HarshinderKaur7ਸਾਡੇ ਹੀ ਬੱਚੇ ਅਗਲੇ ਵੀਹ ਸਾਲਾਂ ਬਾਅਦ ਸਾਨੂੰ ਕੋਸਦੇ ਇੱਕ-ਇੱਕ ਬੂੰਦ ਪਾਣੀ ...
(15 ਜੁਲਾਈ 2020)

 

ਅਮਰੀਕਾ ਵਰਗਾ ਮੁਲਕ ਵੀ ਆਪਣੀ ਧਰਤੀ ਹੇਠਲਾ 65 ਫੀਸਦੀ ਪਾਣੀ ਖੇਤੀ ਲਈ ਵਰਤ ਰਿਹਾ ਹੈਬਾਕੀ ਮੁਰਗੀ ਪਾਲਣ ਜਾਂ ਹੋਰ ਪੰਛੀਆਂ ਨੂੰ ਪਾਲਣ ਲਈ ਵਰਤਿਆ ਜਾ ਰਿਹਾ ਹੈ

ਧਰਤੀ ਹੇਠਲੇ ਪਾਣੀ ਵਿੱਚ ਕੀਟਨਾਸ਼ਕ, ਗੈਸ, ਤੇਲ, ਸੈਪਟਿਕ ਟੈਂਕ ਤੇ ਫੈਕਟਰੀਆਂ ਵਿੱਚੋਂ ਨਿਕਲਦੀ ਗੰਦਗੀ ਰਲਦੀ ਜਾ ਰਹੀ ਹੈ ਜੋ ਪੀਣ ਯੋਗ ਪਾਣੀ ਨੂੰ ਪਲੀਤ ਕਰ ਚੁੱਕੀ ਹੈਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਹਵਾ ਵਿਚਲੀ ਗੰਦਗੀ ਵੀ ਹੌਲੀ-ਹੌਲੀ ਹੇਠਾਂ ਆਉਂਦੀ ਜ਼ਮੀਨ ਥੱਲੇ ਪਹੁੰਚ ਜਾਂਦੀ ਹੈ

ਜ਼ਮੀਨ ਹੇਠਲਾ ਪਾਣੀ ਵਾਤਾਵਰਣ ਵਿਚਲੀਆਂ ਤਬਦੀਲੀਆਂ ਉੱਤੇ ਵੀ ਅਸਰ ਪਾਉਂਦਾ ਹੈਇਸੇ ਮੌਸਮ ਵਿੱਚ ਤਬਦੀਲੀ ਸਦਕਾ ਹੀ ਬਰਸਾਤ ਦੇ ਮੌਸਮ ਦਾ ਵਾਧਾ ਘਾਟਾ ਵੀ ਵੇਖਣ ਵਿੱਚ ਆ ਰਿਹਾ ਹੈਉਸੇ ਆਧਾਰ ਉੱਤੇ ਗਰਮੀ ਵਿੱਚ ਵਾਧਾ ਅਤੇ ਨਦੀਆਂ ਵਿਚਲੇ ਪਾਣੀ ਦੀ ਘਾਟ ਦਿਸਣ ਲੱਗ ਪਈ ਹੈ

ਕਿਸੇ ਪਾਸੇ ਹੜ੍ਹ ਤੇ ਕਿਤੇ ਮਿੱਟੀ ਵਿਚਲੀ ਨਮੀ ਦੀ ਕਮੀ ਸਦਕਾ ਘੱਟ ਫਸਲ ਦਾ ਉੱਗਣਾ ਵੇਖਣ ਨੂੰ ਮਿਲ ਰਿਹਾ ਹੈ

ਪਹਾੜਾਂ ਦਾ ਸਰਕਣਾ ਤੇ ਜ਼ਮੀਨ ਦਾ ਧਸਣਾ ਵੀ ਧਰਤੀ ਹੇਠਲੇ ਪਾਣੀ ਦੀ ਕਮੀ ਸਦਕਾ ਹੋ ਰਿਹਾ ਹੈ

ਇਹ ਵੀ ਸਪਸ਼ਟ ਹੋ ਚੁੱਕਿਆ ਹੈ ਕਿ ਅਨੇਕ ਤਰ੍ਹਾਂ ਦੀ ਵਨਸਪਤੀ ਪਾਣੀ ਦੀ ਕਮੀ ਸਦਕਾ ਧਰਤੀ ਤੋਂ ਅਲੋਪ ਹੋ ਚੁੱਕੀ ਹੈਪੂਰੀ ਧਰਤੀ ਦੀ 40 ਫੀਸਦੀ ਫਸਲ ਸਿਰਫ਼ ਧਰਤੀ ਹੇਠਲੇ ਪਾਣੀ ਉੱਤੇ ਆਧਾਰਿਤ ਹੈ ਜਿਸ ਦੀ ਵਿਸ਼ਵ ਪੱਧਰ ਉੱਤੇ ਕਮੀ ਵੇਖਣ ਨੂੰ ਮਿਲ ਰਹੀ ਹੈ

ਕੁਦਰਤੀ ‘ਵਾਟਰ ਸਾਈਕਲ’ ਵਿੱਚ ਗੜਬੜੀ ਵੀ ਧਰਤੀ ਹੇਠਲੇ ਪਾਣੀ ਦੀ ਕਮੀ ਸਦਕਾ ਹੈ ਜਿਸ ਨਾਲ ਕੁਦਰਤੀ ਪਾਣੀ ਸਮੁੰਦਰਾਂ ਵਿੱਚ ਰਲਣ ਲੱਗ ਪਿਆ ਹੈ

ਭਾਰਤ, ਚੀਨ ਅਤੇ ਅਮਰੀਕਾ ਵਿੱਚ ਪਾਣੀ ਦੀ ਕਮੀ ਜ਼ਿਆਦਾ ਚਿੰਤਾ ਦਾ ਕਾਰਨ ਇਸ ਲਈ ਬਣ ਰਹੀ ਹੈ ਕਿਉਂਕਿ ਦੁਨੀਆ ਦੀ ਲਗਭਗ ਅੱਧੀ ਆਬਾਦੀ ਇਨ੍ਹਾਂ ਮੁਲਕਾਂ ਵਿੱਚ ਹੀ ਹੈਇਨ੍ਹਾਂ ਥਾਵਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਸ੍ਰੋਤ, ਜਿਨ੍ਹਾਂ ਨੂੰ ‘ਐਕਿਊਫਾਇਰ’ ਕਹਿੰਦੇ ਹਨ, ਘਟ ਚੁੱਕੇ ਹਨ

ਨੈਸ਼ਨਲ ਜੁਗਰਾਫਿਕ ਟੀ.ਵੀ. ਚੈਨਲ ਅਨੁਸਾਰ ਭਾਰਤ, ਪਾਕਿਸਤਾਨ, ਦੱਖਣੀ ਯੂਰਪ ਤੇ ਪੱਛਮੀ ਅਮਰੀਕਾ ਵਿੱਚ ਅਗਲੀ ਸਦੀ ਦੇ ਅੱਧ ਤਕ ਇੱਕ ਖਰਬ 80 ਕਰੋੜ ਲੋਕ ਪਾਣੀ ਦੀ ਕਮੀ ਖੁਣੋ ਮੌਤ ਦੇ ਮੂੰਹ ਵਿੱਚ ਜਾਣਗੇ ਇਸਦੇ ਨਾਲ ਹੀ ਇਰਾਨ ਤੇ ਮੈਕਸੀਕੋ ਦੇ ਅਣਗਿਣਤ ਲੋਕ ਫ਼ਨਾਹ ਹੋ ਜਾਣਗੇਅਨੇਕਾਂ ਜਾਨਵਰ ਹੁਣ ਵੀ ਲੁਪਤ ਹੋ ਚੁੱਕੇ ਹਨ ਅਤੇ ਬੇਅੰਤ ਹੋਰ ਬੇਮੌਤ ਮਾਰੇ ਜਾਣਗੇ

ਖੋਜ ਅਨੁਸਾਰ ਸੰਨ 2030 ਵਿੱਚ ਕੈਲੀਫੋਰਨੀਆ ਦੇ ਅਨੇਕ ਫਾਰਮ ਪਾਣੀ ਤੋਂ ਸੱਖਣੇ ਹੋ ਜਾਣ ਵਾਲੇ ਹਨਇਸੇ ਲਈ ‘ਡਰਿੱਪ ਇਰੀਗੇਸ਼ਨ’ ਅਤੇ ‘ਸਪਰਿੰਕਲਰ ਸਿਸਟਮ’ ਉੱਤੇ ਵੱਧ ਜ਼ੋਰ ਪਾਇਆ ਜਾਣ ਲੱਗ ਪਿਆ ਹੈਉਸੇ ਖੋਜ ਅਨੁਸਾਰ ਭਾਰਤ, ਸਪੇਨ ਤੇ ਇਟਲੀ ਵਿੱਚ ਸੰਨ 2040 ਤੋਂ ਸੰਨ 2060 ਤਕ ਪਹੁੰਚਦਿਆਂ ਪਾਣੀ ਮਿਲਣਾ ਬੰਦ ਹੋ ਜਾਣਾ ਹੈਓਕਲਾਹੋਮੋ, ਟੈਕਸਾਸ ਤੇ ਮੈਕਸੀਕੋ ਵਿੱਚ 2050 ਤੋਂ ਸੰਨ 2070 ਤਕ ਹੌਲੀ-ਹੌਲੀ ਧਰਤੀ ਹੇਠਲਾ ਪਾਣੀ ਉੱਕਾ ਹੀ ਖ਼ਤਮ ਹੋ ਜਾਵੇਗਾ

ਸੰਨ 1960 ਤੋਂ ਲਗਾਤਾਰ ਧਰਤੀ ਹੇਠੋਂ ਪਾਣੀ ਖਿੱਚਦੇ ਰਹਿਣ ਕਾਰਨ ਮਿਸ਼ੀਗਨ ਲੇਕ ਭਰਨ ਜਿੰਨਾ ਪਾਣੀ ਅਸੀਂ ਧਰਤੀ ਹੇਠੋਂ ਕੱਢ ਚੁੱਕੇ ਹਾਂ

ਸੰਨ 2015 ਵਿੱਚ ਸੈਟੇਲਾਈਟ ਰਾਹੀਂ ਖਿੱਚੀ ਫੋਟੋ ਰਾਹੀਂ ਪਤਾ ਲੱਗਿਆ ਸੀ ਕਿ ਵਿਸ਼ਵ ਦੇ ਧਰਤੀ ਹੇਠਲੇ 37 ਐਕਿਊਫਾਇਰਾਂ ਵਿੱਚੋਂ ਅਸੀਂ 21 ਮੁਕਾ ਚੁੱਕੇ ਹਾਂਪਾਣੀ ਵਿਗਿਆਨੀ ਜੇਅ ਫੈਮੀਗਲੇਟੀ, ਜੋ ਨਾਸਾ ਜੈੱਟ ਪ੍ਰੋਪੱਲਸ਼ਨ ਲੈਬਾਰਟਰੀ ਵਿੱਚ ਕੰਮ ਕਰਦਾ ਹੈ, ਨੇ ਸਪਸ਼ਟ ਕੀਤਾ ਹੈ ਕਿ ਧਰਤੀ ਹੇਠਲਾ ਪਾਣੀ ਖਿੱਚਣ ਵਾਸਤੇ ਵਾਧੂ ਬਿਜਲੀ ਵਰਤੀ ਜਾਣ ਲੱਗ ਪਈ ਹੈਪਰ, ਜੇ ਕਿਸੇ ਥਾਂ 300 ਫੁੱਟ ਤੋਂ ਹੇਠਾਂ ਪਾਣੀ ਲਈ ਬੋਰ ਕਰਨਾ ਪੈ ਜਾਏ ਤਾਂ ਸਮਝੋ ਖ਼ਤਰਾ ਕਈ ਗੁਣਾ ਵੱਧ ਚੁੱਕਿਆ ਹੈ

ਯੂਨੈਸਕੋ ਇੰਟਰਨੈਸ਼ਨਲ ਹਾਈਡਰੌਲੋਜੀਕਲ ਪ੍ਰੋਗਰਾਮ ਤੇ ਵਰਲਡ ਬੈਂਕ ਨੇ ਸੰਨ 2011 ਤੋਂ 2016 ਤਕ ਉਲੀਕੇ ਪ੍ਰੋਗਰਾਮਾਂ ਰਾਹੀਂ ਪੂਰੀ ਦੁਨੀਆ ਵਿਚਲੇ ਲੋਕਾਂ ਨੂੰ ਪਾਣੀ ਬਚਾਉਣ ਦਾ ਹੋਕਾ ਦਿੱਤਾ ਸੀ ਤੇ ਅਨੇਕ ਵਿਸ਼ਵ ਪੱਧਰੀ ਪ੍ਰੋਗਰਾਮਾਂ ਰਾਹੀਂ ਸਰਕਾਰਾਂ ਨੂੰ ਜਗਾਇਆ ਸੀ ਜਿਨ੍ਹਾਂ ਵਿੱਚ ਸਪਰਿੰਕਲਰ ਸਿਸਟਮ ਲਾਉਣੇ, ਪਾਣੀ ਦੀਆਂ ਮੋਟਰਾਂ ਘਟਾਉਣੀਆਂ, ਖੇਤਾਂ ਲਈ ਸੀਮਤ ਪਾਣੀ ਵਰਤਣਾ, ਉਹ ਫਸਲ ਲਗਾਉਣੀ ਜੋ ਘੱਟ ਪਾਣੀ ਮੰਗਦੀ ਹੋਵੇ, ਐਕੂਈਫਾਇਰ ਭਰਨ ਲਈ ਰੇਨ ਵਾਟਰ ਹਾਰਵੈਸਟਿੰਗ (ਮੀਂਹ ਦਾ ਪਾਣੀ ਸਾਂਭਣ ਦੇ ਜਤਨ), ਕੈਮੀਕਲਾਂ ਦੀ ਘੱਟ ਵਰਤੋਂ, ਫੈਕਟਰੀਆਂ ਦੀ ਗੰਦਗੀ ਤੇ ਮੁਰਗੀਘਰਾਂ ਦੀ ਗੰਦਗੀ ਰੋਕਣੀ, ਪਾਣੀ ਦੀ ਵਰਤੋਂ ਸੀਮਤ ਕਰਨੀ, ਕੀਟਨਾਸ਼ਕਾਂ ਦੀ ਵਰਤੋਂ ਰੋਕਣੀ, ਪਾਣੀ ਦੀ ਦੁਰਵਰਤੋਂ ਰੋਕਣੀ, ਗੁਸਲਖ਼ਾਨਿਆਂ ਵਿੱਚ ਪਾਣੀ ਦੀ ਘੱਟ ਵਰਤੋਂ, ਘਰ ਤੇ ਕਾਰਾਂ ਨੂੰ ਖੁੱਲ੍ਹੀਆਂ ਪਾਈਪਾਂ ਨਾਲ ਧੋਣਾ ਬੰਦ ਕਰਨਾ, ਹੋਟਲਾਂ ਵਿੱਚ ਪਾਣੀ ਦੀ ਵਰਤੋਂ ਘਟਾਉਣੀ, ਵੱਡੇ ਸਮਾਗਮਾਂ ਵਿੱਚ ਵਾਧੂ ਭਾਂਡੇ ਧੋਣ ਨਾਲੋਂ ਜਿੱਥੇ ਹੋ ਸਕੇ ਕਾਗਜ਼, ਪਲਾਸਟਿਕ, ਐਲਮੀਨੀਅਮ ਆਦਿ ਜਾਂ ਰੀਸਾਈਕਲ ਚੀਜ਼ਾਂ ਵਰਤੀਆਂ ਜਾਣ, ਆਦਿ

ਕੁਝ ਧਿਆਨ ਦੇਣ ਯੋਗ ਗੱਲਾਂ:

1. ਪੂਰੀ ਧਰਤੀ ਉੱਤੇ ਪੀਣ ਯੋਗ ਤਾਜ਼ਾ ਪਾਣੀ ਸਿਰਫ਼ ਤਿੰਨ ਫੀਸਦੀ ਹੈਇਸ ਵਿੱਚੋਂ 69 ਫੀਸਦੀ ਗਲੇਸ਼ੀਅਰਾਂ ਵਿੱਚ ਕੈਦ ਹੈ ਤੇ 30 ਫੀਸਦੀ ਧਰਤੀ ਹੇਠਬਾਕੀ ਉਨ੍ਹਾਂ ਝੀਲਾਂ, ਨਦੀਆਂ ਵਿੱਚ ਪਿਆ ਹੈ ਜੋ ਹਾਲੇ ਤਕ ਪ੍ਰਦੂਸ਼ਿਤ ਨਹੀਂ ਕੀਤੀਆਂ ਗਈਆਂ

2. ਧਰਤੀ ਹੇਠਲਾ ਪਾਣੀ ਘਟਣ ਨਾਲ ਹਰ ਸਾਲ ਸਮੁੰਦਰੀ ਤਲ ਇੱਕ ਮਿਲੀਮੀਟਰ ਉਤਾਂਹ ਆਉਂਦਾ ਜਾ ਰਿਹਾ ਹੈ ਤੇ ਧਰਤੀ ਦਾ ਘੇਰਾ ਘਟਾ ਰਿਹਾ ਹੈ

3. ਇਸ ਵੇਲੇ 23 ਮਿਲੀਅਨ ਕਿਊਬਿਕ ਕਿਲੋਮੀਟਰ ਧਰਤੀ ਹੇਠਲਾ ਪਾਣੀ ਵਰਤਿਆ ਜਾ ਰਿਹਾ ਹੈ

4. ਅੱਜ ਦੁਨੀਆ ਦੀ 80 ਫੀਸਦੀ ਵਸੋਂ ਪਾਣੀ ਦੀ ਕਮੀ ਨਾਲ ਜੂਝ ਰਹੀ ਹੈ ਅਤੇ 50 ਫੀਸਦੀ ਵਸੋਂ ਕੋਲ ਪੀਣ ਦੇ ਪਾਣੀ ਦਾ ਸੋਮਾ ਸਿਰਫ਼ ਧਰਤੀ ਹੇਠਲਾ ਪਾਣੀ ਹੈਇਹ ਤੱਥ ‘ਨੇਚਰ’ ਰਸਾਲੇ ਵਿੱਚ ਨਸ਼ਰ ਕੀਤੇ ਜਾ ਚੁੱਕੇ ਹਨ

5. ਇਸ ਵੇਲੇ ਵਿਸ਼ਵ ਭਰ ਦੇ 40 ਫੀਸਦੀ ਖੇਤ ਧਰਤੀ ਹੇਠਲੇ ਪਾਣੀ ਉੱਤੇ ਆਸ਼ਰਿਤ ਹਨ

6. ਸੰਨ 1960 ਤੋਂ ਹੁਣ ਤਕ ਧਰਤੀ ਹੇਠੋਂ ਪਾਣੀ ਕੱਢਣ ਵਿੱਚ 300 ਫੀਸਦੀ ਵਾਧਾ ਹੋ ਚੁੱਕਿਆ ਹੈ

7. ਯੂਨੀਸੈਫ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਪੰਜਾਬ ਵਿੱਚ ਸੰਨ 1998 ਤੋਂ ਬਾਅਦ ਘੱਟ ਮੀਂਹ ਪੈ ਰਿਹਾ ਹੈ ਤੇ ਲਗਾਤਾਰ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ ਜਿਸ ਵਿੱਚੋਂ ਲਗਾਤਾਰ ਖੇਤੀਬਾੜੀ ਲਈ ਖਿੱਚਿਆ ਜਾ ਰਿਹਾ ਹੈ

8. ਪੀਣ ਵਾਲੇ ਪਾਣੀ ਵਿੱਚ ਲਗਾਤਾਰ ਕੀਟਨਾਸ਼ਕ ਮਿਲਦੇ ਰਹਿਣ ਸਦਕਾ ਧਰਤੀ ਹੇਠਲੇ ਪਾਣੀ ਵਿੱਚ ਲੋੜੋਂ ਵੱਧ ਆਰਸੈਨਿਕ, ਸੀਲੀਨੀਅਮ, ਯੂਰੇਨੀਅਮ, ਸਿੱਕਾ, ਕਲੋਰਾਈਡ, ਨਾਈਟਰੇਟ, ਆਦਿ ਜਮ੍ਹਾਂ ਹੋ ਚੁੱਕੇ ਹਨਮਾਲਵੇ ਖੇਤਰ ਵਿੱਚ ਇਸਦੇ ਮਾੜੇ ਅਸਰ ਵੱਡੀ ਪੱਧਰ ਉੱਤੇ ਦਿਸਣੇ ਸ਼ੁਰੂ ਹੋ ਚੁੱਕੇ ਹਨ

9. ਟੁਲੂ ਪੰਪਾਂ ਅਤੇ ਖੇਤਾਂ ਲਈ ਪਾਣੀ ਖਿੱਚਣ ਵਾਸਤੇ ਵਧਦੇ ਜਾਂਦੇ ਟਿਊਬਵੈੱਲਾਂ ਨੇ ਸੰਨ 1984 ਵਿੱਚ 2.44 ਮਿਲੀਅਨ ਏਕੜ ਫੁੱਟ ਧਰਤੀ ਹੇਠਲੇ ਪਾਣੀ ਤੋਂ ਸੰਨ 2013 ਵਿੱਚ ਮਨਫ਼ੀ 11.68 ਮਿਲੀਅਨ ਏਕੜ ਫੁੱਟ ਤਕ ਪਹੁੰਚਾ ਦਿੱਤਾ ਹੈਲੁਧਿਆਣਾ, ਕਪੂਰਥਲਾ, ਗੁਰਦਾਸਪੁਰ ਤੇ ਸੰਗਰੂਰ ਵਿੱਚ 2013 ਵਿੱਚ ਹੀ ਵਾਰਨਿੰਗ ਜਾਰੀ ਕਰ ਦਿੱਤੀ ਗਈ ਸੀਉਦੋਂ ਟਿਊਬਵੈੱਲ ਲਈ ਕੀਤੇ ਬੋਰ 70 ਤੋਂ 128 ਫੁੱਟ ਤਕ ਪਹੁੰਚ ਗਏ ਸਨ ਜੋ ਹੁਣ ਕੁਝ ਇਲਾਕਿਆਂ ਵਿੱਚ 1200 ਫੁੱਟ ਤਕ ਕਰਨੇ ਪੈ ਰਹੇ ਹਨ

10. ਸੰਨ 1996 ਤੋਂ 2016 ਤਕ ਪੰਜਾਬ ਦੀ ਧਰਤੀ ਹੇਠਲਾ ਪਾਣੀ 10 ਜ਼ਿਲ੍ਹਿਆਂ ਵਿੱਚ 7 ਮੀਟਰ ਤੋਂ 22 ਮੀਟਰ ਤਕ ਹੇਠਾਂ ਚਲਾ ਗਿਆ ਸੀ ਜੋ ਹੁਣ ਕੁਝ ਹਿੱਸਿਆਂ ਵਿੱਚ 28 ਮੀਟਰ ਤਕ ਜਾ ਚੁੱਕਿਆ ਹੈ

11. ਪੰਜਾਬ ਕਦੇ ਵੀ ਝੋਨਾ ਬੀਜਣ ਵਾਲਾ ਇਲਾਕਾ ਨਹੀਂ ਸੀ ਮੰਨਿਆ ਗਿਆਸੰਨ 1939 ਵਿੱਚ 2.37 ਲੱਖ ਹੈਕਟੇਅਰ ਵਿੱਚ ਝੋਨਾ ਬੀਜਿਆ ਜਾਂਦਾ ਸੀ ਜੋ 1970 ਵਿੱਚ 9.62 ਤੇ ਸੰਨ 1980 ਤੋਂ 2016 ਵਿੱਚ 72 ਫੀਸਦੀ ਹਿੱਸੇ ਵਿੱਚ ਬੀਜਿਆ ਜਾਣ ਲੱਗ ਪਿਆ ਹੈਟਿਊਬਵੈੱਲ ਰਾਹੀਂ ਪਾਣੀ ਦੇਣ ਵਿੱਚ 1970 ਵਿੱਚ 56 ਫੀਸਦੀ ਪਾਣੀ ਵਰਤਿਆ ਜਾਂਦਾ ਸੀ ਜੋ ਸੰਨ 2015 ਵਿੱਚ 71 ਫੀਸਦੀ ਪਹੁੰਚ ਗਿਆਨਹਿਰਾਂ ਰਾਹੀਂ ਪਾਣੀ 45 ਫੀਸਦੀ ਤੋਂ ਘਟ ਕੇ 29 ਫੀਸਦੀ ਰਹਿ ਗਿਆ ਹੈ

12. ਪੰਜਾਬ ਵਿੱਚ ਇੱਕ ਕਿਲੋ ਚੌਲ ਉਗਾਉਣ ਲਈ 5,337 ਲਿਟਰ ਪਾਣੀ ਲੱਗਦਾ ਹੈ ਜਦਕਿ ਭਾਰਤ ਦੇ ਬਾਕੀ ਹਿੱਸਿਆਂ ਵਿੱਚ 3875 ਲਿਟਰ ਵਰਤਿਆ ਜਾਂਦਾ ਹੈਸੰਨ 1980 ਵਿੱਚ ਪੂਰੇ ਪੰਜਾਬ ਦਾ 13 ਹਜ਼ਾਰ 449 ਬਿਲੀਅਨ ਲਿਟਰ ਪਾਣੀ ਝੋਨਾ ਉਗਾਉਣ ਵਿੱਚ ਲੱਗਿਆ ਜੋ ਹੁਣ 59, 047 ਬਿਲੀਅਨ ਲਿਟਰ ਪਹੁੰਚ ਚੁੱਕਿਆ ਹੈਇਸ ਵਾਸਤੇ ਬਿਜਲੀ ਦੀ ਖਪਤ ਦਾ ਵਾਧਾ 1, 652 ਗੁਣਾ ਹੋ ਚੁੱਕਿਆ ਹੈ ਜਦ ਕਿ ਫਸਲ ਵਿੱਚ ਵਾਧਾ ਸਿਰਫ਼ 1.38 ਗੁਣਾ ਹੀ ਹੋਇਆ ਹੈ!

ਸਵਾਲ ਇਹ ਉੱਠਦਾ ਹੈ ਕਿ ਕੀ ਪੰਜਾਬ ਇਹ ਸਭ ਹੋਰ ਜਰ ਸਕਣ ਜੋਗਾ ਬਚਿਆ ਹੈ? ਯੂਨੀਸੈਫ ਅਨੁਸਾਰ ਤਾਂ ਪੰਜਾਬ ਰੇਗਿਸਤਾਨ ਬਣਨ ਵੱਲ ਹੈ ਤੇ ਇਸਦੀ ਸੱਭਿਅਤਾ ਮੋਇੰਜੋਦੜੋ ਵਾਂਗ ਸਮਾਪਤੀ ਵੱਲ ਚਾਲੇ ਪਾ ਚੁੱਕੀ ਹੈ!

ਕੋਈ ਜਾਗਦਾ ਬਚਿਆ ਹੋਵੇ ਤਾਂ ਹੋਰ ਸਭ ਚੀਜ਼ਾਂ ਦੀ ਚਿੰਤਾ ਛੱਡ ਕੇ ਸਭ ਤੋਂ ਪਹਿਲਾਂ ਝੋਨੇ ਦੀ ਫਸਲ ਦਾ ਬਦਲ ਲੱਭ ਕੇ ਪਾਣੀ ਦੇ ਨਿੱਘਰਦੇ ਜਾਂਦੇ ਪੱਧਰ ਵੱਲ ਧਿਆਨ ਕਰੇ ਅਤੇ ਟਿਊਬਵੈਲ ਲਾਉਣੇ ਬੰਦ ਕਰੀਏਜੇ ਹਾਲੇ ਵੀ ਚਿੰਤਾ ਨਹੀਂ, ਤਾਂ ਸੰਨ 2040 ਵਿੱਚ ਪਾਣੀ ਦੀ ਘਾਟ ਪੰਜਾਬੀਆਂ ਨੂੰ ਇਹ ਧਰਤੀ ਛੱਡਣ ਉੱਤੇ ਮਜਬੂਰ ਕਰ ਦੇਵੇਗੀਫੇਰ ਕੋਈ ਹੋਰ ਰਾਹ ਬਚਣਾ ਹੀ ਨਹੀਂ!

ਕੀ ਹੁਣ ਵੀ ਘਰਾਂ, ਕਾਰਾਂ ਨੂੰ ਖੁੱਲ੍ਹੀਆਂ ਪਾਈਪਾਂ ਨਾਲ ਧੋ ਕੇ ਗਲੀਆਂ ਵਿੱਚ ਪਾਣੀ ਜ਼ਾਇਆ ਕਰਨ ਵਾਲਿਆਂ, ਟੈਂਕੀ ਓਵਰਫਲੋ ਰਾਹੀਂ ਘੰਟਿਆਂ ਬੱਧੀ ਪਾਣੀ ਰੋੜ੍ਹਨ ਜਾਂ ਸੜਕਾਂ ਧੋਣ ਅਤੇ ਗੁਸਲਖ਼ਾਨੇ ਵਿੱਚ ਬੁਰਸ਼ ਕਰਨ ਲੱਗਿਆਂ ਅੱਧਾ ਘੰਟਾ ਸਿੰਕ ਵਿੱਚ ਅਜਾਈਂ ਪਾਣੀ ਰੋੜ੍ਹਨ ਵਾਲਿਆਂ ਵਿਰੁੱਧ ਆਉਣ ਵਾਲੀਆਂ ਨਸਲਾਂ ਨੂੰ ਪਾਣੀ ਦੀ ਘਾਟ ਖੁਣੋ ਤਿਲ-ਤਿਲ ਕਰਕੇ ਮਰਨ ਲਈ ਮਜਬੂਰ ਕਰਨ ਵਾਸਤੇ ਕਤਲ ਦਾ ਮੁਕੱਦਮਾ ਦਰਜ ਨਹੀਂ ਕਰ ਦੇਣਾ ਚਾਹੀਦਾ?

ਖ਼ਿਆਲ ਰਹੇ, ਸਾਡੇ ਹੀ ਬੱਚੇ ਅਗਲੇ ਵੀਹ ਸਾਲਾਂ ਬਾਅਦ ਸਾਨੂੰ ਕੋਸਦੇ ਇੱਕ-ਇੱਕ ਬੂੰਦ ਪਾਣੀ ਨੂੰ ਤਰਸਦੇ ਮੌਤ ਦੇ ਮੂੰਹ ਵਿੱਚ ਜਾਣਗੇ! ਉਸ ਸਮੇਂ ਖ਼ਬਰਾਂ ਹੋਣਗੀਆਂ- ਅੱਜ ਮਾਲਵੇ ਵਿੱਚ 4200 ਮੌਤਾਂ ਪਾਣੀ ਦੀ ਕਮੀ ਕਰ ਕੇ ਹੋਈਆਂ, ਅੱਜ ਪਾਣੀ ਦਾ ਟੈਂਕਰ ਲੁੱਟ ਲਿਆ ਗਿਆ!! ਰੱਬ ਰਾਖਾ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2253)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author