HarshinderKaur7ਜੇ ਨਸ਼ੇ ਦੇ ਆਦੀ ਨੂੰ ਤਮਾਸ਼ਾ ਬਣਾਉਣ ਦੀ ਥਾਂ ਰੋਗੀ ਮੰਨ ਕੇ ...
(13 ਅਗਸਤ 2019)

 

23 ਨਵੰਬਰ 2018 ਨੂੰ ਬੀ.ਬੀ.ਸੀ. ਨੇ ਉਸ ਸਮੇਂ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਬਿਆਨ ਜਾਰੀ ਕੀਤਾ ਸੀ, “ਪੰਜਾਬ ਵਿੱਚ ਨਸ਼ਾ ਬਹੁਤ ਘੱਟ ਰਹਿ ਗਿਆ ਹੈ” ਜਦੋਂ ਪੱਤਰਕਾਰ ਨੇ ਅਗਲਾ ਸਵਾਲ ਪੁੱਛਿਆ ਕਿ ਕਿਉਂ ਸੰਨ 2018 ਵਿੱਚ ਪਿਛਲੇ ਸਾਲਾਂ ਨਾਲੋਂ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਵਿੱਚ ਵਾਧਾ ਹੋਇਆ ਹੈ ਅਤੇ ਕਿਉਂ ਕੁੜੀਆਂ ਵਿੱਚ ਵੀ ਨਸ਼ੇ ਦਾ ਰੁਝਾਨ ਵਧਣ ਲੱਗ ਪਿਆ ਹੈ, ਤਾਂ ਉਹ ਜਵਾਬ ਦੇਣ ਤੋਂ ਇਨਕਾਰੀ ਹੋ ਗਏ

ਆਲ ਇੰਡੀਆ ਇੰਸਟੀਚਿਊਟ ਦਿੱਲੀ ਵੱਲੋਂ ਸੰਨ 2015 ਵਿੱਚ ਜਾਰੀ ਕੀਤੀ ਰਿਪੋਰਟ ਅਨੁਸਾਰ ਉਸ ਸਮੇਂ ਪੰਜਾਬ ਵਿੱਚ 2 ਲੱਖ ਤੋਂ ਵਧ ਨਸ਼ੇੜੀ ਸਨ ਜਿਨ੍ਹਾਂ ਵਿੱਚੋਂ ਬਹੁਤ ਜਣਿਆਂ ਦੇ ਟੱਬਰ ਬੇਬਸੀ ਵਿੱਚ ਉਨ੍ਹਾਂ ਦੇ ਮਰਨ ਦੀ ਉਡੀਕ ਕਰ ਰਹੇ ਸਨ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਜੀ ਨੇ ਉਦੋਂ ਮੰਨਿਆ ਸੀ ਸ਼ਹਿਰਾਂ ਵਿੱਚ ਦਵਾਈਆਂ ਦੀਆਂ ਦੁਕਾਨਾਂ ਉੱਤੇ ਨਸ਼ਿਆਂ ਦੀਆਂ ਸ਼ੀਸੀਆਂ ਵਿਕ ਰਹੀਆਂ ਹਨ ਤੇ ਪਿੰਡਾਂ ਵਿੱਚ ਅਫੀਮ, ਭੰਗ ਅਤੇ ਹੈਰੋਇਨ ਵਿਕ ਰਹੇ ਹਨ

ਇੱਕ ਭਾਰਤੀ ਇੰਟੈਲੀਜੈਂਸ ਅਫਸਰ ਨੇ ਮੰਨਿਆ ਕਿ ਬਾਰਡਰ ਪਾਰ ਤੋਂ ਖੇਤਾਂ ਵਿੱਚ ਪੈਕਟ ਸੁੱਟ ਦਿੱਤੇ ਜਾਂਦੇ ਹਨ ਜਿੱਥੋਂ ਕਿਸਾਨ ਇਨ੍ਹਾਂ ਨੂੰ ਚੁੱਕ ਕੇ ਆਪਣੇ ਘਰ ਲੈ ਆਉਂਦੇ ਹਨਘਰ ਲਿਆਉਣ ਲਈ ਆਪਣੇ ਸੰਦਾਂ ਨੂੰ ਖੋਖਲੇ ਕਰ ਕੇ ਨਸ਼ੇ ਦੇ ਪੈਕਟ ਭਰ ਲਏ ਜਾਂਦੇ ਹਨ ਤੇ ਅੱਗੋਂ ਵਪਾਰੀ ਆਪਣੇ ਕੋਰੀਅਰ ਰਾਹੀਂ ਇਨ੍ਹਾਂ ਨੂੰ ਅਗਾਂਹ ਤੋਰ ਦਿੰਦੇ ਹਨ ਇਸ ਸਾਰੇ ਵਰਤਾਰੇ ਵਿੱਚ ਕਿਸੇ ਨੂੰ ਇੱਕ ਦੂਜੇ ਦੇ ਨਾਂ ਦਾ ਪਤਾ ਨਹੀਂ ਹੁੰਦਾਸਿਰਫ਼ ਕਿਸੇ ਨੰਬਰ ਜਾਂ ਕਿਸੇ ਸੁਨੇਹੇ ਨੂੰ ਹੀ ਆਧਾਰ ਬਣਾ ਕੇ ਕੰਮ ਕੀਤਾ ਜਾਂਦਾ ਹੈ

ਜੂਨ 2016 ਵਿੱਚ ਪਾਰਲੀਮੈਂਟ ਵਿੱਚ ਕਿਰਨ ਰਿਜੀਜੂ ਨੇ ਮੰਨਿਆ ਸੀ ਕਿ ਬਹੁਤ ਸਾਰੇ ਪੁਲਿਸ ਕਰਮੀ ਅਤੇ ਕੁਝ ਫੌਜ ਵਿਚਲੇ ਬੰਦੇ ਵੀ ਇਸ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਤੇ 68 ਜਣੇ ਫੜੇ ਵੀ ਜਾ ਚੁੱਕੇ ਹਨ

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦਿੱਲੀ ਨੇ ਆਪਣੀ ਖੋਜ ਰਾਹੀਂ ਪੁਸ਼ਟੀ ਕੀਤੀ ਹੈ ਕਿ ਵੱਡੀ ਗਿਣਤੀ ਕੁੜੀਆਂ ਵੀ ਨਸ਼ੇ ਦੀ ਲਤ ਪਾਲ ਚੁੱਕੀਆਂ ਹਨਬਹੁਤੀਆਂ ਆਪਣੇ ਆਪ ਨੂੰ ਅਗਾਂਹ ਵਧੂ ਸਾਬਤ ਕਰਨ ਦੇ ਚੱਕਰ ਵਿੱਚ, ਹਾਣੀਆਂ ਵੱਲੋਂ ਪਏ ਦਬਾਓ ਜਾਂ ਵੈਸੇ ਹੀ ਸ਼ੌਕੀਆ ਇਸ ਪਾਸੇ ਵੱਲ ਧੱਕੀਆਂ ਜਾਂਦੀਆਂ ਹਨ ਤੇ ਫਿਰ ਉਨ੍ਹਾਂ ਕੋਲੋਂ ਇਹ ਲਤ ਛੁੱਟਦੀ ਨਹੀਂਲੋਕ ਮੁੰਡਿਆਂ ਦੇ ਇਲਾਜ ਲਈ ਤਾਂ ਫਿਰ ਵੀ ਅਗਾਂਹ ਆ ਜਾਂਦੇ ਹਨ ਪਰ ਕੁੜੀਆਂ ਨੂੰ ਸਮਾਜਿਕ ਸ਼ਰਮਿੰਦਗੀ ਕਰਕੇ ਬਹੁਤੀ ਵਾਰ ਇਲਾਜ ਕਰਵਾਉਣ ਲਈ ਵੀ ਨਹੀਂ ਲਿਜਾਇਆ ਜਾਂਦਾ

ਸ਼ਰਾਬ ਨੂੰ ਤਾਂ ਅੱਜ ਕੱਲ੍ਹ ਫੈਸ਼ਨ ਮੰਨ ਕੇ ਜਾਂ ਰਿਵਾਜ਼ ਦੇ ਤੌਰ ’ਤੇ ਹੀ ਬਹੁਤ ਘਰਾਂ ਵਿੱਚ ਜਾਂ ਹੋਟਲਾਂ ਵਿੱਚ ਔਰਤਾਂ ਅਤੇ ਬੱਚੀਆਂ ਨੂੰ ਆਮ ਹੀ ਪੀਂਦੇ ਵੇਖਿਆ ਜਾ ਸਕਦਾ ਹੈ, ਇਹ ਜਾਣੇ ਬਗ਼ੈਰ ਕਿ ਸ਼ਰਾਬ ਔਰਤਾਂ ਦੇ ਜਿਗਰ ਉੱਤੇ ਛੇਤੀ ਅਤੇ ਵੱਧ ਨੁਕਸਾਨ ਕਰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ “ਐਲਕੋਹਲ ਡੀਹਾਈਡਰੋਜੀਨੇਜ਼” ਰਸ ਘੱਟ ਹੁੰਦਾ ਹੈ

ਜਲੰਧਰ ਦੀ ਜਸਮੀਤ, ਜੋ ਘਰਾਂ ਵਿੱਚ ਕੰਮ ਕਰਦੀ ਹੈ, ਨੇ ਮੰਨਿਆ ਹੈ ਕਿ ਸੰਨ 2014 ਤੋਂ ਉਹ ਕਪੂਰਥਲੇ ਦੇ ਡੀਅਡਿਕਸ਼ਨ ਸੈਂਟਰ ਵਿੱਚ ਆਪਣੇ ਪਤੀ ਅਤੇ ਨਾਬਾਲਗ ਬੇਟੀ ਨੂੰ ਲੈ ਕੇ ਜਾ ਰਹੀ ਹੈ ਕਿਉਂਕਿ ਉਨ੍ਹਾਂ ਤੋਂ ਹੁਣ ਨਸ਼ਾ ਛੱਡਿਆ ਹੀ ਨਹੀਂ ਜਾ ਰਿਹਾਉਸ ਨੂੰ ਸਭ ਤੋਂ ਪਹਿਲਾਂ ਉਸ ਦੀ ਧੀ ਨੇ ਹੀ ਥੱਕੀ ਰਹਿੰਦੀ ਨੂੰ ਵੇਖ ਕੇ ਉਸ ਨੂੰ ਹੈਰੋਇਨ ਦਾ ਟੀਕਾ ਲਵਾਉਣ ਦੀ ਸਲਾਹ ਦਿੱਤੀ ਸੀਉਸ ਟੀਕੇ ਨਾਲ ਉਸ ਦੀ ਥਕਾਵਟ ਝਟਪਟ ਲਹਿ ਗਈ ਤੇ ਉਸ ਨੇ ਅਗਲੇ ਦਿਨ ਕੰਮ ਵੀ ਝਟਪਟ ਮੁਕਾ ਲਿਆਚੌਥੇ ਦਿਨ ਜਦ ਟੀਕਾ ਨਹੀਂ ਲਾਇਆ ਤਾਂ ਉਸ ਨੂੰ ਸਰੀਰ ਫਿਰ ਟੁੱਟਿਆ ਭੱਜਿਆ ਜਾਪਿਆਮਜਬੂਰੀ ਵਿੱਚ ਫਿਰ ਟੀਕਾ ਲਵਾਇਆਹੌਲੀ-ਹੌਲੀ ਪਤੀ ਵੀ ਇਸੇ ਪਾਸੇ ਪੈ ਗਿਆਨਸ਼ੇ ਵਾਲੇ ਪਾਸੇ ਸਾਰੇ ਟੱਬਰ ਨੂੰ ਧੱਕਣ ਵਾਲੀ ਨਾਬਾਲਗ ਧੀ ਸੀ

ਉਸ ਦੀ ਧੀ ਪਹਿਲਾਂ ਤੋਂ ਹੀ ਆਪਣੀਆਂ ਕਈ ਸਹੇਲੀਆਂ ਨਾਲ ਬਹਿ ਕੇ ਟੀਕਾ ਲਾਉਂਦੀ ਹੁੰਦੀ ਸੀਉਸ ਦੀਆਂ ਸਹੇਲੀਆਂ ਨੂੰ ਇੱਕ ਏਜੰਟ ਹੈਰੋਇਨ ਮੁਹੱਈਆ ਕਰਵਾ ਰਿਹਾ ਸੀਉੱਥੋਂ ਹੀ ਪਤਾ ਲੱਗਿਆ ਕਿ ਅਜਿਹੀਆਂ ਕੁੜੀਆਂ ਅਣਗਿਣਤ ਗਰੁੱਪ ਹਨ ਜੋ ਕਾਕਟੇਲ ਅਤੇ ਹੋਰ ਕਈ ਤਰ੍ਹਾਂ ਦੇ ਵੱਖੋ-ਵੱਖ ਨਸ਼ਿਆਂ ਨੂੰ ਅਜ਼ਮਾ ਰਹੇ ਸਨ ਤੇ ਆਦੀ ਵੀ ਬਣ ਚੁੱਕੇ ਹਨਕਈ ਘਰਾਂ ਵਿੱਚ ਭਰਾਵਾਂ ਨੇ ਆਪਣੀਆਂ ਭੈਣਾਂ ਨੂੰ ਲਤ ਲਾਈ ਸੀ ਤੇ ਕਈ ਥਾਂਈਂ ਮਾਵਾਂ ਨੂੰ ਵੇਖ ਕੇ ਨੌਜਵਾਨ ਬੱਚੀਆਂ ਇਸ ਪਾਸੇ ਧੱਕੀਆਂ ਗਈਆਂ ਸਨ

ਜਸਮੀਤ ਮੰਨੀ ਕਿ ਪਹਿਲਾਂ ਉਸ ਨੇ ਘਰ ਦੀਆਂ ਚੀਜ਼ਾਂ ਵੇਚੀਆਂ, ਫਿਰ ਸੋਨੇ ਦੀਆਂ ਵਾਲੀਆਂ ਵੇਚੀਆਂ ਤੇ ਫਿਰ ਮਜਬੂਰੀ ਵਿੱਚ ਉਨ੍ਹਾਂ ਘਰਾਂ ਵਿੱਚ ਚੋਰੀ ਕਰਨ ਲੱਗੀ, ਜਿੱਥੇ ਉਹ ਕੰਮ ਕਰਦੀ ਸੀ ਫਿਰ ਉਸ ਦੀ ਧੀ ਦਾ ਵਿਆਹ ਹੋ ਗਿਆ ਪਰ ਰੀਹੈਬਿਲੀਟੇਸ਼ਨ ਸੈਂਟਰ ਵਿੱਚੋਂ ਲਈ ਮੈਥਾਡੋਨ ਵੀ ਉਸ ਦੀ ਆਦਤ ਛੁਡਾ ਨਾ ਸਕੀਅਖ਼ੀਰ ਅੱਗੋਂ ਉਸ ਦਾ ਬੇਟਾ ਵੀ ਜੰਮ ਪਿਆਫਿਰ ਪਤੀ ਨੂੰ ਵੀ ਲਤ ਲਾ ਦਿੱਤੀ ਤੇ ਉਹ ਦੋਵੇਂ ਵੀ ਆਪਣੇ 18 ਮਹੀਨੇ ਦੇ ਬੱਚੇ ਨੂੰ ਲੈ ਕੇ ਹਸਪਤਾਲ ਨਸ਼ਾ ਛੁਡਾਉਣ ਆਉਣ ਲੱਗ ਪਏ ਯਾਨੀ ਨਾਨਾ ਨਾਨੀ ਦੀ ਆਪਣੇ ਦੋਹਤਰੇ ਨਾਲ ਮੁਲਾਕਾਤ ਨਸ਼ਾ ਛੁਡਾਊ ਕੇਂਦਰ ਵਿੱਚ ਹੀ ਹੋਣ ਲੱਗ ਪਈ

ਇਸ ਤਰ੍ਹਾਂ ਦੀ ਕੋਈ ਇੱਕ ਟੱਬਰ ਦੀ ਕਹਾਣੀ ਨਹੀਂ ਹੈਕੁੜੀਆਂ ਦੀ ਵਧਦੀ ਜਾਂਦੀ ਗਿਣਤੀ ਸਦਕਾ ਹੀ ਕਪੂਰਥਲੇ ਕੁੜੀਆਂ ਲਈ ਵੱਖ ਨਸ਼ਾ ਛੁਡਾਊ ਕੇਂਦਰ ਖੋਲ੍ਹਣਾ ਪਿਆ ਹੈਇਸ ਤੋਂ ਇਲਾਵਾ 31 ਹੋਰ ਸਰਕਾਰੀ ਕੇਂਦਰਾਂ ਵਿੱਚ ਨਸ਼ਾ ਛੁਡਾਉਣ ਦਾ ਕੰਮ ਜਾਰੀ ਹੈ

ਡਾ. ਸੰਦੀਪ ਭੋਲਾ, ਜੋ ਕਪੂਰਥਲੇ ਸੈਂਟਰ ਦੇ ਇੰਚਾਰਜ ਸਨ, ਨੇ ਮੰਨਿਆ ਕਿ ਕੁਝ ਸਰਕਾਰੀ ਸਕੂਲਾਂ ਦੀਆਂ ਅਧਿਆਪਿਕਾਵਾਂ ਵੀ ਨਸ਼ਿਆਂ ਦੀ ਆਦੀ ਹੋ ਚੁੱਕੀਆਂ ਹਨ ਤੇ ਅੱਗੋਂ ਉਨ੍ਹਾਂ ਦੀਆਂ ਕਈ ਸਹੇਲੀਆਂ ਵੀ ਇਸ ਪਾਸੇ ਪੈ ਚੁੱਕੀਆਂ ਹਨਇਨ੍ਹਾਂ ਵਿੱਚੋਂ ਹੀ ਕਈ ਪੈਸੇ ਕਮਾਉਣ ਦੇ ਚੱਕਰ ਵਿੱਚ ਆਪ ਵੀ ਨਸ਼ਾ ਵੰਡਣ ਦੇ ਕਾਰੋਬਾਰ ਵਿੱਚ ਲੱਗ ਗਈਆਂ ਹਨ ਨਸ਼ਾ ਤਸਕਰਾਂ ਨੂੰ ਵੀ ਨਾਬਾਲਗ ਬੱਚੀਆਂ ਰਾਹੀਂ ਨਸ਼ਾ ਅਗਾਂਹ ਤੋਰਨਾ ਆਸਾਨ ਲੱਗਦਾ ਹੈਇਸੇ ਲਈ ਉਨ੍ਹਾਂ ਨੂੰ ਰਤਾ ਕੁ ਚਟਾ ਕੇ ਬਿਨਾਂ ਕੋਈ ਪੈਸਾ ਧੇਲਾ ਦਿੱਤਿਆਂ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਤੋਰੀ ਜਾ ਰਹੇ ਹਨਆਦੀ ਹੋਈਆਂ ਬੱਚੀਆਂ, ਆਪਣੀ ‘ਡੋਜ਼’ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੀਆਂ ਹਨ

ਇਸ ਵੇਲੇ ਡਾਕਟਰਾਂ, ਪੁਲਿਸ ਕਰਮੀਆਂ ਅਤੇ ਸਰਕਾਰ ਲਈ ਸਿਰਦਰਦੀ ਬਣਿਆ ਨਸ਼ੇ ਦਾ ਵਪਾਰ ਨਾਬਾਲਗ ਬੱਚੀਆਂ ਰਾਹੀਂ ਪ੍ਰਫੁੱਲਿਤ ਹੋ ਰਿਹਾ ਹੈ ਜਿਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਹੀ ਨਹੀਂ ਲੱਗ ਰਿਹਾ ਕਿਉਂਕਿ ਵੱਡੀ ਗਿਣਤੀ ਮਾਪੇ ਸਮਾਜਿਕ ਸ਼ਰਮ ਸਦਕਾ ਇਹ ਗੱਲ ਬਾਹਰ ਕੱਢਦੇ ਹੀ ਨਹੀਂ ਤੇ ਨਾ ਹੀ ਇਲਾਜ ਕਰਵਾਉਣ ਲਈ ਬਾਹਰ ਨਿਕਲਦੇ ਹਨ ਕੁਝ ਔਰਤਾਂ, ਜੋ ਖਾਣਾ ਬਣਾਉਣ ਦਾ ਕੰਮ ਕਰਦੀਆਂ ਹਨ ਤੇ ਆਪ ਆਦੀ ਵੀ ਹੋ ਚੁੱਕੀਆਂ ਹਨ, ਉਨ੍ਹਾਂ ਰਾਹੀਂ ਖਾਣ ਦੇ ਸਮਾਨ ਵਿੱਚ ਰਤਾ ਕੁ ਨਸ਼ਾ ਪੁਆ ਕੇ ਅਨੇਕ ਟੱਬਰਾਂ ਦੇ ਟੱਬਰ ਨਸ਼ੇ ਦੇ ਅਸਰ ਹੇਠ ਲਿਆਂਦੇ ਜਾ ਰਹੇ ਹਨ

ਸੰਗੀਤਾ, ਜਿਸਦਾ ਪਤੀ ਟਰੱਕ ਡਰਾਈਵਰ ਹੈ, ਨੇ ਮੰਨਿਆ ਕਿ ਕਈ ਘਰਾਂ ਵਿੱਚ ਕੰਮ ਕਰਦਿਆਂ ਉਹ ਬਹੁਤ ਥੱਕ ਜਾਂਦੀ ਸੀਫਿਰ ਉਸ ਦੀ ਧੀ ਨੇ ਹੀ ਉਸ ਨੂੰ ਇੱਕ ਦਿਨ ਹੈਰੋਇਨ ਦਾ ਟੀਕਾ ਲਾਇਆ ਤਾਂ ਉਸ ਨੂੰ ਚੰਗਾ ਮਹਿਸੂਸ ਹੋਇਆਉਸ ਤੋਂ ਬਾਅਦ ਆਦਤ ਹੀ ਹੋ ਗਈਘਰ ਜਦ ਕੁਝ ਨਾ ਬਚਿਆ ਤਾਂ ਨਸ਼ੇ ਦੇ ਵਪਾਰੀਆਂ ਵੱਲੋਂ ਜਬਰੀ ਜਿਸਮਾਨੀ ਸੰਬੰਧ ਬਣਾਉਣ ’ਤੇ ਜ਼ੋਰ ਪਾਇਆ ਗਿਆਹੋਰ ਕੋਈ ਰਾਹ ਨਾ ਲੱਭਣ ਉੱਤੇ ਉਸ ਨੇ ਨਸ਼ੇ ਦੇ ਵਪਾਰੀਆਂ ਕੋਲੋਂ ਟੀਕਾ ਲੈਣ ਲਈ ਉਨ੍ਹਾਂ ਨਾਲ ਜਿਸਮਾਨੀ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇਤਿੰਨ ਕੁੜੀਆਂ ਅਤੇ ਇੱਕ ਮੁੰਡੇ ਦੀ ਮਾਂ ਸੰਗੀਤਾ ਹੁਣ ਨਸ਼ਾ ਛੁਡਾਊ ਕੇਂਦਰ ਦੇ ਗੇੜੇ ਕੱਢ ਰਹੀ ਹੈ ਉਸਨੇ ਮੰਨਿਆ ਕਿ ਵੱਡੇ ਘਰਾਂ ਦੀਆਂ ਬਹੁਤ ਕੁੜੀਆਂ ਇਸ ਪਾਸੇ ਵੱਲ ਧੱਕੀਆਂ ਜਾ ਚੁੱਕੀਆਂ ਹਨ ਪਰ ਉਹ ਰੈਗੂਲਰ ਇਲਾਜ ਵਾਸਤੇ ਆ ਨਹੀਂ ਰਹੀਆਂ ਕਿਉਂਕਿ ਉਨ੍ਹਾਂ ਦੇ ਟੱਬਰਾਂ ਦੀ ਸਾਖ ਖ਼ਰਾਬ ਹੋਣ ਦਾ ਡਰ ਹੈਇੰਜ ਹੀ ਮੱਧ ਵਰਗੀ ਟੱਬਰਾਂ ਦੀਆਂ ਬਥੇਰੀਆਂ ਧੀਆਂ ਸ਼ੌਕੀਆ ਇਸ ਪਾਸੇ ਵੱਲ ਤੁਰੀਆਂ ਹੁਣ ਪੱਕੀ ਲਤ ਲਾ ਚੁੱਕੀਆਂ ਹਨ

ਕਈ ਤਾਂ ਇੰਨੇ ਵੱਖੋ-ਵੱਖ ਤਰ੍ਹਾਂ ਦੇ ਨਸ਼ੇ ਵਰਤ ਰਹੀਆਂ ਹਨ ਕਿ ਉਨ੍ਹਾਂ ਨੂੰ ਦਾਖ਼ਲ ਵੀ ਕਰਵਾਉਣਾ ਪਿਆ ਹੈਇਹ ਸਾਰੀ ਜਾਣਕਾਰੀ ਗੁਪਤ ਰੱਖੀ ਗਈ ਹੈ ਕਿਉਂਕਿ ਮਾਪੇ ਇਸ ਬਾਰੇ ਚੁੱਪ ਧਾਰੀ ਬੈਠੇ ਹਨ ਕਿ ਜੇ ਰਤਾ ਵੀ ਬਾਹਰ ਖ਼ਬਰ ਨਿਕਲੀ ਤਾਂ ਉਹ ਇਲਾਜ ਕਰਵਾਉਣੋਂ ਹਟ ਜਾਣਗੇ

ਰਿੰਪੀ ਤੇ ਸ਼ਮਿੰਦਰ (ਨਾ ਬਦਲੇ ਹੋਏ) ਵੀ ਮੰਨੀਆਂ ਕਿ ਉਨ੍ਹਾਂ ਨੂੰ ਨਸ਼ੇ ਦੀ ਲੱਤ ਲੱਗਣ ਬਾਅਦ ਜਦੋਂ ਪੈਸੇ ਦੀ ਕਿੱਲਤ ਹੋਈ ਤਾਂ ਉਨ੍ਹਾਂ ਨੂੰ ਹੈਰੋਇਨ ਲੈਣ ਬਦਲੇ ਨਸ਼ੇ ਦੇ ਵਪਾਰੀਆਂ ਨਾਲ ਸਰੀਰਕ ਸੰਬੰਧ ਬਣਾਉਣੇ ਪਏ ਜੋ ਹੋਰ ਵੀ ਬਥੇਰੀਆਂ ਨਾਬਾਲਗ ਬੱਚੀਆਂ ਨੂੰ ਸ਼ਿਕਾਰ ਬਣਾ ਰਹੇ ਹਨ

ਮਨਪ੍ਰੀਤ, ਜੋ ਕਾਲਜ ਦੀ ਵਿਦਿਆਰਥਣ ਹੈ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਸਕੂਲਾਂ ਕਾਲਜਾਂ ਦੀਆਂ ਅਨੇਕ ਵਿਦਿਆਰਥਣਾਂ ਜੋ ਵੱਡੇ ਛੋਟੇ ਘਰਾਂ ਵਿੱਚੋਂ ਹਨ, ਛੋਟੇ ਮੋਟੇ ਨਸ਼ੇ ਤੋਂ ਸ਼ੁਰੂ ਹੋ ਕੇ ਹੁਣ ਹੈਰੋਇਨ ਦੀਆਂ ਆਦੀ ਬਣ ਚੁੱਕੀਆਂ ਹਨਅਫ਼ਸੋਸ ਇਹ ਹੈ ਕਿ ਉਸ ਨਾਲ ਦੀਆਂ ਬਹੁਤ ਥੋੜ੍ਹੀਆਂ ਬੱਚੀਆਂ ਨਸ਼ਾ ਛਡਾਉਣ ਲਈ ਲਿਆਈਆਂ ਗਈਆਂ ਹਨਬਾਕੀਆਂ ਦਾ ਇਲਾਜ ਵੀ ਨਹੀਂ ਕਰਵਾਇਆ ਜਾ ਰਿਹਾਜਦੋਂ ਜਿਸਮਾਨੀ ਸ਼ੋਸ਼ਣ ਬਾਰੇ ਪੁੱਛਿਆ ਗਿਆ ਤਾਂ ਅੱਖਾਂ ਨੀਵੀਆਂ ਪਾ ਕੇ ਉਹ ਬੋਲੀ, “ਜਦੋਂ ਪੈਸਾ ਕਿਤੋਂ ਮਿਲਣਾ ਹੀ ਨਹੀਂ ਤਾਂ ਹੋਰ ਰਾਹ ਕਿਹੜਾ ਬਚਦਾ ਹੈ?” ਮਨਪ੍ਰੀਤ ਨੂੰ ਇਸ ਪਾਸੇ ਉਸ ਦੇ ਕਾਲਜ ਦੇ ਦੋਸਤ ਨੇ ਤੋਰਿਆ ਸੀ, ਜੋ ਆਪਣੇ ਹਾਣੀਆਂ ਨਾਲ ਪਹਿਲਾਂ ਤੋਂ ਹੀ ਨਸ਼ੇ ਦਾ ਵਪਾਰ ਵੀ ਕਰ ਰਿਹਾ ਸੀ ਤੇ ਆਪ ਵੀ ਵਰਤ ਰਿਹਾ ਸੀ ਪੁੱਛੇ ਜਾਣ ਉੱਤੇ ਮਨਪ੍ਰੀਤ ਨੇ ਦੱਸਿਆ ਕਿ ਹੁਣ ਤਾਂ ਉਹ ਗਿਣਤੀ ਵੀ ਨਹੀਂ ਕਰ ਸਕਦੀ ਕਿ ਸਿਰਫ਼ ਹੈਰੋਇਨ ਦੀ ਤੋੜ ਪੂਰੀ ਕਰਨ ਲਈ ਕਿੰਨੇ ਵੱਖੋ-ਵੱਖ ਜਣਿਆਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਹੈ ਨਸ਼ਾ ਲੈਣਾ ਕਿੰਨਾ ਸੌਖਾ ਹੈ, ਇਹ ਵੀ ਉਸ ਦੱਸਿਆ ਕਿ ਸਿਰਫ਼ ਇੱਕ ‘ਮਿੱਸ ਕਾਲ’ ਮਾਰਨ ਨਾਲ ਹੀ ਅੱਧੇ ਘੰਟੇ ਦੇ ਅੰਦਰ-ਅੰਦਰ ਉਸ ਦੇ ਘਰ ਦੇ ਦਰਵਾਜ਼ੇ ਬਾਹਰ ਕੋਈ ਕੁੜੀ ਜਾਂ ਕੋਰੀਅਰ ਦੀ ਸ਼ਕਲ ਵਿੱਚ ਮੁੰਡਾ ‘ਡੋਜ਼’ ਪਹੁੰਚਾ ਜਾਂਦਾ ਹੈ

ਪੀ.ਜੀ.ਆਈ. ਚੰਡੀਗੜ੍ਹ ਨੇ ਸੰਨ 2018 ਮਾਰਚ ਵਿੱਚ ‘ਏਸ਼ੀਅਨ ਜਰਨਲ ਔਫ਼ ਸਾਈਕੈਟਰੀ’ ਵਿੱਚ ਛਾਪਿਆ ਸੀ ਕਿ ਪੰਜਾਬ ਅੰਦਰ 4.1 ਮਿਲੀਅਨ ਤੋਂ ਵੱਧ ਲੋਕਾਂ ਨੇ ਨਸ਼ਾ ਵਰਤਿਆ ਹੈਇਨ੍ਹਾਂ ਵਿੱਚੋਂ 4 ਮਿਲੀਅਨ ਮੁੰਡੇ ਹਨ ਤੇ 0.1 ਮਿਲੀਅਨ ਕੁੜੀਆਂਇਨ੍ਹਾਂ ਵਿੱਚੋਂ 3.1 ਮਿਲੀਅਨ ਮਰਦ ਤੇ 0.1 ਮਿਲੀਅਨ ਔਰਤਾਂ ਨਸ਼ੇ ਦੇ ਪੱਕੇ ਆਦੀ ਬਣ ਚੁੱਕੇ ਹੋਏ ਹਨਸ਼ਰਾਬ, ਸਿਗਰਟ ਤੋਂ ਲੈ ਕੇ ਭੰਗ, ਅਫ਼ੀਮ, ਹੈਰੋਇਨ, ਸਮੈਕ, ਕੋਕੀਨ, ਆਦਿ ਸਭ ਕੁਝ ਵਰਤਿਆ ਜਾ ਰਿਹਾ ਹੈ ਖੋਜ ਪੱਤਰ ਅਨੁਸਾਰ 2 ਲੱਖ 2 ਹਜ਼ਾਰ ਅੱਠ ਸੌ ਸਤਾਰਾਂ ਬੰਦੇ ਤੇ 10, 658 ਔਰਤਾਂ ਉਮਰ ਭਰ ਲਈ ਆਦੀ ਬਣ ਚੁੱਕੇ ਹੋਏ ਸਨ ਜਿਨ੍ਹਾਂ ਦਾ ਇਲਾਜ ਸੰਭਵ ਹੀ ਨਹੀਂ ਸੀ

ਉਸ ਖੋਜ ਪੱਤਰ ਵਿੱਚ ਜੋ ਚਿਤਾਵਣੀ ਲਿਖੀ ਸੀ, ਉਹ ਸੀ: 1, 56, 942 (ਇੱਕ ਲੱਖ ਛਪੰਜਾ ਹਜ਼ਾਰ ਨੌਂ ਸੌ ਬਤਾਲੀ) ਮੁੰਡੇ ਬਿਨਾਂ ਨਸ਼ੇ ਦੇ ਇੱਕ ਦਿਨ ਵੀ ਨਹੀਂ ਕੱਢ ਰਹੇ ਜਦਕਿ ਬਾਕੀ ਨਸ਼ਾ ਛੁਡਾਉਣ ਲਈ ਤਿਆਰ ਹਨਪਰ ਕੁੜੀਆਂ ਵਿੱਚੋਂ ਇੱਕ ਵੀ ਨਸ਼ਾ ਛੱਡਣ ਨੂੰ ਤਿਆਰ ਨਹੀਂ ਤੇ ਸਾਰੀਆਂ 10, 658 ਹੀ ਰੋਜ਼ ਦੀ ‘ਡੋਜ਼’ ਲੈਣ ਤੋਂ ਬਗ਼ੈਰ ਇੱਕ ਦਿਨ ਵੀ ਨਹੀਂ ਲੰਘਾ ਸਕ ਰਹੀਆਂ

ਇਸਦਾ ਮਤਲਬ ਇਹ ਹੋਇਆ ਕਿ ‘ਆਦੀ’ ਹੋਣ ਵਿੱਚ ਕੁੜੀਆਂ ਦੀ ਗਿਣਤੀ ਵੱਧ ਹੈ ਜਿਨ੍ਹਾਂ ਨੇ ਇਹ ਆਦਤ ਕਦੇ ਵੀ ਨਹੀਂ ਛੱਡਣੀ“ਸਮਾਜ ਨੂੰ ਭਿਆਨਕ ਨਤੀਜਿਆਂ ਲਈ ਤਿਆਰੀ ਕੱਸ ਲੈਣੀ ਚਾਹੀਦੀ ਹੈ।” ਪੀ.ਜੀ.ਆਈ. ਚੰਡੀਗੜ੍ਹ ਦੇ ਸਾਈਕੈਟਰੀ ਵਿਭਾਗ ਦੇ ਡਾ. ਸੁਬੋਧ ਨੇ ਸਪਸ਼ਟ ਕਰ ਦਿੱਤਾ ਹੈਡਾ. ਸੁਬੋਧ ਨੇ ਇਹ ਵੀ ਕਿਹਾ ਹੈ ਕਿ ਅਸਲ ਗਿਣਤੀ ਤਾਂ ਇਸ ਤੋਂ ਸ਼ਾਇਦ ਦੁੱਗਣੀ, ਤਿਗਣੀ ਜਾਂ ਚੌਗੁਣੀ ਵੀ ਹੋ ਸਕਦੀ ਹੈ ਕਿਉਂਕਿ ਮਾਪੇ ਆਪਣੀਆਂ ਕੁੜੀਆਂ ਬਾਰੇ ਗੱਲ ਕਰਨ ਨੂੰ ਵੀ ਤਿਆਰ ਨਹੀਂ, ਇਲਾਜ ਤਾਂ ਦੂਰ ਦੀ ਗੱਲ ਹੈ

ਪੀ.ਜੀ.ਆਈ. ਵੱਲੋਂ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅਨੇਕ ਬੱਚੀਆਂ ਅਤੇ ਔਰਤਾਂ ਇਸ ਕਰਕੇ ਅੱਧਾ ਇਲਾਜ ਛੱਡ ਕੇ ਤੁਰ ਜਾਂਦੀਆਂ ਹਨ ਕਿਉਂਕਿ ਪਿੰਡਾਂ ਵਿੱਚ ਅਤੇ ਮੁਹੱਲਿਆਂ ਵਿੱਚ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਜਾਂਦਾ ਹੈਪੂਰੇ ਟੱਬਰ ਨੂੰ ਹੀ ਮਿਹਣੇ ਸੁਣਨੇ ਪੈਂਦੇ ਹਨ

ਖ਼ਤਰੇ ਦੀ ਘੰਟੀ: ਅਮਰੀਕਨ ਅਕੈਡਮੀ ਵੱਲੋਂ ਜਾਰੀ ਕੀਤੀ ਹੋਈ

1. ਨਸ਼ੇ ਦੇ ਆਦੀ ਮਾਪਿਆਂ ਦੇ ਬੱਚੇ ਮਾਰ ਕੁਟਾਈ, ਗਾਲ੍ਹਾਂ ਦੇ ਸ਼ਿਕਾਰ ਤਾਂ ਹੁੰਦੇ ਹੀ ਹਨ ਪਰ ਮਾਨਸਿਕ ਪਰੇਸ਼ਾਨੀ ਸਹੇੜ ਕੇ ਆਪ ਵੀ ਹੌਲੀ-ਹੌਲੀ ਸ਼ਾਂਤ ਹੋਣ ਲਈ ਨਸ਼ੇ ਦਾ ਸਹਾਰਾ ਲੈਣ ਲੱਗ ਪੈਂਦੇ ਹਨਇਹ ਬੱਚੇ ਵੱਡੇ ਹੋ ਕੇ ਅੱਗੋਂ ਕਤਲ, ਖ਼ੁਦਕੁਸ਼ੀ, ਚੋਰੀ, ਡਾਕੇ ਆਦਿ ਦੇ ਨਾਲ-ਨਾਲ ਆਪ ਵੀ ਘਰੇਲੂ ਹਿੰਸਾ ਕਰਨ ਲੱਗ ਪੈਂਦੇ ਹਨ ਤੇ ਵਧੀਆ ਵਿਆਹੁਤਾ ਰਿਸ਼ਤੇ ਨਹੀਂ ਗੰਢ ਸਕਦੇ

2. ਨਸ਼ੇ ਦੇ ਆਦੀ ਮਾਪਿਆਂ ਦੇ ਬੱਚਿਆਂ ਵਿੱਚੋਂ ਵੱਡੇ ਹੋ ਕੇ ਬਹੁਤ ਸਾਰੇ ਨੌਜਵਾਨ ਬੱਚੇ ਨਾਬਾਲਗ ਬੱਚੀਆਂ ਦਾ ਬਲਾਤਕਾਰ ਕਰ ਕੇ ਤਸੱਲੀ ਮਹਿਸੂਸ ਕਰਦੇ ਹਨ

3. ਅਜਿਹੇ ਘਰਾਂ ਦੇ ਬੱਚੇ ਵੱਖੋ-ਵੱਖ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ ਸ਼ਿਕਾਰ ਬਣ ਜਾਂਦੇ ਹਨ ਜਿਨ੍ਹਾਂ ਵਿੱਚ ਢਹਿੰਦੀ ਕਲਾ, ਘਬਰਾਹਟ, ਨੀਂਦਰ ਠੀਕ ਨਾ ਆਉਣੀ, ਖੁਦਕੁਸ਼ੀ ਤੋਂ ਲੈ ਕੇ ਖਾਣ ਪੀਣ ਵਿੱਚ ਦਿੱਕਤ ਆਉਣੀ ਵੇਖੇ ਗਏ ਹਨ

4. ਕਈ ‘ਸੀਰੀਅਲ ਕਿੱਲਰ’ ਵੀ ਅਜਿਹੇ ਘਰਾਂ ਵਿੱਚੋਂ ਹੀ ਨਿਕਲਦੇ ਹਨ

5. ਮਾਈਗਰੇਨ, ਅੰਤੜੀਆਂ ਦੇ ਰੋਗ, ਦੱਬੂ, ਧਿਆਨ ਨਾ ਲਾ ਸਕਣਾ, ਪੜ੍ਹਾਈ ਵਿੱਚ ਪੱਛੜਨਾ, ਯਾਦਦਾਸ਼ਤ ਘਟਣੀ, ਆਦਿ ਵਰਗੇ ਰੋਗ ਵੀ ਇਨ੍ਹਾਂ ਘਰਾਂ ਦੇ ਬੱਚਿਆਂ ਵਿੱਚ ਵੇਖੇ ਗਏ ਹਨ

6. ਕਿਸੇ ਉੱਤੇ ਯਕੀਨ ਨਾ ਕਰ ਸਕਣਾ, ਦੂਜੇ ਦੀ ਇੱਜ਼ਤ ਨਾ ਕਰਨੀ, ਡਰਨਾ, ਤ੍ਰਭਕਣਾ ਆਦਿ ਵੀ ਹੋ ਸਕਦੇ ਹਨ

7. ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਅਜਿਹੇ ਘਰਾਂ ਦੇ ਬੱਚਿਆਂ ਵਿੱਚ ਨਸ਼ੇ ਵਲ ਜਾਣ ਦਾ ਰੁਝਾਨ ਬਾਕੀਆਂ ਨਾਲੋਂ ਤਿੰਨ ਗੁਣਾ ਵਧ ਹੁੰਦਾ ਹੈ

8. ਅਮਰੀਕਨ ਅਕੈਡਮੀ ਔਫ ਪੀਡੀਐਟਰਿਕਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੀਆਂ ਮਾਵਾਂ ਨਸ਼ੇ ਕਰਦੀਆਂ ਹੋਣ, ਉਨ੍ਹਾਂ ਦੇ ਬੱਚਿਆਂ ਵਿੱਚ ਓਟਿਜ਼ਮ, ਦਿਮਾਗੀ ਨੁਕਸ, ਭਾਰ ਘੱਟ ਰਹਿ ਜਾਣਾ, ਧਿਆਨ ਨਾ ਲਾ ਸਕਣਾ, ਜਮਾਂਦਰੂ ਨੁਕਸ ਹੋਣੇ, ਭਰੂਣ ਦੀ ਮੌਤ ਹੋ ਜਾਣੀ, ਆਦਿ ਹੋਣ ਦਾ ਖ਼ਤਰਾ ਬਹੁਤ ਵਧ ਹੁੰਦਾ ਹੈ

ਕੀ ਇਹ ਸਭ ਜਾਣ ਲੈਣ ਬਾਅਦ ਹੁਣ ਕੋਈ ਜਾਗਣ ਨੂੰ ਤਿਆਰ ਹੈ? ਪੰਜਾਬ ਨੂੰ ਪਿਆਰ ਕਰਨ ਵਾਲੇ ਸੌਖਿਆਂ ਸਮਝ ਸਕਦੇ ਹਨ ਕਿ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਨੂੰ ਮੋਇੰਜੋਦੜੋ ਵਿੱਚ ਤਬਦੀਲ ਕਰਨ ਲਈ ਤਿਆਰ-ਬਰ-ਤਿਆਰ ਹੋ ਚੁੱਕੇ ਹਨ

ਹਾਲੇ ਵੀ ਵੇਲਾ ਹੈਪਹਿਲਾਂ ਮੰਨੀਏ ਕਿ “ਨਸ਼ਾ ਹੈ”! ਫਿਰ ਹੀ ਰੋਕਣ ਲਈ ਕਦਮ ਪੁੱਟੇ ਜਾ ਸਕਦੇ ਹਨਜਾਗ੍ਰਿਤੀ ਦੀ ਤਗੜੀ ਲਹਿਰ, ਖੇਡਾਂ ਵੱਲ ਰੁਝਾਨ ਅਤੇ ਵਧੀਆ ਨਸ਼ਾ ਛਡਾਊ ਕੇਂਦਰਾਂ ਬਾਰੇ ਅੱਜ ਤੋਂ ਹੀ ਕੰਮ ਕਰਨ ਦੀ ਲੋੜ ਹੈ

ਜੇ ਸਰਕਾਰਾਂ ਫੇਲ ਹੋ ਰਹੀਆਂ ਹਨ ਤਾਂ ਲੋਕ ਹੀ ਆਪੋ ਆਪਣੇ ਪਿੰਡਾਂ ਅੰਦਰ ਅਜਿਹੇ ਜਵਾਨੀ ਨੂੰ ਚੱਬ ਜਾਣ ਵਾਲੇ ਡਾਕੂਆਂ ਤੋਂ ਬਚਾਉਣ ਲਈ ਪਿੰਡਾਂ ਵਿੱਚ ਨਸ਼ਾ ਛੁਡਾਊ ਕਲੱਬ ਬਣਾ ਕੇ ਪਹਿਰਾ ਦੇਣ ਦੀ ਡਿਊਟੀ ਸੰਭਾਲ ਲੈਣ ਤਾਂ ਯਕੀਨਨ ਕੁਝ ਵਧੀਆ ਨਤੀਜਿਆਂ ਦੀ ਉਮੀਦ ਰੱਖੀ ਜਾ ਸਕਦੀ ਹੈ

ਜੇ ਨਸ਼ੇ ਦੇ ਆਦੀ ਨੂੰ ਤਮਾਸ਼ਾ ਬਣਾਉਣ ਦੀ ਥਾਂ ਰੋਗੀ ਮੰਨ ਕੇ, ਸ਼ਹਿਣਸ਼ੀਲਤਾ ਨਾਲ ਪੇਸ਼ ਆ ਕੇ ਉਸ ਦਾ ਇਲਾਜ ਕਰਵਾਉਣ ਲਈ ਹਸਪਤਾਲ ਦਾਖ਼ਲ ਕਰਵਾਇਆ ਜਾਵੇ ਤਾਂ ਚੰਗੇ ਸ਼ਹਿਰੀ ਹੋਣ ਦਾ ਸਬੂਤ ਦਿੱਤਾ ਜਾ ਸਕਦਾ ਹੈ ਤੇ ਪੰਜਾਬ ਨੂੰ ਵੀ ਸਿਹਤਮੰਦ ਰੱਖਿਆ ਜਾ ਸਕਦਾ ਹੈ!

ਆਓ ਰਲ ਮਿਲ ਕੇ ਹੰਭਲਾ ਮਾਰੀਏ ਅਤੇ ਘਰਾਂ ਵਿੱਚ ਹੋਰ ਸੱਥਰ ਵਿਛਣ ਤੋਂ ਬਚਾਓ ਕਰੀਏ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1698)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author