“ਉਸਨੇ ਜੇਸੀਬੀ ਨੂੰ ਐਸੀਆਂ ਟੱਕਰਾਂ ਮਾਰੀਆਂ ਕਿ ਜੇਸੀਬੀ ਹੀ ਨਹੀਂ, ਪੂਰੀ ਸਰਕਾਰ ਹਿੱਲ ਗਈ। ਨਾਲ ਹੀ ...”
(28 ਅਪਰੈਲ 2025)
ਗੱਲ ਹੈਦਰਾਬਾਦ ਦੇ ਕਾਂਚੀ ਗਾਜੀਬਾਉਲੀ ਦੀ ਹੈ ਜਿੱਥੇ ਕੋਈ 400 ਏਕੜ ਵਿੱਚ ਫੈਲੇ ਜੰਗਲ ਨੂੰ ਤੇਲੰਗਾਨਾ ਦੀ ਸਰਕਾਰ ਨੇ ਸਿਰਫ ਇਸ ਕਰਕੇ ਕਟਣਾ ਸ਼ੁਰੂ ਕਰ ਦਿੱਤਾ ਕਿ ਉੱਥੇ ਸੀਮੈਂਟ-ਕੰਕਰੀਟ ਦੇ ਵੱਡੇ ਵੱਡੇ ਪਹਾੜ ਖੜ੍ਹੇ ਕੀਤੇ ਜਾ ਸਕਣ ਤੇ ਅਰਬਪਤੀਆਂ ਨੂੰ ਹੋਰ ਮਾਲੋਮਾਲ ਕਰਨ ਲਈ ਉੱਥੇ ਰਹਿ ਰਹੇ ਹਜ਼ਾਰਾਂ ਪਸ਼ੂਆਂ-ਪੰਛੀਆ ਨੂੰ ਬੇਘਰ ਕਰ ਦਿੱਤਾ ਜਾਵੇ। ਜਾਨਵਰ ਕਹਿਲਾਉਣ ਵਾਲੇ ਜੀਵ ਬੇਜ਼ਬਾਨ ਹਨ, ਇਸ ਕਰਕੇ ਆਪਣੀ ਗੱਲ ਨਹੀਂ ਰੱਖ ਸਕੇ ਤੇ ਸਿਰਫ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਚਿਹਰੇ ’ਤੇ ਭਵਿੱਖ ਲਈ ਫ਼ਿਕਰ। ਉਹ ਇਸ ਗੱਲ ਤੋਂ ਵੀ ਹੈਰਾਨ ਸਨ ਕਕ ਉਹਨਾਂ ਨੇ ਨਾ ਕਿਸੇ ਦੀ ਨਿੱਜੀ ਜਾਇਦਾਦ ਤੇ ਅਤੇ ਨਾ ਹੀ ਸਰਕਾਰੀ ਜਾਇਦਾਦ ’ਤੇ ਕਬਜ਼ਾ ਕੀਤਾ ਹੋਇਆ ਸੀ ਨਾ ਹੀ ਉਹ ਕੋਈ ਨਸ਼ੇ ਦੇ ਸੌਦਾਗਰ ਹਨ ਤੇ ਨਾ ਹੀ ਕੋਈ ਜੁਰਮ ਕੀਤਾ ਹੈ। ਉਹ ਤਾਂ ਕਿਸੇ ਖ਼ਾਸ ਧਰਮ ਨਾਲ ਵੀ ਸੰਬੰਧ ਨਹੀਂ ਰੱਖਦੇ ਹਨ, ਫਿਰ ਉਹਨਾਂ ਦਾ ਉਜਾੜਾ ਕਿਉਂ? ਪਰ ਆਪਣੇ ਸਵਾਲ ਦਾ ਜਵਾਬ ਉਹ ਕਿਵੇਂ ਉਸ ਸ਼ੈਤਾਨ ਤੋਂ ਲੈਂਦੇ ਜੋ ਆਪਣੇ ਆਪ ਨੂੰ ਇਨਸਾਨ ਕਹਾਉਂਦਾ ਹੈ ਕਿਉਂਕਿ ਸ਼ੈਤਾਨ ਨਾ ਤਾਂ ਉਨ੍ਹਾਂ ਦੀ ਭਾਸ਼ਾ ਸਮਝਦਾ ਹੈ ਅਤੇ ਨਾ ਹੀ ਉਨ੍ਹਾਂ ਉੱਤੇ ਕੋਈ ਰਹਿਮ ਵਿਖਾਉਂਦਾ ਹੈ। ਇਹ ਜਾਨਵਰ ਇਨਸਾਨ ਰੂਪੀ ਸ਼ੈਤਾਨ ਤੋਂ ਰਹਿਮ ਦੀ ਭੀਖ ਵੀ ਨਹੀਂ ਮੰਗ ਸਕਦੇ ਕਿਉਂਕਿ ਸ਼ੈਤਾਨ ਕੋਲ ਰਹਿਮ ਨਾਮ ਦੀ ਕੋਈ ਸ਼ੈ ਹੁੰਦੀ ਹੀ ਨਹੀਂ। ਪਰ ਸਦਕੇ ਜਾਈਏ ਉਸ ਜਾਨਵਰ ਦੇ ਜਿਸ ਨੂੰ ਅਸੀਂ ਹਾਥੀ ਆਖਦੇ ਹਾਂ। ਉਸਦਾ ਜ਼ਮੀਰ ਜਾਗਿਆ ਤੇ ਖੂਨ ਵੀ ਖੌਲਿਆ। ਉਹ ਅਨਿਆਂ ਹੁੰਦਾ ਨਹੀਂ ਵੇਖ ਸਕਿਆ। ਉਸਨੇ ਆਪਣਿਆਂ ਦੇ ਹੰਝੂ ਪਛਾਣੇ ਤੇ ਸ਼ੈਤਾਨ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਸ਼ੈਤਾਨ ਵਲੋਂ ਬਣਾਈ ਤਬਾਹੀ ਲਈ ਬਣਾਈ ਮਸ਼ੀਨ, ਜਿਸ ਨੂੰ ਉਹ ਜੇਸੀਬੀ ਕਹਿੰਦੇ ਹਨ, ਦੇ ਨਾਲ ਜਾ ਮੱਥਾ ਲਾਇਆ। ਸੱਚਮੁੱਚ ਇੱਦਾਂ ਲਗਦਾ ਸੀ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਆਤਮਾ ਉਸ ਵਿੱਚ ਆ ਗਈ ਹੋਵੇ। ਉਸਨੇ ਜੇਸੀਬੀ ਨੂੰ ਐਸੀਆਂ ਟੱਕਰਾਂ ਮਾਰੀਆਂ ਕਿ ਜੇਸੀਬੀ ਹੀ ਨਹੀਂ, ਪੂਰੀ ਸਰਕਾਰ ਹਿੱਲ ਗਈ। ਨਾਲ ਹੀ ਸ਼ੈਤਾਨ ਦੀ ਆਤਮਾ ਨੂੰ ਵੀ ਝੋਰਾ ਲੱਗਾ ਤੇ ਉਹ ਹਿਲੂਣੀ ਗਈ। ਬਹੁਤ ਸਾਰੇ ਅਖੌਤੀ ਵਾਤਵਰਨ ਪ੍ਰੇਮੀ ਵੀ ਸੋਚਣ ਲਈ ਮਜਬੂਰ ਹੋ ਗਏ। ਇੱਕ ਜਾਨਵਰ ਨੇ ਉਹ ਕਰ ਵਿਖਾਇਆ ਜਿਸਦੀ ਉਮੀਦ ਇੱਕ ਇਨਸਾਨ ਤੋਂ ਕੀਤੀ ਜਾਂਦੀ ਹੈ। ਇਨਸਾਨ ਜਿਸ ਨੂੰ ਸ਼ਬਦ ਗਿਆਨ ਹੈ, ਜੋ ਦਿਮਾਗੀ ਤੌਰ ’ਤੇ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਸਮਝਦਾ ਹੈ, ਅਸਲ ਵਿੱਚ ਡਰਪੋਕ ਹੈ। ਇਹ ਅਨਿਆਂ ਦੇ ਖਿਲਾਫ ਆਵਾਜ਼ ਬੁਲੰਦ ਨਹੀਂ ਕਰਦਾ।
ਹੈਦਰਾਬਾਦ ਜੰਗਲ ਦੀ ਕਟਾਈ ਨਾਲ ਸਿਰਫ ਉੱਥੋਂ ਦੇ ਜਾਨਵਰਾਂ ਨੂੰ ਨੁਕਸਾਨ ਨਹੀਂ ਹੋਣਾ ਸੀ, ਇਸ ਨਾਲ ਪੂਰੇ ਖਿੱਤੇ ਦੇ ਵਾਤਾਵਰਣ ਉੱਪਰ ਅਸਰ ਹੋਣਾ ਸੀ। ਪੂਰੇ ਸੰਸਾਰ ਉੱਪਰ ਇਸਦਾ ਅਸਰ ਵੇਖਣ ਨੂੰ ਮਿਲਣਾ ਸੀ। ਇਨਸਾਨ ਇਸ ਤੋਂ ਅਛੂਤਾ ਨਹੀਂ ਰਹਿ ਸਕਦਾ ਸੀ। ਇਸ ਸਭ ਦੀ ਸਭ ਤੋਂ ਵੱਡੀ ਮਾਰ ਇਨਸਾਨ ’ਤੇ ਹੀ ਪੈਣੀ ਸੀ। ਪਰ ਇਨਸਾਨ ਦੀ ਖੋਪੜੀ ਵਿੱਚ ਹੁਣ ਸ਼ੈਤਾਨੀ ਦਿਮਾਗ਼ ਇਸ ਤਰ੍ਹਾਂ ਘਰ ਕਰ ਗਿਆ ਹੈ ਕਿ ਉਹ ਆਪਣੀ ਤਬਾਹੀ ’ਤੇ ਗ਼ਮਗੀਨ ਨਹੀਂ ਹੁੰਦਾ, ਉਲਟਾ ਠਹਾਕੇ ਮਾਰ ਮਾਰ ਹੱਸਦਾ ਹੈ। ਕਹਿੰਦੇ ਹਨ ਕਿ ਇਨਸਾਨ ਬਹੁਤ ਪੜ੍ਹ ਲਿਖ ਗਿਆ ਪਰ ਲਗਦਾ ਇਵੇਂ ਹੈ, ਜਿਵੈ ਜਾਨਵਰਾਂ ਨਾਲੋਂ ਵੀ ਵੱਧ ਅਨਪੜ੍ਹ ਹੋਵੇ, ਜਿਸ ਨੂੰ ਚੰਗੇ ਮੰਦੇ ਦੀ ਸੋਝੀ ਨਹੀਂ ਹੈ। ਇਨਸਾਨ ਵੀ ਹੈ ਤਾਂ ਇੱਕ ਜਾਨਵਰ ਹੀ, ਇਹ ਗੱਲ ਅਲੱਗ ਗੱਲ ਹੈ ਕਿ ਜ਼ਬਾਨ ਨੂੰ ਸ਼ਬਦ ਮਿਲਣ ਕਾਰਨ ਉਹ ਆਪਣੇ ਆਪ ਨੂੰ ਜਾਨਵਰ ਕਹਿਲਾਉਣਾ ਪਸੰਦ ਨਹੀਂ ਕਰਦਾ। ਮੈਨੂੰ ਲਗਦਾ ਹੈ ਕਿ ਅਸਲੀ ਪੜ੍ਹਾਈ ਤਾਂ ਸਾਨੂੰ ਇਹ ਬੇਜ਼ਬਾਨ ਜਾਨਵਰ ਕਰਵਾਉਂਦੇ ਹਨ, ਇਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਹਾਥੀ ਨੇ ਇਨਸਾਨ ਨੂੰ ਵਿਖਾ ਦਿੱਤਾ ਕਿ ਜ਼ੁਲਮ ਦੇ ਖਿਲਾਫ ਲੜਨ ਦਾ ਜਜ਼ਬਾ ਕੀ ਹੁੰਦਾ ਹੈ। ਜੰਗਲ ਦੀ ਕਟਾਈ ਹੁੰਦੀ ਦੇਖ ਕੇ ਜੇਸੀਬੀ ਸਾਹਮਣੇ ਨਾ ਖੜ੍ਹ ਕੇ ਇਹ ਹਾਥੀ ਵੀ ਦੌੜ ਸਕਦਾ ਸੀ ਪਰ ਉਸਨੇ ਜ਼ੁਲਮ ਖਿਲਾਫ ਲੜਨਾ ਜ਼ਿਆਦਾ ਬਿਹਤਰ ਸਮਝਿਆ। ਹਾਥੀ ਦਾ ਇਹ ਜਜ਼ਬਾ ਆਉਣ ਵਾਲੇ ਸਮੇਂ ਲਈ ਸਾਨੂੰ ਬਹੁਤ ਵੱਡਾ ਸਬਕ ਸਿਖਾ ਗਿਆ ਹੈ। ਕੁਦਰਤ ਨੂੰ ਪਿਆਰ ਦਾ ਸਭ ਤੋਂ ਵੱਧ ਵਿਖਾਵਾ ਇਨਸਾਨ ਕਰਦਾ ਹੈ ਪਰ ਕੁਦਰਤ ਨੂੰ ਅਸਲੀ ਪਿਆਰ ਇਹ ਬੇਜ਼ਬਾਨ ਕਰਦੇ ਹਨ ਅਤੇ ਇਸ ਨੂੰ ਬਚਾਉਣ ਲਈ ਜ਼ਾਲਮ ਸਰਕਾਰਾਂ ਨਾਲ ਆਢਾ ਲੈਣ ਤੋਂ ਪਿੱਛੇ ਨਹੀਂ ਹਟਦੇ। ਆਉ ਜੇਕਰ ਅਸੀਂ ਸੱਚਮੁੱਚ ਕੁਦਰਤ ਨੂੰ ਪਿਆਰ ਕਰਦੇ ਹਾਂ, ਵਾਤਾਵਰਣ ਲਈ ਕੁਝ ਕਰਨਾ ਚਾਹੁੰਦੇ ਹਾਂ ਤਾਂ ਇਸ ਹਾਥੀ ਤੋਂ ਸਬਕ ਲਈਏ। ਜਿੱਥੇ ਕਿਤੇ ਵੀ ਵਿਕਾਸ ਦੇ ਨਾਮ ’ਤੇ ਸਰਕਾਰਾਂ ਕੁਦਰਤ ਦਾ ਵਿਨਾਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੋਣ, ਉੱਥੇ ਆਪਣੀ ਜ਼ਮੀਰ ਨੂੰ ਜਗਾਉਂਦੇ ਹੋਏ ਬੁਲੰਦ ਹੌਸਲੇ ਨਾਲ ਆਪਣੀ ਆਵਾਜ਼ ਚੁੱਕੀਏ ਤੇ ਆਪਣਾ ਵਿਰੋਧ ਜਤਾਈਏ। ਆਉ ਉਸ ਹਾਥੀ ਤੋਂ ਸਬਕ ਸਿੱਖਦੇ ਹੋਏ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)