“ਆਈਲੈਟਸ ਨੂੰ ਇੱਕ ਡਿਗਰੀ ਦੀ ਤਰ੍ਹਾਂ ਪੇਸ਼ ਕੀਤਾ ਜਾਣ ਲੱਗਾ ਤੇ ਸਭ ਤੋਂ ਵੱਧ ਇਸ ਜਾਲ ਵਿੱਚ ਕੁੜੀਆਂ ਨੂੰ ...”
(28 ਨਵੰਬਰ 2024)
ਪੰਜਾਬ ਵੀਰਾਂ ਤੇ ਪੀਰਾਂ ਦੀ ਧਰਤੀ, ਜਿੱਥੋਂ ਦੀ ਭਗਤੀ ਵੀ ਤੇ ਸ਼ਕਤੀ ਵੀ ਮਸ਼ਹੂਰ ਹੈ, ਉੱਤੇ ਆਪਣੀ ਇਸ ਵਿਲੱਖਣ ਪਛਾਣ ਬਣਾਈ ਰੱਖਣ ਲਈ ਇੱਕ ਸਮੇਂ ਪੰਜਾਬ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ। ਇਹ ਮੋਰਚਾ ਪਹਿਲਾਂ ਤਾਂ ਰਾਜਾਂ ਦੀ ਖੁਦਮੁਖਤਿਆਰੀ ਨੂੰ ਲੈ ਕੇ ਸ਼ੁਰੂ ਹੋਇਆ ਅਤੇ ਫਿਰ ਹੌਲੀ ਹੌਲੀ ਇੱਕ ਵੱਖਰੇ ਮੁਲਕ ਦੀ ਮੰਗ ਉੱਠਣ ਲੱਗ ਪਈ। ਵੱਖਰਾ ਮੁਲਕ ਇਸ ਲਈ ਕਿ ਆਪਣੀ ਵੱਖਰੀ ਪਛਾਣ ਕਾਇਮ ਰੱਖੀ ਜਾ ਸਕੇ। ਇਸ ਸੰਘਰਸ਼ ਵਿੱਚ ਹਜ਼ਾਰਾਂ ਵਿੱਚ ਪੰਜਾਬੀਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ। ਲਗਭਗ ਇੱਕ ਦਹਾਕੇ ਤੋਂ ਵੱਧ ਚੱਲੇ ਕਾਲ਼ੇ ਦੌਰ ਦੀ ਇੱਕ ਖ਼ਾਸ ਗੱਲ ਇਹ ਸੀ ਕਿ ਪੰਜਾਬ ਵਿੱਚੋਂ ਪੰਜਾਬੀਅਤ ਖਤਮ ਨਹੀਂ ਹੋਈ, ਭਾਈਚਾਰਕ ਸਾਂਝ ਲੋਕਾਂ ਵਿੱਚ ਬਣੀ ਰਹੀ। ਚਾਹੇ ਕੋਈ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਦਾ ਹੋਵੇ ਪਰ ਆਪਸ ਵਿੱਚ ਨਫ਼ਰਤ ਦੀ ਭਾਵਨਾ ਵਿਖਾਈ ਨਹੀਂ ਦਿੱਤੀ। ਇਹ ਸਿਰਫ ਪੰਜਾਬ ਵਿੱਚ ਹੀ ਹੋ ਸਕਦਾ ਸੀ ਜਦੋਂ ਕਿ ਬਾਕੀ ਸੂਬਿਆਂ ਵਿੱਚ ਧਰਮ ਦੇ ਨਾਮ ’ਤੇ ਫਿਰਕਾਪ੍ਰਸਤੀ ਤੇ ਨਫਰਤ ਵੇਖਣ ਨੂੰ ਮਿਲ ਰਹੀ ਸੀ। ਇਸੇ ਕਰਕੇ ਹੀ 1984 ਵਿੱਚ ਇੱਕ ਵੱਡੇ ਲੀਡਰ ਦੀ ਮੌਤ ਤੋਂ ਬਾਅਦ ਹੋਇਆ ਕਤਲੇਆਮ ਸੀ ਪਰ ਉਸ ਨਫ਼ਰਤ ਦੀ ਹਨੇਰੀ ਵਿੱਚ ਵੀ ਪੰਜਾਬ ਨੇ ਆਪਣੀ ਪੰਜਾਬੀਅਤ ਤੇ ਇਨਸਾਨੀਅਤ ਦਾ ਜੋ ਸਬੂਤ ਦਿੱਤਾ, ਉਹ ਕਾਬੀਲੇ ਤਾਰੀਫ਼ ਸੀ ਤੇ ਇਸਦੀ ਮਿਸਾਲ ਯੁੱਗਾਂ ਯੁੱਗਾਂ ਤਕ ਦਿੱਤੀ ਜਾਂਦੀ ਰਹੇਗੀ। ਸ਼ਾਇਦ ਇਹ ਭਾਈਚਾਰਕ ਸਾਂਝ ਕੁਝ ਰਾਕਸ਼ੀ ਸ਼ਕਤੀਆਂ ਦੀ ਬਰਦਾਸ਼ਤ ਤੋਂ ਬਾਹਰ ਸੀ ਤੇ ਇਸ ਸਾਂਝ ਨੂੰ ਤੋੜਨ ਤੇ ਪੰਜਾਬ ਤੇ ਪੰਜਾਬੀਅਤ ਨੂੰ ਖਤਮ ਕਰਨ ਲਈ ਤਾਕਤ ਦੀ ਜਗ੍ਹਾ ਕੂਟਨੀਤੀ ਦੀ ਵਰਤੋਂ ਕਰਨਾ ਜ਼ਿਆਦਾ ਕਾਰਗਰ ਸਾਬਤ ਰਿਹਾ। ਪੰਜਾਬ ਦੀਆਂ ਦੋਖੀ ਸ਼ਕਤੀਆਂ ਜਾਣਦੀਆਂ ਹਨ ਕੇ ਪੰਜਾਬ ਨੂੰ ਤਾਕਤ ਦੇ ਜ਼ੋਰ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਥੇ ਹਰ ਧਰਮ ਦੂਸਰੇ ਧਰਮ ਦੀ ਇੱਜ਼ਤ ਕਰਦਾ ਹੈ ਤੇ ਪੰਜਾਬੀ ਲੜ ਕੇ ਸ਼ਹੀਦੀਆਂ ਪ੍ਰਾਪਤ ਕਰਨ ਵਿੱਚ ਹਮੇਸ਼ਾ ਮੋਹਰੀ ਰਹੇ ਹਨ।
ਪੰਜਾਬੀਆਂ ਨੂੰ ਖਤਮ ਕਰਨ ਲਈ ਉਹਨਾਂ ਦੇ ਕਿੱਤੇ ਨੂੰ ਘਾਟੇ ਵਾਲਾ ਸੌਦਾ ਬਣਾ ਕੇ ਤੇ ਫਿਰ ਲਾਲਚ ਦੇ ਕੇ ਜ਼ਮੀਨ ਵਿਹੂਣੇ ਕਰਨਾ ਇੱਕ ਕੂਟਨੀਤੀ ਦਾ ਹਿੱਸਾ ਰਿਹਾ ਹੈ। ਚੰਡੀਗੜ੍ਹ ਦੇ ਨੇੜੇ ਜ਼ਮੀਨਾਂ ਦੇ ਭਾਅ ਕਰੋੜਾਂ ਰੁਪਏ ਤਕ ਇੱਕ ਸਾਜ਼ਿਸ਼ ਅਧੀਨ ਵਧਾਏ ਗਏ। ਕਿਸਾਨ ਵੀਰਾਂ ਨੇ ਲਾਲਚ ਵਿੱਚ ਆ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਮੋਹਾਲੀ ਵਿੱਚ ਮਹਿੰਗੀਆਂ ਕੋਠੀਆਂ ਅਤੇ ਮਹਿੰਗੀਆਂ ਕਾਰਾਂ ਦੀ ਖਰੀਦ ਕਰਨੀ ਸ਼ੁਰੂ ਕਰ ਦਿੱਤੀ। ਕੁਝ ਕਿਸਾਨ ਵੀਰ ਨਵਾਂਸ਼ਹਿਰ ਤੇ ਹੁਸ਼ਿਆਰਪੁਰ ਵੱਲ ਜ਼ਮੀਨ ਖਰੀਦਣ ਲਈ ਆਉਣ ਲੱਗੇ ਤੇ ਇੱਥੋਂ ਦੇ ਕਿਸਾਨਾਂ ਨੇ ਵੀ ਮਹਿੰਗੇ ਮੁੱਲ ’ਤੇ ਜ਼ਮੀਨਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਪੈਸੇ ਦੀ ਆਮਦ ਨੇ ਲੋਕਾਂ ਨੂੰ ਵਿਹਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਤੋਂ ਦੂਰ। ਇੱਕ ਹੋਰ ਸਾਜ਼ਿਸ਼ ਤਹਿਤ ਰਿਹਾਇਸ਼ੀ ਪਲਾਟਾਂ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਵਾਧਾ ਦੇਖਣ ਨੂੰ ਮਿਲਣ ਲੱਗਾ। ਲੋਕਾਂ ਨੇ ਪਲਾਟ ਦਾ ਬਿਆਨਾਂ ਕਰਕੇ ਅਗਲੇ ਦਿਨ ਇੱਕ ਭਾਰੀ ਰਕਮ ਕਮਾ ਕੇ ਮਹਿੰਗੇ ਮੁੱਲ ਅੱਗੇ ਵੇਚ ਦੇਣਾ, ਬਿਆਨੇ ਤੇ ਬਿਆਨਾ ਹੋਣ ਲੱਗਾ। ਜੋ ਲੋਕ ਰੀਅਲ ਅਸਟੇਟ ਨਾਲ ਜੁੜ ਗਏ, ਕੁਝ ਦਿਨਾਂ ਵਿੱਚ ਹੀ ਅਮੀਰ ਹੋਣ ਲੱਗੇ। ਲੋਕਾਂ ਦਾ ਰੁਝਾਨ IAS, PCS ਵੱਲ ਨਾ ਹੋ ਕੇ ਰੀਅਲ ਅਸਟੇਟ ਏਜੰਟ ਬਣਨ ਵੱਲ ਜ਼ਿਆਦਾ ਹੋ ਗਿਆ। ਆਲੀਸ਼ਾਨ ਦਫਤਰ, ਲਗਜ਼ਰੀ ਗੱਡੀਆਂ, ਪਾਰਟੀਆਂ ਅਤੇ ਫਿਰ ਵੱਡੇ ਤੇ ਮਹਿੰਗੇ ਮੈਰਿਜ ਪੈਲੇਸਾਂ, ਹੋਟਲਾਂ ਦੇ ਵਿੱਚ ਵਿਆਹ ਤੇ ਪਾਰਟੀਆਂ ਪੰਜਾਬ ਦਾ ਸੱਭਿਆਚਾਰ ਬਣਨ ਲੱਗਾ।
ਪੈਸਿਆਂ ਦੀ ਆਮਦ ਨੇ ਪੰਜਾਬੀਆਂ ਦਾ ਵਿਦੇਸ਼ ਜਾਣ ਦਾ ਸੁਪਨਾ ਵੀ ਸਾਕਾਰ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਇੱਕ ਸਾਜ਼ਿਸ਼ ਦਾ ਹੀ ਹਿੱਸਾ ਹੈ। ਪੰਜਾਬੀ ਨੌਜਵਾਨ ਨੂੰ ਇਹ ਦੱਸਿਆ ਜਾਣ ਲੱਗਾ ਕਿ ਉਸਦਾ ਭਵਿੱਖ ਸਿਰਫ ਵਿਦੇਸ਼ੀ ਧਰਤੀ ’ਤੇ ਹੀ ਵਧੀਆ ਬਣ ਸਕਦਾ ਹੈ ਤੇ ਫਿਰ ਧੜਾਧੜ ਖੁੱਲ੍ਹਣ ਲੱਗੇ ਆਈਲੈਟਸ ਸੈਂਟਰ ਤੇ ਵੀਜ਼ਾ ਲਗਵਾਉਣ ਵਾਲਿਆਂ ਦੇ ਆਲੀਸ਼ਾਨ ਦਫਤਰ ਜੋ ਕੇ ਜ਼ਿਆਦਾਤਰ ਚੰਡੀਗੜ੍ਹ ਅਤੇ ਮੋਹਾਲੀ ਵਰਗੇ ਸ਼ਹਿਰਾਂ ਵਿੱਚ ਹੀ ਸਨ। ਬਾਅਦ ਵਿੱਚ ਇਹ ਪੂਰੇ ਪੰਜਾਬ ਵਿੱਚ ਫੈਲ ਗਏ। ਆਈਲੈਟਸ ਨੂੰ ਇੱਕ ਡਿਗਰੀ ਦੀ ਤਰ੍ਹਾਂ ਪੇਸ਼ ਕੀਤਾ ਜਾਣ ਲੱਗਾ ਤੇ ਸਭ ਤੋਂ ਵੱਧ ਇਸ ਜਾਲ ਵਿੱਚ ਕੁੜੀਆਂ ਨੂੰ ਫਸਾਇਆ ਜਾਣ ਲੱਗਾ। ਕੁੜੀਆਂ ਦੇ ਮਨ ਵਿੱਚ ਇਹ ਗੱਲ ਭਰੀ ਜਾਣ ਲੱਗੀ ਕਿ ਇੱਕ ਵਾਰ ਆਈਲੈਟਸ ਵਿੱਚ ਬੈਂਡ ਲੈ ਆਉ ਤੇ ਫਿਰ ਕਿਸੇ ਅਮੀਰ ਘਰ ਦੇ ਮੁੰਡੇ ਤੋਂ ਪੈਸੇ ਲਗਵਾ ਕੇ ਬਾਹਰ ਚਲੀਆਂ ਜਾਵੋ। ਇਹ ਇੱਕ ਅਜਿਹੀ ਸਾਜ਼ਿਸ਼ ਸੀ ਜਿਸ ਵਿੱਚ ਪੰਜਾਬੀ ਮੁੰਡਿਆਂ ਨੂੰ ਆਪਣੇ ਵਿਦੇਸ਼ ਜਾਣ ਦੇ ਸੁਪਨੇ ਸੌਖੇ ਹੀ ਪੂਰੇ ਹੁੰਦੇ ਨਜ਼ਰ ਆਉਣ ਲੱਗੇ। ਆਈਲੈਟਸ ਕੁੜੀਆਂ ਨਾਲ ਸੌਦੇ ਹੋਣ ਲੱਗੇ ਤੇ ਜਾਤੀ ਬੰਧਨ ਵੀ ਖਤਮ ਹੋਣ ਲੱਗ ਗਿਆ। ਸਾਜ਼ਿਸ਼ ਇੱਥੇ ਹੀ ਖਤਮ ਨਹੀਂ ਹੋਈ, ਸਾਜ਼ਿਸ਼ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦੀ ਵੀ ਹੋਈ। ਚਾਚੇ, ਤਾਏ, ਮਾਮੇ ਭੂਆ ਦੇ ਨਿਆਣਿਆਂ ਤੋਂ ਲੈ ਕੇ ਮਾਸੀਆਂ ਤੇ ਇੱਥੋਂ ਤਕ ਕਿ ਸਕੇ ਭੈਣ ਭਰਾ ਦੇ ਵਿਆਹ ਸਿਰਫ ਵਿਦੇਸ਼ ਜਾਣ ਲਈ ਹੋਏ। ਇਹ ਸਾਜ਼ਿਸ਼ ਦਾ ਹੀ ਹਿੱਸਾ ਸੀ ਕਿ ਧੜਾਧੜ ਖੁੱਲ੍ਹ ਰਹੇ ਆਈਲੈਟਸ ਸੈਂਟਰ ਅਤੇ ਵਿਜਾ ਲਗਵਾਉਣ ਵਾਲੇ ਸੈਂਟਰ ਬਿਨਾਂ ਕਿਸੇ ਤੈਅ ਸ਼ੁਦਾ ਮਾਪਦੰਡਾਂ ਦੇ ਆਪਣੀਆਂ ਦੁਕਾਨਾਂ ਖੋਲ੍ਹਦੇ ਰਹੇ ਤੇ ਪੈਸਾ ਬਟੋਰਦੇ ਰਹੇ ਤੇ ਭੋਲੇ ਭਾਲੇ ਪੰਜਾਬੀਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਦਾ ਕੰਮ ਕਰਦੇ ਰਹੇ। ਸਰਕਾਰਾਂ ਦਾ ਇਹਨਾਂ ਦੀ ਪਿੱਠ ’ਤੇ ਪੂਰਾ ਥਾਪੜਾ ਰਿਹਾ ਹੈ ਤੇ ਅੱਜ ਵੀ ਹੈ।
ਇਸ ਸਾਜ਼ਿਸ਼ ਦਾ ਪੂਰਾ ਫਾਇਦਾ ਕੈਨੇਡਾ, ਆਸਟ੍ਰੇਲੀਆ, ਬ੍ਰਿਟੇਨ, ਨਿਊਜ਼ੀਲੈਂਡ ਵਰਗੇ ਦੇਸ਼ਾਂ ਨੇ ਉਠਾਇਆ। ਭਾਰਤੀ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਧਰਤੀ ’ਤੇ ਪੜ੍ਹਨ ਦੀ ਖੁੱਲ੍ਹ, ਕੰਮ ਕਰਨ ਦੀ ਖੁੱਲ੍ਹ ਤੇ ਹੌਲੀ ਹੌਲੀ ਮਾਪਦੰਡਾਂ ਵਿੱਚ ਢਿੱਲ ਦੇ ਕੇ ਹੋਰ ਜ਼ਿਆਦਾ ਆਪਣੇ ਵੱਲ ਖਿੱਚਣ ਦੀ ਦੌੜ। ਫਾਇਦਾ ਉਹਨਾਂ ਸਰਕਾਰਾਂ ਦਾ ਹੋਇਆ, ਇੱਕ ਤਾਂ ਪੰਜਾਬੀ ਆਪਣਾ ਪੈਸੇ ਵਿਦੇਸ਼ ਲੈ ਕੇ ਜਾਣ ਲੱਗੇ ਤੇ ਉੱਪਰੋਂ ਸਸਤੀ ਤੇ ਮਿਹਨਤੀ ਲੇਬਰ ਵੀ ਉਹਨਾਂ ਦੇਸ਼ਾਂ ਨੂੰ ਮਿਲਣ ਲੱਗ ਗਈ। ਇਹਨਾਂ ਦੇਸ਼ਾਂ ਦੀ ਜੀ ਡੀ ਪੀ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਪੰਜਾਬੀਆਂ ਦਾ ਹੈ। ਉਹ ਦੇਸ਼ ਮਾਲਾਮਾਲ ਹੁੰਦੇ ਗਏ ਤੇ ਪੰਜਾਬ ਖਾਲੀ ਗਿਆ।
ਸਾਜ਼ਿਸ਼ ਤਾਂ ਇਸ ਤੋਂ ਵੀ ਅੱਗੇ ਤੁਰਦੀ ਹੈ। ਸਰਕਾਰਾਂ ਨੇ ਮੁਫ਼ਤ ਰਾਸ਼ਨ ਦੇ ਨਾਮ ’ਤੇ ਗਰੀਬ ਪਰਿਵਾਰ ਵਿਹਲੇ ਕਰ ਦਿੱਤੇ। ਪੰਜਾਬੀ ਦਿਹਾੜੀਆਂ ਕਰਨ ਤੋਂ ਕੰਨੀ ਕਤਰਾਉਣ ਲੱਗੇ। ਵਿਹਲੜਪੁਣੇ ਨੇ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਵੱਲ ਖਿੱਚਿਆ। ਪੰਜਾਬ ਵਿੱਚ ਲੇਬਰ ਦੇ ਨਾਮ ’ਤੇ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦਾ ਆਉਣਾ ਸ਼ੁਰੂ ਹੋਇਆ। ਸਰਕਾਰਾਂ ਵੱਲੋਂ ਇਹਨਾਂ ਨੂੰ ਇੱਥੇ ਕਾਰੋਬਾਰ ਦੀ ਖੁੱਲ੍ਹ, ਇਹਨਾਂ ਦੇ ਵੋਟ, ਅਧਾਰ ਕਾਰਡ ਬਣਾਉਣ ਦੀ ਖੁੱਲ੍ਹ ਦੇ ਨਾਲ ਨਾਲ ਮੁਫ਼ਤ ਰਾਸ਼ਨ ਅਤੇ ਬਿਜਲੀ ਵਰਗੀਆਂ ਸਹੂਲਤਾਂ ਨੇ ਇਹਨਾਂ ਦੀ ਆਮਦ ਵਿੱਚ ਚੋਖਾ ਵਾਧਾ ਕਰ ਦਿੱਤਾ। ਅੱਜ ਦੁਕਾਨਾਂ ਤੋਂ ਲੈ ਕੇ ਮੰਡੀ ਅਤੇ ਖੇਤੀਬਾੜੀ ਤਕ ਇਹਨਾਂ ਦਾ ਬੋਲਬਾਲਾ ਹੋ ਗਿਆ ਹੈ। ਪੰਜਾਬੀਆਂ ਨੇ ਵੀ ਕੁਝ ਪੈਸਿਆਂ ਦੇ ਲਾਲਚ ਵਿੱਚ ਇਹਨਾਂ ਹਵਾਲੇ ਆਪਣੇ ਪਲਾਟ ਤੇ ਘਰ ਵਿੱਚ ਇਹਨਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ। ਪੰਜਾਬ ਵਿੱਚ ਬਾਹਰੀ ਰਾਜਾਂ ਦੇ ਲੋਕਾਂ ਨੂੰ ਜ਼ਮੀਨ ਦੀ ਖਰੀਦ ਦੀ ਖੁੱਲ੍ਹ ਹੈ। ਪੰਜਾਬੀਆਂ ਨੂੰ ਦੂਸਰੇ ਰਾਜਾਂ ਵਿੱਚ ਜ਼ਮੀਨ ਖਰੀਦਣ ਦੀ ਖੁੱਲ੍ਹ ਨਹੀਂ ਪਰ ਪੰਜਾਬ ਵਿੱਚ ਬਾਹਰ ਤੋਂ ਆਏ ਲੋਕਾਂ ਨੂੰ ਇਹ ਖੁੱਲ੍ਹ ਦੇ ਕੇ ਪੰਜਾਬ ਨੂੰ ਖਤਮ ਕਰਨ ਦੀ ਸਾਜ਼ਿਸ਼ ਹੀ ਹੈ। ਬਹੁਤ ਸਾਰੇ ਪਿੰਡਾਂ ਵਿੱਚ ਇਹਨਾਂ ਪਰਵਾਸੀ ਲੋਕਾਂ ਨੇ ਜ਼ਮੀਨਾਂ ਵੀ ਠੇਕੇ ਤੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪੰਜਾਬ ਦੀ ਇੰਡਸਟਰੀ ਇਸ ਸਾਜ਼ਿਸ਼ ਵਿੱਚ ਸਭ ਤੋਂ ਮੋਹਰੀ ਹੈ। ਪੰਜਾਬ ਦੀਆਂ ਫੈਕਟਰੀਆਂ ਵਿੱਚ ਪੰਜਾਬੀਆਂ ਦੀ ਥਾਂ ਇਹਨਾਂ ਪ੍ਰਵਾਸੀਆਂ ਨੂੰ ਕੰਮ ’ਤੇ ਰੱਖਣਾ, ਇਹ ਪੰਜਾਬ ਅਤੇ ਪੰਜਾਬੀਅਤ ਨੂੰ ਖਤਮ ਕਰਨ ਵਾਲੀ ਗੱਲ ਹੀ ਹੈ। ਅੱਜ ਪ੍ਰਵਾਸੀਆਂ ਦੀ ਗਿਣਤੀ ਪੰਜਾਬ ਵਿੱਚ ਇੰਨੀ ਜ਼ਿਆਦਾ ਹੋ ਗਈ ਹੈ ਕਿ ਪੰਜਾਬੀਆਂ ਨੂੰ ਇਹ ਅੱਖਾਂ ਵਿਖਾਉਣ ਲੱਗ ਗਏ ਹਨ। ਇਸ ਡਰ ਤੋਂ ਵੀ ਰਹਿੰਦੇ ਖੂੰਦੇ ਪੰਜਾਬੀ ਪੰਜਾਬ ਛੱਡ ਵਿਦੇਸ਼ਾਂ ਵਿੱਚ ਵਸਣ ਨੂੰ ਤਿਆਰ ਹਨ। ਪੰਜਾਬੀ ਭਰਾ ਚਾਹੇ ਕਿਸੇ ਵੀ ਧਰਮ ਜਾਂ ਫਿਰਕੇ ਦਾ ਹੈ, ਅੱਜ ਆਪਣੇ ਕਾਰੋਬਾਰ ਨੂੰ ਲੈ ਕੇ ਰੋ ਰਿਹਾ ਹੈ ਕਿਉਂਕਿ ਪ੍ਰਵਾਸੀ ਲੋਗ ਪੰਜਾਬੀਆਂ ਤੋਂ ਖਰੀਦਦਾਰੀ ਨਹੀਂ ਕਰਦੇ ਤੇ ਪੰਜਾਬੀ ਵੀ ਆਪਣਿਆਂ ਨੂੰ ਛੱਡ ਪ੍ਰਵਾਸੀਆਂ ਤੋਂ ਹੀ ਖਰੀਦਦਾਰੀ ਕਰਨ ਲੱਗ ਗਏ ਹਨ। ਬਿਲਡਿੰਗ ਕੰਸਟ੍ਰਕਸ਼ਨ ਤੋਂ ਲੈ ਕੇ ਪੇਂਟ, ਲੱਕੜ ਦੇ ਕੰਮ ਤਕ ਸਾਰਿਆਂ ’ਤੇ ਪ੍ਰਵਾਸੀਆਂ ਦਾ ਕਬਜ਼ਾ ਹੈ।
ਇਸ ਸਾਜ਼ਿਸ਼ ਵਿੱਚ ਕਸੂਰਵਾਰ ਸਾਡੇ ਆਪਣੇ ਪੰਜਾਬੀ ਹੀ ਹਨ। ਜਦੋਂ ਮਹਿੰਗੇ ਭਾਅ ਜ਼ਮੀਨਾਂ ਵੇਚ ਵੱਡੀਆਂ ਕੋਠੀਆਂ ਪਾਈਆਂ ਤਾਂ ਕੰਮ ਕਰਨ ਲਈ ਨੌਕਰ ਵੀ ਪ੍ਰਵਾਸੀ ਹੀ ਰੱਖੇ। ਜ਼ਿਮੀਦਾਰਾਂ ਨੇ ਖੇਤੀ ਕੰਮਾਂ ਲਈ ਪ੍ਰਵਾਸੀਆਂ ਨੂੰ ਹੀ ਪਹਿਲ ਦਿੱਤੀ ਤੇ ਅੱਜ ਉਸ ਗਲਤੀ ਦਾ ਖਮਿਆਜ਼ਾ ਪੰਜਾਬ ਤੇ ਪੰਜਾਬੀਅਤ ਖਤਮ ਹੋਣ ਕਿਨਾਰੇ ਪਹੁੰਚਾ ਦਿੱਤੀ।
ਪੰਜਾਬ ਵਿੱਚ ਆਈ ਏ ਐੱਸ, ਆਈ ਪੀ ਐੱਸ ਨਾ ਬਣਨ ਦੇ ਰੁਝਾਨ ਨੇ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਦੂਸਰੇ ਰਾਜਾਂ ਤੋਂ ਆ ਰਹੇ ਬੀਊਰੋਕਰੈਟਸ ਪੰਜਾਬ ਪੱਖੀ ਨਹੀਂ ਹਨ, ਜਿਸ ਨਾਲ ਪੰਜਾਬੀਆਂ ਦਾ ਸਰਕਾਰ ਤੋਂ ਭਰੋਸਾ ਉੱਠਣ ਲੱਗ ਗਿਆ ਹੈ। ਇਹ ਸਰਕਾਰ ਪ੍ਰਤੀ ਗੈਰਭਰੋਸਗੀ ਪੰਜਾਬੀ ਨੌਜਵਾਨ ਦੇ ਵਿਦੇਸ਼ਾਂ ਲਈ ਰੁਝਾਨ ਨੂੰ ਵਧਾਉਂਦੀ ਹੈ। ਪੰਜਾਬ ਦੇ ਸਿੱਖਿਆ ਤੰਤਰ ਨੂੰ ਵੀ ਇਸ ਤਰ੍ਹਾਂ ਬਣਾਇਆ ਜਾਂ ਰਿਹਾ ਹੈ ਕਿ ਲੋਕ ਇੱਕ ਚੰਗਾ ਕੰਪੀਟੀਸ਼ਨ ਲੜਨ ਦੀ ਥਾਂ ਸਿਰਫ ਲੇਬਰ ਕਲਾਸ ਜਾਂ ਹਲਕੀਆਂ ਨੌਕਰੀਆਂ ਲਈ ਹੀ ਸੋਚਣ ਲਾਇਕ ਰਹਿ ਜਾਣ ਨਹੀਂ ਤਾਂ ਵਿਦੇਸ਼ਾਂ ਵੱਲ ਰੁਖ਼ ਕਰ ਲੈਣ।
ਆਉ ਪੰਜਾਬੀ ਭਰਾਵੋ ਇਸ ਗੱਲ ਨੂੰ ਸਮਝੀਏ ਕੇ ਪੰਜਾਬ ਸਿਰਫ ਸਿੱਖਾਂ ਦਾ ਨਹੀਂ, ਇਹ ਹਰ ਉਸ ਪੰਜਾਬੀ ਦਾ ਹੈ ਜਿਸਦਾ ਜਨਮ ਪੰਜਾਬ ਦੀ ਧਰਤੀ ’ਤੇ ਹੋਇਆ ਜਾਂ ਜਿਸਦਾ ਕੋਈ ਨਾ ਕੋਈ ਪਿਛੋਕੜ ਪੰਜਾਬੀ ਰਿਹਾ ਹੈ। ਪੰਜਾਬ ਹਰ ਇੱਕ ਧਰਮ ਨੂੰ ਮੰਨਣ ਵਾਲਿਆਂ ਦਾ ਹੈ। ਇੱਥੇ ਗੁਰੂਆਂ, ਪੀਰਾਂ, ਨੇ ਤਪ ਕੀਤਾ ਹੈ। ਇਹ ਧਰਤੀ ਪਾਂਡਵਾਂ ਦਾ ਇਤਿਹਾਸ ਸੰਭਾਲੀ ਬੈਠੀ ਹੈ। ਇਹ ਧਰਤੀ ਜਿਓਣੇ ਮੋੜ, ਜੱਗੇ ਡਾਕੂ, ਸੁੱਚੇ ਸੂਰਮੇ ਵਰਗੇ ਬਹਾਦਰ ਯੋਧਿਆਂ ਦੀ ਹੈ। ਇਹ ਧਰਤੀ ਕਰਤਾਰ ਸਿੰਘ ਸਰਾਭੇ, ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਹੈ। ਇਹ ਉਹ ਧਰਤੀ ਹੈ ਜਿੱਥੇ ਬੱਬਰਾਂ ਨੇ ਅੰਗਰੇਜ਼ਾਂ ਨੂੰ ਭਾਜੜਾਂ ਪਾਈਆਂ ਸਨ। ਇਹ ਉਹ ਧਰਤੀ ਹੈ ਜਿੱਥੇ ਪੋਰਸ ਨੇ ਸਿਕੰਦਰ ਨੂੰ ਮਾਤ ਦਿੱਤੀ ਸੀ। ਇਹ ਉਹ ਧਰਤੀ ਹੈ ਜਿੱਥੇ ਅਰਜਣ ਪਹਿਲਾਂ ਆ ਕੇ ਵਸੇ ਸੀ। ਪੰਜਾਬੀਓ ਇਹ ਧਰਤੀ ਤੁਹਾਡੀ ਤੇ ਸਾਡੀ ਮਾਂ ਹੈ। ਜਿਸ ਧਰਤੀ ਨਾਲ ਸਾਡਾ ਮਾਣਮੱਤਾ ਇਤਿਹਾਸ ਜੁੜਿਆ ਹੋਵੇ, ਜਿੱਥੇ ਸਾਨੂੰ ਪੰਜਾਬੀ ਹੋਣ ’ਤੇ ਮਾਣ ਹੋਵੇ, ਉਸ ਨੂੰ ਛੱਡ ਕੇ ਨਾ ਜਾਈਏ। ਆਉ ਪਹਿਲਾਂ ਆਪਣਾ ਪੰਜਾਬ ਬਚਾ ਲਈਏ, ਬਾਕੀ ਰੇੜਕੇ ਬਾਅਦ ਵਿੱਚ ਨਿਬੇੜ ਲਵਾਂਗੇ ...।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5484)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)