HarshinderKaur7ਜੇ ਕਿਸੇ ਰਿਸ਼ਤੇ ਨੂੰ ਹਾਲੇ ਵੀ ਪਵਿੱਤਰ ਮੰਨਦੇ ਹਨ ਤਾਂ ਅਗਲੀਆਂ ਖਬਰਾਂ ਪੜ੍ਹ ਕੇ ...
(7 ਮਾਰਚ 2018)

 

ਮਾਂ ਤਾਂ ਰੱਬ ਦਾ ਰੂਪ ਹਮੇਸ਼ਾ ਤੋਂ ਹੀ ਮੰਨੀ ਜਾ ਰਹੀ ਹੈ। ਮਾਮਾ ਸ਼ਬਦ ਵਿਚ ਦੋ ਵਾਰ ਮਾਂ ਆਉਣ ਨਾਲ ਇਹ ਰਿਸ਼ਤਾ ਦੁੱਗਣਾ ਡੂੰਘਾ ਹੋ ਗਿਆ, ਸਮਝੋ ਤੇ ਦੁੱਗਣਾ ਉੱਚਾ ਸੁੱਚਾ! ਨਾਨੀ ਮਾਂ ਹੋ ਗਈ ਰੱਬ ਦੀ ਮਾਂ! ਇਹ ਤਿੰਨੋ ਰਿਸ਼ਤੇ ਸਾਰੇ ਰਿਸ਼ਤਿਆਂ ਦੇ ਸਿਖਰ ਉੱਤੇ ਮੰਨੇ ਗਏ ਹਨ। ਜੇ ਮਾਂ ਨਾ ਰਹੇ ਤਾਂ ਨਾਨੀ ਆਪਣੇ ਆਪ ਮਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਜੇ ਦੋਵੇਂ ਨਾ ਰਹਿਣ ਤਾਂ ਮਾਮਾ ਪਿਓ ਦਾ ਰੂਪ ਅਖ਼ਤਿਆਰ ਕਰ ਲੈਂਦਾ ਹੈ।

ਇਨ੍ਹਾਂ ਤਿੰਨਾਂ ਤੋਂ ਬਾਹਰ ਦਾ ਜੇ ਕੋਈ ਰਿਸ਼ਤਾ ਹੋਰ ਚੌਥੇ ਨੰਬਰ ਉੱਤੇ ਗਿਣਿਆ ਜਾਂਦਾ ਹੈ ਤਾਂ ਉਹ ਹੈ ਪਿਓ ਦਾਪਿਓ ਇਸ ਕਰਕੇ ਚੌਥੇ ਨੰਬਰ ਉੱਤੇ ਰੱਖਿਆ ਗਿਆ ਹੈ ਕਿਉਂਕਿ ਮਾਂ ਦੀਆਂ ਆਂਦਰਾਂ ਆਪਣੇ ਪੇਕੇ ਵੱਲ ਵੱਧ ਜੁੜੀਆਂ ਹੁੰਦੀਆਂ ਹਨ ਤੇ ਉਸੇ ਕਰਕੇ ਉਹ ਆਪਣੇ ਬੱਚਿਆਂ ਲਈ ਸਭ ਤੋਂ ਸੁਰੱਖਿਅਤ ਅਤੇ ਸੰਘਣੀ ਛਾਂ ਆਪਣੇ ਪੇਕਿਆਂ ਨੂੰ ਹੀ ਗਿਣਦੀ ਹੈ। ਆਪਣੀ ਮਾਂ ਤੇ ਭਰਾ ਨੂੰ ਜ਼ਿੰਮੇਵਾਰ ਮੰਨਦੀ ਹੋਈ ਪਿਓ ਨੂੰ ਰਤਾ ਢਿੱਲ ਦੇ ਦਿੰਦੀ ਹੈ ਕਿਉਂਕਿ ਉਸ ਨੇ ਬਾਹਰ ਦਾ ਕੰਮ ਵੇਖਣਾ ਹੁੰਦਾ ਹੈ। ਸੋ ਦੋਹਤਰਿਆਂ ਦੋਹਤਰੀਆਂ ਲਈ ਮਾਮੇ ਦਾ ਮੋਢਾ ਤੇ ਨਾਨੀ ਦੀ ਗੋਦ, ਮਾਂ ਤੋਂ ਵੀ ਕਈ ਵਾਰ ਵੱਧ ਨਿੱਘੇ ਜਾਪਦੇ ਹਨ ਤੇ ਆਪਣੇ ਚਾਅ ਪੂਰੇ ਕਰਨ ਦਾ ਸਾਧਨ ਵੀ।

ਇਹ ਸਭ ਕੁੱਝ ਜਾਣਦਿਆਂ ਜਦੋਂ ਇਕ 10 ਵਰ੍ਹਿਆਂ ਦੀ ਬਾਲੜੀ ਦਾ ਉਸ ਦੇ ਦੋ ਮਾਮਿਆਂ ਵੱਲੋਂ ਲਗਾਤਾਰ ਕਈ ਮਹੀਨੇ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੋਵੇ ਤਾਂ ਹਰ ਰਿਸ਼ਤਾ ਬੇਮਾਇਨੇ ਜਾਪਣ ਲੱਗ ਪੈਂਦਾ ਹੈ। ਇਸ ਛੋਟੀ ਬਾਲੜੀ ਨੂੰ ਜਿਵੇਂ ਦੋਵਾਂ ਮਾਮਿਆਂ ਨੇ ਨਿਚੋੜਿਆ ਤੇ ਉਹ ਗਰਭਵਤੀ ਹੋ ਗਈ, ਸਾਰਾ ਸਮਾਜ ਇਸ ਕਾਰੇ ਕਰਕੇ ਸ਼ਰਮਿੰਦਾ ਹੋ ਗਿਆ ਹੈ।

ਉਸ ਬਾਲੜੀ ਨੇ ਅੱਗੋਂ ਇਕ ਹੋਰ ਬੇਟੀ ਨੂੰ ਜਨਮ ਦੇ ਦਿੱਤਾ ਹੋਇਆ ਹੈ! ਉਹ ਬੱਚੀ ਅੱਜ ਕੁੱਝ ਸਵਾਲ ਪੁੱਛ ਰਹੀ ਹੈ:

ਕੀ ਮੈਂ ਹਰਾਮ ਦੀ ਅਖਵਾਈ ਜਾਵਾਂਗੀ?

ਕੋਈ ਮੈਨੂੰ ਦੱਸੇਗਾ ਕਿ ਮੇਰੀ ਟੀ.ਵੀ. ਉੱਤੇ ਕਾਰਟੂਨ ਵੇਖਦੀ ਸਾਢੇ ਨੌਂ ਵਰ੍ਹਿਆਂ ਦੀ ਮਾਂ ਦਾ ਕੀ ਕਸੂਰ ਸੀ?

ਮੇਰੀ ਮਾਂ ਤਾਂ ਹਾਲੇ ਆਪ ਗੁੱਡੀਆਂ ਪਟੋਲੇ ਖੇਡਦੀ ਹੈ। ਕੀ ਉਹ ਮੇਰਾ ਖ਼ਿਆਲ ਰੱਖ ਸਕੇਗੀ?

ਮੈਨੂੰ ਆਪਣੀ ਹੀ ਨਿੱਕੀ ਜਿਹੀ ਮਾਂ ਤੋਂ ਹਮੇਸ਼ਾ ਲਈ ਪਰ੍ਹਾਂ ਕਰ ਦਿੱਤਾ ਗਿਆ ਹੈ! ਕੋਈ ਦੱਸੇਗਾ, ਮੇਰਾ ਕਸੂਰ ਕੀ ਹੈ?

ਮੈਨੂੰ ਕਿਉਂ ਬੇਲੋੜੀ ਬਣਾ ਦਿੱਤਾ ਗਿਆ ਹੈ?

ਮੈਂ ਆਪਣੇ ਨਾਜਾਇਜ਼ ਪਿਓ ਨੂੰ ਕਿਸ ਰਿਸ਼ਤੇ ਨਾਲ ਬੁਲਾਵਾਂ?

ਕੀ ਕੋਈ ਪੰਚਾਇਤਾਂ, ਜੱਥੇਬੰਦੀਆਂ, ਕਾਨੂੰਨ ਦੇ ਘਾੜੇ, ਜੱਜ, ਵਿਧਾਇਕ, ਮੰਤਰੀਆਂ ਵਿੱਚੋਂ ਕੋਈ ਦਾਅਵੇ ਨਾਲ ਕਹਿ ਸਕੇਗਾ ਕਿ ਅਜਿਹਾ ਜੁਰਮ ਫਿਰ ਇਸ ਧਰਤੀ ਉੱਤੇ ਨਹੀਂ ਹੋਵੇਗਾ?

ਕੀ ਫਿਰ ਕਿਸੇ ਮਾਮੇ ਦਾ ਦਿਲ ਆਪਣੀ ਗੋਦ ਵਿਚ ਖੇਡਦੀ ਨਿੱਕੀ ਭਾਣਜੀ ਦਾ ਚੀਰਹਰਣ ਕਰਨ ਵੱਲ ਉਲਾਰ ਨਹੀਂ ਹੋਵੇਗਾ?

ਕੀ ਮੇਰੀ ਮਾਂ ਦੇ ਦੋਵਾਂ ਮਾਮਿਆਂ ਨੂੰ ਸਜ਼ਾ ਮਿਲ ਜਾਣ ਉੱਤੇ ਇਹ ਸਮਾਜ ਸੁਖ ਦੀ ਨੀਂਦਰ ਸੌਂ ਸਕਦਾ ਹੈ ਕਿ ਫਿਰ ਕਦੇ ਕਿਸੇ ਬਾਲੜੀ ਉੱਤੇ ਜ਼ੁਲਮ ਨਹੀਂ ਹੋਵੇਗਾ?

ਕੀ ਮੇਰੇ ਵੱਡੇ ਹੋ ਜਾਣ ਉੱਤੇ ਮੈਨੂੰ ਕੋਈ ਤਾਅਨੇ ਮਿਹਣੇ ਨਹੀਂ ਦਿੱਤੇ ਜਾਣਗੇ?

ਕੀ ਮੇਰੇ ਵੱਡੇ ਹੋ ਜਾਣ ਉੱਤੇ ਮੈਨੂੰ ਹੀ ਕੁਲਿਹਣੀ ਤਾਂ ਨਹੀਂ ਕਿਹਾ ਜਾਵੇਗਾ?

ਮੇਰੇ ਕੋਲੋਂ ਮੇਰੀ ਮਾਂ ਦੀ ਪਿਆਰੀ ਨਿੱਘੀ ਗੋਦ ਤੇ ਉਸਦੀਆਂ ਲੋਰੀਆਂ ਖੋਹ ਲਈਆਂ ਗਈਆਂ ਹਨ। ਮੈਂ ਕਦੇ ਆਪਣੀ ਮਾਂ ਦਾ ਦੁੱਧ ਨਹੀਂ ਪੀਣਾ! ਕੀ ਮੇਰੇ ਇਸ ਨੁਕਸਾਨ ਦੀ ਭਰਪਾਈ ਕਦੇ ਹੋ ਸਕੇਗੀ?

ਮੇਰੇ ਨਾਨਾ ਨਾਨੀ ਤੇ ਮੇਰੀ ਮਾਂ ਮੇਰਾ ਮੂੰਹ ਵੇਖਣ ਨੂੰ ਵੀ ਤਿਆਰ ਨਹੀਂ। ਮੈਂ ਕਿਸ ਕਸੂਰ ਦੀ ਸਜ਼ਾ ਭੁਗਤ ਰਹੀ ਹਾਂ?

ਸਮਾਜਿਕ ਬੰਦਸ਼ਾਂ ਲਾਉਣ ਵਾਲੇ ਹੁਣ ਕਿੱਥੇ ਮਰ ਖਪ ਗਏ ਹਨ? ਮੇਰੀ ਮਾਂ ਨੇ ਨਾ ਤਾਂ ਅਸ਼ਲੀਲ ਕੱਪੜੇ ਪਾਏ ਹੋਏ ਸਨ ਤੇ ਨਾ ਹੀ ਬਾਹਰ ਅਵਾਰਾ ਘੁੰਮ ਰਹੀ ਸੀ। ਉਸ ਕੋਲ ਨਾ ਕੋਈ ਮੋਬਾਈਲ ਸੀ ਤੇ ਨਾ ਹੀ ਉਸ ਕਿਸੇ ਨੂੰ ਭਰਮਾਇਆ ਸੀ! ਫੇਰ ਅਜਿਹਾ ਘਿਨਾਉਣਾ ਕਾਰਾ ਉਸ ਨਾਲ ਕਿਉਂ ਹੋਇਆ?

ਕੀ ਮੇਰੀ ਮਾਂ ਨੂੰ ਕੋਈ ਅਪਣਾਏਗਾ? ਇਹ ਤਾਂ ਦੱਸੋ ਕਿ 10 ਸਾਲਾਂ ਦੀ ਮੇਰੀ ਮਾਂ ਨੂੰ ਕੋਈ ਗੋਦ ਲਵੇਗਾ ਕਿ ਵਹੁਟੀ ਬਣਾਏਗਾ?

**

ਜੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭ ਚੁੱਕੇ ਹੋਣ ਤੇ ਇੰਜ ਜਾਪਦਾ ਹੋਵੇ ਕਿ ਅਜਿਹਾ ਸਿਰਫ਼ ਇੱਕੋ ਕੇਸ ਹੋਇਆ ਸੀ, ਤਾਂ ਅੱਗੇ ਦੂਜੇ ਕੇਸ ਬਾਰੇ ਵੀ ਸੁਣ ਲਵੋ।

ਗੁਰਦਾਸਪੁਰ ਜ਼ਿਲ੍ਹੇ ਵਿਚਲੇ ਪਿੰਡ ਬੁੱਢਾ ਕੋਟ ਵਿਚ ਇਕ ਸੱਤ ਸਾਲ ਦੀ ਬੱਚੀ 11 ਨਵੰਬਰ 2017 ਨੂੰ ਆਪਣੀ ਮਾਂ ਤੇ ਭਰਾ ਨਾਲ ਨਾਨਕੇ ਆਈ ਸੀ। ਨਾਨੀ ਤੇ ਮਾਮੇ ਨਾਲ ਲਾਡ ਲਡਾਉਂਦੀ ਬੱਚੀ ਅਚਾਨਕ 14 ਨਵੰਬਰ (ਚਿਲਡਰਨ ਡੇਅ) ਦੀ ਸ਼ਾਮ ਨੂੰ ਖੇਡਦਿਆਂ ਗੁੰਮ ਹੋ ਗਈ।

ਵਿਚਾਰੀ ਮਾਂ ਸਾਰੇ ਆਲੇ-ਦੁਆਲੇ ਗੇੜੇ ਕੱਢ-ਕੱਢ ਕੇ ਹੰਭ ਗਈ ਪਰ ਬੱਚੀ ਨਾ ਮਿਲੀ। ਅਖ਼ੀਰ ਕਿਸੇ ਨੇ ਦੱਸਿਆ ਕਿ ਉਸ ਬੱਚੀ ਦੀ ਲਾਸ਼ ਖੇਤਾਂ ਵਿਚ ਪਈ ਹੈ। ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗਿਆ ਕਿ ਕਿੰਨੀ ਬੇਰਹਿਮੀ ਨਾਲ ਪਹਿਲਾਂ ਬੱਚੀ ਦਾ ਬਲਾਤਕਾਰ ਕੀਤਾ ਗਿਆ ਸੀ ਤੇ ਫੇਰ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਸੀ।

ਪੁੱਛਗਿੱਛ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਨਾਨੀ ਜਦੋਂ ਬੱਚੀ ਦੀ ਲਾਸ਼ ਚੁੱਕ ਕੇ ਘਰ ਲਿਆਈ ਤਾਂ ਕਈ ਨਿਸ਼ਾਨਦੇਹੀਆਂ ਮਿਟਾ ਆਈ ਸੀ। ਘਰ ਆ ਕੇ ਵੀ ਉਸ ਨੇ ਬੱਚੀ ਦੀ ਲਾਸ਼ ਦੇ ਕੱਪੜੇ ਬਦਲ ਦਿੱਤੇ ਸਨ। ਅਖ਼ੀਰ ਪਤਾ ਲੱਗਿਆ ਕਿ ਇਹ ਕਾਰਾ ਕਰਨ ਵਾਲਾ ਬੱਚੀ ਦਾ ਮਾਮਾ ਹੀ ਸੀ। ਇਸ ਵੇਲੇ ਮਾਮਾ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਉਸ ਦੀ ਉਮਰ ਸਾਢੇ 17 ਸਾਲ ਦੀ ਹੈ

ਉਪ ਪੁਲਿਸ ਕਪਤਾਨ ਦਿਹਾਤੀ, ਜਾਂਚ, ਸਪੈਸ਼ਲ ਬ੍ਰਾਂਚ, ਗੁਰਦਾਸਪੁਰ ਤੇ ਥਾਣਾ ਧਾਰੀਵਾਲ ਦੇ ਮੁਖੀ ਦੀ ਜਾਂਚ ਦੌਰਾਨ ਮੁਲਜ਼ਿਮ ਨੇ ਮੰਨਿਆ ਕਿ ਉਹ ਖੇਡਣ ਦੇ ਬਹਾਨੇ ਆਪਣੇ ਭਣੇਵੀਂ ਨੂੰ ਖੇਤਾਂ ਵਿਚ ਲੈ ਗਿਆ ਸੀ, ਜਿੱਥੇ ਉਸ ਨੇ ਇਹ ਕਾਰਾ ਕੀਤਾ ਤੇ ਵਾਪਸ ਆ ਕੇ ਆਪਣੀ ਮਾਂ ਸਰਬਜੀਤ ਕੌਰ (ਬੱਚੀ ਦੀ ਨਾਨੀ) ਨੂੰ ਸਭ ਕੁਝ ਦੱਸ ਦਿੱਤਾ।

ਬੱਚੀ ਦੀ ਨਾਨੀ ਨੇ ਹੀ ਉਸ ਨੂੰ ਚੁੱਪ ਰਹਿਣ ਲਈ ਕਹਿ ਕੇ ਮ੍ਰਿਤਕਾ ਦੇ ਸਬੂਤਾਂ ਨੂੰ ਖ਼ੁਰਦ-ਬੁਰਦ ਕਰ ਦਿੱਤਾ ਤਾਂ ਜੋ ਉਸ ਦਾ ਆਪਣਾ ਪੁੱਤਰ ਬਚਿਆ ਰਹਿ ਸਕੇ।

ਹੁਣ ਕੋਈ ਕੀ ਕਹਿਣਾ ਚਾਹੇਗਾ? ਨਾ ਨਾਨੀ, ਨਾ ਮਾਮਾ, ਕੋਈ ਰਿਸ਼ਤਾ ਪਵਿੱਤਰ ਨਹੀਂ ਰਿਹਾ! ਮਾਂ ਦੀ ਕੁੱਖ ਪਹਿਲਾਂ ਤੋਂ ਹੀ ਅਸੁਰੱਖਿਅਤ ਬਣ ਚੁੱਕੀ ਹੋਈ ਹੈ। ਸਕੇ ਪਿਓ ਵੱਲੋਂ ਆਪਣੀ ਹੀ ਧੀ ਦਾ ਬਲਾਤਕਾਰ ਕਰਨ ਦੇ ਅਨੇਕ ਮਾਮਲੇ ਸਾਹਮਣੇ ਆ ਚੁੱਕੇ ਹਨ। ਭਰਾਵਾਂ ਵੱਲੋਂ ਆਪਣੇ ਦੋਸਤਾਂ ਨਾਲ ਰਲ ਕੇ ਭੈਣ ਦੇ ਸਮੂਹਕ ਬਲਾਤਕਾਰ ਕਰਨ ਬਾਰੇ ਵੀ ਖ਼ਬਰਾਂ ਛਪ ਚੁੱਕੀਆਂ ਹਨ।

ਨਾ ਘਰ ਦੇ ਨੌਕਰ ਛੱਡਣ, ਨਾ ਗੁਆਂਢੀ! ਹੁਣ ਤਾਂ ਇਹ ਜਾਪਣ ਲੱਗ ਪਿਆ ਕਿ ਕੁੜੀ ਦੇ ਜਨਮ ਦਾ ਮਕਸਦ ਹੀ ਹਵਸ ਨੂੰ ਪੂਰਾ ਕਰਨ ਲਈ ਇਕ ਨਵਾਂ ਸ਼ਿਕਾਰ ਪੈਦਾ ਕਰਨਾ ਹੈ!

ਸਕੂਲ ਤੇ ਹਸਪਤਾਲ ਤਾਂ ਕਈ ਚਿਰ ਪਹਿਲਾਂ ਤੋਂ ਹੀ ਬੱਚੀਆਂ ਲਈ ਅਸੁਰੱਖਿਅਤ ਮੰਨੇ ਜਾ ਚੁੱਕੇ ਹਨ। ਧਰਮ ਦੇ ਠੇਕੇਦਾਰਾਂ ਨੇ ਵੀ ਸਾਰੇ ਹੱਦ ਬੰਨੇ ਤੋੜ ਛੱਡੇ ਹੋਏ ਹਨ!

ਕਦੇ ਤਾਂ ਕੋਈ ਚੁੱਪ ਤੋੜ ਕੇ ਬੋਲੇਗਾ ਕਿ ਆਖ਼ਰ ਧੀ ਜੰਮੀ ਹੀ ਕਿਉਂ ਜਾ ਰਹੀ ਹੈ?

ਸਿਰਫ਼ ਚੋਟੀ ਉੱਤੇ ਪਹੁੰਚੀਆਂ ਕੁਝ ਗਿਣਤੀ ਦੀਆਂ ਧੀਆਂ ਵੱਲ ਝਾਤ ਮਾਰ ਕੇ ਸਾਰੀਆਂ ਉਹ ਧੀਆਂ ਕੀ ਦਫ਼ਨ ਕਰ ਦਿੱਤੀਆਂ ਜਾਣਗੀਆਂ ਜੋ ਸਿਰਫ਼ ਮਾਪਿਆਂ ਦੇ ਬਾਹਰ ਜਾਣ ਦਾ ਜ਼ਰੀਆ ਬਣ ਕੇ ਜ਼ਲੀਲ ਹੋਣ ਲਈ ਛੱਡ ਦਿੱਤੀਆਂ ਗਈਆਂ?

ਕਦੋਂ ਤਕ? ਆਖ਼ਰ ਕਦੋਂ ਤਕ? ਹਾਲੇ ਤਾਂ ਅਸੀਂ ਉਨ੍ਹਾਂ ਨਿੱਕੀਆਂ ਬਾਲੜੀਆਂ, ਜਿਨ੍ਹਾਂ ਨੂੰ ਪੁਜਾਰੀਆਂ ਦੀ ਹਵਸ ਦਾ ਸ਼ਿਕਾਰ ਬਣਨ ਲਈ ਪਿੰਜਰਿਆਂ ਵਿੱਚ ਡੱਕ ਕੇ ਦੇਵਦਾਸੀਆਂ ਦਾ ਨਾਂ ਦੇ ਕੇ ਉਨ੍ਹਾਂ ਉੱਤੇ ਕੀਤੇ ਜ਼ੁਲਮ ਨਹੀਂ ਬਖ਼ਸ਼ਵਾ ਸਕੇ। ਹੁਣ ਕਿਸ ਰਿਸ਼ਤੇ ਅਧੀਨ ਕਿਸੇ ਵੀ ਧੀ ਨੂੰ ਕੋਈ ਜੰਮੇ ਤੇ ਪਾਲੇ?

ਕਦੋਂ ਚੰਗੇ ਲੋਕ ਆਪਣੀ ਚੁੱਪ ਤੋੜ ਕੇ ਸੜਕਾਂ ਉੱਤੇ ਉਤਰਣਗੇ ਤੇ ਬੋਲੇ, ਗੁੰਗੇ, ਅੰਨ੍ਹੇ ਹੋ ਚੁੱਕੇ ਸਿਆਸਤਦਾਨਾਂ, ਕਾਨੂੰਨ ਦੇ ਘਾੜਿਆਂ, ਪੁਲਿਸ ਕਰਮੀਆਂ, ਜੱਜਾਂ ਦੇ ਕੰਨਾਂ ਉੱਤੇ ਚੜ੍ਹੇ ਖੋਪੇ ਲਾਹ ਕੇ ਉਨ੍ਹਾਂ ਨੂੰ ਮੁਲਜ਼ਮਾਂ ਵਾਸਤੇ ਸਖ਼ਤ ਸਜ਼ਾਵਾਂ ਤੇ ਉਹ ਵੀ ਤਿੰਨ ਮਹੀਨਿਆਂ ਦੇ ਅੰਦਰ ਦੇਣ ਵਾਸਤੇ ਮਜਬੂਰ ਕਰਨਗੇ?

ਜਦੋਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਨਾਬਾਲਗ ਬੱਚੀਆਂ ਨਾਲ ਕੁਕਰਮ ਕਰਨ ਵਾਲੇ ਦਿਮਾਗ਼ੀ ਨੁਕਸ ਵਾਲੇ ਹੁੰਦੇ ਹਨ, ਤਾਂ ਫਿਰ ਰਹਿਮ ਕਿਉਂ? ਉਮਰ ਕੈਦ ਹੰਢਾ ਕੇ, ਨਿਕਲ ਕੇ, ਫਿਰ ਇਹੀ ਕੁਕਰਮ ਮਰਨ ਤਕ ਉਹ ਕਰਦੇ ਰਹਿਣਗੇ। ਇਸੇ ਲਈ ਉਨ੍ਹਾਂ ਲਈ ਸਿਰਫ਼ ਦੋ ਸਜ਼ਾਵਾਂ ਹੀ ਬਚਦੀਆਂ ਹਨ: 1. ਮਰਨ ਤਕ ਜੇਲ੍ਹ ਅੰਦਰ ਤਾੜੇ ਰੱਖਣਾ2.ਖੱਸੀ ਕਰ ਕੇ ਹਮੇਸ਼ਾ ਲਈ ਨਾਮਰਦ ਬਣਾ ਦੇਣਾ!

ਜੇ ਕੋਈ ਹਾਲੇ ਵੀ ਕਿੰਤੂ ਪ੍ਰੰਤੂ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਇਹ ਸਪਸ਼ਟ ਕਰੇ ਕਿ ਬੱਚੀਆਂ ਲਈ ਕਿਹੜੇ ਰਿਸ਼ਤੇ ਨੂੰ ਪਵਿੱਤਰ ਮੰਨਦੇ ਹਨ ਤੇ ਬੱਚੀਆਂ ਲਈ ਕਿਹੜੀ ਥਾਂ ਸੁਰੱਖਿਅਤ ਮੰਨਦੇ ਹਨ?

ਜੇ ਕਿਸੇ ਰਿਸ਼ਤੇ ਨੂੰ ਹਾਲੇ ਵੀ ਪਵਿੱਤਰ ਮੰਨਦੇ ਹਨ ਤਾਂ ਅਗਲੀਆਂ ਖਬਰਾਂ ਪੜ੍ਹ ਕੇ ਆਪ ਹੀ ਆਪਣਾ ਫ਼ੈਸਲਾ ਦਰੁਸਤ ਕਰ ਲੈਣ!

1. ਤਿੰਨ ਸਤੰਬਰ 2017 ਨੂੰ ਛਪੀ ਖ਼ਬਰ:

ਵਿਸ਼ਾਖਾਪਟਨਮ ਪੁਲਿਸ ਨੇ ਇਕ ਕੇਸ ਦਰਜ ਕੀਤਾ ਜਿਸ ਵਿਚ 25 ਸਾਲਾ ਲੜਕੀ ਨੂੰ ਉਸਦੀ ਤੀਜੀ ਮਤਰੇਈ ਮਾਂ ਨੇ ਨਰਕ ਵਿੱਚੋਂ ਕੱਢ ਕੇ ਥਾਣੇ ਲਿਜਾ ਕੇ, ਸੁਖ ਦਾ ਸਾਹ ਦਵਾਇਆ। ਪਹਿਲਾਂ ਉਸ ਬੱਚੀ ਦੇ ਕਹੇ ਉੱਤੇ ਪੁਲਿਸ ਨੇ ਰਿਪੋਰਟ ਦਰਜ ਕਰਨ ਤੋਂ ਨਾ ਕਰ ਦਿੱਤੀ ਸੀ।

ਹੋਇਆ ਇੰਜ ਕਿ ਜਦੋਂ ਇਹ ਬੱਚੀ 14 ਸਾਲਾਂ ਦੀ ਸੀ ਤਾਂ ਇਸ ਦੀ ਮਾਂ ਆਪਣੇ ਪਤੀ ਹੱਥੋਂ ਏਨੀ ਮਾਰ ਕੁਟਾਈ ਤੇ ਸਰੀਰਕ ਸ਼ੋਸ਼ਣ ਸਹਿ ਚੁੱਕੀ ਸੀ ਕਿ ਉਹ ਮਾਨਸਿਕ ਸੰਤੁਲਨ ਗੁਆ ਬੈਠੀ। ਇਸੇ ਲਈ ਉਸ ਨੂੰ ਪਾਗਲਖਾਨੇ ਦਾਖਲ ਕਰਵਾ ਕੇ ਆਪਣੇ ਪੁੱਤਰ ਤੇ ਧੀ ਨੂੰ ਨਾਲ ਲੈ ਕੇ ਪਿਓ ਚੈਨਈ ਚਲਾ ਗਿਆ। ਉੱਥੇ ਉਸ ਨੇ ਆਪਣੀ ਧੀ ਦਾ ਰੋਜ਼ ਬਲਾਤਕਾਰ ਕੀਤਾ ਤੇ ਦੂਜਾ ਵਿਆਹ ਵੀ ਕਰਵਾ ਲਿਆ। ਕੁਝ ਮਹੀਨਿਆਂ ਬਾਅਦ ਸਕਾ ਭਰਾ ਵੀ ਪਿਓ ਦੇ ਦੇਖਾ ਦੇਖੀ ਮਾਰ ਕੁਟਾਈ ਕਰ ਕੇ ਤੇ ਡਰਾ ਧਮਕਾ ਕੇ ਆਪਣੀ ਸਕੀ ਭੈਣ ਦਾ ਬਲਾਤਕਾਰ ਕਰਨ ਲੱਗ ਪਿਆ।

ਫੇਰ ਦੂਜੀ ਵਹੁਟੀ ਦੇ ਕੁੱਖੋਂ ਜੰਮੇ ਪਹਿਲੇ ਪਤੀ ਦੇ ਪੁੱਤਰ ਨੇ ਵੀ ਉਸ ਬੱਚੀ ਦਾ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾ। ਸੰਨ 2009 ਵਿਚ ਜਦੋਂ ਪਿਤਾ ਦੀ ਬਦਲੀ ਕਾਨਪੁਰ ਹੋ ਗਈ ਤਾਂ ਉਸ ਨੇ ਆਪਣੀ ਧੀ ਨੂੰ ਆਪਣੀ ਭੈਣ ਦੇ ਘਰ ਨੌਕਰਾਣੀ ਬਣਾ ਕੇ ਛੱਡ ਦਿੱਤਾ ਤੇ ਆਪ ਤੀਜਾ ਵਿਆਹ ਕਰਵਾ ਲਿਆ। ਹਰ ਸਨਿੱਚਰਵਾਰ ਐਤਵਾਰ ਭੈਣ ਦੇ ਘਰ ਜਾ ਕੇ ਉਸ ਨੇ ਆਪਣੀ ਧੀ ਦਾ ਬਲਾਤਕਾਰ ਕਰਨਾ ਜਾਰੀ ਰੱਖਿਆ।

ਬੱਚੀ ਜਦੋਂ ਕਾਲਜ ਵਿਚ ਪੜ੍ਹਨੇ ਪਈ ਤਾਂ ਉਸ ਨੇ ਪਿਤਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੀ ਤੀਜੀ ਮਤਰੇਈ ਮਾਂ ਨੂੰ ਸ਼ਿਕਾਇਤ ਕੀਤੀ ਤਾਂ ਸਾਰੀ ਗੱਲ ਸਾਹਮਣੇ ਆਈ। ਮੈਡੀਕਲ ਕਰਨ ਬਾਅਦ ਸਾਰਾ ਸੱਚ ਬਾਹਰ ਆ ਗਿਆ ਤੇ ਪੁਲਿਸ ਨੂੰ ਰਿਪੋਰਟ ਦਰਜ ਕਰਨੀ ਪਈ।

2. ਐੱਨ.ਡੀ.ਟੀ.ਵੀ ਉੱਤੇ 28 ਨਵੰਬਰ 2012 ਨੂੰ ਵਿਖਾਈ ਖ਼ਬਰ ਵਿਚ ਦੱਸਿਆ ਗਿਆ ਕਿ ਇਕ 13 ਵਰ੍ਹਿਆਂ ਦੀ ਬਾਲੜੀ ਉੱਤੇ ਦਬਾਓ ਪਾਇਆ ਜਾ ਰਿਹਾ ਹੈ ਕਿ ਉਹ ਆਪਣਾ ਕੇਸ ਵਾਪਸ ਲੈ ਲਵੇ। ਕੇਸ ਹੈ ਕੀ ਸੀ? ਦੋ ਸਾਲ ਤੋਂ ਕੰਨੌਰ, ਕੇਰਲ ਵਿਚ ਇਸ ਬੱਚੀ ਦਾ ਘਰ ਅੰਦਰ ਬਲਾਤਕਾਰ ਹੋ ਰਿਹਾ ਸੀ। ਬਲਾਤਕਾਰ ਕਰਨ ਵਾਲੇ ਸਨ - ਸਕਾ ਪਿਓ, ਸਕਾ ਭਰਾ (ਨਾਬਾਲਗ) ਤੇ ਚਾਚਾ! ਜਦੋਂ ਇਸ ਬੱਚੀ ਦਾ ਬਲਾਤਕਾਰ ਹੋਣਾ ਸ਼ੁਰੂ ਹੋਇਆ, ਉਸ ਤੋਂ ਪਹਿਲਾਂ ਦੋ ਸਾਲ ਉਸ ਦੀ ਵੱਡੀ ਭੈਣ ਦਾ ਬਲਾਤਕਾਰ ਕੀਤਾ ਜਾਂਦਾ ਰਿਹਾ ਸੀ, ਜਿਸ ਨੇ ਦੋ ਸਾਲ ਪਹਿਲਾਂ ਆਤਮਹੱਤਿਆ ਕਰ ਲਈ ਸੀ ਕਿਉਂਕਿ ਮਾਂ ਆਪਣੀ ਬੱਚੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ।

ਭੈਣ ਦੀ ਮੌਤ ਤੋਂ ਬਾਅਦ ਇਹ ਬੱਚੀ ਕਾਬੂ ਆ ਗਈ। ਇਸਨੇ ਵੀ ਆਪਣੀ ਮਾਂ ਨੂੰ ਬਥੇਰਾ ਕਿਹਾ ਪਰ ਉਸ ਇਕ ਨਾ ਸੁਣੀ। ਅਖ਼ੀਰ ਬੱਚੀ ਨੇ ਆਪਣੇ ਸਕੂਲ ਵਿਚਲੀ ਅਧਿਆਪਿਕਾ ਨਾਲ ਗੱਲ ਕੀਤੀ, ਜਿਸ ਨੇ ਪੁਲਿਸ ਬੁਲਾ ਕੇ ਉਸ ਦਾ ਮੁਆਇਨਾ ਕਰਵਾ ਕੇ ਪੁਸ਼ਟੀ ਕੀਤੀ ਤੇ ਪਿਓ, ਭਰਾ ਤੇ ਚਾਚੇ ਨੂੰ ਜੇਲ੍ਹ ਭੇਜਿਆ। ਉਸ ਦਾ 15 ਵਰ੍ਹਿਆਂ ਦਾ ਭਰਾ ਨਾਬਾਲਿਗਾਂ ਵੀ ਜੇਲ ਵਿਚ ਰੱਖਿਆ ਗਿਆ।

ਜਦੋਂ ਪੂਰੀ ਪੜਤਾਲ ਹੋਈ ਤਾਂ ਪਤਾ ਲੱਗਿਆ ਕਿ ਵੱਡੀ ਭੈਣ ਨੂੰ ਉਸ ਦਾ ਤਾਇਆ ਵੀ ਚੂੰਢਦਾ ਰਿਹਾ ਸੀ ਜੋ ਉਸ ਨੂੰ ਮਾਂ ਤਕ ਬਣਾ ਚੁੱਕਿਆ ਸੀ। ਇਸੇ ਲਈ ਬੱਚੀ ਨੂੰ ਚਾਰ ਰਾਖ਼ਸ਼ਾਂ ਵਾਲੇ ਇਸ ਨਰਕ ਵਿੱਚੋਂ ਨਿਕਲਣ ਲਈ ਖ਼ੁਦਕੁਸ਼ੀ ਕਰਨੀ ਪਈ।

ਕੇਰਲ ਵੁਮਨ ਕਮਿਸ਼ਨ ਵੱਲੋਂ ਪੂਰਾ ਜ਼ੋਰ ਲਾਉਣ ਉੱਤੇ ਵੀ ਮਾਂ ਨੇ ਕਿਸੇ ਖਿਲਾਫ਼ ਕੋਈ ਸ਼ਿਕਾਇਤ ਕਰਨ ਤੋਂ ਨਾ ਕਰ ਦਿੱਤੀ।

ਤਾਇਆ, ਚਾਚਾ, ਪਿਓ, ਸਕਾ ਨਾਬਾਲਗ ਭਰਾ ਤੇ ਮਾਂ! ਇਨ੍ਹਾਂ ਵਿੱਚੋਂ ਕਿਸੇ ਦੇ ਮਨ ਵਿਚ ਕੋਈ ਪਛਤਾਵਾ ਨਹੀਂ ਸੀ।

ਹੁਣ ਤਾਂ ਜ਼ਰੂਰ ਚੁੱਪੀ ਤੋੜ ਕੇ ਕੋਈ ਬੋਲੇ ਕਿ ਮਾਂ, ਮਾਮਾ, ਪਿਓ, ਚਾਚਾ, ਤਾਇਆ, ਭਰਾ ਵੀ ਜੇ ਇਕ ਬਾਲੜੀ ਨੂੰ ਨੋਚਣ ਨੂੰ ਤਿਆਰ ਬੈਠੇ ਹੋਣ, ਤਾਂ ਫੇਰ ਇਸ ਧਰਤੀ ਉੱਤੇ ਧੀ ਕਿਉਂ ਜੰਮੀ ਜਾਏ?

*****

(1047)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author