HarshinderKaur7“... ਮੇਰਾ ਫ਼ਿਕਰ ਛੱਡ ਕੇ ਮੁਲਕ ਦਾ ਫ਼ਿਕਰ ਕਰੋ।” ਇੰਨਾ ਸੁਣਦਿਆਂ ਹੀ ਝੱਟ ਇੱਕ ਟੁਕੜੀ ਮਾਲੀ ਦੇ ਪਿੱਛੇ ਪਿੱਛੇ ਹੋ ਤੁਰੀ ...
(3 ਜਨਵਰੀ 2022)

 

ਇਹ ਮਰਦ ਪ੍ਰਧਾਨ ਸਮਾਜ ਹੈ, ਇਸੇ ਲਈ ਦੇਸ਼ ਵਾਸਤੇ ਜਾਨ ਵਾਰਨ ਵਾਲ਼ੀਆਂ ਔਰਤਾਂ ਜਾਂ ਜਾਨ ਜੋਖ਼ਮ ਵਿੱਚ ਪਾ ਕੇ ਮੁਲਕ ਬਚਾਉਣ ਵਾਲ਼ੀਆਂ ਔਰਤਾਂ ਨੂੰ ਬਹੁਤਾ ਉਘਾੜਿਆ ਨਹੀਂ ਜਾਂਦਾ। ਅਜਿਹੀ ਹੀ ਇੱਕ ਸਾਧਾਰਨ ਬੀਬੀ ਮਾਲੀ ਨੇ ਅਸਾਧਾਰਨ ਬਹਾਦਰੀ ਦੀ ਮਿਸਾਲ ਕਾਇਮ ਕੀਤੀ, ਪਰ ਇਤਿਹਾਸ ਵਿੱਚ ਕਿਤੇ ਗੁੰਮ ਹੋ ਗਈ।

ਪੂੰਛ ਦੇ ਅਰਾਈ ਪਿੰਡ ਵਿੱਚ ਸੰਨ 1930 ਵਿੱਚ ਇੱਕ ਗ਼ਰੀਬ ਗੁੱਜਰ ਟੱਬਰ ਵਿੱਚ ਪੈਦਾ ਹੋਈ ਮਾਲੀ ਨੂੰ ਬਹੁਤ ਛੋਟੀ ਉਮਰੇ ਅਬਦੁਲ ਗੱਫਾਰ ਨਾਲ ਵਿਆਹ ਦਿੱਤਾ ਗਿਆ। ਪਹਿਲਾਂ ਗ਼ਰੀਬ ਉੱਤੋਂ ਕੁੜੀ, ਫਿਰ ਪੜ੍ਹਾਈ ਤੋਂ ਸੱਖਣੀ ਅਤੇ ਸਭ ਤੋਂ ਵੱਡੀ ਮਾਰ ਇਹ ਕਿ ਪਤੀ ਮਾਨਸਿਕ ਰੋਗੀ ਨਿਕਲਿਆ। ਸ਼ੁਕਰ ਹੈ ਕਿ ਮਾਲੀ ਦੇ ਵੱਡੇ ਭਰਾ ਜਲਾਲੁਦੀਨ ਦੇ ਮਨ ਵਿੱਚ ਦਯਾ ਭਾਵਨਾ ਜਾਗ ਪਈ ਅਤੇ ਉਹ ਮਾਲੀ ਨੂੰ ਵਾਪਸ ਪੇਕੇ ਘਰ ਲੈ ਆਇਆ।

ਬੀਬੀ ਮਾਲੀ ਲਈ ਜ਼ਿੰਦਗੀ ਕਾਫੀ ਔਖੀ ਹੋ ਗਈ ਕਿਉਂਕਿ ਅਜਿਹੀਆਂ ਔਰਤਾਂ ਜੋ ‘ਛੁੱਟੜ’ ਵਜੋਂ ਮਿਹਣੇ ਸਹਿੰਦੀਆਂ ਹਨ, ਆਪ ਵੀ ਮਾਨਸਿਕ ਰੋਗੀ ਹੀ ਬਣ ਜਾਂਦੀਆਂ ਹਨ। ਸਾਡਾ ਸਮਾਜ ਕਸੂਰ ਸਿਰਫ਼ ਔਰਤ ਵਿੱਚ ਹੀ ਕੱਢਣਾ ਜਾਣਦਾ ਹੈ। ਪੇਕੇ ਘਰ ਕੋਈ ਜ਼ਮੀਨ ਨਹੀਂ ਸੀ। ਖ਼ਰਚਾ ਔਖਾ ਹੋ ਗਿਆ। ਇਸੇ ਲਈ ਮਾਲੀ ਦਿਨੇ ਦਿਹਾੜੀ ਦਾ ਕੰਮ ਕਰਨ ਲੱਗ ਪਈ ਅਤੇ ਸਵਖਤੇ ਭੇਡਾਂ ਬੱਕਰੀਆਂ ਚਾਰਨ ਚਲੀ ਜਾਂਦੀ।

ਇਕੱਲੀ ਜਵਾਨ ਅਨਪੜ੍ਹ ਛੁੱਟੜ ਔਰਤ ਵਜੋਂ ਲਗਾਤਾਰ ਮਿਹਣੇ ਸਹਿੰਦੀ ਮਾਲੀ ਸਵੇਰ ਤੋਂ ਰਾਤ ਤਕ ਚੁੱਪਚਾਪ ਕੰਮ ਵਿੱਚ ਜੁਟੀ ਰਹਿੰਦੀ। ਜਦੋਂ ਬਰਫ਼ ਬਹੁਤ ਪੈ ਜਾਂਦੀ ਤਾਂ ਅਰਾਈ ਪਿੰਡ ਅੰਦਰ ਹੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ। ਗਰਮੀਆਂ ਵਿੱਚ ਉਹ ਬੱਕਰੀਆਂ ਲੈ ਕੇ ਜੱਬੀ ਤੇ ਪਿੱਲਾਂਵਾਲੀ ਦੇ ਉੱਚੇ ਪਹਾੜਾਂ ਵੱਲ ਲੰਘ ਜਾਂਦੀ। ਆਖ਼ਰ ਕਿੰਨੀ ਦੇਰ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਦੀ। ਇਸੇ ਲਈ ਉਸ ਨੇ ਆਪਣੇ ਵੱਡੇ ਭਰਾ ਦੇ ਪੁੱਤਰ ਨੂੰ, ਜੋ ਲਗਭਗ ਉਸ ਤੋਂ 10 ਕੁ ਸਾਲ ਹੀ ਛੋਟਾ ਸੀ, ਨੂੰ ਆਪਣਾ ਪੁੱਤਰ ‘ਬਸ਼ੀਰ’ ਬਣਾ ਲਿਆ ਤੇ ਪਾਲਣਾ ਸ਼ੁਰੂ ਕੀਤਾ।

ਸੰਨ 1971 ਦੀ ਹਿੰਦ ਪਾਕ ਜੰਗ ਲੱਗੀ ਤਾਂ ਪੁਣਸ਼ ਦੇ ਇਲਾਕੇ ਵਿੱਚ ਤਕੜੀ ਹਲਚਲ ਸੀ। ਸੰਨ 1965 ਵਿੱਚ ਹਾਜੀਪੁਰ ਪਾਸ ਖੁੱਸ ਜਾਣ ਸਦਕਾ ਪਾਕਿਸਤਾਨ ਹੁਣ ਪੂਛ ਇਲਾਕੇ ਉੱਤੇ ਹੱਲਾ ਬੋਲਣਾ ਚਾਹੁੰਦਾ ਸੀ। ਪੂਛ ਵਿੱਚ ਹੌਲ਼ੀ ਹੌਲ਼ੀ ਪਾਕਿਸਤਾਨ ਨੇ ਆਪਣੇ ਬੰਦੇ ਭੇਜ ਕੇ ਇਲਾਕੇ ਦੀ ਜਾਣਕਾਰੀ ਲੈਣੀ ਸੀ। ਇਸੇ ਸਕੀਮ ਤਹਿਤ ਪਾਕਿਸਤਾਨ ਨੇ ਇੱਕ ਐਡਵਾਂਸ ਫ਼ੌਜੀ ਪਾਰਟੀ ਨੂੰ ਪੁਣਸ਼ ਦੇ ਪਛੜੇ ਇਲਾਕੇ ਵਿੱਚ ਛੋਟੀਆਂ ਛੋਟੀਆਂ ਟੁਕੜੀਆਂ ਬਣਾ ਕੇ ਭੇਜ ਦਿੱਤਾ। ਉਹਨਾਂ ਟੁਕੜੀਆਂ ਨੇ ਪੂਰੀ ਜਾਣਕਾਰੀ ਇਕੱਠੀ ਕੀਤੀ ਤੇ ‘ਬੇਸ ਕੈਂਪ’ ਬਣਾਉਣਾ ਸ਼ੁਰੂ ਕਰ ਦਿੱਤਾ।

ਗੱਲ 13 ਦਸੰਬਰ 1971 ਦੀ ਹੈ। ਉਦੋਂ ਅਰਾਈ ਪਿੰਡ ਦੀ ਪਹਾੜੀ ਦੀ ਸਿਖਰ ਅਤੇ ਪਿੱਲਾਂਵਾਲੀ ਦੀ ਚੋਟੀ ਪੂਰੀ ਬਰਫ਼ ਨਾਲ ਢਕ ਚੁੱਕੀ ਸੀ। ਬੀਬੀ ਮਾਲੀ ਉਦੋਂ 41 ਕੁ ਸਾਲਾਂ ਦੀ ਸੀ। ਉਸ ਨੇ ਹਰ ਹਾਲ ਬੱਕਰੀਆਂ ਲਈ ਪੱਤੇ ਲੱਭਣੇ ਸਨ ਤੇ ਅੱਗ ਬਾਲਣ ਲਈ ਲੱਕੜਾਂ ਵੀ। ਇਸੇ ਲਈ ਮੂੰਹ ਸਿਰ ਚੰਗੀ ਤਰ੍ਹਾਂ ਲਪੇਟ ਕੇ ਜਿੰਨੇ ਵੀ ਕੱਪੜੇ ਸਨ, ਸਰੀਰ ਨੂੰ ਨਿੱਘਾ ਰੱਖਣ ਲਈ ਪਾ ਕੇ ਉਹਨਾਂ ਪਹਾੜੀਆਂ ਵੱਲ ਹੋ ਤੁਰੀ। ਜਦੋਂ ਪਿੱਲਾਂਵਾਲੀ ਪਹੁੰਚੀ ਤਾਂ ਉਸ ਨੂੰ ਦੂਰੋਂ ਹਲਕੇ ਧੂੰਏਂ ਦਾ ਝੌਲਾ ਪਿਆ। ਉਹ ਹੈਰਾਨ ਹੋ ਗਈ ਕਿਉਂਕਿ ਉਸ ਕਦੇ ਇੱਧਰ ਕੋਈ ਵਸਦਾ ਵੇਖਿਆ ਨਹੀਂ ਸੀ।

ਬਹੁਤ ਧਿਆਨ ਨਾਲ ਲੁਕ ਲੁਕ ਕੇ ਤੇ ਕਈ ਥਾਂਈਂ ਰੀਂਘ ਰੀਂਘ ਕੇ ਉਹ ਉਸ ਥਾਂ ਦੇ ਨੇੜੇ ਪਹੁੰਚ ਗਈ, ਜਿੱਥੋਂ ਧੂੰਆਂ ਨਿਕਲ ਰਿਹਾ ਸੀ। ਧੂੰਆਂ ਨਿਕਲਣ ਦੇ ਨਾਲ ਹੀ ਇੱਕ ਬਰੀਕ ਵਿਰਲ ਵਿੱਚੋਂ ਜਦ ਉਸ ਅੰਦਰ ਝਾਕਿਆ ਤਾਂ ਬਹੁਤ ਘਬਰਾ ਗਈ। ਉੱਥੇ ਕੁਝ ਫ਼ੌਜੀ ਬੰਦੂਕਾਂ ਸਾਫ਼ ਕਰ ਰਹੇ ਸਨ ਪਰ ਉਹਨਾਂ ਦੀ ਵਰਦੀ ਭਾਰਤੀ ਨਹੀਂ ਸੀ।

ਰਤਾ ਕੁ ਧੜਕਣ ਠੀਕ ਹੋਈ ਤਾਂ ਬੀਬੀ ਮਾਲੀ ਨੇ ਸੋਚਿਆ ਕਿ ਕੁਝ ਗੜਬੜ ਹੈ ਜਿਸ ਬਾਰੇ ਪਿੰਡ ਵਾਸੀਆਂ ਨੂੰ ਦੱਸਣਾ ਚਾਹੀਦਾ ਹੈ। ਬਰਫ਼ ਬਹੁਤ ਜ਼ਿਆਦਾ ਸੀ ਤੇ ਠੰਢ ਵੀ ਆਖ਼ਰਾਂ ਦੀ। ਗੋਡੇ ਗੋਡੇ ਤਕ ਬਰਫ਼ ਵਿੱਚ ਦੱਬੀ ਉਹ ਛੋਟੇ ਰਾਹ ਵੱਲੋਂ ਤੇਜ਼ੀ ਨਾਲ ਅਰਾਈ ਪਿੰਡ ਵੱਲ ਹੋ ਤੁਰੀ। ਇੰਨੀ ਠੰਢ ਵਿੱਚ ਵੀ ਪਸੀਨੋ ਪਸੀਨੇ ਹੋ ਕੇ ਉਹ ਘਰ ਪਹੁੰਚੀ ਤਾਂ ਭਰਾ ਉਸ ਨੂੰ ਵੇਖ ਕੇ ਹੈਰਾਨ ਹੋ ਗਿਆ। ਉਸ ਨੇ ਇੱਕ ਸਾਹੇ ਸਾਰਾ ਕੁਝ ਆਪਣੇ ਭਰਾ ਨੂੰ ਦੱਸਿਆ ਤਾਂ ਭਰਾ ਨੇ ਉਸ ਨੂੰ ਤਾੜਨਾ ਕੀਤੀ ਕਿ ਹੁਣ ਚੁੱਪ ਕਰ ਕੇ ਘਰ ਅੰਦਰ ਬਹਿ ਜਾਵੇ ਤੇ ਕਿਸੇ ਨੂੰ ਕੰਨੋਂ ਕੰਨੀਂ ਖ਼ਬਰ ਨਾ ਨਿਕਲੇ। ਫਿਰ ਵੀ ਮਾਲੀ ਰੁਕੀ ਨਹੀਂ ਤੇ ਝੱਟ ਪਿੰਡ ਦੇ ਸਰਪੰਚ ਮੀਰ ਹੁਸੈਨ ਨੂੰ ਜਾ ਦੱਸਿਆ ਪਰ ਉਹ ਵੀ ਪਾਸਾ ਵੱਟ ਗਿਆ।

ਹੁਣ ਮਾਲੀ ਵਿਚਾਰੀ ਕੀ ਕਰਦੀ! ਉਸ ਨੂੰ ਸਮਝ ਸੀ ਕਿ ਜੇ ਪਾਕਿਸਤਾਨੀ ਫ਼ੌਜੀਆਂ ਨੇ ਹੱਲਾ ਬੋਲ ਦਿੱਤਾ ਤਾਂ ਅਨੇਕ ਬੇਦੋਸ਼ੇ ਮਾਰੇ ਜਾਣਗੇ ਤੇ ਭਾਰਤ ਦੇ ਇਸ ਹਿੱਸੇ ਉੱਤੇ ਪਾਕਿਸਤਾਨ ਦਾ ਕਬਜ਼ਾ ਹੋ ਜਾਵੇਗਾ। ਉਸੇ ਵੇਲੇ ਹੀ ਚੁੱਪ ਚੁਪੀਤੇ ਉਹ ਘਰ ਦੇ ਪਿਛਲੇ ਪਾਸਿਓਂ ਕਲਾਈ ਵਾਲੇ ਪਾਸੇ ਤੁਰ ਪਈ। ਰਸਤਾ ਬਹੁਤ ਔਖਾ ਸੀ। ਉਸ ਨੂੰ ਇੰਨੀ ਕੁ ਖ਼ਬਰ ਸੀ ਕਿ ਉਸ ਪਾਸੇ ਭਾਰਤੀ ਫ਼ੌਜੀ ਪੋਸਟ ਹੈ। ਲੰਮਾ ਪਹਾੜੀ ਰਸਤਾ ਤੇ ਉੱਤੋਂ ਬਰਫ਼ ਨਾਲ ਭਰਿਆ। ਇਕੱਲੀ ਨਿਹੱਥੀ ਔਰਤ ਪਰ ਦਿਲ ਵਿੱਚ ਦੇਸ਼ ਪ੍ਰਤੀ ਮੁਹੱਬਤ ਠਾਠਾਂ ਮਾਰਦੀ ਸੀ। ਸਿਰਫ਼ ਇਹ ਹੀ ਨਹੀਂ, ਉਸ ਵਿਚਾਰੀ ਨੂੰ ਸਿਵਾਏ ਆਪਣੀ ਮਾਂ ਬੋਲੀ ਗੁੱਜਰੀ ਦੇ ਹੋਰ ਕੋਈ ਬੋਲੀ ਆਉਂਦੀ ਹੀ ਨਹੀਂ ਸੀ। ਇਸ ਬਾਰੇ ਸੋਚੇ ਬਗੈਰ ਉਹ ਬਰਫ਼ ਸਦਕਾ ਨੀਲੇ ਪੈ ਚੁੱਕੇ ਹੱਥਾਂ ਪੈਰਾਂ ਨਾਲ ਗੋਡਿਆਂ ਤਕ ਡੂੰਘੀ ਬਰਫ਼ ਵਿੱਚ ਵਾਹੋ-ਦਾਹੀ ਤੁਰੀ ਗਈ। ਪਤਾ ਹੀ ਨਹੀਂ ਕਿ ਕਿੰਨੇ ਘੰਟਿਆਂ ਬਾਅਦ ਉਹ ਭਾਰਤੀ ਫ਼ੌਜੀ ਪੋਸਟ ਉੱਤੇ ਪਹੁੰਚੀ ਪਰ ਪਹੁੰਚਦੇ ਸਾਰ ਉਹ ਝਟਪਟ ਬੋਲਣਾ ਸ਼ੁਰੂ ਹੋ ਗਈ। ਕਿਸੇ ਨੂੰ ਉਸ ਦੀ ਗੱਲ ਸਮਝ ਹੀ ਨਹੀਂ ਆਈ। ਅਖ਼ੀਰ ਉਸ ਦੇ ਚਿਹਰੇ ਦੀ ਘਬਰਾਹਟ ਵੇਖ ਫ਼ੌਜੀਆਂ ਨੇ ਸਮਝਿਆ ਕਿ ਸ਼ਾਇਦ ਇਹ ਗੁੰਮ ਗਈ ਹੈ। ਹੇਠਲੇ ਪਿੰਡ ਵਿੱਚੋਂ ਇੱਕ ਬੰਦਾ ਬੁਲਾਉਣ ਭੇਜਿਆ ਗਿਆ ਤਾਂ ਜੋ ਮਾਲੀ ਦੀ ਬੋਲੀ ਦੀ ਸਮਝ ਆਵੇ। ਉਸ ਦੀ ਹਾਲਤ ਵੇਖਦਿਆਂ ਫ਼ੌਜੀਆਂ ਨੇ ਚਾਹ ਦੇਣੀ ਚਾਹੀ ਪਰ ਮਾਲੀ ਤਾਂ ਪੂਰਾ ਜ਼ੋਰ ਸਿਰਫ਼ ਉਹਨਾਂ ਨੂੰ ਸਮਝਾਉਣ ਉੱਤੇ ਲਾ ਰਹੀ ਸੀ। ਨਾ ਉਹ ਬੈਠੀ ਤੇ ਨਾ ਹੀ ਉਸ ਨੂੰ ਆਪਣੇ ਸਰੀਰ ਉੱਤੇ ਠੰਢ ਨਾਲ ਹੋ ਚੁੱਕੇ ਮਾੜੇ ਅਸਰ ਦਿਸ ਰਹੇ ਸਨ।

ਜਦ ਪਿੰਡ ਵਿੱਚੋਂ ਬੰਦਾ ਪਹੁੰਚਿਆ ਅਤੇ ਮਾਲੀ ਨੇ ਉਸ ਨੂੰ ਪੂਰੀ ਗੱਲ ਦੱਸੀ ਤਾਂ ਉਹ ਛੇ ਫ਼ੌਜੀ ਉਸ ਦੀ ਗੱਲ ਸੁਣ ਕੇ ਇਕਦਮ ਘਬਰਾ ਗਏ ਤੇ ਝਟਪਟ ਉਸ ਨੂੰ ਪੂਛ ਵਿਖੇ ਵੱਡੀ ਸਿੱਖ ਬਟਾਲੀਅਨ ਤੇ ਕਮਾਂਡਰ ਨਾਲ ਗੱਲ ਕਰਨ ਲਈ ਦੋ ਫ਼ੌਜੀਆਂ ਨਾਲ ਅਗਾਂਹ ਤੋਰ ਦਿੱਤਾ।

ਉੱਥੇ ਮਾਲੀ ਨੂੰ ਪੂਰੀ ਇੱਜ਼ਤ ਨਾਲ ਬਿਠਾ ਕੇ ਸਾਰੀ ਗੱਲ ਸੁਣਨ ਬਾਅਦ ਕਮਾਂਡਰ ਨੇ ਕਿਹਾ ਕਿ ਖ਼ਬਰ ਬਹੁਤ ਗੰਭੀਰ ਹੈ ਪਰ ਮਾਲੀ ਦੀ ਹਾਲਤ ਹੁਣ ਹੋਰ ਤੁਰਨ ਯੋਗ ਨਹੀਂ। ਘੁਸਪੈਠੀਆਂ ਕੋਲ ਪਹੁੰਚਣ ਲਈ ਵਾਪਸ ਕਈ ਕਿਲੋਮੀਟਰ ਗੋਡੇ ਗੋਡੇ ਬਰਫ਼ ਵਿੱਚ ਚੜ੍ਹਾਈ ਕਰਕੇ ਪਹੁੰਚਣਾ ਸੀ। ਉਸ ਥਾਂ ਬਾਰੇ ਸਿਰਫ਼ ਮਾਲੀ ਨੂੰ ਹੀ ਪਤਾ ਸੀ। ਮਾਲੀ ਨੇ ਸਭ ਕੁਝ ਸਮਝਦਿਆਂ ਝੱਟ ਕਿਹਾ, “ਮੇਰੀ ਪਰਵਾਹ ਨਾ ਕਰੋ। ਜੋ ਮੈਂ ਜੀਅ ਰਹੀ ਹਾਂ, ਉਸ ਨੂੰ ਜ਼ਿੰਦਗੀ ਥੋੜ੍ਹਾ ਕਹਿੰਦੇ ਹਨ। ਮੈਂ ਦੇਸ ਦੇ ਕਿਸੇ ਕੰਮ ਆ ਸਕਾਂ ਤਾਂ ਇਸ ਤੋਂ ਵੱਡੀ ਮੇਰੇ ਲਈ ਹੋਰ ਕਿਹੜੀ ਗੱਲ ਹੋ ਸਕਦੀ ਹੈ? ਜੇ ਮੈਂ ਮਰ ਵੀ ਗਈ ਤਾਂ ਕੋਈ ਫ਼ਿਕਰ ਦੀ ਗੱਲ ਨਹੀਂ।”

ਇਸ ਤੋਂ ਬਾਅਦ ਵੀ ਫ਼ੌਜੀਆਂ ਦੀ ਹਿਚਕਿਚਾਹਟ ਵੇਖਦਿਆਂ ਮਾਲੀ ਨੇ ਫਿਰ ਕਿਹਾ, “ਮੇਰੇ ਵਰਗੀਆਂ ਨੂੰ ਰੱਬ ਵੀ ਛੇਤੀ ਨਹੀਂ ਬੁਲਾਉਂਦਾ। ਮੇਰਾ ਫ਼ਿਕਰ ਛੱਡ ਕੇ ਮੁਲਕ ਦਾ ਫ਼ਿਕਰ ਕਰੋ।” ਇੰਨਾ ਸੁਣਦਿਆਂ ਹੀ ਝੱਟ ਇੱਕ ਟੁਕੜੀ ਮਾਲੀ ਦੇ ਪਿੱਛੇ ਪਿੱਛੇ ਹੋ ਤੁਰੀ।

ਰਾਤ ਪੈ ਚੱਲੀ ਸੀ ਤੇ ਉੱਤੋਂ ਬਰਫ਼ ਵੀ ਪੈਣੀ ਸ਼ੁਰੂ ਹੋ ਗਈ। ਦਸ ਘੰਟੇ ਤਕ ਸਵੇਰ ਤੋਂ ਲਗਾਤਾਰ ਭੁੱਖੀ ਭਾਣੀ ਮਾਲੀ ਤੁਰ ਕੇ ਥੱਕੀ ਨਹੀਂ ਸੀ। ਅੱਗੋਂ ਹੋਰ ਚਾਰ ਘੰਟੇ ਤੁਰ ਕੇ ਮਾਲੀ ਨੇ ਫ਼ੌਜੀਆਂ ਦੀ ਅਗਵਾਈ ਕੀਤੀ ਤੇ ਅਖ਼ੀਰ ਉਸ ਥਾਂ ਪਹੁੰਚਾ ਦਿੱਤਾ।

ਉੱਥੇ ਉਸ ਸਮੇਂ ਅੱਧ ਰਾਤ 30 ਹੋਰ ਪਾਕਿਸਤਾਨੀ ਫ਼ੌਜੀ ਪਹੁੰਚ ਚੁੱਕੇ ਹੋਏ ਸਨ ਤੇ ਹਥਿਆਰਾਂ ਨਾਲ ਲੈਸ ਵੱਖੋ ਵੱਖ ਥਾਂਵਾਂ ਵੱਲ ਕੂਚ ਕਰਨ ਵਾਲ਼ੇ ਸਨ। ਉਹਨਾਂ ਨੂੰ ਕੈਦ ਵਿੱਚ ਲੈ ਕੇ ਪੁੱਛਗਿੱਛ ਕਰਨ ਬਾਅਦ ਪਤਾ ਲੱਗਿਆ ਕਿ ਘੱਟੋ ਘੱਟ ਛੇ ਹੋਰ ਥਾਂਵਾਂ ਤੋਂ ਪਾਕਿਸਤਾਨੀ ਫ਼ੌਜੀ ਅੰਦਰ ਲੰਘ ਆਏ ਹੋਏ ਸਨ। ਉਹ ਸਾਰੇ ਨਾਲਿਆਂ ਤੇ ਜੰਗਲਾਂ ਰਾਹੀਂ ਵੜ ਰਹੇ ਸਨ। ਦੋਦਾ ਤੇ ਸੌਜੀਆਂ ਰਾਹੀਂ ਵੜ ਕੇ ਸਭ ਨੇ ਪੁਣਸ਼ ਨੂੰ ਪਿਛਲੇ ਪਾਸਿਓਂ ਘੇਰ ਕੇ ਹੱਲਾ ਬੋਲਣਾ ਸੀ।

ਸਾਰੇ ਬ੍ਰਿਗੇਡ ਨੂੰ ਤੁਰੰਤ ਉਹਨਾਂ ਥਾਂਵਾਂ ਉੱਤੇ ਤੋਰ ਦਿੱਤਾ ਗਿਆ ਤੇ ਸਾਰੇ ਘੁਸਪੈਠੀ ਮਾਰ ਮੁਕਾ ਦਿੱਤੇ ਗਏਇਸ ਦੌਰਾਨ ਮਾਲੀ ਬਾਰੇ ਸਾਰੇ ਭੁੱਲ ਗਏ ਤੇ ਮਾਲੀ ਆਪਣੇ ਘਰ ਅਰਦਾਸਾਂ ਕਰਦੀ ਵਾਪਸ ਮੁੜ ਗਈ ਕਿ ਰੱਬ ਭਾਰਤ ਉੱਤੇ ਖ਼ੈਰ ਕਰੇ।

ਉਸ ਵੇਲੇ ਮਾਲੀ ਵਰਗੀ ਕਮਜ਼ੋਰ ਮੰਨੀ ਗਈ ਔਰਤ ਦੀ ਹਿੰਮਤ ਸਦਕਾ ਭਾਰਤ ਹੱਥੋਂ ਪੂਛ ਦਾ ਇਲਾਕਾ ਨਿਕਲ ਕੇ ਪਾਕਿਸਤਾਨ ਵਿੱਚ ਸ਼ਾਮਲ ਹੋਣੋਂ ਬਚ ਗਿਆ। ਇਸ ਤੋਂ ਬਾਅਦ ਬਟਾਲੀਅਨ ਨੇ ਵਧਾਈ ਦਾ ਸਿਹਰਾ ਮਾਲੀ ਨੂੰ ਦਿੱਤਾ। ਉਸੇ ਸਦਕਾ ਮਾਲੀ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤੇ ਜਾਣ ਦੀ ਗੱਲ ਉੱਠੀ। ਫ਼ੌਜੀ ਨਾ ਹੋਣ ਕਾਰਨ ਸੰਨ 1972, 25 ਮਾਰਚ ਨੂੰ ਮਾਲੀ ਨੂੰ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਵੀ.ਵੀ. ਗਿਰੀ ਜੀ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਸਨ। ਬੀਬੀ ਮਾਲੀ ਨੂੰ 10,000 ਰੁਪਏ ਦੇ ਨਾਲ ਇੱਕ ਮੈਡਲ ਤੇ ਇੱਕ ਸਰਟੀਫਿਕੇਟ ਦਿੱਤਾ ਗਿਆ।

ਇਸ ਤੋਂ ਬਾਅਦ ਕਦੇ ਬੀਬੀ ਮਾਲੀ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ। ਸੰਨ 1999 ਵਿੱਚ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਬਹੁਤ ਹੀ ਔਖੇ ਰਾਹ ਰਾਹੀਂ ਪਹੁੰਚਣ ਵਾਲੀ ਥਾਂ ਗੰਡੋਹ ਤੋਂ ਪੁਣਸ਼ ਜ਼ਿਲ੍ਹੇ ਦੇ ਸੂਰਨਕੋਟ ਵਿਖੇ ਕਰਨਲ ਲਲਿਤ ਚਮੋਲਾ ਦੀ ਬਦਲੀ ਹੋਈ। ਇਹ ਥਾਂ ਪਾਕਿਸਤਾਨੋਂ ਆਏ ਅੱਤਵਾਦੀਆਂ ਦਾ ਡੇਰਾ ਬਣ ਚੁੱਕੀ ਹੋਈ ਸੀ। ਇੱਥੇ ਉਹਨਾਂ ਕਈ ਕੈਂਪ ਬਣਾ ਲਏ ਹੋਏ ਸਨ। ਪੀਰ ਪੰਜਾਲ ਦੀਆਂ ਪਹਾੜੀਆਂ ਰਾਹੀਂ ਪੁਣਸ਼ ਤੋਂ ਕਸ਼ਮੀਰ ਜਾਣ ਦੀਆਂ ਗਲੀਆਂ ਅਤੇ ਮੰਡੀ, ਲੋਰਾਂ, ਤੱਤਾਕੁਟੀ ਤੋਂ ਹਿਲਕਾਕਾ ਤਕ ਚੁਫੇਰੇ ਦੁਸ਼ਮਣਾਂ ਵੱਲੋਂ ਤਕੜਾ ਖ਼ਤਰਾ ਸੀ। ਇਹਨਾਂ ਰਾਹਾਂ ਨੂੰ ਚੰਗੀ ਤਰ੍ਹਾਂ ਪਛਾਨਣ ਦੀ ਲੋੜ ਸੀ। ਇਸੇ ਲਈ ਕਰਨਲ ਲਲਿਤ ਚਮੋਲਾ ਨੇ ਉੱਥੋਂ ਦੇ ਲੋਕਾਂ ਦੀ ਮਦਦ ਲਈ।

ਲਲਿਤ ਚਮੋਲਾ ਨੂੰ ਪਤਾ ਸੀ ਕਿ ਉੱਥੋਂ ਦੇ ਲੋਕਾਂ ਦੇ ਮਨਾਂ ਵਿੱਚ ਪਹਿਲਾਂ ਡਿਊਟੀ ਕਰ ਚੁੱਕੇ ਮੇਜਰ ਰਣਜੀਤ ਸਿੰਘ ਦੀ ਕਿੰਨੀ ਇੱਜ਼ਤ ਸੀ ਜਿਨ੍ਹਾਂ ਦੇ ਦ੍ਰਿੜ੍ਹ ਇਰਾਦੇ ਅਤੇ ਬਹਾਦਰੀ ਸਦਕਾ ਹੀ ਹਾਜੀਪੁਰ ਪਾਸ ਉੱਤੇ ਕਬਜ਼ਾ ਹੋ ਸਕਿਆ ਸੀ, ਜਿਸ ਸਦਕਾ ਪਾਕਿਸਤਾਨੀ ਫ਼ੌਜ ਦਾ ਰਾਹ ਬੰਦ ਹੋਇਆ ਸੀ। ਇਸੇ ਲਈ ਲਲਿਤ ਚਮੋਲਾ ਜੀ ਦਾ ਕੰਮ ਆਸਾਨ ਹੋ ਗਿਆ ਸੀ। ਲੋਕਾਂ ਨੇ ਵੱਧ ਚੜ੍ਹ ਕੇ ਉਹਨਾਂ ਦੀ ਮਦਦ ਕੀਤੀ ਅਤੇ ਸਾਰੇ ਉੱਥੋਂ ਦੇ ਲੁਕੇ ਰਾਹਾਂ ਬਾਰੇ ਜਾਣਕਾਰੀ ਦਿੱਤੀ।

ਇੰਝ ਹੀ ਪਿੰਡਾਂ ਵਿੱਚ ਘੁੰਮਦਿਆਂ ਇੱਕ ਦਿਨ ਅਰਾਈ ਦੇ ਪਿੰਡ ਵੱਲ ਲਲਿਤ ਨੇ ਮੂੰਹ ਕੀਤਾ। ਉੱਥੇ ਇੱਕ ਢੱਠਾ ਹੋਇਆ ਘਰ ਸੀ ਜਿਸ ਬਾਰੇ ਦੱਸਿਆ ਗਿਆ ਕਿ ਉੱਥੇ ਇੱਕ 78 ਕੁ ਸਾਲਾਂ ਦੀ ਬਜ਼ੁਰਗ ਔਰਤ ਇਕੱਲੀ ਰਹਿੰਦੀ ਹੈ। ਜਦੋਂ ਲਲਿਤ ਨੇ ਅੱਧ ਟੁੱਟਿਆ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਇੱਕ ਬਜ਼ੁਰਗ ਔਰਤ ਨੇ ਅਵਾਜ਼ ਦਿੱਤੀ ‘ਲੰਘ ਆਓ।’ ਲਲਿਤ ਨੂੰ ਉਹ ਜ਼ਬਾਨ ਸਮਝ ਨਹੀਂ ਆਈ। ਜਦੋਂ ਨਾਲ ਖੜ੍ਹੇ ਬੰਦੇ ਨੇ ਮਤਲਬ ਦੱਸਿਆ ਤਾਂ ਲਲਿਤ ਅੰਦਰ ਲੰਘ ਗਿਆ।

ਸਾਹਮਣੇ ਕੰਧ ਉੱਤੇ ਇੱਕ ਪਦਮ ਸ੍ਰੀ ਦਾ ਮੈਡਲ ਤੇ ਸਰਟੀਫਿਕੇਟ ਟੰਗੇ ਹੋਏ ਸਨ ਜੋ ਮਿੱਟੀ ਨਾਲ ਭਰ ਚੁੱਕੇ ਹੋਏ ਸਨ। ਲਲਿਤ ਨੇ ਹੈਰਾਨੀ ਨਾਲ ਉਹ ਪੜ੍ਹਿਆ ਤਾਂ ਉਸ ਉੱਤੇ ‘ਮਾਲੀ’ ਦਾ ਨਾਂ ਲਿਖਿਆ ਸੀ। ਹੈਰਾਨ ਪ੍ਰੇਸ਼ਾਨ ਹੋ ਚੁਫੇਰੇ ਵੇਖ ਜਦੋਂ ਕੁਝ ਪੁੱਛਣਾ ਚਾਹਿਆ ਤਾਂ ਔਰਤ ਦੀ ਬੋਲੀ ਸਮਝ ਨਾ ਆਵੇ।

ਨਾਲ ਖੜ੍ਹੇ ਬੰਦੇ ਨੇ ਲਲਿਤ ਨੂੰ ਸਾਰੀ ਕਹਾਣੀ ਦੱਸੀ ਕਿ ਇਹੀ ਉਹੀ ਮਾਲੀ ਹੈ ਜਿਸ ਸਦਕਾ 1971 ਦੀ ਜੰਗ ਜਿੱਤੀ ਜਾ ਸਕੀ ਸੀ। ਇੰਨੀ ਦੇਰ ਨੂੰ ਉਸ ਦਾ ਗੋਦ ਲਿਆ ਪੁੱਤਰ (ਬਸ਼ੀਰ) ਮੁਹੰਮਦ ਆਜ਼ਮ ਪਹੁੰਚ ਗਿਆ। ਮਾਲੀ ਘਰੋਂ ਬਾਹਰ ਨਿਕਲਣ ਨੂੰ ਤਿਆਰ ਹੀ ਨਹੀਂ ਸੀ। 70 ਕੁ ਸਾਲ ਦੀ ਉਮਰ ਟੱਪ ਚੁੱਕੀ ਮਾਲੀ ਦੀ ਕੰਬਦੀ ਦੇਹ ਵੇਖ ਕੇ ਲਲਿਤ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਔਰਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਗੋਡਿਆਂ ਤਕ ਬਰਫ਼ ਵਿੱਚ ਧਸ ਕੇ ਕਈ ਘੰਟੇ ਆਪਣੇ ਮੁਲਕ ਨੂੰ ਬਚਾਉਣ ਲਈ ਭੁੱਖੀ ਭਾਣੀ ਪਹਾੜੀ ਚੋਟੀਆਂ ਉੱਤੇ ਤੁਰਦੀ ਰਹੀ ਸੀ।

ਮੁਹੰਮਦ ਆਜ਼ਮ ਨੇ ਦੱਸਿਆ ਕਿ ਜਦੋਂ ਮਾਲੀ ਇਨਾਮ ਲੈਣ ਦਿੱਲੀ ਗਈ ਸੀ ਤਾਂ ਇਹ ਉਸ ਦਾ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਗੇੜਾ ਪੁਣਸ਼ ਤੋਂ ਬਾਹਰ ਸੀ। ਉਸ ਲਈ ਉਹ ਦੁਨੀਆਂ ਹੀ ਵੱਖ ਸੀ। ਸਾਰੀ ਉਮਰ 60 ਰੁਪਏ ਮਹੀਨਾ ਦੀ ਪੈਨਸ਼ਨ ਨਾਲ ਗੁਜ਼ਾਰਾ ਕਰਨ ਵਾਲੀ ਮਾਲੀ ਨੂੰ ਕਿਸੇ ਕਿਸਮ ਦੀ ਕੋਈ ਲੋੜ ਹੀ ਨਹੀਂ ਸੀ।

ਲਲਿਤ ਹੈਰਾਨ ਸੀ ਕਿ ਇਹ ਕਿਸ ਕਿਸਮ ਦੀ ਔਰਤ ਸੀ। ਕਰਨਲ ਲਲਿਤ ਚਮੋਲਾ ਨੇ ਉੇਸੇ ਵੇਲੇ ਉੱਥੋਂ ਦੇ ਐੱਮ.ਐੱਲ.ਏ. ਮੁਹੰਮਦ ਜਾਨ ਨੂੰ ਕਹਿ ਕੇ ਬੀਬੀ ਮਾਲੀ ਦੀ ਪੈਨਸ਼ਨ ਵਧਾਈ ਅਤੇ ਥੋੜ੍ਹੀ ਜਿਹੀ ਜ਼ਮੀਨ ਵੀ ਉਸ ਦੇ ਨਾਂ ਲੁਆਈ। ਉਸ ਤੋਂ ਪੰਜ ਕੁ ਸਾਲ ਬਾਅਦ ਮਾਲੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ।

ਉਸ ਦੀ ਜ਼ਿੰਦਗੀ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਹੈ ਕਿ ਅਸਲੋਂ ਕਮਜ਼ੋਰ ਤੇ ਨਕਾਰਾ ਮੰਨੀ ਇਕੱਲੀ ਔਰਤ ਬੀਬੀ ਮਾਲੀ ਦੇ ਸਿਦਕ ਸਿਰੜ ਅਤੇ ਸਿਆਣਪ ਸਦਕਾ ਭਾਰਤ ਦਾ ਪੁਣਸ਼ ਇਲਾਕਾ ਅੱਜ ਵੀ ਭਾਰਤ ਕੋਲ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3252)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author