HarshinderKaur7ਵੇਲੇ ਸਿਰ ਇਸਦੀ ਵਰਤੋਂ ਘਟਾ ਲੈਣ ਨਾਲ ਅਨੇਕ ਰੋਗਾਂ ਤੋਂ ਬਚਾਓ ਹੋ ਸਕਦਾ ਹੈ ਤੇ ਲੰਮੀ ਜ਼ਿੰਦਗੀ ...
(25 ਜਨਵਰੀ 2022)


ਮੋਬਾਇਲ
ਫ਼ੋਨ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੋਇਆ ਹੈਇਸਦੀ ਵਰਤੋਂ ਕਰਦਿਆਂ ਕਦੋਂ ਕੋਈ ਜਣਾ ਇਸਦਾ ਆਦੀ ਬਣ ਜਾਂਦਾ ਤੇ ਕਦੋਂ ਮਾਨਸਿਕ ਰੋਗੀ, ਇਸ ਬਾਰੇ ਪਤਾ ਹੀ ਨਹੀਂ ਲੱਗਦਾਮੋਬਾਇਲ ਦੀ ਵਰਤੋਂ ਨਾਲ ਜੁੜੇ ਅਨੇਕ ਤਰ੍ਹਾਂ ਦੇ ਮਾਨਸਿਕ ਰੋਗ ਲੱਭੇ ਜਾ ਚੁੱਕੇ ਹਨਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮੋਬਾਇਲ ਦੀ ਲਤ ਤਾਂ ਨਹੀਂ ਲੱਗੀ? ਇਸ ਬਾਰੇ ਮਨੋਰੋਗ ਮਾਹਿਰਾਂ ਨੇ 11 ਨੁਕਤਿਆਂ ਬਾਰੇ ਦੱਸਿਆ ਹੈ, ਜੋ ਇਸ਼ਾਰਾ ਕਰਦੇ ਹਨ ਕਿ ਕਿਸੇ ਨੂੰ ਮੋਬਾਇਲ ਦੀ ਵਰਤੋਂ ਨਾਲ ਨੁਕਸਾਨ ਤਾਂ ਨਹੀਂ ਹੋਣਾ ਸ਼ੁਰੂ ਹੋਇਆਇਹ ਹਨ:

1. ਕੀ ਮੋਬਾਇਲ ਨੂੰ ਸਜਾਉਣ ਉੱਤੇ ਅਤੇ ਉਸ ਦੀ ਸਾਫ਼ ਸਫ਼ਾਈ ਕਰਦੇ ਰਹਿਣ ਦੇ ਨਾਲ ਲਗਾਤਾਰ ਫ਼ੋਨ ਕਵਰ ਬਦਲਣੇ ਆਦਿ ਕਿਤੇ ਮੋਬਾਇਲ ਦੀ ਕੀਮਤ ਜਿੰਨੇ ਖ਼ਰਚੇ ਉੱਤੇ ਤਾਂ ਨਹੀਂ ਪਹੁੰਚ ਚੁੱਕੇ?

2. ਮੋਬਾਈਲ ਵਿੱਚ 30 ਵੱਖੋ-ਵੱਖ ਐਪ ਡਾਊਨਲੋਡ ਕੀਤੇ ਜਾ ਚੁੱਕੇ ਹਨ?

3. ਕੀ ਮੋਬਾਇਲ ਵਿਚਲੇ ਟਵਿਟਰ, ਫੇਸਬੁੱਕ, ਵਟਸਐਪ ਵਿੱਚ ਰੁੱਝੇ ਆਪਣੇ ਜ਼ਰੂਰੀ ਕੰਮ ਦਾ ਵਕਤ ਜਾਂ ਦਵਾਈ ਦਾ ਸਮਾਂ ਤਾਂ ਨਹੀਂ ਖੁੰਝ ਰਿਹਾ? ਕੀ ਅਜਿਹੇ ਜ਼ਰੂਰੀ ਕੰਮਾਂ ਲਈ ਮੋਬਾਇਲ ਵਿੱਚ ਅਲਾਰਮ ਲਾਉਣਾ ਪੈਂਦਾ ਹੈ?

4. ਕੀ ਮੋਬਾਇਲ ਬਾਰੇ ਸੰਪੂਰਨ ਜਾਣਕਾਰੀ ਲੈਣ ਲਈ ਮੋਬਾਇਲ ਰਾਹੀਂ ਹੀ ਪਤਾ ਕਰਦੇ ਰਹਿੰਦੇ ਹੋ?

5. ਕੀ ਰੋਜ਼ ਦਾ ਮਿਲਿਆ ਡਾਟਾ ਪੂਰਾ ਵਰਤਿਆ ਜਾਂਦਾ ਹੈ ਤੇ ਹੋਰ ਦੀ ਲੋੜ ਮਹਿਸੂਸ ਹੁੰਦੀ ਹੈ?

6. ਕੀ ਟੈਕਸਟ ਮੈਸੇਜ ਤੁਹਾਡੇ ਦਿਨ ਦਾ ਇੱਕ ਚੌਥਾਈ ਸਮਾਂ ਖਾ ਰਹੇ ਹਨ?

7. ਕੀ ਤੁਹਾਡੇ ਫ਼ੋਨ ਦੀ ਬੈਟਰੀ ਪੂਰਾ ਦਿਨ ਚੱਲ ਜਾਂਦੀ ਹੈ? ਕਿਤੇ ਦੂਜੀ ਵਾਰ ਚਾਰਜ ਤਾਂ ਨਹੀਂ ਕਰਨਾ ਪੈਂਦਾ? ਕੀ ਕਿਸੇ ਥਾਂ ਪਹੁੰਚ ਕੇ ਸਭ ਤੋਂ ਪਹਿਲਾਂ ਚਾਰਜਰ ਲਾਉਣ ਲਈ ਥਾਂ ਤਾਂ ਨਹੀਂ ਲੱਭਣੀ ਪੈਂਦੀ?

8. ਕੀ ਫ਼ੋਨ ਹੱਥੋਂ ਡਿਗ ਜਾਣ ਉੱਤੇ ਦਿਲ ਦੀ ਧੜਕਨ ਇਕਦਮ ਰੁਕ ਗਈ ਜਾਪਦੀ ਹੈ? ਕੀ ਸਕਰੀਨ ਟੁੱਟ ਜਾਣ ਉੱਤੇ ਰਿਪੇਅਰ ਲਈ ਮੋਬਾਇਲ ਦੇਣ ਨਾਲ ਰਾਤ ਦੀ ਨੀਂਦਰ ਉੱਤੇ ਫ਼ਰਕ ਪੈਂਦਾ ਹੈ ਜਾਂ ਇੰਜ ਜਾਪਦਾ ਹੈ ਕਿ ਕੋਈ ਜ਼ਰੂਰੀ ਅੰਗ ਟੁੱਟ ਗਿਆ ਹੈ?

9. ਕੀ ਦੋਸਤਾਂ ਨਾਲ ਬੈਠਿਆਂ ਮੋਬਾਇਲ ਫ਼ੋਨ ਦੀਆਂ ਕਿਸਮਾਂ ਬਾਰੇ ਗੱਲਬਾਤ ਜਾਂ ਇੱਕ ਦੂਜੇ ਦੇ ਫ਼ੋਨ ਦੀ ਬਣਤਰ ਜਾਂ ਕਿਸਮ ਬਾਰੇ ਜ਼ਿਕਰ ਕੀਤਾ ਜਾਂਦਾ ਹੈ? ਨਵੇਂ ਐਪ ਬਾਰੇ ਵੀ ਜ਼ਿਕਰ ਚਲਦਾ ਹੈ?

10. ਜੇ ਕੰਮ ਉੱਤੇ ਜਾਂ ਘਰੋਂ ਬਾਹਰ ਖਾਣਾ ਖਾਣ ਜਾਣ ਲੱਗਿਆਂ ਫ਼ੋਨ ਘਰ ਰਹਿ ਜਾਵੇ ਤਾਂ ਉਸੇ ਵੇਲੇ ਕੰਮ ਛੱਡ ਕੇ ਵਾਪਸ ਫ਼ੋਨ ਲੈਣ ਜਾਣਾ ਪੈਂਦਾ ਹੈ? ਕੀ ਉਸ ਸਮੇਂ ਘਬਰਾਹਟ ਹੋਣ ਲੱਗ ਪੈਂਦੀ ਹੈ ਕਿ ਕੋਈ ਜ਼ਰੂਰੀ ਫ਼ੋਨ ਜਾਂ ਮੈਸੇਜ ਪੜ੍ਹਨਾ ਰਹਿ ਨਾ ਜਾਏ?

11. ਕੀ ਗੁਸਲਖਾਨੇ ਵਿੱਚ ਵੀ ਮੋਬਾਇਲ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ? ਕੀ ਸੁੱਤੇ ਉੱਠੇ ਸਭ ਤੋਂ ਪਹਿਲਾਂ ਮੋਬਾਇਲ ਫ਼ੋਨ ਚੁੱਕਣ ਨੂੰ ਮਨ ਉਕਸਾਉਂਦਾ ਹੈ?

ਜੇ ਉੱਪਰ ਦੱਸੇ 11 ਸਵਾਲਾਂ ਵਿੱਚੋਂ 8 ਦੇ ਜਵਾਬ ਹਾਂ ਵਿੱਚ ਹਨ ਤਾਂ ਇਸਦਾ ਮਤਲਬ ਹੈ ਕਿ ਮੋਬਾਇਲ ਦੀ ਲਤ ਲੱਗ ਚੁੱਕੀ ਹੈਇਸ ਤਰ੍ਹਾਂ ਦੀ ਲਤ ਹੌਲੀ-ਹੌਲੀ ਕਈ ਕਿਸਮਾਂ ਦੇ ਮਾਨਸਿਕ ਰੋਗਾਂ ਦੇ ਬੀਜ ਬੋ ਦਿੰਦੀ ਹੈ

ਇਹ ਮਾਨਸਿਕ ਰੋਗਾਂ ਦੇ ਬੀਜ ਹਨ:

1. ਵਧਦੀ ਚਿੰਤਾ।

2. ਛੇਤੀ ਘਬਰਾਹਟ ਮਹਿਸੂਸ ਕਰਨੀ।

3. ਤਣਾਓ ਮਹਿਸੂਸ ਹੋਣਾ।

4. ਸਿਰ ਪੀੜ ਰਹਿਣ ਲੱਗ ਪੈਣੀ।

5. ਇਕਦਮ ਭੜਕ ਜਾਣਾ।

6. ਛੇਤੀ ਗੁੱਸਾ ਆਉਣਾ।

7. ਦੂਜੇ ਵਿਰੁੱਧ ਭੱਦੀ ਸ਼ਬਦਾਵਲੀ ਵਰਤਣੀ।

8. ਦੂਜੇ ਨੂੰ ਭੰਡ ਕੇ ਮਨ ਅੰਦਰ ਤਸੱਲੀ ਮਹਿਸੂਸ ਹੋਣੀ।

9. ਪੱਠਿਆਂ ਵਿੱਚ ਪੀੜ ਰਹਿਣੀ।

10. ਨਜ਼ਰ ਘਟਣੀ।

11. ਅਜੀਬ ਆਵਾਜ਼ਾਂ ਸੁਣਾਈ ਦੇਣੀਆਂ।

12. ਖ਼ੁਰਕ ਹੁੰਦੀ ਜਾਪਣੀ।

13. ਨੀਂਦਰ ਪੂਰੀ ਨਾ ਆਉਣੀ।

14. ਸ਼ਰਾਬ ਪੀਣੀ ਸ਼ੁਰੂ ਕਰ ਦੇਣੀ, ਸਿਗਰਟਨੋਸ਼ੀ।

ਆਮ ਧਾਰਨਾ ਹੈ ਕਿ ਜੇ ਮੋਬਾਇਲ ਫ਼ੋਨ ਉੱਤੇ ਖੇਡਾਂ ਨਹੀਂ ਖੇਡੀਆਂ ਜਾ ਰਹੀਆਂ ਅਤੇ ਸਿਰਫ਼ ਕੰਮ ਲਈ ਵਰਤੇ ਜਾ ਰਹੇ ਹਨ ਤਾਂ ਇਹ ਬੀਮਾਰੀ ਨਹੀਂ ਮੰਨਣੀ ਚਾਹੀਦੀਇਸਦੇ ਉਲਟ ਮਨੋਵਿਗਿਆਨੀਆਂ ਨੇ ਲਤ ਲੱਗੀ ਮੰਨੀ ਹੈ- ਇੰਟਰਨੈੱਟ ਵਰਤੋਂ, ਕੈਮਰਾ, ਜੀ.ਪੀ.ਐੱਸ. ਰਾਹੀਂ ਰਸਤਾ ਲੱਭਣਾ, ਔਨਲਾਈਨ ਖ਼ਰੀਦੋ-ਫਰੋਖ਼ਤ, ਵੀਡੀਓ-ਕਾਲ, ਕੈਮ ਸਕੈਨਰ ਤੋਂ ਲੈ ਕੇ ਵੱਖੋ-ਵੱਖ ਖੇਡਾਂ ਸਮੇਤ ਜੇ ਲਗਾਤਾਰ ਮੋਬਾਇਲ ਦੀ ਵਰਤੋਂ ਹੋ ਰਹੀ ਹੈ ਤਾਂ ਇਹ ਲਤ ਹੀ ਮੰਨੀ ਜਾਵੇਗੀ ਕਿਉਂਕਿ ਪਰਿਵਾਰ ਲਈ ਸਮਾਂ, ਲਿਖਣ ਪੜ੍ਹਨ, ਘਰ ਦਾ ਕੰਮ, ਚਿੱਤਰਕਾਰੀ, ਦੋਸਤਾਂ ਨਾਲ ਘੁੰਮਣਾ ਆਦਿ ਸਭ ਕੁਝ ਮਨਫ਼ੀ ਹੋ ਜਾਂਦਾ ਹੈ

ਮੋਬਾਇਲ ਤੋਂ ਬਗ਼ੈਰ ਮਹਿਸੂਸ ਹੁੰਦੀ ਘਬਰਾਹਟ, ਬਦੋਬਦੀ ਫ਼ੋਨ ਵਿੱਚੋਂ ਕੁਝ ਨਾ ਕੁਝ ਲੱਭਣਾ ਆਦਿ ਸਾਨੂੰ ਮਾਨਸਿਕ ਪੱਖੋਂ ਕਮਜ਼ੋਰ ਕਰਦਾ ਰਹਿੰਦਾ ਹੈ

ਇਹ ਲਤ ਕਈ ਵਾਰ ਇੰਨੀ ਖ਼ਤਰਨਾਕ ਹੋ ਜਾਂਦੀ ਹੈ ਕਿ ਜਾਨ ਤਕ ਚਲੀ ਜਾਂਦੀ ਹੈਮਿਸਾਲ ਵਜੋਂ, ਗੱਡੀ ਚਲਾਉਂਦਿਆਂ ਮੈਸੇਜ ਕਰਨੇ, ਲਟਕ ਕੇ ਫੋਟੋ ਖਿੱਚਣੀ ਆਦਿਮੋਬਾਇਲ ਉੱਤੇ ਖੇਡੀ ਜਾ ਰਹੀ ਜੂਏ ਦੀ ਖੇਡ ਨੇ ਵੀ ਲੱਖਾਂ ਲੋਕਾਂ ਨੂੰ ਲਗਾਤਾਰ ਫ਼ੋਨ ਨਾਲ ਚਿਪਕਾ ਛੱਡਿਆ ਹੈਅਣਗਿਣਤ ਔਰਤਾਂ ਫ਼ੋਨ ਉੱਤੇ ਵਕਤੀ ਤੌਰ ਉੱਤੇ ਇਕਦਮ ਦਿਸਦੀ ‘ਸੇਲ’ ਸਦਕਾ ਲਗਾਤਾਰ ਫ਼ੋਨ ਚੈੱਕ ਕਰਦੀਆਂ ਰਹਿੰਦੀਆਂ ਹਨ

ਅਨੇਕ ਸੈਲਫ਼ੀਆਂ ਖਿੱਚ-ਖਿੱਚ ਕੇ ਲਗਾਤਾਰ ਇੰਟਰਨੈੱਟ ਉੱਤੇ ਚੜ੍ਹਾਉਣ ਦਾ ਮਾਨਸਿਕ ਰੋਗ ਪਾਲ ਲੈਂਦੇ ਹਨ

ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਇੰਟਰਨੈੱਟ ਦੇ ਆਦੀ ਬੰਦੇ ਦੋਸਤਾਂ ਮਿੱਤਰਾਂ ਤੋਂ ਟੁੱਟ ਜਾਂਦੇ ਹਨ ਤੇ ਇਕੱਲੇਪਨ ਦਾ ਸ਼ਿਕਾਰ ਹੋਣ ਲੱਗ ਪੈਂਦੇ ਹਨਇਸੇ ਲਈ ਇਨ੍ਹਾਂ ਵਿੱਚ ਢਹਿੰਦੀ ਕਲਾ ਅਤੇ ਖ਼ੁਦਕੁਸ਼ੀ ਦਾ ਰੁਝਾਨ ਕਾਫ਼ੀ ਵਧ ਜਾਂਦਾ ਹੈ

ਮਨੋਵਿਗਿਆਨੀਆਂ ਨੇ ਹੁਣ “ਮੋਬਾਈਲ ਫ਼ੋਨ ਅਡਿਕਸ਼ਨ ਕਰੇਵਿੰਗ ਸਕੇਲ” ਤਿਆਰ ਕੀਤੀ ਹੈ, ਜਿਸ ਅਧੀਨ ਆਪਣੇ ਆਪ ਨੂੰ ਸਵਾਲ ਕਰ ਕੇ ਪਤਾ ਲਾਇਆ ਜਾ ਸਕਦਾ ਹੈ ਕਿ ਮੋਬਾਇਲ ਦੀ ਲਤ ਲੱਗ ਚੁੱਕੀ ਜਾਂ ਨਹੀਂ:

* ਕੀ ਮੈਂ ਮੋਬਾਇਲ ਤੋਂ ਬਗ਼ੈਰ ਇੱਕ ਦਿਨ ਲੰਘਾ ਸਕਦਾ ਹਾਂ?

* ਕੀ ਮੈਂ ਗੁਸਲਖ਼ਾਨੇ ਅੰਦਰ ਮੋਬਾਇਲ ਲਿਜਾਣਾ ਬੰਦ ਕਰ ਸਕਦਾ ਹਾਂ?

* ਕੀ ਮੈਂ ਰਾਤ ਸੌਣ ਵੇਲੇ ਵੀ ਮੋਬਾਇਲ ਕਮਰੇ ਅੰਦਰ ਹੀ ਰੱਖਦਾ ਹਾਂ?

* ਕੀ ਮੈਂ ਮੋਬਾਇਲ ਨਾਲੋਂ ਹੱਥ ਵਿੱਚ ਕਿਤਾਬ ਫੜ ਕੇ ਪੜ੍ਹਾਈ ਕਰ ਸਕਦਾ ਹਾਂ?

* ਕੀ ਮੈਂ ਹਫ਼ਤੇ ਲਈ ਟਵਿਟਰ, ਫੇਸਬੁੱਕ, ਵਟਸਐਪ ਬੰਦ ਕਰ ਸਕਦਾ ਹਾਂ?

* ਮੈਂ ਮੋਬਾਇਲ ਵਿੱਚ ਅਲਾਰਮ ਲਾਉਣ ਦੀ ਥਾਂ ਆਪ ਕੰਮ ਕਰਨ ਦਾ ਸਮਾਂ ਯਾਦ ਰੱਖ

ਸਕਦਾ ਹਾਂ?

* ਕੀ ਮੈਂ ਘਰ ਦੇ ਕੰਮ ਕਰਦਿਆਂ, ਕਸਰਤ ਕਰਦਿਆਂ ਜਾਂ ਰੋਟੀ ਖਾਂਦਿਆਂ ਫ਼ੋਨ ਬੰਦ ਕਰ ਦਿੰਦਾ ਹਾਂ?

* ਕੀ ਮੈਂ ਕਿਸੇ ਜ਼ਰੂਰੀ ਮੀਟਿੰਗ ਦੌਰਾਨ ਜਾਂ ਦੋਸਤਾਂ ਨਾਲ ਹਾਸਾ ਠੱਠਾ ਕਰਦਿਆਂ ਵੀ ਫ਼ੋਨ ਬੰਦ ਨਹੀਂ ਕਰ ਸਕਦਾ? ਸਿਰਫ਼ ਆਵਾਜ਼ ਹੌਲੀ ਕਰ ਕੇ ਫ਼ੋਨ ਜ਼ਰੂਰ ਨਾਲ ਰੱਖਣਾ ਪੈਂਦਾ ਹੈ?

ਜੇ ਹੁਣ ਇਨ੍ਹਾਂ ਸਵਾਲਾਂ ਨੂੰ ਪੜ੍ਹ ਕੇ ਜਾਪਦਾ ਹੈ ਕਿ ਮੋਬਾਇਲ ਸਾਡੀ ਜ਼ਿੰਦਗੀ ਨੂੰ ਚੱਬਣ ਲੱਗ ਪਿਆ ਹੈ ਤੇ ਸਾਡੇ ਕੋਲੋਂ ਇੱਕ ਪਲ ਵੀ ਇਸ ਤੋਂ ਪਰ੍ਹਾਂ ਨਹੀਂ ਰਿਹਾ ਜਾਂਦਾ, ਤਾਂ ਹੁਣ ਸਮਾਂ ਹੈ ਮੋਬਾਇਲ ਵਰਤੋਂ ਸੀਮਤ ਕਰਨ ਦਾਜੇ ਆਪਣੇ ਆਪ ਨੂੰ ਹੋਰ ਆਹਰੇ ਲਾ ਕੇ ਵੀ ਮੋਬਾਇਲ ਹਮੇਸ਼ਾ ਚਾਲੂ ਰੱਖ ਕੇ ਨਾਲ ਹੀ ਰੱਖਣਾ ਪੈਂਦਾ ਹੈ ਤਾਂ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਲੈ ਕੇ ਘੱਟੋ-ਘੱਟ ਕੁਝ ਘੰਟੇ ਰੋਜ਼ ਹਰ ਹਾਲ ਮੋਬਾਇਲ ਬੰਦ ਕਰਨਾ ਹੀ ਚਾਹੀਦਾ ਹੈ

ਸਾਰ: ਮੋਬਾਇਲ ਫ਼ੋਨ ਤਣਾਓ ਦੇਣ ਦੇ ਨਾਲ-ਨਾਲ ਮਾਨਸਿਕ ਰੋਗੀ ਵੀ ਪੈਦਾ ਕਰਨ ਲੱਗ ਪਿਆ ਹੈਵੇਲੇ ਸਿਰ ਇਸਦੀ ਵਰਤੋਂ ਘਟਾ ਲੈਣ ਨਾਲ ਅਨੇਕ ਰੋਗਾਂ ਤੋਂ ਬਚਾਓ ਹੋ ਸਕਦਾ ਹੈ ਤੇ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3306)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author