“ਅੱਜ ਅਸੀਂ ਜੋ ਵੀ ਫ਼ਸਲਾਂ ਬੀਜ ਰਹੇ ਹਾਂ ਜਾਂ ਜਿਹੜੀਆਂ ਫ਼ਸਲਾਂ ਉਗਾ ਰਹੇ ਹਾਂ, ਉਹ ...”
(4 ਦਸੰਬਰ 2024)
ਅੱਜ ਸਮੇਂ ਦੀ ਮੰਗ ਹੈ ਕਿ ਕੁਦਰਤੀ ਖੇਤੀ ਅਤੇ ਧਰਤੀ ਵਿੱਚ ਭੋਜਨ ਦੇ ਖਾਤਮੇ ਬਾਰੇ ਵਿਸ਼ਾਲ ਚਰਚਾ ਕਰਨ ਦੀ, ਕੁਦਰਤੀ ਖੇਤੀ ਤੇ ਜੈਵਿਕ ਖੇਤੀ ਵਿਚਾਲੇ ਅੰਤਰ ਨੂੰ ਸਮਝਣ ਦੀ। ਧਰਤੀ ਵਿੱਚੋਂ ਜਿੰਨਾ ਅਸੀਂ ਹਾਸਿਲ ਕਰ ਰਹੇ ਹਾਂ ,ਉੰਨਾ ਧਰਤੀ ਨੂੰ ਵਾਪਸ ਕਰਨ ਦੀ ਲੋੜ ਨੂੰ ਸਮਝਣ ਅਤੇ ਲੋਕਾਂ ਤਕ ਇਸ ਗੱਲ ਨੂੰ ਲੈਕੇ ਜਾਣ ਦੀ। ਇੱਕ ਸਮਾਂ ਸੀ ਜਦੋਂ ਮਨੁੱਖ ਮਿਹਨਤ ਕਰਦਾ ਸੀ ਆਪਣੇ ਪੇਟ ਲਈ, ਫਿਰ ਸਮਾਂ ਬਦਲਿਆ ਤਾਂ ਆਪਣੇ ਪਰਿਵਾਰ ਦੇ ਪੇਟ ਲਈ ਮਿਹਨਤ ਹੋਣ ਲੱਗੀ। ਪਰ ਹੁਣ ਸਮੇਂ ਨੇ ਅਜਿਹੀ ਤਬਦੀਲੀ ਲਿਆਂਦੀ ਹੈ ਕਿ ਮਨੁੱਖ ਆਪਣੇ ਲਈ ਮਿਹਨਤ ਦੇ ਨਾਲ ਨਾਲ ਕਮਾਈ ਵੀ ਕਰਨ ਲੱਗ ਪਿਆ। ਕਮਾਈ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਨਹੀਂ, ਕਮਾਏ ਹੋਏ ਪੈਸੇ ਨਾਲ ਵਿਖਾਵਾ ਕਰਨ ਲਈ ਅਤੇ ਪੈਸਾ ਲੁਟਾਉਣ ਲਈ। ਜੀ ਹਾਂ, ਇਹ ਸੱਚ ਹੈ ਕਿ ਅੱਜ ਦੇ ਯੁਗ ਵਿੱਚ ਕਮਾਈ ਸਿਰਫ ਲੁਟਾਉਣ ਲਈ ਹੀ ਕੀਤੀ ਜਾਂਦੀ ਹੈ।
ਆਪਣੀ ਮਿਹਨਤ ਦੀ ਕਮਾਈ ਨਾਲ ਅਸੀਂ ਭੋਜਨ ਨਹੀਂ ਹਾਸਿਲ ਕਰ ਪਾ ਰਹੇ, ਹਾਂ ਪੇਟ ਜ਼ਰੂਰ ਭਰ ਲੈਂਦੇ ਹਾਂ ਪਰ ਉਹ ਵੀ ਕਿਸੇ ਦੀ ਕਮਾਈ ਦਾ ਸਾਧਨ ਬਣਨ ਲਈ ਕਿਉਂਕਿ ਉਸ ਪੈਸੇ ਨਾਲ ਜੋ ਖਾਣਾ ਅਸੀਂ ਖਾਂਦੇ ਹਾਂ, ਉਹ ਸਾਡੇ ਸਰੀਰ ਦੀਆਂ ਭੋਜਨ ਲੋੜਾਂ ਨੂੰ ਪੂਰਾ ਨਹੀਂ ਕਰਦਾ, ਸਾਨੂੰ ਜੋ ਜ਼ਰੂਰੀ ਤੱਤ ਚਾਹੀਦੇ ਹਨ, ਉਹ ਸਾਨੂੰ ਨਹੀਂ ਮਿਲ ਰਹੇ। ਭੋਜਨ ਤੱਤਾਂ ਦੀ ਲੋੜ ਨੂੰ ਪੂਰਾ ਕਰਨ ਲਈ ਸਾਨੂੰ ਭੋਜਨ ਸਪਲੀਮੈਂਟਾਂ ਦਾ ਸਹਾਰਾ ਲੈਣਾ ਪੈਂਦਾ ਹੈ, ਜਿਨ੍ਹਾਂ ਨਾਲ ਕੇਵਲ ਇਹ ਸਪਲੀਮੈਂਟ ਬਣਾਉਣ ਅਤੇ ਵੇਚਣ ਵਾਲਿਆਂ ਦਾ ਹੀ ਫਾਇਦਾ ਹੁੰਦਾ ਹੈ। ਭੋਜਨ ਲੋੜਾਂ ਪੂਰੀਆਂ ਨਾ ਹੋਣ ਕਰਕੇ ਸਾਡੇ ਸਰੀਰ ਵਿੱਚ ਬਹੁਤ ਸਾਰੇ ਤੱਤਾਂ ਦੀ ਕਮੀ ਕਾਰਨ ਅਨੇਕਾਂ ਰੋਗ ਪੈਦਾ ਹੁੰਦੇ ਹਨ, ਜਿਨ੍ਹਾਂ ਦੇ ਇਲਾਜ ਮਹਿੰਗੇ ਹਨ ਤੇ ਫਿਰ ਸਾਡੀ ਕਮਾਈ ਦਾ ਇੱਕ ਬਹੁਤ ਵੱਡਾ ਹਿੱਸਾ ਹਸਪਤਾਲਾਂ ਅਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਬੈਂਕ ਖਾਤੇ ਭਰਨ ਵਿੱਚ ਖਰਚ ਹੋ ਜਾਂਦਾ ਹੈ।
ਅੱਜ ਅਸੀਂ ਜੋ ਵੀ ਫ਼ਸਲ ਦੇ ਰੂਪ ਵਿੱਚ ਬੀਜ ਰਹੇ ਹਾਂ ਜਾਂ ਜਿਹੜੀਆਂ ਫ਼ਸਲਾਂ ਉਗਾ ਰਹੇ ਹਾਂ, ਉਹ ਢਿੱਡ ਭਰਨ ਲਈ ਤਾਂ ਕਾਫੀ ਹਨ ਪਰ ਅਸਲ ਵਿੱਚ ਸਾਨੂੰ ਉਸ ਵਿੱਚੋਂ ਭੋਜਨ ਨਹੀਂ ਹਾਸਿਲ ਹੋ ਰਿਹਾ। ਕਾਰਨ ਸਿਰਫ ਇੱਕ ਹੈ ਕਿ ਜੇ ਭੋਜਨ ਲੜੀ ਦਾ ਮੁੱਢ ਹੀ ਅਸਲ ਵਿੱਚ ਭੋਜਨ ਪ੍ਰਾਪਤ ਨਹੀਂ ਕਰ ਪਾ ਰਿਹਾ ਤਾਂ ਉਸ ਲੜੀ ਦੇ ਅਗਲੇ ਪੜਾ ਵਾਲੇ ਜੀਵਾਂ ਨੂੰ ਭੋਜਨ ਮਿਲਣ ਦੀ ਕੋਈ ਤੁਕ ਨਹੀਂ ਰਹਿ ਜਾਂਦੀ। ਭੋਜਨ ਲੜੀ ਵਿੱਚ ਉਪਭੋਗਤਾ (ਵਰਤੋਂਕਾਰ Consumer) ਹੀ ਨਿਰਮਾਤਾ ਨੂੰ ਭੋਜਨ ਮੁਹਈਆ ਕਰਵਾਉਂਦਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਜੋ ਭੋਜਨ ਉਪਭੋਗਤਾਵਾਂ ਵੱਲੋਂ ਲਿਆ ਜਾਂਦਾ ਹੈ, ਉਹ ਕਿਸੇ ਨਾ ਕਿਸੇ ਰੂਪ ਵਿੱਚ ਪ੍ਰੋਡਿਊਸਰ (ਨਿਰਮਾਤਾ) ਨੂੰ ਵਾਪਸ ਕੀਤਾ ਜਾਂਦਾ ਹੈ। ਭਾਵ ਜੋ ਕੁਦਰਤ ਤੋਂ ਲਿਆ, ਉਹ ਵਾਪਸ ਵੀ ਕੀਤਾ ਜਾਂਦਾ ਹੈ। ਪਰ ਹੁਣ ਹਾਲਾਤ ਇਹ ਹੋ ਗਏ ਹਨ ਕੇ ਉਪਭੋਗਤਾਵਾਂ ਵੱਲੋਂ ਪ੍ਰੋਡਿਊਸਰ (ਨਿਰਮਾਤਾ) ਨੂੰ ਕੁਛ ਵੀ ਵਾਪਸ ਨਹੀਂ ਕੀਤਾ ਜਾ ਰਿਹਾ। ਭਾਵ ਕੁਦਰਤ ਨੂੰ ਉਸਦਾ ਬਣਦਾ ਹਿੱਸਾ ਵਾਪਸ ਨਹੀਂ ਕੀਤਾ ਜਾ ਰਿਹਾ। ਇਹ ਸਭ ਹਰੀ ਕ੍ਰਾਂਤੀ ਤੋਂ ਬਾਅਦ ਹੀ ਹੋਇਆ ਹੈ, ਜਿਸ ਵਿੱਚ ਅਨਾਜ ਦਾ ਉਤਪਾਦਨ ਤਾਂ ਅਸੀਂ ਬਹੁਤ ਵਧਾ ਲਿਆ, ਇੰਨਾ ਕਿ ਲੋੜ ਤੋਂ ਵਾਧੂ ਅਨਾਜ ਪੈਦਾ ਕਰਨ ਲੱਗ ਗਏ ਹਾਂ ਪਰ ਭੋਜਨ ਉਤਪਾਦਨ ਇਸ ਹੱਦ ਤਕ ਘਟ ਗਿਆ ਕਿ ਇਸਦੀ ਪੂਰਤੀ ਲਈ ਸਾਨੂੰ ਵਿਦੇਸ਼ੀ ਕੰਪਨੀਆਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਅਗਰ ਇਹੀ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਭੋਜਨ ਪੂਰੀ ਤਰ੍ਹਾਂ ਧਰਤੀ, ਖਾਸ ਕਰਕੇ ਪੰਜਾਬ ਅਤੇ ਭਾਰਤ ਦੇ ਦੂਸਰੇ ਹਿੱਸਿਆਂ ਵਿੱਚੋਂ ਖਤਮ ਹੋ ਜਾਵੇਗਾ ਅਤੇ ਭੋਜਨ ਨਾ ਮਿਲਣ ਕਰਕੇ ਅਸੀਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਵਾਂਗੇ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਬਿਮਾਰੀ ਸਾਡੀ ਜਨਮ ਦੇਣ ਦੀ ਸ਼ਕਤੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਕਦੀ ਔਲਾਦ ਪੈਦਾ ਨਹੀਂ ਕਰ ਸਕਣਗੀਆਂ। ਔਲਾਦ ਪੈਦਾ ਕਰਨ ਲਈ ਵੀ ਸਾਨੂੰ ਵੱਡੀਆਂ ਕੰਪਨੀਆਂ ਕੋਲ ਪੈਸਾ ਪਾਣੀ ਦੀ ਤਰ੍ਹਾਂ ਵਹਾਉਣਾ ਪਵੇਗਾ ਤੇ ਅਸੀਂ ਔਲਾਦ ਤਾਂ ਪੈਦਾ ਕਰ ਲਵਾਂਗੇ ਪਰ ਉਸ ਵਿੱਚ ਜੀਨ ਸਾਡੇ ਨਹੀਂ ਹੋਣਗੇ। ਗਰੀਬ ਜੋੜਾ ਤਾਂ ਔਲਾਦ ਲਈ ਸਦਾ ਤਰਸਦਾ ਹੀ ਰਹੇਗਾ ਤੇ ਔਲਾਦ ਜੰਮਣਾ ਉਸ ਲਈ ਇੱਕ ਸੁਪਨਾ ਰਹਿ ਜਾਵੇਗਾ। ਇਹ ਕੋਈ ਮਜ਼ਾਕ ਨਹੀਂ, ਹਕੀਕਤ ਹੈ, ਜਿਸਦੀ ਸ਼ੁਰੂਆਤ ਹੋ ਵੀ ਚੁੱਕੀ ਹੈ। ਇਸੇ ਲਈ ਤਾਂ ਧੜਾਧੜ ਆਈਵੀਐੱਫ ਸੈਂਟਰ ਖੁੱਲ੍ਹ ਰਹੇ ਹਨ। ਮੈਡੀਕਲ ਮਾਫੀਆ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਪੱਧਰ ’ਤੇ ਆਪਣੇ ਪੈਰ ਪਸਾਰ ਲਵੇਗਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਭੋਜਨ ਦੀ ਕਿੱਲਤ ਕਰਕੇ ਬਹੁਤ ਭਿਆਨਕ ਬਿਮਾਰੀਆਂ ਨਵੇਂ ਨਵੇਂ ਰੂਪ ਵਿੱਚ ਆਉਣਗੀਆਂ।
ਹਾਲੇ ਵੀ ਸਮਾਂ ਹੈ ਕਿ ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਤੇ ਕੁਦਰਤ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਉਸਦਾ ਬਣਦਾ ਹਿੱਸਾ ਵਾਪਸ ਕਰੀਏ। ਜੋ ਅਸੀਂ ਧਰਤੀ ਤੋਂ ਪ੍ਰਾਪਤ ਕਰ ਰਹੇ ਹਾਂ, ਉਸ ਨੂੰ ਕਿਸੇ ਨਾ ਕਿਸੇ ਕੁਦਰਤੀ ਰੂਪ ਵਿੱਚ ਹੀ ਧਰਤੀ ਨੂੰ ਵਾਪਸ ਕਰਨ ਲੱਗ ਪਈਏ ਤਾਂ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਅਸੀਂ ਭੋਜਨ ਨੂੰ ਸੁਰੱਖਿਅਤ ਕਰ ਸਕਾਂਗੇ। ਭੋਜਨ ਲੜੀ ਨੂੰ ਬਰਕਰਾਰ ਰੱਖ ਕੇ ਹੀ ਭੋਜਨ ਨੂੰ ਬਚਾਇਆ ਜਾ ਸਕਦਾ ਹੈ। ਆਉਣ ਵਾਲਾ ਸਮਾਂ ਵੱਧ ਝਾੜ ਲੈਣ ਵਾਲਾ ਨਹੀਂ, ਵੱਧ ਭੋਜਨ ਤੱਤ ਲੈਣ ਵਾਲਾ ਬਣਾਉਣਾ ਪਵੇਗਾ, ਨਹੀਂ ਤਾਂ ਆਉਣ ਵਾਲੀਆਂ ਨਸਲਾਂ ਦੀ ਬਰਬਾਦੀ ਲਈ ਅਸੀਂ ਆਪ ਜ਼ਿੰਮੇਵਾਰ ਹੋਵਾਂਗੇ।
ਆਓ ਸਭ ਰਲਕੇ ਭੋਜਨ ਬਚਾਉਣ ਲਈ ਉਪਰਾਲਾ ਕਰੀਏ ਤੇ ਕੁਦਰਤੀ ਖੇਤੀ ਵੱਲ ਨੂੰ ਕਦਮ ਵਧਾਈਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5501)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)