SukhrajSBajwa7ਪਰ ਹੁਣ ਗੱਲ ਇੱਥੇ ਇਹ ਵੀ ਆਉਂਦੀ ਹੈ ਕਿ ਕੀ ਇਸ ਸਾਰੇ ਚੱਕਰ ਵਿੱਚ ...
(26 ਮਾਰਚ 2026)


1947 ਦੀ 15 ਅਗਸਤ ਨੂੰ ਜਦੋਂ ਭਾਰਤ ਵਿੱਚ ਸੱਤਾ ਅੰਗਰੇਜ਼ਾਂ ਹੱਥੋਂ ਭਾਰਤੀ ਨੇਤਾਵਾਂ ਦੇ ਹੱਥ ਆਈ ਤਾਂ ਲੋਕ ਬਹੁਤ ਖੁਸ਼ ਸਨ ਕਿ ਹੁਣ ਉਹਨਾਂ ਦੇ ਸੁਪਨੇ ਸਾਕਾਰ ਹੋਣਗੇ ਅਤੇ ਉਹ ਇੱਕ ਵਧੀਆ ਜ਼ਿੰਦਗੀ ਜਿਊਣ ਦੇ ਕਾਬਿਲ ਹੋ ਜਾਣਗੇ
ਭਾਰਤੀ ਅਤੇ ਪਾਕਿਸਤਾਨੀ ਲੀਡਰਾਂ ਨੇ ਆਪਣਾ ਅਸਲੀ ਰੰਗ ਤਾਂ ਉਸੇ ਵੇਲੇ ਹੀ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਦਾ ਕਤਲੇਆਮ ਹੋਇਆ ਸੀਇਹ ਕੋਈ ਦੋ ਮਜ਼ਹਬਾਂ ਦੇ ਵਿਚਕਾਰ ਦੰਗੇ ਨਹੀਂ ਸਨ, ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਨਾਲ ਕਰਵਾਇਆ ਗਿਆ ਮਨੁੱਖੀ ਘਾਣ ਸੀਰਾਜਨੀਤਿਕ ਲੋਕ, ਖਾਸ ਕਰਕੇ ਸੱਤਾ ਵਿੱਚ ਬੈਠੇ ਲੋਕ, ਸਮੇਂ ਸਮੇਂ ’ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹੇ ਹਨ ਅਤੇ ਲੋਕਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰਦੇ ਰਹੇ ਹਨਪਰ ਫੇਰ ਵੀ ਇੱਕ ਵੱਡੀ ਤਾਦਾਦ ਉਹਨਾਂ ਰਾਜਨੀਤਕ ਲੋਕਾਂ ਦੀ ਵੀ ਰਹੀ ਜੋ ਸੱਤਾ ਵਿੱਚ ਆ ਕੇ ਵੀ ਜ਼ਮੀਨ ਨਾਲ ਜੁੜੇ ਰਹੇ ਅਤੇ ਲੋਕਾਂ ਲਈ ਚੰਗੀ ਸੋਚ ਰੱਖਦੇ ਰਹੇ ਅਤੇ ਉਹਨਾਂ ਦੀ ਆਵਾਜ਼ ਸਰਕਾਰ ਤਕ ਪਹੁੰਚਾਉਂਦੇ ਰਹੇ

ਪਹਿਲੇ ਸਮੇਂ ਵਿੱਚ ਅਜਿਹੇ ਨੇਤਾ ਵੀ ਹੋਏ ਹਨ, ਜਿਨ੍ਹਾਂ ਨੇ ਕਿਸੇ ਵੱਡੀ ਘਟਨਾ ਲਈ ਆਪਣੇ ਆਪ ਨੂੰ ਜ਼ਿੰਮੇਦਾਰ ਸਮਝਦੇ ਹੋਏ ਮੰਤਰੀ ਪਦ ਤੋਂ ਅਸਤੀਫੇ ਵੀ ਦਿੱਤੇਅਜਿਹੇ ਨੇਤਾ ਆਮ ਲੋਕਾਂ ਵਿੱਚ ਆਪਣਾ ਚੰਗਾ ਪ੍ਰਭਾਵ ਬਣਾ ਕੇ ਰੱਖਣ ਵਿੱਚ ਕਾਮਯਾਬ ਹੋਏ ਹਨਵਰਤਮਾਨ ਦੀ ਗੱਲ ਕਰੀਏ ਤਾਂ ਹੁਣ ਰਾਜਨੀਤੀ ਵਿੱਚ ਬਹੁਤ ਵੱਡਾ ਨਿਘਾਰ ਆ ਗਿਆ ਹੈਨੇਤਾ, ਜੋ ਚੋਣ ਜਿੱਤਣ ਤੋਂ ਪਹਿਲਾਂ ਆਪਣੇ ਆਪ ਨੂੰ ਆਮ ਲੋਕਾਂ ਦਾ ਨੁਮਾਇੰਦਾ ਬਣਨ ਦੀ ਗੱਲ ਕਰਦੇ ਹਨ, ਚੋਣ ਜਿੱਤਣ ਤੋਂ ਬਾਅਦ ਆਪਣੇ ਆਪ ਨੂੰ ਇਲਾਕੇ ਦਾ ਰਾਜਾ ਘੋਸ਼ਿਤ ਕਰ ਦਿੰਦੇ ਹਨਉੱਤੋਂ ਜੇਕਰ ਉਹਨਾਂ ਦੀ ਪਾਰਟੀ ਸੱਤਾ ਵਿੱਚ ਹੋਵੇ, ਫੇਰ ਤਾਂ ਉਹ ਕਿਸੇ ਨੂੰ ਬੰਦਾ ਹੀ ਨਹੀਂ ਸਮਝਦੇਆਮ ਲੋਕ ਉਹਨਾਂ ਲਈ ਅਛੂਤ ਬਣ ਜਾਂਦੇ ਹਨਹੁਣ ਤਾਂ ਰਾਜਨੀਤੀ ਦਾ ਅਰਥ ਲੋਕਾਂ ਦਾ ਨੁਮਾਇੰਦਾ ਬਣਨਾ ਨਹੀਂ ਬਲਕਿ ਇੱਕ ਵਪਾਰ ਬਣ ਗਿਆ ਹੈਨੇਤਾਵਾਂ ਨੇ ਸੱਤਾ ’ਤੇ ਕਬਜ਼ਾ ਕਰਨ ਅਤੇ ਪੈਸੇ ਬਣਾਉਣ ਲਈ ਹਰ ਅਨੈਤਿਕ ਕੰਮ ਕਰਨ ਤਕ ਹੀ ਆਪਣੇ ਆਪ ਨੂੰ ਸੀਮਿਤ ਕਰ ਲਿਆ ਹੈ

ਪਿਛਲੇ ਕੁਝ ਸਾਲਾਂ ਵਿੱਚ ਇਹ ਦੇਖਣ ਵਿੱਚ ਆਇਆ ਹੈ ਕਿ ਸੱਤਾ ਹਾਸਲ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਆਮ ਘਰਾਂ ਦੇ ਕਹਿਣ ਵਾਲੇ ਅਤੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੇ ਸੱਤਾ ਹਾਸਲ ਕਰਦੇ ਹੀ ਆਮ ਤੋਂ ਖ਼ਾਸ ਬਣ ਗਏ ਅਤੇ ਭ੍ਰਿਸ਼ਟਾਚਾਰ ਵਿੱਚ ਪਿਛਲੇ ਸਾਰੇ ਰਿਕਾਰਡ ਵੀ ਤੋੜਦੇ ਗਏਪੈਸੇ ਦਾ ਲਾਲਚ ਉਹਨਾਂ ਦੇ ਦਿਲਾਂ ਵਿੱਚ ਇੰਨਾ ਘਰ ਕਰ ਗਿਆ ਕਿ ਜਿੱਥੇ ਪਹਿਲਾਂ ਦੇ ਲੀਡਰ ਭ੍ਰਿਸ਼ਟਾਚਾਰ ਲਈ ਸਿਰਫ ਕਮਿਸ਼ਨ ਤਕ ਸੀਮਿਤ ਰਹਿੰਦੇ ਸਨ ਅਤੇ ਜਿਹੜੇ ਅਫਸਰ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਸਨ, ਉਹਨਾਂ ਦੇ ਤਬਾਦਲੇ ਕਰਵਾ ਦਿੰਦੇ ਸਨ ਪਰ ਹੁਣ ਆਮ ਘਰਾਂ ਤੋਂ ਉੱਠ ਕੇ ਆਏ ਕੱਟੜ ਇਮਾਨਦਾਰ ਲੀਡਰਾਂ ਨੇ ਪੈਸੇ ਦੇ ਲਾਲਚ ਵਿੱਚ ਅਫਸਰਾਂ ਉੱਤੇ ਇਹ ਦਬਾਓ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਹਰ ਇੱਕ ਕੰਮ ਲਈ ਠੇਕਾ ਲੀਡਰਾਂ ਦੇ ਪਰਿਵਾਰਾਂ ਨੂੰ ਹੀ ਦਿੱਤਾ ਜਾਏਜੇਕਰ ਕੋਈ ਅਫਸਰ ਇੱਦਾਂ ਨਹੀਂ ਕਰਦਾ ਤਾਂ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਹਨਕਈ ਅਫਸਰ ਇੱਦਾਂ ਦੇ ਲੀਡਰਾਂ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲ੍ਹਾ ਤਕ ਖਤਮ ਕਰਨ ’ਤੇ ਉਤਾਰੂ ਹੋ ਜਾਂਦੇ ਹਨ

ਰਾਜਨੀਤੀ ਦਾ ਦਬੰਗ ਕਿਸਮ ਦੇ ਬੰਦਿਆਂ ਨਾਲ ਰਿਸ਼ਤਾ ਹਮੇਸ਼ਾ ਹੀ ਰਿਹਾ ਹੈ ਪਰ ਕਦੀ ਵੀ ਰਾਜਨੇਤਾਵਾਂ ਨੇ ਖੁੱਲ੍ਹ ਕੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾਪਰ ਵਰਤਮਾਨ ਸਮੇਂ ਵਿੱਚ ਤਾਂ ਲੀਡਰ ਆਪ ਇਸ ਗੱਲ ਨੂੰ ਮੰਨਦੇ ਨਜ਼ਰ ਆਉਂਦੇ ਹਨ ਕਿ ਗੈਂਗਸਟਰ ਉਹਨਾਂ ਨੇ ਆਪ ਪੈਦਾ ਕੀਤੇ ਹਨਪੈਸੇ ਦੇ ਲਾਲਚ ਵਿੱਚ ਬਹੁਤ ਸਾਰੇ ਲੀਡਰ ਆਮ ਲੋਕਾਂ ਦੇ ਝਗੜੇ ਸੁਲਝਾਉਣ ਦੀ ਜਗ੍ਹਾ ਉਹਨਾਂ ਵਿੱਚ ਬਲਦੀ ਉੱਤੇ ਤੇਲ ਪਾਉਣ ਵਾਲਾ ਕੰਮ ਕਰਦੇ ਹਨਪਹਿਲਾਂ ਪੁਲਿਸ ਨੂੰ ਕਹਿ ਕੇ ਇੱਕ ਧਿਰ ’ਤੇ ਪਰਚਾ ਕਰਵਾਉਣਾ ਫੇਰ ਦੂਸਰੀ ਧਿਰ ਦੀ ਮਦਦ ਕਰਕੇ ਪਰਚਾ ਰੱਦ ਕਰਵਾਉਣਾ - ਇਸ ਸਾਰੀ ਖੇਡ ਵਿੱਚ ਲੜਾਈ ਝਗੜੇ ਵਾਲੀਆਂ ਧਿਰਾਂ ਦੀ ਆਰਥਿਕ ਲੁੱਟ ਹੁੰਦੀ ਹੈ ਅਤੇ ਦੋਨੋਂ ਧਿਰਾਂ ਇਹ ਸਮਝਣ ਵਿੱਚ ਨਾਕਾਮ ਰਹਿੰਦੀਆਂ ਹਨ ਕਿ ਦੋ ਬਿੱਲੀਆਂ ਦੀ ਲੜਾਈ ਵਿੱਚ ਫਾਇਦਾ ਬਾਂਦਰ ਲੈ ਗਿਆ ਹੈ

ਪਰ ਹੁਣ ਗੱਲ ਇੱਥੇ ਇਹ ਵੀ ਆਉਂਦੀ ਹੈ ਕਿ ਕੀ ਇਸ ਸਾਰੇ ਚੱਕਰ ਵਿੱਚ ਆਮ ਲੋਕ ਵੀ ਕਸੂਰਵਾਰ ਹਨ? ਇਸ ਹਮਾਮ ਵਿੱਚ ਸਾਰੇ ਨੰਗੇ ਹਨਇਮਾਨਦਾਰ ਤਾਂ ਅੱਜ ਦਾ ਵੋਟਰ ਵੀ ਨਹੀਂ ਹੈਵੋਟਰ ਵੀ ਛੋਟੀ ਜਿਹੀ ਰਿਸ਼ਵਤ ਦੇ ਲਾਲਚ ਵਿੱਚ ਅਜਿਹੇ ਲੋਕਾਂ ਨੂੰ ਸੱਤਾ ’ਤੇ ਬਿਠਾ ਦਿੰਦਾ ਹੈ, ਜੋ ਕਦੀ ਵੀ ਸੱਤਾ ਦੇ ਲਾਇਕ ਨਹੀਂ ਹੁੰਦੇਮੁਫਤਖੋਰੀ ਦੇ ਲਾਲਚ ਵਿੱਚ ਆਪਣਾ ਕੀਮਤੀ ਵੋਟ ਭੰਗ ਦੇ ਭਾੜੇ ਸੁੱਟ ਦਿੰਦਾ ਹੈ ਵੋਟਰ ਨੂੰ ਇਹ ਨਹੀਂ ਪਤਾ ਕਿ ਜੋ ਉਸਨੂੰ ਮੁਫਤ ਦਿੱਤਾ ਜਾ ਰਿਹਾ ਹੈ, ਉਸਦੇ ਬਦਲੇ ਉਸ ਕੋਲੋਂ ਖੋਹਿਆ ਕੀ ਜਾ ਰਿਹਾ ਹੈਅੱਜ ਨੌਜਵਾਨ ਬੇਰੋਜ਼ਗਾਰ ਬੈਠੇ ਹਨਬਜ਼ੁਰਗ ਆਪਣਾ ਇਲਾਜ ਨਹੀਂ ਕਰਵਾ ਪਾ ਰਹੇ, ਗਰੀਬ ਆਪਣਾ ਇਲਾਜ ਨਹੀਂ ਕਰਵਾ ਪਾ ਰਿਹਾਕਿਸਾਨ ਹੋਵੇ ਜਾਂ ਮੁਲਾਜ਼ਮ ਵਰਗ, ਸਭ ਧਰਨੇ-ਮੁਜ਼ਾਹਰੇ ਕਰ ਰਹੇ ਹਨਸੜਕਾਂ ਟੁੱਟੀਆਂ, ਹਸਪਤਾਲਾਂ ਵਿੱਚ ਡਾਕਟਰ ਨਹੀਂ, ਸਕੂਲਾਂ ਵਿੱਚ ਅਧਿਆਪਕ ਨਹੀਂਪਰ ਇਸ ਸਭ ਦਾ ਪੈਸੇ ਅਤੇ ਸੱਤਾ ਦੇ ਭੁੱਖੇ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾਵੋਟਾਂ ਤਾਂ ਲੀਡਰਾਂ ਨੇ ਕਦੀ ਧਰਮ ਦੇ ਨਾਮ ’ਤੇ ਗੁਮਰਾਹ ਕਰਕੇ ਅਤੇ ਕਦੀ ਵੋਟਾਂ ਦੇ ਨੇੜੇ ਮੁਫਤ ਰਾਸ਼ਨ ਜਾਂ ਕੁਝ ਕਿ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਲੈ ਹੀ ਲੈਣੀਆਂ ਹਨ ਬਾਕੀ ਡੇਰਿਆਂ ਨੇ ਜਿੱਧਰ ਇਸ਼ਾਰਾ ਕਰ ਦਿੱਤਾ, ਸ਼ਰਧਾਲੂਆਂ ਦੀ ਵੋਟ ਉਸੇ ਪਾਰਟੀ ਨੂੰ ਭੁਗਤ ਜਾਣੀ ਹੈ ਤੇ ਬਾਅਦ ਵਿੱਚ ਭੁਗਤਣਾ ਵੀ ਸ਼ਰਧਾਲੂਆਂ ਅਤੇ ਆਮ ਲੋਕਾਂ ਨੇ ਹੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)

More articles from this author