“ਇਹ ਗੱਲ ਕਹਿ ਕੇ ਕਿ ਲੜਕੀਆਂ ਪਰਾਇਆ ਧਨ ਹੁੰਦੀਆਂ ਹਨ, ਅਸੀਂ ਆਪਣੀਆਂ ਧੀਆਂ ਨੂੰ ...”
(8 ਮਾਰਚ 2025)
ਔਰਤ ਚਾਹੇ 21ਵੀਂ ਸਦੀ ਦੀ ਹੋਵੇ ਜਾਂ ਆਦਿ ਕਾਲ ਦੀ, ਉਹ ਕਦੀ ਵੀ ਕਮਜ਼ੋਰ ਨਹੀਂ ਸੀ ਅਤੇ ਨਾ ਹੁਣ ਹੈ। ਔਰਤ ਨੂੰ ਕਮਜ਼ੋਰ ਵਿਖਾਇਆ ਗਿਆ ਹੈ, ਜਿਸਦਾ ਮੁੱਖ ਕਾਰਨ ਮਰਦ ਪ੍ਰਧਾਨ ਸਮਾਜ ਵੱਲੋਂ ਔਰਤ ਨੂੰ ਆਪਣੇ ਤੋਂ ਉੱਚਾ ਉੱਠਦਾ ਨਾ ਦੇਖ ਸਕਣਾ ਹੈ। ਰਾਮਾਇਣ ਕਾਲ ਤੋਂ ਲੈ ਕੇ ਅਨੇਕਾਂ ਅਜਿਹੀਆਂ ਉਦਾਹਰਨਾਂ ਹਨ, ਜਦੋਂ ਔਰਤ ਨੇ ਆਪਣੀ ਦਿਮਾਗੀ ਤੇ ਸਰੀਰਕ ਤਾਕਤ ਦਾ ਲੋਹਾ ਮਨਵਾਇਆ ਹੈ। ਜੇਕਰ ਗੱਲ ਕਰੀਏ ਰਾਮਾਇਣ ਦੀ ਤਾਂ ਰਾਵਣ ਵੱਲੋਂ ਸੀਤਾ ਨੂੰ ਅਗਵਾ ਕਰਨਾ ਬੇਸ਼ਕ ਸੀਤਾ ਦਾ ਕਮਜ਼ੋਰ ਹੋਣਾ ਵਿਖਾਇਆ ਗਿਆ ਹੈ ਪਰ ਰਾਵਣ ਦੇ ਮਹਿਲਾਂ ਵਿੱਚ ਪਹੁੰਚ ਕੇ ਸੀਤਾ ਵੱਲੋਂ ਆਪਣੀ ਆਬਰੂ ਦੀ ਰੱਖਿਆ ਕਰਨਾ ਉਸਦੇ ਤਾਕਤਵਰ ਹੋਣ ਦਾ ਸਬੂਤ ਦਿੰਦਾ ਹੈ। ਇਤਿਹਾਸ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਔਰਤਾਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੇ ਨਾ ਸਿਰਫ ਦਿਮਾਗ, ਸਗੋਂ ਸਰੀਰਕ ਤਾਕਤ ਦਾ ਵੀ ਮੁਜ਼ਾਹਰਾ ਕੀਤਾ ਹੈ। ਮਾਈ ਭਾਗੋ, ਜਿਸਨੇ 40 ਸਿੰਘਾਂ ਦੀ ਫੌਜ ਨਾਲ ਮੁਗਲਾਂ ਦਾ ਟਾਕਰਾ ਕੀਤਾ ਜਾਂ ਫਿਰ ਰਾਣੀ ਲਕਸ਼ਮੀ ਬਾਈ, ਜਿਸਨੇ ਅੰਗਰੇਜ਼ਾਂ ਅੱਗੇ ਸਿਰ ਨਹੀਂ ਝੁਕਾਇਆ ਤੇ ਡਟ ਕੇ ਮੁਕਾਬਲਾ ਕੀਤਾ। ਮਹਾਰਾਣੀ ਜਿੰਦਾਂ, ਜਿਸਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਸਾਮਰਾਜ ਨੂੰ ਬਚਾਉਣ ਲਈ ਅੰਗਰੇਜ਼ਾਂ ਨਾਲ ਦੋ ਦੋ ਹੱਥ ਕੀਤੇ। ਬੀਬੀ ਗੁਲਾਬ ਕੌਰ ਗ਼ਦਰੀ ਬਾਬਿਆਂ ਦਾ ਨਿਡਰ ਹੋ ਕੇ ਅਜ਼ਾਦੀ ਸੰਗਰਾਮ ਵਿੱਚ ਸਾਥ ਦਿੰਦੀ ਰਹੀ।
ਜੇਕਰ ਗੱਲ ਸਿਦਕ ਅਤੇ ਸਬਰ ਦੀ ਕਰੀਏ ਤਾਂ ਮਾਤਾ ਗੁਜਰੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਅੰਮ੍ਰਿਤਾ ਪ੍ਰੀਤਮ, ਇੰਦਰਜੀਤ ਕੌਰ ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਚਾਂਸਲਰ ਵਰਗੀਆਂ ਔਰਤਾਂ ਨੇ ਨਾ ਕੇਵਲ ਸਾਹਿਤ ਵਿੱਚ ਸਗੋਂ ਔਰਤਾਂ ਦਾ ਸਮਾਜ ਵਿੱਚ ਰੁਤਬਾ ਉੱਚਾ ਚੁੱਕਣ ਵਿੱਚ ਕੋਈ ਕਸਰ ਨਹੀਂ ਛੱਡੀ।
ਰਾਜਨੀਤੀ ਦੇ ਖੇਤਰ ਵਿੱਚ ਇੰਦਰਾ ਗਾਂਧੀ ਨੇ ਭਾਰਤ ਦੀ ਪ੍ਰਧਾਨ ਮੰਤਰੀ ਤੋਂ ਲੈ ਕੇ ਮਾਰਗਰੇਟ ਥੈਚਰ, ਇੰਗਲੈਂਡ ਦੀ ਪ੍ਰਧਾਨ ਮੰਤਰੀ ਤੇ ਐਂਜਲਾ ਡੋਰਥੋ ਮਰਕੇਲ ਜਰਮਨੀ ਦੀ ਚਾਂਸਲਰ ਨੇ ਆਪਣਾ ਲੋਹਾ ਮਨਵਾਇਆ। ਪ੍ਰਤਿਭਾ ਪਾਟਿਲ, ਦ੍ਰੋਪਦੀ ਮੁਰਮੁਰ ਦੇਸ਼ ਦੇ ਸਰਵਉੱਚ ਸਿੰਘਾਸਨ ’ਤੇ ਸੁਸ਼ੋਭਤ ਹੋਈਆਂ।
ਜੇਕਰ ਗੱਲ ਕਰੀਏ ਖੇਡਾਂ ਦੇ ਖੇਤਰ ਦੀ ਤਾਂ ਸਟੈੱਫੀ ਗ੍ਰਾਫ, ਮਾਰਟੀਨਾ ਨਵਰਤਿਲੋਵਾ, ਭਾਰਤ ਦੀ ਪੀ ਟੀ ਊਸ਼ਾ, ਸਾਨੀਆ ਮਿਰਜ਼ਾ, ਸਾਇਨਾ ਨੇਹਵਾਲ, ਕੁਸ਼ਤੀ ਵਰਗੀ ਖੇਡ ਵਿੱਚ ਫੋਗਟ ਭੈਣਾਂ ਨੇ ਆਪਣਾ ਨਾਮ ਕਮਾ ਕੇ ਦੱਸਿਆ ਕੇ ਔਰਤ ਸਰੀਰਕ ਪੱਖੋਂ ਵੀ ਕਮਜ਼ੋਰ ਨਹੀਂ। ਬਚੇਂਦਰੀ ਪਾਲ ਨੇ ਮਾਊਂਟ ਐਵਰੈਸਟ ਦੀ ਉੱਚੀ ਚੋਟੀ ਨੂੰ ਸਰ ਕਰਕੇ ਦੱਸ ਦਿੱਤਾ ਕੇ ਔਰਤ ਮਰਦਾਂ ਵਾਂਗ ਉਚਾਈਆਂ ਛੂਹਣ ਦੀ ਤਾਕਤ ਰੱਖਦੀ ਹੈ। ਵਿਗਿਆਨ ਦੇ ਖੇਤਰ ਵਿੱਚ ਕਲਪਨਾ ਚਾਵਲਾ, ਸੁਨੀਤਾ ਵਿਲੀਮਜ਼ ਨੇ ਦੱਸ ਦਿੱਤਾ ਕੇ ਉਹ ਬਹੁਤ ਉੱਚੀਆਂ ਉਡਾਣਾਂ ਭਰ ਸਕਦੀਆਂ ਹਨ ਅਤੇ ਮਰਦਾਂ ਤੋਂ ਬਹੁਤ ਅੱਗੇ ਹਨ।
ਅੱਜ ਭਾਰਤ ਵਿੱਚ ਬਹੁਤ ਸਾਰੀਆਂ ਔਰਤਾਂ ਆਈ ਏ ਐੱਸ, ਆਈਪੀਐੱਸ ਬਣਕੇ ਉੱਚ ਅਹੁਦਿਆਂ ’ਤੇ ਤਾਇਨਾਤ ਹਨ ਤੇ ਦੂਸਰੀ ਤਰਫ ਆਰਮੀ ਤੇ ਬੀ. ਐੱਸ. ਐੱਫ ਵਿੱਚ ਭਰਤੀ ਹੋ ਕੇ ਦੇਸ਼ ਦੇ ਬਾਰਡਰਾਂ ਦੀ ਰੱਖਿਆ ਵੀ ਕਰ ਰਹੀਆਂ ਹਨ। ਤਾਂ ਫਿਰ ਉਹ ਕੌਣ ਹਨ ਜੋ ਔਰਤ ਨੂੰ ਕਮਜ਼ੋਰ ਸਮਝਦੇ ਹਨ? ਔਰਤ ਨੂੰ ਕਮਜ਼ੋਰ ਸਮਝਣ ਦੀ ਕਹਾਣੀ ਘਰ ਤੋਂ ਹੀ ਸ਼ੁਰੂ ਹੁੰਦੀ ਹੈ, ਬੱਚੀ ਦੇ ਜਨਮ ਲੈਣ ਤੋਂ ਹੀ ਉਸਦੇ ਲਈ ਵਿਚਾਰੀ ਤੇ ਅਬਲਾ ਸ਼ਬਦ ਇਸਤੇਮਾਲ ਹੋਣ ਲੱਗ ਜਾਂਦੇ ਹਨ। ਲੜਕੀ ਪੈਦਾ ਹੋਣ ’ਤੇ ਅੱਜ ਵੀ ਬਹੁਤਾਤ ਘਰਾਂ ਵਿੱਚ ਖੁਸ਼ੀ ਨਹੀਂ ਮਨਾਈ ਜਾਂਦੀ, ਜਿਸ ਕਾਰਨ ਪੈਦਾ ਹੋਣ ਵਾਲੀ ਲੜਕੀ ਤਾਉਮਰ ਆਪਣੇ ਆਪ ਨੂੰ ਕਮਜ਼ੋਰ ਹੀ ਸਮਝਦੀ ਰਹਿੰਦੀ ਹੈ। ਲੜਕੀ ਦੇ ਪਾਲਣ ਪੋਸਣ ਵੇਲੇ ਵੀ ਜੋ ਖੁਰਾਕ ਉਸ ਨੂੰ ਦਿੱਤੀ ਜਾਂਦੀ ਹੈ, ਉਹ ਲੜਕਿਆਂ ਦੇ ਮੁਕਾਬਲੇ ਘੱਟ ਮਾਤਰਾ ਅਤੇ ਘੱਟ ਤਾਕਤ ਵਾਲੀ ਦਿੱਤੀ ਜਾਂਦੀ ਹੈ। ਇਹੀ ਹਾਲ ਖਿਡਾਉਣੇ ਦੇਣ ਵੇਲੇ ਵੀ ਹੁੰਦਾ ਹੈ। ਲੜਕੀਆਂ ਨੂੰ ਗੁੱਡੀਆਂ ਪਟੋਲੇ ਖੇਡਣ ਦੇ ਲਾਇਕ ਹੀ ਸਮਝਿਆ ਜਾਂਦਾ ਹੈ ਅਤੇ ਬਾਹਰ ਖੇਡਣ ਵੀ ਨਹੀਂ ਜਾਣ ਦਿੱਤਾ ਜਾਂਦਾ. ਚਾਹੇ ਇਹ ਪਤਾ ਵੀ ਹੋਵੇ ਕਿ ਲੜਕੀਆਂ ਖੇਡਾਂ ਵਿੱਚ ਲੜਕਿਆਂ ਨਾਲੋਂ ਕਿਸੇ ਵੀ ਤਰ੍ਹਾਂ ਘਟ ਨਹੀਂ ਹਨ।
ਲੜਕੀ ਦੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦਿਆਂ ਹੀ ਉਸ ਉੱਪਰ ਬਹੁਤ ਸਾਰੀਆਂ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਵੀ ਬਹੁਤ ਸਾਰੇ ਘਰਾਂ ਵਿੱਚ ਲੜਕੀਆਂ ਨੂੰ ਸਿਰਫ ਕੁੜੀਆਂ ਵਾਲੇ ਸਕੂਲ ਹੀ ਭੇਜਣ ਦੀ ਗੱਲ ਹੁੰਦੀ ਹੈ ਤੇ ਕਾਲਜ ਲੱਭਣ ਲੱਗੇ ਵੀ ਕੋਸ਼ਿਸ਼ ਹੁੰਦੀ ਹੈ ਕਿ ਸਿਰਫ ਕੁੜੀਆਂ ਵਾਲਾ ਕਾਲਜ ਹੀ ਹੋਵੇ। ਇੱਕ ਸਮਾਂ ਸੀ ਜਦੋਂ ਲੜਕੀਆਂ ਨੂੰ ਇੰਜਨੀਅਰਿੰਗ ਕਾਲਜ ਵਿੱਚ ਬਹੁਤ ਘਟ ਭੇਜਿਆ ਜਾਂਦਾ ਸੀ ਕਿਉਂਕਿ ਮਰਦ ਪ੍ਰਧਾਨ ਸਮਾਜ ਨੂੰ ਲਗਦਾ ਸੀ ਕਿ ਇਹ ਕਿੱਤਾ ਲੜਕੀਆਂ ਲਈ ਨਹੀਂ ਬਣਿਆ। ਇਹ ਸਭ ਲੜਕੀ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਬਣਾਉਣਾ ਹੀ ਸੀ। ਘਰ ਪਰਿਵਾਰ ਵੱਲੋਂ ਲੜਕੀਆਂ ਨੂੰ ਬਾਰ ਬਾਰ ਕਹਿਣਾ ਕੇ ਘਰ ਦੇ ਕੰਮ ਸਿੱਖ ਲਈਂ, ਅਗਲੇ ਘਰ ਇਹੀ ਕੰਮ ਆਉਣੇ ਹਨ, ਨਹੀਂ ਤਾਂ ਸੱਸ ਤਾਹਨੇ ਦੇਵੇਗੀ। ਅਸਲ ਵਿੱਚ ਕੁੜੀਆਂ ਨੂੰ ਕਮਜ਼ੋਰ ਬਣਾਉਣ ਵੱਲ ਇਹ ਪਹਿਲਾ ਕਦਮ ਹੁੰਦਾ ਹੈ। ਕਿਸੇ ਰਿਸ਼ਤੇਦਾਰ ਦੇ ਆਉਣ ’ਤੇ ਲੜਕੀਆਂ ਨੂੰ ਉੱਚਾ ਬੋਲਣ ਜਾਂ ਹੱਸਣ ਤੋਂ ਰੋਕਣਾ, ਲੜਕਿਆਂ ਦੇ ਮੁਕਾਬਲੇ ਲੜਕੀ ਨੂੰ ਦਬਾ ਕੇ ਰੱਖਣ ਵਾਲੀ ਗੱਲ ਹੈ।
ਛੇੜਛਾੜ ਦੀਆਂ ਘਟਨਾਵਾਂ ’ਤੇ ਲੜਕੀਆਂ ਦਾ ਚੁੱਪ ਰਹਿਣਾ ਵੀ ਕਿਸੇ ਹੱਦ ਤਕ ਘਰ ਪਰਿਵਾਰ ਤੋਂ ਹੀ ਸ਼ੁਰੂ ਹੁੰਦਾ ਹੈ, ਜਿੱਥੇ ਅਕਸਰ ਲੜਕੀਆਂ ਨੂੰ ਅਜਿਹੀਆਂ ਘਟਨਾਵਾਂ ’ਤੇ ਚੁੱਪ ਰਹਿਣ ਨੂੰ ਕਿਹਾ ਜਾਂਦਾ ਹੈ ਕਿ ਗੱਲ ਬਾਹਰ ਨਿਕਲੀ ਤਾਂ ਬਦਨਾਮੀ ਹੋਵੇਗੀ। ਬੱਸ ਇੱਥੋਂ ਹੀ ਸ਼ੁਰੂ ਹੁੰਦੀ ਹੈ ਔਰਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼। ਫੂਲਨ ਦੇਵੀ ਦੀ ਉਦਾਹਰਨ ਸਭ ਦੇ ਸਾਹਮਣੇ ਹੈ, ਜਿੱਥੇ ਉਸਦੇ ਪਰਿਵਾਰ ਵਾਲੇ ਹੀ ਉਸਦਾ ਸਾਥ ਨਹੀਂ ਦੇ ਰਹੇ ਸਨ। ਫੂਲਨ ਦੇਵੀ ਨੇ ਪਰਿਵਾਰ ਅਤੇ ਸਮਾਜ ਦੀ ਪਰਵਾਹ ਕੀਤੇ ਬਗੈਰ ਆਪਣੇ ਨਾਲ ਹੋਈ ਬਲਾਤਕਾਰ ਵਰਗੀ ਘਟਨਾ ਦਾ ਬਦਲਾ ਲੈ ਕੇ ਦੱਸ ਦਿੱਤਾ ਕੇ ਔਰਤ ਕਮਜ਼ੋਰ ਨਹੀਂ, ਤਾਕਤਵਰ ਹੈ। ਜੇਕਰ ਆਪਣੀ ਆਈ ’ਤੇ ਆ ਜਾਵੇ ਤਾਂ ਸਰਕਾਰ ਤਕ ਨੂੰ ਵਖਤ ਪਾ ਦਿੰਦੀ ਹੈ।
ਔਰਤ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਬਦਕਿਸਮਤੀ ਨਾਲ ਕਿਸੇ ਔਰਤ ਦਾ ਪਤੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਵੇ ਤਾਂ ਔਰਤ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰਨ ਦੀ ਜ਼ਿੰਮੇਦਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਯੋਗ ਹੋ ਜਾਂਦੀ ਹੈ ਜਦਕਿ ਮਰਦ ਆਪਣੇ ਆਪ ਨੂੰ ਔਰਤ ਬਗੈਰ ਕਮਜ਼ੋਰ ਸਮਝਣ ਲੱਗ ਜਾਂਦੇ ਹਨ ਤੇ ਆਪਣੇ ਬੱਚਿਆਂ ਦੇ ਪਾਲਣ ਪੋਸਣ ਲਈ ਜਲਦੀ ਹੀ ਦੂਸਰਾ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦੇ ਹਨ। ਔਰਤ ਨੂੰ ਤਾਕਤਵਰ ਹੋਣ ਦਾ ਅਹਿਸਾਸ ਘਰ ਤੋਂ ਹੀ ਕਰਵਾਉਣਾ ਜ਼ਰੂਰੀ ਹੈ ਤਾਂ ਕੇ ਉਹ ਸਮਾਜ ਵਿੱਚ ਖੁੱਲ੍ਹ ਕੇ ਜੀ ਸਕੇ ਅਤੇ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਸਕੇ।
ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਹੋਣ ਦਾ ਅਹਿਸਾਸ ਕਰਵਾਉਣਾ ਜ਼ਰੂਰੀ ਹੈ ਅਤੇ ਇਹ ਗੱਲ ਕਹਿ ਕੇ ਕਿ ਲੜਕੀਆਂ ਪਰਾਇਆ ਧਨ ਹੁੰਦੀਆਂ ਹਨ, ਅਸੀਂ ਆਪਣੀਆਂ ਧੀਆਂ ਨੂੰ ਅਹਿਸਾਸ ਕਰਵਾ ਰਹੇ ਹੁੰਦੇ ਹਾਂ ਕਿ ਉਹ ਘਰ ਦੀਆਂ ਸਭ ਤੋਂ ਕਮਜ਼ੋਰ ਮੈਂਬਰ ਹਨ। ਲੋੜ ਹੈ ਆਪਣੀ ਸੋਚ ਬਦਲਣ ਦੀ।
ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਗੱਲ ਸ਼ਕਤੀ ਦੇ ਰੂਪ ਦੀ ਹੁੰਦੀ ਹੈ ਤਾਂ ਦੁਰਗਾ ਨੂੰ ਹੀ ਯਾਦ ਕੀਤਾ, ਅਤੇ ਪੂਜਿਆ ਜਾਂਦਾ ਹੈ। ਧਰਮ ਗ੍ਰੰਥਾਂ ਵਿੱਚ ਵੀ ਜ਼ਿਕਰ ਹੈ ਕਿ ਦੇਵਤੇ ਵੀ ਸ਼ਕਤੀ ਦੇ ਰੂਪ ਵਿੱਚ ਦੁਰਗਾ ਨੂੰ ਹੀ ਮੰਨਦੇ ਹਨ। ਜਿਸ ਔਰਤ ਦੇ ਰੂਪ ਨੂੰ ਦੇਵਤੇ ਵੀ ਸ਼ਕਤੀ ਦਾ ਪ੍ਰਤੀਕ ਮੰਨਦੇ ਹੋਣ, ਉਸ ਨੂੰ ਸਾਡਾ ਸਮਾਜ ਕਿਵੇਂ ਕਮਜ਼ੋਰ ਸਮਝ ਸਕਦਾ ਹੈ ਤੇ ਔਰਤ ਵੀ ਆਪਣੇ ਆਪ ਨੂੰ ਕਮਜ਼ੋਰ ਸਮਝਣ ਦੀ ਭੁੱਲ ਕਿੱਦਾਂ ਕਰ ਸਕਦੀ ਹੈ? ਹਾਂ, ਇੱਕ ਗੱਲ ਇੱਥੇ ਜ਼ਰੂਰ ਕਰਨੀ ਬਣਦੀ ਹੈ ਕਿ ਕੁਝ ਔਰਤਾਂ ਕਾਰਨ ਸਮਾਜ ਵਿੱਚ ਪੂਰੇ ਵਰਗ ਨੂੰ ਨਮੋਸ਼ੀ ਜ਼ਰੂਰ ਝੱਲਣੀ ਪੈਂਦੀ ਹੈ ਪਰ ਇਸ ਕਾਰਨ ਪੂਰੇ ਔਰਤ ਵਰਗ ਉੱਪਰ ਉਂਗਲ ਨਹੀਂ ਉਠਾਈ ਜਾ ਸਕਦੀ। ਉਹ ਕੁਝ ਕੁ ਔਰਤਾਂ ਜੋ ਆਸਾਨ ਪੈਸਾ ਅਤੇ ਸਸਤੀ ਸ਼ੋਹਰਤ ਲਈ ਅਸ਼ਲੀਲ ਹਰਕਤਾਂ ਜਾਂ ਅਸ਼ਲੀਲ ਰੀਲਾਂ ਬਣਾ ਕੇ ਇਹ ਸੋਚਦੀਆਂ ਹਨ ਕਿ ਇੱਜ਼ਤ ਸਿਰਫ ਪੈਸੇ ਕਰਕੇ ਹੀ ਹੁੰਦੀ ਹੈ, ਉਹ ਗਲਤ ਜ਼ਰੂਰ ਹਨ ਪਰ ਇਨ੍ਹਾਂ ਦੀ ਤਾਦਾਦ ਬਹੁਤ ਘਟ ਹੈ।
ਔਰਤ ਨੂੰ ਕਮਜ਼ੋਰ ਦਰਸਾਉਣ ਵਿੱਚ ਧਰਮ ਦੇ ਠੇਕੇਦਾਰਾਂ ਦਾ ਵੀ ਬਹੁਤ ਵੱਡਾ ਹੱਥ ਹੈ, ਜੋ ਧਰਮ ਗ੍ਰੰਥਾਂ ਵਿੱਚੋਂ ਉਹ ਗੱਲਾਂ ਹੀ ਦੱਸਦੇ ਹਨ, ਜਿਨ੍ਹਾਂ ਨਾਲ ਔਰਤ ਕਮਜ਼ੋਰ ਸਾਬਤ ਹੁੰਦੀ ਹੋਵੇ ਪਰ ਉਹਨਾਂ ਗੱਲਾਂ ਨੂੰ ਲੁਕੋ ਲਿਆ ਜਾਂਦਾ ਹੈ, ਜਿਨ੍ਹਾਂ ਨਾਲ ਔਰਤ ਸ਼ਕਤੀ ਦਾ ਰੂਪ ਵਿਖਾਈ ਦਿੰਦੀ ਹੈ। ਇਨ੍ਹਾਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਆਪਣੀਆਂ ਬੱਚੀਆਂ ਨੂੰ ਇਤਿਹਾਸ ਵਿੱਚੋਂ ਉਹ ਕਹਾਣੀਆਂ ਸੁਣਾਓ, ਜਿਨ੍ਹਾਂ ਨਾਲ ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਉਨ੍ਹਾਂ ਦਾ ਰੁਤਬਾ ਬਹੁਤ ਉੱਚਾ ਹੈ। ਇਸ ਤਰ੍ਹਾਂ ਕਰਨ ਨਾਲ ਜਿੱਥੇ ਲੜਕੀਆਂ ਸਮਾਜ ਵਿੱਚ ਬਿਨਾਂ ਡਰ ਅਤੇ ਭੇਦਭਾਵ ਦੇ ਜੀ ਸਕਣਗੀਆਂ, ਉੱਥੇ ਮਰਦ ਪ੍ਰਧਾਨ ਸਮਾਜ ਦਾ ਇਨ੍ਹਾਂ ਪ੍ਰਤੀ ਨਜ਼ਰੀਆ ਵੀ ਬਦਲੇਗਾ। ਲੜਕੀਆਂ ਨੂੰ ਘਰ ਦੇ ਕੰਮਾਂ ਵਿੱਚ ਹੁਨਰਮੰਦ ਬਣਾਓ ਪਰ ਨਾਲ ਹੀ ਉਨ੍ਹਾਂ ਨੂੰ ਸਮਾਜ ਵਿਚਲੀਆਂ ਬੁਰਾਈਆਂ ਨਾਲ ਲੜਨ ਦੇ ਸਮਰੱਥ ਵੀ ਜ਼ਰੂਰ ਬਣਾਓ। ਔਰਤ ਨੂੰ ਮਨੋਰੰਜਨ ਦਾ ਸਾਧਨ ਬਣਾਉਣ ਦੀ ਜਗ੍ਹਾ ਉਸ ਵਿੱਚ ਦੁਰਗਾ ਅਤੇ ਚੰਡੀ ਦਾ ਰੂਪ ਵੀ ਜਗਾਓ। ਘਰ, ਪਰਿਵਾਰ ਦਾ ਫਰਜ਼ ਬਣਦਾ ਹੈ ਕਿ ਆਪਣੇ ਲੜਕਿਆਂ ਨੂੰ ਵੀ ਇਹ ਸਿੱਖਿਆ ਦੇਵੋ ਕਿ ਔਰਤ ਦਾ ਰੁਤਬਾ ਬਰਾਬਰੀ ਦਾ ਅਤੇ ਇੱਜ਼ਤ ਕਰਨਯੋਗ ਹੈ ਨਾ ਕੇ ਕੋਈ ਮਨੋਰੰਜਨ ਦਾ ਸਾਧਨ। ਲੜਕੀ ਪੈਦਾ ਹੋਣ ’ਤੇ ਬਹੁਤ ਵਾਰ ਇਹ ਸ਼ਬਦ ਇਸਤੇਮਾਲ ਹੁੰਦਾ ਹੈ ਕਿ ਘਰ ਵਿੱਚ ਲੱਛਮੀ ਆਈ ਹੈ, ਤੇ ਇਸਦਾ ਸਹੀ ਅਰਥ ਵੀ ਸਮਝੋ। ਲੱਛਮੀ ਯਾਨੀ ਧਨ, ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅੱਜ ਦੇ ਸਮੇਂ ਵਿੱਚ ਧਨ ਇੱਕ ਬਹੁਤ ਵੱਡੀ ਤਾਕਤ ਹੈ। ਜਿਸ ਕੋਲ ਜਿੰਨਾ ਜ਼ਿਆਦਾ ਧਨ, ਉਹ ਓਨਾ ਹੀ ਤਾਕਤਵਰ ਮੰਨਿਆ ਜਾਂਦਾ ਹੈ ਤੇ ਤਾਕਤਵਰ ਇਨਸਾਨ ਸਾਹਮਣੇ ਤਾਂ ਸਰਕਾਰਾਂ ਵੀ ਝੁਕਦੀਆਂ ਹਨ। ਇਸਦਾ ਅਰਥ ਸਾਫ਼ ਹੈ ਕਿ ਅਗਰ ਲੜਕੀ ਲੱਛਮੀ ਦਾ ਰੂਪ ਹੈ ਤਾਂ ਫਿਰ ਕੋਈ ਸ਼ੱਕ ਨਹੀਂ ਕਿ ਉਸ ਤੋਂ ਵੱਧ ਤਾਕਤਵਰ ਕੋਈ ਨਹੀਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)