HarshinderKaur7“ਅਸੀਂ ਰਲਮਿਲ ਕੇ ਇਹ ਜੰਗ ਜਿੱਤ ਸਕਦੇ ਹਾਂ। ਪਰ, ਇਹ ਨਾ ਭੁੱਲਿਓ ਕਿ ਅਸਲ ਮੁਜਰਮ ...”
(5 ਮਈ 2021)

 

ਅਸੀਂ ਅੱਜ ਫੁੱਟਪਾਥਾਂ ਉੱਤੇ ਰੁਲਦੀਆਂ ਲਾਸ਼ਾਂ, ਇੱਕੋ ਚਿਤਾ ਉੱਤੇ ਦੱਸ ਮੁਰਦਾ ਸਰੀਰਾਂ ਦਾ ਸਾੜਿਆ ਜਾਣਾ, ਮੁਰਦਾਘਰਾਂ ਵਿੱਚ ਥਾਂ ਦੀ ਘਾਟ, ਐਂਬੂਲੈਂਸਾਂ ਵਿੱਚ ਆਕਸੀਜਨ ਲਈ ਤੜਫ਼ਦੇ ਮਰੀਜ਼ ਤੇ ਆਪਣਿਆਂ ਦੇ ਆਖ਼ਰੀ ਦਰਸ਼ਨਾਂ ਨੂੰ ਤਰਸਦੇ ਰਿਸ਼ਤੇਦਾਰਾਂ ਦੀਆਂ ਖ਼ਬਰਾਂ ਪੜ੍ਹਨ ਉੱਤੇ ਮਜਬੂਰ ਹੋ ਚੁੱਕੇ ਹਾਂਇਸ ਸਭ ਦਾ ਜ਼ਿੰਮੇਦਾਰ ਕੌਣ ਹੈ? ਪਹਿਲੀ ਉਂਗਲ ਸਾਡੇ ਵੱਲ ਹੀ ਉੱਠਦੀ ਹੈ! ਕਿਉਂ?

1. ਪੂਰੀ ਕਾਇਨਾਤ ਹਥਿਆ ਲੈਣ ਦੀ ਚਾਹ

2. ਕੁਦਰਤੀ ਸੋਮਿਆਂ ਦੀ ਤਬਾਹੀ

3. ਹੋਰ ਜੀਵ ਜੰਤੂਆਂ ਅਤੇ ਬਨਸਪਤੀ ਨੂੰ ਮੁਕਾਉਣ ਦੇ ਜਤਨ

4. ਧਰਮ ਨੂੰ ਉਗਰਾਹੀ ਦਾ ਮਾਧਿਅਮ ਬਣਾ ਕੇ ਰੱਖ ਦੇਣਾ

5. ਸਿਹਤ ਨਾਲੋਂ ਪੱਬਾਂ, ਹੋਟਲਾਂ, ਮੂਰਤੀਆਂ ਤੇ ਸੈਰ ਸਪਾਟਿਆਂ ਵਾਲੀਆਂ ਥਾਂਵਾਂ ਉੱਤੇ ਵਾਧੂ ਖ਼ਰਚਾ ਕਰਨਾ

6. ਅਨਪੜ੍ਹ ਸਿਆਸੀ ਆਗੂਆਂ ਹੱਥ ਤਾਕਤ ਫੜਾ ਕੇ ਉਨ੍ਹਾਂ ਦੀਆਂ ਗ਼ਲਤ ਨੀਤੀਆਂ ਉੱਤੇ ਫਿਰ ਹਾਹਾਕਾਰ ਮਚਾਉਣੀ

ਕੁਝ ਖ਼ਬਰਾਂ ਵੱਲ ਧਿਆਨ ਕਰੀਏ:

1. ਰੈਲੀਆਂ ਵਿੱਚ ਵੱਡੇ-ਵੱਡੇ ਇਕੱਠ ਕਰ ਕੇ ਸਿਆਸਤਦਾਨਾਂ ਵੱਲੋਂ ਆਪਣੀ ਪਿੱਠ ਠੋਕਣੀ ਕਿ ਅਸੀਂ ਹਰਮਨ ਪਿਆਰੇ ਹਾਂਕੌਣ ਹਨ ਰੈਲੀਆਂ ਦੇ ਇਕੱਠ ਵਿਚ? ਕੌਣ ਜ਼ਿੰਮੇਵਾਰ ਹੈ ਉਸ ਇਕੱਠ ਤੋਂ ਬਾਅਦ ਫੈਲੀ ਬੀਮਾਰੀ ਨਾਲ ਵਧਦੀਆਂ ਮੌਤਾਂ ਦਾ?

2. ਇੰਦੌਰ ਵਿੱਚ ਆਕਸੀਜਨ ਦੇ ਭਰੇ ਟਰੱਕਾਂ ਨੂੰ ਪੌਣਾ ਘੰਟਾ ਰੋਕ ਕੇ ਸਿਆਸੀ ਆਗੂਆਂ ਨੇ ਆਪਣੀਆਂ ਤਸਵੀਰਾਂ ਖਿਚਾ ਕੇ ਖ਼ਬਰਾਂ ਲੁਆਈਆਂਉਸ ਤੋਂ ਬਾਅਦ ਟਰੱਕਾਂ ਅੱਗੇ ਦੋ ਵੱਖੋ-ਵੱਖ ਥਾਂਵਾਂ ਉੱਤੇ ਕਈ ਘੰਟੇ ਪੂਜਾ ਕੀਤੀ ਗਈਟਰੱਕ ਡਰਾਈਵਰ ਸ਼ੈਲੇਂਦਰ ਖੁਸ਼ਵਾਹ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਉਹ 700 ਕਿਲੋਮੀਟਰ ਲਗਾਤਾਰ ਟਰੱਕ ਚਲਾ ਕੇ ਆ ਰਿਹਾ ਹੈ ਤੇ ਰਾਹ ਵਿੱਚ ਉਸ ਨੇ ਅੱਖ ਵੀ ਨਹੀਂ ਝਪਕੀਸਿਰਫ਼ ਇੱਕ ਵਾਰ 15 ਮਿੰਟ ਰੁਕ ਕੇ ਰੋਟੀ ਖਾਧੀ ਤਾਂ ਜੋ ਮਰੀਜ਼ਾਂ ਨੂੰ ਬਚਾਉਣ ਲਈ ਛੇਤੀ ਤੋਂ ਛੇਤੀ ਆਕਸੀਜਨ ਪਹੁੰਚਾਈ ਜਾ ਸਕੇਹੁਣ ਇੱਥੇ ਸਾਢੇ ਤਿੰਨ ਘੰਟੇ ਸਿਰਫ਼ ਫੋਟੋਆਂ ਖਿਚਵਾਉਣ ਅਤੇ ਪੂਜਾ ਕਰਨ ਉੱਤੇ ਖਰਾਬ ਕਰਨ ਦਾ ਕੀ ਮਤਲਬ? ਉੰਨੀ ਦੇਰ ਵਿੱਚ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਨਾਲ 26 ਬੰਦ ਮਰ ਗਏ

ਇਸਦਾ ਜਵਾਬ ਅਸੀਂ ਦੇਣਾ ਹੈ! ਇਸ ਭਾਰੀ ਗੁਨਾਹ ਲਈ ਕੌਣ ਜ਼ਿੰਮੇਵਾਰ ਹੈ? ਕਿਸ ਨੇ ਇਹ ਸਿਆਸੀ ਆਗੂ ਚੁਣੇ?

3. ਵੱਡੇ ਛੋਟੇ ਧਾਰਮਿਕ ਸਮਾਗਮਾਂ ਬਾਅਦ ਕੋਵਿਡ ਬੀਮਾਰੀ ਨਾਲ ਪੀੜਤ ਮਰੀਜ਼ਾਂ ਦਾ ਵਾਧਾ ਹੋਣ ਦਾ ਮਤਲਬ ਕੀ ਅਸੀਂ ਸਮਝ ਸਕੇ ਹਾਂ? ਇਨ੍ਹਾਂ ਬੇਅੰਤ ਮੌਤਾਂ ਲਈ ਕੀ ਅਸੀਂ ਹੀ ਜ਼ਿੰਮੇਵਾਰ ਨਹੀਂ? ਕੀ ਅਸੀਂ ਧਰਮ ਨੂੰ ਪਾਖੰਡ ਵਿੱਚ ਤਾਂ ਨਹੀਂ ਤਬਦੀਲ ਕਰ ਦਿੱਤਾ? ਕਿਉਂ ਹੁਣ ਕਈ ਧਾਰਮਿਕ ਅਦਾਰਿਆਂ ਨੇ ਦਰਵਾਜ਼ੇ ਬੰਦ ਕਰ ਕੇ ਧਾਰਮਿਕ ਸਥਾਨ ਦੇ ਬਾਹਰਵਾਰ ਪੈਸਿਆਂ ਦੀ ਗੋਲਕ ਰੱਖ ਦਿੱਤੀ ਹੈ?

ਦੋ ਲੱਖ ਤੋਂ ਵੱਧ ਮੌਤਾਂ, ਵੀਹ ਲੱਖ ਤੋਂ ਵੱਧ ਦਾਖਲ ਮਰੀਜ਼, ਸਾਢੇ ਤਿੰਨ ਲੱਖ ਤੋਂ ਵੱਧ ਰੋਜ਼ ਦੇ ਨਵੇਂ ਕੇਸ, (21 ਅਪਰੈਲ 2021 ਦੀ ਰਿਪੋਰਟ) ਲਈ ਕੌਣ-ਕੌਣ ਜ਼ਿੰਮੇਵਾਰ ਹਨ?

4. ਟੀਕਾ ਤਿਆਰ ਕਰਨ ਵੱਲ ਧਿਆਨ ਕਰੀਏਅਮਰੀਕਾ ਅਤੇ ਯੂਰਪ ਵਿੱਚ ਟੀਕਾ ਤਿਆਰ ਕਰਨ ਲਈ ਸਰਕਾਰ ਵੱਲੋਂ ਵੱਖ ਫੰਡ ਐਡਵਾਂਸ ਵਿੱਚ ਦੇ ਦਿੱਤੇ ਗਏ ਕੁਝ ਪੱਤਰਕਾਰਾਂ ਦੀ ਨਿਰਪੱਖ ਪੱਤਰਕਾਰੀ ਰਾਹੀਂ ਕੱਢੀ ਰਿਪੋਰਟ ਅਨੁਸਾਰ ਭਾਰਤ ਵਿੱਚ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਕੰਪਨੀਆਂ ਨੂੰ ਟੀਕਾ ਤਿਆਰ ਕਰਨ ਲਈ ਕੁਝ ਵੀ ਨਹੀਂ ਦਿੱਤਾ ਗਿਆਖ਼ਬਰਾਂ ਅਨੁਸਾਰ ਸੀਰਮ ਇੰਸਟੀਚਿਊਟ ਨੇ 2000 ਕਰੋੜ ਰੁਪਏ ਪੱਲਿਓਂ ਲਾਏ ਤੇ ਬਾਕੀ 2200 ਕਰੋੜ ਦਾ ਖ਼ਰਚਾ ਬਿੱਲ ਗੇਟਸ ਤੇ ਮੈਲਿੰਡਾ ਫਾਊਂਡੇਸ਼ਨ ਨੇ ਦਿੱਤਾ

ਭਾਰਤ ਬਾਇਓਟੈੱਕ ਨੂੰ ਤਾਂ ਕੁਝ ਵੀ ਹਾਸਲ ਨਹੀਂ ਹੋਇਆਸਭ ਕੁਝ ਉਸਨੇ ਆਪਣੇ ਪੱਲਿਓਂ ਲਾਇਆਕੌਣ ਜ਼ਿੰਮੇਵਾਰ ਹੈ?

5. ਅਮਰੀਕਾ ਸਰਕਾਰ ਨੇ ਅਗਸਤ 2020 ਤਕ 44, 700 ਕਰੋੜ ਰੁਪਏ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤਾਯਾਨੀ ਛੇ ਬਿਲੀਅਨ ਡਾਲਰ! ਅਸੀਂ ਉਨ੍ਹਾਂ ਮਹੀਨਿਆਂ ਵਿੱਚ ਕੀ ਕਰ ਰਹੇ ਸੀ?

ਥਾਲੀਆਂ ਖੜਕਾਈਆਂ, ਸੂਰਜੀ ਪੂਜਾ, ਧਾਰਮਿਕ ਆਸਥਾ ਅਧੀਨ ਮੋਮਬੱਤੀਆਂ ਜਗਾਈਆਂ ਤੇ ਹੋਰ ਵੀ ਹਰ ਹੀਲੇ ਸਮੇਤ ਪ੍ਰਾਰਥਨਾ ਕੀਤੀਉਸ ਸਭ ਦੇ ਬਾਵਜੂਦ ਅੱਜ ਮੌਤਾਂ ਅਤੇ ਬੀਮਾਰਾਂ ਦੀ ਗਿਣਤੀ ਵਿੱਚ ਪੂਰੀ ਦੁਨੀਆ ਵਿੱਚ ਪਹਿਲੇ ਨੰਬਰ ਉੱਤੇ ਹਾਂ

ਖ਼ਬਰਾਂ ਅਨੁਸਾਰ 19 ਅਪਰੈਲ 2021 ਨੂੰ ਭਾਰਤ ਸਰਕਾਰ ਵੱਲੋਂ 4500 ਕਰੋੜ ਰੁਪਏ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤਾ ਗਿਆਜੇ ਟੀਕਿਆਂ ਦੀ ਗਿਣਤੀ ਵੱਲ ਝਾਤ ਮਾਰੀਏ ਤਾਂ ਭਾਰਤ ਨੂੰ ਹਰ ਮਹੀਨੇ 150 ਤੋਂ 200 ਮਿਲੀਅਨ ਟੀਕੇ ਚਾਹੀਦੇ ਹਨ ਪਰ, ਸਾਡੇ ਕੋਲ ਅੱਧੇ ਤੋਂ ਵੀ ਘੱਟ ਹਨ ਇਸਦਾ ਮਤਲਬ ਹੈ ਕਿ ਸਾਨੂੰ ਬਾਹਰੋਂ ਟੀਕੇ ਮੰਗਵਾਉਣ ਦੀ ਲੋੜ ਸੀ ਜੋ ਲਗਭਗ ਸੌ ਮਿਲੀਅਨ ਦੇ ਨੇੜੇ ਤੇੜੇ ਸਨਕੋਈ ਤਿਆਰੀ ਕੀਤੀ ਗਈ?

ਅਮਰੀਕਾ ਵਿੱਚ ਲੋਕਾਂ ਦੇ ਭਲੇ ਲਈ ਸਰਕਾਰ ਨੇ ਪਹਿਲਾਂ ਹੀ ਅਗਸਤ 2020 ਵਿੱਚ 400 ਮਿਲੀਅਨ ਟੀਕਿਆਂ ਲਈ ਚਾਰ ਕੰਪਨੀਆਂ ਨੂੰ ਪੈਸੇ ਫੜਾ ਦਿੱਤੇ ਸਨ ਖ਼ਬਰਾਂ ਅਨੁਸਾਰ ਯੂਰਪ ਨੇ ਵੀ ਨਵੰਬਰ 2020 ਵਿੱਚ ਕੰਪਨੀਆਂ ਤੋਂ ਅੱਠ ਸੌ ਮਿਲੀਅਨ ਟੀਕੇ ਖਰੀਦਣ ਲਈ ਪੈਸੇ ਐਡਵਾਂਸ ਫੜਾ ਦਿੱਤੇ ਸਨ ਭਾਰਤ ਵੱਲੋਂ ਜਨਵਰੀ 2021 ਵਿੱਚ ਸਿਰਫ਼ 16 ਮਿਲੀਅਨ ਟੀਕਿਆਂ ਲਈ ਪੈਸੇ ਫੜਾਏ ਗਏਚੇਤੇ ਰਹੇ ਕਿ ਸੰਨ 2019 ਵਿੱਚ ਇੱਕ ਮੂਰਤੀ ਵਾਸਤੇ ਭਾਰਤ ਸਰਕਾਰ ਨੇ 2, 063 ਕਰੋੜ (370 ਮਿਲੀਅਨ ਡਾਲਰ) ਖਰਚ ਦਿੱਤੇ ਸਨ

1.3 ਬਿਲੀਅਨ ਲੋਕਾਂ ਲਈ ਸਿਰਫ਼ 16 ਮਿਲੀਅਨ ਟੀਕੇ ਤੇ ਉਹ ਵੀ ਇੰਨੇ ਲੇਟ! ਕੌਣ ਜ਼ਿੰਮੇਵਾਰ ਹੈ? ਕੀ ਸਰਕਾਰ? ਨਹੀਂ, ਸਾਡਾ ਕਸੂਰ ਹੈਇਹ ਨੁਮਾਇੰਦੇ ਅਸੀਂ ਹੀ ਚੁਣਦੇ ਹਾਂਆਪਣੀਆਂ ਵੋਟਾਂ ਵੇਚਣ ਦਾ ਇਹੀ ਨਤੀਜਾ ਹੁੰਦਾ ਹੈ ਇਸ ਸਰਕਾਰੀ ਕੁਸ਼ਾਸਨ ਲਈ ਪੂਰੇ ਜ਼ਿੰਮੇਵਾਰੀ ਸਾਨੂੰ ਹੀ ਚੁੱਕਣੀ ਪੈਣੀ ਹੈ ਤੇ ਉਹ ਵੀ ਆਪਣੀ ਅਤੇ ਆਪਣਿਆਂ ਦੀਆਂ ਜਾਨਾਂ ਗੁਆ ਕੇ

6. ਲੋਕਾਂ ਵਿੱਚ ਅਤੇ ਵਿਸ਼ਵ ਪੱਧਰ ਉੱਤੇ ਹਾਹਾਕਾਰ ਮਚਣ ਬਾਅਦ ਹੁਣ ਹੋਰਨਾਂ ਮੁਲਕਾਂ ਤੋਂ ਟੀਕੇ ਮੰਗਵਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਹੈਸਵਾਲ ਇਹ ਹੈ ਕਿ ਉਹ ਕੰਪਨੀਆਂ ਪਹਿਲਾਂ ਆਪਣੇ ਮੁਲਕ ਦੇ ਬਾਸ਼ਿੰਦਿਆਂ ਨੂੰ ਟੀਕੇ ਲਾਉਣਗੀਆਂ, ਤਾਂ ਕੀ ਭਾਰਤ ਲਈ ਪੂਰੇ ਟੀਕੇ ਵੇਲੇ ਸਿਰ ਸਪਲਾਈ ਹੋ ਸਕਣਗੇ? ਜੇ ਹਜ਼ਾਰਾਂ ਲੱਖਾਂ ਮੌਤਾਂ ਹੋ ਜਾਣ ਬਾਅਦ ਟੀਕੇ ਪਹੁੰਚੇ ਤਾਂ ਇਸ ਤਬਾਹੀ ਦੀ ਕੌਣ ਜ਼ਿੰਮੇਵਾਰੀ ਲਏਗਾ? ਪਾਲਿਸੀ ਬਣਾਉਣ ਵਾਲੇ, ਅਨਪੜ੍ਹ ਸਿਆਸਤਦਾਨ ਜਾਂ ਵੋਟਾਂ ਵੇਚਣ ਵਾਲੇ?

ਇਹ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸਨ! ਸਿਰਫ਼ ਸਾਨੂੰ ਜਾਗਣ ਦੀ ਲੋੜ ਹੈ!

7. ਆਕਸੀਜਨ ਲਈ ਮਚੀ ਹਾਹਾਕਾਰ ਬਾਰੇ ਛਪੀਆਂ ਖ਼ਬਰਾਂ ਦਿਲ ਕੰਬਾਊ ਹਨ ਉੰਨੀਆਂ ਮੌਤਾਂ ਵਾਇਰਸ ਤੋਂ ਹੋਈ ਬੀਮਾਰੀ ਨਾਲ ਨਹੀਂ ਹੋਈਆਂ, ਜਿੰਨੀਆਂ ਆਕਸੀਜਨ ਦੀ ਕਮੀ ਨਾਲ ਹੋ ਚੁੱਕੀਆਂ ਹਨ

8. ਅਕਤੂਬਰ 2020 ਵਿੱਚ ਖ਼ਬਰਾਂ ਵੀ ਛਪੀਆਂ ਸਨ ਅਤੇ ਐਲਾਨ ਵੀ ਹੋਏ ਸਨ ਕਿ ਪੂਰੇ ਭਾਰਤ ਵਿਚਲੇ 150 ਜ਼ਿਲ੍ਹਾ ਪੱਧਰੀ ਹਸਪਤਾਲਾਂ ਵਿੱਚ 162 ਆਕਸੀਜਨ ਬਣਾਉਣ ਵਾਲੇ ਯੂਨਿਟ ਲਾਏ ਜਾਣਗੇਇਸ ਵਾਸਤੇ ਸਿਰਫ਼ 201 ਕਰੋੜ ਰੁਪਏ ਲੱਗਣੇ ਸਨ ਜੋ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚੋਂ ਵਰਤੇ ਜਾਣੇ ਸਨਛੇ ਮਹੀਨੇ ਬਾਅਦ ਤਕ ਸਿਰਫ਼ 33 ਹੀ ਯੂਨਿਟ ਲੱਗ ਸਕੇ ਹਨਉੱਤਰ ਪ੍ਰਦੇਸ ਵਿਚਲੇ 14 ਆਕਸੀਜਨ ਯੂਨਿਟਾਂ ਵਿੱਚੋਂ ਇੱਕ ਵੀ ਹਾਲੇ ਤਕ ਨਹੀਂ ਲਾਇਆ ਜਾ ਸਕਿਆਹੁਣ ਤਾਂ ਅਸੀਂ ਫ਼ੈਸਲਾ ਕਰ ਹੀ ਸਕਦੇ ਹਾਂ ਕਿ ਆਕਸੀਜਨ ਦੀ ਕਮੀ ਲਈ ਕੌਣ ਜ਼ਿੰਮੇਵਾਰ ਹੈ? ਡਾਕਟਰ? ਸਿਆਸਤਦਾਨ? ਕੰਪਨੀਆਂ?

ਇਨ੍ਹਾਂ ਮੌਤਾਂ ਲਈ ਕੌਣ ਫਾਹੇ ਟੰਗਿਆ ਜਾਣਾ ਚਾਹੀਦਾ ਹੈ? ਕਿਸ ਨੇ ਸਿਆਸੀ ਆਗੂ ਚੁਣੇ?

9. ਇਸ ਵੇਲੇ ਮਾਰੂ ਕਰੋਨਾ ਦੀ ਦੋਧਾਰੀ ਬਦਲੀ ਸ਼ਕਲ ਦਾ ਨਾਂ ਬੀ.1.167 ਹੈ ਜੋ ਧੜਾਧੜ ਹਜ਼ਾਰਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੀ ਹੈਇਸ ਬਾਰੇ ਪਹਿਲੀ ਵਾਰ 5 ਅਕਤੂਬਰ 2020 ਨੂੰ ਸਾਇੰਸਦਾਨਾਂ ਨੇ ਖੋਜ ਕਰਕੇ ਦੱਸ ਦਿੱਤਾ ਸੀਕੀ ਕਿਸੇ ਨੂੰ ਉਸ ਸਮੇਂ ਖ਼ਿਆਲ ਆਇਆ ਕਿ ਝਟਪਟ ਇਸ ਕੀਟਾਣੂ ਉੱਤੇ ਹੋਰ ਖੋਜਾਂ ਦੀ ਲੋੜ ਹੈ ਜਿਸ ਵਾਸਤੇ ਤੁਰੰਤ ਪੈਸੇ ਦੇ ਕੇ ਇਲਾਜ ਲੱਭਿਆ ਜਾਵੇ?

ਚੋਣ ਪ੍ਰਕਿਰਿਆ ਬਾਰੇ ਲਗਾਤਾਰ ਮੀਟਿੰਗਾਂ ਬਾਅਦ ਅਖ਼ੀਰ ਵਿਹਲੇ ਹੋ ਕੇ ਸਿਆਸਤਦਾਨਾਂ ਵੱਲੋਂ ਸੰਨ 2021 ਜਨਵਰੀ ਵਿੱਚ ਭਾਰਤ ਵਿੱਚ 10 ਲੈਬਾਰਟਰੀਆਂ ਖੋਲ੍ਹੀਆਂ ਗਈਆਂ ਜਿਨ੍ਹਾਂ ਨੇ ਵਾਇਰਸ ਦੀ ਜੀਨੋਮ ਸੀਕੂਐਂਸਿੰਗ ਕਰਨੀ ਸੀਅਪਰੈਲ 2021 ਤਕ ਖੋਜਾਂ ਹਾਲੇ ਜਾਰੀ ਸਨ ਕਿਉਂਕਿ ਜਿਹੜੇ 115 ਕਰੋੜ ਰੁਪਏ ਇਨ੍ਹਾਂ ਲੈਬਾਰੇਟਰੀਆਂ ਨੂੰ ਦਿੱਤੇ ਜਾਣੇ ਸਨ, ਉਹ ਹਾਲੇ ਤਕ ਦਿੱਤੇ ਹੀ ਨਹੀਂ ਗਏਹੁਣ ਬਾਇਓਟੈਕਨਾਲੋਜੀ ਵਿਭਾਗ ਨੂੰ ਇਹ ਪੈਸੇ ਆਪਣੇ ਵੱਲੋਂ ਹੀ ਕਿਸੇ ਵਸੀਲੇ ਹਾਸਲ ਕਰਨ ਲਈ ਕਹਿ ਦਿੱਤਾ ਗਿਆ ਹੈ ਵਿਭਾਗ ਬਹੁਤ ਮੁਸ਼ਕਲ ਨਾਲ ਸਿਰਫ਼ 80 ਕਰੋੜ ਹੀ ਹਾਸਲ ਕਰ ਸਕਿਆ ਜੋ ਕਿ ਉਸ ਨੂੰ 31 ਮਾਰਚ 2021 ਨੂੰ ਮਿਲੇਇਨ੍ਹਾਂ ਛੇ ਮਹੀਨਿਆਂ ਵਿਚਲੇ ਲੱਖਾਂ ਮਰੀਜ਼ਾਂ ਤੇ ਹਜ਼ਾਰਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ? ਕੀ ਸਾਨੂੰ ਹਾਲੇ ਵੀ ਸਮਝ ਨਹੀਂ ਆ ਰਹੀ ਕਿ ਸੂਬੇ ਦੀ ਹੋਵੇ ਜਾਂ ਮੁਲਕ ਦੀ ਤਰੱਕੀ, ਇਸ ਵਾਸਤੇ ਸਾਡੀ ਅਕਲ ਅਨੁਸਾਰ ਚੁਣੇ ਨੁਮਾਇੰਦਿਆਂ ਦਾ ਹੀ ਰੋਲ ਹੁੰਦਾ ਹੈਉਨ੍ਹਾਂ ਨੁਮਾਇੰਦਿਆਂ ਨੇ ਆਪਣੀ ਸਮਝ ਅਨੁਸਾਰ ਪਹਿਲ ਦੇ ਆਧਾਰ ਉੱਤੇ ਕੰਮ ਕਰਨੇ ਹੁੰਦੇ ਹਨ ਕਿ ਪਹਿਲਾਂ ਆਪਣੀ ਸੀਟ ਪੱਕੀ ਕਰਨੀ ਹੈ, ਜੁਮਲੇ ਛੱਡਣੇ ਹਨ, ਲੋਕਾਂ ਨੂੰ ਲੁਭਾਉਣਾ ਹੈ ਜਾਂ ਉਨ੍ਹਾਂ ਦੀ ਜਾਨ ਬਚਾਉਣੀ ਹੈ!

10. ਕੀ ਸਿਹਤ ਤੇ ਸਿੱਖਿਆ ਨੂੰ ਕਿਸੇ ਸਿਆਸਤਦਾਨ ਨੇ ਪਹਿਲ ਦੇ ਆਧਾਰ ਉੱਤੇ ਲਿਆ ਹੈ? ਚੋਣ ਰੈਲੀਆਂ ਦੌਰਾਨ ਫੈਲੇ ਕਰੋਨਾ ਅਤੇ ਮਾਸਕ ਨਾ ਪਾਉਣ ਲਈ ਕਿਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ? ਸਿਆਸਤਦਾਨਾਂ ਨੂੰ ਜਾਂ ਆਮ ਲੋਕਾਂ ਨੂੰ?

11. ਲਾਕਡਾਊਨ ਕਿਸ ਨੇ ਲਾਇਆ ਤੇ ਇਸ ਨਾਲ ਕਿਸ ਨੂੰ ਵੱਧ ਨੁਕਸਾਨ ਹੋਇਆ? ਲੱਖਾਂ ਬੇਰੁਜ਼ਗਾਰ ਹੋਏ ਤੇ ਅਨੇਕਾਂ ਘਰੋਂ ਬੇਘਰ ਹੋਏਇਸ ਸਾਰੇ ਵਰਤਾਰੇ ਲਈ ਕੌਣ ਆਪਣੀ ਪਿੱਠ ਉੱਤੇ ਥਾਪੜਾ ਦੇ ਰਿਹਾ ਹੈ? ਕੀ ਸਾਨੂੰ ਦਿਸਣਾ ਤੇ ਸੁਣਨਾ ਬੰਦ ਹੋ ਚੁੱਕਿਆ ਹੈ? ਅਸੀਂ ਕਦੋਂ ਸਮਝਾਂਗੇ?

12. ਇਸ ਮਹਾਂਮਾਰੀ ਅਤੇ ਮੌਤ ਦੇ ਤਾਂਡਵ ਦੌਰਾਨ ਭਾਰਤ ਵਿੱਚ ਆਈ.ਪੀ.ਐੱਲ. ਮੈਚ ਜਾਰੀ ਰਿਹਾ ਜਿਸ ਵਿੱਚ ਹਰ ਖਿਡਾਰੀ ਨੂੰ ਕਰੋੜਾਂ ਰੁਪਏ ਦਿੱਤੇ ਗਏਕੀ ਕਿਸੇ ਨੇ ਆਵਾਜ਼ ਚੁੱਕੀ ਕਿ ਅਜਿਹੇ ਮੌਕੇ ਉਨ੍ਹਾਂ ਕਰੋੜਾਂ ਰੁਪਇਆਂ ਨਾਲ ਵਧੀਆ ਮੁਫ਼ਤ ਸਹੂਲਤਾਂ ਦੇਣ ਵਾਲੇ ਹਸਪਤਾਲ ਕਿਉਂ ਨਹੀਂ ਖੋਲ੍ਹੇ ਗਏ? ਕੀ ਕਿਸੇ ਭਾਰਤੀ ਖਿਡਾਰੀ ਨੇ ਇਸ ਬਾਰੇ ਸੋਚਿਆ? ਇਨ੍ਹਾਂ ਪੈਸਿਆਂ ਨਾਲ ਹਰ ਸੂਬੇ ਵਿੱਚ ਸੈਂਕੜੇ ਵਧੀਆ ਐਂਬੂਲੈਂਸਾਂ ਮੁਹਈਆ ਹੋ ਸਕਦੀਆਂ ਸਨ

13. ਭਾਰਤ ਦੀ ਅਰਥ ਵਿਵਸਥਾ ਕਿੱਧਰ ਜਾ ਰਹੀ ਹੈ? ਕੀ ਤੁਸੀਂ ਤੇ ਮੈਂ ਫਜ਼ੂਲ ਖਰਚੀ ਕਰ ਰਹੇ ਹਾਂ? ਕੌਣ ਖ਼ਰਬਾਂ ਦਾ ਹੇਰ ਫੇਰ ਕਰ ਕੇ, ਬੈਂਕ ਹਜ਼ਮ ਕਰ ਕੇ ਗਾਇਬ ਹੋ ਜਾਂਦਾ ਹੈ ਤੇ ਫਿਰ ਸਾਹਮਣੇ ਫਿਰਦਾ ਵੀ ਪਕੜ ਵਿੱਚ ਨਹੀਂ ਆਉਂਦਾ? ਕੌਣ ਗ਼ਰੀਬਾਂ ਲਈ ਦਿੱਤੇ ਫੰਡਾਂ ਦਾ ਗ਼ਬਨ ਕਰਦਾ ਹੈ? ਕੌਣ ਆਪਣੇ ਹੀ ਟੱਬਰ ਅਤੇ ਨਾਮਲੇਵਿਆਂ ਨੂੰ ਸਿਆਸਤ ਦੇ ‘ਕਿੱਤੇ’ ਵਿੱਚ ਕਮਾਈ ਕਰਨ ਲਈ ਅਗਾਂਹ ਧੱਕਦਾ ਹੈ?

14. ਕੀ ਕਿਸੇ ਨੂੰ ਪਤਾ ਹੈ ਕਿ ਅਸਲ ਵਿੱਚ ਆਕਸੀਜਨ ਦੀ ਕਮੀ ਤਾਂ ਭਾਰਤ ਵਿੱਚ ਹੈ ਹੀ ਨਹੀਂ! ਗੁਜਰਾਤ ਦੀ ਰਿਲਾਇੰਸ ਕੰਪਨੀ ਵਿੱਚ ਰੋਜ਼ 22, 000 ਟਨ ਆਕਸੀਜਨ ਤਿਆਰ ਹੋ ਰਹੀ ਹੈਪੂਰੇ ਭਾਰਤ ਵਿੱਚ ਰੋਜ਼ ਇੱਕ ਲੱਖ ਟਨ ਆਕਸੀਜਨ ਬਣਦੀ ਹੈ ਜਿਸ ਵਿੱਚੋਂ 80 ਫੀਸਦੀ ਸਟੀਲ ਪਲਾਂਟਾਂ ਵਿੱਚ ਵਰਤੀ ਜਾਂਦੀ ਹੈਇੰਡਸਟਰੀਅਲ ਤੇ ਮੈਡੀਕਲ ਆਕਸੀਜਨ ਵਿੱਚ ਨਾ-ਮਾਤਰ ਹੀ ਫ਼ਰਕ ਹੁੰਦਾ ਹੈ

ਫਿਰ ਆਖ਼ਰ ਦਿੱਕਤ ਕੀ ਹੈ? ਕਿਉਂ ਆਕਸੀਜਨ ਦੀ ਲੋੜ ਪੂਰੀ ਨਹੀਂ ਕੀਤੀ ਜਾ ਰਹੀ?

ਭਾਰਤ ਕੋਲ ਇੱਕ ਥਾਂ ਤੋਂ ਦੂਜੇ ਥਾਂ ਤਕ ਆਕਸੀਜਨ ਲਿਜਾਣ ਦੇ ਪੂਰਨ ਪ੍ਰਬੰਧ ਨਹੀਂ ਹਨਇੱਕ ਆਕਸੀਜਨ ਟੈਂਕਰ ਨੂੰ ਭਾਰਤ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਜਾਣ ਲਈ 4 ਕੁ ਦਿਨ ਲੱਗਦੇ ਹਨਵਾਪਸ ਪਰਤਣ ਤਕ ਪੂਰੇ 10 ਕੁ ਦਿਨ ਲੱਗ ਜਾਂਦੇ ਹਨਇਸ ਟੈਂਕਰ ਦਾ ਖ਼ਰਚ 45 ਲੱਖ ਪੈਂਦਾ ਹੈਇੱਕ ਆਕਸੀਜਨ ਦਾ ਸਿਲੰਡਰ 10, 000 ਦਾ ਪੈਂਦਾ ਹੈ ਜੋ 300 ਰੁਪਏ ਵਿੱਚ ਵੇਚਿਆ ਜਾਂਦਾ ਹੈ

ਸਵਾਲ ਇਹ ਹੈ ਕਿ ਕੀ ਆਕਸੀਜਨ ਹੋਰ ਮੁਲਕਾਂ ਤੋਂ ਮੰਗਵਾਉਣ ਦੀ ਲੋੜ ਹੈ? ਬਿਲਕੁਲ ਨਹੀਂ! ਸਿਰਫ਼ ਸਟੀਲ ਪਲਾਂਟਾਂ ਦਾ ਕੰਮ ਅੱਧਾ ਕਰ ਦਿੱਤਾ ਜਾਵੇ ਤਾਂ ਹਜ਼ਾਰਾਂ ਮਰੀਜ਼ ਬਚ ਸਕਦੇ ਹਨ ਕਿਉਂਕਿ ਲਿਕੂਇਡ ਆਕਸੀਜਨ ਦਾ ਭੰਡਾਰ ਭਾਰਤ ਵਿੱਚ ਪਿਆ ਹੈ!

ਗੱਲ ਉੱਥੇ ਹੀ ਟਿਕੀ ਹੈ! ਇਸ ਸਭ ਲਈ ਜ਼ਿੰਮੇਵਾਰ ਕੌਣ? ਕੀ ਸਾਡੇ ਕੋਲ ਪੜ੍ਹੇ ਲਿਖੇ ਜਾਂ ਸਮਝਦਾਰ ਲੋਕਾਂ ਦੀ ਘਾਟ ਹੈ? ਉਹ ਸਿਆਸਤ ਵਿੱਚ ਕਿਉਂ ਨਹੀਂ ਜਾਂਦੇ? ਕੌਣ ਆਪਣੀਆਂ ਵੋਟਾਂ ਦੀ ਦੁਰਵਰਤੋਂ ਕਰ ਕੇ ਇਨ੍ਹਾਂ ਸਮਝਦਾਰ ਲੋਕਾਂ ਨੂੰ ਦਰਕਿਨਾਰ ਕਰਦਾ ਹੈ? ਜੇ ਆਪਣੀ ਮੌਤ ਦੇ ਜਾਂ ਆਪਣੇ ਲੁੱਟੇ ਜਾਣ ਦੇ ਜ਼ਿੰਮੇਵਾਰ ਅਸੀਂ ਹਾਂ ਤਾਂ ਫਿਰ ਸਹੀ ਵੀ ਅਸੀਂ ਹੀ ਕਰਨਾ ਹੈ! ਕਦੋਂ? ਆਖ਼ਰ ਕਦੋਂ ਕੁੰਭਕਰਨੀ ਨੀਂਦਰ ਤੋਂ ਜਾਗਾਂਗੇ?

ਇੱਕ ਸਿਆਣਾ ਸਿਆਸਤਦਾਨ ਹੀ ਵੇਲੇ ਸਿਰ ਸਹੀ ਕਦਮ ਪੁੱਟ ਕੇ ਅਤੇ ਕਿਹੜੇ ਕੰਮ ਨੂੰ ਤਰਜੀਹ ਦੇਣੀ ਹੈ, ਬਾਰੇ ਚੰਗਾ ਫ਼ੈਸਲਾ ਲੈ ਸਕਦਾ ਹੈ

ਅਖ਼ੀਰ ਵਿੱਚ ਸਿਰਫ਼ ਇੱਕ ਕਹਾਣੀ ਸਾਂਝੀ ਕਰਨੀ ਚਾਹੁੰਦੀ ਹਾਂ ਜੋ ਸਾਡੇ ਯੋਗਦਾਨ ਨੂੰ ਬਾਖ਼ੂਬੀ ਸਮਝਾ ਦਿੰਦੀ ਹੈਇੱਕ ਸਮੁੰਦਰੀ ਤੂਫ਼ਾਨ ਬਾਅਦ ਹਜ਼ਾਰਾਂ ਮੱਛੀਆਂ ਕਿਨਾਰੇ ਬਾਹਰ ਤੜਫ਼ ਰਹੀਆਂ ਸਨਉੱਥੇ ਇੱਕ ਸੱਤ ਸਾਲਾਂ ਦਾ ਬੱਚਾ ਆਪਣੀ ਮਾਂ ਨਾਲ ਬਹਿ ਕੇ ਸਾਰਾ ਨੁਕਸਾਨ ਵੇਖ ਰਿਹਾ ਸੀਤੜਫ਼ਦੀਆਂ ਮੱਛੀਆਂ ਨੂੰ ਵੇਖ ਉਸ ਨੇ ਇੱਕ ਮੱਛੀ ਨੂੰ ਚੁੱਕ ਕੇ ਵਾਪਸ ਸਮੁੰਦਰ ਵਿੱਚ ਸੁੱਟ ਦਿੱਤਾਮੱਛੀ ਤੈਰਦੀ ਹੋਈ ਅਗਾਂਹ ਲੰਘ ਗਈਇੰਜ ਹੀ ਉਸ ਨੇ 20-25 ਹੋਰ ਮੱਛੀਆਂ ਸਮੁੰਦਰ ਵਿੱਚ ਸੁੱਟੀਆਂ ਤਾਂ ਉਸ ਦੀ ਮਾਂ ਕਹਿਣ ਲੱਗੀ, “ਇਸ ਨਾਲ ਕੀ ਫ਼ਰਕ ਪੈਣਾ? ਤੂੰ ਸਿਰਫ਼ ਆਪਣਾ ਵਕਤ ਜ਼ਾਇਆ ਕਰ ਰਿਹੈਂ! ਕਿੰਨੀਆਂ ਬਚਾ ਲਵੇਂਗਾ।”

ਬੱਚਾ ਅੱਗੋਂ ਅੱਖਾਂ ਪੂੰਝਦਾ ਹੋਇਆ ਬੋਲਿਆ, “ਮਾਂ, ਤੈਨੂੰ ਤੇ ਮੈਂਨੂੰ ਫ਼ਰਕ ਨਾ ਵੀ ਪਵੇ, ਪਰ ਜਿਹੜੀ ਇੱਕ ਮੱਛੀ ਬਚ ਗਈ, ਉਸ ਨੂੰ ਜ਼ਰੂਰ ਫ਼ਰਕ ਪੈਣਾ ਹੈ।”

ਬਿਲਕੁਲ ਇਹੋ ਕੁਝ ਸਾਡੇ ਉੱਤੇ ਲਾਗੂ ਹੁੰਦਾ ਹੈਚੁਫ਼ੇਰੇ ਮੌਤ ਦਾ ਤਾਂਡਵ ਵੇਖਦੇ ਹੋਏ ਜੇ ਅਸੀਂ ਸਿਰਫ਼ ਮਾਸਕ ਪਾ ਕੇ ਇੱਕ ਦੀ ਵੀ ਜਾਨ ਬਚਾ ਸਕਦੇ ਹਾਂ ਤਾਂ ਉਸ ਜਣੇ ਨੂੰ ਤੇ ਉਸ ਦੇ ਟੱਬਰ ਨੂੰ ਤਾਂ ਫ਼ਰਕ ਪੈਂਦਾ ਹੀ ਹੈਜੇ ਹਰ ਜਣਾ ਇਹ ਜ਼ਿੰਮੇਵਾਰੀ ਸਮਝ ਲਵੇ ਤਾਂ ਅਸੀਂ ਰਲਮਿਲ ਕੇ ਇਹ ਜੰਗ ਜਿੱਤ ਸਕਦੇ ਹਾਂ ਪਰ, ਇਹ ਨਾ ਭੁੱਲਿਓ ਕਿ ਅਸਲ ਮੁਜਰਮ ਕੌਣ ਹੈ? ਮਰਦਾਸ ਹਾਈ ਕੋਰਟ ਨੇ ਤਾਂ ਇਲੈਕਸ਼ਨ ਕਮਿਸ਼ਨ ਵਾਲਿਆਂ ਉੱਤੇ 302 ਦਾ ਮੁਕੱਦਮਾ ਦਰਜ ਕਰਨ ਨੂੰ ਕਹਿ ਦਿੱਤਾ ਹੈਕੀ ਹੁਣ ਅਸੀਂ ਆਪਣੀਆਂ ਵੋਟਾਂ ਦੀ ਸਹੀ ਵਰਤੋਂ ਕਰਨਾ ਸਿੱਖ ਸਕਾਂਗੇ ਜਾਂ ਹਾਲੇ ਹੋਰ ਮੌਤਾਂ ਦੀ ਉਡੀਕ ਕਰਾਂਗੇ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2753)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author