“ਇਸ ਸਮਝੌਤੇ ਨਾਲ ਅਮਰੀਕਾ ਨੂੰ ਉਸ ਰਕਮ ਨਾਲੋਂ ਕਈ ਗੁਣਾ ਜ਼ਿਆਦਾ ਫਾਇਦਾ ਹੋਵੇਗਾ ਜੋ ਯੁਕਰੇਨ ਨੂੰ ...”
(15 ਮਈ 2025)
ਹਾਲ ਹੀ ਵਿੱਚ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਸ ਨੇ ਯੁਕਰੇਨ ਨਾਲ ਇੱਕ “ਆਰਥਿਕ ਸਾਂਝੀਦਾਰੀ ਸਮਝੌਤੇ” ’ਤੇ ਦਸਤਖਤ ਕੀਤੇ ਹਨ, ਜੋ ਅਮਰੀਕਾ ਨੂੰ ਯੁਕਰੇਨ ਦੇ ਦੁਰਲੱਭ ਧਰਤੀ ਖਣਿਜਾਂ ਤਕ ਪਹੁੰਚ ਦੇਵੇਗਾ ਤੇ ਬਦਲੇ ਵਿੱਚ ਯੁਕਰੇਨ ਦੇ ਪੁਨਰਨਿਰਮਾਣ ਵਿੱਚ ਨਿਵੇਸ਼ ਲਈ ਇੱਕ ਸਾਂਝੇ ਫੰਡ ਦਾ ਗਠਨ ਕੀਤਾ ਜਾਵੇਗਾ।
ਅਮਰੀਕਾ ਨੇ ਯੁਕਰੇਨ ਦੀ ਵੱਡੀ ਆਰਥਿਕ ਮਦਦ ਕੀਤੀ ਸੀ ਜਿਸ ਨਾਲ ਉਹ ਰੂਸ ਨਾਲ ਜੰਗ ਲਈ ਲੋੜੀਂਦੇ ਹਥਿਆਰ ਖਰੀਦ ਕਰ ਸਕੇ। ਪਰ ਇਹ ਮਦਦ ਅਸਲ ਵਿੱਚ ਯੁਕਰੇਨ ਨੂੰ ਯੁੱਧ ਲਈ ਨਾ ਕਰਕੇ ਇੱਕ ਸੌਦੇ ਲਈ ਪੇਸ਼ਗੀ ਰਕਮ ਸੀ। ਅਮਰੀਕਾ ਯੁਕਰੇਨ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਤੋਂ ਹੀ ਉੱਥੋਂ ਦੇ ਦੁਰਲੱਭ ਖਣਿਜ ਪਦਾਰਥਾਂ ’ਤੇ ਨਜ਼ਰ ਗੱਡੀ ਬੈਠਾ ਸੀ। ਬਹੁਤ ਵਾਰ ਇਸ ਲਈ ਯੁਕਰੇਨ ਨਾਲ ਗੱਲਬਾਤ ਵੀ ਹੋਈ ਪਰ ਸਿਰੇ ਨਾ ਚੜ੍ਹੀ। ਰੂਸ-ਯੁਕਰੇਨ ਯੁੱਧ ਅਸਲ ਵਿੱਚ ਅਮਰੀਕਾ ਲਈ ਅਪਦਾ (ਮੁਸੀਬਤ) ਵਿੱਚ ਅਵਸਰ ਵਾਲੀ ਗੱਲ ਰਿਹਾ। ਇਸ ਯੁੱਧ ਵਿੱਚ ਬੁਰੀ ਤਰ੍ਹਾਂ ਤਬਾਹ ਹੋਇਆ ਯੁਕਰੇਨ ਅਮਰੀਕਾ ਤੋਂ ਮਦਦ ਲਈ ਉਸਦੇ ਹਾੜ੍ਹੇ ਕੱਡ ਰਿਹਾ ਸੀ। 2 ਮਹੀਨੇ ਪਹਿਲਾਂ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਵਿੱਚ ਅਮਰੀਕੀ ਰਾਸ਼ਟਪਤੀ ਨੇ ਯੁਕਰੇਨ ਦੇ ਦੁਰਲੱਭ ਖਣਿਜ ਪਦਾਰਥਾਂ ’ਤੇ ਪਹੁੰਚ ਦੀ ਗੱਲ ਕੀਤੀ ਤੇ ਸਮਝੌਤਾ ਕਰਨ ਲਈ ਕਿਹਾ, ਅਜਿਹਾ ਨਾ ਕਰਨ ’ਤੇ ਹੋਰ ਕੋਈ ਮਦਦ ਦੇਣ ਤੋਂ ਇਨਕਾਰ ਵੀ ਕੀਤਾ ਪਰ ਯੁਕਰੇਨੀ ਰਾਸ਼ਟਰਪਤੀ ਨੇ ਉਸ ਵਕਤ ਨਾਂਹ ਕਰ ਦਿੱਤੀ, ਜਿਸ ਕਾਰਨ ਜਲੈਂਸਕੀ ਦੀ ਦੁਨੀਆ ਭਰ ਵਿੱਚ ਤਾਰੀਫ਼ ਹੋਈ ਤੇ ਉਹ ਇੱਕ ਨਿਡਰ ਨੇਤਾ ਵਜੋਂ ਉਭਰਿਆ।
ਇਹ ਸਮਝੌਤਾ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਯੁਕਰੇਨ ਦੀ ਆਰਥਿਕ ਮਾਮਲਿਆਂ ਦੇ ਮੰਤਰੀ Yulia Svyrydenko ਤੇ ਅਮਰੀਕੀ ਵਿੱਤ ਮਂਤਰੀ Scott Bessent ਵਿਚਕਾਰ ਹੋਇਆ। ਦੋ ਕੁ ਮਹੀਨੇ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਯੁਕਰੇਨ ਦੇ ਰਾਸ਼ਟਰਪਤੀ ਜਲੈਂਸਕੀ ਵਿੱਚ ਗੱਲਬਾਤ ਸਿਰੇ ਨਾ ਚੜ੍ਹਨ ਤੋਂ ਬਾਅਦ ਅਮਰੀਕਾ ਲਗਾਤਾਰ ਇਸ ਕੋਸ਼ਿਸ਼ ਵਿੱਚ ਸੀ ਕਿ ਕਿਸ ਤਰ੍ਹਾਂ ਯੁਕਰੇਨ ਨੂੰ ਇਸ ਸਮਝੌਤੇ ਲਈ ਤਿਆਰ ਕੀਤਾ ਜਾਵੇ। ਇਸ ਲਈ ਹਰ ਪੱਧਰ ’ਤੇ ਅਮਰੀਕਾ ਆਪਣੀ ਕੋਸ਼ਿਸ਼ ਕਰਦਾ ਰਿਹਾ ਤੇ ਆਖਰ ਇਸ ਸਮਝੌਤੇ ਨੂੰ ਅਮਲ ਵਿੱਚ ਲਿਆਓਣ ਵਿੱਚ ਕਾਮਯਾਬ ਹੋਇਆ। ਇਹ ਅਮਰੀਕਾ ਦੀ ਇੱਕ ਬਹੁਤ ਵੱਡੀ ਜਿੱਤ ਅਤੇ ਰੂਸ ਹੱਥੋਂ ਝੰਬੇ ਜਾਣ ਤੋਂ ਬਾਅਦ ਯੁਕਰੇਨ ਦੀ ਇੱਕ ਬਹੁਤ ਵੱਡੀ ਹਾਰ ਹੈ, ਜਿਸ ਵਿੱਚ ਇਸ ਦੇਸ਼ ਨੇ ਆਪਣਾ ਬਹੁਮੁੱਲਾ ਖ਼ਜ਼ਾਨਾ ਅਮਰੀਕਾ ਦੇ ਹੱਥ ਸੌਂਪ ਦਿੱਤਾ ਹੈ।
ਮੌਜੂਦਾ ਸਮਝੌਤਾ ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੀ ਵਪਾਰਕ ਜੰਗ ਦੌਰਾਨ ਆਇਆ ਹੈ। ਇਹ ਮੰਨਿਆ ਜਾਂਦਾ ਹੈ ਕਿ ਚੀਨ ਕੋਲ ਸੰਸਾਰ ਦੇ ਦੁਰਲੱਭ ਖਣਿਜ ਪਦਾਰਥਾਂ ਦਾ ਲਗਭਗ 90 ਪ੍ਰਤਿਸ਼ਤ ਹਿੱਸਾ ਹੈ। ਯੁਕਰੇਨ ਨਾਲ ਸਮਝੌਤੇ ਤੋਂ ਬਾਅਦ ਅਮਰੀਕਾ ਇਨ੍ਹਾਂ ਦੁਰਲੱਭ ਖਣਿਜ ਪਦਾਰਥਾਂ ਦੇ ਮੁਕਾਬਲੇ ਵਿੱਚ ਚੀਨ ਨੂੰ ਟੱਕਰ ਦੇਣਯੋਗ ਹੋ ਜਾਵੇਗਾ।
ਦੁਰਲੱਭ ਧਰਤੀ ਖਣਿਜ ਪਦਾਰਥ ਅਸਲ ਵਿੱਚ ਕੀ ਹਨ ਅਤੇ ਕਿਉਂ ਅਮਰੀਕਾ ਇਨ੍ਹਾਂ ’ਤੇ ਕਾਬਜ਼ ਹੋਣਾ ਚਾਹੁੰਦਾ ਹੈ? “ਦੁਰਲਭ ਧਰਤੀ ਖਣਿਜ ਪਦਾਰਥ ਅਸਲ ਵਿੱਚ 17 ਰਸਾਇਣਕ ਤੌਰ ’ਤੇ ਮੋਟੇ ਰੂਪ ਵਿੱਚ ਸਮਾਨ ਗੁਣਾਂ ਵਾਲੇ ਤੱਤਾਂ ਦਾ ਇੱਕ ਸਮੂਹ ਹੈ ਜੋ ਕਈ ਉੱਚ-ਤਕਨੀਕੀ ਉਤਪਾਦਾਂ ਦੇ ਨਿਰਮਾਣ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੁਦਰਤ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਹਨ, ਪਰ ਇਨ੍ਹਾਂ ਨੂੰ ‘ਦੁਰਲੱਭ’ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਸ਼ੁੱਧ ਰੂਪ ਵਿੱਚ ਲੱਭਣਾ ਬਹੁਤ ਹੀ ਅਸਾਧਾਰਨ ਅਤੇ ਔਖਾ ਹੈ ਅਤੇ ਇਨ੍ਹਾਂ ਨੂੰ ਕੱਢਣਾ ਤਾਂ ਹੋਰ ਵੀ ਖ਼ਤਰਨਾਕ ਹੈ। ਇਨ੍ਹਾਂ ਦੁਰਲੱਭ ਧਰਤੀ ਖਣਿਜ ਪਦਾਰਥਾਂ ਵਿੱਚੋਂ ਕੁਝ ਇੱਕ ਇਸ ਤਰ੍ਹਾਂ ਹਨ: ਨਿਓਡੀਮੀਅ, ਇਟਰੀਅਮ ਅਤੇ ਯੂਰੋਪੀਅਮ, ਨਿਓਡੀਮੀਅਮ। ਨਿਓਡੀਮੀਅਮ ਦੀ ਵਰਤੋਂ ਸ਼ਕਤੀਸ਼ਾਲੀ ਚੁੰਬਕ ਬਣਾਉਣ ਲਈ ਕੀਤੀ ਜਾਂਦੀ ਹੈ ਜੋ ਸਪੀਕਰਾਂ, ਕੰਪਿਊਟਰ ਹਾਰਡ ਡਰਾਈਵਾਂ, ਇਲੈਕਟ੍ਰਿਕ ਵਾਹਨਾਂ ਦੀਆਂ ਮੋਟਰਾਂ ਅਤੇ ਜੈੱਟ ਇੰਜਣਾਂ ਵਿੱਚ ਵਰਤੇ ਜਾਂਦੇ ਹਨ, ਜੋ ਉਹਨਾਂ ਨੂੰ ਆਕਾਰ ਵਿੱਚ ਛੋਟਾ ਅਤੇ ਵਧੇਰੇ ਕੁਸ਼ਲ ਬਣਾਉਂਦੇ ਹਨ। ਇਟਰੀਅਮ ਅਤੇ ਯੂਰੋਪੀਅਮ ਦੀ ਵਰਤੋਂ ਟੈਲੀਵਿਜ਼ਨ ਅਤੇ ਕੰਪਿਊਟਰ ਸਕਰੀਨਾਂ ਦੇ ਨਿਰਮਾਣ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਇਹ ਰੰਗਾਂ ਨੂੰ ਪ੍ਰਦਰਸ਼ਿਤ ਕਰਦੇ ਹਨ।
ਅੰਤਰਰਾਸ਼ਟਰੀ ਊਰਜਾ ਏਜੰਸੀ (IAEA) ਦਾ ਅਨੁਮਾਨ ਹੈ ਕਿ ਚੀਨ ਕੋਲ ਦੁਰਲੱਭ ਧਰਤੀ ਤੱਤਾਂ ਦੇ ਉਤਪਾਦਨ ਦਾ ਲਗਭਗ 61% ਅਤੇ ਉਹਨਾਂ ਦੀ ਪ੍ਰੋਸੈਸਿੰਗ ਦਾ 92% ਹਿੱਸਾ ਹੈ। ਯੁਕਰੇਨ ਦੀ ਗੱਲ ਕਰੀਏ ਤਾਂ ਉਸ ਕੋਲ ਇਲੈਕਟ੍ਰਾਨਿਕ ਵਾਹਨਾਂ ਦੀਆਂ ਬੈਟਰੀਆਂ ਵਿੱਚ ਪਾਇਆ ਜਾਣ ਵਾਲਾ ਲੀਥੀਅਮ, ਹਵਾਈ ਜਹਾਜ਼ਾਂ ਲਈ ਵਰਤਿਆ ਜਾਣ ਵਾਲਾ ਟਾਈਟੇਨੀਅਮ, ਨਿਊਕਲੀਅਰ ਰਿਐਕਟਰਾਂ ਅਤੇ ਸਟੀਲ ਉਤਪਾਦਨ ਲਈ ਪ੍ਰਯੋਗ ਵਿੱਚ ਆਉਣ ਵਾਲਾ ਗ੍ਰੇਫਾਈਟ ਤੇ ਲੈਂਥਨੁਮ, ਸਿਰੀਅਮ, ਨੀਉਡੀਮਿਅਮ, ਐਰਬੀਅਮ, ਇਟਰੀਅਮ ਅਤੇ ਸਕੈਂਡੀਅਮ ਵਰਗੇ ਦੁਰਲੱਭ ਖਣਿਜ ਦਾ ਖਜ਼ਾਨਾ ਰੱਖਦਾ ਹੈ। ਹੁਣ ਯੁਕਰੇਨ ਦੇ ਇਸ ਖਜ਼ਾਨੇ ਨੂੰ ਅਮਰੀਕਾ ਆਪਣੀ ਇੱਛਾ ਅਨੁਸਾਰ ਲੁੱਟ ਸਕੇਗਾ। ਅਮਰੀਕੀ ਰਾਸ਼ਟਰਪਤੀ ਟਰੰਪ ਦਾ ਬਿਆਨ ਹੈ ਕਿ ਇਸ ਸਮਝੌਤੇ ਨਾਲ ਅਮਰੀਕਾ ਨੂੰ ਉਸ ਰਕਮ ਨਾਲੋਂ ਕਈ ਗੁਣਾ ਜ਼ਿਆਦਾ ਫਾਇਦਾ ਹੋਵੇਗਾ ਜੋ ਯੁਕਰੇਨ ਨੂੰ ਮਦਦ ਵਜੋਂ ਦਿੱਤੀ ਗਈ ਹੈ। ਅਸਲ ਵਿੱਚ ਇੰਝ ਲਗਦਾ ਹੈ ਕਿ ਯੁਕਰੇਨ ਨੇ ਆਪਣੇ ਆਪ ਨੂੰ ਅਮਰੀਕੀ ਹੱਥਾਂ ਵਿੱਚ ਦੇ ਦਿੱਤਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)