SukhrajSBajwaDr7ਅੱਜ ਹਾਲਾਤ ਇਹ ਹਨ ਕਿ ਹੱਥੀਂ ਕਿਰਤ ਕਰਨ ਵਾਲਾ ਤਾਂ ਰੋਟੀ ਬੜੀ ਮੁਸ਼ਕਿਲ ਨਾਲ ਖਾਂਦਾ ਹੈ ਪਰ ਧਰਮ ਦੇ ...
(13 ਨਵੰਬਰ 2024)


ਸਰਬ ਧਰਮਾਂ ਦੇ ਸਾਂਝਾ ਗੁਰੂ ਪੀਰ ਨਾਨਕ ਦੇ ਜਨਮ ਦਿਹਾੜੇ ਤੇ ਸਾਰੇ ਸੰਸਾਰ ਵਿੱਚ ਧਾਰਮਿਕ ਸਮਾਗਮ ਹੋਣੇ ਹਨ
ਸੰਸਾਰ ਦਾ ਹਰ ਇੱਕ ਧਰਮ ਕਿਸੇ ਨਾ ਕਿਸੇ ਤਰ੍ਹਾਂ ਨਾਨਕ ਨੂੰ ਆਪਣਾ ਮੰਨਦਾ ਹੈ। ਜਿੱਥੇ ਹਿੰਦੂ-ਸਿੱਖ ਨਾਨਕ ਨੂੰ ਗੁਰੂ ਮੰਨਦੇ ਹਨ, ਉੱਥੇ ਮੁਸਲਮਾਨ ਉਨ੍ਹਾਂ ਨੂੰ ਅਪਣਾ ਪੀਰ ਮੰਨਦੇ ਹਨ ਇਹ ਕਿਹੋ ਜਿਹੀ ਵਿਡੰਬਨਾ ਹੈ ਕਿ ਨਾਨਕ ਨੂੰ ਮੰਨਦੇ ਸਭ ਹਨ ਪਰ ਉਹਨਾਂ ਦੀਆਂ ਦੱਸੀਆਂ ਗੱਲਾਂ ’ਤੇ ਅਮਲ ਕੋਈ ਵੀ ਨਹੀਂ ਕਰਦਾ ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨਨਾਨਕ, ਜੋ ਸਭ ਦਾ ਗੁਰੂ, ਪੀਰ ਹੈ, ਉਹ ਹੁਣ ਸਿਰਫ ਗੁਰਪੁਰਬ ਵਾਲੇ ਦਿਨ ਭਾਸ਼ਣਾਂ ਜਾਂ ਕਥਾਵਾਂ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ

ਅੱਜ ਦੇ ਹਾਲਾਤ ਦੇਖਦੇ ਹੋਏ ਤਾਂ ਇੰਝ ਲਗਦਾ ਹੈ ਕਿ ਬਾਬੇ ਨਾਨਕ ਨੇ ਪਖੰਡਵਾਦ ਵਿਰੁੱਧ ਲੋਕਾਂ ਨੂੰ ਹੋਕਾ ਦੇਣ ਲਈ ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ, ਜਾਗਰੂਕ ਕੀਤਾ ਕਿ ਕੁਦਰਤ ਦਾ ਸਥਾਨ ਸਭ ਤੋਂ ਉੱਚਾ ਹੈ, ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਤੇ ਹਵਾ, ਪਾਣੀ ਨੂੰ ਜੀਵਨ ਦਾ ਮੁੱਖ ਅੰਸ਼ ਦੱਸਿਆ ਤੇ ਅਸੀਂ ਅੱਜ ਬਾਬੇ ਨਾਨਕ ਦੀਆਂ ਮੱਤਾਂ ਦੇ ਉਲਟ ਕੁਦਰਤ ਨਾਲ ਹੀ ਖਿਲਵਾੜ ਸ਼ੁਰੂ ਕਰ ਦਿੱਤਾ ਹੈਹਵਾ, ਪਾਣੀ ਤੇ ਮਿੱਟੀ ਨੂੰ ਹੀ ਪ੍ਰਦੂਸ਼ਿਤ ਕਰਨ ਨੂੰ ਆਪਣਾ ਧਰਮ ਬਣਾ ਲਿਆਬਾਬੇ ਨਾਨਕ ਨੇ ਕਿਰਤ ਕਰਨ ਨੂੰ ਸਭ ਤੋਂ ਵੱਡਾ ਧਰਮ ਦੱਸਿਆ ਪਰ ਅਸੀਂ ਅੱਜ ਇਸ ਸਿੱਖਿਆ ਦੇ ਉਲਟ ਧਰਮ ਨੂੰ ਹੀ ਕਿਰਤ ਬਣਾ ਲਿਆ ਹੈਅੱਜ ਹਾਲਾਤ ਇਹ ਹਨ ਕਿ ਹੱਥੀਂ ਕਿਰਤ ਕਰਨ ਵਾਲਾ ਤਾਂ ਰੋਟੀ ਬੜੀ ਮੁਸ਼ਕਿਲ ਨਾਲ ਖਾਂਦਾ ਹੈ ਪਰ ਧਰਮ ਦੇ ਅਖੌਤੀ ਠੇਕੇਦਾਰ ਐਸ਼ ਆਰਾਮ ਕਰਦੇ ਹਨਬਾਬਾ ਨਾਨਕ ਧਰਮ ਦਾ ਫਲਸਫਾ ਲੋਕਾਂ ਨੂੰ ਸਮਝਾਉਣ ਲਈ ਕਈ ਕਈ ਕੋਹ ਪੈਦਲ ਯਾਤਰਾ ਕਰਦਾ ਰਿਹਾ ਪਰ ਸਾਡੇ ਧਰਮ ਦੇ ਠੇਕੇਦਾਰ ਨਾ ਸਿਰਫ ਵੱਡੀਆਂ ਗੱਡੀਆਂ, ਸਗੋਂ ਧਰਮ ਦਾ ਪ੍ਰਚਾਰ ਕਰਨ ਲਈ ਲੱਖਾਂ ਦੀ ਫੀਸ ਮੰਗਦੇ ਹਨਬਾਬੇ ਨਾਨਕ ਨੇ ਦੇਹਧਾਰੀ ਅਖੌਤੀ ਰੱਬ ਦਾ ਵਿਰੋਧ ਕੀਤਾ ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕਈ ਵਿਗਿਆਨਕ ਪ੍ਰਯੋਗ ਕੀਤੇ ਪਰ ਲੋਕਾਂ ਨੇ ਇਹਨਾਂ ਵਿਗਿਆਨਕ ਪ੍ਰਯੋਗਾਂ ਨੂੰ ਬਾਬੇ ਦੀਆਂ ਕਰਾਮਾਤਾਂ ਕਹਿ ਕੇ ਬਾਬੇ ਨੂੰ ਹੀ ਰੱਬ ਬਣਾ ਦਿੱਤਾ ਤੇ ਫਿਰ ਬਾਬੇ ਦਾ ਪ੍ਰਚਾਰ ਕਰਨ ਲਈ ਅਨੇਕਾਂ ਦੇਹਧਾਰੀ ਗੁਰੂ ਬਣ ਗਏ। ਅੱਜ ਅਨੇਕਾਂ ਸੰਸਥਾਵਾਂ ਬਾਬੇ ਨਾਨਕ ਦਾ ਨਾਮ ਲੈ ਕੇ ਨਾ ਸਿਰਫ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ, ਸਗੋਂ ਲੋਕਾਂ ਵਿੱਚ ਪਾੜਾ ਪਾਉਣ ਦਾ ਕੰਮ ਵੀ ਕਰ ਰਹੀਆਂ ਹਨ। ਇਹਨਾਂ ਸੰਸਥਾਵਾਂ ਦੇ ਅਖੌਤੀ ਗੁਰੂ ਹੁਣ ਆਪ ਰੱਬ ਬਣ ਬੈਠੇ ਹਨ। ਇਹ ਗੁਰੂ  ਆਪਣੇ ਆਪ ਨੂੰ ਮੱਥੇ ਟਿਕਵਾਉਣ ਅਤੇ ਬਾਬੇ ਦੇ ਨਾਮ ’ਤੇ ਧੰਨ ਇਕੱਠਾ ਕਰਨ ਦੇ ਰਾਹ ਪਏ ਹੋਏ ਹਨ

ਬਾਬੇ ਨਾਨਕ ਨੇ ਇੱਕ ਓਂਕਾਰ ਦੀ ਗੱਲ ਕੀਤੀ ਮਤਲਬ ਇੱਕ ਹੀ ਰੱਬ ਸਭ ਧਰਮਾਂ ਦਾ ਤੇ ਉਹ ਵੀ ਨਿਰੰਕਾਰ ਪਰ ਅਸੀਂ ਇੱਕ ਓਂਕਾਰ ਨੂੰ ਵੀ ਇੱਕ ਖਾਸ ਧਰਮ ਨਾਲ ਜੋੜ ਲਿਆ ਤੇ ਬਾਬੇ ਨਾਨਕ ਦੇ ਸ਼ਬਦ ਕਿ ਰੱਬ ਨਿਰੰਕਾਰ ਹੈ, ਨੂੰ ਇਸਤੇਮਾਲ ਕਰ ਕੇ ਇੱਕ ਸੰਸਥਾ ਬਣਾ ਲਈ ਤੇ ਰੱਬ ਨੂੰ ਨਿਰੰਕਾਰ (ਨਿਰ ਆਕਾਰ) ਦੀ ਥਾਂ ਆਕਾਰ ਦੇ ਦਿੱਤਾ

ਬਾਬੇ ਨਾਨਕ ਨੇ ਲੰਗਰ ਦੀ ਗੱਲ ਕੀਤੀ, ਜਿੱਥੇ ਭੋਜਨ ਸ਼ੁੱਧ ਤੇ ਸਧਾਰਨ ਹੋਵੇ ਤੇ ਪੌਸ਼ਟਿਕਤਾ ਭਰਪੂਰ ਹੋਵੇ, ਜਿੱਥੇ ਆਮ ਗਰੀਬ ਅਮੀਰ ਸਭ ਇੱਕ ਹੀ ਪੰਗਤ ਵਿੱਚ ਬੈਠ ਕੇ ਭੋਜਨ ਛਕਣ। ਇਹ ਸਭ ਲੋਕਾਂ ਨੂੰ ਇਹ ਦਰਸਾਉਣ ਲਈ ਸੀ ਕਿ ਅਸੀਂ ਸਭ ਕੁਦਰਤ ਦੇ ਪੈਦਾ ਕੀਤੇ ਹੋਏ ਹਾਂ, ਜਾਤ ਪਾਤ ਅਤੇ ਧਰਮਾਂ ਤੋਂ ਰਹਿਤ, ਅਸੀਂ ਸਭ ਇੱਕ ਹਾਂਅਸੀਂ ਨਾਨਕ ਦੀ ਵਿਚਾਰਧਾਰਾ ਨੂੰ ਇਸ ਤਰ੍ਹਾਂ ਅਪਣਾ ਲਿਆ ਕੇ ਹੁਣ ਲੰਗਰ ਦੇ ਨਾਮ ’ਤੇ ਪਨੀਰ ਪਕੌੜੇ, ਬਰਗਰ ਆਦਿ ਸ਼ਾਮਿਲ ਕਰ ਲਏ ਤੇ ਡੇਰਿਆਂ ਵਿੱਚ ਲੰਗਰ ਵਰਤਾਉਣ ਲੱਗੇ, ਆਮ ਅਤੇ ਖਾਸ ਵਿੱਚ ਫਰਕ ਰੱਖਣਾ ਸ਼ੁਰੂ ਕਰ ਦਿੱਤਾ

ਬਾਬੇ ਨਾਨਕ ਨੇ ਜੋ ਬਾਣੀ ਦਾ ਉਚਾਰਣ ਕੀਤਾ, ਉਹ ਸਿਰਫ ਕੀਰਤਨ ਦੇ ਰੂਪ ਵਿੱਚ ਸੁਣਨ ਲਈ ਜਾਂ ਫਿਰ ਗ੍ਰੰਥ ਸਾਹਿਬ ਮੋਹਰੇ ਪੈਸੇ ਰੱਖ ਕੇ ਮੱਥਾ ਟੇਕਣ ਲਈ ਨਹੀਂ ਕੀਤਾ ਸੀ, ਬਾਬੇ ਨੇ ਬਾਣੀ ਪੜ੍ਹਨ ਤੇ ਉਸ ਦੇ ਅਰਥ ਸਮਝ ਕੇ ਉਸ ਉੱਪਰ ਵਿਚਾਰ ਕਰਨ ਅਤੇ ਅਮਲ ਕਰਨ ਲਈ ਕਿਹਾ ਸੀ। ਪਰ ਅਸੀਂ ਕੀਰਤਨੀਏ ਨੂੰ ਕੀਰਤਨ ਕਰਦੇ ਵਕਤ ਕੁਝ ਪੈਸੇ ਦਾ ਮੱਥਾ ਟੇਕਣ ਤੇ ਗ੍ਰੰਥ ਸਾਹਿਬ ਮੋਹਰੇ ਕੁਝ ਪੈਸੇ ਰੱਖ ਕੇ ਮੱਥਾ ਟੇਕ ਕੇ ਇਹ ਆਸ ਰੱਖਣ ਲੱਗ ਜਾਂਦੇ ਹਾਂ ਕਿ ਗੁਰੂ ਸਾਡੀਆਂ ਮੰਗਾਂ ਪ੍ਰਵਾਨ ਕਰ ਲਵੇ, ਚਾਹੇ ਉਹ ਜਾਇਜ਼ ਹੋਣ ਜਾ ਨਾਜਾਇਜ਼ਬਾਣੀ ਦੇ ਅਰਥ ਅੱਜ ਹਰ ਕਥਾਵਾਚਕ ਅਲੱਗ ਅਲੱਗ ਦੱਸ ਰਿਹਾ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹ ਕਥਾ ਲੋਕਾਂ ਨੂੰ ਬਾਣੀ ਦਾ ਅਰਥ ਸਮਝਾਉਣ ਲਈ ਨਹੀਂ, ਕੇਵਲ ਆਪਣੇ ਪ੍ਰਚਾਰ ਅਤੇ ਮਾਇਆ ਲਈ ਹੀ ਕਰ ਰਹੇ ਹਨ

ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਕੇ ਜੇਕਰ ਕੋਈ ਬਾਬੇ ਨਾਨਕ ਦੀਆਂ ਗੱਲਾਂ ’ਤੇ ਅਮਲ ਕਰਦਾ ਹੈ ਤਾਂ ਉਸ ਨੂੰ ਨਾਸਤਿਕ ਹੋਣ ਦਾ ਠੱਪਾ ਲਗਾ ਦਿੱਤਾ ਜਾਂਦਾ ਹੈ ਕਿਉਂਕਿ ਹੁਣ ਧਾਰਮਿਕ ਹੋਣ ਦਾ ਅਰਥ ਹੀ ਪਾਖੰਡਵਾਦ ਨੂੰ ਮੰਨਣਾ ਹੈ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬੇ ਨਾਨਕ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਪੂਰੇ ਸੰਸਾਰ ਵਿੱਚ ਮਨਾਇਆ ਜਾਵੇਗਾਅਖੰਡਪਾਠ ਸਾਹਿਬ ਰੱਖੇ ਜਾਣਗੇ ਪਰ ਬਾਣੀ ਕੋਈ ਨਹੀਂ ਸੁਣੇਗਾ ਤੇ ਪਾਠੀ ਸਿੰਘ ਵੀ ਬੱਸ ਮੂੰਹ ਵਿੱਚ ਪਾਠ ਕਰਕੇ ਆਪਣਾ ਰੋਲ ਪੂਰਾ ਕਰਨਗੇਗੁਰੂ ਘਰਾਂ ਦੇ ਬਾਹਰ ਵੱਖ ਵੱਖ ਤਰ੍ਹਾਂ ਦੇ ਚਾਹ ਪਕੌੜਿਆ ਦੇ ਲੰਗਰ ਲੱਗਣਗੇ। ਜ਼ਿਆਦਾ ਭੀੜ ਲੰਗਰ ਵਾਲੇ ਸਥਾਨਾਂ ’ਤੇ ਹੋਵੇਗੀ, ਗੁਰੂ ਘਰ ਅੰਦਰ ਸਿਰਫ ਕੁਝ ਬਜ਼ੁਰਗ ਬੈਠੇ ਨਜ਼ਰ ਆਉਣਗੇਗੁਰਪੁਰਬਾਂ ਹੁਣ ਧਾਰਮਿਕ ਸਮਾਗਮਾਂ ਦੀ ਥਾਂ ਮੇਲਿਆਂ ਦਾ ਰੂਪ ਲੈ ਲਿਆ ਹੈ। ਲੋਕ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਬਾਹਰ ਲੱਗੇ ਝੂਲਿਆਂ ਦਾ ਆਨੰਦ ਲੈਣਗੇ ਜਾਂ ਫਿਰ ਦੁਕਾਨਾਂ ਤੇ ਖਰੀਦਦਾਰੀ ਦਾ ਆਨੰਦਅੰਦਰ ਪਾਠੀ ਸਿੰਘ ਤੇ ਕੀਰਤਨੀਏ ਮਜਬੂਰੀ ਵਿੱਚ ਕੀਰਤਨ ਕਰ ਰਹੇ ਹੋਣਗੇ ਢਾਡੀ ਜਥੇ ਵੀ ਪੂਰੇ ਜੋਸ਼ ਨਾਲ ਹੇਕਾਂ ਲਾਉਣਗੇ ਪਰ ਅਸਰ ਕਿਸੇ ’ਤੇ ਵੀ ਨਹੀਂ ਹੋਣਾ ਕਿਉਂਕਿ ਬਾਬੇ ਨਾਨਕ ਦੇ ਜਨਮ ਦਿਨ ਦੀ ਖੁਸ਼ੀ ਤਾਂ ਅਸੀਂ ਝੂਲਿਆਂ ’ਤੇ ਝੂਟੇ ਲੈ ਕੇ ਤੇ ਲੰਗਰ ਵਿੱਚ ਬਣੇ ਵੱਖ ਵੱਖ ਪਕਵਾਨ ਛਕ ਕੇ ਮਨਾਉਣੀ ਹੈਕੀਰਤਨ ਅਤੇ ਪਾਠ ਤਾਂ ਹਰ ਰੋਜ਼ ਚਲਦਾ ਹੀ ਰਹਿਣਾ ਪਰ ਅਸੀਂ ਤਾਂ ਮੇਲਾ ਲੁੱਟਣ ਜਾਣਾ ਹੈ, ਸਾਨੂੰ ਬਾਬੇ ਨਾਨਕ ਦੀ ਬਾਣੀ ਨਾਲ ਸਾਨੂੰ ਕੀ ਮਤਲਬ?

ਹੈਰਾਨੀ ਉਦੋਂ ਵੀ ਹੁੰਦੀ ਹੈ ਜਦੋਂ ਅੱਜਕਲ ਦੇ ਕਈ ਪੜ੍ਹੇ ਲਿਖੇ ਇਹ ਕਹਿ ਦਿੰਦੇ ਹਨ ਕੇ ਬਾਬੇ ਨਾਨਕ ਨੇ ਜੋ ਗੱਲਾਂ ਕਹੀਆਂ, ਉਹ ਤਾਂ ਸੈਂਕੜੇ ਸਾਲ ਪਹਿਲਾਂ ਦੀਆਂ ਹਨ। ਅਫਸੋਸ ਹੁੰਦਾ ਹੈ, ਕਾਸ਼ ਬਾਬੇ ਨਾਨਕ ਨੂੰ ਇਹਨਾਂ ਪੜ੍ਹਿਆਂ-ਲਿਖਿਆਂ ਨੇ ਪੜ੍ਹਿਆ ਹੁੰਦਾ ਤੇ ਨਾਨਕ ਦੀ ਬਾਣੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ

ਮੈਂ ਬਾਬੇ ਨਾਨਕ ਦੇ ਇਸ ਜਨਮ ਦਿਹਾੜੇ ’ਤੇ ਆਸ ਕਰਦਾ ਕੇ ਲੋਕ ਨਾਨਕ ਨੂੰ ਪੜ੍ਹਨ ਤੇ ਸਮਝਣ, ਤਾਂ ਜੋ ਸਮਾਜ ਵਿੱਚੋਂ ਅਗਿਆਨਤਾ ਦਾ ਧੁੰਦ ਰੂਪੀ ਹਨੇਰਾ ਹਟ ਜਾਵੇ ਤੇ ਜੱਗ ਵਿੱਚ ਚਾਨਣ ਹੋ ਜਾਵੇ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5439)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)