HarshinderKaur7ਜ਼ਮੀਰਾਂ ਵਾਲਿਓਰਤਾ ਸਮਾਂ ਕੱਢ ਕੇ ਕੁਲਵਿੰਦਰ ਕੌਰ ਦੀ ਜ਼ਬਾਨੀ ਸੁਣੋ, ਉਹ ਕੀ ਕਹਿੰਦੀ ਹੈ ...
(15 ਦਸੰਬਰ 2016)


BhatindaKand1ਇਨ੍ਹਾਂ ਚਾਰ ਸ਼ਬਦਾਂ ਦੇ ਸਿਰਲੇਖ ਵਾਲੀ ਖ਼ਬਰ “ਇਕ ਡਾਂਸਰ ਦੀ ਮੌਤ” ਸ਼ਾਇਦ ਬਹੁਤਿਆਂ ਨੂੰ ਹੇਠਲੀ ਖ਼ਬਰ ਪੜ੍ਹਨ ਉੱਤੇ ਵੀ ਮਜਬੂਰ ਨਾ ਕਰੇ ਤੇ ਇਹ ਵੀ ਸੰਭਵ ਹੈ ਕਿ ਕਾਫ਼ੀ ਜਣੇ ਪੰਨੇ ਪਰਤ ਕੇ ਅਖ਼ਬਾਰ ਪਰ੍ਹਾਂ ਰੱਖਣ ਦੀ ਰੋਜ਼ਮਰਾ ਦੀ ਕਾਰਗੁਜ਼ਾਰੀ ਤੱਕ ਹੀ ਸੀਮਤ ਹੋ ਜਾਣ। ਬਥੇਰੇ ਹੋਣਗੇ ਜਿਹੜੇ ਸੁਰਖ਼ੀ ਬਟੋਰਨ ਵਾਸਤੇ ਡਾਂਸਰ ਦੇ ਚਰਿੱਤਰ ਅਤੇ ਹੋਰ ਉਸ ਵਰਗੀਆਂ ਡਾਂਸਰਾਂ ਦੇ ਜਿਸਮ ਦੀ ਨੁਮਾਇਸ਼ ਉੱਤੇ ਨੁਕਤਾਚੀਨੀ ਵੀ ਕਰਨਗੇ।

ਮੀਡੀਆ ਵਾਸਤੇ ਵੀ ਅਗਲੇ ਦਿਨ ਦੀ ਇਕ ਹੋਰ ਖ਼ਬਰ ਨੂੰ ਸੁਰਖ਼ੀ ਬਣਾਉਣ ਦੀ ਕਾਹਲ ਹੋਵੇਗੀ। ਹੌਲੀ-ਹੌਲੀ ਇਹ ਕਿੱਸਾ ਇੱਥੇ ਹੀ ਸਿਮਟ ਕੇ ਖ਼ਤਮ ਹੋ ਜਾਵੇਗਾ। ਸਿਆਸਤਦਾਨਾਂ ਦੇ ਅਸਰ ਰਸੂਖ਼ ਹੇਠ, ‘ਦੇਣ - ਲੈਣ’ ਨਾਲ ਕੁੱਝ ਚਿਰ ਬਾਅਦ ਕੇਸ ਰਫਾ ਦਫ਼ਾ ਵੀ ਹੋ ਜਾਵੇਗਾ। ਜਿੰਨਾ ਚਿਰ ਗੁਨਾਹਗਾਰ ਅੰਦਰ ਤਾੜਿਆ ਜਾਵੇਗਾ, ਉੰਨਾ ਚਿਰ ਕੋਈ ਵਕੀਲ ਪੈਸੇ ਕਮਾਉਣ ਦੇ ਚੱਕਰ ਵਿਚ ਇਸਦੀ ਜ਼ਮਾਨਤ ਕਰਾਉਣ ਦਾ ਨੁਕਤਾ ਕੱਢ ਲਿਆਵੇਗਾ। ਉਸ ਤੋਂ ਬਾਅਦ ਗਵਾਹ ਖ਼ਰੀਦ ਲਏ ਜਾਣਗੇ।

ਫੇਰ ਕੁੱਝ ਮਹੀਨਿਆਂ ਬਾਅਦ ਇਕ ਹੋਰ ਅਜਿਹਾ ਕੇਸ ਹੋ ਜਾਣ ਬਾਅਦ ਜੈਸਿਕਾ ਤੇ ਕੁਲਵਿੰਦਰ ਕੌਰ ਵਰਗੀਆਂ ਨੂੰ ਯਾਦ ਕਰ ਲਿਆ ਜਾਵੇਗਾ! ਫੇਰ ਹੌਲੀ-ਹੌਲੀ ਤੰਦੂਰ ਵਿਚ ਭੁੰਨੀ ਨੀਨਾ ਅਤੇ ਸਤਿੰਦਰ ਕੌਰ, ਜੋ ਕੁੜੀ ਜੰਮਣ ਉੱਤੇ ਕਰੰਟ ਲਾ ਕੇ ਮਾਰ ਦਿੱਤੀ ਗਈ ਸੀ, ਵਾਂਗ ਇਹ ਸਾਰੀਆਂ ਭੁਲਾ ਦਿੱਤੀਆਂ ਜਾਣਗੀਆਂ। ਮਰਦ ਪ੍ਰਧਾਨ ਸਮਾਜ ਵਿਚ ਇਨ੍ਹਾਂ ‘ਕੀੜਿਆਂ-ਮਕੌੜਿਆਂ’ ਦੇ ਮਰ ਜਾਣ ਦਾ ਇੰਨਾ ਕੁ ਹੀ ਅਫ਼ਸੋਸ ਕੀਤਾ ਜਾਂਦਾ ਹੈ ਤੇ ਉਹ ਵੀ ਉਨ੍ਹਾਂ ਦਾ ਹੀ ਕਸੂਰ ਕੱਢ ਕੇ।

ਜ਼ਮੀਰਾਂ ਵਾਲਿਓ, ਰਤਾ ਸਮਾਂ ਕੱਢ ਕੇ ਕੁਲਵਿੰਦਰ ਕੌਰ ਦੀ ਜ਼ਬਾਨੀ ਸੁਣੋ, ਉਹ ਕੀ ਕਹਿੰਦੀ ਹੈ:

ਮੇਰੇ ਬਾਰੇ ਜਾਣਨ ਤੋਂ ਪਹਿਲਾਂ ਮੇਰੇ ਵਰਗੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਸਾਡਾ ਕੋਈ ਨਾਂ ਨਹੀਂ ਹੁੰਦਾ। ਰੰਗੇ ਹੋਏ ਧੌਲੇ, ਵਧਾਈਆਂ ਹੋਈਆਂ ਗੋਗੜਾਂ, ਸਿਫਾਰਿਸ਼ਾਂ ਨਾਲ ਪਾਸ ਹੋਏ ਵਿਹਲੜ ਸਾਨੂੰ ਕੰਜਰੀ ਕਹਿੰਦੇ ਹਨ। ਕੋਈ ਸਰੂਰ ਵਿਚ ਆ ਕੇਪੂਜਾ, ਗੁਲਾਬੋ, ਜੁਗਨੀ ਆਦਿ ਵੀ ਕਹਿ ਦਿੰਦਾ ਹੈ ਪਰ ਨਸ਼ੇ ਵਿਚ ਧੁੱਤ ਹੋ ਕੇ ਵੀ ਕਦੇ ਕੋਈ ਕੰਜਕ ਜਾਂ ਦੇਵੀ ਨਹੀਂ ਕਹਿੰਦਾ। ਤਾਕਤ ਦੇ ਨਸ਼ੇ ਵਿਚ ਚੂਰ ਆਪਣੇ ਅਲਸਾਏ ਮਾਸ ਨੂੰ ਮਸਤਾਉਣ ਲਈ ਸਾਡੇ ਪੈਰਾਂ ਵਿਚ ਘੁੰਗਰੂ ਬੰਨ੍ਹ ਕੇ ਸਾਨੂੰ ਭੁੱਖੇ ਢਿੱਡ ਤੇ ਲਿੱਸੇ ਤਨ ਰੱਖਿਆ ਜਾਂਦਾ ਹੈ। ਇਸ ਸੱਭਿਅਕ ਅਖਵਾਉਂਦੇ ਸਮਾਜ ਦੇ ਮੂੰਹ ਉੱਤੇ ਚੜ੍ਹੇ ਮੁਖੌਟੇ ਨੂੰ ਬਣਾਏ ਰੱਖਣ ਲਈ ਸਾਨੂੰ ਅੱਖਾਂ ਵਿਚ ਅਦਬ ਰੱਖ ਕੇ ਉਨ੍ਹਾਂ ਦੇ ਅਸ਼ਲੀਲ ਇਸ਼ਾਰਿਆਂ ਉੱਤੇ ਜਿਸਮ ਤੋਂ ਕਪੜੇ ਲਾਹ ਕੇ ਉਨ੍ਹਾਂ ਦੀਆਂ ਭੁੱਖੀਆਂ ਅੱਖਾਂ ਨੂੰ ਤ੍ਰਿਪਤ ਕਰਨਾ ਪੈਂਦਾ ਹੈ। ਨੋਟਾਂ ਦੀ ਬਰਸਾਤ ਹੇਠ ਕਠਪੁਤਲੀਆਂ ਬਣ ਕੇ ਨੱਚਣਾ ਪੈਂਦਾ ਹੈ ਤਾਂ ਜੋ ਆਪਣੇ ਬੱਚਿਆਂ ਦੇ ਭੁੱਖੇ ਢਿੱਡ ਭਰ ਸਕੀਏ। ਜਿਨ੍ਹਾਂ ਦਾ ਬਾਰਡਰ ਉੱਤੇ ਗੋਲੀ ਚੱਲਦੀ ਸੁਣ ਕੇ ਪਜਾਮਾ ਗਿੱਲਾ ਹੋ ਜਾਂਦਾ ਹੈ, ਉਨ੍ਹਾਂ ਹੀਜੜਿਆਂ ਹੱਥੋਂ ਨਸ਼ੇ ਵਿਚ ਧੁੱਤ ਹੋ ਕੇ ਕੀਤੇ ਬੰਦੂਕਾਂ ਦੇ ਫਾਇਰ ਅੱਗੇ ਸਾਨੂੰ ਬੇਜਾਨ ਜਿਸਮ ਵਾਂਗ ਇੰਜ ਹੀ ਮਰਨਾ ਪੈਂਦਾ ਹੈ ਤਾਂ ਜੋ ਸਾਡੇ ਚੁੱਲ੍ਹੇ ਮਘਦੇ ਰਹਿਣ। ਮੂੰਹ ਉੱਤੇ ਤੇਜ਼ਾਬ ਪੁਆ ਕੇ ਸਾਨੂੰ ਝੁਲਸਣਾ ਪੈਂਦਾ ਹੈ ਤਾਂ ਜੋ ਅਸੀਂ ਪੁਸ਼ਤ-ਦਰ-ਪੁਸ਼ਤ ਮਰਦ ਦੀ ਅਧੀਨਗੀ ਸਵੀਕਾਰ ਕਰਦੀਆਂ ਰਹੀਏ। ਲੱਚਰ ਗੀਤ ਸੰਗੀਤ ਉੱਤੇ ਥਿਰਕਦੇ ਕੰਬਦੇ ਬਜ਼ੁਰਗ ਗਾਉਂਦੇ ਨੇ- ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’, ‘ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ’, ‘ਜਿੱਥੇ ਹੁੰਦੀ ਏ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ’, ‘ਚੱਕ ਲਓ ਰਿਵਾਲਵਰ ਰਫ਼ਲਾਂ ਬਈ ਕਬਜ਼ਾ ਲੈਣਾ ਹੈ’, ‘ਲੰਘ ਗਈ ਮਜਾਜਣ ਖਹਿ ਕੇ ਚੱਕ ਲਓ ਓਏ ਚੱਕ ਲਓ ਵਾਹਿਗੁਰੂ ਕਹਿ ਕੇ, ‘ਲੱਕ ਟਵੰਟੀ ਏਟ ਕੁੜੀ ਦਾ ਫੋਟੀ ਸੈਵਨ ਵੇਟ ਕੁੜੀ ਦਾ’!

ਹੁਣ ਮੇਰੇ ਬਾਰੇ ਵੀ ਜਾਣੋ:

ਮੈਂ 15 ਮਹੀਨੇ ਪਹਿਲਾਂ ਵਿਆਹੀ ਗਈ ਸੀ। ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕਰਨ ਦਾ ਮੈਂ ਫ਼ੈਸਲਾ ਕੀਤਾ ਸੀ। ਮੇਰਾ ਪਤੀ ਵੀ ਬੜਾ ਹਿੰਮਤੀ ਸੀ। ਉਸ ਮੈਨੂੰ ਕੰਮ ਕਰਨ ਦੀ ਪੂਰੀ ਹੱਲਾਸ਼ੇਰੀ ਦਿੱਤੀ। ਮੈਂ ਉਸਨੂੰ ਦੱਸਿਆ ਕਿ ਮੈਂ ਆਪਣੇ ਮਾਪਿਆਂ ਲਈ ਪੁੱਤਰ ਵਾਂਗ ਰਹੀ ਹਾਂ ਤੇ ਉਂਜ ਹੀ ਅੱਗੋਂ ਵੀ ਮਾਲੀ ਮਦਦ ਕਰਨੀ ਹੈ ਕਿਉਂਕਿ ਮੈਂ ਆਪਣੇ ਭਰਾ ਦੇ ਤਿੰਨੋਂ ਬੱਚੇ, ਭਰਜਾਈ ਸਮੇਤ ਆਪਣੇ ਬਜ਼ੁਰਗ ਮਾਪਿਆਂ ਦੀ ਇਕਲੌਤੀ ਕਮਾਉਣ ਵਾਲੀ ਰਹਿ ਗਈ ਹਾਂ। ਮੇਰੇ ਪਤੀ ਨੇ ਵੀ ਦਿਨ ਰਾਤ ਇਕ ਕੀਤੀ ਪਈ ਸੀ। ਕੋਈ ਨੌਕਰੀ ਨਾ ਮਿਲਣ ਉੱਤੇ ਅਖ਼ੀਰ ਵਿਆਹਾਂ ਵਿਚ ਕੰਮ ਕਰਦੇ ਡਾਂਸ ਗਰੁੱਪ ਵਿਚ ਨੱਚਣ ਦਾ ਕੰਮ ਮਿਲਿਆ। ਹਰ ਪ੍ਰੋਗਰਾਮ ਦਾ ਇਕ ਹਜ਼ਾਰ ਰੁਪਇਆ ਮਿਲਦਾ ਸੀ। ਮਹੀਨੇ ਵਿਚ ਮਸਾਂ 10-12 ਪ੍ਰੋਗਰਾਮ ਹੁੰਦੇ ਤੇ ਦੇਰ ਰਾਤ ਤੱਕ ਲਗਾਤਾਰ ਸਟੇਜ ਉੱਤੇ ਨੱਚਣਾ ਪੈਂਦਾ। ਥਕਾਵਟ ਤੇ ਉਨੀਂਦਰਾ ਮਹਿਸੂਸ ਹੀ ਨਹੀਂ ਸੀ ਹੁੰਦਾ ਕਿਉਂਕਿ ਮਨ ਵਿਚ ਕਮਾਊ ਪੁੱਤ ਹੋਣ ਦਾ ਇਹਸਾਸ ਸੀ।

ਤਿੰਨ ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਕਿੰਨੀ ਖੁਸ਼ ਸੀ ਮੈਂ ਉਸ ਦਿਨ! ਅਸੀਂ ਉਸ ਦਿਨ ਰੱਜ ਕੇ ਖੁਸ਼ੀ ਮਨਾਈ। ਮੇਰੇ ਮਾਪਿਆਂ, ਸਹੁਰੇ, ਪਤੀ, ਭਰਜਾਈ, ਸਾਰਿਆਂ ਮੈਨੂੰ ਵਧਾਈਆਂ ਦਿੱਤੀਆਂ। ਮੇਰੀ ਮਾਂ ਤਾਂ ਮੈਨੂੰ ਦੁਆਵਾਂ ਦਿੰਦੀ ਥੱਕਦੀ ਨਹੀਂ ਸੀ। ਅਖ਼ੀਰ ਉਸ ਮੈਨੂੰ ਬੜਾ ਜ਼ੋਰ ਲਾਇਆ ਕਿ ਹੁਣ ਨੱਚਣਾ ਬੰਦ ਕਰ ਕੇ ਨਿੱਕੀ ਜਾਨ ਦਾ ਧਿਆਨ ਰੱਖਾਂ। ਪਰ, ਮੈਂ ਵੀ ਮਜਬੂਰ ਸੀ। ਜ਼ਿੰਮੇਵਾਰੀ ਹੀ ਸਿਰ ਉੱਤੇ ਏਨੀ ਭਾਰੀ ਸੀ। ਇਕੱਲੇ ਪਤੀ ਉੱਤੇ ਸਾਰਾ ਭਾਰ ਕਿਵੇਂ ਸੁੱਟ ਦਿੰਦੀ? ਫੇਰ ਸਾਰਿਆਂ ਦੇ ਕਹਿਣ ਉੱਤੇ ਫੈਸਲਾ ਲਿਆ ਕਿ ਚਲੋ ਆਖ਼ਰੀ ਇਕ ਸ਼ੋਅ ਮੌੜ ਮੰਡੀ, ਬਠਿੰਡਾ ਵਿਖੇ ਕਰ ਦਿੰਦੀ ਹਾਂ! ਉਸ ਤੋਂ ਬਾਅਦ ਆਪਣੇ ਬੱਚੇ ਦਾ ਪੂਰਾ ਧਿਆਨ ਰੱਖਾਂਗੀ।

ਅਖ਼ੀਰ ਸ਼ੋਅ ਦਾ ਵੀ ਦਿਨ ਆ ਗਿਆ। ਵਿਆਹ ਵਿਚ ਰੱਜ ਕੇ ਸ਼ਰਾਬਾਂ ਪੀਤੀਆਂ ਜਾ ਰਹੀਆਂ ਸਨ। ਜਿਉਂ-ਜਿਉਂ ਰਾਤ ਪੈਂਦੀ ਜਾ ਰਹੀ ਸੀ ਤੇ ਸ਼ੋਅ ਮੁੱਕਣ ਦੇ ਨੇੜੇ ਹੋ ਰਿਹਾ ਸੀ, ਮੈਨੂੰ ਆਪਣੇ ਅਣਜੰਮੇ ਬੱਚੇ ਦਾ ਖ਼ਿਆਲ ਆ ਰਿਹਾ ਸੀ। ਮੈਂ ਨੱਚਦੀ ਹੋਈ ਵੀ ਉਸ ਨਾਲ ਗੱਲੀਂ ਲੱਗੀ ਹੋਈ ਸੀ ਕਿ ਸੋਹਣਿਆ ਬੱਸ, ਆਖ਼ਰੀ ਵਾਰ ਅੱਜ ਮਾਂ ਨਾਲ ਨੱਚ ਲੈ, ਫੇਰ ਤਾਂ ਮੈਂ ਤੇਰੇ ਸਾਰੇ ਚਾਅ ਤੇ ਮਲ੍ਹਾਰ ਲਾਹਾਂਗੀ।

ਅਚਾਨਕ ਸ਼ਰਾਬ ਨਾਲ ਟੱਲੀ ਹੋਏ ਕੁੱਝ ਮੁਸ਼ਟੰਡਿਆਂ ਨੇ ਸਟੇਜ ਉੱਤੇ ਚੜ੍ਹ ਕੇ ਮੇਰੇ ਜਿਸਮ ਨੂੰ ਚੂੰਡਣਾ ਚਾਹਿਆ। ਆਰਕੈਸਟਰਾ ਵਾਲਿਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਉੱਤੇ ਸਖ਼ਤੀ ਨਾਲ ਮਨ੍ਹਾਂ ਕਰ ਦਿੱਤਾ। ਜਦੋਂ ਦੋ ਤਿੰਨ ਵਾਰ ਉਨ੍ਹਾਂ ਦੀ ਮੈਨੂੰ ਚਿੰਬੜਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਤਾਂ ਮੇਰੇ ਪਤੀ ਹਰਜਿੰਦਰ ਸਿੰਘ, ਜੋ ਰਤਾ ਦੂਰ ਖੜ੍ਹੇ ਸਨ, ਵੀ ਸਟੇਜ ਵੱਲ ਨੂੰ ਤੁਰ ਪਏ। ਸਾਹਮਣੇ ਖੜ੍ਹੇ ਲੱਕੀ ਗੋਇਲ ਨੇ ਇਕਦਮ ਦੁਨਾਲੀ ਖੋਹ ਕੇ ਪਲ ਛਿਣ ਵਿਚ ਹੀ ਮੈਨੂੰ ਆਪਣੇ ਬੱਚੇ ਨਾਲ ਗੱਲ ਕਰਦੀ, ਮਸਤ ਨੱਚਦੀ ਦੇ ਸਿਰ ਵਿੱਚੋਂ ਗੋਲੀ ਆਰ ਪਰ ਕੱਢ ਦਿੱਤੀ। ਮੈਂ ਥਾਏਂ ਢੇਰੀ ਹੋ ਗਈ। ਮੇਰੀ ਤਾਂ ਹਾਲੇ ਆਪਣੇ ਬੱਚੇ ਨਾਲ ਪੂਰੀ ਗੱਲ ਮੁੱਕੀ ਹੀ ਨਹੀਂ ਸੀ। ਉਹ ‘ਮਾਂ-ਮਾਂ’ ਕੂਕਦਾ ਪਿਆ ਸੀ। ਪਰ ਮੈਂ ਜਵਾਬ ਕਿਵੇਂ ਦਿੰਦੀ? ਮੇਰੇ ਸਿਰ ਵਿੱਚੋਂ ਲਹੂ ਦੀ ਧਤੀਰੀ ਵਗ ਤੁਰੀ। ਹਾਲੇ ਮੇਰੀ ਧੜਕਨ ਬੰਦ ਨਹੀਂ ਸੀ ਹੋਈ ਕਿਉਂਕਿ ਮੈਂ ਆਪਣੇ ਬੱਚੇ ਨੂੰ ਸਲਾਮਤ ਰੱਖਣਾ ਚਾਹੁੰਦੀ ਸੀ। ਮੇਰੀ ਲਾਸ਼ ਨੂੰ ਝਟਪਟ ਅਨੇਕ ਜਣਿਆਂ ਨੇ ਵੀਡੀਓ ਬਣਾ ਕੇ, ਤਸਵੀਰਾਂ ਖਿੱਚ ਕੇ ਫੇਸ ਬੁੱਕ ਉੱਤੇ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਡਾਕਟਰ ਨੂੰ ਸੱਦਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਨੇ ਮੇਰੇ ਬੱਚੇ ਨੂੰ ਬਚਾਉਣ ਲਈ ਰਤਾ ਵੀ ਜ਼ੋਰ ਨਹੀਂ ਲਾਇਆ।

ਹਾਲੇ ਬਸ ਕਿੱਥੇ ਹੋਈ ਸੀ। ਚਾਰ ਜਣਿਆਂ ਨੇ ਖਿੱਚ ਕੇ ਪਾੜ ਕੇ ਮੇਰੀਆਂ ਲੱਤਾਂ ਫੜ ਲਈਆਂ ਤੇ ਪੌੜੀਆਂ ਉੱਤੋਂ ਧੂਅ ਕੇ ਮੈਨੂੰ ਘੜੀਸਦੇ ਹੋਏ ਸਟੇਜ ਤੋਂ ਥੱਲੇ ਲਾਹ ਦਿੱਤਾ। ਹਰ ਪੌੜੀ ਉੱਤੇ ਮੇਰਾ ਸਿਰ ਠਾਹ ਠਾਹ ਕਰ ਕੇ ਵੱਜਿਆ। ਮੇਰਾ ਦਿਲ ਵੀ ਜਵਾਬ ਦੇ ਗਿਆ। ਪਰ ਜਿਸ ਤਰੀਕੇ ਲੱਤਾਂ ਪਾੜ ਕੇ ਮੇਰਾ ਢਿੱਡ ਠਾਹ ਠਾਹ ਕਰ ਕੇ ਪੌੜੀਆਂ ਤੋਂ ਲਾਹ ਕੇ ਜ਼ਮੀਨ ਉੱਤੇ ਸੁੱਟ ਕੇ ਘੜੀਸਿਆ, ਮੇਰੇ ਬੱਚੇ ਦਾ ਵੀ ਸਾਹ ਖ਼ਤਮ ਹੋ ਗਿਆ।

ਭਲਾ ਹੋਏ ਸਾਰੇ ਸ਼ਰਾਬ ਵਿਚ ਟੁੰਨ ਹੋਏ ਬਰਾਤੀਆਂ ਦਾ, ਜਿਨ੍ਹਾਂ ਨੇ ਇਕ ਔਰਤ ਦੇ ਮੁਰਦਾ ਸਰੀਰ ਵਿੱਚੋਂ ਵੀ ਜਸ਼ਨ ਦਾ ਪੂਰਾ ਆਨੰਦ ਮਾਣਿਆ ਪਰ, ਮੇਰਾ ਬੱਚਾ ਮੇਰੇ ਹਵਾਲੇ ਕਰ ਦਿੱਤਾ। ਮੈਂ ਹੁਣ ਚੈਨ ਨਾਲ ਆਪਣੇ ਬੱਚੇ ਦੀ ਰੂਹ ਆਪਣੇ ਨਾਲ ਲੈ ਕੇ ਅੰਬਰੀਂ ਤੁਰ ਜਾਵਾਂਗੀ ਤਾਂ ਜੋ ਇਹੋ ਜਿਹਾ ਹੈਵਾਨੀਅਤ ਦਾ ਨੰਗਾ ਨਾਚ ਵੇਖਣ ਲਈ ਉਹ ਇੱਥੇ ਜਨਮ ਨਾ ਲਵੇ।

ਮੇਰੇ ਪਤੀ, ਸਹੁਰੇ ਤੇ ਮਾਪੇ ਰੋ ਰੋ ਬੇਹਾਲ ਹੋਈ ਜਾ ਰਹੇ ਹਨ। ਉਨ੍ਹਾਂ ਨੂੰ ਕਿਵੇਂ ਸਮਝਾਵਾਂ ਕਿ ਇਸ ਧਰਤੀ ਉੱਤੇ ਤਾਕਤ ਦਾ ਨਸ਼ਾ ਤੇ ਗ਼ਰੂਰ ਕਿਸੇ ਵੀ ਵੱਡੇ ਤੋਂ ਵੱਡੇ ਨਸ਼ੇ ਤੋਂ ਕਿਤੇ ਵੱਧ ਮਾਰ ਕਰਦਾ ਹੈ। ਦਿਮਾਗ਼ ਨੂੰ ਚੜ੍ਹਿਆ ਰਾਜਨੀਤਕ ਸ਼ਹਿ ਦੀ ਤਾਕਤ ਦਾ ਨਸ਼ਾ ਬੰਦੇ ਨੂੰ ਰੱਬ ਤੋਂ ਵੀ ਕਈ ਗੁਣਾਂ ਵੱਧ ਤਾਕਤਵਰ ਹੋਣ ਦਾ ਇਹਸਾਸ ਦੁਆ ਦਿੰਦਾ ਹੈ ਤੇ ਅੰਨ੍ਹਾ ਕਰ ਦਿੰਦਾ ਹੈ। ਅਜਿਹੇ ਅੰਨ੍ਹੇ ਨੂੰ ਆਪਣੇ ਸਾਹਮਣੇ ਹਰ ਜਣਾ ਕੀੜਾ ਮਕੌੜਾ ਜਾਪਦਾ ਹੈ।

ਅਖ਼ੀਰ ਵਿਚ ਧੰਨਵਾਦ ਕਰਦੀ ਹਾਂ ਸੋਸ਼ਲ ਮੀਡੀਆ ਦਾ, ਜਿਨ੍ਹਾਂ ਨੇ ਮੇਰੇ ਵਰਗੀ ਗਰੀਬ ਨਿਮਾਣੀ ਨੂੰ ਘੱਟੋ ਘੱਟ ਇਕ ਖ਼ਬਰ ਯੋਗ ਤਾਂ ਸਮਝਿਆ ਤੇ ਮੇਰੇ ਵਰਗੀਆਂ ਹੋਰਨਾਂ ਬਾਰੇ ਲੋਕਾਂ ਨੂੰ ਕੁੱਝ ਪਲਾਂ ਲਈ ਸੋਚਣ ਉੱਤੇ ਮਜਬੂਰ ਕੀਤਾ। ਅਲਵਿਦਾ!!”

**

ਇਹ ਸੀ ਕੁਲਵਿੰਦਰ ਕੌਰ ਦੀ ਕਹਾਣੀ। ਕੁੱਝ ਪਿਛਾਂਹ ਝਾਕੀਏ।

ਸਦੀਆਂ ਪਹਿਲਾਂ ਲਤਾੜੇ ਹੋਏ ਲੋਕਾਂ ਨੂੰ ਜ਼ੁਲਮ ਦੇ ਖ਼ਿਲਾਫ਼ ਖੜ੍ਹੇ ਕਰਨ ਦੀ ਹਿੰਮਤ ਬਖਸ਼ ਕੇ ਅਤੇ ਉਨ੍ਹਾਂ ਦਾ ਜ਼ਮੀਰ ਜਗਾ ਕੇ ਅੰਦਰ ਲੁਕੀ ਤਾਕਤ ਬਾਰੇ, ਉਨ੍ਹਾਂ ਨੂੰ ਜਾਗਰੂਕ ਕਰਨ ਦੀ ਇਕ ਇਤਿਹਾਸਕ ਘਟਨਾ ਵਾਪਰੀ ਸੀ। ਉਦੋਂ ਅਣਖੀਲੇ ਨੌਜਵਾਨ ਉੱਠੇ ਸਨ ਤੇ ਜ਼ਾਲਮਾਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਗਈ ਸੀ।

ਅੱਜਕਲ ਮਾਵਾਂ ਅਜਿਹੇ ਅਣਖੀਲੇ ਪੁੱਤਰ ਜੰਮਣੋਂ ਹਟ ਗਈਆਂ ਜਾਪਦੀਆਂ ਹਨ। ਇਸੇ ਲਈ ਜ਼ੁਲਮ ਦਿਨੋ ਦਿਨ ਵਧ ਰਿਹਾ ਹੈ ਤੇ ਜ਼ਾਲਮ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਿਆਂ ਆਪਣੀ ਗਿਣਤੀ ਵਧਾਉਣ ਵਿਚ ਲੱਗੇ ਹੋਏ ਹਨ। ਔਰਤ ਇਕ ਖਿਡੌਣਾ ਬਣਾ ਦਿੱਤੀ ਗਈ ਹੈ, ਇਸੇ ਲਈ ਹੁਣ ਕੁੱਖੋਂ ਸਿਰਫ਼ ਬਘਿਆੜ, ਗਿੱਦੜ ਤੇ ਰੀੜ੍ਹ ਦੀ ਹੱਡੀ ਤੋਂ ਬਗ਼ੈਰ, ਜੁੱਤੀ ਚੱਟ ਪਿੰਜਰ ਜੰਮਣੇ ਸ਼ੁਰੂ ਹੋ ਚੁੱਕੇ ਹਨ।

ਲਾਹਨਤ ਹੈ। ਲੱਖ ਲਾਹਨਤ!! ਕਦੇ ਤਾਂ ਵਕੀਲ ਵੀਰ ਆਪਣੇ ਜ਼ਮੀਰ ਨੂੰ ਜਗਾਉਣਗੇ ਤੇ ਅਜਿਹੇ ਕੇਸਾਂ ਵਿਚ ਗੁਨਾਹਗਾਰ ਨੂੰ ਬਚਾਉਣਾ ਬੰਦ ਕਰਨਗੇ। ਕਦੇ ਤਾਂ ਕਾਨੂੰਨ ਦੇ ਰਾਖੇ ਆਪਣੀ ਅੰਤਰ ਆਤਮਾ ਨੂੰ ਝੰਜੋੜ ਕੇ ਅਜਿਹੇ ਰਾਖ਼ਸ਼ਾਂ ਨੂੰ ਮਰਦੇ ਦਮ ਤਕ ਸਲਾਖ਼ਾਂ ਪਿੱਛੇ ਸੁੱਟਣ ਦੀ ਸਜ਼ਾ ਸੁਣਾਉਣਗੇ! ਕਦੇ ਤਾਂ ਲੋਕ ਸੜਕਾਂ ਉੱਤੇ ਉੱਤਰ ਕੇ ਆਪਣੇ ਹੱਕਾਂ ਬਾਰੇ ਹੁਕਮਰਾਨਾਂ ਨੂੰ ਕੰਨ ਪਾੜਵੀਆਂ ਚੀਕਾਂ ਨਾਲ ਜਗਾਉਣਗੇ!

ਨਿੱਤਰੋ ਮੈਦਾਨ ਵਿਚ! ਅੱਜ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਦਾ ਸਮਾਂ ਆ ਗਿਆ ਹੈ!! ਅੱਜ ਲੋੜ ਹੈ ਹਰ ਔਰਤ, ਹਰ ਬੱਚੀ ਨੂੰ ਇਕ ਜੁੱਟ ਹੋ ਕੇ ਅਜਿਹੀ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਇਸ ਵਿਰੁੱਧ ਜਿਹਾਦ ਛੇੜਨ ਦੀ ਤਾਂ ਜੋ ਅਜਿਹਾ ਨਰਕੀ ਕਾਰਾ ਕਰਨ ਵਾਲਿਆਂ ਦੀ ਨਕੇਲ ਕੱਸੀ ਜਾਏ। ਯਕੀਨਨ ਇਹ ਹੋ ਸਕਦਾ ਹੈ ਕਿਉਂਕਿ ਮੈਰਿਜ ਪੈਲਸਾਂ ਵਿਖੇ ਦਾਰੂ ਵਾਲਾ ਪਰਮਿਟ ਜੇ ਸਰਕਾਰ ਯਕੀਨੀ ਬਣਾ ਸਕਦੀ ਹੈ ਤਾਂ ਅਸਲੇ ਅਤੇ ਗੁੰਡਾਗਰਦੀ ਉੱਤੇ ਵੀ ਨਕੇਲ ਕੱਸ ਸਕਦੀ ਹੈ। ਸਿਰਫ਼ ਲੋਕ ਰੋਹ ਉਜਾਗਰ ਕਰਨ ਦੀ ਲੋੜ ਹੈ।

*****

(530)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author