HarshinderKaur7ਇਸੇ ਕਰਕੇ ਸਮਾਜ ਸੁਧਾਰਕ ਸੋਚ ਕਿਧਰੇ ਹੇਠਾਂ ਦੱਬੀ ਰਹਿ ਜਾਂਦੀ ਹੈ ਤੇ ਚੌਧਰ ਜਮਾਉਣ ਵਾਲੇ ...
(23 ਜੂਨ 2018)

 

ਐਲਬਰਟ ਆਈਨਸਟਾਈਨ ਨੇ ਕਿਹਾ ਸੀ ਕਿ ਜਿਸ ਨੂੰ ਗਿਆਨ ਵwਧ ਹੋਵੇ, ਉਸ ਦੀ ਹਉਮੈ ਘੱਟ ਜਾਂਦੀ ਹੈ ਤੇ ਜਿਸ ਨੂੰ ਗਿਆਨ ਥੋੜ੍ਹਾ ਹੋਵੇ, ਉਸ ਵਿਚ ਹਉਮੈ ਲੋੜੋਂ ਵੱਧ ਜਮਾਂ ਹੋ ਜਾਂਦੀ ਹੈ।

ਸਾਡੀ ‘ਮੈਂ’ ਕਈ ਕਿਸਮਾਂ ਦੀ ਹੁੰਦੀ ਹੈ। ਕਿਸੇ ਵਿਚ ਵੱਧ ਤੇ ਕਿਸੇ ਵਿਚ ਘੱਟ। ਇਸ ਵਿਚ ਸਿਰਫ਼ ਆਪਣੇ ਆਪ ਨੂੰ ਉਤਾਂਹ ਚੁੱਕਣ ਜਾਂ ਆਕੜਖ਼ਾਨ ਬਣਨ ਬਾਰੇ ਹੀ ਨਹੀਂ ਬਲਕਿ ਰੋਜ਼ਮਰਾ ਦੀਆਂ ਲੋੜਾਂ ਵਿਚ ਹੱਕ ਜਤਾਉਣਾ ਜਿਵੇਂ ਭੁੱਖ, ਸਰੀਰਕ ਸੰਬੰਧ, ਗੁੱਸਾ, ਆਪਣਾ ਆਰਾਮ ਦਾ ਸਮਾਂ, ਮਨ ਦੀ ਸ਼ਾਂਤੀ ਅਤੇ ਅਨੰਦਿਤ ਮਹਿਸੂਸ ਹੋਣਾ ਸ਼ਾਮਲ ਹੈ। ਹਉਮੈ ਦੀ ਇਕ ਕਿਸਮ ਆਪਣੀਆਂ ਮੰਗਾਂ ਦੀ ਪੂਰਤੀ ਨਾਲ ਹੋ ਰਹੇ ਆਨੰਦ ਨੂੰ ਹਾਸਲ ਕਰਨ ਲਈ ਦੂਜੇ ਦਾ ਨੁਕਸਾਨ ਕਰਨ ਲਈ ਵੀ ਉਕਸਾ ਦਿੰਦੀ ਹੈ। ਦੂਜੀ ਕਿਸਮ ਵਿਚ ਕਾਫੀ ਕੁੱਝ ਆਪਣੇ ਮਾਪਿਆਂ ਕੋਲੋਂ ਹਾਸਲ ਕੀਤਾ ਹੁੰਦਾ ਹੈ। ਇਸ ਵਿਚ ਆਲੇ-ਦੁਆਲੇ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ ਤੇ ਸੱਭਿਆਚਾਰ ਦਾ ਵੀ। ਇਹ ਸਾਡੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਂਦਾ ਹੈ। ਇਸ ਵਿਚ ਸਮਾਜ ਵਿਚਲੇ ਦਬਾਓ ਸਾਡੇ ਨਿਰਣੇ ਉੱਤੇ ਅਸਰ ਪਾਉਂਦੇ ਹਨ ਤੇ ਕਈ ਵਾਰ ਮਾੜਾ ਕਰਨ ਤੋਂ ਰੋਕਦੇ ਵੀ ਹਨ।

ਕਿਸੇ ਵੀ ਇਨਸਾਨ ਅੰਦਰ ਕਿੰਨੀ ਹਉਮੈ ਭਰੀ ਪਈ ਹੈ, ਉਸੇ ਹਿਸਾਬ ਨਾਲ ਉਸ ਅੰਦਰ ਹਲੀਮੀ ਤੇ ਗੁੱਸੇ ਦਾ ਵੱਧ ਜਾਂ ਘੱਟ ਭੰਡਾਰ ਹੁੰਦਾ ਹੈ ਤੇ ਉਸੇ ਅਨੁਸਾਰ ਬੰਦਾ ਇਕਦਮ ਭੜਕ ਸਕਦਾ ਹੈ ਜਾਂ ਠਰ੍ਹੰਮੇ ਨਾਲ ਸੋਚ ਵਿਚਾਰ ਕਰਨ ਯੋਗ ਬਣਦਾ ਹੈ। ਕਿਸੇ ਦਾ ਆਪ ਮਾੜਾ ਕਰਨਾ ਜਾਂ ਕਿਸੇ ਹੋਰ ਕੋਲੋਂ ਕਰਵਾਉਣਾ, ਕਿਸੇ ਉੱਤੇ ਤਰਸ ਕਰਨਾ ਜਾਂ ਆਪਣੇ ਅੱਗੇ ਦੂਜੇ ਨੂੰ ਝੁਕਣ ਉੱਤੇ ਮਜਬੂਰ ਕਰਨਾ ਸਾਡੀ ਹੈਂਕੜ ਦੇ ਮਾਪਦੰਡ ਉੱਤੇ ਨਿਰਭਰ ਕਰਦਾ ਹੈ। ਕਈ ਜਣਿਆਂ ਨੂੰ ਜੇ ਰਤਾ ਮਾਸਾ ਜਾਣਕਾਰੀ ਹਾਸਲ ਹੋ ਜਾਵੇ ਤਾਂ ਉਸੇ ਦੇ ਸਿਰ ਉੱਤੇ ਆਪਣੇ ਆਪ ਨੂੰ ਨਾਢੂ ਖ਼ਾਂ ਮੰਨਦੇ ਹੋਏ ਬਾਕੀਆਂ ਨੂੰ ਟਿੱਚ ਸਮਝਣ ਲੱਗ ਜਾਂਦੇ ਹਨ। ਅਜਿਹੇ ਲੋਕਾਂ ਨੂੰ ‘ਥੋਥਾ ਚਨਾ ਬਾਜੇ ਘਨਾ’ ਮੰਨਿਆ ਜਾਂਦਾ ਹੈ। ਸਾਡੇ ਚੁਫ਼ੇਰੇ ਅਜਿਹੇ ਲੋਕਾਂ ਦਾ ਭੰਡਾਰ ਹੈ। ਕਿਸੇ ਗੱਲ ਬਾਰੇ ਸਿਰਫ਼ ਪੰਜ ਫੀਸਦੀ ਜਾਣਕਾਰੀ ਹਾਸਲ ਹੁੰਦੇ ਸਾਰ ਆਪਣੇ ਆਲੇ-ਦੁਆਲੇ ਵਾਲਿਆਂ ਨੂੰ ਉਜੱਡ ਮੰਨ ਕੇ ਚੁਫ਼ੇਰੇ ਆਪਣੀ ਧਾਕ ਜਮਾਉਣ ਲਈ ਉਸ ਜਾਣਕਾਰੀ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਲਈ ਵੱਟਸਐਪ ਜਾਂ ਫੇਸਬੁੱਕਾਂ ਭਰ ਦਿੱਤੀਆਂ ਜਾਂਦੀਆਂ ਹਨ। ਅਗਲਾ ਜਣਾ ਵੀ ਅਜਿਹੀ ਜਾਣਕਾਰੀ ਜਾਂ ਵੀਡੀਓ ਵੇਖ ਕੇ, ਬਿਨਾਂ ਸੋਚੇ ਸਮਝੇ ਉਸ ਨੂੰ ਅਗਾਂਹ ਭੇਜ ਕੇ ਆਪਣੇ ਮਨ ਅੰਦਰਲੀ ਉਥਲ ਪੁਥਲ ਸ਼ਾਂਤ ਕਰ ਲੈਂਦਾ ਹੈ। ਇੰਜ ਕਰਦਿਆਂ ਕੋਈ ਅਸਲ ਘਟਨਾ, ਜੋ ਲੋਕਾਂ ਦੇ ਫ਼ਾਇਦੇ ਲਈ ਸਾਂਝੀ ਕਰਨ ਵਾਸਤੇ ਭਾਵੇਂ ਲੰਡਨ ਮੈਡੀਕਲ ਕਾਲਜ ਵੱਲੋਂ ਬਣਾਈ ਗਈ ਹੋਵੇ, ਨੂੰ ਕੱਟ ਵੱਢ ਕੇ, ਕੁੱਝ ਸਕਿੰਟਾਂ ਜਾਂ ਮਿੰਟਾਂ ਦੇ ਟੋਟਕੇ ਨੂੰ ਬਲਾਚੌਰ, ਮੇਵਾਤ ਜਾਂ ਕਿਸੇ ਹੋਰ ਸ਼ਹਿਰ ਵਿਚਲੀ ਘਟਨਾ ਦੱਸ ਕੇ ਅਗਾਂਹ ਤੋਰ ਦਿੱਤੀ ਜਾਂਦੀ ਹੈ। ਉਸ ਗੱਲ ਦਾ ਅਗਲਾ ਪਿਛਲਾ ਹਿੱਸਾ ਜੋ ਅਸਲ ਨੁਕਤਾ ਹੁੰਦਾ ਹੈ, ਕੱਟ ਦਿੱਤਾ ਗਿਆ ਹੁੰਦਾ ਹੈ ਜਿਸ ਨਾਲ ਮਤਲਬ ਵੀ ਬਦਲ ਜਾਂਦਾ ਹੈ ਤੇ ਮਕਸਦ ਵੀ। ਅਤੇ ਥਾਂ ਵੀ ਹਰ ਜਣਾ ਆਪਣੇ ਹਿਸਾਬ ਨਾਲ ਬਣਾ ਲੈਂਦਾ ਹੈ ਕਿ ਅਜਿਹੀ ਮਿਰਚ ਮਸਾਲੇਦਾਰ ਜਾਣਕਾਰੀ ਭੇਜਣ ਨਾਲ ਲੋਕ ਸਾਡਾ ਨਾਂ ਪੜ੍ਹਣਗੇ ਤੇ ਸਾਨੂੰ ਫ਼ੋਨ ਵੀ ਕਰਨਗੇ!

ਇਸੇ ਹੀ ਤਰ੍ਹਾਂ ਕੁੱਝ ਇਨਸਾਨੀਅਤ ਦਰਸਾਉਂਦੀਆਂ ਘਟਨਾਵਾਂ ਦਾ ਸ਼ੁਰੂ ਤੇ ਅੰਤ ਕੱਟ ਕੇ, ਸਿਰਫ਼ ਜ਼ੁਲਮ ਹੁੰਦੇ ਦੀ ਕੁੱਝ ਸਕਿੰਟਾਂ ਦੀ ਰਿਕਾਰਡਿੰਗ ਨੂੰ ਕਿਸੇ ਵੀ ਇਲਾਕੇ, ਧਰਮ ਜਾਂ ਫਿਰਕੇ ਨਾਲ ਜੋੜ ਕੇ ਇਕਦਮ ਲੋਕਾਂ ਨੂੰ ਭੜਕਾ ਦਿੱਤਾ ਜਾਂਦਾ ਹੈ। ਅਜਿਹਾ ਕਰਨ ਵਾਲਾ ਬੰਦਾ ਆਪਣੀ ਸ਼ਰਾਰਤ ਨਾਲ ਲੋਕਾਂ ਦਾ ਵਿਦਰੋਹ ਤੇ ਲੜਾਈ ਝਗੜਾ ਵੇਖ ਕੇ ਆਪਣੇ ਮਨ ਅੰਦਰ ਠੰਢ ਮਹਿਸੂਸ ਕਰਦਾ ਹੈ ਕਿ ਮੈਂ ਇੰਨਾ ਤਾਕਤਵਰ ਹਾਂ ਕਿ ਸਾਰਾ ਕੁੱਝ ਕੰਟਰੋਲ ਕਰ ਸਕਦਾ ਹਾਂ ਤੇ ਲੋਕਾਂ ਨੂੰ ਉਂਗਲੀਆਂ ਉੱਤੇ ਨਚਾ ਸਕਦਾ ਹਾਂ।

ਵੱਧ ਗਿਆਨਵਾਨ ਬੰਦਾ ਡੂੰਘੇ ਸਮੁੰਦਰ ਵਾਂਗ ਹੁੰਦਾ ਹੈ, ਸ਼ਾਂਤ, ਸਹਿਜ ਤੇ ਚਿਹਰੇ ਉੱਤੇ ਨੂਰ! ਇਕਦਮ ਨਾ ਭੜਕਣਾ, ਸੋਚ ਸਮਝ ਕੇ ਗੱਲ ਕਰਨੀ, ਨਤੀਜੇ ਬਾਰੇ ਕਿਆਸ ਲਾ ਕੇ ਆਪਣੇ ਵਿਚਾਰ ਰੱਖਣੇ, ਆਕੜ ਨਾ ਰੱਖਣੀ, ਸ਼ੇਖ਼ੀ ਨਾ ਮਾਰਨੀ, ਸਾਦਾ ਪਹਿਰਾਵਾ ਤੇ ਉੱਚ ਪੱਧਰੇ ਵਿਚਾਰ ਹੀ ਅਜਿਹੇ ਬੰਦੇ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਅਜਿਹੇ ਬੰਦੇ ਆਪਣੀ ਗ਼ਲਤੀ ਨਾ ਹੋਣ ਉੱਤੇ ਵੀ ਦੂਜੇ ਦੀ ਹਉਮੈ ਨੂੰ ਪੱਠੇ ਪਾਉਣ ਲਈ ਆਪ ਨਿਮਰਤਾ ਸਹਿਤ ਮੁਆਫ਼ੀ ਮੰਗ ਲੈਂਦੇ ਹਨ।

ਥੋਥੇ ਚਨੇ ਵਾਲੀਆਂ ਸ਼ਖ਼ਸੀਅਤਾਂ ਦੂਜੇ ਉੱਤੇ ਹਾਵੀ ਹੋਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਹੁੰਦੀਆਂ ਹਨ। ਉਨ੍ਹਾਂ ਕੋਲੋਂ ਆਪਣੇ ਵਿਚਾਰ ਕਾਬੂ ਵਿਚ ਰੱਖੇ ਹੀ ਨਹੀਂ ਜਾਂਦੇ ਤੇ ਆਮ ਹੀ ਗ਼ਲਤ ਗੱਲਾਂ ਫੈਲਾ ਦਿੰਦੇ ਹਨ। ਫੇਰ ਪਤਾ ਲੱਗਣ ਉੱਤੇ ਵੀ ਮੁਆਫ਼ੀ ਮੰਗਣ ਦੀ ਥਾਂ ਆਪਣੀ ਚੌਧਰ ਜਮਾਉਣ ਉੱਤੇ ਅੜੇ ਰਹਿੰਦੇ ਹਨ। ਅਜਿਹੇ ਲੋਕਾਂ ਦਾ ਸੁਭਾਅ ਕੁਰਖ਼ਤ, ਅੱਖੜ, ਅੜਬ, ਦੂਜਿਆਂ ਦਾ ਕੰਮ ਨਾ ਕਰਨਾ, ਦੂਜਿਆਂ ਵਿਚ ਨੁਕਸ ਭਾਲਦੇ ਰਹਿਣਾ, ਕਿਸੇ ਦੀ ਈਨ ਕਦੇ ਵੀ ਮੰਨਣ ਨੂੰ ਤਿਆਰ ਨਾ ਹੋਣਾ, ਝੱਟ ਗੁੱਸੇ ਵਿਚ ਆ ਜਾਣਾ, ਆਦਿ ਵੇਖਿਆ ਗਿਆ ਹੈ।

ਮਨੋਵਿਗਿਆਨੀਆਂ ਵੱਲੋਂ ਇਹ ਵੀ ਵੇਖਣ ਵਿਚ ਆਇਆ ਹੈ ਕਿ ਅਜਿਹੇ ਲੋਕ ਭਾਵੇਂ ਆਪਣੀ ਈਨ ਲੋਕਾਂ ਵਿਚ ਜ਼ਿੱਦ ਨਾਲ ਮੰਨਵਾ ਲੈਣ ਪਰ ਉਨ੍ਹਾਂ ਦੇ ਮਨ ਅੰਦਰ ਹੀਣ ਭਾਵਨਾ ਭਰ ਜਾਂਦੀ ਹੈ ਤੇ ਆਪਣੇ ਆਪ ਨੂੰ ਦੋਸ਼ੀ ਵੀ ਮੰਨ ਲੈਂਦੇ ਹਨ। ਪਰ, ਫਿਰ ਵੀ ਇਹ ਸਭ ਜ਼ਾਹਿਰ ਕਦੇ ਨਹੀਂ ਕਰਦੇ। ਇਸੇ ਲਈ ਅਜਿਹੇ ਲੋਕ ਜ਼ਿਆਦਾਤਰ ਤਣਾਓ, ਘਬਰਾਹਟ ਤੇ ਨਿਤਾਣੇਪਨ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਕਈ ਜਣੇ ‘ਟਾਈਪ ਏ ਪਰਸਨੈਲਿਟੀ’ ਵਾਲੇ ਬਣ ਜਾਂਦੇ ਹਨ ਤੇ ਛੇਤੀ ਛਿੱਥੇ ਪੈ ਕੇ ਹਰ ਹਾਲ ਆਪਣੇ ਆਪ ਨੂੰ ਉੱਚਾ ਤੇ ਨੰਬਰ ਵੰਨ ਸਾਬਤ ਕਰਨ ਵਿਚ ਲੱਗੇ ਰਹਿੰਦੇ ਹਨ। ਇਨ੍ਹਾਂ ਵਿਚ ਇੱਕੋ ਗੱਲ ਨੂੰ ਦੁਹਰਾਉਣਾ ਤੇ ਉਸ ਨੂੰ ਪੂਰਾ ਕਰਨ ਦੀ ਜ਼ਿੱਦ ਕਰਨ ਦੀ ਇੱਛਾ ਪ੍ਰਬਲ ਹੋ ਜਾਂਦੀ ਹੈ।

ਸਭ ਵੱਲੋਂ ਵਾਹ ਵਾਹੀ ਸੁਣਨੀ ਤੇ ਹਰ ਰੋਜ਼ ਆਪਣੀ ਮੈਂ ਨੂੰ ਪੱਠੇ ਪਾਉਣੇ ਇਕ “ਪਰਸਨੈਲਟੀ ਡਿਸਆਰਡਰ“ ਮੰਨ ਲਿਆ ਗਿਆ ਹੈ। ਅਜਿਹਾ ਮਾਨਸਿਕ ਰੋਗੀ ਕੋਈ ਇੱਕ ਨਹੀਂ। ਟਵਿਟਰ, ਫੇਸਬੁੱਕ, ਵੱਟਸਐਪ, ਆਦਿ ਉੱਤੇ ਇੰਨੇ ਲੱਭ ਜਾਣਗੇ ਕਿ ਗਿਣਤੀ ਕਰਨੀ ਔਖੀ ਹੋ ਜਾਣੀ ਹੈ।

ਇਸ ਦਾ ਨਤੀਜਾ ਇਹ ਹੋ ਗਿਆ ਹੈ ਕਿ ਅਸਲ ਕੰਮ ਕਰਨ ਨਾਲੋਂ ਬਹੁਗਿਣਤੀ ਇਕ ਤਸਵੀਰ ਜਾਂ ਥੋਥੇ ਬਿਆਨ ਨੂੰ ਸਾਂਝਾ ਕਰ ਕੇ ਦੂਜਿਆਂ ਵੱਲੋਂ ‘ਵਾਹ’ ਸੁਣ ਕੇ ਤਸੱਲੀ ਨਾਲ ਬਹਿ ਜਾਂਦੇ ਹਨ ਕਿ ਮੈਂ ਆਪਣਾ ਜਨਮ ਸਾਰਥਕ ਕਰ ਲਿਆ।

ਅਜਿਹੀ ਸੋਚ ਕਿਸੇ ਵੀ ਸਮਾਜ ਲਈ ਮਾਰੂ ਸਾਬਤ ਹੋ ਸਕਦੀ ਹੈ ਜਿੱਥੇ ਵੱਡੀ ਗਿਣਤੀ ਘੱਟ ਗਿਆਨਵਾਨ ਲੋਕ ਆਪਣੇ ਆਪ ਨੂੰ ਕਿਸੇ ਵੀ ਹਾਲ ਸਿਰਫ਼ ਨੰਬਰ ਵੰਨ ਸਾਬਤ ਕਰਨ ਲਈ ਜੁਟੇ ਹੋਣ ਪਰ ਸਮਾਜ ਦੀ ਬਿਹਤਰੀ ਲਈ ਨਾ ਵੱਡੀ ਪੱਧਰ ਉੱਤੇ ਕੰਮ ਹੋ ਰਿਹਾ ਹੋਵੇ ਤੇ ਨਾ ਹੀ ਅਜਿਹੇ ਲੋਕ ਚਿੰਤਿਤ ਹੋਣ!

ਜਿਹੜਾ ਕੋਈ ਸ਼ਾਂਤਮਈ ਢੰਗ ਨਾਲ ਸਮਾਜ ਲਈ ਕੰਮ ਕਰ ਰਿਹਾ ਹੋਵੇ ਜਾਂ ਗਿਆਨਵਾਨ ਇਨਾਸਾਨ ਚੁੱਪਚਾਪ ਬੈਠਾ ਹੋਵੇ, ਉਸ ਨੂੰ ਭੰਡ ਕੇ ਉਸ ਦੀ ਲੰਮੀ ਲਾਈਨ ਨੂੰ ਛੋਟਿਆਂ ਕਰਨ ਲਈ ਹੁੱਲੜਬਾਜ਼ੀ ਦਾ ਸਹਾਰਾ ਵੀ ਲਿਆ ਜਾਂਦਾ ਹੈ। ਭੱਦੀ ਬਿਆਨਬਾਜ਼ੀ ਕਰ ਕੇ ਉਸ ਨੂੰ ਨੀਵਾਂ ਵਿਖਾ ਕੇ ‘ਥੋਥੇ ਚਨੇ’ ਆਪਣੇ ਆਪ ਨੂੰ ਉਸ ਤੋਂ ਉੱਚਾ ਮੰਨ ਕੇ ਪ੍ਰਸੰਨਤਾ ਮਹਿਸੂਸ ਕਰਦੇ ਹਨ। ਅਜਿਹੀ ਸੋਚ ਵਾਲੇ ਬੰਦਿਆਂ ਨੂੰ ਵਾਗਾਂ ਪਾਉਣ ਵਾਲੇ ਸਿਆਸਤਦਾਨ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਬਾਖ਼ੂਬੀ ਵਰਤ ਲੈਂਦੇ ਹਨ। ਰੰਗੀਨ ਸੁਫ਼ਨੇ ਵਿਖਾ ਕੇ, ਉੱਚੀਆਂ ਪਦਵੀਆਂ ਤੇ ਚੌਧਰ ਦਾ ਲਾਲਚ ਦੇ ਕੇ ਥੋਥੇ ਚਨਿਆਂ ਨੂੰ ਚਨੇ ਦੇ ਝਾੜ ਉੱਤੇ ਚੜ੍ਹਾ ਦਿੰਦੇ ਹਨ। ਇਸੇ ਕਰਕੇ ਸਮਾਜ ਸੁਧਾਰਕ ਸੋਚ ਕਿਧਰੇ ਹੇਠਾਂ ਦੱਬੀ ਰਹਿ ਜਾਂਦੀ ਹੈ ਤੇ ਚੌਧਰ ਜਮਾਉਣ ਵਾਲੇ ਘੱਟ ਗਿਆਨਵਾਨ ਬੰਦੇ ਆਪਣੀ ਹੈਂਕੜ ਨੂੰ ਪੱਠੇ ਪਾਉਣ ਲਈ ਕਮਜ਼ੋਰ ਵਰਗ ਤੇ ਬੁੱਧੀਜੀਵੀ ਵਰਗ, ਦੋਹਾਂ ਨੂੰ ਦੱਬ ਲੈਂਦੇ ਹਨ।

ਅਜਿਹੇ ਲੋਕਾਂ ਬਾਰੇ ਗੁਰਬਾਣੀ ਵਿਚ ਕਈ ਵਾਰ ਚੇਤੰਨ ਕੀਤਾ ਗਿਆ ਹੈ।

ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ।
ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ।
ਨਾਨਕ ਨਾਮ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ॥ (ਅੰਗ 1410)

ਨਹ ਨਿੰਦਿਆ ਨਹੁ ਉਸਤਤਿ ਜਾ ਕੈ ਲੋਭੁ ਮੋਹਿ ਅਭਿਮਾਨਾ।
ਹਰਖ ਸੋਖ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ।

ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ।
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ। (ਅੰਗ 633)

ਹੁਣ ਇਸ ਤੋਂ ਵੱਧ ਗੁਰੂ ਸਾਹਿਬ ਸਾਨੂੰ ਕੀ ਸਮਝਾਉਣ? ਜੇ ਹਾਲੇ ਵੀ ਕੋਈ ਬ੍ਰਹਮ ਗਿਆਨੀ ਅਜਿਹੇ ਮੂਰਖਾਂ ਜਾਂ ਥੋਥੇ ਚਨਿਆਂ ਕਾਰਨ ਦੁਖੀ ਮਹਿਸੂਸ ਕਰ ਰਿਹਾ ਹੈ ਤਾਂ ਇਹ ਤੁਕਾਂ ਸਪਸ਼ਟ ਕਰ ਦੇਣਗੀਆਂ:

ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ।
ਮੂਰਖੈ ਨਾਲਿ ਨ ਲੁਝੀਐ। (ਅੰਗ 473)

ਸੋ ਅੱਗੇ ਤੋਂ ਜੇ ਕੋਈ ਆਪਣਾ ਅੱਧ ਪਚੱਧ ਗਿਆਨ ਤੁਹਾਡੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਦਿਸੇ ਤਾਂ ਚੁੱਪਚਾਪ ਕਿਨਾਰਾ ਕਰ ਲੈਣਾ ਹੀ ਠੀਕ ਰਹੇਗਾ। ਪਰ, ਕਿਸੇ ਵੀ ਹਾਲ ਵਿਚ ਢਹਿੰਦੀ ਕਲਾ ਵੱਲ ਨਹੀਂ ਜਾਣਾ ਚਾਹੀਦਾ ਕਿਉਂਕਿ ਚੜ੍ਹਦੇ ਸੂਰਜ ਨੂੰ ਹਨੇਰਾ ਹਮੇਸ਼ਾ ਲਈ ਢਕ ਨਹੀਂ ਸਕਦਾ ਤੇ ਨਾ ਹੀ ਲੋਕ ਹਮੇਸ਼ਾ ਹਨੇਰੇ ਵਿਚ ਰਹਿਣਾ ਪਸੰਦ ਕਰਦੇ ਹਨ!

*****

(1203)

ਡਾ ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ।

ਪਟਿਆਲਾ (20 ਮਈ 2018)

 

HarshAB1

 

ਡਾ. ਹਰਸ਼ ਚੈਰੀਟੇਬਲ ਟਰੱਸਟ ਪਿਛਲੇ ਗਿਆਰਾਂ ਸਾਲਾਂ ਤੋਂ ਲਗਾਤਾਰ ਪੰਜਾਬ ਦੀਆਂ ਗਰੀਬ ਬੇਸਹਾਰਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਿਹਾ ਹੈ। ਇਸ ਦੇ ਬਾਨੀ ਡਾ. ਹਰਸ਼ਿੰਦਰ ਕੌਰ ਅਤੇ ਡਾ. ਗੁਰਪਾਲ ਸਿੰਘ ਵੱਲੋਂ ਅੱਜ ਇੱਕ ਸੌ ਬਾਈ ਬੇਸਹਾਰਾ ਗਰੀਬ ਬੇਟੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਸਤੇ ਚੈੱਕ ਵੰਡੇ ਗਏ।

ਇਹ ਟਰੱਸਟ ਦੋ ਹਜ਼ਾਰ ਅੱਠ ਤੋਂ ਗਰੀਬ ਬੱਚਿਆਂ ਨੂੰ ਸਕੂਲ ਦੀ ਫੀਸ ਦੇ ਚੈੱਕ ਦੇ ਰਹੀ ਹੈ ਅਤੇ ਇਸ ਵਿੱਚ ਹੁਣ ਤੱਕ ਤਿੰਨ ਸੌ ਚੁਹੱਤਰ ਬੱਚੀਆਂ ਮਦਦ ਲੈ ਚੁੱਕੀਆਂ ਹਨ। ਇਸ ਵਾਰ ਚਾਲੀ ਹੋਰ ਨਵੀਆਂ ਲੋੜਵੰਦ ਬੇਟੀਆਂ ਨੂੰ ਇਸ ਟਰੱਸਟ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਟਰੱਸਟ ਰਾਹੀਂ ਉਨ੍ਹਾਂ ਗਰੀਬ ਬੇਟੀਆਂ ਦੀ ਮਦਦ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਤੇ ਉਨ੍ਹਾਂ ਕੋਲ ਕੋਈ ਕਮਾਈ ਦਾ ਸਾਧਨ ਨਾ ਹੋਵੇ ।ਕੁੱਝ ਉਹ ਕਿਸਾਨ ਜੋ ਖ਼ੁਦਕੁਸ਼ੀ ਕਰ ਚੁੱਕੇ ਹਨ, ਉਨ੍ਹਾਂ ਦੀਆਂ ਧੀਆਂ ਵੀ ਇਸ ਟਰੱਸਟ ਰਾਹੀਂ ਮਦਦ ਲੈ ਰਹੀਆਂ ਹਨ। ਇਹ ਬੇਟੀਆਂ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਕਰ ਰਹੀਆਂ ਹਨ। ਡਾ. ਹਰਸ਼ਿੰਦਰ ਕੌਰ, ਜੋ ਇਸ ਟਰੱਸਟ ਦੇ ਪ੍ਰਧਾਨ ਹਨ, ਨੇ ਦੱਸਿਆ ਕਿ ਇਸ ਟਰੱਸਟ ਦਾ ਮਕਸਦ ਗਰੀਬ ਬੇਟੀਆਂ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰ ਕੇ ਮਾਦਾ ਭਰੂਣ ਹੱਤਿਆ ਵਿਰੁੱਧ ਆਵਾਜ਼ ਬੁਲੰਦ ਕਰ ਸਕਣ ਲਈ ਮਾਨਸਿਕ ਪੱਖੋਂ ਤਿਆਰ ਵੀ ਕਰਨਾ ਹੈ। ਡਾ. ਗੁਰਪਾਲ ਸਿੰਘ ਜੋ ਇਸ ਟਰੱਸਟ ਦੇ ਜਨਰਲ ਸਕੱਤਰ ਹਨ ,ਨੇ ਦੱਸਿਆ ਕਿ ਅੱਜ ਦੋ ਲੱਖ ਰੁਪਏ ਦੇ ਚੈੱਕ ਦੀ ਰਾਸ਼ੀ ਵੰਡ ਕੇ ਇਨ੍ਹਾਂ ਬੇਟੀਆਂ ਦੀ ਪੜ੍ਹਾਈ ਉੱਤੇ ਖਰਚ ਕੀਤੇ ਗਏ। ਇਸ ਮੌਕੇ ਜਗਰਾਉਂ, ਗੁਰਦਾਸਪੁਰ, ਤਰਨਤਾਰਨ ,ਨਵਾਂ ਸ਼ਹਿਰ, ਬਟਾਲਾ, ਲੁਧਿਆਣਾ, ਜਲੰਧਰ, ਰੋਪੜ ,ਪਟਿਆਲਾ, ਮਲੇਰਕੋਟਲਾ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਸੰਗਰੂਰ ਅਤੇ ਕੁਰਾਲੀ ਆਦਿ ਤੋਂ ਅਨੇਕ ਬੇਟੀਆਂ ਆਪਣੀ ਫੀਸ ਦੇ ਚੈੱਕ ਲੈਣ ਇੱਥੇ ਪਹੁੰਚੀਆਂ।

ਇਸ ਵਾਰ ਇੱਕ ਨਾਮਵਰ ਪੰਜਾਬੀ ਸਾਹਿਤਕਾਰ, ਜੋ ਮਾਲੀ ਪੱਖੋਂ ਕਾਫੀ ਤੰਗ ਹੋ ਚੁੱਕੇ ਸਨ, ਦੀਆਂ ਪੋਤਰੀਆਂ ਵੀ ਟਰੱਸਟ ਵਿੱਚ ਸ਼ਾਮਲ ਕੀਤੀਆਂ ਗਈਆਂ ਅਤੇ ਦੋ ਬੇਟੀਆਂ ਜਿਨ੍ਹਾਂ ਦੇ ਮਾਂ ਅਤੇ ਪਿਓ ਦੋਵੇਂ ਖੁਦਕੁਸ਼ੀ ਕਰ ਚੁੱਕੇ ਸਨ, ਵੀ ਸ਼ਾਮਿਲ ਕੀਤੀਆਂ ਗਈਆਂ! ਇਨ੍ਹਾਂ ਤੋਂ ਇਲਾਵਾ ਅਠੱਤੀ ਹੋਰ ਨਵੀਆਂ ਬੱਚੀਆਂ ਸ਼ਾਮਲ ਕੀਤੀਆਂ ਗਈਆਂ ਜਿਨ੍ਹਾਂ ਦੇ ਮਾਲੀ ਹਾਲਾਤ ਕਾਫੀ ਖਰਾਬ ਹਨ।

ਇਸ ਮੌਕੇ ਟਰੱਸਟ ਦੇ ਹੋਰ ਮੈਂਬਰ ਡਾ, ਸੁਖਮਨੀ ਕੌਰ, ਨਾਨਕ ਜੋਤ ਸਿੰਘ, ਦੀਪਕ ਵਰਮਾ, ਰੌਬਿਨ ਗਰਗ, ਲਖਵਿੰਦਰ ਸਿੰਘ, ਰਵੀ, ਰਾਜੂ, ਲੀਬੀਆ ਆਦਿ ਹਾਜ਼ਰ ਸਨ। ਇਸ ਮੌਕੇ ਸਾਰੀਆਂ ਬੱਚੀਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ, ਕਾਪੀਆਂ, ਪੈਨ, ਰਬੜ, ਪੈਨਸਲਾਂ ਵੰਡੀਆਂ ਗਈਆਂ।

ਗੁਰਦਾਸਪੁਰ ਤੋਂ ਪਹੁੰਚੀ ਬੱਚੀ ਮਹਿਕ ਅਤੇ ਬਟਾਲੇ ਦੀ ਸਿਮਰਨਜੀਤ ਕੌਰ ,ਜੋ ਇਸ ਟਰੱਸਟ ਰਾਹੀਂ ਮਦਦ ਲੈ ਰਹੀਆਂ ਹਨ ਨੇ ਖਾਸ ਤੌਰ ਉੱਤੇ ਡਾ ਹਰਸ਼ਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਇਸ ਟਰੱਸਟ ਰਾਹੀਂ ਮਦਦ ਨਾ ਮਿਲਦੀ ਤਾਂ ਸ਼ਾਇਦ ਉਹ ਕਦੇ ਨਾ ਪੜ੍ਹ ਸਕਦੀਆਂ। ਕੁਝ ਬੱਚਿਆਂ ਨੇ ਆਪਣੇ ਹੱਥੀਂ ਬਣਾ ਕੇ ਪੇਂਟਿੰਗਜ਼ ਅਤੇ ਸ਼ੁਕਰਾਨੇ ਦੇ ਕਾਰਡ ਵੀ ਡਾਕਟਰ ਹਰਸ਼ਿੰਦਰ ਕੌਰ ਨੂੰ ਭੇਂਟ ਕੀਤੇ।

ਇਸਰੋ ਤੋਂ ਪ੍ਰਭਜੋਤ ਕੌਰ ਜੋ  ਜਸਜੀਤ ਕੌਰ ਦੀ ਬੇਟੀ ਹੈ, ਦੀ ਵੀ ਪੜ੍ਹਾਈ ਵਿੱਚ ਹੀ ਛੁੱਟ ਗਈ ਜਦੋਂ ਉਸ ਦੇ ਪਿਤਾ ਦੀ ਮੌਤ ਹੋਈ। ਉਹ ਵੀ ਆਪਣੀ ਪੜ੍ਹਾਈ ਦੁਬਾਰਾ ਸਿਰਫ ਡਾ. ਹਰਸ਼ ਚੈਰੀਟੇਬਲ ਟਰਸਟ ਤੋਂ ਮਿਲੀ ਮਦਦ ਸਦਕਾ ਹੀ ਚਾਲੂ ਕਰ ਸਕੀ। ਪ੍ਰਨੀਤ ਕੌਰ ਬੇਟੀ ਸਰਦਾਰ ਵਿਕਰਮਜੀਤ ਸਿੰਘ ਦੀ ਪੜ੍ਹਾਈ ਵੀ ਪਿਤਾ ਦੇ ਗੁਰਦੇ ਦੀ ਬਿਮਾਰੀ ਕਰਕੇ ਛੁੱਟ ਗਈ ਸੀ। ਹੁਣ ਨੌਵੀਂ ਜਮਾਤ ਵਿੱਚ ਪੜ੍ਹ ਰਹੀ ਬੱਚੀ ਨੇ ਡਾ. ਗੁਰਪਾਲ ਸਿੰਘ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਪੈਸੇ ਦੀ ਕਮੀ ਖੁਣੋਂ ਉਹ ਸਕੂਲ ਨਹੀਂ ਸੀ ਜਾ ਰਹੀ ਪਰ ਡਾਕਟਰ ਹਰਸ਼ ਚੈਰੀਟੇਬਲ ਟਰੱਸਟ ਰਾਹੀਂ ਫੀਸ ਦੇ ਪੈਸੇ ਮਿਲਣ ਨਾਲ ਉਹ ਹੁਣ ਦੋ ਸਾਲਾਂ ਤੋਂ ਸਕੂਲ ਵਾਪਸ ਜਾ ਰਹੀ ਹੈ।

ਡਾ. ਗੁਰਪਾਲ ਸਿੰਘ ਅਤੇ ਡਾ. ਹਰਸ਼ਿੰਦਰ ਕੌਰ ਨੇ ਇਸ ਮੌਕੇ ਸਾਰਿਆਂ ਦਾ ਉੱਥੇ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਹ ਟਰੱਸਟ ਐਨਆਰਆਈ ਵੀਰਾਂ ਭੈਣਾਂ ਦੀ ਮਦਦ ਸਦਕਾ ਹੀ ਏਨੀਆਂ ਬੱਚੀਆਂ ਸ਼ਾਮਲ ਕਰ ਸਕਿਆ ਹੈ।

ਡਾ. ਗੁਰਪਾਲ ਸਿੰਘ, ਸਕੱਤਰ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਟਰੱਸਟ ਵੱਲੋਂ ਪੜ੍ਹ ਰਹੀਆਂ ਇਸ ਸਾਲ ਦਸਵੀਂ ਪਾਸ ਕਰ ਚੁੱਕੀਆਂ ਪੈਂਤੀ ਬੱਚਿਆਂ ਨੇ ਪਚਾਸੀ ਫ਼ੀਸਦੀ ਤੋਂ ਵੱਧ ਨੰਬਰ ਲਏ ਹਨ। ਡਾ. ਹਰਸ਼ਿੰਦਰ ਕੌਰ, ਪ੍ਰਧਾਨ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਜਿਹੜੀਆਂ ਗਰੀਬ ਬੇਟੀਆਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਅਤੇ ਘਰ ਵਿੱਚ ਕਮਾਈ ਦਾ ਸਾਧਨ ਨਾ ਹੋਵੇ ਜਾਂ ਮਾਪੇ ਗੰਭੀਰ ਬੀਮਾਰੀ ਦੇ ਸ਼ਿਕਾਰ ਹੋਣ, ਉਹ ਬੱਚੀਆਂ ਦੱਸਵੀਂ ਤੱਕ ਦੀ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਲਈ ਡਾ. ਹਰਸ਼ ਚੈਰੀਟੇਬਲ ਟਰੱਸਟ ਵਿਖੇ ਸੰਪਰਕ ਕਰ ਸਕਦੀਆਂ ਹਨ ਅਤੇ ਪੜ੍ਹਨ ਲਈ ਮਦਦ ਲੈ ਸਕਦੀਆਂ ਹਨ। ਉਨ੍ਹਾਂ ਆਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂਰਪ ਤੇ ਅਮਰੀਕਾ ਦੇ ਐਨਆਰਆਈ ਵੀਰਾਂ ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਹੁਣ ਤੱਕ ਇਹ ਕੰਮ ਲਗਾਤਾਰ ਜਾਰੀ ਰਹਿ ਸਕਿਆ ਹੈ।

ਡਾ. ਹਰਸ਼ਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਦੀਆਂ ਚਾਲੀ ਹੋਰ ਨਵੀਆਂ ਬੱਚਿਆਂ ਉੱਤੇ ਲੱਗਭੱਗ ਇੱਕ ਲੱਖ ਰੁਪਏ ਖਰਚਾ ਆਉਣ ਵਾਲਾ ਹੈ, ਜਿਸ ਲਈ ਉਨ੍ਹਾਂ ਨੇ ਲੋਕਾਂ ਨੂੰ ਮਦਦ ਵਾਸਤੇ ਅਗਾਂਹ ਆਉਣ ਲਈ ਬੇਨਤੀ ਕੀਤੀ।

**

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author