“ਸਮਾਂ ਬੀਤਦਾ ਗਿਆ ਤੇ ਪੈਸਾ ਲੇਖਣੀ ਉੱਤੇ ਭਾਰੂ ਪੈਣ ਲੱਗਾ। ਕਲਮ ਵਿਕਾਊ ...”
(2 ਜੁਲਾਈ 2025)
ਸੱਚ ਕਦੇ ਸਿਰ ਝੁਕਾਉਂਦਾ ਨਹੀਂ,
ਸੱਚ ਕਦੇ ਮੂੰਹ ਲੁਕਾਉਂਦਾ ਨਹੀਂ,
ਚੜ੍ਹ ਜਾਂਦਾ ਹੈ ਫਾਂਸੀ ’ਤੇ
ਲਿਫ ਕੇ ਪਿੱਠ ਲਵਾਉਂਦਾ ਨਹੀਂ।
ਲੇਖਕ ਸਮਾਜ ਦਾ ਨੁਮਾਇੰਦਾ ਹੁੰਦਾ ਹੈ। ਸੱਚ ਲਿਖਣਾ ਅਤੇ ਸਮਾਜ ਨੂੰ ਜਗਾਉਣਾ ਉਸਦੇ ਹਿੱਸੇ ਆਉਂਦਾ ਹੈ। ਕਹਿੰਦੇ ਹਨ ਕਿ ਕਲਮ ਕਦੀ ਵੀ ਗੁਲਾਮ ਨਹੀਂ ਹੋ ਸਕਦੀ, ਸਦਾ ਅਜ਼ਾਦ ਰਹਿੰਦੀ ਹੈ। ਜਦੋਂ ਵੀ ਲਿਖਦੀ ਹੈ, ਸੱਚ ਹੀ ਲਿਖਦੀ ਹੈ। ਜੇਕਰ ਗੱਲ ਕਰੀਏ ਸਮਾਜ ਸੁਧਾਰਕ ਅੰਦੋਲਨਾਂ ਦੀ, ਜਾਂ ਦੇਸ਼ ਦੀ ਆਜ਼ਾਦੀ ਦੀ, ਇਹ ਕਲਮ ਦੀ ਤਾਕਤ ਹੀ ਸੀ ਜਿਸਨੇ ਆਮ ਲੋਕਾਂ ਨੂੰ ਉਹਨਾਂ ਦੇ ਹੱਕਾਂ ਲਈ ਜਾਗਰੂਕ ਕੀਤਾ। ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਲੋਕਾਂ ਦੀ ਆਵਾਜ਼ ਵੀ ਇਹ ਕਲਮ ਹੀ ਬਣਦੀ ਰਹੀ ਹੈ। ਕਲਮ ਹਮੇਸ਼ਾ ਦਰਬਾਰੇ ਖ਼ਾਸ ਦੀ ਵਿਰੋਧੀ ਰਹੀ ਹੈ ਅਤੇ ਲੋਕਾਂ ਦੀ ਆਵਾਜ਼ ਸਰਕਾਰੇ-ਦਰਬਾਰੇ ਪਹੁੰਚਾਉਂਦੀ ਰਹੀ ਹੈ। ਇਤਿਹਾਸ ਦੱਸਦਾ ਹੈ ਕਿ ਚਾਹੇ ਉਹ ਬੱਬਰ ਲਹਿਰ ਹੋਵੇ ਜਾਂ ਪਗੜੀ ਸੰਭਾਲ ਲਹਿਰ, ਅਜ਼ਾਦੀ ਘੁਲਾਟੀਆਂ ਨੇ ਆਪਣੀ ਆਵਾਜ਼ ਲੋਕਾਂ ਤਕ ਪਹੁੰਚਾਉਣ ਲਈ ਹਮੇਸ਼ਾ ਕਲਮ ਦਾ ਸਹਾਰਾ ਲਿਆ ਹੈ। ਨਵਾਂਸ਼ਹਿਰ ਦੇ ਦੌਲਤਪੁਰ ਤੋਂ ਛਪਦਾ ਬੱਬਰਾਂ ਦਾ ਅਖਬਾਰ ਹੋਵੇ, ਚਾਹੇ ਭਗਤ ਸਿੰਘ ਦੇ ਲਿਖੇ ਲੇਖ ਹੋਣ, ਹਕੂਮਤ ਦੇ ਜ਼ੁਲਮਾਂ ਦੇ ਵਿਰੁੱਧ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਕਾਰਜ ਕਰਦੀ ਰਹੀ ਹੈ। ਭਗਤ ਸਿੰਘ ਦੇ ਫਾਂਸੀ ਲੱਗਣ ਵੇਲੇ ਜਿਸ ਤਰ੍ਹਾਂ ਅਖ਼ਬਾਰਾਂ ਨੇ ਆਪਣਾ ਫਟਜ਼ ਨਿਭਾਇਆ, ਉਹ ਬੇਹੱਦ ਸ਼ਲਾਘਾਯੋਗ ਹੈ। ਉਸ ਵੇਲੇ ਅੰਗਰੇਜ਼ੀ ਹਕੂਮਤ ਤੋਂ ਨਾਂ ਤਾਂ ਅਖ਼ਬਾਰ ਦੇ ਮਾਲਿਕ ਡਰਦੇ ਸਨ ਅਤੇ ਨਾ ਹੀ ਲੇਖਕ। ਮੁਗ਼ਲ ਕਾਲ ਵਿੱਚ ਵੀ ਬਹੁਤ ਸਾਰੇ ਲੇਖਕ ਅਜਿਹੇ ਹੋਏ ਹਨ, ਜਿਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਜ਼ੁਲਮ ਖਿਲਾਫ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ। ਮੁਗ਼ਲ ਕਾਲ ਵੇਲੇ ਦੇ ਸਾਹਿਤ ਨੂੰ ਜੇਕਰ ਪੜ੍ਹਿਆ ਜਾਵੇ ਤਾਂ ਇੰਜ ਲਗਦਾ ਹੈ ਕਿ ਉਦੋਂ ਵੀ ਬੇਸ਼ਕ ਸ਼ਾਸਕ ਕਲਮ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਸਨ ਪਰ ਲੇਖਕ ਬੇਬਾਕ ਹੋ ਕੇ ਲਿਖਦਾ ਰਿਹਾ। ਉਦੋਂ ਵੀ ਲੇਖਕ ਨੂੰ ਅੰਜਾਮ ਪਤਾ ਸੀ ਪਰ ਉਹ ਈਨ ਮੰਨਣ ਨੂੰ ਤਿਆਰ ਨਹੀਂ ਸੀ।
ਪੰਜਾਬ ਵਿੱਚ 1980 ਤੋਂ 1994 ਤਕ ਦਾ ਅਜਿਹਾ ਦੌਰ ਵੀ ਆਇਆ, ਜਿਸਨੂੰ ਕਾਲੇ ਦੌਰ ਨਾਲ ਜਾਣਿਆ ਜਾਂਦਾ ਹੈ, ਉਦੋਂ ਵੀ ਪਾਸ਼ ਵਰਗੇ ਨਿਡਰ ਲੇਖਕਾਂ ਦਾ ਜਨਮ ਹੋਇਆ, ਜਿਨ੍ਹਾਂ ਦੀ ਕਲਮ ਸੱਚ ਲਿਖਣ ਤੋਂ ਕਦੇ ਵੀ ਪਿਛਾਂਹ ਨਹੀਂ ਹਟੀ ਚਾਹੇ ਉਸਦੀ ਕੀਮਤ ਆਪਣੀ ਜਾਣ ਦੇ ਕੇ ਹੀ ਕਿਉਂ ਨਾ ਚੁਕਾਉਣੀ ਪਈ। ਉਸ ਦੌਰ ਵਿੱਚ ਵੀ ਬਹੁਤ ਸਾਰੇ ਪੰਜਾਬੀ ਦੇ ਅਜਿਹੇ ਲੇਖਕ ਅਤੇ ਪੱਤਰਕਾਰ ਹੋਏ ਹਨ, ਜਿਨ੍ਹਾਂ ਨੇ ਪੁਲਿਸ ਦੇ ਅਨੇਕਾਂ ਤਸੀਹੇ ਝੱਲੇ ਪਰ ਆਪਣੀ ਲੇਖਣੀ ਨਾਲ ਸਮਝੌਤਾ ਨਹੀਂ ਕੀਤਾ। ਬੇਂਗਲੁਰੂ ਵਿੱਚ ਮਾਰੀ ਗਈ ਪੱਤਰਕਾਰ ਗੌਰੀ ਲੰਕੇਸ਼ ਨੇ ਆਖਰੀ ਦਮ ਤਕ ਹਾਰ ਨਹੀਂ ਮੰਨੀ ਅਤੇ ਸੱਚ ਲਿਖਣ ਤੋਂ ਕਦਮ ਪਿਛਾਂਹ ਨਹੀਂ ਖਿੱਚੇ, ਬੇਸ਼ਕ 55 ਵਰ੍ਹਿਆਂ ਦੀ ਇਸ ਪੱਤਰਕਾਰ ਨੂੰ ਆਪਣੀ ਜਾਨ ਗਵਾਉਣੀ ਪਈ। ਕੁਲਦੀਪ ਨਈਅਰ ਵਰਗੇ ਲੇਖਕ ਹੁਕਮਰਾਨਾਂ ਦੇ ਖਿਲਾਫ ਖੁੱਲ੍ਹ ਕੇ ਲਿਖਦੇ ਰਹੇ।
ਗੱਲ ਕਰੀਏ 1980 ਤੋਂ 1994 ਦੇ ਦੌਰ ਦੀ ਤਾਂ ਪੰਜਾਬ ਵਿੱਚ ਬਹੁਤ ਸਾਰੇ ਪੰਜਾਬੀ ਅਖਬਾਰ ਸਨ, ਜਿਨ੍ਹਾਂ ਨੂੰ ਉਸ ਵੇਲੇ ਦੀ ਹਕੂਮਤੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ, ਭਾਰੀ ਆਰਥਿਕ ਨੁਕਸਾਨ ਵੀ ਸਹਿਣਾ ਪਿਆ, ਪਰ ਉਹ ਸੱਚ ਦੀ ਆਵਾਜ਼ ਬਣਨ ਤੋਂ ਪਿੱਛੇ ਨਹੀਂ ਹਟੇ। ਇੱਕ ਵੇਲਾ ਅਜਿਹਾ ਰਿਹਾ ਜਦੋਂ ਲੇਖਕ ਅਤੇ ਪੱਤਰਕਾਰ ਕੋਲ ਬਹੁਤਾ ਪੈਸਾ ਤਾਂ ਨਹੀਂ ਹੁੰਦਾ ਸੀ ਪਰ ਉਸਦੀ ਕਦਰ ਆਮ ਲੋਕਾਂ ਵਿੱਚ ਅਤੇ ਸਰਕਾਰੇ ਦਰਬਾਰੇ ਵੀ ਹੁੰਦੀ ਸੀ। ਇਹ ਉਹ ਸਮਾਂ ਸੀ ਜਦੋਂ ਲੇਖਕਾਂ ਨੂੰ ਚੰਗੇ ਪਾਠਕ ਵੀ ਮਿਲਦੇ ਰਹੇ ਹਨ। ਲੋਕ ਅਖ਼ਬਾਰਾਂ ਦੇ ਨਾਲ ਨਾਲ ਕਿਤਾਬਾਂ ਵੀ ਪੜ੍ਹਦੇ ਰਹੇ ਹਨ; ਚਾਹੇ ਉਹ ਭਾਜੀ ਗੁਰਸ਼ਰਨ ਸਿੰਘ ਦੇ ਨਾਟਕ ਹੋਣ ਜਾਂ ਸੰਤ ਰਾਮ ਉਦਾਸੀ, ਮੋਹਨ ਸਿੰਘ, ਬੀਬਾ ਬਲਵੰਤ ਤੇ ਲਾਲ ਸਿੰਘ ਦਿਲ, ਧਨੀ ਰਾਮ ਚਾਤ੍ਰਿਕ, ਪੂਰਨ ਸਿੰਘ, ਜਿਨ੍ਹਾਂ ਨੇ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ਨੂੰ ਕ੍ਰਾਂਤੀਕਾਰੀ ਤਰੀਕਿਆਂ ਨਾਲ ਆਪਣੇ ਲੇਖਾਂ ਅਤੇ ਕਵਿਤਾਵਾਂ ਵਿੱਚ ਬਾਖੂਬੀ ਚੁੱਕਿਆ, ਖੁਸ਼ਵੰਤ ਸਿੰਘ ਅਤੇ ਬਲਵੰਤ ਗਾਰਗੀ ਨੇ ਉਦਾਰ ਮਾਨਵਤਾਵਾਦ, ਵਿਗਿਆਨਕ ਸੋਚ ਅਤੇ ਤਰਕਵਾਦ ਉੱਪਰ ਖੁੱਲ੍ਹ ਕੇ ਲਿਖਿਆ ਹੈ, ਨੂੰ ਪੜ੍ਹਿਆ ਜਾਂਦਾ ਰਿਹਾ ਹੈ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ “ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ” ਲਗਭਗ ਹਰ ਜ਼ੁਬਾਨ ’ਤੇ ਹੁੰਦੀ ਸੀ। ਉਸ ਵੇਲੇ ਚੰਗਾ ਸਾਹਿਤ ਸਿਰਜਿਆ ਗਿਆ, ਜਿਸਨੂੰ ਨੌਜਵਾਨ ਪੀੜ੍ਹੀ ਨੇ ਖੂਬ ਪੜ੍ਹਿਆ। ਬਜ਼ਾਰ ਵਿੱਚ ਕੋਈ ਨਵਾਂ ਨਾਵਲ ਆਉਣਾ ਤਾਂ ਨੌਜਵਾਨ ਪੀੜ੍ਹੀ ਨੇ ਚਾਅ ਨਾਲ ਖਰੀਦਣਾ। ਬੱਸ ਜਾਂ ਰੇਲ ਦੇ ਸਫ਼ਰ ਵਿੱਚ ਸਮਾਂ ਬਤੀਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਨਾਵਲ ਪੜ੍ਹਨਾ ਹੀ ਹੁੰਦਾ ਸੀ। ਸਵੇਰੇ ਉੱਠਦੇ ਹੀ ਅਖ਼ਬਾਰ ਦੇ ਦਰਸ਼ਨ ਕੀਤੇ ਬਗੈਰ ਚਾਹ ਦਾ ਘੁੱਟ ਫਿੱਕਾ ਲਗਦਾ। ਅਖ਼ਬਾਰਾਂ ਵਿੱਚ ਲਿਖੇ ਲੇਖ ਪੜ੍ਹੇ ਜਾਂਦੇ। ਐਤਵਾਰ ਦੇ ਅੰਕ ਸਭ ਤੋਂ ਵੱਧ ਵਿਕਦੇ। ਉਹ ਵੇਲਾ ਸੀ ਜਦੋਂ ਪੱਤਰਕਾਰ ਸਰਕਾਰ ਤੋਂ ਡਰਦੇ ਨਹੀਂ ਸਨ, ਉਲਟਾ ਸਰਕਾਰਾਂ ਪੱਤਰਕਾਰਾ ਤੋਂ ਡਰਦੀਆਂ ਸਨ।
ਸਮਾਂ ਬੀਤਦਾ ਗਿਆ ਤੇ ਪੈਸਾ ਲੇਖਣੀ ਉੱਤੇ ਭਾਰੂ ਪੈਣ ਲੱਗਾ। ਕਲਮ ਵਿਕਾਊ ਬਣਨ ਲੱਗੀ। ਜਿੱਥੇ ਪੱਤਰਕਾਰਾਂ ’ਤੇ ਵਿਕਾਊ ਹੋਣ ਦੇ ਲੇਬਲ ਲੱਗਣ ਲੱਗੇ, ਉੱਥੇ ਹੀ ਬੁੱਧੀਜੀਵੀ ਵਰਗ ਵੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਲਿਖਣ ਤੋਂ ਡਰਨ ਲਗਾ। ਬਹੁਤੇ ਲੇਖਕ ਜਾਂ ਤਾਂ ਹੁਕਮਰਾਨਾਂ ਦੇ ਗੁਣਗਾਨ ਕਰਨ ਲੱਗ ਗਏ ਜਾਂ ਫਿਰ ਉਹਨਾਂ ਦੀ ਕਲਮ ਤੋਂ ਮੋਨ ਧਾਰ ਗਈ। ਬੁੱਧੀਜੀਵੀ, ਜਿਨ੍ਹਾਂ ਉੱਪਰ ਸਮਾਜ ਨੂੰ ਉੱਪਰ ਚੁੱਕਣ ਦੀ ਜ਼ਿੰਮੇਵਾਰੀ ਸੀ, ਜਿਨ੍ਹਾਂ ਤੇ ਸਮਾਜ ਵਿੱਚ ਉੱਭਰ ਰਹੀਆਂ ਕੁਰੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਜ਼ਿੰਮੇਦਾਰੀ ਬਣਦੀ ਸੀ, ਉਹ ਚੁੱਪ ਕਰ ਗਏ। ਬਹੁਤ ਸਾਰੇ ਲੇਖਕ ਹੁਕਮਰਾਨਾਂ ਦੇ ਖਾਸ ਬਣਨ ਦੀ ਹੋੜ ਵਿੱਚ ਉਹੋ ਕੁਝ ਲਿਖਣ ਲੱਗ ਪਏ, ਜੋ ਹੁਕਮਰਾਨਾਂ ਨੂੰ ਰਾਸ ਆਉਂਦਾ ਸੀ। ਬਹੁਤੇ ਪੱਤਰਕਾਰ ਵੀ ਲੋਕ ਮੁੱਦਿਆਂ ਦੀ ਗੱਲ ਕਰਨ ਦੀ ਜਗ੍ਹਾ ਹੁਕਮਰਾਨਾਂ ਦੇ ਗੁਣਗਾਨ ਕਰਨ ਵਿੱਚ ਹੀ ਆਪਣੀ ਭਲਾਈ ਸਮਝਣ ਲੱਗ ਪਏ। ਜੇਕਰ ਕਿਸੇ ਲੇਖਕ ਨੇ ਹਿੰਮਤ ਕਰਕੇ ਲੋਕ ਮੁੱਦੇ ਚੁੱਕਣ ਲਈ ਆਪਣੀ ਕਲਮ ਚਲਾਈ ਤਾਂ ਉਸਦੇ ਖਿਲਾਫ ਝੂਠੇ ਮੁਕੱਦਮੇ ਦਰਜ਼ ਕਰਕੇ ਜਾਂ ਪ੍ਰਸ਼ਾਸਨ ਤੋਂ ਦਬਾਓ ਬਣਾ ਕੇ ਉਸਦੀ ਕਲਮ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੇਖਕਾਂ ਵੱਲੋਂ ਲੋਕ ਮੁੱਦਿਆਂ ਨੂੰ ਨਾ ਚੁੱਕਣ ਲਈ ਜੋ ਚੁੱਪ ਧਾਰੀ ਗਈ, ਉਸਨੇ ਪਾਠਕ ਵਰਗ ਨੂੰ ਕਿਤਾਬ ਜਾਂ ਅਖ਼ਬਾਰ ਪੜ੍ਹਨ ਤੋਂ ਦੂਰ ਕੀਤਾ। ਪਾਠਕ ਉਹ ਕੁਝ ਪੜ੍ਹਨਾ ਚਾਹੁੰਦਾ ਹੈ ਜਿਸ ਵਿੱਚ ਉਸਦੇ ਹੱਕ ਦੀ ਗੱਲ ਕੀਤੀ ਹੋਵੇ। ਜਦੋਂ ਪਾਠਕ ਨੂੰ ਲਗਦਾ ਹੈ ਕਿ ਜੋ ਉਹ ਪੜ੍ਹ ਰਿਹਾ ਹੈ, ਉਸ ਵਿੱਚ ਉਸਦੇ ਕੰਮ ਦੀ ਕੋਈ ਗੱਲ ਨਹੀਂ ਤਾਂ ਉਹ ਪੜ੍ਹਨ ਤੋਂ ਗੁਰੇਜ਼ ਕਰਨ ਲੱਗਦਾ ਹੈ। ਅੱਜ ਬਹੁਤ ਸਾਰੇ ਬੁੱਧੀਜੀਵੀ ਲੇਖਕ ਹਨ, ਜਿਹੜੇ ਅਖ਼ਬਾਰਾਂ ਵਿੱਚ ਆਪਣੀਆਂ ਰਚਨਾਵਾਂ ਨਾ ਛਪਵਾ ਕੇ ਸੋਸ਼ਲ ਮੀਡੀਆ ਰਾਹੀਂ ਪਾਠਕਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਕਿਤਾਬਾਂ ਤੋਂ ਵੀ ਪਾਠਕ ਵਰਗ ਦਾ ਮੋਹ ਭੰਗ ਹੋ ਰਿਹਾ ਹੈ। ਕਿਤਾਬ ਕੋਈ ਖਰੀਦ ਕੇ ਪੜ੍ਹਨੀ ਚਾਹੁੰਦਾ। ਜਦੋਂ ਇਸਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਬਹੁਤੇ ਲੋਕਾਂ ਦੀ ਰਾਏ ਸੀ ਕਿ ਹੁਣ ਪਹਿਲਾਂ ਵਾਂਗ ਚੰਗਾ ਸਾਹਿਤ ਨਹੀਂ ਮਿਲ ਰਿਹਾ ਜਿਹੜਾ ਦਿਲ ਨੂੰ ਛੂਹੰਦਾ ਹੋਵੇ। ਨਾਵਲ ਬਹੁਤ ਘਟ ਲਿਖੇ ਜਾ ਰਹੇ ਹਨ। ਸ਼ਾਇਰੀ ਤੇ ਕਵਿਤਾਵਾਂ ਦੀਆਂ ਕਿਤਾਬਾਂ ਬਹੁਤ ਛਪ ਰਹੀਆਂ ਹਨ ਪਰ ਉਹਨਾਂ ਵਿੱਚ ਵੀ ਇਸ਼ਕ ਦੀਆਂ ਗੱਲਾਂ ਹੀ ਬਹੁਤੀਆਂ ਹੁੰਦੀਆਂ ਹਨ, ਲੋਕ ਮੁੱਦੇ ਚੁੱਕਦੀ ਸ਼ਾਇਰੀ ਜਾਂ ਕਵਿਤਾ ਪੜ੍ਹਨ ਨੂੰ ਨਹੀਂ ਮਿਲਦੀ। ਮੈਨੂੰ ਯਾਦ ਹੈ, ਅੱਜ ਦੇ ਸਮੇਂ ਦੀ ਇੱਕ ਨਾਮਵਰ ਲੇਖਿਕਾ ਨੂੰ ਇੱਕ ਵਾਰ ਮੈਂ ਕਹਿ ਬੈਠਾ ਕਿ ਤੁਸੀਂ ਮਹਿਲਾ ਹੋ, ਮਹਿਲਾਵਾਂ ਦੇ ਮੁੱਦਿਆਂ ’ਤੇ ਆਪਣੀ ਆਵਾਜ਼ ਚੁੱਕੋ ਤੇ ਕਦੀ ਕਦੀ ਉਹਨਾਂ ਦੇ ਹੱਕ ਅਤੇ ਮੁੱਦਿਆਂ ਤੇ ਵੀ ਕੁਝ ਲਿਖ ਦਿਆ ਕਰੋ। ਉਸ ਕਵਿੱਤਰੀ ਨੇ ਮੈਨੂੰ ਬੁਲਾਉਣਾ ਹੀ ਛੱਡ ਦਿੱਤਾ।
ਇੱਕ ਵਾਰ ਕਿਸੇ ਜਗ੍ਹਾ ਮੁਲਾਕਾਤ ਹੋਈ ਤਾਂ ਚਰਚਾ ਛਿੜ ਪਈ ਕੇ ਅੱਜਕਲ ਕੋਈ ਕਿਤਾਬ ਖਰੀਦ ਕੇ ਨਹੀਂ ਪੜ੍ਹਦਾ ਤਾਂ ਮੇਰੇ ਤੋਂ ਰਿਹਾ ਨਹੀਂ ਗਿਆ ਤੇ ਕਹਿ ਦਿੱਤਾ, “ਕਦੀ ਲੋਕਾਂ ਦੇ ਮੁੱਦੇ ਆਪਣੀ ਲੇਖਣੀ ਵਿੱਚ ਸ਼ਾਮਲ ਕਰੋ, ਲੋਕ ਆਪਣੇ ਆਪ ਪੜ੍ਹਨਾ ਸ਼ੁਰੂ ਕਰ ਦੇਣਗੇ।” ਮੇਰੀ ਬੁੱਧੀਜੀਵੀ ਅਤੇ ਲੇਖਕ ਵਰਗ ਨਾਲ ਹਮੇਸ਼ਾ ਇਸ ਗੱਲ ਨੂੰ ਲੈ ਕੇ ਨਰਾਜ਼ਗੀ ਰਹੀ ਹੈ ਕਿ ਅਗਰ ਤੁਸੀਂ ਸਮਾਜਿਕ ਕੁਰੀਤੀਆਂ ਖ਼ਿਲਾਫ਼ ਜਾਂ ਹਕੂਮਤ ਦੀਆਂ ਵਧੀਕੀਆਂ ਖਿਲਾਫ ਲੋਕਾਂ ਦੀ ਆਵਾਜ਼ ਨਹੀਂ ਬਣੋਗੇ ਤਾਂ ਫਿਰ ਕੌਣ ਬਣੇਗਾ? ਜੇਕਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਖ਼ਬਾਰਾਂ ਜਾਂ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕਰਨਾ ਹੈ ਤਾਂ ਲੇਖਕ ਵਰਗ ਨੂੰ ਉਹਨਾਂ ਦੀ ਆਵਾਜ਼ ਬਣਨਾ ਪਵੇਗਾ। ਸਮਾਜ ਦੇ ਉਲਝ ਰਹੇ ਤਾਣੇਬਾਣੇ ਨੂੰ ਸੁਲਝਾਉਣ ਲਈ ਨਿਡਰ ਜੋ ਕੇ ਲਿਖਣਾ ਪਵੇਗਾ। ਨੌਜਵਾਨਾਂ ਦੇ ਮੁੱਦਿਆਂ ਦੀ ਆਵਾਜ਼ ਬਣਨ ਲਈ ਅਤੇ ਹਕੂਮਤ ਨੂੰ ਆਮ ਲੋਕਾਂ ਲਈ ਕੰਮ ਕਰਨ ਲਈ ਮਜਬੂਰ ਕਰਨ ਲਈ ਬੇਖੌਫ ਹੋ ਕੇ ਲਿਖਣਾ ਪਵੇਗਾ। ਲੇਖਕ ਵਰਗ ਨੂੰ ਆਪਣੀ ਕਲਮ ਦੀ ਤਾਕਤ ਪਹਿਚਾਨਣੀ ਹੀ ਪਵੇਗੀ। ਕਲਮ ਵਿੱਚ ਉਹ ਤਾਕਤ ਹੈ ਜੋ ਸਿੱਧਾ ਦਿਮਾਗ ਉੱਤੇ ਅਸਰ ਕਰਦੀ ਹੈ। ਆਉ ਲੋਕਾਂ ਦੀ ਆਵਾਜ਼ ਬਣਕੇ ਲਿਖਣਾ ਸ਼ੁਰੂ ਕਰੀਏ ਤੇ ਪ੍ਰਿੰਟ ਮੀਡੀਏ ਦੇ ਪੁਰਾਣੇ ਸੁਨਹਿਰੀ ਯੁਗ ਨੂੰ ਨਵੇਂ ਸਿਰਿਉਂ ਸੁਰਜੀਤ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)