ ਹਨ।

ਡਾ. ਹਰਸ਼ਿੰਦਰ ਕੌਰ, ਜੋ ਇਸ ਟਰੱਸਟ ਦੇ ਪ੍ਰਧਾਨ ਹਨ, ਨੇ ਦੱਸਿਆ ਕਿ ਇਸ ਟਰੱਸਟ ਦਾ ਮਕਸਦ ਗਰੀਬ ਬੱਚੀਆਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਕਰਨਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰ ਕੇ ਮਾਦਾ ਭਰੂਣ ਹੱਤਿਆ ਵਿਰੁੱਧ ਆਵਾਜ਼ ਬੁਲੰਦ ਕਰ ਸਕਣ ਲਈ ਮਾਨਸਿਕ ਪੱਖੋਂ ਤਿਆਰ ਵੀ ਕਰਨਾ ਹੈ।

ਡਾ. ਗੁਰਪਾਲ ਸਿੰਘ, ਜੋ ਇਸ ਟਰੱਸਟ ਦੇ ਜਨਰਲ ਸਕੱਤਰ ਹਨ, ਨੇ ਦੱਸਿਆ ਕਿ ਅੱਜ ਦੋ ਲੱਖ ਰੁਪਏ ਦੇ ਚੈੱਕ ਦੀ ਰਾਸ਼ੀ ਵੰਡ ਕੇ ਇਨ੍ਹਾਂ ਬੱਚੀਆਂ ਦੀ ਪੜ੍ਹਾਈ ਉੱਤੇ ਖਰਚ ਕੀਤੇ ਗਏ। ਇਸ ਮੌਕੇ ਜਗਰਾਉਂ, ਗੁਰਦਾਸਪੁਰ, ਤਰਨਤਾਰਨ, ਨਵਾਂ ਸ਼ਹਿਰ, ਲੁਧਿਆਣਾ, ਜਲੰਧਰ, ਰੋਪੜ, ਪਟਿਆਲਾ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਸੰਗਰੂਰ ਅਤੇ ਕੁਰਾਲੀ ਆਦਿ ਤੋਂ ਅਨੇਕ ਬੱਚੀਆਂ ਆਪਣੀ ਫੀਸ ਦੇ ਚੈੱਕ ਲੈਣ ਇੱਥੇ ਪਹੁੰਚੀਆਂ।

ਇਸ ਮੌਕੇ ਟਰੱਸਟ ਦੇ ਹੋਰ ਮੈਂਬਰ ਡਾ. ਸੁਖਮਨੀ ਕੌਰ, ਨਾਨਕਜੋਤ ਸਿੰਘ, ਰੌਬਿਨ ਗਰਗ, ਲਖਵਿੰਦਰ ਸਿੰਘ, ਰਵੀ, ਰਾਜੂ ਆਦਿ ਹਾਜ਼ਰ ਸਨ। ਇਸ ਮੌਕੇ ਸਾਰੀਆਂ ਬੱਚੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵੀ ਵੰਡੀਆਂ ਗਈਆਂ।

ਗੁਰਦਾਸਪੁਰ ਤੋਂ ਪਹੁੰਚੀ ਕਿਰਨਜੋਤ ਕੌਰ ਬੱਚੀ ਜੋ ਇਸ ਟਰੱਸਟ ਰਾਹੀਂ ਮਦਦ ਲੈ ਕੇ ਸੱਤਵੀਂ ਜਮਾਤ ਵਿਚ ਪੜ੍ਹ ਰਹੀ ਹੈ, ਨੇ ਖਾਸ ਤੌਰ ਉੱਤੇ ਡਾ. ਹਰਸ਼ਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਇਸ ਟਰੱਸਟ ਰਾਹੀਂ ਮਦਦ ਨਾ ਮਿਲਦੀ ਤਾਂ ਸ਼ਾਇਦ ਉਹ ਕਦੇ ਪੜ੍ਹ ਨਾ ਸਕਦੀ। ਉਹ ਡਾ. ਹਰਸ਼ਿੰਦਰ ਕੌਰ ਲਈ ਆਪਣੇ ਹੱਥੀਂ ਬਣਾ ਕੇ ਮੋਮਬੱਤੀ ਵੀ ਲੈ ਕੇ ਆਈ। ਉਸ ਕਿਹਾ ਕਿ ਵੱਡੀ ਹੋ ਕੇ ਉਹ ਵੀ ਅੱਗੋਂ ਗ਼ਰੀਬ ਬੱਚੀਆਂ ਦੀ ਮਦਦ ਕਰਨਾ ਚਾਹੁੰਦੀ ਹੈ।

ਛੇਵੀਂ ਜਮਾਤ ਵਿਚ ਪੜ੍ਹਦੀ ਪਟਿਆਲੇ ਦੀ ਚਹਿਕ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਲੱਗਿਆ ਕਿ ਉਸਦੀ ਪੜ੍ਹਾਈ ਹਮੇਸ਼ਾ ਲਈ ਬੰਦ ਹੋ ਜਾਏਗੀ। ਪਰ, ਡਾ. ਹਰਸ਼ ਚੈਰੀਟੇਬਲ ਟਰੱਸਟ ਦੀ ਮਦਦ ਨਾਲ ਉਸ ਦੀ ਪੜ੍ਹਾਈ ਦੁਬਾਰਾ ਸ਼ੁਰੂ ਹੋ ਸਕੀ ਹੈ।

ਪਰਨੀਤ ਕੌਰ ਬੇਟੀ ਸ. ਵਿਕਰਮਜੀਤ ਸਿੰਘ ਦੀ ਪੜ੍ਹਾਈ ਵੀ ਪਿਤਾ ਦੇ ਗੁਰਦੇ ਦੀ ਬੀਮਾਰੀ ਕਰ ਕੇ ਛੁੱਟ ਗਈ ਸੀ। ਹੁਣ ਅੱਠਵੀਂ ਵਿਚ ਪੜ੍ਹ ਰਹੀ ਬੱਚੀ ਨੇ ਡਾ. ਹਰਸ਼ਿੰਦਰ ਕੌਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਪੈਸੇ ਦੀ ਕਮੀ ਖੁਣੋਂ ਉਹ ਸਕੂਲ ਨਹੀਂ ਸੀ ਜਾ ਰਹੀ। ਪਰ ਹੁਣ ਡਾ. ਹਰਸ਼ ਚੈਰੀਟੇਬਲ ਟਰੱਸਟ ਰਾਹੀਂ ਫੀਸ ਦੇ ਪੈਸੇ ਮਿਲਣ ਨਾਲ ਉਹ ਵਾਪਸ ਸਕੂਲ ਜਾ ਸਕੀ ਰਹੀ ਹੈ।

ਸ੍ਰ. ਉਜਾਗਰ ਸਿੰਘ ਰਿਟਾ: ਲੋਕ ਸੰਪਰਕ ਅਫਸਰ ਅਤੇ ਸ੍ਰ. ਨਿਰਪਾਲ ਸਿੰਘ ਸ਼ੇਰਗਿਲ ਅੰਤਰਰਾਸ਼ਟਰੀ ਪ੍ਰਸਿੱਧੀ ਲੇਖਕ ਨੇ ਡਾ. ਗੁਰਪਾਲ ਸਿੰਘ ਤੇ ਡਾ. ਹਰਸ਼ਿੰਦਰ ਕੌਰ ਨਾਲ 65 ਗਰੀਬ ਬੱਚੀਆਂ ਨੂੰ ਚਾਰ-ਚਾਰ ਮਹੀਨੇ ਦੀਆਂ ਫੀਸਾਂ ਦੇ ਚੈੱਕ ਵੰਡੇ।

ਸ੍ਰ. ਉਜਾਗਰ ਸਿੰਘ ਤੇ ਨਿਰਪਾਲ ਸਿੰਘ ਸ਼ੇਰਗਿਲ ਨੇ ਡਾ. ਹਰਸ਼ ਚੈਰੀਟੇਬਲ ਟਰੱਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟਰੱਸਟ ਬੇਸਹਾਰਾ ਬੱਚੀਆਂ ਦਾ ਸਹਾਰਾ ਬਣ ਰਿਹਾ ਹੈ। ਇਸ ਵਿਚ ਮਦਦ ਕਰਨ ਲਈ ਹੋਰ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਡਾ. ਗੁਰਪਾਲ ਸਿੰਘ, ਸਕੱਤਰ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਟਰੱਸਟ ਵੱਲੋਂ ਪੜ੍ਹ ਰਹੀਆਂ ਇਸ ਸਾਲ ਦੱਸਵੀਂ ਪਾਸ ਕਰ ਚੁੱਕੀਆਂ 8 ਬੱਚੀਆਂ ਨੇ 85 ਫੀਸਦੀ ਤੋਂ ਵੱਧ ਨੰਬਰ ਲਏ ਹਨ।

ਡਾ. ਹਰਸ਼ਿੰਦਰ ਕੌਰ, ਪ੍ਰਧਾਨ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਜਿਹੜੀਆਂ ਗਰੀਬ ਬੱਚੀਆਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਤੇ ਘਰ ਵਿਚ ਕਮਾਈ ਦਾ ਸਾਧਨ ਨਾ ਹੋਵੇ ਜਾਂ ਮਾਪੇ ਗੰਭੀਰ ਬੀਮਾਰੀ ਦੇ ਸ਼ਿਕਾਰ ਹੋਣ, ਉਨ੍ਹਾਂ ਬੱਚੀਆਂ ਦੇ ਦੱਸਵੀਂ ਤੱਕ ਦੀ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਲਈ 98555 - 66345 ਉੱਤੇ ਸੰਪਰਕ ਕਰ ਕੇ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਆਸਟ੍ਰੇਲੀਆ, ਕਨੇਡਾ, ਨਿਊਜ਼ੀਲੈਂਡ, ਯੂਰਪ ਤੇ ਅਮਰੀਕਾ ਦੇ ਐਨ.ਆਰ.ਆਈ. ਵੀਰਾਂ, ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਇਹ ਕੰਮ ਹੁਣ ਤਕ ਲਗਾਤਾਰ ਜਾਰੀ ਰਹਿ ਸਕਿਆ ਹੈ।

*****

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

   

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author