HarshinderKaur7ਮੋਬਾਇਲ ਵਰਤੀਏ ਜ਼ਰੂਰ ਪਰ ਇਹ ਧਿਆਨ ਰੱਖ ਕੇ ਕਿ ...
(14 ਸਤੰਬਰ 2021)

 

ਜ਼ਿੰਦਗੀ ਸ਼ੁਰੂ ਹੀ ਦਿਮਾਗ਼ ਦੇ ਸੈੱਲਾਂ ਨਾਲ ਹੁੰਦੀ ਹੈਮਾਂ ਦੇ ਢਿੱਡ ਅੰਦਰ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਭਰੂਣ ਦੇ ਦਿਮਾਗ਼ ਦੇ ਸੈੱਲਾਂ ਦੇ ਜੋੜ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਸਰੀਰ ਦੀ ਹਿਲਜੁਲ ਨੂੰ ਕੰਟਰੋਲ ਕਰਦੇ ਹਨ ਅਤੇ ਬਾਹਰੀ ਸੁਨੇਹਿਆਂ ਨੂੰ ਇਕੱਠਾ ਕਰਨ ਦਾ ਕੰਮ ਕਰਦੇ ਹਨਤਿੰਨ ਤੋਂ 6 ਮਹੀਨਿਆਂ ਦੇ ਭਰੂਣ ਵਿੱਚ ਦਿਮਾਗ਼ ਦਾ ਕਾਫ਼ੀ ਵੱਡਾ ਹਿੱਸਾ ਬਣਨਾ ਸ਼ੁਰੂ ਹੋ ਜਾਂਦਾ ਹੈ ਜਿਸ ਵਿੱਚ ਸੋਚਣ ਸਮਝਣ ਅਤੇ ਬੌਧਿਕ ਵਿਕਾਸ ਦੇ ਅੰਸ਼ ਪਨਪਦੇ ਹਨਇਸ ਦੌਰਾਨ ਢੇਰ ਸਾਰੇ ਹੋਰ ਜੋੜ ਬਣਦੇ ਹਨਸੱਤ ਤੋਂ ਨੌਂ ਮਹੀਨਿਆਂ ਦੇ ਭਰੂਣ ਵਿੱਚ ਸੋਚਣ ਸਮਝਣ ਤੇ ਸਮੋਣ ਦਾ ਵੱਡਾ ਹਿੱਸਾ ਤਿਆਰ ਹੋ ਜਾਂਦਾ ਹੈ ਜਿਸ ਨੇ ਪੈਦਾ ਹੁੰਦੇ ਸਾਰ ਜਿੰਨੇ ਵੀ ਸੁਨੇਹੇ ਮਿਲਣੇ ਹੁੰਦੇ ਹਨ, ਉਨ੍ਹਾਂ ਨਾਲ ਦਿਮਾਗ਼ ਵਿਚਲੀ ਹਾਰਡ ਡਿਸਕ ਨੂੰ ਭਰਨਾ ਹੁੰਦਾ ਹੈ

ਇਹੀ ਦਿਮਾਗ਼ ਵਿਚਲੀ ‘ਹਾਰਡ ਡਿਸਕ’ ਅੱਗੋਂ ਜ਼ਬਾਨ, ਲਿਆਕਤ, ਬੌਧਿਕ ਵਿਕਾਸ ਅਤੇ ਵਰਤਾਰੇ ਬਾਰੇ ਨੀਂਹ ਪੱਕੀ ਕਰਦੀ ਹੈਜੰਮਣ ਤੋਂ ਬਾਅਦ ਜਿਸ ਤਰ੍ਹਾਂ ਬੱਚੇ ਨਾਲ ਵਿਹਾਰ ਕੀਤਾ ਜਾਂਦਾ ਹੈ, ਉਸੇ ਅਨੁਸਾਰ ਦਿਮਾਗ਼ ਦੀ ਬਣਤਰ ਵਿੱਚ ਸਦੀਵੀ ਛਾਪ ਤਿਆਰ ਹੁੰਦੀ ਹੈ ਤੇ ਉਸੇ ਵੇਲੇ ਹੀ ਬੱਚੇ ਦੇ ਵੱਡੇ ਹੋ ਜਾਣ ਉੱਤੇ ਕਿਹੋ ਜਿਹਾ ਕਿਰਦਾਰ ਤਿਆਰ ਹੋਣਾ ਹੈ, ਤੈਅ ਹੋ ਜਾਂਦਾ ਹੈ

ਮਿਸਾਲ ਵਜੋਂ ਪਿਆਰ ਦੁਲਾਰ ਨਾਲ ਪਲਿਆ ਬੱਚਾ ਜ਼ਿਆਦਾ ਲਾਇਕ ਹੋਣਾ ਸੁਭਾਵਿਕ ਹੈਇੰਜ ਹੀ ਜਿੰਨੀ ਬੱਚੇ ਨਾਲ ਗੱਲਬਾਤ ਵੱਧ ਕੀਤੀ ਜਾਵੇ, ਉੰਨੇ ਹੀ ਵੱਧ ਦਿਮਾਗ਼ ਦੇ ਸੈੱਲਾਂ ਦੇ ਜੋੜ ਬਣਦੇ ਹਨ ਤੇ ਉੰਨਾ ਹੀ ਬੱਚਾ ਵੱਧ ਲਾਇਕ ਬਣਦਾ ਹੈਉਸ ਦੇ ਦਿਮਾਗ਼ ਅੰਦਰ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਸਾਂਭਣ ਦੀ ਥਾਂ ਵਧ ਬਣ ਜਾਂਦੀ ਹੈ

ਦੁਨੀਆ ਦੇ ਚੋਟੀ ਦੇ ਜਨਰਲ ‘ਪੀਡੀਐਟਰਿਕਸ’ ਵਿੱਚ ਸੰਨ 2011 ਅਪਰੈਲ ਵਿੱਚ ਕਈ ਸਾਲਾਂ ਤਕ ਚੱਲੀ ਖੋਜ ਦੇ ਨਤੀਜੇ ਛਪੇ ਜਿਸ ਵਿੱਚ ਸਤਮਾਹੇ ਜੰਮੇ ਬੱਚਿਆਂ ਦੇ ਦਿਮਾਗ਼ ਦੇ ਵਿਕਾਸ ਬਾਰੇ ਦੱਸਿਆ ਗਿਆ ਕਿ ਪੂਰੇ ਸਮੇਂ ਉੱਤੇ ਜੰਮੇ ਬੱਚਿਆਂ ਦੇ ‘ਆਈ ਕਿਊ’ 83.8 ਤੋਂ 96 ਫੀਸਦੀ ਸੀ ਜਦ ਕਿ ਸਤਮਾਹੇ ਜੰਮਿਆਂ ਦਾ 78.9 ਫੀਸਦੀ ਤੋਂ 90 ਫੀਸਦੀ ਦੇ ਵਿਚਕਾਰ

ਇਸ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਿੰਨਾ ਵੱਧ ਵਕਤ ਤੋਂ ਪਹਿਲਾਂ ਜੰਮਿਆ ਬੱਚਾ ਹੋਵੇ, ਉੰਨਾ ਹੀ ਉਸ ਦਾ ਦਿਮਾਗ਼ ਘੱਟ ਵਿਕਸਿਤ ਹੁੰਦਾ ਹੈ ਕਿਉਂਕਿ ਸੈੱਲਾਂ ਦੇ ਜੋੜ ਪੂਰੇ ਨਹੀਂ ਹੁੰਦੇਇਸ ਖੋਜ ਵਿੱਚ ਇੱਕ ਗੱਲ ਬਹੁਤ ਕਮਾਲ ਦੀ ਪਤਾ ਲੱਗੀ ਕਿ ਜਿਹੜੇ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਨਾਲ ਮਾਂ ਜਾਂ ਪਿਓ ਵੱਧ ਗੱਲਾਂ ਕਰਦੇ ਰਹੇ ਹੋਣ, ਉਨ੍ਹਾਂ ਸਤਮਾਹੇ ਜੰਮੇਂ ਬੱਚਿਆਂ ਦੇ ਦਿਮਾਗ਼ ਦੇ ਸੈੱਲਾਂ ਦੇ ਜੋੜ ਕਾਫ਼ੀ ਬਣ ਚੁੱਕੇ ਹੋਏ ਸਨ ਤੇ ਉਨ੍ਹਾਂ ਦੇ ਦਿਮਾਗ਼ ਦਾ ਵਿਕਾਸ ਬਾਕੀਆਂ ਨਾਲੋਂ ਵਧੀਆ ਹੋਇਆ ਲੱਭਿਆ

9 ਜਨਵਰੀ 2011 ਨੂੰ ਮੋਬਾਇਲ ਫੋਨਾਂ ਦਾ ਦੋ ਤੋਂ 18 ਹਫ਼ਤਿਆਂ ਦੇ ਭਰੂਣ ਉੱਤੇ ਅਸਰ ਬਾਰੇ ਖੋਜ ਛਪੀਉਸ ਵਿੱਚ ਸਪਸ਼ਟ ਕੀਤਾ ਗਿਆ ਕਿ ਮੋਬਾਇਲ ਫ਼ੋਨਾਂ ਵਿੱਚੋਂ ਮਾਈਕਰੋਵੇਵ ਵਰਗੀਆਂ ਰੇਡੀਓ ਤਰੰਗਾਂ ਨਿਕਲਦੀਆਂ ਹਨ ਪਰ ਉਨ੍ਹਾਂ ਦਾ ਜੱਚਾ ਅਤੇ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਵਧਣ ਫੁੱਲਣ ਉੱਤੇ ਕੋਈ ਮਾੜਾ ਅਸਰ ਨਹੀਂ ਦਿਸਿਆ

15 ਮਾਰਚ 2012 ਨੂੰ ਯੇਲ ਯੂਨੀਵਰਸਿਟੀ ਵਿਖੇ ਹੋਈ ਖੋਜ ਦੇ ਨਤੀਜੇ ਛਾਪੇ ਗਏਉਸ ਵਿੱਚ ਮੋਬਾਇਲ ਫ਼ੋਨ ਨਾਲ ਗਰਭ ਵਿੱਚ ਪਲ ਰਹੇ ਬੱਚੇ ਦੇ ਦਿਮਾਗ਼ ਉੱਤੇ ਪੈਂਦੇ ਅਸਰ ਘੋਖੇ ਗਏ ਸਨਇਹ ਖੋਜ ‘ਨੇਚਰ’ ਰਸਾਲੇ ਵਿੱਚ ਛਪੀ ਡਾ. ਹੁੱਗ ਟੇਲਰ ਨੇ ਚੂਹਿਆਂ ਉੱਤੇ ਕੀਤੀ ਖੋਜ ਦੇ ਨਤੀਜਿਆਂ ਬਾਰੇ ਦੱਸਿਆ ਸੀ ਕਿ ਗਰਭਵਤੀ ਚੂਹੀਆਂ ਨੂੰ ਜਿਸ ਪਿੰਜਰੇ ਅੰਦਰ ਰੱਖਿਆ ਗਿਆ ਸੀ, ਉਸ ਪਿੰਜਰੇ ਉੱਤੇ ‘ਮਿਊਟ’ ਕਰ ਕੇ ਮੋਬਾਇਲ ਫੋਨ ਰੱਖੇ ਗਏ ਜਿਨ੍ਹਾਂ ਉੱਤੇ ‘ਕਾਲ’ ਕੀਤੀ ਜਾ ਰਹੀ ਸੀਲਗਾਤਾਰ ਕੁਝ ਘੰਟੇ ਵਾਰ ਵਾਰ ‘ਕਾਲਾਂ’ ਕੀਤੀਆਂ ਗਈਆਂ ਤੇ 15 ਤੋਂ 20 ਮਿੰਟ ਤਕ ਇੱਕ ਕਾਲ ਜਾਰੀ ਰੱਖੀ ਗਈ

ਇਹ ਵੇਖਣ ਵਿੱਚ ਆਇਆ ਕਿ ਨਵਜੰਮੀਆਂ ਚੂਹੀਆਂ ਦੇ ਦਿਮਾਗ਼ ਦੇ ਅਗਲੇ ਸਿਰੇ (ਪ੍ਰੀ ਫਰੰਟਲ ਕੋਰਟੈਕਸ) ਵਿੱਚ ਸੈੱਲ ਵੀ ਘੱਟ ਬਣੇ ਅਤੇ ਜੋੜ ਵੀਨਤੀਜੇ ਵਜੋਂ ਉਹ ਲੋੜੋਂ ਵੱਧ ਕਾਹਲੇ, ਚਿੜਚਿੜੇ, ਧਿਆਨ ਨਾ ਲਾ ਸਕਣ ਵਾਲੇ ਅਤੇ ਗੁਸੈਲ ਬਣੇ ਜਿਹੜੀਆਂ ਗਰਭਵਤੀ ਚੂਹੀਆਂ ਦੇ ਨੇੜੇ ਫ਼ੋਨ ਪੂਰਾ ਬੰਦ ਕਰ ਕੇ ਰੱਖਿਆ ਗਿਆ ਤੇ ਕੋਈ ਵੀ ਕਾਲ ਨਾ ਕੀਤੀ ਗਈ, ਉਨ੍ਹਾਂ ਦੇ ਬੱਚਿਆਂ ਵਿੱਚ ਕੋਈ ਨੁਕਸ ਨਾ ਲੱਭਿਆ

ਇਸੇ ਯੇਲ ਯੂਨੀਵਰਸਿਟੀ ਦੇ ਡਾ. ਤਾਮਿਰ ਅਲਦਾਦ ਨੇ ਵੀ ਆਪਣੀ ਖੋਜ ਬਾਰੇ ਦੱਸਿਆ ਕਿ ਚੂਹੀਆਂ ਵਿੱਚ ਗਰਭ ਦਾ ਸਮਾਂ ਸਿਰਫ਼ 19 ਦਿਨਾਂ ਦਾ ਹੁੰਦਾ ਹੈ ਤੇ ਫਿਰ ਵੀ ਉਸ ਦੌਰਾਨ ਇੰਨਾ ਤਕੜਾ ਅਸਰ ਮੋਬਾਇਲ ਦੀਆਂ ਕਿਰਨਾਂ ਦਾ ਦਿਸਿਆ ਹੈਇਸੇ ਲਈ ਮਨੁੱਖ ਦੇ ਬੱਚਿਆਂ ਦੇ ਦਿਮਾਗ਼ ਉੱਤੇ ਵੀ ਜ਼ਰੂਰ ਮਾੜਾ ਅਸਰ ਪੈਂਦਾ ਹੋਵੇਗਾ ਕਿਉਂਕਿ ਉਹ ਲੰਮੇ ਸਮੇਂ ਤਕ ਮੋਬਾਇਲ ਦੀਆਂ ਕਿਰਨਾਂ ਦੇ ਅਸਰ ਹੇਠ ਰਹਿੰਦੇ ਹਨ

ਇਸ ਖੋਜ ਤੋਂ ਬਾਅਦ ਅਗਲੀ ਖੋਜ ਆਰੰਭ ਹੋਈ ਜੋ 5 ਸਤੰਬਰ 2017 ਵਿੱਚ ਨਾਮਵਰ “ਬਰਿਟਿਸ਼ ਮੈਡੀਕਲ ਜਰਨਲ” ਵਿੱਚ ਛਪੀਉਸ ਖੋਜ ਵਿੱਚ 45, 389 ਨਾਰਵੇ ਦੀਆਂ ਮਾਂਵਾਂ ਸ਼ਾਮਲ ਕੀਤੀਆਂ ਗਈਆਂ ਜਿਹੜੀਆਂ ਮੋਬਾਇਲ ਦੀ ਵਰਤੋਂ ਕਰ ਰਹੀਆਂ ਸਨ ਇਨ੍ਹਾਂ ਸਾਰੀਆਂ ਮਾਵਾਂ ਦੇ ਗਰਭ ਦੌਰਾਨ ਵੀ ਭਰੂਣ ਦਾ ਚੈੱਕਅੱਪ ਕੀਤਾ ਗਿਆ ਤੇ ਬੱਚਾ ਜੰਮਣ ਤੋਂ ਪੰਜ ਸਾਲ ਬਾਅਦ ਤਕ ਵੀ ਲਗਾਤਾਰ ਚੈੱਕ ਕੀਤਾ ਗਿਆਇਨ੍ਹਾਂ ਵਿੱਚੋਂ ਕਿਸੇ ਦੇ ਵੀ ਬੱਚੇ ਦੇ ਦਿਮਾਗ ਉੱਤੇ ਮੋਬਾਇਲ ਦੇ ਮਾੜੇ ਅਸਰ ਨਹੀਂ ਲੱਭੇ

ਇਸ ਖੋਜ ਦੌਰਾਨ ਬਹੁਤ ਮਹੱਤਵਪੂਰਨ ਚੀਜ਼ਾਂ ਬਾਰੇ ਪਤਾ ਲੱਗਿਆ ਕਿਉਂਕਿ ਖਤਰਾ ਭਾਂਪਦਿਆਂ ਸਾਰੀਆਂ ਮਾਂਵਾਂ ਨੂੰ ਅਜਿਹੀ ਖ਼ੁਰਾਕ ਦਿੱਤੀ ਗਈ ਸੀ ਜੋ ਭਰੂਣ ਦੇ ਦਿਮਾਗ਼ ਦਾ ਵਿਕਾਸ ਵਧੀਆ ਕਰਨ ਵਿੱਚ ਮਦਦ ਕਰਦੀ ਸੀਇਸੇ ਲਈ ਉਸ ਖੋਜ ਤੋਂ ਬਆਦ ਸਾਰੀਆਂ ਗਰਭਵਤੀ ਮਾਂਵਾਂ ਲਈ ਉਹੀ ਖ਼ੁਰਾਕ ਦੇਣ ਬਾਰੇ ਜ਼ੋਰ ਪਾਇਆ ਗਿਆ ਹੈਇਹ ਖ਼ੁਰਾਕ ਹੈ:

1. ਸਾਲਮਨ ਮੱਛੀ: ਪ੍ਰੋਟੀਨ ਤੇ ਕੈਲਸ਼ੀਅਮ ਭਰਪੂਰ ਹੋਣ ਦੇ ਨਾਲ-ਨਾਲ ਇਸ ਵਿਚਲੇ ਓਮੇਗਾ ਤਿੰਨ ਫੈੱਟੀ ਏਸਿਡ ਭਰੂਣ ਦੇ ਦਿਮਾਗ਼ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੇ ਹਨ

2. ਚੁਲਾਈ: ਲੋਹ ਕਣ ਤੇ ਫੋਲੇਟ ਭਰਪੂਰ ਚੁਲਾਈ ਜਿੱਥੇ ਔਲ ਨੂੰ ਤੰਦਰੁਸਤ ਰੱਖਦੀ ਹੈ, ਭਰੂਣ ਦੇ ਵਧਣ ਫੁੱਲਣ ਵਿੱਚ ਸਹਾਈ ਹੁੰਦੀ ਹੈ, ਉੱਥੇ ਹੀ ਭਰੂਣ ਦੇ ਦਿਮਾਗ਼ ਦੇ ਸੈੱਲਾਂ ਨੂੰ ਵੀ ਸਿਹਤਮੰਦ ਰੱਖਦੀ ਹੈ

3. ਹਰੀਆਂ ਸਬਜ਼ੀਆਂ ਤੇ ਫਲ: ਛੋਲੀਏ ਦੇ ਪੱਤੇ, ਮੂਲੀ ਦੇ ਪੱਤੇ, ਪੱਤ-ਗੋਭੀ, ਹਰੀਆਂ ਸਬਜ਼ੀਆਂ ਤੇ ਫਲਾਂ ਵਿੱਚ ਐਂਟੀਆਕਸੀਡੈਂਟ ਭਰੇ ਪਏ ਹਨ ਜੋ ਭਰੂਣ ਦੇ ਦਿਮਾਗ਼ ਉੱਤੇ ਪੈਂਦੇ ਮਾੜੇ ਅਸਰਾਂ ਤੋਂ ਬਚਾਓ ਕਰਦੇ ਹਨ ਇਨ੍ਹਾਂ ਵਿਚਲੇ ਲੋਹ ਕਣ ਭਰੂਣ ਨੂੰ ਆਕਸੀਜਨ ਵੀ ਪੂਰੀ ਪਹੁੰਚਾ ਦਿੰਦੇ ਹਨ

4. ਪ੍ਰੋਟੀਨ: ਅੰਡੇ, ਦਾਲਾਂ, ਦੁੱਧ, ਪਨੀਰ ਤੇ ਸੁੱਕੇ ਮੇਵੇ ਜਿੱਥੇ ਜੱਚਾ ਨੂੰ ਤੰਦਰੁਸਤ ਰੱਖਦੇ ਹਨ, ਉੱਥੇ ਭਰੂਣ ਦੇ ਦਿਮਾਗ਼ ਲਈ ਵੀ ਬਿਹਤਰੀਨ ਸਾਬਤ ਹੋ ਚੁੱਕੇ ਹਨ

5. ਤਿਲ: ਤਿਲ ਯਾਦਦਾਸ਼ਤ ਤੇਜ਼ ਰੱਖਣ ਵਿੱਚ ਸਹਾਈ ਹੁੰਦੇ ਹਨ

ਉੱਪਰ ਦੱਸੇ ਖਾਣੇ ਜੇ ਹਰ ਜੱਚਾ ਸਹੀ ਮਿਕਦਾਰ ਵਿੱਚ ਲੈਂਦੀ ਰਹੇ ਤਾਂ ਉਸ ਦੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਦਿਮਾਗ਼ ਦਾ ਵਿਕਾਸ ਵੀ ਵਧੀਆ ਹੋ ਜਾਂਦਾ ਹੈ ਅਤੇ ਮਾੜੇ ਅਸਰਾਂ ਤੋਂ ਬਚਾਓ ਵੀ ਹੋ ਜਾਂਦਾ ਹੈ

20 ਨਵੰਬਰ 2018 ਨੂੰ ਭਰੂਣਾਂ ਉੱਤੇ ਕੀਤੀ ਇੱਕ ਹੋਰ ਖੋਜ ਸਾਹਮਣੇ ਆਈ ਜਿਸ ਵਿੱਚ “ਫੰਕਸ਼ਨਲ ਐੱਮ.ਆਰ.ਆਈ. ਸਕੈਨ” ਰਾਹੀਂ ਭਰੂਣਾਂ ਦੇ ਦਿਮਾਗ਼ ਦੇ ਕੰਮਕਾਰ ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ ਗਈਉਸ ਵਿੱਚ ਪਤਾ ਲੱਗਿਆ ਕਿ ਕਿਵੇਂ ਢਿੱਡ ਅੰਦਰ ਭਰੂਣ ਸ਼ੈਤਾਨੀਆਂ ਕਰਦੇ, ਖੇਡਦੇ, ਘੁੰਮਦੇ ਅਤੇ ਸੌਂਦੇ ਹਨ

ਗਰਭ ਠਹਿਰਨ ਦੇ ਤੀਜੇ ਹਫ਼ਤੇ ਵਿੱਚ ਹੀ ਭਰੂਣ ਦੀ ਦਿਮਾਗ਼ ਦੇ ਪਹਿਲੇ ਪੁੰਗਰੇ ਸੈੱਲਾਂ ਦੀ ਅੱਗੋਂ ਵੰਡ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਵਿੱਚੋਂ ਕੁਝ ਜੋੜ ਬਣਾਉਣੇ ਸ਼ੁਰੂ ਕਰ ਦਿੰਦੇ ਹਨ ਨੌਂਵੇਂ ਹਫ਼ਤੇ ਦੇ ਭਰੂਣ ਵਿਚਲੇ ਨਿੱਕੇ ਜਿਹੇ ਦਿਮਾਗ਼ ਵਿੱਚੋਂ ਕੈਮੀਕਲ ਰਾਹੀਂ ਸੁਨੇਹੇ ਨਿਕਲਣੇ ਸ਼ੁਰੂ ਹੋ ਜਾਂਦੇ ਹਨਇਹ ਕੈਮੀਕਲ ਬਾਹਰਲੇ ਸੁਨੇਹੇ ਫੜਨ ਲਈ ਕਈ ਨਵੇਂ ਜੋੜ ਬਣਾਉਣ ਵਿੱਚ ਵੀ ਮਦਦ ਕਰਦੇ ਹਨ ਜੰਮਣ ਤੋਂ ਬਾਅਦ ਤਕ ਇਹ ਜੋੜ ਬਣਦੇ ਰਹਿੰਦੇ ਹਨਪਹਿਲੇ ਦੋ ਸਾਲਾਂ ਦੀ ਉਮਰ ਵਿੱਚ ਦਿਮਾਗ਼ ਵਿੱਚ ਸਭ ਤੋਂ ਵੱਧ ਤਬਦੀਲੀਆਂ ਹੁੰਦੀਆਂ ਹਨ ਅਤੇ ਬਾਹਰਲੇ ਸੁਨੇਹਿਆਂ ਤੋਂ ਖਰਬਾਂ ਨਵੇਂ ਜੋੜ ਬਣਦੇ ਜਾਂਦੇ ਹਨਇਨ੍ਹਾਂ ਨੂੰ ‘ਸਾਇਨੈਪਟਿਕ ਬਿਗ ਬੈਂਗ’ ਕਹਿੰਦੇ ਹਨ

ਦੋ ਸਾਲਾਂ ਤੋਂ ਬਾਅਦ ਹੌਲੀ ਹੌਲੀ ਦਿਮਾਗ਼ ਵਿੱਚ ਵੱਖ ਤਰ੍ਹਾਂ ਦੀ ਤਬਦੀਲੀ ਹੁੰਦੀ ਹੈ ਜਿਸ ਵਿੱਚ ਅੱਧ ਪਚੱਧ ਬਣੇ ਜੋੜ ਖੁਰਨ ਲੱਗ ਪੈਂਦੇ ਹਨਉਸ ਹਿੱਸੇ ਦੇ ਸੈੱਲ ਜਿਹੜੇ ਬਿਲਕੁਲ ਵਰਤੋਂ ਵਿੱਚ ਨਾ ਆ ਰਹੇ ਹੋਣ, ਦਿਮਾਗ ਆਪੇ ਹੀ ਬੇਲੋੜੇ ਮੰਨ ਕੇ ਉਨ੍ਹਾਂ ਨੂੰ ਖ਼ਤਮ ਕਰ ਦਿੰਦਾ ਹੈਇਹ ਸਫ਼ਾਈ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਲੋੜ ਵਿੱਚ ਆ ਰਹੇ ਹਿੱਸੇ ਨੂੰ ਹੋਰ ਥਾਂ ਮਿਲ ਸਕੇ ਤੇ ਉਹ ਪ੍ਰਫੁੱਲਿਤ ਹੋ ਸਕੇ

ਬੇਅੰਤ ਖੋਜਾਂ ਰਾਹੀਂ ਪਤਾ ਲੱਗ ਚੁੱਕਿਆ ਹੈ ਕਿ ਇਸ ਸਮੇਂ ਦੌਰਾਨ ਪਿਆਰ, ਝਿੜਕਾਂ, ਤਿੱਖੀ ਲਾਈਟ, ਸ਼ੋਰ-ਸ਼ਰਾਬਾ, ਤਾਪਮਾਨ ਵਿੱਚ ਗੜਬੜੀ, ਕੁੱਟ-ਮਾਰ, ਮਾਹੌਲ ਵਿੱਚ ਵਾਰ-ਵਾਰ ਤਬਦੀਲੀ ਆਦਿ ਦਿਮਾਗ਼ ਦੇ ਕੰਮਕਾਰ ਉੱਤੇ ਸਦੀਵੀ ਅਸਰ ਪਾ ਦਿੰਦੇ ਹਨ ਕਿਉਂਕਿ ਸੈੱਲਾਂ ਵਿਚਕਾਰ ਬਣ ਰਹੇ ਜੋੜ ਸਹੀ ਥਾਂ ਨਹੀਂ ਜੁੜਦੇ ਜਿਸ ਸਦਕਾ ਸਹੀ ਸੁਨੇਹੇ ਫੜਨ ਵਿੱਚ ਗੜਬੜੀ ਹੋ ਜਾਂਦੀ ਹੈ

13 ਮਾਰਚ 2018 ਵਿੱਚ “ਯੂ.ਸੀ. ਇਰਵਿਨ ਹੈਲਥ ਰਿਸਰਚ” ਵਿੱਚ ਦੁੱਧ ਪਿਆਉਂਦੀਆਂ ਚੂਹੀਆਂ ਦੇ ਨੇੜੇ ਮੋਬਾਇਲ ਦੀ ਵਰਤੋਂ ਬਾਰੇ ਇੱਕ ਹੋਰ ਖੋਜ ਛਪੀ ਜਿਸ ਰਾਹੀਂ ਸਪਸ਼ਟ ਹੋ ਗਿਆ ਕਿ ਉਨ੍ਹਾਂ ਤਰੰਗਾਂ ਦਾ ਨਿੱਕੇ ਚੂਹਿਆਂ ਦੇ ਦਿਮਾਗ਼ ਉੱਤੇ ਤਕੜਾ ਅਸਰ ਪਿਆ ਜਿਸ ਸਦਕਾ ਉਨ੍ਹਾਂ ਵਿੱਚੋਂ ਕੁਝ ਉੱਕਾ ਹੀ ਦੁਬਕ ਕੇ ਬਹਿ ਗਏ ਤੇ ਕੁਝ ਬੇਹੱਦ ਚਿੜਚਿੜੇ ਹੋ ਗਏ

ਇਸ ਦੌਰਾਨ ਕਈ ਸਾਲ ਲਗਾਤਾਰ ਮੋਬਾਇਲ ਦੀਆਂ ਤਰੰਗਾਂ ਉੱਤੇ ਚੱਲ ਰਹੀਆਂ ਵੱਖੋ ਵੱਖ ਖੋਜਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ:

1. ਨੈਸ਼ਨਲ ਸੈਂਟਰ ਫੌਰ ਹੈਲਥ ਰੀਸਰਚ ਅਨੁਸਾਰ ਕੰਨ ਨਾਲ ਲਾ ਕੇ ਲਗਾਤਾਰ ਮੋਬਾਇਲ ਸੁਣਦੇ ਰਹਿਣ ਨਾਲ 15 ਤੋਂ 20 ਸਾਲਾਂ ਬਾਅਦ ਦਿਮਾਗ਼ ਦੇ ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾਂ ਵਧ ਜਾਂਦਾ ਹੈ

2. ‘ਅਮਰੀਕਨ ਅਕੈਡਮੀ ਔਫ ਪੀਡੀਐਟਰਿਕਸ’ ਨੇ ਬੱਚਿਆਂ ਵਿੱਚ ਹੋਈਆਂ ਅਨੇਕ ਖੋਜਾਂ ਬਾਅਦ ਇਹ ਲੱਭਿਆ ਕਿ ਮੋਬਾਇਲ ਵਿੱਚੋਂ ਨਿਕਲਦੀਆਂ ਤਰੰਗਾਂ ਬੱਚਿਆਂ ਦੇ ਦਿਮਾਗ਼ ਉੱਤੇ ਵੱਡਿਆਂ ਨਾਲੋਂ ਦੁੱਗਣਾ ਵੱਧ ਅਸਰ ਪਾਉਂਦੀਆਂ ਹਨਬੱਚੇ ਦੇ ਦਿਮਾਗ਼ ਨੂੰ ਕੱਜ ਰਹੀ ਹੱਡੀ ਪਤਲੀ ਹੁੰਦੀ ਹੈ, ਇਸੇ ਲਈ ਉਸ ਹੱਡੀ ਉੱਤੇ ਤਰੰਗਾਂ ਦਾ ਵੱਡਿਆਂ ਨਾਲੋਂ 10 ਗੁਣਾਂ ਵੱਧ ਅਸਰ ਪੈਂਦਾ ਹੈ

ਇਸੇ ਲਈ 6 ਮਹੀਨਿਆਂ ਦੀ ਉਮਰ ਤੋਂ ਹੀ ਜਿਨ੍ਹਾਂ ਬੱਚਿਆਂ ਨੂੰ ਮੋਬਾਇਲ ਫੋਨ ਖਿਡੌਣੇ ਵਾਂਗ ਫੜਾਉਣੇ ਸ਼ੁਰੂ ਕਰ ਦਿੱਤੇ ਗਏ ਸਨ, ਉਨ੍ਹਾਂ ਵਿੱਚੋਂ ਭਾਰੀ ਗਿਣਤੀ ਬੱਚੇ ਜ਼ਿੱਦੀ, ਚਿੜਚਿੜੇ, ਲੜਾਕੇ ਅਤੇ ਟਿਕ ਕੇ ਨਾ ਬਹਿ ਸਕਣ ਵਾਲੇ ਬਣ ਗਏ ਲੱਭੇ

3. ਕੋਰੀਆ ਵਿੱਚ ਬੱਚਿਆਂ ਵਿੱਚ ਹੋਈ ਖੋਜ ਵਿੱਚ ਵੀ ਮੋਬਾਇਲ ਦੀ ਵਾਧੂ ਵਰਤੋਂ ਕਰਨ ਵਾਲੇ ਬੱਚਿਆਂ ਵਿੱਚ ਟਿਕ ਕੇ ਨਾ ਬਹਿ ਸਕਣ ਦੀ ਬੀਮਾਰੀ ਲੱਭੀਇਨ੍ਹਾਂ ਬੱਚਿਆਂ ਦੇ ਲਹੂ ਵਿੱਚ ‘ਸਿੱਕੇ’ ਦੀ ਮਾਤਰਾ ਵੀ ਵਧੀ ਹੋਈ ਸੀ ਜਿਸਦੇ ਵੱਖ ਕਾਰਨ ਸਨ ਇਨ੍ਹਾਂ ਖੋਜਾਂ ਤੋਂ ਬਾਅਦ ਫਿਰ 4 ਅਗਸਤ 2021 ਨੂੰ ਵਿਸ਼ਵ ਭਰ ਦੇ ਬੱਚਿਆਂ ਲਈ ਖ਼ਾਸ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨਮੋਬਾਇਲ ਵਿੱਚੋਂ ਨਿਕਲੀਆਂ ਤਰੰਗਾਂ ਦੇ ਮਾੜੇ ਅਸਰਾਂ ਤੋਂ ਬਚਣ ਲਈ ਮੋਬਾਇਲ ਨੂੰ ਕੰਨਾਂ ਤੋਂ ਪਰ੍ਹਾਂ ਰੱਖਣ ਉੱਤੇ ਜ਼ੋਰ ਪਾਇਆ ਗਿਆ ਹੈ

ਐੱਪਲ ਫ਼ੋਨ ਵਾਲੇ ਸਪਸ਼ਟ ਕਹਿ ਰਹੇ ਹਨ ਕਿ ਆਈ ਫ਼ੋਨ 12 ਦਿਮਾਗ਼ ਤੋਂ 5 ਮਿਲੀਮੀਟਰ ਦੂਰ ਰੱਖ ਕੇ ਗੱਲ ਸੁਣਨੀ ਚਾਹੀਦੀ ਹੈਇਹੋ ਕੁਝ ਗੂਗਲ ਪਿਕਸਲ 4 ਵਾਲੇ ਕਹਿਣ ਲੱਗ ਪਏ ਹਨਸੈਮਸੰਗ ਗਲੈਕਸੀ ਤਾਂ ਘੱਟੋ-ਘੱਟ ਕੰਨ ਤੋਂ 1.5 ਸੈਂਟੀਮੀਟਰ ਪਰ੍ਹਾਂ ਫੋਨ ਰੱਖ ਕੇ ਗੱਲ ਸੁਣਨ ਬਾਰੇ ਕਹਿੰਦਾ ਹੈ

ਇਹ ਸਭ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮਾਈਕਰੋਵੇਵ ਦੀਆਂ ਤਰੰਗਾਂ ਬਾਰੇ ਤਾਂ ਸੰਨ 2014 ਵਿੱਚ ਹੀ ਲੱਭ ਲਿਆ ਗਿਆ ਸੀ ਕਿ ਇਨ੍ਹਾਂ ਨਾਲ ਸਿੱਧਾ ਸੰਪਰਕ ਹੁੰਦੇ ਰਹਿਣ ਨਾਲ ਕੈਂਸਰ ਹੋਣ ਦਾ ਖ਼ਤਰਾ ਹੈ

ਹੁਣ ਅਮਰੀਕਾ ਵਿੱਚ ਬੱਚਿਆਂ ਦੇ ਖਿਡੌਣਿਆਂ ਵਿੱਚ ਵੀ ਵਾਇਰਲੈਸ ਅਤੇ ਰੇਡੀਓ ਟਰਾਂਸਮੀਟਰ ਲਾਉਣ ਉੱਤੇ ਮਨਾਹੀ ਲਾ ਦਿੱਤੀ ਗਈ ਹੈ ਕਿਉਂਕਿ ਇਹ ਤਰੰਗਾਂ ਬੱਚੇ ਦੇ ਦਿਮਾਗ਼ ਦੇ ਪਿਛਲੇ ਹਿੱਸੇ ‘ਸੈਰੀਬੈਲਮ’ ਵਿੱਚ ਵੱਡਿਆਂ ਨਾਲੋਂ ਢਾਈ ਗੁਣਾਂ ਵੱਧ ਅੰਦਰ ਪਹੁੰਚ ਜਾਂਦੀਆਂ ਹਨ

ਸੰਨ 2019 ਵਿੱਚ ਛਪੀ ਖੋਜ ਵਿੱਚ ਵੀ ਕਈ ਸਾਲ ਚੱਲੀ ਖੋਜ ਦੇ ਸਿੱਟਿਆਂ ਬਾਅਦ ਇਨ੍ਹਾਂ ਤਰੰਗਾਂ ਨਾਲ ਬੱਚਿਆਂ ਦੀਆਂ ਸਿਰ ਦੀਆਂ ਹੱਡੀਆਂ ਉੱਤੇ ਅਸਰ ਲੱਭੇ ਸਨ ਕੁਝ ਕੁ ਬੱਚਿਆਂ ਦੇ ਡੀ.ਐੱਨ.ਏ. ਉੱਤੇ ਵੀ ਅਸਰ ਪਏ ਲੱਭੇ ਹੁਣ ਤਕ ਦੀ ਸਭ ਤੋਂ ਲੰਮੇ ਸਮੇਂ ਤਕ ਚੱਲੀ ਖੋਜ ਵਿੱਚ ਵੱਡਿਆਂ ਉੱਤੇ ਪੂਰੀ ਉਮਰ ਦੌਰਾਨ 1640 ਘੰਟੇ ਦੇ ਮੋਬਾਇਲ ਦੀ ਵਰਤੋਂ ਬਾਅਦ ਅਸਰ ਘੋਖੇ ਗਏ ਸਨਉਸ ਵਿਚਲੇ ਨਤੀਜੇ ਅੱਖਾਂ ਖੋਲ੍ਹਣ ਵਾਲੇ ਹਨ:

1. ਮੋਬਾਇਲ ਦੀ ਕੰਨ ਨਾਲ ਲਾ ਕੇ ਕੀਤੀ ਵਾਧੂ ਵਰਤੋਂ ਨਾਲ 15 ਤੋਂ 20 ਸਾਲਾਂ ਬਾਅਦ ਦਿਮਾਗ਼ ਦੇ ਟੈਂਪੋਰਲ ਹਿੱਸੇ ਦੇ ਕੈਂਸਰ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ

2. ਰੋਜ਼ ਦੀ 30 ਮਿੰਟ ਦੀ ਲਗਾਤਾਰ 10 ਸਾਲ ਤਕ ਮੋਬਾਇਲ ਦੀ ਵਰਤੋਂ ਬਾਅਦ ਦਿਮਾਗ਼ ਦੇ ਕੈਂਸਰ ਦਾ ਖ਼ਤਰਾ 40 ਫ਼ੀਸਦੀ ਵੱਧ ਹੋ ਜਾਂਦਾ ਹੈ

ਹੁਣ ਦੁਨੀਆਂ ਭਰ ਵਿੱਚ ਸੈੱਲ ਫ਼ੋਨ ਤੋਂ ਹੋ ਰਹੇ ਮਾੜੇ ਅਸਰਾਂ ਤੋਂ ਬਚਾਓ ਬਾਰੇ ਦੱਸਿਆ ਜਾਣ ਲੱਗ ਪਿਆ ਹੈਇਨ੍ਹਾਂ ਮਾੜੇ ਅਸਰਾਂ ਤੋਂ ਬਚਣ ਲਈ ਜੋ ਮਾਹਿਰਾਂ ਵੱਲੋਂ ਸੁਝਾਓ ਦਿੱਤੇ ਗਏ ਹਨ, ਉਹ ਹਨ:

1. ਨਿੱਕੇ ਬੱਚਿਆਂ ਤੋਂ ਮੋਬਾਇਲ ਦੂਰ ਰੱਖੋ ਤੇ ਇਸ ਨੂੰ ਖਿਡੌਣੇ ਵਾਂਗ ਨਾ ਫੜਾਓ

2. ਰਾਤ ਸੌਣ ਲੱਗਿਆਂ ਮੋਬਾਇਲ ਜਾਂ ਤਾਂ ਏਰੋਪਲੇਨ ਮੋਡ ਉੱਤੇ ਜਾਂ ਕਮਰੇ ਤੋਂ ਬਾਹਰ ਰੱਖੋ

3. ਪੂਰੇ ਸੈੱਲ ਫ਼ੋਨ ਉੱਤੇ ਮੋਟੇ ਕਵਰ ਚਾੜ੍ਹੋ ਜਿਵੇਂ ਫੋਮ ਜਾਂ ਚਮੜੇ ਦੇ

4. ਕੰਨ ਨਾਲ ਕਦੇ ਵੀ ਲਾ ਕੇ ਮੋਬਾਇਲ ਫ਼ੋਨ ਨਾ ਸੁਣਿਆ ਜਾਵੇ

5. ਹੱਥ ਖਾਲੀ ਰੱਖ ਕੇ, ਫ਼ੋਨ ਪਰ੍ਹਾਂ ਰੱਖ ਕੇ ਈਅਰ ਫ਼ੋਨ ਰਾਹੀਂ ਗੱਲ ਕੀਤੀ ਜਾ ਸਕਦੀ ਹੈ ਜਾਂ ਸਪੀਕਰ ਰਾਹੀਂ ਗੱਲ ਕਰਨੀ ਸਭ ਤੋਂ ਬਿਹਤਰ ਹੈ

6. ਜਿੰਨਾ ਹੋ ਸਕੇ, ਸੁਨੇਹੇ ਟਾਈਪ ਕਰ ਕੇ ਗੱਲ ਕਰ ਲੈਣੀ ਚਾਹੀਦੀ ਹੈ

7. ਮੋਬਾਇਲ ਫ਼ੋਨ ਉੱਤੇ ਲੰਮੀ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ

ਸਾਰ: ਨਵੀਆਂ ਖੋਜਾਂ ਜਿੱਥੇ ਜ਼ਿੰਦਗੀ ਆਸਾਨ ਬਣਾ ਦਿੰਦੀਆਂ ਹਨ, ਉੱਥੇ ਕੁਝ ਮਾੜੇ ਅਸਰ ਵੀ ਨਾਲ ਹੀ ਲੈ ਕੇ ਆਉਂਦੀਆਂ ਹਨਮੋਬਾਇਲ ਫ਼ੋਨਾਂ ਨੇ ਇੱਕ ਪਾਸੇ ਵਿਛੜਿਆਂ ਨੂੰ ਮਿਲਾ ਦਿੱਤਾ ਹੈ ਤਾਂ ਦੂਜੇ ਪਾਸੇ ਦੋਸਤਾਂ ਦੀਆਂ ਗਲਵਕੜੀਆਂ ਵਿੱਚ ਵਿੱਥ ਵੀ ਪਾ ਦਿੱਤੀ ਹੈ

ਮੋਬਾਇਲ ਵਰਤੀਏ ਜ਼ਰੂਰ ਪਰ ਇਹ ਧਿਆਨ ਰੱਖ ਕੇ ਕਿ ਮਾੜੀ ਬੀਮਾਰੀ ਨਾ ਸਹੇੜ ਲਈਏਸੋ ਬੱਚਿਆਂ ਤੋਂ ਦੂਰ ਰੱਖ ਕੇ, ਬੱਚਿਆਂ ਨਾਲ ਬੇਸ਼ਕੀਮਤੀ ਸਮਾਂ ਬਿਤਾ ਕੇ, ਉਨ੍ਹਾਂ ਦੇ ਪਿਆਰ ਦੁਲਾਰ ਦੇ ਸਮੇਂ ਨੂੰ ਖੋਹ ਕੇ ਮੋਬਾਇਲ ਨੂੰ ਨਾ ਦੇਈਏ ਤਾਂ ਜਿੱਥੇ ਘਰ ਦਾ ਮਾਹੌਲ ਸੁਖਾਵਾਂ ਹੋ ਜਾਵੇਗਾ, ਉੱਥੇ ਮੋਬਾਇਲ ਤੋਂ ਹੋ ਰਹੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਵੇਗਾ

ਸੋ, ਖ਼ੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ ਪਰ ਮੋਬਾਇਲ ਤੋਂ ਜ਼ਰਾ ਬਚ ਕੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3005)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author