“ਮਨੁੱਖ ਲੰਬੀ ਖੁਸ਼ਹਾਲ ਜ਼ਿੰਦਗੀ ਜਿਊਣ ਨਾਲੋਂ ਤੇਜ਼ੀ ਨਾਲ ਜ਼ਿੰਦਗੀ ਦਾ ਸਫਰ ਖਤਮ ...”
(6 ਅਕਤੂਬਰ 2026)
ਕੀ ਅਸੀਂ ਵਿਕਾਸ ਦਾ ਮਤਲਬ ਗਲਤ ਕੱਢ ਲਿਆ? ਜਿਸ ਨੂੰ ਅਸੀਂ ਅੱਜ ਵਿਕਾਸ ਦਾ ਨਾਮ ਦੇ ਰਹੇ ਹਾਂ, ਉਹ ਅਸਲ ਵਿੱਚ ਵਿਨਾਸ਼ ਦੀ ਪਰਿਭਾਸ਼ਾ ਹੈ। ਸਾਨੂੰ ਲਗਦਾ ਹੈ ਕੰਕਰੀਟ ਦੇ ਜੰਗਲ ਖੜ੍ਹੇ ਕਰਨੇ, ਗੱਡੀਆਂ ਦਾ ਧੂੰਆਂ ਅਤੇ ਵੱਡੇ ਵੱਡੇ ਰੈਸਤਰਾਂ ਵਿੱਚ ਖਾਣਾ ਖਾ ਲੈਣਾ ਹੀ ਵਿਕਾਸ ਦੀ ਨਿਸ਼ਾਨੀ ਹੈ? ਬੈਂਕ ਵਿੱਚ ਢੇਰ ਸਾਰਾ ਪੈਸਾ ਵਿਕਾਸ ਦੀ ਨਿਸ਼ਾਨੀ ਹੈ? ਬਿਮਾਰ ਹੋਣ ਤੋਂ ਬਾਅਦ ਮਹਿੰਗੇ ਹਸਪਤਾਲ ਵਿੱਚ ਇਲਾਜ ਵਿਕਾਸ ਦੀ ਨਿਸ਼ਾਨੀ ਹੈ? ਅਸਲ ਦੌਲਤ, ਜਿਹੜੀ ਕਿ ਸ਼ੁੱਧ ਹਵਾ, ਸ਼ੁੱਧ ਭੋਜਨ, ਮਾਨਸਿਕ ਤਣਾਅ ਰਹਿਤ ਜ਼ਿੰਦਗੀ, ਰਾਤ ਨੂੰ ਚੰਗੀ ਨੀਂਦ, ਆਪਸੀ ਪ੍ਰੇਮ ਸੀ, ਓਹੀ ਅਸਲ ਵਿੱਚ ਵਿਕਾਸ ਸੀ। ਸਾਨੂੰ ਵਿਕਾਸ ਅਤੇ ਵਿਨਾਸ਼ ਵਿਚਲਾ ਅਰਥ ਸਹੀ ਮਾਅਨੇ ਵਿੱਚ ਸਮਝਣਾ ਪਵੇਗਾ।
ਅੱਜ ਦੀ ਨੌਜਵਾਨ ਪੀੜ੍ਹੀ, ਜਿਹੜੀ ਆਪਣੇ ਆਪ ਨੂੰ ਜੈਨ-ਜ਼ੀ ਕਹਿੰਦੀ ਹੈ, ਉਹ ਸੁਪਨਿਆਂ ਦੀ ਜ਼ਿੰਦਗੀ ਜਿਊਣਾ ਪਸੰਦ ਕਰਦੀ ਹੈ ਤੇ ਤਕਨੀਕੀ ਤੌਰ ’ਤੇ ਆਪਣੇ ਆਪ ਨੂੰ ਮਾਹਿਰ ਸਮਝਦੀ ਹੈ। ਆਪਣੇ ਤੋਂ ਪਹਿਲਾਂ ਵਾਲੀ ਪੀੜ੍ਹੀ ਦੇ ਲੋਕ ਇਨ੍ਹਾਂ ਨੂੰ ਗੰਵਾਰ ਅਤੇ ਅਨਪੜ੍ਹ ਲਗਦੇ ਹਨ। ਜੇਕਰ ਅੱਜ ਦੀ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਲਗਭਗ ਅੱਧੀ ਅਬਾਦੀ ਕਿਸੇ ਨਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੈ। ਕੁਝ ਸਰੀਰਕ ਬਿਮਾਰੀਆਂ ਨਾਲ ਘਿਰੇ ਹੋਏ ਹਨ ਅਤੇ ਬਹੁਤੇ ਮਾਨਸਿਕ ਤੌਰ ’ਤੇ ਬਿਮਾਰ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦਾ ਦੌਰ ਭੱਜ-ਨੱਠ ਦਾ ਦੌਰ ਹੈ। ਕਿਸੇ ਕੋਲ ਵੀ ਸਮਾਂ ਨਹੀਂ ਹੈ ਕਿ ਉਹ ਆਪਣੀ ਜ਼ਿੰਦਗੀ ਸ਼ਾਂਤੀ ਨਾਲ ਜੀਅ ਸਕੇ। ਹਰ ਕੋਈ ਪੈਸੇ ਪਿੱਛੇ ਭੱਜਦਾ ਨਜ਼ਰ ਆਉਂਦਾ ਹੈ। ਇਸ ਲਈ ਆਪਣੀ ਸਰੀਰਕ ਅਤੇ ਮਾਨਸਿਕ ਤਾਕਤ ਤੋਂ ਵਧ ਕੇ ਕੰਮ ਕਰ ਰਿਹਾ ਹੈ। ਸਰੀਰ ਦੀ ਥਕਾਵਟ ਕੁਝ ਦੇਰ ਅਰਾਮ ਕਰਨ ਨਾਲ ਉੱਤਰ ਜਾਂਦੀ ਹੈ ਪਰ ਦਿਮਾਗ ਥੱਕਿਆ ਹੋਵੇ ਤਾਂ ਸਰੀਰ ਦੀ ਥਕਾਵਟ ਵੀ ਨਹੀਂ ਉੱਤਰਦੀ। ਜਿੱਥੇ ਦਿਮਾਗ ਨੂੰ ਅੱਠ ਘੰਟੇ ਅਰਾਮ ਦੀ ਲੋੜ ਹੈ ਉੱਥੇ ਇਹ ਬਹੁਤੇ ਹਾਲਾਤ ਵਿੱਚ 4 ਘੰਟੇ ਵੀ ਅਰਾਮ ਨਹੀਂ ਕਰਦਾ। ਸੁਖ ਦੀ ਨੀਂਦ ਸਿਰਫ ਗੱਲਾਂ ਵਿੱਚ ਹੀ ਰਹਿ ਜਾਂਦੀ ਹੈ।
ਭਾਰਤ ਕਿਸੇ ਵੇਲੇ ਖੇਤੀ ਪ੍ਰਧਾਨ ਦੇਸ਼ ਮੰਨਿਆ ਜਾਂਦਾ ਰਿਹਾ ਹੈ। ਖਾਸ ਕਰਕੇ ਉੱਤਰੀ ਭਾਰਤ ਦੇ ਲੋਕ ਬਹੁਤਾ ਕਰਕੇ ਖੇਤੀ ਉੱਪਰ ਹੀ ਨਿਰਭਰ ਰਹੇ ਹਨ। ਜਦੋਂ ਤਕ ਦੇਸ਼ ਨੇ ਖੇਤੀ ਨੂੰ ਪ੍ਰਮੁੱਖਤਾ ਦਿੱਤੀ ਆਮ ਇਨਸਾਨ ਸੁਖ ਦੀ ਨੀਂਦ ਸੌਂਦਾ ਸੀ। ਚਾਹੇ ਨੌਜਵਾਨ ਹੋਵੇ ਜਾਂ ਕੋਈ ਬਜ਼ੁਰਗ, ਹਰ ਕੋਈ ਸਵੇਰੇ ਤੜਕੇ ਉੱਠ ਕੇ ਹੱਲ ਜੋਤ ਕੇ ਖੇਤਾਂ ਨੂੰ ਤੁਰਿਆ ਹੁੰਦਾ। ਸੂਰਜ ਚੜ੍ਹਦੇ ਨੂੰ ਘਰ ਮੁੜ ਆਉਣਾ ਤੇ ਨੌਜਵਾਨਾਂ ਨੇ ਸਕੂਲ, ਕਾਲਜ ਚਲੇ ਜਾਣਾ ਅਤੇ ਨੌਕਰੀ ਪੇਸ਼ਾ ਆਪਣੇ ਕੰਮਾਂ ਕਾਰਾਂ ਨੂੰ ਚਲੇ ਜਾਂਦੇ। ਬਾਕੀ ਰਹਿ ਗਏ ਜੀਅ ਘਰ ਵਿੱਚ ਅਰਾਮ ਕਰਦੇ। ਔਰਤਾਂ ਉਨ੍ਹਾਂ ਦਿਨਾਂ ਵਿੱਚ ਚਾਦਰਾਂ ਕੱਢਣ ਅਤੇ ਖੇਸ ਦਰੀਆਂ ਬੁਣਨ ਦਾ ਕੰਮ ਕਰਦੀਆਂ। ਬਾਹਰਲੇ ਕੰਮਾਂ ਵਾਲੇ ਧੁੱਪ ਤਿੱਖੀ ਹੋਣ ਵੇਲੇ ਤਕ ਆਪਣਾ ਕੰਮ ਸਾਂਭ ਕੇ ਸਭ ਦੁਪਹਿਰਾ ਕੱਟਣ ਚਲੇ ਜਾਂਦੇ। ਔਰਤਾਂ ਕਮਰੇ ਵਿੱਚ ਪੈ ਜਾਂਦੀਆਂ ਤਾਂ ਮਰਦ ਖੂਹ ’ਤੇ ਜਾਂ ਕਿਸੇ ਦ੍ਰਖਤ ਹੇਠ ਦੁਪਹਿਰਾ ਕੱਟਦੇ। ਆਥਣ ਵੇਲੇ ਔਰਤਾਂ ਚਾਹ ਧਰ ਲੈਂਦੀਆਂ ਤੇ ਹਰ ਕੋਈ ਸਵੇਰੇ ਦੀ ਬਣੀ ਰੋਟੀ ਤੇ ਲੂਣ ਧੂੜ ਕੇ ਚਾਹ ਨਾਲ ਖਾ ਲੈਂਦਾ। ਫਿਰ ਮਰਦ ਖੇਤਾਂ ਨੂੰ ਚਲੇ ਜਾਂਦੇ, ਬਜ਼ੁਰਗ ਕਿਸੇ ਬੋਹੜ ਥੱਲੇ ਸੱਥ ਲਾ ਬੈਠ ਜਾਂਦੇ ਜਿੱਥੇ ਤਾਸ਼ ਖੇਡਣ ਦੇ ਨਾਲ ਨਾਲ ਕਈ ਪਿੰਡ, ਰਾਜ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁੱਦਿਆਂ ’ਤੇ ਚਰਚਾ ਹੋ ਜਾਂਦੀ। ਅਗਲੀ ਸਰਕਾਰ ਕਿਹੜੀ ਬਣੇਗੀ ਇਹ ਵੀ ਉਸ ਸੱਥ ਵਿੱਚ ਹੀ ਤੈਅ ਹੋ ਜਾਂਦਾ।
ਜਵਾਕ ਵੀ ਸਕੂਲ ਤੋਂ ਆ ਕੇ ਜਾਂ ਤਾਂ ਖੇਤਾਂ ਵਿੱਚ ਆਪਣੇ ਵਡੇਰਿਆਂ ਨਾਲ ਹੱਥ ਵਟਾਉਣ ਚਲੇ ਜਾਂਦੇ ਜਾਂ ਫਿਰ ਪਿੜ ਵਿੱਚ ਜਾ ਕੇ ਕਬੱਡੀ, ਕੁਸ਼ਤੀ ਵਰਗੀਆਂ ਖੇਡਾਂ ਵਿੱਚ ਆਪਣਾ ਦਮ ਪੁਗਾਉਂਦੇ। ਨਸ਼ੇ ਦੇ ਰੂਪ ਵਿੱਚ ਉਦੋਂ ਸਿਰਫ ਸ਼ਰਾਬ ਹੁੰਦੀ ਸੀ ਜਿਹੜੀ ਅਕਸਰ ਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ ਮਰਦ ਘੁੱਟ ਲਾ ਕੇ ਉੱਤੋਂ ਰੋਟੀ ਖਾ ਕੇ ਸੌਂ ਜਾਂਦੇ। ਨੌਜਵਾਨ ਸਾਰਾ ਦਿਨ ਪੜ੍ਹਾਈ ਕਰਕੇ, ਖੇਡਾਂ ਅਤੇ ਖੇਤਾਂ ਵਿੱਚ ਕੰਮ ਕਰਕੇ ਐਨਾ ਥੱਕ ਜਾਂਦੇ ਕੇ ਰੋਟੀ ਖਾਣ ਤੋਂ ਬਾਅਦ ਦੁੱਧ ਦਾ ਗਲਾਸ ਗੁੜ ਨਾਲ ਪੀ ਕੇ ਸੌਂ ਜਾਂਦੇ। ਨੀਂਦ ਵੀ ਗੂੜ੍ਹੀ ਆਉਂਦੀ। ਗਰਮੀ ਦਾ ਤਾਂ ਪਤਾ ਵੀ ਨਹੀਂ ਚਲਦਾ ਸੀ ਕਿ ਰਾਤ ਲਾਈਟ ਕਦੋਂ ਗਈ ਤੇ ਕਦੋਂ ਆਈ। ਮੱਛਰਾਂ ਤੋਂ ਬਚਣ ਲਈ ਨਿੰਮ ਜਾਂ ਸਫੈਦੇ ਦਾ ਤੇਲ ਲਾ ਲੈਣਾ ਜਾਂ ਮੱਛਰਦਾਨੀ ਦਾ ਇਸਤੇਮਾਲ ਕਰਨਾ।
ਛੁੱਟੀਆਂ ਵਿੱਚ ਨਾਨਕੇ ਪਿੰਡ ਜਾਣਾ ਤਾਂ ਨਾਨੀ ਨੇ ਰਾਤ ਨੂੰ ਬਾਤਾਂ ਪਾਉਣੀ। ਬਾਤ ਸੁਣਦੇ ਸੁਣਦੇ ਪਤਾ ਹੀ ਨਾ ਲੱਗਣਾ ਕਿਹੜੇ ਵੇਲੇ ਅੱਖ ਲੱਗ ਜਾਣੀ। ਉਦੋਂ ਜ਼ਿੰਦਗੀ ਅੱਜ ਦੇ ਦੌਰ ਨਾਲੋਂ ਜ਼ਿਆਦਾ ਸੁਖਾਲੀ ਅਤੇ ਤਣਾਅ ਰਹਿਤ ਸੀ। ਪੈਸਾ ਚਾਹੇ ਘੱਟ ਸੀ ਪਰ ਨੀਂਦ ਚੰਗੀ ਆਉਂਦੀ ਸੀ। ਰਿਸ਼ਤਿਆਂ ਵਿੱਚ ਪਿਆਰ ਸੀ ਤੇ ਇੱਕ ਦੂਜੇ ਨੂੰ ਮਿਲਣ ਲਈ ਖਿੱਚ ਬਣੀ ਰਹਿੰਦੀ ਸੀ। ਜਿਹੜੇ ਭਲੇ ਸਮਿਆਂ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵੇਲੇ ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ, ਜੋੜਾਂ ਦੇ ਦਰਦ, ਸਰਵਾਈਕਲ ਅਤੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦੇ ਨਾਮ ਵੀ ਸੁਣਨ ਨੂੰ ਨਹੀਂ ਮਿਲਦੇ ਸਨ। ਹਾਂ, ਫੋੜੇ ਹੋਣਾ, ਤਾਪ ਚੜ੍ਹ ਜਾਣਾ ਜਿਹੀਆਂ ਆਮ ਬਿਮਾਰੀਆਂ ਹੁੰਦੀਆਂ ਸਨ। ਔਰਤਾਂ ਅੰਦਰ ਬਾਂਝਪਨ ਵੀ ਕੋਈ ਇੱਕਾ ਦੁੱਕਾ ਹੀ ਕੇਸ ਹੁੰਦਾ ਸੀ ਤੇ ਜਣੇਪਾ ਵੀ ਘਰ ਵਿੱਚ ਹੀ ਹੋ ਜਾਂਦਾ ਸੀ।
ਇਹ ਉਹ ਸਮਾਂ ਸੀ ਜਦੋਂ ਦਿਮਾਗੀ ਅਤੇ ਸਰੀਰਕ ਕੰਮ ਨਾਲ ਨਾਲ ਚਲਦੇ ਸਨ ਅਤੇ ਖਾਣ ਪੀਣ ਵੀ ਖੁੱਲ੍ਹਾ ਸੀ। ਘਰ ਦੀਆਂ ਤਾਜ਼ੀਆਂ ਸਬਜ਼ੀਆਂ, ਮੱਠੀ ਮੱਠੀ ਅੱਗ ’ਤੇ ਹਾਰੇ ਵਿੱਚ ਰਿੱਝਦੀ ਦਾਲ ਦਾ ਆਪਣਾ ਹੀ ਸਵਾਦ ਹੁੰਦਾ ਸੀ। ਘਿਓ ਮੱਖਣ ਦੁੱਧ ਰੱਜ ਕੇ ਮਿਲਦਾ ਸੀ ਤੇ ਪਚਦਾ ਵੀ ਸੀ ਕਿਉਂਕਿ ਉਦੋਂ ਮਿਹਦਾ ਵੀ ਮਜ਼ਬੂਤ ਹੁੰਦਾ ਸੀ। ਕਿਸੇ ਰਿਸ਼ਤੇਦਾਰ ਦੇ ਘਰ ਆ ਜਾਣ ’ਤੇ ਪਕੌੜੇ ਆਦਿ ਵੀ ਘਰ ਹੀ ਬਣਾਏ ਜਾਂਦੇ ਸਨ। ਕੋਲਡ ਡਰਿੰਕ ਦੀ ਜਗ੍ਹਾ ਸ਼ਿਕੰਜਵੀ ਜਾਂ ਰੂਹਅਫਜ਼ਾ ਦਿੱਤਾ ਜਾਂਦਾ ਸੀ। ਚੁੱਲ੍ਹੇ ਦੀ ਰੋਟੀ ਦਾ ਸਵਾਦ ਹੀ ਅਲੱਗ ਹੁੰਦਾ ਸੀ। ਸਾਰੇ ਰਿਸ਼ਤੇਦਾਰਾਂ ਨੇ ਇਕੱਠੇ ਹੀ ਸੌਣਾ ਅਤੇ ਦੇਰ ਤਕ ਗੱਲਾਂ ਮਾਰਨੀਆਂ। ਹਾਸਾ ਮਖੌਲ ਘਰ ਦਾ ਵਾਤਾਵਰਣ ਸੁਖਾਵਾਂ ਕਰ ਦਿੰਦਾ ਸੀ। ਰਿਸ਼ਤੇਦਾਰ ਕਦੇ ਬੋਝ ਨਹੀਂ ਲਗਦੇ ਸੀ, ਸਗੋਂ ਰਿਸ਼ਤੇਦਾਰਾਂ ਦੀ ਉਡੀਕ ਰਹਿੰਦੀ ਸੀ। ਇਹ ਉਹ ਸਮਾਂ ਸੀ ਜਦੋਂ ਮਨੁੱਖ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਰਹਿੰਦਾ ਸੀ ਤੇ ਆਪਣੇ ਆਲੇ ਦੁਆਲੇ ਨਾਲ ਵੀ ਦਿਲ ਦੀ ਸਾਂਝ ਰੱਖਦਾ ਸੀ।
ਘਰ ਵਿੱਚ ਦੁਧਾਰੂ ਪਸ਼ੂ ਅਤੇ ਮੁਰਗੀਆਂ ਆਮ ਮਿਲਦੇ ਸਨ। ਵਿਹੜੇ ਵਿੱਚ ਰੁੱਖ ਇੱਕ ਤਰ੍ਹਾਂ ਨਾਲ ਪਰਿਵਾਰ ਦਾ ਹਿੱਸਾ ਹੁੰਦੇ ਸਨ। ਉਦੋਂ ਘਰ ਬੇਸ਼ਕ ਕੱਚੇ ਸਨ ਪਰ ਰਿਸ਼ਤੇ ਪੱਕੇ ਹੁੰਦੇ ਸਨ। ਸਮਾਂ ਬਦਲਿਆ ਤੇ ਅੱਜ ਕੱਚੇ ਘਰਾਂ ਤੋਂ ਘਰ ਪੱਕੇ ਹੋ ਗਏ। ਪਿੰਡਾਂ ਵਿੱਚ ਵੀ ਰੁੱਖ ਘੱਟ ਅਤੇ ਕੰਕਰੀਟ ਦੇ ਜੰਗਲ ਵਧ ਗਏ ਹਨ। ਦੁਧਾਰੂ ਪਸ਼ੂਆਂ ਦੀ ਜਗ੍ਹਾ ਲੋਕਾਂ ਨੇ ਕੁੱਤੇ ਰੱਖ ਲਏ ਹਨ ਉਹ ਵੀ ਵਿਦੇਸ਼ੀ ਨਸਲਾਂ ਦੇ। ਘਰ ਵਿੱਚ ਕਮਰਿਆਂ ਦੀ ਸੰਖਿਆ ਵੀ ਘਟ ਗਈ ਹੈ ਤੇ ਘਰ ਬਹੁ ਮੰਜ਼ਿਲੇ ਹੋ ਗਏ ਹਨ। ਪਰ ਰਹਿਣ ਵਾਲੇ ਜੀਆਂ ਦੀ ਗਿਣਤੀ ਘਟ ਰਹੀ ਹੈ। ਜਿਹੜੇ ਰਹਿੰਦੇ ਵੀ ਹਨ ਉਹ ਵੀ ਇੱਕ ਦੂਸਰੇ ਨੂੰ ਸਵੇਰੇ ਸ਼ਾਮ ਹੀ ਦਿਖਾਈ ਦਿੰਦੇ ਹਨ। ਜੀਵਨ ਸਹਿ ਹੋਂਦ ਦੀ ਜਗ੍ਹਾ ਇਕੱਲਤਾ ਵੱਲ ਨੂੰ ਵਧ ਰਿਹਾ ਹੈ।
ਖੇਤੀ ਪ੍ਰਧਾਨ ਦੇਸ਼ ਹੁਣ ਕਾਰਪੋਰੇਟ ਜਗਤ ਬਣ ਗਿਆ ਹੈ ਜਿੱਥੇ ਪੈਸਾ ਤਾਂ ਬਹੁਤ ਹੈ ਪਰ ਸਮਾਂ ਕਿਸੇ ਕੋਲ ਨਹੀਂ। ਸਿਹਤ ਲਈ ਚੰਗਾ ਖਾਣ ਪੀਣ ਨਹੀਂ, ਸਿਹਤ ਬੀਮਾ ਹੈ। ਗੈਸ, ਅਫਾਰੇ ਲਈ ਜ਼ੀਰਾ ਜਾਂ ਅਜਵਾਇਣ ਨਹੀਂ, ਹੁਣ ਵੱਡੇ ਵੱਡੇ ਹਸਪਤਾਲਾਂ ਵਿੱਚ ਜਾ ਕੇ ਇਲਾਜ ਕਰਵਾਉਣਾ ਰਿਵਾਜ਼ ਬਣ ਗਿਆ ਹੈ। ਖੇਤਾਂ ਵਿੱਚ ਕਹੀ ਚਲਾ ਕੇ ਡੌਲੇ ਬਣਾਉਣ ਨਾਲੋਂ ਜਿੰਮ ਜਾ ਕੇ ਅਤੇ ਪ੍ਰੋਟੀਨ ਪਾਊਡਰ ਲੈਣਾ ਸ਼ੌਕ ਨਹੀਂ, ਫੈਸ਼ਨ ਹੋ ਗਿਆ ਹੈ। ਕਈ ਨੌਜਵਾਨ ਪ੍ਰੋਟੀਨ ਪਾਊਡਰ ਦੀ ਆੜ ਵਿੱਚ ਨਸ਼ਿਆਂ ’ਤੇ ਵੀ ਲੱਗ ਰਹੇ ਹਨ। ਲੋਕ ਸਿਹਤਮੰਦ ਹੋਣ ਦੀ ਜਗ੍ਹਾ ਬਿਮਾਰੀਆਂ ਵਿੱਚ ਘਿਰ ਰਹੇ ਹਨ। ਮਨੁੱਖ ਲੰਬੀ ਖੁਸ਼ਹਾਲ ਜ਼ਿੰਦਗੀ ਜਿਊਣ ਨਾਲੋਂ ਤੇਜ਼ੀ ਨਾਲ ਜ਼ਿੰਦਗੀ ਦਾ ਸਫਰ ਖਤਮ ਕਰਨ ਵੱਲ ਨੂੰ ਤੁਰ ਪਿਆ ਹੈ ਅਤੇ ਇਸੇ ਨੂੰ ਹੀ ਵਿਕਾਸ ਦਾ ਨਾਮ ਦਿੱਤਾ ਜਾ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































