“ਮਨੁੱਖ ਕਿਉਂਕਿ ਭਾਵਨਾਤਮਕ ਰੂਪ ਵਿੱਚ ਬਹੁਤ ਸੰਵੇਦਨਸ਼ੀਲ ਪ੍ਰਾਣੀ ਹੈ ਅਤੇ ਭਾਵਨਾਵਾਂ ਦੇ ਵੇਗ ...”
(18 ਦਸੰਬਰ 2025)
ਪ੍ਰਸਿੱਧ ਕੁਦਰਤ ਪ੍ਰੇਮੀ ਅਤੇ ਜੀਵ ਵਿਗਿਆਨੀ ਚਾਰਲਸ ਡਾਰਵਿਨ ਦੇ ਅਨੁਸਾਰ ਮਨੁੱਖਾਂ ਦੀ ਉਤਪਤੀ ਲਗਭਗ 20 ਲੱਖ ਸਾਲ ਪਹਿਲਾਂ ਹੋਈ ਸੀ। ਆਪਣੀ ਕਿਤਾਬ “ਦਿ ਡਿਸੈਂਟ ਆਫ ਮੈਨ” ਵਿੱਚ ਉਸਨੇ ਦਲੀਲ ਦਿੱਤੀ ਕਿ ਮਨੁੱਖਾਂ ਅਤੇ ਬਾਂਦਰਾਂ ਦਾ ਇੱਕ ਸਾਂਝਾ ਪੂਰਵਜ ਸੀ ਜੋ ਅਫਰੀਕਾ ਵਿੱਚ ਰਹਿੰਦਾ ਸੀ। ਡਾਰਵਿਨ ਦੇ ਅਨੁਸਾਰ ਮਨੁੱਖ ਕਈ ਪੜਾਵਾਂ ਵਾਲੀ ਇੱਕ ਲੰਬੀ ਵਿਕਾਸਵਾਦੀ ਪ੍ਰਕਿਰਿਆ ਦੇ ਨਤੀਜੇ ਵਜੋਂ ਪੈਦਾ ਹੋਏ ਸਨ। ਇਸਦਾ ਸਾਫ ਮਤਲਬ ਹੈ ਕਿ ਮਨੁੱਖ ਸਿੱਧਾ ਧਰਤੀ ’ਤੇ ਨਹੀਂ ਆਇਆ, ਜਿਸ ਤਰ੍ਹਾਂ ਕਈ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਗਿਆ ਹੈ। ਜੇਕਰ ਗੱਲ ਕਰੀਏ ਧਾਰਮਿਕ ਗ੍ਰੰਥਾਂ ਦੀ ਤਾਂ ਕੋਈ ਵੀ ਗ੍ਰੰਥ ਦੋ ਹਜ਼ਾਰ ਸਾਲ ਤੋਂ ਵੱਧ ਪੁਰਾਣਾ ਨਹੀਂ ਹੈ। ਇਸਦਾ ਮਤਲਬ ਇਹ ਹੈ ਕਿ ਜੋ ਵੀ ਧਰਮ ਹੋਂਦ ਵਿੱਚ ਆਏ, ਉਹ ਸਾਰੇ ਇਸੇ ਹੀ ਸਮੇਂ ਦੇ ਦੌਰਾਨ ਆਏ ਹਨ। ਇਸ ਗੱਲ ਤੋਂ ਇਹ ਤਾਂ ਸਾਫ ਹੋ ਜਾਂਦਾ ਹੈ ਕਿ ਮਨੁੱਖ ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਤਕ ਕਿਸੇ ਵੱਖ ਵੱਖ ਧਰਮ ਵਿੱਚ ਨਹੀਂ ਵੰਡਿਆ ਹੋਇਆ ਸੀ।
ਕੁਝ ਕਿਤਾਬਾਂ ਅਨੁਸਾਰ ਸਭ ਤੋਂ ਪੁਰਾਣਾ ਧਰਮ ਯਹੂਦੀ ਧਰਮ ਹੈ, ਜਿਸਦੀ ਹੋਂਦ ਵੀ ਕੋਈ 3 ਤੋਂ 4 ਹਜ਼ਾਰ ਸਾਲ ਪੁਰਾਣੀ ਹੈ। ਅਗਰ ਇਸ ਗੱਲ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਵੀ ਇਹ ਗੱਲ ਸਾਫ ਹੁੰਦੀ ਹੈ ਕਿ ਮਨੁੱਖ ਜਾਤੀ ਦੀ ਉਤਪਤੀ ਕਿਸੇ ਵਿਸ਼ੇਸ਼ ਧਰਮ ਵਿੱਚ ਨਹੀਂ ਹੋਈ, ਇਹ ਸਭ ਧਰਮ ਬਾਅਦ ਵਿੱਚ ਹੋਂਦ ਵਿੱਚ ਆਏ। ਜਿਸ ਸਮੇਂ ਦੌਰਾਨ ਵੱਖ ਵੱਖ ਧਾਰਮਿਕ ਗ੍ਰੰਥ ਲਿਖੇ ਗਏ, ਉਸ ਦੌਰਾਨ ਉਸ ਖੇਤਰ ਦੇ ਲੋਕ ਜਿੱਥੇ ਇਹ ਗ੍ਰੰਥ ਲਿਖੇ ਗਏ, ਉਸ ਗ੍ਰੰਥ ਅਨੁਸਾਰ ਆਪਣੇ ਆਪ ਨੂੰ ਉਸਦਾ ਅਨੁਯਾਈ ਮੰਨਣ ਲੱਗ ਗਏ ਅਤੇ ਇਸ ਤਰ੍ਹਾਂ ਵੱਖ ਵੱਖ ਖੇਤਰਾਂ ਦੇ ਹਿਸਾਬ ਨਾਲ ਧਰਮ ਹੋਂਦ ਵਿੱਚ ਆਏ। ਹਿੰਦੂ ਧਰਮ ਦਾ ਨਾਮਕਰਨ ਸਿੰਧੂ ਨਦੀ ਕਿਨਾਰੇ ਵਸੇ ਕਬੀਲੇ ਕਾਰਨ ਹੋਇਆ ਅਤੇ ਯਹੂਦੀ ਧਰਮ ਦਾ ਨਾਮ ਯਹੂਦਾ ਜੋ ਕੇ ਇਜ਼ਰਾਇਲੀ ਜਨਜਾਤੀ ਨਾਲ ਸਬੰਧ ਰੱਖਦਾ ਸੀ ਦੇ ਨਾਮ ’ਤੇ ਹੋਇਆ।
ਇੱਕ ਗੱਲ ਪੱਕੀ ਹੈ ਕਿ ਜਿੱਥੇ ਧਰਮ ਦੀ ਗੱਲ ਹੁੰਦੀ ਹੈ, ਉੱਥੇ ਵਿਗਿਆਨ ਅਤੇ ਵਿਗਿਆਨਕ ਸੋਚ ਨਾਦਾਰਦ (ਗਾਇਬ) ਰਹਿੰਦੀ ਹੈ। ਇਹੀ ਕਾਰਨ ਹੈ ਕਿ ਹਰ ਇੱਕ ਧਾਰਮਿਕ ਗ੍ਰੰਥ ਨੇ ਮਨੁੱਖ ਨੂੰ ਵਿਕਾਸਵਾਦੀ ਪ੍ਰਕਿਰਿਆ ਤੋਂ ਪੈਦਾ ਹੋਇਆ ਨਾ ਦਰਸਾ ਕੇ ਉਸਦੀ ਉਤਪਤੀ ਇੱਕ ਦੈਵੀ ਸ਼ਕਤੀਆਂ ਰਾਹੀਂ ਹੋਈ ਦਰਸਾਈ। ਇਹ ਉਹ ਸਮਾਂ ਸੀ ਜਦੋਂ ਸਿੱਖਿਆ ਦਾ ਅਧਿਕਾਰ ਸਿਰਫ ਰਾਜ ਕਰ ਰਹੇ ਲੋਕਾਂ ਕੋਲ ਸੀ ਜਾਂ ਫਿਰ ਸਿਰਫ ਇੱਕ ਖ਼ਾਸ ਫਿਰਕੇ ਕੋਲ ਸੀ। ਅਨਪੜ੍ਹਤਾ ਕਾਰਨ ਬਹੁਤ ਵੱਡੀ ਗਿਣਤੀ ਲੋਕਾਂ ਨੂੰ ਅੰਧਵਿਸ਼ਵਾਸ ਵਿੱਚ ਧਕੇਲਣਾ ਬਹੁਤ ਸੌਖਾ ਹੋ ਗਿਆ। ਉਸ ਸਮੇਂ ਦੌਰਾਨ ਜੋ ਵੀ ਰਾਜ ਦਰਬਾਰ ਵੱਲੋਂ ਗੱਲ ਕਹੀ ਜਾਂਦੀ, ਉਸ ਨੂੰ ਆਮ ਲੋਕਾਂ ਨੂੰ ਮੰਨਣ ਲਈ ਪਾਬੰਦ ਹੋਣਾ ਪੈਂਦਾ।
ਗਿਆਨ ਅਤੇ ਵਿਗਿਆਨ ਦੀ ਘਾਟ ਕਾਰਨ ਲੋਕਾਂ ਦੇ ਮਨਾਂ ਵਿੱਚ ਸਰੀਰਕ ਤੌਰ ’ਤੇ ਪੈਦਾ ਹੋ ਰਹੇ ਰੋਗਾਂ ਨੂੰ ਅਤੇ ਕੁਦਰਤੀ ਆਫਤਾਂ ਨੂੰ ਲੈ ਕੇ ਡਰ ਪੈਦਾ ਕੀਤਾ ਗਿਆ ਅਤੇ ਦੈਵੀ ਸ਼ਕਤੀਆਂ ਦੇ ਨਰਾਜ਼ ਹੋਣ ਨੂੰ ਕਾਰਨ ਦੱਸਿਆ ਗਿਆ। ਮਨੁੱਖ ਇੱਕ ਮਾਤਰ ਅਜਿਹਾ ਪ੍ਰਾਣੀ ਹੈ ਜੋ ਮੌਤ ਤੋਂ ਸਭ ਤੋਂ ਵੱਧ ਡਰਦਾ ਹੈ। ਇਸੇ ਮੌਤ ਦੇ ਡਰ ਨੇ ਮਨੁੱਖ ਨੂੰ ਨਾ ਵਿਖਾਈ ਦੇਣ ਵਾਲੀਆਂ ਸ਼ਕਤੀਆਂ ਨੂੰ ਮੰਨਣ ਅਤੇ ਉਸਦੀ ਪੂਜਾ ਕਰਨ ਲਈ ਤਿਆਰ ਕੀਤਾ। ਇਹ ਪੂਜਾ ਵੀ ਇੱਕ ਖ਼ਾਸ ਸਮੂਹ ਦੇ ਲੋਕ ਹੀ ਕਰ ਸਕਦੇ ਸਨ, ਜਿਨ੍ਹਾਂ ਨੂੰ ਬਦਲੇ ਵਿੱਚ ਚੰਗੀ ਦਾਨ ਦਕਸ਼ਣਾ ਦੇਣ ਦਾ ਰਿਵਾਜ਼ ਪ੍ਰਚਲਿਤ ਹੋਇਆ। ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਕੇ ਦਾਨ ਇਕੱਠਾ ਕਰਨਾ ਇੱਕ ਬਹੁਤ ਵਧੀਆ ਕੰਮ ਬਹੁਤ ਸਾਰੇ ਲੋਕਾਂ ਨੂੰ ਰਾਸ ਆਉਣ ਲੱਗਾ। ਲੋਕਾਂ ਵਿੱਚ ਹੋਰ ਵੀ ਜ਼ਿਆਦਾ ਡਰ ਦਾ ਮਾਹੌਲ ਬਣਿਆ ਰਹੇ, ਇਸ ਮੰਤਵ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਨ੍ਹਾਂ ਵਿੱਚ ਭੂਤ, ਪ੍ਰੇਤ, ਜਿੰਨ ਅਤੇ ਬੁਰੀ ਆਤਮਾ ਵਰਗੀਆਂ ਗੱਲਾਂ ਫੈਲਾਈਆਂ ਜਾਣ ਲੱਗੀਆਂ।
ਰਾਜ ਕਰਨ ਵਾਲਿਆਂ ਲਈ ਇੱਕ ਦਿੱਕਤ ਇਹ ਸੀ ਕਿ ਲੋਕਾਂ ਦੀ ਭਾਈਚਾਰਕ ਸਾਂਝ ਕਾਰਨ ਅਕਸਰ ਉਹਨਾਂ ਖਿਲਾਫ ਬਗਾਵਤੀ ਸੁਰਾਂ ਉੱਠਣ ਲੱਗਦੀਆਂ। ਇਸਦਾ ਤੋੜ ਲੱਭਣ ਲਈ ਧਾਰਮਿਕ ਆਗੂਆਂ ਦਾ ਸਹਾਰਾ ਲਿਆ ਗਿਆ, ਜਿਨ੍ਹਾਂ ਨੇ ਲੋਕਾਂ ਨੂੰ ਆਪਸ ਵਿੱਚ ਵੰਡਣ ਲਈ ਵੱਖ ਵੱਖ ਫਿਰਕੇ ਹੋਂਦ ਵਿੱਚ ਲਿਆਂਦੇ, ਜੋ ਕੇ ਬੇਸ਼ਕ ਉਸ ਵੇਲੇ ਕੰਮ ਦੇ ਅਧਾਰ ’ਤੇ ਸਨ ਪਰ ਬਾਅਦ ਵਿੱਚ ਇਹੀ ਫਿਰਕੇ ਜਾਤਾਂ ਦਾ ਰੂਪ ਲੈ ਗਏ ਅਤੇ ਸਮਾਜ ਵਿੱਚ ਵੰਡ ਦਾ ਕਾਰਨ ਬਣੇ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਕਾਰਨ ਵੀ।
ਦੇਖਣ ਵਿੱਚ ਆਇਆ, ਜਿੱਥੇ ਧਾਰਮਿਕ ਗ੍ਰੰਥਾਂ ਵਿੱਚ ਆਪਸੀ ਪ੍ਰੇਮ ਤੇ ਭਾਈਚਾਰਕ ਸਾਂਝ ਦੀ ਗੱਲ ਲਿਖੀ ਗਈ, ਉੱਥੇ ਹੀ ਆਪਣੀ ਤਾਕਤ ਨੂੰ ਵਧਾਉਣ ਲਈ ਅਤੇ ਆਪਣੇ ਰਾਜ ਭਾਗ ਨੂੰ ਵੱਡਾ ਕਰਨ ਲਈ ਆਪਣੇ ਧਰਮ ਦੇ ਲੋਕਾਂ ਨੂੰ ਦੂਸਰੇ ਧਰਮ ਲਈ ਲੋਕਾਂ ਖਿਲਾਫ ਭੜਕਾਇਆ ਜਾਣ ਲੱਗਾ। ਧਰਮਾਂ ਵਿੱਚ ਨਫਰਤ ਪੈਦਾ ਕੀਤੀ ਜਾਣ ਲੱਗੀ। ਜਿੱਦਾਂ ਜਿੱਦਾਂ ਸਮਾਂ ਅੱਗੇ ਵਧਦਾ ਗਿਆ, ਲੋਕਾਂ ’ਤੇ ਰਾਜ ਕਰਨ ਲਈ ਅਤੇ ਆਪਣੇ ਖਿਲਾਫ ਉੱਠਦੀ ਬਗਾਵਤ ਨੂੰ ਦਬਾਉਣ ਲਈ ਧਰਮ ਸਭ ਤੋਂ ਵਧੀਆ ਅਤੇ ਕਾਰਗਰ ਅਸਤਰ ਸਾਬਤ ਹੋਣ ਲੱਗਾ। ਮਨੁੱਖ ਕਿਉਂਕਿ ਭਾਵਨਾਤਮਕ ਰੂਪ ਵਿੱਚ ਬਹੁਤ ਸੰਵੇਦਨਸ਼ੀਲ ਪ੍ਰਾਣੀ ਹੈ ਅਤੇ ਭਾਵਨਾਵਾਂ ਦੇ ਵੇਗ ਵਿੱਚ ਵਹਿ ਕੇ ਕੁਝ ਵੀ ਕਰਨ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ, ਇਸੇ ਗੱਲ ਦਾ ਫਾਇਦਾ ਚੁੱਕ ਕੇ ਹਾਕਮ ਲੋਕ ਆਪਣੇ ਰਾਜਭਾਗ ਨੂੰ ਸੁਰੱਖਿਅਤ ਰੱਖਣ ਲਈ ਅਤੇ ਲੋਕਾਂ ਦੇ ਧਿਆਨ ਤੋਂ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਧਰਮ ਦਾ ਸਹਾਰਾ ਲੈ ਕੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਉਣ ਦਾ ਕੰਮ ਕਰਦੇ ਰਹੇ ਹਨ। ਧਰਮ ਪੈਸਾ ਕਮਾਉਣ ਅਤੇ ਜਾਇਦਾਦ ਬਣਾਉਣ ਦਾ ਸਭ ਤੋਂ ਵਧੀਆ ਸਾਧਨ ਸਾਬਤ ਹੋਇਆ ਹੈ। ਧਰਮ ਦੇ ਨਾਮ ’ਤੇ ਆਪਣੀ ਮਿਹਨਤ ਦੀ ਕਮਾਈ ਨੂੰ ਧਾਰਮਿਕ ਅਸਥਾਨਾਂ ਦੇ ਹਵਾਲੇ ਕਰ ਦੇਣਾ, ਇਸ ਗੱਲ ਦਾ ਫਾਇਦਾ ਬਹੁਤ ਸਾਰੇ ਆਪੇ ਬਣੇ ਅਖੌਤੀ ਸਾਧਾਂ ਨੇ ਲਿਆ ਹੈ ਅਤੇ ਕਰੋੜਾਂ ਦੇ ਮਾਲਕ ਬਣਕੇ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਪਹਿਲਾਂ ਦੀ ਤਰ੍ਹਾਂ ਅੱਜ ਵੀ ਹਾਲਾਤ ਇਹ ਹਨ ਕੇ ਅਖੌਤੀ ਸਾਧ ਅਤੇ ਰਾਜਨੇਤਾ ਆਮ ਲੋਕਾਂ ਨੂੰ ਜਾਂ ਤਾਂ ਇਤਿਹਾਸ ਪੜ੍ਹਨ ਹੀ ਨਹੀਂ ਦਿੰਦੇ ਜਾਂ ਫਿਰ ਤੋੜ ਮਰੋੜ ਕੇ ਪੇਸ਼ ਕਰਦੇ ਹਨ। ਧਾਰਮਿਕ ਗ੍ਰੰਥਾਂ ਵਿਚਲੀਆਂ ਗੱਲਾਂ ਜੋ ਕੇ ਆਮ ਸੌਖੀ ਭਾਸ਼ਾ ਵਿੱਚ ਨਹੀਂ ਹਨ ਦੇ ਸਹੀ ਅਰਥ ਲੋਕਾਂ ਤਕ ਨਹੀਂ ਦੱਸਦੇ। ਮਤਲਬ ਸਿਰਫ ਇੱਕ ਹੀ ਹੈ ਕਿ ਕਿਤੇ ਲੋਕ ਜਾਗਰੂਕ ਨਾ ਹੋ ਜਾਣ ਅਤੇ ਉਹਨਾਂ ਨੂੰ ਇਸ ਗੱਲ ਦੀ ਭਿਣਕ ਨਾ ਪੈ ਜਾਵੇ ਕਿ ਅਸਲ ਵਿੱਚ ਸੰਸਾਰ ਵਿੱਚ ਸਿਰਫ ਤੇ ਸਿਰਫ ਇੱਕ ਹੀ ਧਰਮ ਹੈ ਤੇ ਉਹ ਹੈ ਮਨੁੱਖਤਾ ਦਾ ਧਰਮ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (