HarshinderKaur7“ਜੇ ਮਾਂ ਖਿੱਝ ਕੇ ਬੱਚੇ ਨੂੰ ਚੁੱਕ ਕੇ ਤੁਰ ਪਈ ਤਾਂ ਸਮਝੋ ਬੱਚੇ ਦੇ ਜਿਗਿਆਸੂ ਹੋਣ ਦੇ ਆਸਾਰ ...
(21 ਜੂਨ 2017)

 

ਇਕ ਕਮਰੇ ਵਿਚ ਇਕ ਨਿੱਕੀ ਜਿਹੀ ਨੀਲੀ ਡੱਬੀ ਪਈ ਸੀ। ਉਸ ਸਾਧਾਰਨ ਡੱਬੀ ਉੱਤੇ ਕੁੱਝ ਲਿਖਿਆ ਨਹੀਂ ਸੀ ਹੋਇਆ। ਉਸਦੇ ਆਲੇ-ਦੁਆਲੇ ਬਹੁਤ ਚੋਟੀ ਦੇ ਵਿਗਿਆਨੀ ਤੇ ਬੁੱਧੀਜੀਵੀ ਬੈਠੇ ਸਨ। ਸਭ ਨੂੰ ਕਿਹਾ ਗਿਆ ਕਿ ਕਮਰੇ ਦੀ ਹਰ ਚੀਜ਼ ਘੋਖੋ, ਛੇੜੋ ਤੇ ਪਰਖੋ ਕਿਉਂਕਿ ਪੂਰਾ ਕਮਰਾ ਪੁਰਾਤਨ ਚੀਜ਼ਾਂ ਨਾਲ ਭਰਿਆ ਪਿਆ ਹੈ, ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਇਹ ਨੀਲੀ ਡੱਬੀ ਬਿਲਕੁਲ ਨਹੀਂ ਛੇੜਨੀ। ਖੋਲ੍ਹਣ ਬਾਰੇ ਤਾਂ ਸੋਚਿਓ ਵੀ ਨਾ।

ਉਨ੍ਹਾਂ ਨੂੰ ਦੱਸੇ ਬਗੈਰ ਕਮਰੇ ਦੇ ਕੋਨਿਆਂ ਵਿਚ ਬਹੁਤ ਹੀ ਨਿੱਕੇ ਨਿੱਕੇ ਕੈਮਰੇ ਲਗਾ ਦਿੱਤੇ ਹੋਏ ਸਨ। ਸਾਰੇ ਜਣੇ ਆਲੇ-ਦੁਆਲੇ ਚੀਜ਼ਾਂ ਵੇਖਣ ਲੱਗੇ ਪਰ ਕੈਮਰੇ ਰਾਹੀਂ ਪਤਾ ਲੱਗਿਆ ਕਿ ਆਲੇ-ਦੁਆਲੇ ਇਕ ਨਜ਼ਰ ਘੁਮਾਉਣ ਬਾਅਦ ਹਰ ਕਿਸੇ ਨੇ ਨੀਲੀ ਡੱਬੀ ਨੂੰ ਚੰਗੀ ਤਰ੍ਹਾਂ ਨਿਹਾਰਿਆ। ਸਾਰੇ ਹੀ ਜਣੇ ਨੀਲੀ ਡੱਬੀ ਵੱਲ ਖਿੱਚੇ ਮਹਿਸੂਸ ਹੋ ਰਹੇ ਸਨ। ਕੁਝ ਜਣੇ ਤਾਂ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਦੂਜੇ ਪਾਸੇ ਜਾਣ ਤੋਂ ਪਹਿਲਾਂ ਉਸ ਡੱਬੀ ਦੇ ਬਿਲਕੁਲ ਨੇੜਿਓਂ ਹੋ ਕੇ ਲੰਘੇ ਤੇ ਪੂਰੀ ਨੀਝ ਲਾ ਕੇ ਤੱਕਿਆ।

ਪ੍ਰਤੱਖ ਦਿਸ ਰਿਹਾ ਸੀ ਕਿ ਨੀਲੀ ਡੱਬੀ ਨੇ ਸਭ ਨੂੰ ਆਪਣੇ ਵੱਲ ਬਦੋਬਦੀ ਖਿੱਚ ਲਿਆ ਹੋਇਆ ਸੀ। ਅਖ਼ੀਰ ਜਦੋਂ ਰਿਹਾ ਹੀ ਨਾ ਗਿਆ ਤਾਂ ਇੱਕ ਬੁੱਧੀਜੀਵੀ ਨੇ ਕਹਿ ਹੀ ਦਿੱਤਾ,ਭਲਾ ਕੀ ਹੋ ਸਕਦਾ ਹੈ ਇਸ ਨਿੱਕੀ ਜਿਹੀ ਨੀਲੀ ਡੱਬੀ ਵਿਚ, ਜਿਹੜਾ ਬਿਲਕੁਲ ਹੀ ਵਰਜਿਤ ਸਮਾਨ ਹੈ? ਵੇਖੀਏ ਤਾਂ ਸਹੀ, ਹੈ ਕੀ?

ਬਾਕੀ ਜਣੇ ਜਿਵੇਂ ਇਸੇ ਗੱਲ ਦੀ ਹੀ ਉਡੀਕ ਕਰ ਰਹੇ ਸਨ। ਸਭ ਨੇ ਹਾਮੀ ਭਰ ਦਿੱਤੀ। ਫਿਰ ਕੀ ਸੀ। ਝਟਪਟ ਦੋ ਤਿੰਨ ਜਣੇ ਅਗਾਂਹ ਹੋਏ ਤੇ ਡੱਬੀ ਦਾ ਢੱਕਣ ਚੁੱਕ ਦਿੱਤਾ। ਡੱਬੀ ਖਾਲੀ ਸੀ। ਉੰਨੀ ਹੀ ਦੇਰ ਨੂੰ ਤਿੰਨ ਮਨੋਵਿਗਿਆਨੀ ਬਾਹਰੋਂ ਅੰਦਰ ਵੜੇ ਤੇ ਕਹਿਣ ਲੱਗੇ, ਅਸੀਂ ਇਸੇ ਉੱਤੇ ਹੀ ਖੋਜ ਕਰ ਰਹੇ ਸੀ। ਆਮ ਬੰਦਾ ਤਾਂ ਵਰਜਿਤ ਚੀਜ਼ ਵੱਲ ਝਟਪਟ ਦੌੜਦਾ ਹੈ। ਵੇਖਣਾ ਇਹ ਸੀ ਕਿ ਚੋਟੀ ਦੇ ਸਮਝਦਾਰ ਬੰਦੇ ਕੀ ਕਰਦੇ ਹਨ?

ਇਹ ਹਕੀਕਤ ਹੈ। ਸਾਡਾ ਦਿਮਾਗ਼ ਹੈ ਹੀ ਇੰਜ ਦਾ ਕਿ ਰੋਕੀ ਹੋਈ ਚੀਜ਼ ਵੱਲ ਜ਼ਿਆਦਾ ਖਿੱਚਿਆ ਜਾਂਦਾ ਹੈ।

ਅਜਿਹੀ ਜਿਗਿਆਸਾ ਵਾਸਤੇ ਵੀ ਕੁਦਰਤ ਨੇ ਸਾਡੇ ਦਿਮਾਗ਼ ਵਿਚ ਇਕ ਕੇਂਦਰ ਬਣਾਇਆ ਹੋਇਆ ਹੈ। ਡਾ. ਮੈਥੀਅਸ ਗਰੂਬਰ ਨੇ ਡੇਵਿਸ ਵਿਚਲੀ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿਖੇ ਇਕ ਮਜ਼ੇਦਾਰ ਖੋਜ ਕੀਤੀ। ਉਸ ਨੇ ਕਈ ਬੰਦਿਆਂ ਨੂੰ ਕੰਪਿਊਟਰ ਸਾਹਮਣੇ ਬਿਠਾ ਕੇ ਇੱਕ ਅਣਜਾਣ ਬੰਦੇ ਦੀ ਤਸਵੀਰ ਵਿਖਾਈ ਤੇ ਉਸ ਬਾਰੇ ਕੁਝ ਸਵਾਲ ਪੁੱਛੇ। ਹਰ ਸਵਾਲ ਦਾ ਸਹੀ ਜਵਾਬ ਕੰਪਿਊਟਰ ਵਿਚ ਆਪਣੇ ਆਪ 14 ਸਕਿੰਟ ਬਾਅਦ ਲਿਖਿਆ ਦਿਸ ਜਾਂਦਾ ਸੀ। ਉਸ ਸਮੇਂ ਵਿਚ ਸਾਰਿਆਂ ਦੀ ਐੱਮ.ਆਰ.ਆਈ. ਸਕੈਨ ਕੀਤੀ ਗਈ। ਇਹ ਵੇਖਣ ਵਿਚ ਆਇਆ ਕਿ ਜਿਨ੍ਹਾਂ ਨੂੰ ਕੁਝ ਜਾਣਨ ਦੀ ਇੱਛਾ ਸੀ, ਉਨ੍ਹਾਂ ਨੇ ਚਿਹਰਾ ਚੰਗੀ ਤਰ੍ਹਾਂ ਘੋਖਿਆ ਸੀ, ਜ਼ਿਆਦਾ ਸਹੀ ਜਵਾਬ ਦਿੱਤੇ ਸਨ ਤੇ ਅਜਿਹੇ ਸੈਸ਼ਨ ਤੋਂ ਬਾਅਦ ਸਵਾਲਾਂ ਦੇ ਜਵਾਬਾਂ ਨੂੰ ਪੂਰੀ ਤਰ੍ਹਾਂ ਯਾਦ ਵੀ ਰੱਖ ਲਿਆ ਸੀ। ਐੱਮ.ਆਰ.ਆਈ. ਸਕੈਨ ਰਾਹੀਂ ਪਤਾ ਲੱਗਿਆ ਕਿ ਵੱਧ ਜਿਗਿਆਸਾ ਵਾਲੇ ਲੋਕਾਂ ਦੇ ਦਿਮਾਗ਼ ਦੇ ਇੱਕ ਹਿੱਸੇ ਵਿਚ ਵੱਧ ਹਲਚਲ ਹੋਈ ਸੀ ਤੇ ਉਨ੍ਹਾਂ ਦੇ ਦਿਮਾਗ਼ ਵਿਚਲੇ ਸੈੱਲਾਂ ਵਿਚ ਵੀ ਵੱਧ ਹਰਕਤ ਹੋਈ ਸੀ ਜਿਸ ਨਾਲ ਸੁਨੇਹਾ ਅੱਗੇ ਤੱਕ ਯਾਨੀ ਯਾਦਦਾਸ਼ਤ ਸੈਂਟਰ ਤਕ ਪਹੁੰਚ ਗਿਆ ਸੀ। ਜਿਨ੍ਹਾਂ ਨੂੰ ਜਵਾਬ ਯਾਦ ਰਹਿ ਗਏ ਸਨ, ਉਨ੍ਹਾਂ ਸਾਰਿਆਂ ਦਾ 24 ਘੰਟੇ ਬਾਅਦ ਦੁਬਾਰਾ ਐੱਮ.ਆਰ.ਆਈ. ਸਕੈਨ ਕੀਤਾ ਗਿਆ। ਜਿਨ੍ਹਾਂ ਨੂੰ ਜਿਗਿਆਸਾ ਵੱਧ ਸੀ, ਉਨ੍ਹਾਂ ਦੇ ਦਿਮਾਗ਼ ਵਿਚ 24 ਘੰਟੇ ਬਾਅਦ ਵੀ ਹਰਕਤ ਹੁੰਦੀ ਦਿਸੀ।

ਡਾ. ਗਰੂਬਰ ਨੇ ਨਤੀਜੇ ਕੱਢੇ ਕਿ ਜਿਸ ਨੂੰ ਵੱਧ ਜਾਨਣ ਦੀ ਚਾਹ ਹੋਵੇ, ਉਸ ਦਾ ਦਿਮਾਗ਼ ਜ਼ਿਆਦਾ ਦੇਰ ਚੁਸਤ ਦਰੁਸਤ ਰਹਿੰਦਾ ਹੈ ਤੇ ਅਜਿਹੇ ਬੱਚੇ ਜ਼ਿਆਦਾ ਚੰਗੀ ਤਰ੍ਹਾਂ ਗ਼ੱਲ ਨੂੰ ਸਮਝ ਕੇ ਲੰਮੇ ਸਮੇਂ ਤੱਕ ਯਾਦ ਰੱਖ ਸਕਦੇ ਹਨ। ਰਟੂ ਤੋਤੇ ਗੱਲ ਨੂੰ ਬਹੁਤ ਦੇਰ ਯਾਦ ਨਹੀਂ ਰੱਖ ਸਕਦੇ। ਜੇ ਰੱਖਦੇ ਵੀ ਹਨ ਤਾਂ ਉਸ ਗੱਲ ਨੂੰ ਲਾਗੂ ਕਰਨ ਵਿਚ ਮਾਰ ਖਾ ਜਾਂਦੇ ਹਨ।

ਦਿਮਾਗ਼ ਵਿਚਲਾ ‘ਡੋਪਾਮੀਨ’ ਜੋ ਸੁਨੇਹੇ ਅੱਗੇ ਪਹੁੰਚਾਉਂਦਾ ਹੈ, ਤੇ ਦਿਮਾਗ਼ ਦੇ ਸੈੱਲ ਰਵਾਂ ਰੱਖਦਾ ਹੈ, ਇਨ੍ਹਾਂ ਲੋਕਾਂ ਵਿਚ, ਜੋ ਜਿਗਿਆਸੂ ਹੋਣ, ਵੱਧ ਹੁੰਦਾ ਹੈ ਤੇ ਨਵੀਆਂ ਕਾਢਾਂ ਕੱਢਣ ਵਿਚ ਸੈੱਲਾਂ ਦੇ ਸੁਨੇਹੇ ਝਟਪਟ ਅਗਾਂਹ ਪਿਛਾਂਹ ਭੇਜਣ ਵਿਚ ਮਦਦ ਕਰਦਾ ਹੈ ਤੇ ਨਤੀਜੇ ਕੱਢਣ ਵਿਚ ਵੀ।

ਇਕ ਹੋਰ ਚੀਜ਼ ਜੋ ਖੋਜ ਰਾਹੀਂ ਲੱਭੀ, ਉਹ ਸੀ ਜਿਗਿਆਸੂ ਦਿਮਾਗ਼ ਵਿਚਲੇ ‘ਹਿੱਪੋਕੈਂਪਸ’ ਹਿੱਸੇ ਵਿਚ ਸਾਰੀਆਂ ਵੇਖੀਆਂ ਸੁਣੀਆਂ ਚੀਜ਼ਾਂ ਦਾ ਪਹੁੰਚ ਕੇ ਯਾਦ ਬਣਨਾ ਅਤੇ ਉੱਥੋਂ ਵਾਪਸ ਨੱਕ, ਜੀਭ, ਚਮੜੀ, ਕੰਨਾਂ ਤੇ ਅੱਖਾਂ ਨੂੰ ਸੁਨੇਹਾ ਜਾਣਾ। ਇਸਦਾ ਮਤਲਬ ਹੈ ਵੇਖੀ, ਸੁਣੀ, ਸੁੰਘੀ, ਛੋਹੀ ਤੇ ਚੱਖੀ ਚੀਜ਼ ਬਾਰੇ ਸਾਰੀ ਨਿੱਕੀ ਤੋਂ ਨਿੱਕੀ ਜਾਣਕਾਰੀ ਦਿਮਾਗ਼ ਤੱਕ ਪਹੁੰਚਣੀ ਤੇ ਚੋਖੀ ਦੇਰ ਟਿਕੀ ਵੀ ਰਹਿਣੀ। ਇਸ ਖੋਜ ਦੇ ਆਧਾਰ ਉੱਤੇ ਨਾ ਸਿਰਫ਼ ਬੀਮਾਰੀਆਂ ਦਾ ਇਲਾਜ ਕਰਨਾ ਸੌਖਾ ਹੋ ਗਿਆ ਬਲਕਿ ਵਿਗਿਆਰਥੀਆਂ ਦੇ ਪੜ੍ਹਾਉਣ ਵਿਚ ਵੀ ਬਹੁਤ ਮਦਦ ਮਿਲੀ।

ਵਡੇਰੀ ਉਮਰ ਵਿਚ ਡੋਪਾਮੀਨ ਦਾ ਘਟਣਾ ਤੇ ਯਾਦਾਦਾਸ਼ਤ ਘਟਣੀ ਆਮ ਹੀ ਵੇਖਣ ਵਿਚ ਆਉਂਦੀ ਹੈ। ਇੰਜ ਹੀ ਵਿਦਿਆਰਥੀਆਂ ਨੂੰ ਪੜ੍ਹਾਉਣ ਵੇਲੇ ਕਿਸੇ ਬੋਰਿੰਗ ਲੈਕਚਰ ਦੌਰਾਨ ਡੋਪਾਮੀਨ ਕਿਤੇ ਖੂੰਜੇ ਵਿੱਚ ਵੜ ਕੇ ਬਹਿ ਜਾਂਦੀ ਹੈ ਤੇ ਵਿਦਿਆਰਥੀ ਸਿਵਾਏ ਉਬਾਸੀਆਂ ਮਾਰਨ ਜਾਂ ਸੌਣ ਤੋਂ ਇਲਾਵਾ ਕੁੱਝ ਨਹੀਂ ਕਰਦੇ। ਅਜਿਹੀ ਕਲਾਸ ਤੋਂ ਬਾਅਦ ਇਕ ਵੀ ਅਜਿਹਾ ਹਰਫ਼ ਨਹੀਂ ਜਿਹੜਾ ਪੁੱਛੇ ਜਾਣ ਉੱਤੇ ਵਿਦਿਆਰਥੀ ਯਾਦ ਕਰ ਕੇ ਦੱਸ ਸਕਣ। ਇਸ ਖੋਜ ਤੋਂ ਬਾਅਦ ਅਨੇਕ ਦੇਸਾਂ ਵਿਚ ਯਾਦਾਸ਼ਤ ਵਧਾਉਣ ਲਈ ਖੋਜਾਂ ਕੀਤੀਆਂ ਗਈਆ ਤੇ ਹਰ ਥਾਂ ਉੱਤੇ ਇਹੀ ਨਤੀਜਾ ਨਿਕਲਿਆ ਕਿ ਜਿਗਿਆਸੂ ਹੋਣਾ ਬਹੁਤ ਜ਼ਰੂਰੀ ਹੈ।

ਜਿਗਿਆਸਾ ਵਧਾਉਣਾ ਕੋਈ ਔਖਾ ਨਹੀਂ ਤੇ ਨਾ ਹੀ ਵੱਡੇ-ਵੱਡੇ ਮਾਹਿਰ ਮਨੋਵਿਗਿਆਨੀਆਂ ਦੀ ਲੋੜ ਪੈਂਦੀ ਹੈ। ਜਿਹੜੇ ਕੁਦਰਤ ਵੱਲੋਂ ਹੀ ਜਿਗਿਆਸੂ ਹੋਣ, ਉਨ੍ਹਾਂ ਨੇ ਆਪੇ ਹੀ ਲਾਇਕ ਬਣ ਕੇ ਚੋਟੀ ਉੱਤੇ ਪਹੁੰਚ ਜਾਣਾ ਹੁੰਦਾ ਹੈ। ਕੁਦਰਤ ਨੇ ਹਰ ਬੱਚੇ ਨੂੰ ਜੰਮਣ ਸਮੇਂ ਖੋਜੀ ਸੁਭਾਓ ਦੇ ਕੇ ਭੇਜਿਆ ਹੁੰਦਾ ਹੈ। ਉਸਨੇ ਹਰ ਚੀਜ਼ ਉੱਤੇ ਸਵਾਲ ਪੁੱਛ-ਪੁੱਛ ਕੇ ਮਾਪਿਆਂ ਨੂੰ ਬੇਹਾਲ ਕਰ ਦੇਣਾ ਹੁੰਦਾ ਹੈ। ਜਿਹੜੇ ਮਾਪੇ ਬੱਚੇ ਦੀ ਉਤਸੁਕਤਾ ਵੱਲ ਧਿਆਨ ਨਾ ਦੇਣ ਤੇ ਝਿੜਕ ਕੇ ਚੁੱਪ ਕਰਵਾ ਦੇਣ, ਉਹ ਬੱਚੇ ਦਾ ਬੌਧਿਕ ਵਿਕਾਸ ਖ਼ਤਮ ਕਰ ਰਹੇ ਹੁੰਦੇ ਹਨ। ਜਿਹੜੇ ਮਾਪੇ ਬੱਚੇ ਦੇ ਸਵਾਲਾਂ ਦੇ ਜਵਾਬ ਵੀ ਦੇਣ ਅਤੇ ਉਸੇ ਵਰਗਾ ਕੋਈ ਹੋਰ ਸਵਾਲ ਵੀ ਅੱਗੋਂ ਕਰ ਦੇਣ, ਉਹ ਆਪਣੇ ਬੱਚੇ ਨੂੰ ਉੱਚ ਕੋਟੀ ਦਾ ਗਿਆਨੀ ਬਣਾ ਰਹੇ ਹੁੰਦੇ ਹਨ।

ਮਸਲਨ, ਬੱਚੇ ਨੇ ਕੀੜੀ ਨੂੰ ਵੇਖ ਕੇ ਪੁੱਛਿਆ, ਇਹ ਕੀ ਹੈ? ਮਾਂ ਨੇ ਦੱਸਿਆ “ਕੀੜੀ।” ਬੱਚੇ ਦੇ ਦਿਮਾਗ਼ੀ ਕੰਪਿਊਟਰ ਨੇ ਸ਼ਬਦ ਪਹਿਲੀ ਵਾਰ ਸੁਣਿਆ ਹੈ ਤਾਂ ਉਹ ਫੇਰ ਪੁੱਛੇਗਾ, ਇਹ ਕੀ? ਜਿਵੇਂ ਮੋਬਾਈਲ ਵਿਚ ਲੌਕ ਭਰਨ ਸਮੇਂ ਮੋਬਾਈਲ ਵੀ ਦੋ ਜਾਂ ਤਿੰਨ ਵਾਰ ਪੁੱਛਦਾ ਹੈ ਕਿ ਉਹੀ ਲੌਕ ਦੁਬਾਰਾ ਭਰੋ, ਉਂਜ ਹੀ ਬੱਚੇ ਦਾ ਦਿਮਾਗ਼ ਫੇਰ ਪੁੱਛਦਾ ਹੈ। ਮਾਂ ਨੇ ਦੂਜੀ ਵਾਰ ਵੀ ਜਵਾਬ ਦਿੱਤਾ ਤਾਂ ਬੱਚੇ ਨੇ ਤੀਜੀ ਵਾਰ ਫੇਰ ਉਹੀ ਸਵਾਲ ਪੁੱਛਣਾ ਹੈ। ਜੇ ਮਾਂ ਖਿੱਝ ਕੇ ਬੱਚੇ ਨੂੰ ਚੁੱਕ ਕੇ ਤੁਰ ਪਈ ਤਾਂ ਸਮਝੋ ਬੱਚੇ ਦੇ ਜਿਗਿਆਸੂ ਹੋਣ ਦੇ ਆਸਾਰ ਅੱਧੇ ਰਹਿ ਗਏ। ਜੇ ਹਮੇਸ਼ਾ ਹੀ ਇੰਜ ਹੁੰਦਾ ਰਹੇ ਤਾਂ ਬੱਚਾ ਔਸਤ ਜਾਂ ਘੱਟ ਬੁੱਧੀ ਦਾ ਬਣ ਜਾਏਗਾ।

ਜੇ ਇਸਦੀ ਥਾਂ ਦੱਸ ਵਾਰ ‘ਕੀੜੀ’ ਕਹਿ ਕੇ ਫੇਰ ਅੱਗੋਂ ਮਕੌੜਾ ਵਿਖਾ ਕੇ - ਵੱਡੀ ਕੀੜੀ - ‘ਮਕੌੜਾ’, ਕਹਿ ਕੇ ਸਮਝਾਇਆ ਜਾਵੇ ਤੇ ਫੇਰ ਸੁੰਡੀ ਜਾਂ ਤਿਤਲੀ ਵਿਖਾਈ ਜਾਏ, ਤਾਂ ਮਾਂ ਆਪਣੇ ਬੱਚੇ ਦੀ ਹੋਰ ਜਾਨਣ ਦੀ ਚਾਹ ਵਧਾ ਰਹੀ ਹੋਵੇਗੀ ਤੇ ਡੋਪਾਮੀਨ ਵੀ। ਇਸ ਦਾ ਮਤਲਬ ਹੈ ਅਜਿਹੇ ਬੱਚੇ ਦਾ ਬੌਧਿਕ ਵਿਕਾਸ ਉੱਚ ਕੋਟੀ ਦਾ ਹੋਵੇਗਾ।

ਹੁਣ ਗ਼ੱਲ ਕਰੀਏ ਵਿਦਿਆਰਥੀਆਂ ਦੀ, ਜਿਨ੍ਹਾਂ ਨੂੰ ਬੋਰਿੰਗ ਕਲਾਸ ਪੜ੍ਹਨੀ ਪੈ ਰਹੀ ਹੋਵੇ। ਅਜਿਹੀ ਕਲਾਸ ਵਿਚ ਨਿੱਕੀ ਕਹਾਣੀ, ਚਿੱਤਰ, ਪਹੇਲੀ, ਕਲਾਸ ਦੇ ਵਿਸ਼ੇ ਨਾਲ ਆਧਾਰਿਤ ਕੋਈ ਖੋਜ ਵਗੈਰਾ ਜੇ ਕਲਾਸ ਵਿਚ ਸ਼ਾਮਲ ਕਰ ਲਈ ਜਾਏ ਤਾਂ ਹਰ ਵਿਦਿਆਰਥੀ ਦੇ ਸਿਰ ਅੰਦਰਲਾ ਹਿੱਪੋਕੈਂਪਸ ਹਰਕਤ ਕਰਦਾ ਰਹੇਗਾ ਤੇ ਨਾ ਚਾਹੁੰਦਿਆਂ ਹੋਇਆਂ ਵੀ ਬੋਰਿੰਗ ਕਲਾਸ ਯਾਦਗਾਰੀ ਬਣ ਜਾਏਗੀ।

ਜੇ ਬੁਢੇਪੇ ਦੀ ਗੱਲ ਕਰੀਏ ਤਾਂ ਉੱਥੇ ਜਿਗਿਆਸਾ ਦਾ ਵੱਧ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਮ ਹੀ ਲੋਕ ਆਪਣੇ ਮਾਪਿਆਂ ਨੂੰ ਸੱਤਰਿਆ ਬਹੱਤਰਿਆ ਕਹਿ ਕੇ ਖੂੰਜੇ ਲਾ ਛੱਡਦੇ ਹਨ ਤੇ ਉਨ੍ਹਾਂ ਤੋਂ ਕੁਝ ਸਲਾਹ ਮਸ਼ਵਰਾ ਵੀ ਲੈਣਾ ਪਸੰਦ ਨਹੀਂ ਕਰਦੇ। ਨਤੀਜਾ ਇਹ ਹੁੰਦਾ ਹੈ ਕਿ ਉਨ੍ਹਾਂ ਦਾ ਹਿੱਪੋਕੈਂਪਸ ਤੇ ਡੋਪਾਮੀਨ ਆਪਣਾ ਕੰਮਕਾਰ ਘਟਾ ਦਿੰਦੇ ਹਨ ਤੇ ਹੌਲੀ-ਹੌਲੀ ਦਿਮਾਗ਼ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ। ਜਿਗਿਆਸਾ ਪੈਦਾ ਕਰਨ ਨਾਲ ਜ਼ਿਆਦਾ ਦੇਰ ਤੱਕ ਦਿਮਾਗ਼ ਰਵਾਂ ਰੱਖਿਆ ਜਾ ਸਕਦਾ ਹੈ। ਇਸ ਵਾਸਤੇ ਕੁਝ ਵੀ ਨਵਾਂ ਕੀਤਾ ਜਾ ਸਕਦਾ ਹੈ। ਮਸਲਨ ਸ਼ੀਸ਼ੇ ਦੇ ਇੱਕ ਭਾਂਡੇ ਵਿਚ ਗਿੱਲਾ ਰੂੰ ਰੱਖ ਕੇ, ਉਸ ਵਿੱਚ ਬੀਜ ਪਾ ਦਿਓ। ਉਸਨੂੰ ਰੋਜ਼ ਪੁੰਗਰਦੇ ਵੇਖਣਾ ਤੇ ਪੱਤੀਆਂ ਦੇ ਨਾਲ-ਨਾਲ ਜੜ੍ਹਾਂ ਦਾ ਵਧਣਾ ਵੇਖਣਾ ਵੀ ਜਿਗਿਆਸਾ ਪੈਦਾ ਕਰਦਾ ਹੈ। ਕਿਸੇ ਖੇਡ ਨਾਲ ਜੁੜਨਾ ਤੇ ਉਸ ਵਿਚਲੇ ਜੇਤੂ ਬੰਦੇ ਨਾਲ ਅੰਤ ਤਕ ਜੁੜੇ ਰਹਿਣਾ, ਜਿਵੇਂ, ਚੈੱਸ, ਕੈਰਮ, ਗੀਟੀਆਂ ਜਾਂ ਕਿਸੇ ਰਹੱਸਮਈ ਨਾਵਲ ਨੂੰ ਪੜ੍ਹਨਾ, ਕਿਸੇ ਸੁੰਡੀ ਨੂੰ ਤਿਤਲੀ ਬਣਦੇ ਵੇਖਣਾ, ਵਗੈਰਾ।

ਇਸ ਤਰ੍ਹਾਂ ਬੁਢੇਪੇ ਵਿਚ ਵੀ ਡੋਪਾਮੀਨ ਦਾ ‘ਰਿਵਾਰਡ ਸਰਕਟ’ ਬਣਦਾ ਰਹਿੰਦਾ ਹੈ। ਰਿਵਾਰਡ ਸਰਕਟ ਵਿਚ ਬਾਹਰਲੀ ਕਿਸੇ ਨਵੀਂ ਚੀਜ਼ ਵਿੱਚੋਂ ਸਕਾਰਾਤਮਕ ਊਰਜਾ ਲੈ ਕੇ ਦਿਮਾਗ਼ ਡੋਪਾਮੀਨ ਨੂੰ ਹਿੱਪੋਕੈਂਪਸ ਵੱਲ ਧੱਕਣ ਲੱਗ ਪੈਂਦਾ ਹੈ। ਹਿੱਪੋਕੈਂਪਸ ਫੇਰ ਦਿਮਾਗ਼ ਨੂੰ ਹੋਰ ਸਿੱਖਣ ਤੇ ਯਾਦ ਰੱਖਣ ਲਈ ਤਰੋਤਾਜ਼ਾ ਕਰ ਦਿੰਦਾ ਹੈ।

ਇੱਕ ਗੱਲ ਪੱਕੀ ਹੋ ਗਈ ਕਿ ਕੁੱਝ ਨਵਾਂ ਪਨਪ ਜਾਣ ਜਾਂ ਜਿੱਤਣ ਦੇ ਇਹਸਾਸ ਨੇ ਹੀ ਵੱਡੀ ਉਮਰ ਵਿਚ ਦਿਮਾਗ਼ ਜਵਾਨ ਰੱਖਣਾ ਹੈ। ਇਹ ਖੋਜ ‘ਸਾਇੰਸ ਡੇਲੀ’ ਰਿਸਾਲੇ ਵਿਚ ਅਕਤੂਬਰ 2014 ਵਿਚ ਛਪ ਚੁੱਕੀ ਹੋਈ ਹੈ ਕਿ ਸਿਰਫ਼ ਵਧੀਆ ਸਰੀਰਕ ਸਿਹਤ ਹੀ ਨਹੀਂ ਬਲਕਿ ਦਿਮਾਗ਼ ਨੂੰ ਚੁਸਤ ਰੱਖਣ ਲਈ ਵੀ ਪ੍ਰੇਰਣਾ ਦੀ ਵੱਧ ਲੋੜ ਹੁੰਦੀ ਹੈ ਤੇ ਪ੍ਰੇਰਣਾ ਲੈਣ ਲਈ ਸਕਾਰਾਤਮਕ ਊਰਜਾ ਦੀ ਲੋੜ ਹੈ ਜੋ ਜਿਗਿਆਸਾ ਨਾਲ ਯਾਨੀ ਹੋਰ ਸਿੱਖਣ ਦੀ ਚਾਹ ਨਾਲ ਹੀ ਪੈਦਾ ਹੁੰਦੀ ਹੈ।

ਬਸ ਹੁਣ ਉਡੀਕਿਓ ਨਾ, ਝਟਪਟ ਨਵੀਆਂ ਚੀਜ਼ਾਂ ਸਿੱਖਣ ਵੱਲ ਲੱਗ ਪਵੋ। ਉਮਰ ਦਾ ਕੋਈ ਝਮੇਲਾ ਨਹੀਂ।

*****

(739)

ਆਪਣੇ ਵਿਚਾਂਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author