“ਅੱਜ ਦੇ ਡਿਜਿਟਲ ਯੁਗ ਵਿੱਚ ਸਵੇਰੇ ਨੀਂਦ ਖੁੱਲ੍ਹਦੇ ਹੀ ਫੋਨ ’ਤੇ ਨਜ਼ਰ ਪੈਂਦੇ ਸਾਰ ...”
(3 ਸਤੰਬਰ 2026)
ਅਧਿਆਪਕ ਸਮਾਜ ਵਿੱਚ ਇੱਕ ਬਹੁਤ ਉੱਚਾ ਸਥਾਨ ਰੱਖਦਾ ਹੈ, ਪਰ ਵਰਤਮਾਨ ਸਮੇਂ ਵਿੱਚ ਇਸਦੇ ਮਾਣ-ਸਨਮਾਨ ਵਿੱਚ ਗਿਰਾਵਟ ਨਜ਼ਰ ਆ ਰਹੀ ਹੈ। ਇਸ ਗੱਲ ਦੀ ਪੜਚੋਲ ਕਰਨ ਦੀ ਲੋੜ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਜੇਕਰ ਅੱਜ ਦੀ ਸਥਿਤੀ ਨੂੰ ਦੇਖਦੇ ਹੋਏ ਗੱਲ ਕੀਤੀ ਜਾਵੇ ਤਾਂ ਅਧਿਆਪਕ ਅਸਲ ਵਿੱਚ ਅਧਿਆਪਨ ਕਾਰਜ ਤੋਂ ਕੋਹਾਂ ਦੂਰ ਕੀਤਾ ਜਾ ਚੁੱਕਾ ਹੈ। ਅਧਿਆਪਨ ਸਭ ਤੋਂ ਪਵਿੱਤਰ ਕਾਰਜ ਮੰਨਿਆ ਗਿਆ ਹੈ ਅਤੇ ਅਧਿਆਪਕ ਦੇ ਸਿਰ ਉੱਤੇ ਇੱਕ ਵਿਦਿਆਰਥੀ ਨੂੰ ਚੰਗਾ ਨਾਗਰਿਕ, ਸਮਾਜ ਵਿੱਚ ਉੱਠਣ ਬੈਠਣ ਵਾਲਾ ਅਤੇ ਰੁਜ਼ਗਾਰ ਦੇ ਕਾਬਿਲ ਬਣਾਉਣਾ ਹੁੰਦਾ ਹੈ। ਅਧਿਆਪਨ ਅਜਿਹਾ ਕਾਰਜ ਹੈ ਜਿਸ ਵਿੱਚ ਕਿਸੇ ਵਿਸ਼ੇਸ਼ ਵਿਧੀ ਨੂੰ ਥੋਪਿਆ ਨਹੀਂ ਜਾ ਸਕਦਾ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਅਤੇ ਸਮੇਂ ਦੀਆਂ ਚੁਣੌਤੀਆਂ ਦੇ ਹਿਸਾਬ ਨਾਲ ਅਧਿਆਪਨ ਵਿਧੀ ਅਪਣਾਉਣ ਲਈ ਆਜ਼ਾਦ ਹੁੰਦਾ ਹੈ। ਪਿਛਲੇ ਕੁਝ ਸਮੇਂ ਤੋਂ ਇਹ ਦੇਖਣ ਵਿੱਚ ਮਿਲਿਆ ਹੈ ਕਿ ਅਧਿਆਪਕ ਦੇ ਹੱਥ ਬੰਨ੍ਹ ਦਿੱਤੇ ਗਏ ਹਨ ਤੇ ਅਧਿਆਪਕ ਕਿਸ ਵਿਧੀ ਰਾਹੀਂ ਬੱਚਿਆਂ ਤਕ ਪਹੁੰਚ ਕਰੇਗਾ, ਇਹ ਸਭ ਹੁਣ ਏ. ਸੀ. ਕਮਰਿਆਂ ਵਿੱਚ ਬੈਠੇ ਅਧਿਕਾਰੀ ਤੈਅ ਕਰਦੇ ਹਨ, ਬੇਸ਼ਕ ਉਸਦੇ ਨਤੀਜੇ ਸਾਰਥਿਕ ਹੋਣ ਜਾਂ ਨਾ।
ਵਰਤਮਾਨ ਰਾਜਨੀਤੀ ਦਾ ਇਹ ਆਲਮ ਹੈ ਕਿ ਆਪਣੀ ਕੁਰਸੀ ਖਾਤਰ ਸਭ ਤੋਂ ਪਹਿਲਾਂ ਨੇਤਾਵਾਂ ਨੇ ਜਿਸ ਸੰਸਥਾ ’ਤੇ ਸੱਟ ਮਾਰੀ ਹੈ, ਉਹ ਸਿੱਖਿਆ। ਜਿੱਥੇ ਪ੍ਰਾਈਵੇਟ ਅਦਾਰਿਆਂ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ, ਉੱਥੇ ਸਰਕਾਰੀ ਅਦਾਰਿਆਂ ਉੱਪਰ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਾ ਦਿੱਤੀਆਂ ਗਈਆਂ ਹਨ। ਪ੍ਰਾਈਵੇਟ ਅਦਾਰੇ ਜਿੱਥੇ ਮਨਮਰਜ਼ੀ ਦੀ ਫੀਸ ਵਸੂਲਦੇ ਹਨ ਅਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਨਿਗੂਣੀ ਤਨਖਾਹ ਦੇ ਕੇ ਅਤੇ ਸਮੇਂ ਤੋਂ ਵੱਧ ਕੰਮ ਲੈਕੇ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੇ ਹਨ, ਉੱਥੇ ਹੀ ਸਰਕਾਰੀ ਅਦਾਰਿਆਂ ਵਿੱਚ ਵੀ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਹੋਣ ਕਾਰਨ ਅਧਿਆਪਕ ਪੜ੍ਹਾਈ ਕਰਵਾਉਣ ਦੇ ਕਾਰਜ ਨੂੰ ਸਹੀ ਢੰਗ ਨਾਲ ਨੇਪਰੇ ਨਹੀਂ ਚਾੜ੍ਹ ਪਾ ਰਿਹਾ। ਅੱਜ ਦਾ ਅਧਿਆਪਕ ਕਾਗਜ਼ਾਂ ਵਿੱਚ ਤਾਂ ਅਧਿਆਪਕ ਹੀ ਹੈ ਅਤੇ ਸਮਾਜ ਵਿੱਚ ਵੀ ਉਹ ਅਧਿਆਪਕ ਦੇ ਤੌਰ ’ਤੇ ਹੀ ਵਿਚਰਦਾ ਹੈ ਪਰ ਆਪਣੇ ਕਾਰਜ ਖੇਤਰ ਵਿਖੇ ਉਹ ਇੱਕ ਕਲਰਕ, ਇੱਕ ਚਪੜਾਸੀ ਦੇ ਨਾਲ ਨਾਲ ਹੁਣ ਸਫਾਈ ਕਰਮਚਾਰੀ ਦਾ ਰੋਲ ਵੀ ਅਦਾ ਕਰ ਰਿਹਾ ਹੈ।
ਅੱਜ ਦੇ ਡਿਜਿਟਲ ਯੁਗ ਵਿੱਚ ਸਵੇਰੇ ਨੀਂਦ ਖੁੱਲ੍ਹਦੇ ਹੀ ਫੋਨ ’ਤੇ ਨਜ਼ਰ ਪੈਂਦੇ ਸਾਰ ਅਧਿਆਪਕ ਤਣਾਅ ਵਿੱਚ ਆ ਜਾਂਦਾ ਹੈ। ਵਟਸਐਪ ਖੋਲ੍ਹਦੇ ਹੀ ਕਈ ਡਾਕਾਂ ਦੇ ਸੁਨੇਹੇ ਆਏ ਹੁੰਦੇ ਹਨ ਅਤੇ ਉਸਤੋਂ ਵੀ ਵੱਡੀ ਗੱਲ ਇਹ ਲਿਖਿਆ ਹੁੰਦਾ ਹੈ ਕਿ ਇਹ ਸਭ ਸਵੇਰੇ 10 ਵਜੇ ਤਕ ਗੂਗਲ ਸ਼ੀਟ ਵਿੱਚ ਭਰ ਦਿੱਤੇ ਜਾਣ। ਵਿਚਾਰਾ ਅਧਿਆਪਕ ਇਹ ਸੋਚਦਾ ਹੈ ਕਿ ਅੱਜ ਫਿਰ ਉਹ ਬੱਚਿਆਂ ਨੂੰ ਪੜ੍ਹਾਈ ਨਹੀਂ ਕਰਵਾ ਸਕੇਗਾ ਕਿਉਂਕਿ ਉਸਦਾ ਪੁਰਾ ਦਿਨ ਤਾਂ ਇਨ੍ਹਾਂ ਡਾਕਾਂ ਵਿੱਚ ਹੀ ਚਲਾ ਜਾਵੇਗਾ। ਉਸਤੋਂ ਵੀ ਵੱਡੀ ਤਣਾਅ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਸਰਕਾਰ ਅਧਿਆਪਕਾਂ ਨੂੰ ਫਰਜ਼ੀ ਅੰਕੜੇ ਦੇਣ ਲਈ ਮਜਬੂਰ ਕਰਦੀ ਹੈ। ਸਰਕਾਰ ਵਿੱਚ ਬੈਠੇ ਮੰਤਰੀ ਅਤੇ ਉੱਚ ਅਧਿਕਾਰੀ ਆਪਣੀ ਵਾਹ ਵਾਹ ਲਈ ਕਈ ਵਾਰ ਆਮ ਲੋਕਾਂ ਨੂੰ ਰਾਹਤ ਦੇਣ ਦੇ ਨਾਮ ’ਤੇ ਅਜਿਹੇ ਫੈਸਲੇ ਲੈਂਦੇ ਹਨ ਜਿਨ੍ਹਾਂ ਨਾਲ ਅਧਿਆਪਕ ਦੀ ਸਾਖ ਸਮਾਜ ਵਿੱਚ ਖਰਾਬ ਹੁੰਦੀ ਹੈ।
ਕਦੇ ਬੀ ਐੱਲ ਓ ਡਿਊਟੀ ਦੇ ਨਾਮ ’ਤੇ ਅਤੇ ਕਦੇ ਜਨਗਣਨਾ ਜਾਂ ਹੋਰ ਗੈਰ ਵਿੱਦਿਅਕ ਡਿਊਟੀਆਂ ਖਾਤਰ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਰੱਖਣ ਨਾਲ ਪੜ੍ਹਾਈ ਉੱਪਰ ਤਾਂ ਅਸਰ ਪੈਂਦਾ ਹੀ ਹੈ, ਨਾਲ ਹੀ ਵਿਦਿਆਰਥੀ ਵੀ ਆਪ ਮੁਹਾਰੇ ਹੋ ਜਾਂਦੇ ਹਨ। ਵਿਹਲਾ ਦਿਮਾਗ ਸ਼ੈਤਾਨ ਦਾ ਘਰ ਵਾਲੀ ਗੱਲ ਉਦੋਂ ਸੱਚ ਸਾਬਤ ਹੋਣ ਲਗਦੀ ਹੈ ਜਦੋਂ ਪੜ੍ਹਾਈ ਤੋਂ ਸੱਖਣੇ ਵਿਦਿਆਰਥੀਆਂ ਦਾ ਧਿਆਨ ਸ਼ਰਾਰਤਾਂ ਵੱਲ ਹੋਣ ਲਗਦਾ ਹੈ ਅਤੇ ਕਈ ਵਾਰ ਇਸਦੇ ਨਤੀਜੇ ਗੰਭੀਰ ਵੀ ਨਿਕਲਦੇ ਹਨ ਅਤੇ ਇਸਦੀ ਪੂਰੀ ਜ਼ਿੰਮੇਦਾਰੀ ਅਧਿਆਪਕ ਸਿਰ ਪਾ ਦਿੱਤੀ ਜਾਂਦੀ ਹੈ। ਸਰਕਾਰਾਂ ਅਤੇ ਉੱਚ ਅਧਿਕਾਰੀਆਂ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਲੁਕੋਣ ਹਿਤ ਅਤੇ ਕਈ ਵਾਰ ਜ਼ਿਲ੍ਹਾ ਪੱਧਰ ’ਤੇ ਬੈਠੇ ਸਿੱਖਿਆ ਵਿਭਾਗ ਦੇ ਅਫਸਰ ਆਪਣੇ ਅਹੁਦਿਆਂ ਦੀ ਨਾਜਾਇਜ਼ ਵਰਤੋਂ ਕਰਦੇ ਹੋਏ ਸਿਰਫ ਅਖਬਾਰੀ ਅਤੇ ਸੋਸ਼ਲ ਮੀਡੀਆ ਦੀਆਂ ਖਬਰਾਂ ਬਣਨ ਲਈ ਅਤੇ ਸਰਕਾਰ ਦੀਆਂ ਨਜ਼ਰਾਂ ਵਿੱਚ ਆਪ ਮਹਾਨ ਬਣਨ ਲਈ ਸਕੂਲਾਂ ਵਿੱਚ ਪਾਈਆਂ ਜਾਂਦੀਆਂ ਛੋਟੀਆਂ ਮੋਟੀਆਂ ਖਾਮੀਆਂ ਨੂੰ ਮੀਡੀਆ ਵਿੱਚ ਨਸ਼ਰ ਕਰਦੇ ਹਨ ਜਿਸ ਨਾਲ ਜਿੱਥੇ ਅਧਿਆਪਕ ਦਾ ਅਕਸ ਸਮਾਜ ਵਿੱਚ ਖਰਾਬ ਹੁੰਦਾ ਹੈ, ਉੱਥੇ ਹੀ ਉਸਦਾ ਮਨੋਬਲ ਵੀ ਡਿਗਦਾ ਹੈ।
ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ, ਸਫਾਈ ਕਰਮਚਾਰੀਆਂ ਦੇ ਨਾ ਹੋਣ ਕਾਰਨ ਪਹਿਲਾਂ ਹੀ ਅਧਿਆਪਕਾਂ ਉੱਪਰ ਭਾਰੀ ਬੋਝ ਦਾ ਕਾਰਨ ਬਣਿਆ ਹੋਇਆ ਹੈ ਜਿਸ ਕਾਰਨ ਅਧਿਆਪਕ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਸਾਲ ਮੇਰੇ ਹੀ ਇੱਕ ਖੋਜ ਪੱਤਰ, ਜਿਹੜਾ ਕਿ ਇੱਕ ਅੰਤਰਰਾਸ਼ਟਰੀ ਖੋਜ ਰਸਾਲੇ ਵਿੱਚ ਛਪਿਆ ਹੈ, ਵਿੱਚ ਇਹ ਖੁਲਾਸਾ ਹੋਇਆ ਸੀ ਕਿ ਮਾਨਸਿਕ ਤੌਰ ’ਤੇ ਪਰੇਸ਼ਾਨ ਅਧਿਆਪਕ ਦੀ ਕਾਰਜ ਪ੍ਰਣਾਲੀ ਉੱਪਰ ਨਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲਦਾ ਹੈ। 500 ਅਧਿਆਪਕਾਂ ਉੱਪਰ ਕੀਤੀ ਖੋਜ ਨੇ ਦੱਸਿਆ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਤੋਂ ਅਧਿਆਪਕ ਖੁਸ਼ ਨਹੀਂ ਹਨ। ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਸਕੂਲਾਂ ਨੂੰ ਮਿਲ ਰਹੀਆਂ ਗ੍ਰਾਂਟਾਂ ਤੋਂ ਬਹੁਤੇ ਅਧਿਆਪਕ ਖੁਸ਼ ਨਹੀਂ ਹਨ, ਉਲਟਾ ਇਹ ਉਨ੍ਹਾਂ ਵਿੱਚ ਮਾਨਸਿਕ ਤਣਾਅ ਦਾ ਕਾਰਨ ਬਣਦੀਆਂ ਹਨ। ਗ੍ਰਾਂਟਾਂ, ਜੋ ਕੇ ਪਹਿਲਾਂ ਤਾਂ ਸਮੇਂ ਸਿਰ ਜਾਰੀ ਹੀ ਨਹੀਂ ਹੁੰਦੀਆਂ ਅਤੇ ਸਾਲ ਦੇ ਅਖੀਰ ਵਿੱਚ ਉਨ੍ਹਾਂ ਉੱਪਰ ਇਸਨੂੰ ਜਲਦੀ ਖਰਚ ਕਰਨ ਦਾ ਦਬਾਅ ਪਾਇਆ ਜਾਂਦਾ ਹੈ, ਜਿਸ ਕਾਰਨ ਕਈ ਵਾਰ ਗ੍ਰਾਂਟਾਂ ਖਰਚ ਕਰਨ ਵਿੱਚ ਸਰਕਾਰੀ ਨਿਯਮਾਂ ਦੀ ਅਣਦੇਖੀ ਵੀ ਹੋ ਜਾਂਦੀ ਹੈ ਅਤੇ ਕਈ ਵਾਰ ਗਰਾਂਟ ਦੇ ਪੈਸੇ ਦੁਕਾਨਦਾਰ ਦੇ ਖਾਤੇ ਵਿੱਚ ਚਲੇ ਜਾਂਦੇ ਹਨ ਪਰ ਨਾ ਤਾਂ ਉਹ ਜਲਦੀ ਸਾਮਾਨ ਮੁਹਈਆ ਕਰਵਾਉਂਦਾ ਹੈ ਅਤੇ ਨਾ ਹੀ ਬਿੱਲ ਆਦਿ ਦਿੰਦਾ ਹੈ, ਇਸ ਦੌਰਾਨ ਅਧਿਆਪਕ ਕੋਲ ਖਰੀਦ ਕਰਨ ਅਤੇ ਕੁਟੇਸ਼ਨ ਲੈਣ ਦਾ ਵੀ ਸਮਾਂ ਨਹੀਂ ਹੁੰਦਾ।
ਬਹੁਤ ਸਾਰੇ ਅਧਿਆਪਕ ਇਸ ਗੱਲ ਨੂੰ ਮੰਨਦੇ ਹਨ ਕਿ ਗੈਰ ਵਿੱਦਿਅਕ ਕੰਮਾਂ ਕਰਕੇ ਅਤੇ ਸਕੂਲ ਸਮੇਂ ਤੋਂ ਬਾਅਦ ਆ ਰਹੇ ਡਾਕਾਂ ਦੇ ਸੁਨੇਹਿਆਂ ਕਰਕੇ ਉਨ੍ਹਾਂ ਦੀ ਨਿੱਜੀ ਅਤੇ ਪਰਿਵਾਰਿਕ ਜ਼ਿੰਦਗੀ ’ਤੇ ਅਸਰ ਪਿਆ ਹੈ। ਆਪਣੀ ਵਾਹ ਵਾਹੀ ਖਾਤਰ ਕਈ ਵਾਰ ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਉਹ ਜ਼ਿੰਮੇਦਾਰੀਆਂ ਵੀ ਸੌਂਪੀਆ ਜਾਂਦੀਆਂ ਹਨ ਜੋ ਉਨ੍ਹਾਂ ਦੇ ਮਾਤਾ ਪਿਤਾ ਨੇ ਪੂਰੀਆਂ ਕਰਨੀਆਂ ਹੁੰਦੀਆਂ ਹਨ; ਜਿਵੇਂ ਕਿ ਅਧਾਰ ਕਾਰਡ, ਜਨਮ ਪ੍ਰਮਾਣ ਪੱਤਰ ਬਣਵਾਉਣਾ ਜਾਂ ਆਨਲਾਈਨ ਕਰਵਾਉਣਾ। ਸਕੂਲ ਵਿੱਚ ਮਿੱਡ ਡੇ ਮੀਲ ਲਈ ਰਾਸ਼ਨ, ਬਾਲਣ, ਸਬਜ਼ੀ, ਫਲ ਆਦਿ ਦਾ ਪ੍ਰਬੰਧ ਸਭ ਕੁਝ ਅਧਿਆਪਕ ਦੀ ਹੀ ਜ਼ਿੰਮੇਦਾਰੀ ਹੈ। ਇੰਨਾ ਸਭ ਕੁਝ ਕਰਨ ਦੇ ਬਾਅਦ ਵੀ ਅਧਿਆਪਕ ਨੂੰ ਉਹ ਸਤਿਕਾਰ ਨਹੀਂ ਮਿਲ ਰਿਹਾ ਜਿਸਦਾ ਉਹ ਹੱਕਦਾਰ ਹੈ। ਘੱਟੋ ਘੱਟ ਜ਼ਿਲ੍ਹਾ ਪੱਧਰ ਦੇ ਅਧਿਕਾਰੀ, ਜੋ ਕਿ ਸਕੂਲਾਂ ਵਿੱਚੋਂ ਹੀ ਨਿਕਲ ਕੇ ਗਏ ਹੁੰਦੇ ਹਨ, ਇਨ੍ਹਾਂ ਨੂੰ ਆਪ ਵੀ ਆਪਣੇ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਸਮਾਜ ਵਿੱਚ ਵੀ ਇਹ ਸਨਮਾਨ ਬਹਾਲ ਕਰਵਾਉਣਾ ਚਾਹੀਦਾ ਹੈ, ਕਿਸੇ ਛੋਟੀ ਮੋਟੀ ਖਾਮੀ ਨੂੰ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣਾਉਣਾ ਚਾਹੀਦਾ। ਸਰਕਾਰਾਂ ਵਿੱਚ ਬੈਠੇ ਸਿੱਖਿਆ ਵਿਭਾਗ ਨਾਲ ਸੰਬੰਧਿਤ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਇਸ ਵਿਸ਼ੇ ਵੱਲ ਧਿਆਨ ਦੇਣਾ ਹੋਵੇਗਾ ਕਿ ਇੱਕ ਵਿਦਿਆਰਥੀ ਨੂੰ ਚੰਗਾ ਨਾਗਰਿਕ ਬਣਾਉਣ ਹਿਤ ਅਧਿਆਪਕ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਤਾਂ ਜੋ ਉਹ ਸਮੇਂ ਅਤੇ ਪ੍ਰਸਥਿਤੀ ਅਨੁਸਾਰ ਆਪਣੇ ਫੈਸਲੇ ਆਪ ਲੈਕੇ ਅਧਿਆਪਨ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹ ਸਕੇ। ਇਸਦੇ ਨਾਲ ਹੀ ਗੈਰ ਵਿੱਦਿਅਕ ਕੰਮਾਂ ਦਾ ਭਾਰ ਵੀ ਅਧਿਆਪਕਾਂ ਦੇ ਸਿਰ ਤੋਂ ਚੁੱਕਿਆ ਜਾਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































