HarshinderKaur7ਜੇ ਭੈੜੀ ਮੌਤ ਨਹੀਂ ਮਰਨਾ ਤਾਂ ਹਰ ਹਾਲ ਜੰਗਲ ਬਚਾਉਣੇ ਪੈਣੇ ਹਨ। ਵੱਧ ਦਰਖ਼ਤ ਲਾ ਕੇ ਹੀ ਹਵਾ ਸਾਫ਼ ...
(12 ਜੁਲਾਈ 2022)
ਮਹਿਮਾਨ: 25.


“ਸਟੇਟ ਔਫ ਇੰਡੀਆ ਐਨਵਾਇਰੌਨਮੈਂਟ
2021” ਰਿਪੋਰਟ ਨੂੰ ਸੈਂਟਰ ਫੌਰ ਸਾਇੰਸ, ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆਇਸ ਰਿਪੋਰਟ ਵਿੱਚ ਸਪਸ਼ਟ ਕੀਤਾ ਗਿਆ ਕਿ ਪੰਜਾਬ ਵਿਚਲੇ ਹਵਾ ਪ੍ਰਦੂਸ਼ਣ ਨਾਲ ਸੰਨ 2019 ਵਿੱਚ 41,090 ਮੌਤਾਂ ਹੋਈਆਂ ਇਸਦਾ ਮਤਲਬ ਇਹ ਹੋਇਆ ਕਿ ਹੋਰ ਕਾਰਨਾਂ ਨਾਲ ਹੋਈਆਂ ਕੁੱਲ ਮੌਤਾਂ ਦਾ ਹਿਸਾਬ ਲਾਈਏ ਤਾਂ ਪੰਜਾਬ ਵਿਚਲੀਆਂ 18.8 ਫੀਸਦ ਮੌਤਾਂ ਸਿਰਫ਼ ਹਵਾ ਦੇ ਪ੍ਰਦੂਸ਼ਣ ਨਾਲ ਹੋਈਆਂਜੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਸੰਨ 2019 ਵਿੱਚ 16 ਲੱਖ 70 ਹਜ਼ਾਰ ਭਾਰਤੀ ਹਵਾ ਵਿਚਲੇ ਪ੍ਰਦੂਸ਼ਣ ਨਾਲ ਕੂਚ ਕਰ ਗਏਇਨ੍ਹਾਂ ਵਿੱਚੋਂ ਅੱਧੀਆਂ ਮੌਤਾਂ ਸਿਰਫ਼ ਉੱਤਰ ਪ੍ਰਦੇਸ, ਬਿਹਾਰ, ਮਹਾਰਾਸ਼ਟਰ, ਵੈਸਟ ਬੰਗਾਲ ਅਤੇ ਰਾਜਸਥਾਨ ਦੇ ਲੋਕਾਂ ਦੀਆਂ ਸਨ

ਅਮਰੀਕਾ ਵੱਲੋਂ ਕੀਤੇ ਸਰਵੇਖਣ ਅਨੁਸਾਰ ਜੇ ਪੰਜਾਬ ਅੰਦਰਲੀਆਂ ਹਵਾ ਪ੍ਰਦੂਸ਼ਣ ਨਾਲ ਹੋਈਆਂ ਮੌਤਾਂ ਤੋਂ ਪਹਿਲਾਂ ਕੀਤੇ ਇਲਾਜ ਦਾ ਹਿਸਾਬ ਲਾਈਏ ਤਾਂ ਅੰਦਾਜ਼ਨ 1,148 ਮਿਲੀਅਨ ਅਮਰੀਕਨ ਡਾਲਰ ਬਣ ਜਾਂਦੇ ਹਨਇਹ ਪੈਸਿਆਂ ਵਿੱਚ ਵੱਖੋ-ਵੱਖ ਟੱਬਰਾਂ ਵੱਲੋਂ ਆਪਣੇ ਕੰਮਕਾਰ ਵਿੱਚ ਘਾਟਾ, ਹਸਪਤਾਲਾਂ ਦੇ ਗੇੜੇ, ਇਲਾਜ ਅਤੇ ਟੈਸਟਾਂ ਉੱਤੇ ਕੀਤੇ ਖ਼ਰਚੇ ਅਤੇ ਘਰ ਬਾਰ ਛੱਡ ਕੇ ਬਾਹਰ ਰਹਿਣਾ ਵੀ ਸ਼ਾਮਲ ਸੀਗੁਆਂਢੀ ਰਾਜ ਹਰਿਆਣੇ ਵਿੱਚ ਇਹੋ ਖ਼ਰਚਾ 1,566 ਮਿਲੀਅਨ ਡਾਲਰ ਤਕ ਪਹੁੰਚਿਆ ਜਿੱਥੇ 34,119 ਮੌਤਾਂ (19 ਫੀਸਦ) ਸੰਨ 2019 ਵਿੱਚ ਹਵਾ ਪ੍ਰਦੂਸ਼ਣ ਨਾਲ ਹੋਈਆਂ

ਜਦੋਂ ਪੂਰੇ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਹਿੱਸਿਆਂ ਦਾ ਅਨੁਸਮਾਨ ਲਾਇਆ ਗਿਆ ਤਾਂ ਇਸ ਵਿੱਚ ਕੁਝ ਸ਼ਹਿਰ ਅਜਿਹੇ ਸਨ ਜਿਨ੍ਹਾਂ ਵਿੱਚ ਸੰਨ 2018 ਤੋਂ ਸੰਨ 2019 ਤਕ ਹੀ ਇਕਦਮ ਹਵਾ ਵਿਚਲਾ ਪ੍ਰਦੂਸ਼ਣ ਦੁੱਗਣੇ ਤੋਂ ਵੱਧ ਲੰਘ ਗਿਆਇਨ੍ਹਾਂ 33 ਥਾਂਵਾਂ ਵਿੱਚੋਂ ਪੰਜਾਬ ਦੇ ਜਲੰਧਰ ਅਤੇ ਬਟਾਲੇ ਇਲਾਕੇ ਦਾ ਖ਼ਾਸ ਜ਼ਿਕਰ ਹੋਇਆਇਨ੍ਹਾਂ ਥਾਂਵਾਂ ਦੀਆਂ ਫੈਕਟਰੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆਜਦੋਂ ਸਕੋਰ ਵੱਲ ਝਾਤ ਮਾਰੀ ਗਈ ਤਾਂ 100 ਵਿੱਚੋਂ ਜਲੰਧਰ ਨੂੰ 70 ਅੰਕ ਸੰਨ 2009 ਵਿੱਚ ਮਿਲੇ ਸਨ ਜੋ ਵਧ ਕੇ 2018 ਵਿੱਚ 80 ਤਕ ਪਹੁੰਚ ਗਿਆਇਹੀ ਹਾਲ ਬਟਾਲੇ ਦਾ ਰਿਹਾ ਜੋ 60 (2009 ਵਿੱਚ) ਤੋਂ ਵਧ ਕੇ 70 (2018 ਵਿੱਚ) ਤਕ ਪਹੁੰਚ ਗਿਆਇਨ੍ਹਾਂ ਦੇ ਆਲੇ ਦੁਆਲੇ ਵਧਦੀਆਂ ਫੈਕਟਰੀਆਂ ਨੂੰ ਵੇਖ ਇੱਕ ਚਿਤਾਵਣੀ ਦਿੱਤੀ ਗਈ ਕਿ ਲੁਧਿਆਣੇ ਨੇੜੇ ਦਾ ਮੱਤੇਵਾੜਾ ਜੰਗਲ ਤੇ ਸਤਲੁਜ ਦੁਆਲੇ ਦਰਖ਼ਤ ਹਾਲੇ ਬਚਾਓ ਕਰ ਰਹੇ ਹਨ, ਪਰ ਜੇ ਮੱਤੇਵਾੜਾ ਵਿੱਚ ਕੋਈ ਇੰਡਸਟਰੀਅਲ ਪਾਰਕ ਖੋਲ੍ਹ ਦਿੱਤਾ ਗਿਆ ਤਾਂ ਲੁਧਿਆਣੇ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਤ ਦਾ ਤਾਂਡਵ ਹੋਵੇਗਾਪਹਿਲਾਂ ਹੀ ਬੁੱਢਾ ਨਾਲਾ ਉਸ ਥਾਂ ਤਕੜਾ ਕਹਿਰ ਢਾਹ ਰਿਹਾ ਹੈ

ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆ ਭਰ ਵਿੱਚ ਹਰ ਸਾਲ ਸੱਤਰ ਲੱਖ ਲੋਕ ਸਿਰਫ਼ ਹਵਾ ਵਿਚਲੇ ਪ੍ਰਦੂਸ਼ਣ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਹਨਦਿਲ ਦੇ ਰੋਗ ਅਤੇ ਪਾਸਾ ਮਾਰੇ ਜਾਣ ਵਾਲੇ ਇੱਕ ਚੌਥਾਈ ਮਰੀਜ਼ ਮਾੜੀ ਹਵਾ ਅੰਦਰ ਲੰਘਾਈ ਜਾਣ ਨਾਲ ਮਰ ਰਹੇ ਹਨਵਿਸ਼ਵ ਸਿਹਤ ਸੰਸਥਾ (7 ਸਤੰਬਰ 2021) ਨੇ ਰਿਪੋਰਟ ਜਾਰੀ ਕਰ ਕੇ ਦੱਸਿਆ ਹੈ ਕਿ 43% ਫੇਫੜਿਆਂ ਦੇ ਰੋਗ ਅਤੇ 29% ਫੇਫੜਿਆਂ ਦੇ ਕੈਂਸਰ ਵੀ ਹਵਾ ਪ੍ਰਦੂਸ਼ਣ ਸਦਕਾ ਹਨ

ਹੋਰ ਮਾੜੇ ਅਸਰ ਕਿਹੜੇ ਹਨ? ਦੁਨੀਆ ਵਿਚਲਾ ਹਰ ਬੰਦਾ ਸਾਹ ਰਾਹੀਂ ਆਪਣੇ ਅੰਦਰ ਨਾਈਟਰੋਜਨ ਡਾਈਓਕਸਾਈਡ, ਓਜ਼ੋਨ ਜਾਂ ਸਲਫਰ ਡਾਈਓਕਸਾਈਡ ਦੇ ਨਾਲ ਹੋਰ ਬਥੇਰੀਆਂ ਮਹੀਨ ਚੀਜ਼ਾਂ ਫੇਫੜਿਆਂ ਅੰਦਰ ਲੰਘਾਈ ਜਾ ਰਿਹਾ ਹੈਲਗਾਤਾਰ ਵਧਦੀਆਂ ਮੌਤਾਂ, ਜੋ ਹਵਾ ਪ੍ਰਦੂਸ਼ਣ ਨਾਲ ਦੁਨੀਆ ਭਰ ਵਿੱਚ ਦਿਸਣ ਲੱਗ ਪਈਆਂ ਹਨ, ਉਨ੍ਹਾਂ ਸਦਕਾ ਹੀ ਯੂਨਾਈਟਿਡ ਨੇਸ਼ਨਜ਼ ਨੇ 7 ਸਤੰਬਰ ਨੂੰ ਹਰ ਸਾਲ ਸਾਫ਼ ਹਵਾ ਦਾ ਅੰਤਰਰਾਸ਼ਟਰੀ ਦਿਨ” ਮਨਾਉਣ ਲਈ ਕਿਹਾ ਹੈ

1. ਹਵਾ ਪ੍ਰਦੂਸ਼ਣ ਸਦਕਾ ਹਜ਼ਾਰਾਂ ਬੱਚੇ ਜਨਮ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਜਾਂ ਸਤਮਾਹੇ ਜੰਮ ਰਹੇ ਹਨ

2. ਹਰ ਸਾਲ ਇਕੱਲੇ ਅਮਰੀਕਾ ਵਿੱਚ ਚਾਰ ਲੱਖ ਮੌਤਾਂ ਸਿਰਫ਼ ਸੜਕੀ ਆਵਾਜਾਈ ਨਾਲ ਹੋ ਰਹੇ ਪ੍ਰਦੂਸ਼ਣ ਸਦਕਾ ਹੋ ਰਹੀਆਂ ਹਨ। (ਯੂਨਾਈਟਿਡ ਨੇਸ਼ਨਜ਼ ਐਨਵਾਇਰਨਮੈਂਟ ਪ੍ਰੋਗਰਾਮ ਵੱਲੋਂ ਜਾਰੀ ਰਿਪੋਰਟ)

3. ਵਿਸ਼ਵ ਸਿਹਤ ਸੰਸਥਾ ਨੇ ਸਪਸ਼ਟ ਕੀਤਾ ਹੈ ਕਿ ਹਰ ਸਾਲ ਦਸ ਖ਼ਰਬ ਅਮਰੀਕਨ ਡਾਲਰ ਸਿਰਫ਼ ਸੜਕਾਂ ਉੱਤੇ ਚੱਲਦੀ ਆਵਾਜਾਈ ਨਾਲ ਸਾਹ ਅਤੇ ਹੋਰ ਬੀਮਾਰੀਆਂ ਸਹੇੜ ਰਹੇ ਲੋਕਾਂ ਦੇ ਇਲਾਜ ਉੱਤੇ ਖਰਚ ਹੁੰਦੇ ਹਨ

4. ਫੈਕਟਰੀਆਂ ਵਿੱਚੋਂ ਨਿਕਲ ਰਹੇ ਮਾੜੇ ਧੂੰਏਂ ਸਦਕਾ ਹਰ ਦਸਾਂ ਵਿੱਚੋਂ 9 ਬੰਦਿਆਂ ਨੂੰ ਹਰ ਰੋਜ਼ ਲੋੜੋਂ ਵੱਧ ਗੰਦ ਸਾਹ ਰਾਹੀਂ ਅੰਦਰ ਲੰਘਾਉਣਾ ਪੈਂਦਾ ਹੈਇਨ੍ਹਾਂ ਵਿੱਚੋਂ ਬਜ਼ੁਰਗ ਅਤੇ ਨਿਆਣੇ ਜ਼ਿਆਦਾ ਅਸਰ ਹੇਠ ਆਉਂਦੇ ਹਨਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਜਾਂ ਫੇਫੜਿਆਂ ਦੇ ਰੋਗ ਹੋਣ, ਉਨ੍ਹਾਂ ਦੀ ਮੌਤ ਦਰ ਬਹੁਤ ਜ਼ਿਆਦਾ ਵਧ ਜਾਂਦੀ ਹੈ ਜਿਹੜੇ ਫੈਕਟਰੀਆਂ ਦੇ ਆਸ-ਪਾਸ ਰਹਿੰਦੇ ਹੋਣ, ਉਨ੍ਹਾਂ ਵਿੱਚ ਵੀ ਮੌਤ ਦਰ ਜਾਂ ਰੋਗੀ ਹੋਣ ਦਾ ਖ਼ਤਰਾ ਵੱਧ ਹੁੰਦਾ ਹੈਜਿਹੜੇ ਬੱਚੇ ਪਹਿਲਾਂ ਤੋਂ ਹੀ ਭੁੱਖਮਰੀ ਦੇ ਸ਼ਿਕਾਰ ਹੋਣ, ਉਨ੍ਹਾਂ ਵਿੱਚ ਸੀਰੀਅਸ ਬੀਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ

5. ਹੱਦ ਤਾਂ ਇਹ ਹੈ ਕਿ ਹਵਾ ਪ੍ਰਦੂਸ਼ਣ ਨਾਲ ਹੁੰਦੀਆਂ ਮੌਤਾਂ ਦੀ ਦਰ ਵਿੱਚ ਪਿਛਲੇ 30 ਸਾਲਾਂ ਵਿੱਚ 153 ਪ੍ਰਤੀਸ਼ਤ ਵਾਧਾ ਰਿਕਾਰਡ ਕੀਤਾ ਗਿਆ ਹੈ ਜਦਕਿ ਹਵਾ ਪ੍ਰਦੂਸ਼ਣ ਰੋਕਣ ਲਈ ਕੀਤੇ ਯਤਨਾਂ ਵਿੱਚ ਸਿਰਫ਼ 0.8 ਫੀਸਦ ਵਾਧਾ ਹੋਇਆ ਹੈ

6. ਹਵਾ ਵਿੱਚ ਤੈਰਦੇ ਰਹਿੰਦੇ ਨਿੱਕੇ ਕਣ ਜ਼ਿਆਦਾਤਰ ਸੜਕੀ ਆਵਾਜਾਈ, ਜੈਨੇਰੇਟਰ, ਵਾਰ-ਵਾਰ ਤਲਿਆ ਜਾਂਦਾ ਤੇਲ ਆਦਿ ਦੇ ਹਨ ਜੋ ਲਗਾਤਾਰ ਫੇਫੜਿਆਂ ਅੰਦਰ ਜਾ ਕੇ ਅਤੇ ਸਰੀਰ ਅੰਦਰ ਲਹੂ ਵਿੱਚ ਰਲ ਕੇ ਦਿਮਾਗ਼ ਅਤੇ ਦਿਲ ਉੱਤੇ ਮਾੜਾ ਅਸਰ ਪਾਉਂਦੇ ਹਨਇਨ੍ਹਾਂ ਵਿੱਚੋਂ ਕੁਝ ਤਾਂ ਬੱਚੇ ਪੈਦਾ ਕਰਨ ਦੀ ਤਾਕਤ ਵੀ ਖ਼ਤਮ ਕਰ ਦਿੰਦੇ ਹਨ

7. ਸਲਫਰ ਵਾਲੇ ਤੇਲ ਦੀ ਵਰਤੋਂ ਨਾਲ ਜੋ ਹਵਾ ਵਿੱਚ ਸਲਫਰ ਡਾਇਆਕਸਾਈਡ ਰਲ ਜਾਂਦੀ ਹੈ, ਇਹ ਸਿਰ ਪੀੜ, ਘਬਰਾਹਟ ਤੇ ਦਿਲ ਦੇ ਰੋਗਾਂ ਦੀ ਸ਼ੁਰੂਆਤ ਕਰ ਦਿੰਦੀ ਹੈਜਵਾਲਾਮੁਖੀ ਫਟਣ ਨਾਲ ਵੀ ਇਸੇ ਗੈਸ ਦਾ ਭੰਡਾਰ ਚੁਫ਼ੇਰੇ ਫੈਲਦਾ ਹੈ

8. ਨਾਈਟਰੋਜਨ ਡਾਈਆਕਸਾਈਡ ਕਾਰ ਇੰਜਨਾਂ ਅਤੇ ਪਾਵਰ ਪਲਾਂਟਾਂ ਵਿੱਚੋਂ ਨਿਕਲਦੀ ਹੈਇਸ ਨਾਲ ਦਮੇ ਦਾ ਰੋਗ ਹੋ ਜਾਂਦਾ ਹੈਜਿਗਰ, ਤਿਲੀ ਅਤੇ ਲਹੂ ਵਿਚਲੇ ਨੁਕਸ ਵੀ ਇਸੇ ਨਾਲ ਬਣ ਜਾਂਦੇ ਹਨ

9. ਸੜਕੀ ਆਵਾਜਾਈ ਵਿਚਲੀ ਓਜ਼ੋਨ ਵੀ ਸਾਹ ਦੀ ਤਕਲੀਫ਼ ਅਤੇ ਦਿਲ ਦੇ ਰੋਗਾਂ ਦਾ ਕਾਰਨ ਬਣ ਜਾਂਦੀ ਹੈ

10. ਯੂਨਾਈਟਿਡ ਨੇਸਨਜ਼ ਵੱਲੋਂ ਦੱਸੇ ਅੰਕੜਿਆਂ ਅਨੁਸਾਰ ਹੁਣ ਤਾਂ ਖੇਤੀ ਲਈ ਵਰਤੀ ਜਾਂਦੀ ਮਸ਼ੀਨਰੀ ਅਤੇ ਨਵੀਆਂ ਉਸਾਰੀਆਂ ਲਈ ਵਰਤੇ ਜਾਂਦੇ ਸੰਦ ਜਦੋਂ ਸੜਕੀ ਆਵਾਜਾਈ ਨਾਲ ਰਲ ਜਾਣ ਤਾਂ ਹਰ ਸਾਲ ਦੁਨੀਆ ਭਰ ਵਿੱਚ ਸਿਹਤ ਸਹੂਲਤਾਂ ਉੱਤੇ 10 ਖ਼ਰਬ ਤਕ ਦਾ ਖਰਚਾ ਪਹੁੰਚ ਜਾਣ ਵਾਲਾ ਹੈ

ਅਮਰੀਕਾ, ਯੂਰਪ ਅਤੇ ਜਪਾਨ ਨੇ ਇਸ ਚਿਤਾਵਣੀ ਤੋਂ ਬਾਅਦ ਬਿਜਲੀ ਨਾਲ ਚੱਲਣ ਵਾਲੀ ਆਵਾਜਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈਹਾਲੇ ਵੀ ਚੀਨ ਅਤੇ ਭਾਰਤ ਵਿੱਚੋਂ ਇਹ ਪ੍ਰਦੂਸ਼ਣ ਲਗਾਤਾਰ ਜਾਰੀ ਹੈਜੇ ਪੂਰੀ ਦੁਨੀਆ ਹਵਾ ਪ੍ਰਦੂਸ਼ਣ ਵੱਲ ਧਿਆਨ ਦੇਵੇ ਤਾਂ ਹਰ ਸਾਲ ਇੱਕ ਲੱਖ 20 ਹਜ਼ਾਰ ਲੋਕ ਅਜਾਈਂ ਮੌਤ ਤੋਂ ਬਚ ਜਾਣਗੇ

11. ਮੀਥੇਨ, ਕਾਰਬਨ, ਓਜ਼ੋਨ ਆਦਿ ਦੀ ਮਿਕਦਾਰ ਸਹੀ ਹੁੰਦੇ ਸਾਰ ਅਗਲੇ ਦਸ ਸਾਲਾਂ ਵਿੱਚ ਹਵਾ ਵਿਚਲੇ ਪ੍ਰਦੂਸ਼ਣ ਨੂੰ ਰੋਕ ਕੇ ਧਰਤੀ ਵਿਚਲੇ ਤਾਪਮਾਨ ਵਿੱਚ 0.6 ਡਿਗਰੀ ਸੈਂਟੀਗਰੇਡ ਘਾਟਾ ਕੀਤਾ ਜਾ ਸਕਦਾ ਹੈ, ਜਿਸ ਨਾਲ ਗਲੇਸ਼ੀਅਰਾਂ ਦਾ ਖੁਰਨਾ ਘਟ ਜਾਵੇਗਾ ਇੰਨਾ ਕੁ ਤਾਪਮਾਨ ਘੱਟ ਹੋ ਜਾਣ ਨਾਲ ਅਨੇਕ ਵਾਇਰਲ ਕੀਟਾਣੂਆਂ, ਮੱਛਰ, ਮੱਖੀਆਂ ਰਾਹੀਂ ਅਤੇ ਪਾਣੀ ਰਾਹੀਂ ਹੋਣ ਵਾਲੀਆਂ ਬੀਮਾਰੀਆਂ ਨੂੰ ਕਾਫੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ

ਦਿਮਾਗ਼ ਉੱਤੇ ਹਵਾ ਪ੍ਰਦੂਸ਼ਣ ਕਿਵੇਂ ਅਸਰ ਪਾਉਂਦਾ ਹੈ? ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਹਵਾ ਪ੍ਰਦੂਸ਼ਣ ਨਾਲ ਦਿਮਾਗ਼ ਦੇ ਸੈੱਲਾਂ ਵਿੱਚ ਸੋਜ਼ਿਸ਼ ਹੋ ਸਕਦੀ ਹੈਪਿਛਲੇ 10 ਸਾਲਾਂ ਦੀਆਂ ਖੋਜਾਂ ਦੇ ਨਤੀਜਿਆਂ ਅਨੁਸਾਰ ਜੇ ਹਵਾ ਵਿੱਚ ਪ੍ਰਦੂਸ਼ਣ ਵਧ ਜਾਵੇ ਤਾਂ ਉਹ ਬੱਚਿਆਂ ਦੇ ਵਧਦੇ ਦਿਮਾਗ਼ ਉੱਤੇ ਡੂੰਘਾ ਅਸਰ ਪਾਉਂਦਾ ਹੈ, ਜਿਸ ਵਿੱਚ ਉਨ੍ਹਾਂ ਦੇ ਸੋਚਣ ਸਮਝਣ ਦੀ ਸ਼ਕਤੀ ਘਟਦੀ ਹੈ ਅਤੇ ਬੌਧਿਕ ਵਿਕਾਸ ਵੀ ਘੱਟ ਜਾਂਦਾ ਹੈਅਨੇਕ ਬੱਚੇ ਢਹਿੰਦੀ ਕਲਾ ਵਿੱਚ ਵੀ ਚਲੇ ਜਾਂਦੇ ਹਨ

ਹਵਾ ਪ੍ਰਦੂਸ਼ਣ ਦਾ ਗੁਰਦੇ ਉੱਤੇ ਅਸਰ: ਜੇ ਥੋੜ੍ਹੇ ਸਮੇਂ ਲਈ ਹਵਾ ਪ੍ਰਦੂਸ਼ਣ ਦਾ ਅਸਰ ਰਹੇ ਤਾਂ ਗੁਰਦੇ ਵੱਲੋਂ ਸਰੀਰ ਵਿੱਚੋਂ ਗੰਦਗੀ ਬਾਹਰ ਕੱਢਣ ਦੀ ਸਪੀਡ ਘਟ ਜਾਂਦੀ ਹੈਜੇ ਲੰਮੇ ਸਮੇਂ ਤਕ ਹਵਾ ਪ੍ਰਦੂਸ਼ਣ ਝੱਲਣਾ ਪਵੇ, ਖ਼ਾਸ ਕਰ ਮਾੜੇ ਕਣ ਅਤੇ ਨਾਈਟਰੋਜਨ ਡਾਈਆਕਸਾਈਡ ਤਾਂ ਗੁਰਦੇ ਫੇਲ ਤਕ ਹੋ ਸਕਦੇ ਹਨ

ਗੁਰਦੇ ਅਤੇ ਬਲੈਡਰ (ਪਿਸ਼ਾਬ ਦੀ ਥੈਲੀ) ਦਾ ਕੈਂਸਰ ਹੋਣ ਦਾ ਖ਼ਤਰਾ ਵੀ ਵਧ ਸਕਦਾ ਹੈ

ਹਵਾ ਵਿਚਲਾ ਪ੍ਰਦੂਸ਼ਣ ਕਿਵੇਂ ਘਟਾਇਆ ਜਾਵੇ।

1. ਕਾਰਾਂ ਦੀ ਵਰਤੋਂ ਅਤੇ ਬੇਲੋੜੀ ਆਵਾਜਾਈ ਘਟਾਈ ਜਾਵੇ

2. ਵਾਧੂ ਲਾਈਟਾਂ ਨਾ ਜਗਾਈਆਂ ਜਾਣਲੋੜ ਪੈਣ ਉੱਤੇ ਫਲੋਰੋਸੈਂਟ ਬਲਬ ਵਰਤੇ ਜਾਣ

3. ਰੀਸਾਈਕਲ ਕੀਤੀਆਂ ਜਾ ਸਕਣ ਵਾਲੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਏ

4. ਪਲਾਸਟਿਕ ਦੀ ਵਰਤੋਂ ਨਾ ਬਰਾਬਰ ਹੋਵੇ

5. ਸਿਗਰਟ ਬੀੜੀ ਨਾ ਵਰਤੀ ਜਾਏ

6. ਜੰਗਲਾਂ ਦੀ ਕੱਟ ਵੱਢ ਸਖ਼ਤੀ ਨਾਲ ਰੋਕੀ ਜਾਏ

7. ਹੋਰ ਦਰਖ਼ਤ ਬੀਜੇ ਜਾਣ

8. ਏ.ਸੀ. ਦੀ ਵਰਤੋਂ ਸਿਰਫ਼ ਲੋੜ ਪੈਣ ਉੱਤੇ ਹੀ ਕੀਤੀ ਜਾਵੇ ਕਿਉਂਕਿ ਇਹ ਵਾਤਾਵਰਣ ਵਿੱਚ ਲੋੜੋਂ ਵੱਧ ਗਰਮੀ ਜਮ੍ਹਾਂ ਕਰ ਦਿੰਦਾ ਹੈ

9. ਫੈਕਟਰੀਆਂ ਵਿੱਚੋਂ ਮਾੜੀ ਹਵਾ ਬਾਹਰ ਨਿਕਲਣ ਵਾਲੀਆਂ ਚਿਮਨੀਆਂ ਵਿੱਚ ਫਿਲਟਰ ਵਰਤਣੇ ਜ਼ਰੂਰੀ ਕੀਤੇ ਜਾਣ

10. ਪਟਾਕੇ ਚਲਾਉਣੇ ਘਟਾਏ ਜਾਣ

11. ਪੇਂਟ ਅਤੇ ਪਰਫਿਊਮ ਵਿਚਲੇ ਹਾਨੀਕਾਰਕ ਕੈਮੀਕਲਾਂ ਦੀ ਵਰਤੋਂ ਘਟਾਈ ਜਾਵੇ

ਸਾਰ :

ਵਧਦਾ ਹਵਾ ਪ੍ਰਦੂਸ਼ਣ ਮਨੁੱਖੀ ਹੋਂਦ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈਜੇ ਭੈੜੀ ਮੌਤ ਨਹੀਂ ਮਰਨਾ ਤਾਂ ਹਰ ਹਾਲ ਜੰਗਲ ਬਚਾਉਣੇ ਪੈਣੇ ਹਨਵੱਧ ਦਰਖ਼ਤ ਲਾ ਕੇ ਹੀ ਹਵਾ ਸਾਫ਼ ਕੀਤੀ ਜਾ ਸਕਦੀ ਹੈਕੁਦਰਤੀ ਜੰਗਲ ਬਚਾਉਣੇ ਹੀ ਸਮੇਂ ਦੀ ਮੁੱਖ ਲੋੜ ਹੈਪਲਾਸਟਿਕ ਤੋਂ ਤੌਬਾ ਕਰਨੀ ਹੀ ਪੈਣੀ ਹੈਜੇ ਸਾਡੇ ਵੱਡੇ ਵਡੇਰੇ ਇੰਨੀ ਸੋਹਣੀ ਦੁਨੀਆ ਸਾਡੇ ਲਈ ਛੱਡ ਕੇ ਗਏ ਸਨ ਤਾਂ ਸਾਨੂੰ ਕੀ ਹੱਕ ਹੈ ਕਿ ਅਸੀਂ ਆਪਣੇ ਬੱਚਿਆਂ ਕੋਲੋਂ ਉਨ੍ਹਾਂ ਦੇ ਸਾਹ ਖੋਹ ਲਈਏ? ਬੱਸ ਇੰਨਾ ਯਾਦ ਰੱਖਣ ਦੀ ਲੋੜ ਹੈ- ਜੰਗਲ ਖ਼ਤਮ ਕਰਨ ਦਾ ਮਤਲਬ ਹੈ, ਆਪਣੀਆਂ ਪੁਸ਼ਤਾਂ ਦਾ

ਨਾਸ ਮਾਰਨਾ!

ਇਹ ਲੇਖ ਲਿਖਣ ਦੀ ਲੋੜ ਇਸ ਲਈ ਪਈ ਕਿਉਂਕਿ ਹੁਣ ਤਾਂ ਮੰਤਰੀ ਤਕ ਦਰਖਤ ਵੱਢਣ ਨੂੰ ਤੁਰ ਪਏ ਹੋਏ ਹਨ (ਖ਼ਬਰਾਂ ਅਨੁਸਾਰ)ਆਮ ਲੋਕਾਂ ਨੂੰ ਹੀ ਰਲ ਕੇ ਦਰਖਤ ਅਤੇ ਜੰਗਲ਼ ਬਚਾਉਣ ਲਈ ਹੰਭਲਾ ਮਾਰਨਾ ਪੈਣਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3682)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author