“ਸਮਾਂ ਹੈ ਕਿ ਅਸੀਂ ਸਾਰੇ ਰਲ ਕੇ ਇਸ ਉੱਪਰ ਗੰਭੀਰਤਾ ਨਾਲ ਵਿਚਾਰ ਕਰੀਏ ਅਤੇ ਆਪਣੇ ਬੱਚਿਆਂ ...”
(15 ਨਵੰਬਰ 2025)
ਦੇਸ਼ ਵਿੱਚ ਸਿੱਖਿਆ ਢਾਂਚਾ ਕਿਸ ਹੱਦ ਤਕ ਖਰਾਬ ਹੋ ਚੁੱਕਾ ਹੈ, ਇਸ ਬਾਰੇ ਅਨੇਕਾਂ ਵਾਰ ਗਲ ਹੁੰਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਬੁੱਧੀਜੀਵੀ ਵਰਗ ਚੁੱਪ ਹੈ। ਸਿੱਖਿਆ ਦੇ ਨਾਮ ’ਤੇ ਵਪਾਰ ਹੋ ਰਿਹਾ ਹੈ। ਹੈਰਾਨੀ ਹੁੰਦੀ ਹੈ ਕਿ ਜਦੋਂ ਪ੍ਰਾਈਵੇਟ ਸਕੂਲਾਂ ਵਿੱਚ ਨਰਸਰੀ ਜਮਾਤ ਵਿੱਚ ਦਾਖਲਾ ਲੈਣ ਲਈ ਵੀ 2 ਸਾਲ ਦੇ ਬੱਚੇ ਦੀ ਅਗਾਊਂ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ। ਰਜਿਸਟਰੇਸ਼ਨ ਕਰਵਾਉਣਾ ਕੋਈ ਗਲਤ ਵੀ ਨਹੀਂ, ਹੁਣ ਤਾਂ ਸਰਕਾਰੀ ਸਕੂਲਾਂ ਵਿੱਚ ਵੀ ਅਗਾਊਂ ਰਜਿਸਟਰੇਸ਼ਨ ਹੋਣ ਲੱਗ ਪਈ ਹੈ, ਪਰ ਜੋ ਗਲਤ ਹੈ, ਉਹ ਹੈ ਰਜਿਸਟਰੇਸ਼ਨ ਦੇ ਨਾਮ ’ਤੇ ਪ੍ਰਾਈਵੇਟ ਸਕੂਲਾਂ ਵਲੋਂ ਵੱਡੀ ਰਕਮ ਵਸੂਲ ਕਰਨਾ। ਇਹ ਰਕਮ ਦਾਖਲੇ ਤੋਂ ਬਾਅਦ ਕਿਸੇ ਫੀਸ ਵਿੱਚ ਵੀ ਅਡਜਸਟ ਨਹੀਂ ਕੀਤੀ ਜਾਂਦੀ। ਦੂਸਰੀ ਗੱਲ, ਜਿਹੜਾ ਬੱਚਾ ਹਾਲੇ ਦੋ ਢਾਈ ਸਾਲ ਦਾ ਹੈ, ਉਸਦਾ ਦਾਖਲੇ ਦੇ ਨਾਮ ’ਤੇ ਟੈੱਸਟ ਲਿਆ ਜਾਂਦਾ ਹੈ, ਜਿਸਦਾ ਪੱਧਰ ਪਹਿਲੀ ਜਾਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਵਾਲਾ ਹੁੰਦਾ ਹੈ। ਅਕਸਰ ਇਹ ਦਾਖਲਾ ਪ੍ਰੀਖਿਆ ਨੂੰ ਦੋ ਢਾਈ ਸਾਲ ਦਾ ਬੱਚਾ ਪਾਸ ਨਹੀਂ ਕਰ ਸਕਦਾ ਤੇ ਉਹ ਨਮੋਸ਼ੀ ਮਹਿਸੂਸ ਕਰਦਾ ਹੈ ਤੇ ਨਾਲ ਹੀ ਮਾਪੇ ਵੀ। ਪਰ ਅਸਲੀ ਖੇਡ ਇੱਥੋਂ ਸ਼ੁਰੂ ਹੁੰਦੀ ਹੈ। ਮਾਪਿਆਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਬੱਚਾ ਦਾਖਲੇ ਲਈ ਪਾਤਰ ਨਹੀਂ। ਫਿਰ ਹੁੰਦੀ ਹੈ ਸੌਦੇ ਬਾਜ਼ੀ। ਮਾਂ ਬਾਪ ਵੀ ਆਪਣੇ ਬੱਚੇ ਨੂੰ ਇੱਕ ਚੰਗੇ ਰੁਤਬੇ ਵਾਲੇ ਸਕੂਲ ਵਿੱਚ ਦਾਖਲਾ ਕਰਵਾਉਣ ਹਿਤ ਸੌਦੇਬਾਜ਼ੀ ਲਈ ਤਿਆਰ ਹੋ ਜਾਂਦੇ ਹਨ। ਇਸ ਤਰ੍ਹਾਂ ਸਿੱਖਿਆ ਦੇ ਨਾਮ ’ਤੇ ਸ਼ੁਰੂ ਹੁੰਦੀ ਹੈ ਠੱਗੀ। ਅੱਜ ਦੀ ਸਥਿਤੀ ਇਹ ਹੈ ਕਿ ਕਿਸੇ ਵੀ ਪ੍ਰਾਈਵੇਟ ਸਕੂਲ ਦਾ ਰੁਤਬਾ ਉਸਦੀ ਆਲੀਸ਼ਾਨ ਇਮਾਰਤ ਅਤੇ ਫੀਸ ਕਰਕੇ ਹੁੰਦਾ ਹੈ। ਜਿੰਨੀ ਵੱਧ ਫੀਸ, ਉੰਨਾ ਹੀ ਉਸ ਸਕੂਲ ਨੂੰ ਵੱਧ ਰੁਤਬੇ ਵਾਲਾ ਮੰਨਿਆ ਜਾਂਦਾ ਹੈ।
ਜੇਕਰ ਗੱਲ ਸਿੱਖਣ ਸਿਖਾਉਣ ਦੀ ਕਰੀਏ ਤਾਂ ਨਰਸਰੀ ਜਮਾਤ ਤੋਂ ਹੀ ਬੱਚੇ ਉੱਪਰ ਜਿੱਥੇ ਭਾਰੀ ਬਸਤੇ ਦਾ ਬੋਝ ਪਾ ਦਿੱਤਾ ਜਾਂਦਾ ਹੈ, ਜੋ ਕਿ ਬੱਚੇ ਦੇ ਸਰੀਰਕ ਵਿਕਾਸ ਨੂੰ ਰੋਕਦਾ ਹੈ, ਨਾਲ ਹੀ ਬੱਚੇ ਨੂੰ ਘਰ ਲਈ ਹੱਦ ਤੋਂ ਵੱਧ ਕੰਮ ਦੇ ਕੇ ਇੰਨਾ ਵਿਅਸਤ ਕਰ ਦਿੱਤਾ ਜਾਂਦਾ ਹੈ ਕਿ ਸਕੂਲ ਤੋਂ ਬਾਅਦ ਬੱਚਾ ਬਾਕੀ ਸਮਾਂ ਟਿਉਸ਼ਨ ’ਤੇ ਗੁਜ਼ਾਰ ਦਿੰਦਾ ਹੈ, ਬੱਚੇ ਕੋਲ ਮਨ ਪਰਚਾਵੇ ਲਈ ਘਰ ਤੋਂ ਬਾਹਰ ਖੇਡਣ ਦਾ ਸਮਾਂ ਹੀ ਨਹੀਂ ਹੁੰਦਾ। ਥੱਕਿਆ ਹੋਇਆ ਬੱਚਾ ਜਲਦੀ ਸੌਣ ਦੀ ਜ਼ਿਦ ਕਰਦਾ ਹੈ, ਜਿਸ ਕਾਰਨ ਉਹ ਆਪਣੇ ਮਾਤਾ ਪਿਤਾ ਜਾਂ ਘਰ ਵਿੱਚ ਮੌਜੂਦ ਹੋਰ ਮੈਂਬਰਾਂ ਨਾਲ ਖੁੱਲ੍ਹ ਕੇ ਗੱਲ ਵੀ ਨਹੀਂ ਕਰਦਾ। ਇਹ ਗੱਲਾਂ ਉਸਦੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਦਾ ਕਾਰਨ ਬਣਦੀਆਂ ਹਨ। ਬੱਚੇ ਨੂੰ ਅਗਰ ਨੀਂਦ ਨਹੀਂ ਆਉਂਦੀ ਤਾਂ ਉਹ ਆਪਣਾ ਸਮਾਂ ਮੋਬਾਇਲ ’ਤੇ ਗੁਜ਼ਾਰਨ ਲਗਦਾ ਹੈ। ਕਈ ਵਾਰ ਕੁਝ ਅਜਿਹੀਆਂ ਖੇਡਾਂ ਖੇਡਣ ਲਗਦਾ ਹੈ ਜੋ ਕੇ ਉਸ ਨੂੰ ਸਾਈਬਰ ਫਰਾਡ ਵੱਲ ਜਾਂ ਕਈ ਵਾਰ ਖਤਰਨਾਕ ਕਦਮ ਚੁੱਕਣ ਵੱਲ ਲੈ ਜਾਂਦੀਆਂ ਹਨ। ਪ੍ਰਾਈਵੇਟ ਸਕੂਲ ਬੱਚੇ ਦੀ ਬੋਲਚਾਲ ਦੀ ਭਾਸ਼ਾ ਉੱਪਰ ਵੀ ਕਬਜ਼ਾ ਕਰ ਲੈਂਦੇ ਹਨ। ਬੱਚੇ ਨੂੰ ਹਰ ਵਕਤ ਅੰਗਰੇਜ਼ੀ ਬੋਲਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਨਾਲ ਬੱਚਾ ਆਪਣੀ ਮਾਤ ਭਾਸ਼ਾ ਤੋਂ ਦੂਰ ਹੋਣ ਲਗਦਾ ਹੈ। ਜਿਨ੍ਹਾਂ ਘਰਾਂ ਵਿੱਚ ਮਾਂ ਬਾਪ ਘੱਟ ਪੜ੍ਹੇ ਹੁੰਦੇ ਹਨ ਜਾਂ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਨਹੀਂ ਕਰ ਪਾਉਂਦੇ, ਉਹ ਬੱਚੇ ਦੇ ਅੰਗਰੇਜ਼ੀ ਬੋਲਣ ’ਤੇ ਬਹੁਤ ਖੁਸ਼ ਹੁੰਦੇ ਹਨ ਪਰ ਜਦੋਂ ਉਹਨਾਂ ਨੂੰ ਮਾਪੇ ਅਧਿਆਪਕ ਮਿਲਣੀ ਲਈ ਸਕੂਲ ਬੁਲਾਇਆ ਜਾਂਦਾ ਹੈ ਤਾਂ ਉਹ ਆਪ ਤਾਂ ਨਮੋਸ਼ੀ ਮਹਿਸੂਸ ਕਰਦੇ ਹੀ ਹਨ, ਨਾਲ ਹੀ ਬੱਚਾ ਵੀ ਇਸ ਗੱਲ ਲਈ ਨਮੋਸ਼ੀ ਮਹਿਸੂਸ ਕਰਦਾ ਹੈ ਕਿ ਉਸਦੇ ਮਾਤਾ ਪਿਤਾ ਉਸਦੇ ਅਧਿਆਪਕ ਜਾਂ ਦੂਸਰੇ ਵਿਦਿਆਰਥੀਆਂ ਦੇ ਮਾਤਾ ਪਿਤਾ ਨਾਲ ਅੰਗਰੇਜ਼ੀ ਵਿੱਚ ਗੱਲ ਨਹੀਂ ਕਰਦੇ। ਇਸ ਕਰਕੇ ਬੱਚੇ ਵਿੱਚ ਹੀਣ ਭਾਵਨਾ ਪੈਦਾ ਹੋਣ ਲਗਦੀ ਹੈ। ਬੱਚਾ ਆਪਣੇ ਮਾਤਾ ਪਿਤਾ ਨੂੰ ਮੀਟਿੰਗ ਵਿੱਚ ਲੈ ਕੇ ਆਉਣ ਤੋਂ ਗ਼ੁਰੇਜ਼ ਕਰਨ ਲਗਦਾ ਹੈ।
ਪ੍ਰਾਈਵੇਟ ਸਕੂਲਾਂ ਵਿੱਚ ਸਲਾਨਾ ਸਮਾਗਮ ਕਰਵਾਏ ਜਾਂਦੇ ਹਨ, ਜੋ ਕਿ ਬਹੁਤ ਵਧੀਆ ਗੱਲ ਹੈ। ਇਸ ਨਾਲ ਬੱਚੇ ਦੀ ਪ੍ਰਤਿਭਾ ਵਿੱਚ ਨਿਖਾਰ ਆਉਂਦਾ ਹੈ ਪਰ ਇੱਥੇ ਵੀ ਕਮਾਈ ਦਾ ਕੋਈ ਵੀ ਸਾਧਨ ਪਿੱਛੇ ਨਹੀਂ ਛੱਡਿਆ ਜਾਂਦਾ। ਬੱਚੇ ਦੀ ਡਰੈੱਸ ਕਿਰਾਏ ’ਤੇ ਲੈਣ ਦੇ ਨਾਮ ’ਤੇ ਅਤੇ ਫੰਕਸ਼ਨ ਦੇ ਨਾਮ ’ਤੇ ਫਿਰ ਤੋਂ ਮੋਟੀ ਰਕਮ ਵਸੂਲ ਕੀਤੀ ਜਾਂਦੀ ਹੈ। ਹੁਣ ਤਾਂ ਇੱਕ ਨਵੀਂ ਖੇਡ ਸ਼ੁਰੂ ਕਰ ਦਿੱਤੀ ਗਈ ਹੈ ਕੁਝ ਸਕੂਲਾਂ ਵਲੋਂ, ਖਾਣੇ ਜਾਂ ਰਿਫਰੈਸ਼ਮੈਂਟ ਦੇ ਨਾਮ ’ਤੇ ਕੁਝ ਨਾਮੀ ਕੇਟਰਿੰਗ ਵਾਲਿਆਂ ਨਾਲ ਠੇਕਾ ਕਰ ਲਿਆ ਜਾਂਦਾ ਹੈ। ਬੱਚਿਆਂ ਨੂੰ ਅਤੇ ਬੱਚਿਆਂ ਦੇ ਮਾਪਿਆਂ ਨੂੰ ਉਹ ਖਾਣਾ ਮੁੱਲ ਲੈ ਕੇ ਖਾਣਾ ਪੈਂਦਾ ਹੈ ਜੋ ਕੇ ਆਮ ਤੌਰ ’ਤੇ ਮਹਿੰਗਾ ਵੀ ਹੁੰਦਾ ਹੈ। ਆਪਣਾ ਝੂਠਾ ਰੁਤਬਾ ਦਿਖਾਉਣ ਲਈ ਮਾਪੇ ਉੱਥੇ ਖਾਣਾ ਖਾਣ ਲਈ ਮਜਬੂਰ ਵੀ ਹੁੰਦੇ ਹਨ। ਕਈ ਸਕੂਲਾਂ ਨੇ ਸਮਾਗਮ ਵਾਲੇ ਦਿਨ ਕਾਰ ਪਾਰਕਿੰਗ ਵੀ ਪੇਡ ਕੀਤੀ ਹੁੰਦੀ ਹੈ। ਇਸ ਤਰ੍ਹਾਂ ਸਿੱਖਿਆ ਦੇ ਮੰਦਰ ਵਿੱਚ ਪੈਸਾ ਕਮਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਿਆ ਜਾਂਦਾ।
ਸਕੂਲਾਂ ਵਿੱਚੋਂ ਹੀ ਵਰਦੀ ਦੀ ਖਰੀਦ, ਕਿਤਾਬਾਂ, ਸਕੂਲ ਬੈਗ ਅੱਜ ਵੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ, ਬੱਸ ਤਰੀਕਾ ਥੋੜ੍ਹਾ ਬਦਲ ਗਿਆ ਹੈ। ਮਾਪਿਆਂ ਨੂੰ ਇਨ੍ਹਾਂ ਦੀ ਖਰੀਦ ਲਈ 4 ਤੋਂ 5 ਦੁਕਾਨਦਾਰਾਂ ਦੀ ਲਿਸਟ ਦਿੱਤੀ ਜਾਂਦੀ ਹੈ ਪਰ ਹਕੀਕਤ ਵਿੱਚ ਇਹ ਸਾਰਾ ਕੁਝ ਸਿਰਫ ਇੱਕ ਹੀ ਦੁਕਾਨ ਤੋਂ ਮਿਲਦਾ ਹੈ ਅਤੇ ਉਸ ਵਲੋਂ ਬਿੱਲ ਵੀ ਨਹੀਂ ਦਿੱਤਾ ਜਾਂਦਾ ਤਾਂ ਜੋ ਸਕੂਲ ਜਾਂ ਉਸ ਦੁਕਾਨ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ। ਛੇਵੀਂ ਜਮਾਤ ਤੋਂ ਬਾਅਦ ਬੇਸ਼ਕ ਸਕੂਲਾਂ ਵਿੱਚ ਐੱਨ ਸੀ ਆਰ ਟੀ ਵਲੋਂ ਸਿਲੇਬਸ ਨਿਰਧਾਰਤ ਹੈ ਅਤੇ ਹਰ ਭਾਸ਼ਾ ਵਿੱਚ ਕਿਤਾਬਾਂ ਉਪਲਬਧ ਹਨ ਪਰ ਪ੍ਰਾਈਵੇਟ ਸਕੂਲਾਂ ਵੱਲੋਂ ਆਪਣੀ ਮਨਮਰਜ਼ੀ ਦੀਆਂ ਕਿਤਾਬਾਂ ਅਤੇ ਸਿਲੇਬਸ ਨਿਰਧਾਰਤ ਕੀਤਾ ਜਾਂਦਾ ਹੈ ਅਤੇ ਇਹ ਵੀ ਹਰ ਸਾਲ ਬਦਲ ਦਿੱਤਾ ਜਾਂਦਾ ਹੈ ਤਾਂ ਜੋ ਅਗਲੇ ਸਾਲ ਵਿਦਿਆਰਥੀ ਪੁਰਾਣੀਆਂ ਕਿਤਾਬਾਂ ਇਸਤੇਮਾਲ ਨਾ ਕਰ ਸਕਣ। ਇਸ ਸਾਰੇ ਮਸਲੇ ’ਤੇ ਜਿੱਥੇ ਸਰਕਾਰਾਂ ਅੱਖਾਂ ਬੰਦ ਕਰੀ ਬੈਠੀਆਂ ਹਨ, ਉੱਥੇ ਹੀ ਮਾਪੇ ਵੀ ਖਾਮੋਸ਼ ਹਨ। ਕੋਈ ਵਿਰੋਧ ਨਹੀਂ ਕਰਦਾ। ਸਿੱਖਿਆ ਨੂੰ ਵਪਾਰ ਬਣਾਉਣ ਵਿੱਚ ਕਿਤੇ ਨਾ ਕਿਤੇ ਸਾਡਾ ਸਭ ਦਾ ਹੱਥ ਹੈ, ਜੋ ਇਸ ਸਾਰੇ ਵਿਸ਼ੇ ਉੱਪਰ ਚੁੱਪ ਹਾਂ। ਸਮਾਂ ਹੈ ਕਿ ਅਸੀਂ ਸਾਰੇ ਰਲ ਕੇ ਇਸ ਉੱਪਰ ਗੰਭੀਰਤਾ ਨਾਲ ਵਿਚਾਰ ਕਰੀਏ ਅਤੇ ਆਪਣੇ ਬੱਚਿਆਂ ਨੂੰ ਸਿੱਖਿਆ ਮਾਫੀਏ ਦੇ ਸ਼ੋਸ਼ਣ ਤੋਂ ਬਚਾਈਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (