“ਭਗਤ ਸਿਹਾਂ ਮਾਫ਼ ਕਰੀਂ! ਪੂਰਾ ਸਾਲ ਤੇਰੀ ਸੋਚ ਦੇ ਉਲਟ ਚੱਲਣ ਵਾਲੇ ਅੱਜ ਫਿਰ ...”
(23 ਮਾਰਚ 2025)
ਭਗਤ ਸਿੰਘ ਅਣਵੰਡੇ ਭਾਰਤ ਦਾ ਇੱਕ ਅਜਿਹਾ ਕ੍ਰਾਂਤੀਕਾਰੀ ਸੀ ਜੋ ਅੰਗਰੇਜ਼ਾਂ ਤੋਂ ਭਾਰਤ ਅਜ਼ਾਦ ਕਰਵਾਉਣਾ ਤਾਂ ਚਾਹੁੰਦਾ ਸੀ ਪਰ ਉਸਦੇ ਅਜ਼ਾਦੀ ਦੇ ਮਾਇਨੇ ਕੁਝ ਵੱਖਰੇ ਸਨ। ਭਗਤ ਸਿੰਘ ਆਪਣੀ ਸੋਚ ਕਾਰਨ ਹੀ ਬਹੁਤ ਸਾਰੇ ਉਦਾਰਵਾਦੀ ਨੇਤਾਵਾਂ ਦੀ ਅੱਖ ਦਾ ਰੋੜਾ ਸੀ। ਅੰਗਰੇਜ਼ ਅਜ਼ਾਦੀ ਦੇ ਨਾਮ ’ਤੇ ਸੱਤਾ ਪਰਿਵਰਤਨ ਦੀ ਗੱਲ ਤਾਂ ਕਰਦੇ ਸਨ ਪਰ ਉਹ ਭਾਰਤ ਨੂੰ ਮੁਕੰਮਲ ਅਜ਼ਾਦੀ ਦੇਣ ਦੇ ਹੱਕ ਵਿੱਚ ਨਹੀਂ ਸਨ। ਅਜ਼ਾਦੀ ਦੀ ਲੜਾਈ ਦੇ ਦੌਰਾਨ ਕਦੀ ਵੀ ਪਾਕਿਸਤਾਨ ਦੀ ਗੱਲ ਨਹੀਂ ਉੱਭਰੀ ਸੀ। 1940 ਤਕ ਅਸਲ ਵਿੱਚ ਪਾਕਿਸਤਾਨ ਦੀ ਗੱਲ ਕਦੀ ਆਈ ਹੀ ਨਹੀਂ ਸੀ। ਭਗਤ ਸਿੰਘ ਚੰਗੀ ਤਰ੍ਹਾਂ ਜਾਣਦੇ ਸੀ ਕਿ ਜੇਕਰ ਅੰਗਰੇਜ਼ ਭਾਰਤ ਛੱਡਦੇ ਵੀ ਹਨ ਤਾਂ ਵੀ ਕਿਸੇ ਨਾ ਕਿਸੇ ਬਹਾਨੇ ਸੱਤਾ ਦੀ ਚਾਬੀ ਆਪਣੇ ਕੋਲ ਰੱਖਣਗੇ ਤੇ ਇੱਦਾਂ ਹੋਇਆ ਵੀ। ਲਾਰਡ ਮਾਊਂਟਬੈਟਨ ਅਜ਼ਾਦ ਭਾਰਤ ਦਾ ਇੱਕ ਸਾਲ ਤਕ ਗਵਰਨਰ ਜਨਰਲ ਬਣਕੇ ਰਿਹਾ। ਆਜ਼ਾਦ ਭਾਰਤ ਦੇ ਸੰਵਿਧਾਨ ਦਾ ਬਹੁਤਾ ਹਿੱਸਾ ਵੀ ਅੰਗਰੇਜ਼ਾਂ ਦੇ ਸੰਵਿਧਾਨ ਤੋਂ ਪ੍ਰਭਾਵਿਤ ਹੀ ਹੈ ਤੇ ਕਾਨੂੰਨ ਦੀਆਂ ਸਾਰੀਆਂ ਧਾਰਾਵਾਂ ਅੰਗਰੇਜ਼ੀ ਕਾਨੂੰਨ ਦਾ ਹੀ ਹਿੱਸਾ ਹਨ ਜੋ ਅੱਜ ਤਕ ਪ੍ਰਚਲਿਤ ਹਨ। ਭਗਤ ਸਿੰਘ ਪੂਰਨ ਅਜ਼ਾਦੀ ਦੀ ਗੱਲ ਕਰਦਾ ਸੀ। ਅਜ਼ਾਦੀ, ਜਿਸ ਵਿੱਚ ਤਾਕਤ ਆਮ ਜਨਤਾ ਦੇ ਹੱਥ ਵਿੱਚ ਹੋਵੇ। ਆਮ ਜਨਤਾ ਸੱਤਾ ਵਿੱਚ ਭਾਗੀਦਾਰ ਬਣੇ। ਭਗਤ ਸਿੰਘ ਦੀ ਸੋਚ ਸੱਤਾ ਨੂੰ ਧਰਮ ਅਤੇ ਜਾਤ ਦੀ ਰਾਜਨੀਤੀ ਤੋਂ ਦੂਰ ਰੱਖਣ ਦੀ ਸੀ। ਅੰਗਰੇਜ਼ਾਂ ਦੇ ਬਣੇ ਕਾਨੂੰਨ ਕਦੀ ਵੀ ਆਜ਼ਾਦ ਭਾਰਤ ਦਾ ਹਿੱਸਾ ਨਹੀਂ ਦੇਖਣਾ ਚਾਹੁੰਦਾ ਸੀ ਭਗਤ। ਆਪਣਾ ਸੰਵਿਧਾਨ ਅਤੇ ਕਾਨੂੰਨ ਬਣਾਉਣ ਲਈ ਆਪਣੀ ਕਾਰਜਪ੍ਰਣਾਲੀ, ਜਿਸ ਉੱਪਰ ਅੰਗਰੇਜ਼ਾਂ ਦੇ ਕਾਨੂੰਨ ਦਾ ਸਾਇਆ ਨਾ ਹੋਵੇ।
ਭਗਤ ਸਿੰਘ ਜਦੋਂ ਦੇਸ਼ ਦੇ ਵਿਕਾਸ ਦੀ ਗੱਲ ਕਰਦਾ ਤਾਂ ਉਸ ਵਿੱਚ ਗਰੀਬ ਵਰਗ ਦੀ ਗੱਲ ਪਹਿਲ ਦੇ ਅਧਾਰ ’ਤੇ ਆਉਂਦੀ। ਅਮੀਰ ਅਤੇ ਗਰੀਬ ਵਿੱਚ ਜੋ ਪਾੜਾ ਹੈ, ਭਗਤ ਸਿੰਘ ਉਹ ਪਾੜਾ ਖਤਮ ਕਰਨ ਦੀ ਗੱਲ ਕਰਦਾ ਸੀ। ਸਾਮੰਤਵਾਦ ਦੇ ਖਿਲਾਫ ਅਤੇ ਕੁਦਰਤ ਦੇ ਸਰੋਤਾਂ ਉੱਪਰ ਹਰ ਆਮ ਇਨਸਾਨ ਦੇ ਹੱਕ ਦਾ ਉਹ ਹਾਮੀ ਸੀ। ਭਗਤ ਇੱਕ ਕ੍ਰਾਂਤੀਕਾਰੀ ਵਿਚਾਰ ਰੱਖਣ ਵਾਲਾ ਨੌਜਵਾਨ ਉਦਾਰਵਾਦੀਆਂ ਦੀ ਸੋਚ ’ਤੇ ਖਰਾ ਨਹੀਂ ਉੱਤਰਦਾ ਸੀ ਤੇ ਇਹੀ ਕਾਰਨ ਰਿਹਾ ਕੇ ਭਗਤ ਉਸ ਵੇਲੇ ਦੇ ਉਦਾਰਵਾਦੀ ਨੇਤਾਵਾਂ ਵੱਲੋਂ ਦਹਿਸ਼ਤਗਰਦ ਗਰਦਾਨਿਆ ਗਿਆ। ਉਦਾਰਵਾਦੀ ਨੇਤਾ ਜਾਣਦੇ ਸਨ ਕਿ ਭਗਤ ਦੀ ਸੋਚ ’ਤੇ ਉਸ ਵੇਲੇ ਦੇ ਨੌਜਵਾਨ ਫਿਦਾ ਹੋਣ ਲਈ ਤਿਆਰ ਬਰ ਤਿਆਰਸਨ ਤੇ ਪੂਰੀ ਤਰ੍ਹਾਂ ਭਗਤ ਨੂੰ ਅਪਣਾ ਰੋਲ਼ ਮਾਡਲ ਸਮਝਦੇ ਸਨ, ਜਿਸ ਕਾਰਨ ਭਾਰਤ ਨੂੰ ਅਜ਼ਾਦੀ ਮਿਲਣ ਤੋਂ ਬਾਅਦ ਇਨ੍ਹਾਂ ਉਦਾਰਵਾਦੀ ਨੇਤਾਵਾਂ ਲਈ ਸੱਤਾ ਦਾ ਸੁਖ ਭੋਗਣਾ ਸੌਖੀ ਗੱਲ ਨਹੀਂ ਸੀ। ਉਨ੍ਹਾਂ ਨੇਤਾਵਾਂ ਲਈ ਭਾਰਤ ਦੀ ਆਜ਼ਾਦੀ ਨਾਲੋਂ ਸੱਤਾ ਕਿਸ ਤਰ੍ਹਾਂ ਹਾਸਲ ਕੀਤੀ ਜਾਵੇ, ਇਹ ਮੁੱਖ ਏਜੰਡਾ ਬਣ ਗਿਆ ਸੀ। ਨਰਮ ਖਿਆਲੀ ਨੇਤਾਵਾਂ ਲਈ ਇਸੇ ਕਾਰਨ ਹੀ ਪਾਕਿਸਤਾਨ ਦੀ ਗੱਲ ਉੱਭਰ ਕੇ ਸਾਮਣੇ ਆਈ। ਅਜ਼ਾਦੀ ਦੀ ਲੜਾਈ ਵਿੱਚ ਇੱਕ ਬਹੁਤ ਵੱਡੀ ਤਾਦਾਦ ਵਿੱਚ ਸਿੱਖ ਕੌਮ ਤੋਂ ਇਲਾਵਾ ਮੁਸਲਿਮ ਕੌਮ ਵੀ ਅੱਗੇ ਸੀ ਤੇ ਅਣਵੰਡੇ ਭਾਰਤ ਵਿੱਚ ਮੁਸਲਮਾਨਾਂ ਦੀ ਗਿਣਤੀ ਵੀ ਕਾਫੀ ਵੱਡੀ ਸੀ। ਸੱਤਾ ਉੱਪਰ ਜਿੱਥੇ ਨਹਿਰੂ ਦੀ ਜੁੰਡਲੀ ਨਜ਼ਰ ਟਿਕਾਈ ਬੈਠੀ ਸੀ, ਉੱਥੇ ਹੀ ਜਿਨਾਹ ਵੀ ਆਜ਼ਾਦ ਭਾਰਤ ਦਾ ਮੁਖੀ ਬਣਨ ਦਾ ਸੁਪਨਾ ਲੈ ਰਿਹਾ ਸੀ। ਦੋਨਾਂ ਹੀ ਨੇਤਾਵਾਂ ਨੂੰ ਜਦੋਂ ਲੱਗਿਆ ਕਿ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਣਗੇ ਤਾਂ ਗੱਲ ਪਾਕਿਸਤਾਨ ਦੇ ਰੂਪ ਵਿੱਚ ਵੱਖਰੇ ਮੁਲਕ ਦੀ ਚਲਾਈ ਗਈ ਤਾਂ ਜੋ ਮੁਹੰਮਦ ਅਲੀ ਜਿਨਾਹ ਨੂੰ ਇੱਕ ਛੋਟਾ ਹਿੱਸਾ ਦੇ ਕੇ ਅਲੱਗ ਕੀਤਾ ਜਾ ਸਕੇ ਤੇ ਨਹਿਰੂ-ਗਾਂਧੀ ਜੁੰਡਲੀ ਲਈ ਰਸਤਾ ਸਾਫ ਹੋ ਸਕੇ। ਮਨਸ਼ਾ ਮਨੋਹਰ ਦਾਸ ਗਾਂਧੀ ਦੀ ਵੀ ਇਹੋ ਹੀ ਸੀ ਪਰ ਖੁੱਲ੍ਹਕੇ ਉਹ ਪਾਕਿਸਤਾਨ ਦਾ ਵਿਰੋਧ ਬੇਸ਼ਕ ਕਰਦੇ ਰਹੇ ਪਰ ਅੰਦਰਖਾਤੇ ਉਹ ਪਾਕਿਸਤਾਨ ਦੇ ਹੱਕ ਵਿੱਚ ਦਿਖਾਈ ਦਿੱਤੇ। ਪੂਰੇ ਛੜਯੰਤਰ ਨੂੰ ਅੰਗਰੇਜ਼ਾਂ ਦੀ ਸਾਜ਼ਿਸ਼ ਦਾ ਨਾਮ ਦੇ ਕੇ ਗਾਂਧੀ ਨੇ ਆਪਣੇ ਆਪ ਨੂੰ ਭਾਰਤ ਦੀ ਵੰਡ ਦਾ ਵਿਰੋਧੀ ਦੱਸ ਕੇ ਲੋਕਾਂ ਵਿੱਚ ਆਪਣੀ ਅਸਲੀ ਸਾਜ਼ਿਸ਼ ਜ਼ਾਹਿਰ ਨਹੀਂ ਹੋਣ ਦਿੱਤੀ। ਭਗਤ ਸਿੰਘ ਹਮੇਸ਼ਾ ਸਮਾਜਵਾਦ ਦੀ ਗੱਲ ਕਰਦਾ ਸੀ। ਉਸਦਾ ਅਤੇ ਉਸਦੇ ਸਾਥੀਆਂ ਦਾ ਸੁਪਨਾ ਸੀ ਕਿ ਆਜ਼ਾਦ ਭਾਰਤ ਵਿੱਚ ਅਜਿਹਾ ਨਿਆਂਪਸੰਦ ਅਤੇ ਬਰਾਬਰੀ ’ਤੇ ਆਧਾਰਿਤ ਸਮਾਜਵਾਦੀ ਨਿਜ਼ਾਮ ਸਥਾਪਿਤ ਕੀਤਾ ਜਾਵੇ ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਸਾਮਰਾਜ ਪੱਖੀ ਅਤੇ ਜਗੀਰਦਾਰੀ ਢਾਂਚੇ ਦਾ ਖ਼ਾਤਮਾ ਹੋਵੇ। ਹਰੇਕ ਮਨੁੱਖ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਆਸਾਨੀ ਨਾਲ ਪ੍ਰਾਪਤ ਹੋਣ, ਲੋਕ ਵਿਗਿਆਨਕ ਸੋਚ ਦੇ ਧਾਰਨੀ ਹੋਣ ਅਤੇ ਕਿਸੇ ਵੀ ਨਾਗਰਿਕ ਨਾਲ ਧਰਮ ਅਤੇ ਜਾਤ ਪਾਤ ਨੂੰ ਲੈ ਕੇ ਕੋਈ ਵਿਤਕਰਾ ਨਾ ਹੋਵੇ।
ਪਰ ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਤੋਂ ਬਾਅਦ ਜੋ ਪਹਿਲੀ ਸਰਕਾਰ ਬਣੀ ਉਹ ਸਮਾਜਵਾਦੀ ਨਹੀਂ, ਸਾਮਰਾਜਵਾਦ ਨੂੰ ਬੜ੍ਹਾਵਾ ਦੇਣ ਵਾਲੀ ਸੀ। ਜਿਵੇਂ ਵਰ੍ਹੇ ਬੀਤਦੇ ਗਏ, ਭਾਰਤ ਸਮਾਜਵਾਦ ਨੂੰ ਪਿੱਛੇ ਛੱਡਦਾ ਗਿਆ ਤੇ ਜਾਗੀਰਦਾਰੀ ਪ੍ਰਥਾ ਖਤਮ ਹੋਣ ਦੀ ਜਗ੍ਹਾ ਪਹਿਲਾਂ ਨਾਲੋਂ ਵੀ ਵੱਧ ਤੇਜ਼ੀ ਨਾਲ ਪੈਰ ਪਸਾਰਦੀ ਗਈ। ਵਰਤਮਾਨ ਹਕੂਮਤ ਕੁਝ ਵੱਡੇ ਜਗੀਰਦਾਰਾਂ ਦੇ ਹੱਥ ਦਾ ਠੋਕਾ ਬਣ ਕੇ ਰਹਿ ਗਈ ਹੈ। ਸਭ ਤੋਂ ਵੱਡੀ ਹਾਸੋਹੀਣੀ ਗੱਲ ਉਦੋਂ ਹੁੰਦੀ ਹੈ ਜਦੋਂ ਭਗਤ ਸਿੰਘ ਦੀ ਸੋਚ ਨੂੰ ਨਕਾਰਨ ਵਾਲੇ ਹਰ ਸਾਲ 23 ਮਾਰਚ ਅਤੇ 28 ਸਤੰਬਰ ਨੂੰ ਭਗਤ ਸਿੰਘ ਦੇ ਬੁੱਤ ’ਤੇ ਹਾਰ ਚੜ੍ਹਾਉਂਦੇ ਹਨ। ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਦਾ ਸੁਪਨਾ ਵਿਖਾ ਕੇ, ਉਸਦੇ ਦਿੱਤੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾ ਕੇ ਸਮਰਾਜਵਾਦ ਨੂੰ ਬੜ੍ਹਾਵਾ ਦੇਣ ਵਾਲੀਆਂ ਪਾਰਟੀਆਂ ਭਗਤ ਦੇ ਨਾਮ ’ਤੇ ਰਾਜਨੀਤੀ ਕਰਦੀਆਂ ਹਨ ਤੇ ਸੱਤਾ ਦਾ ਸੁਖ ਵੀ ਮਾਣਦੀਆਂ ਹਨ ਪਰ ਅਸਲ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਉਹਨਾਂ ਦੇ ਨੇੜੇ ਵੀ ਨਹੀਂ ਹੁੰਦੀ। ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸ਼ਹਾਦਤ ਦੇ 93 ਵਰ੍ਹੇ ਬੀਤ ਜਾਣ ਬਾਅਦ ਵੀ ਉਸਦੇ ਬੁੱਤ ’ਤੇ ਹਾਰ ਚੜ੍ਹਾਉਣ ਵਾਲੀਆਂ ਪਾਰਟੀਆਂ ਅੱਜ ਤਕ ਅਜ਼ਾਦੀ ਦੇ ਇਸ ਮਹਾਨਾਇਕ ਨੂੰ ਸ਼ਹੀਦ ਦਾ ਦਰਜਾ ਨਹੀਂ ਦੇ ਸਕੀਆਂ।
ਭਗਤ ਸਿਹਾਂ ਮਾਫ਼ ਕਰੀਂ! ਪੂਰਾ ਸਾਲ ਤੇਰੀ ਸੋਚ ਦੇ ਉਲਟ ਚੱਲਣ ਵਾਲੇ ਅੱਜ ਫਿਰ ਤੇਰੇ ਬੁੱਤ ’ਤੇ ਹਾਰ ਚੜ੍ਹਾਉਣਗੇ , ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਣਗੇ ... ਫਿਰ ਪੂਰਾ ਸਾਲ ਤੈਨੂੰ ਭੁੱਲ ਜਾਣਗੇ। ਤੇਰੀ ਸੋਚ ਮੁਤਾਬਿਕ ਭਾਰਤ ਨੂੰ ਅਜ਼ਾਦੀ ਨਹੀਂ ਮਿਲੀ, ਮੁਲਕ ਅੱਜ ਵੀ ਗੁਲਾਮ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (