“ਮੇਰੀ ਗੱਲ ਮੰਨੋ, ਤੁਸੀਂ ਰਾਜੀਨਾਵਾਂ ਕਰ ਲਓ। ਉਹ ਤਾਂ ਬਦਮਾਸ਼ ਬੰਦੇ ਹਨ ... ”
(26 ਅਪਰੈਲ 2025)
“ਅਸੀਂ ਤਾਂ ਆਪ ਇਸੇ ਦੁੱਖੋਂ ਆਪਣੇ ਬੱਚੇ ਬਾਹਰ ਭੇਜ ਦਿੱਤੇ ਹਨ ...” ਇਹ ਬੋਲ ਕਿਸੇ ਹੋਰ ਦੇ ਨਹੀਂ ਇੱਕ ਪੁਲਿਸ ਅਧਿਕਾਰੀ ਦੇ ਹਨ। ਗੱਲ ਇਸ ਤਰ੍ਹਾਂ ਹੋਈ ਕਿ ਸਾਡੇ ਇੱਕ ਰਿਸ਼ਤੇਦਾਰ ਦੀ ਦਰਖਾਸਤ ’ਤੇ ਥਾਣੇ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ’ਤੇ ਸਾਨੂੰ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੂੰ ਮਿਲਣ ਲਈ ਜਾਣਾ ਪਿਆ। ਉਸ ਅਧਿਕਾਰੀ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਤੇ ਕਾਰਵਾਈ ਦਾ ਭਰੋਸਾ ਵੀ ਦਿੱਤਾ ਤੇ ਨਾਲ ਹੀ ਥਾਣਾ ਮੁਖੀ ਨੂੰ ਫੋਨ ਵੀ ਕਰ ਦਿੱਤਾ ਕੇ ਬਣਦੀ ਕਾਰਵਾਈ ਕਰੋ। ਅਸੀਂ ਬੜੇ ਖੁਸ਼ ਹੋਏ ਕਿ ਕਿੰਨਾ ਇਮਾਨਦਾਰ ਅਧਿਕਾਰੀ ਹੈ, ਜਿਸਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਾਰਵਾਈ ਵੀ ਕਰਵਾਉਣ ਲੱਗਾ ਹੈ। ਅਸੀਂ ਬੜੇ ਖੁਸ਼ ਮੰਨ ਨਾਲ ਦੁਬਾਰਾ ਥਾਣੇ ਗਏ ਕਿ ਸਾਡੀ ਸੁਣੀ ਗਈ ਹੁਣ ਹੈ, ਤੇ ਸਾਡੀ ਦਰਖਾਸਤ ’ਤੇ ਕਾਰਵਾਈ ਜ਼ਰੂਰ ਹੋਵੇਗੀ। ਥਾਣਾ ਮੁਖੀ ਨੇ ਵੀ ਬੜੇ ਪਿਆਰ ਨਾਲ ਹੱਥ ਮਿਲਾਇਆ ਅਤੇ ਕੁਰਸੀ ’ਤੇ ਬੈਠਣ ਲਈ ਕਿਹਾ। ਫਿਰ ਇੱਕ ਛੋਟੇ ਥਾਣੇਦਾਰ ਨੂੰ ਆਵਾਜ਼ ਮਾਰੀ ਤੇ ਉਸ ਨੂੰ ਪੁੱਛਿਆ ਕਿ ਇਨ੍ਹਾਂ ਦੀ ਦਰਖਾਸਤ ਦਾ ਕੀ ਬਣਿਆ? ਅਸੀਂ ਮਨੋ-ਮਨ ਖੁਸ਼ ਹੋ ਰਹੇ ਸੀ ਹੁਣ ਕਾਰਵਾਈ ਹੋਈ ਸਮਝੋ। ਛੋਟੇ ਥਾਣੇਦਾਰ ਨੇ ਥਾਣਾ ਮੁਖੀ ਦੇ ਕੰਨ ਵਿੱਚ ਹੌਲੀ ਜਿਹੀ ਕੁਝ ਕਿਹਾ ਤੇ ਫਿਰ ਥਾਣਾ ਮੁਖੀ ਸਾਨੂੰ ਕਹਿੰਦਾ, “ਤੁਹਾਡੀ ਦਰਖਾਸਤ ਆ ਗਈ ਹੈ ਤੇ ਤੁਸੀਂ ਚਿੰਤਾ ਨਾ ਕਰੋ। ਦੇਖੋ, ਦੋਸ਼ੀ ਨੂੰ ਅਸੀਂ ਕਿੱਦਾਂ ਟੰਗਦੇ ਹਾਂ।”
ਅਸੀਂ ਹੋਰ ਵੀ ਖੁਸ਼।
“ਇੱਦਾਂ ਕਰੋ, ਤੁਸੀਂ ਕੱਲ੍ਹ ਨੂੰ ਆਉਣਾ। ਅਸੀਂ ਹੁਣ ਇੱਕ ਰੇਡ ’ਤੇ ਜਾ ਰਹੇ ਹਾਂ ...।” ਇਹ ਕਹਿਕੇ ਥਾਣਾ ਮੁਖੀ ਛੋਟੇ ਥਾਣੇਦਾਰ ਨਾਲ ਉੱਥੋਂ ਚਲਾ ਗਿਆ। ਸਾਡਾ ਮੰਨ ਉਦਾਸ ਹੋ ਗਿਆ ਪਰ ਸਾਨੂੰ ਲੱਗਾ ਕਿ ਬਹੁਤ ਜ਼ਰੂਰੀ ਰੇਡ ਹੋਣੀ ਹੈ, ਚਲੋ ਕੋਈ ਨਾ, ਕੱਲ੍ਹ ਨੂੰ ਦੇਖਦੇ ਹਾਂ।
ਅਗਲੇ ਦਿਨ ਫਿਰ ਅਸੀਂ ਥਾਣਾ ਮੁਖੀ ਦੇ ਦਿੱਤੇ ਸਮੇਂ ਅਨੁਸਾਰ ਥਾਣੇ ਵਿੱਚ ਹਾਜ਼ਰ ਹੋ ਗਏ। ਥਾਣਾ ਮੁਖੀ ਦੇ ਕਮਰੇ ਵਿੱਚ ਦਾਖ਼ਲ ਹੋਣ ਲੱਗੇ ਤਾਂ ਉਹਨੇ ਨੇ ਥੋੜ੍ਹੀ ਦੇਰ ਬਾਹਰ ਬੈਠਣ ਦਾ ਇਸ਼ਾਰਾ ਕਰ ਦਿੱਤਾ ਤੇ ਆਪ ਫੋਨ ’ਤੇ ਕਿਸੇ ਨਾਲ ਗੱਲਾਂ ਕਰ ਲੱਗੇ।
ਅਸੀਂ ਮੁਨਸ਼ੀ ਦੇ ਕਮਰੇ ਵਿੱਚ ਚਲੇ ਗਏ ਤੇ ਉੱਥੇ ਬੈਠ ਕੇ ਗੱਲਾਂ ਕਰਨ ਲੱਗ ਗਏ। ਮੁਣਸ਼ੀ ਸਾਡੇ ਨਾਲ ਇਸ ਤਰ੍ਹਾਂ ਗੱਲਾਂ ਕਰਨ ਲੱਗ ਗਿਆ, ਜਿੱਦਾਂ ਸਾਨੂੰ ਬਹੁਤ ਪਹਿਲਾਂ ਤੋਂ ਜਾਣਦਾ ਹੋਵੇ। ਸਮਾਜ ਵਿੱਚ ਫੈਲ ਰਹੇ ਕ੍ਰਾਈਮ ਦੀਆਂ ਗੱਲਾਂ, ਸਰਕਾਰ ਵੱਲੋਂ ਡੀ.ਏ. ਨਾ ਦੇਣ ਦੀਆਂ ਗੱਲਾਂ ਤੇ ਕਦੀ ਥਾਣੇ ਵਿੱਚ ਨਫਰੀ ਦੀ ਘਾਟ ਆਦਿ। ਗੱਲਾਂ ਕਰਦੇ ਕਰਦੇ ਕੋਈ ਅੱਧਾ ਘੰਟਾ ਬੀਤ ਗਿਆ। ਅਸੀਂ ਉੱਠ ਕੇ ਮੁੜ ਥਾਣਾ ਮੁਖੀ ਦੇ ਕਮਰੇ ਵੱਲ ਗਏ ਤਾਂ ਉਹ ਹਾਲੇ ਵੀ ਫੋਨ ’ਤੇ ਗੱਲਾਂ ਕਰ ਰਹੇ ਸਨ। ਅਸੀਂ ਫਿਰ ਮੁੜ ਆਏ ਤੇ ਇੰਨੇ ਨੂੰ ਉਹ ਛੋਟਾ ਥਾਣੇਦਾਰ ਵੀ ਮਿਲ ਗਿਆ, ਜਿਸਨੂੰ ਸਾਡੀ ਦਰਖਾਸਤ ’ਤੇ ਕਾਰਵਾਈ ਕਰਨ ਦੀ ਜਿੰਮੇਦਾਰੀ ਸੌਂਪੀ ਹੋਈ ਸੀ। ਛੋਟਾ ਥਾਣੇਦਾਰ ਕਹਿੰਦਾ, “ਮੈਂ ਤਾਂ ਕਾਰਵਾਈ ਕਰ ਦੇਣੀ ਸੀ, ਮੁਖੀ ਸਾਹਿਬ ਨੂੰ ਇੱਕ ਵਾਰ ਮਿਲ ਲਵੋ।” ਇਹ ਕਹਿ ਕੇ ਉਹ ਥਾਣੇ ਤੋਂ ਬਾਹਰ ਨਿਕਲ ਗਿਆ ਤੇ ਆਪਣੀ ਬਾਈਕ ਲੈ ਕੇ ਕਿਤੇ ਚਲਾ ਗਿਆ।
ਅਸੀਂ ਦਢਤਰ ਦੇ ਬਾਹਰ ਖੜ੍ਹੇ ਥਾਣਾ ਮੁਖੀ ਦੇ ਬੁਲਾਵੇ ਦਾ ਇੰਤਜ਼ਾਰ ਕਰਦੇ ਰਹੇ। ਕੁਝ ਸਮੇਂ ਬਾਅਦ ਥਾਣਾ ਮੁਖੀ ਬਾਹਰ ਨਿਕਲ ਆਇਆ ਤੇ ਆਉਂਦੇ ਹੀ ਉਸਨੇ ਕਿਹਾ,“ਉਹ! ਮਾਫ਼ ਕਰਨਾ, ਮੈਨੂੰ ਐੱਸ ਐੱਸ ਪੀ ਸਾਹਿਬ ਨੇ ਬੁਲਾ ਲਿਆ ਹੈ। ਮੀਟਿੰਗ ਹੈ ਤੇ ਤੁਸੀਂ ਮੈਨੂੰ ਕੱਲ੍ਹ ਨੂੰ ਆ ਕੇ ਮਿਲਣਾ।”
ਅਸੀਂ ਮਿੰਨਤ ਕੀਤੀ, “ਸਾਹਿਬ, ਦੇਖ ਲਵੋ ...”
ਅੱਗੋਂ ਜਵਾਬ ਮਿਲਿਆ, “ਤੁਸੀਂ ਘਬਰਾਓ ਨਾ ... ਬੱਸ ਮੈਨੂੰ ਇੱਕ ਦਿਨ ਦਾ ਸਮਾਂ ਦੇਵੋ। ਆਪਾਂ ਦੋਸ਼ੀ ਚੱਕ ਲੈ ਆਉਣੇ ਹਨ।”
ਅਸੀਂ ਭਰੇ ਮੰਨ ਨਾਲ ਘਰ ਆ ਗਏ। ਉਸੇ ਦਿਨ ਸ਼ਾਮ ਨੂੰ ਮੁੜ ਅਸੀਂ ਉਸੇ ਉੱਚ ਅਧਿਕਾਰੀ ਕੋਲ ਗਏ ਪਰ ਇਸ ਵਾਰ ਉਸ ਅਧਿਕਾਰੀ ਦੀਆਂ ਗੱਲਾਂ ਵਿੱਚ ਫਰਕ ਵੇਖਣ ਨੂੰ ਮਿਲਿਆ। ਸਾਡੇ ਵੀ ਦਿਮਾਗ ਵਿੱਚ ਹੁਣ ਸ਼ੱਕ ਪੈਦਾ ਹੋਇਆ ਕਿ ਕੁਝ ਤਾਂ ਗੱਲ ਹੈ, ਜੋ ਠੀਕ ਨਹੀਂ ਹੈ। ਕਦੀ ਥਾਣੇ ਤੇ ਕਦੀ ਉੱਚ ਅਧਿਕਾਰੀਆਂ ਕੋਲ ਇਸੇ ਤਰ੍ਹਾਂ ਆਉਣ ਜਾਣ ਦਾ ਸਿਲਸਿਲਾ ਅਗਲੇ 2 ਦਿਨ ਹੋਰ ਚਲਦਾ ਰਿਹਾ। ਮਨ ਪ੍ਰੇਸ਼ਾਨ ਰਹਿਣ ਲੱਗਾ। ਇੱਦਾਂ ਲਗਦਾ ਸੀ ਕਿ ਗੁਨਾਹ ਸਾਡੇ ਤੋਂ ਹੀ ਹੋ ਗਿਆ ਹੈ ਸ਼ਾਇਦ। ਦੋਸ਼ੀ ਆਰਾਮ ਨਾਲ ਘਰ ਬੈਠੇ ਸਨ ਤੇ ਅਸੀਂ ਆਪਣਾ ਸਮਾਂ ਅਤੇ ਪੈਸੇ ਬਰਬਾਦ ਕਰ ਰਹੇ ਹਾਂ ਇਸ ਆਸ ਵਿੱਚ ਕਿ ਸਾਨੂੰ ਇਨਸਾਫ਼ ਮਿਲੇਗਾ।
ਲਗਭਗ 6 ਦਿਨ ਗੁਜ਼ਰ ਜਾਣ ਤੋਂ ਬਾਅਦ ਇੱਕ ਵਾਰ ਫਿਰ ਥਾਣੇ ਗਏ ਤਾਂ ਮੁਖੀ ਸਾਹਿਬ ਕਹਿਣ ਲੱਗੇ ਕਿ ਉਹ ਜਾਂਚ ਕਰ ਰਹੇ ਹਨ ਤੇ ਨਾਲ ਹੀ ਇਹ ਗੱਲ ਵੀ ਕਹਿ ਦਿੱਤੀ ਕਿ ਦੂਸਰੀ ਪਾਰਟੀ ਨੇ ਤੁਹਾਡੇ ਖਿਲਾਫ ਵੀ ਦਰਖਾਸਤ ਦਿੱਤੀ ਹੈ। ਅਸੀਂ ਹੈਰਾਨ ਸੀ ਕਿ ਜੁਰਮ ਕਰਨ ਵਾਲਾ ਕਿਹੜੀ ਗੱਲ ਦੀ ਦਰਖਾਸਤ ਦੇ ਰਿਹਾ ਹੈ? ਅਸੀਂ ਦਰਖਾਸਤ ਦੀ ਕਾਪੀ ਮੰਗੀ, ਜੋ ਉਸਨੇ ਸਾਨੂੰ ਦੇਣ ਤੋਂ ਮਨ੍ਹਾਂ ਕਰ ਦਿੱਤਾ।
ਅਸੀਂ ਦੋਸ਼ੀ ਨੂੰ ਸਜ਼ਾ ਦਿਵਾਉਣ ਦੀ ਜਗ੍ਹਾ ਆਪਣੇ ਬਚਾਓ ਦਾ ਰਾਹ ਲੱਭਣ ਲੱਗ ਪਏ। ਅਸੀਂ ਫਿਰ ਮੁੜ ਉਸੇ ਉੱਚ ਅਧਿਕਾਰੀ ਕੋਲ ਗਏ ਜਿਸਨੇ ਪਹਿਲੇ ਦਿਨ ਸਾਨੂੰ ਇਨਸਾਫ਼ ਦਾ ਵਾਅਦਾ ਕੀਤਾ ਸੀ। ਇਸ ਬਾਰ ਉੱਚ ਅਧਿਕਾਰੀ ਦੀ ਗੱਲਬਾਤ ਦਾ ਤਰੀਕਾ ਤਾਂ ਬਹੁਤ ਵਧੀਆ ਸੀ ਪਰ ਉਹਨਾਂ ਦੀਆਂ ਗੱਲਾਂ ਸਾਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਸਨ। “ਮੇਰੀ ਗੱਲ ਮੰਨੋ, ਤੁਸੀਂ ਰਾਜੀਨਾਵਾਂ ਕਰ ਲਓ। ਉਹ ਤਾਂ ਬਦਮਾਸ਼ ਬੰਦੇ ਹਨ ... ਤੁਸੀਂ ਸ਼ਰੀਫ਼ ਬੰਦੇ ਹੋ।”
ਇਹ ਗੱਲ ਸੁਣ ਕੇ ਸਾਨੂੰ ਹੈਰਾਨੀ ਹੋਈ।
“ਦੇਖੋ, ਅਸੀਂ ਰਾਜੀਨਾਵੇਂ ਵਿੱਚ ਉਹਨਾਂ ਤੋਂ ਲਿਖਵਾ ਲੈਣਾ ਕਿ ਉਹਨਾਂ ਨੇ ਗਲਤੀ ਕੀਤੀ। ਤੁਹਾਡੇ ਕੋਲੋਂ ਉਹਨਾਂ ਤੋਂ ਮੁਆਫੀ ਵੀ ਮੰਗਵਾ ਲਵਾਂਗੇ। ... ਵੈਸੇ ਤੁਹਾਡਾ ਬੇਟਾ ਕੀ ਕਰਦਾ ਹੈ?” ਉਸ ਅਧਿਕਾਰੀ ਨੇ ਸਵਾਲ ਕਰ ਦਿੱਤਾ।
“ਜੀ, ਉਹ 12ਵੀਂ ਵਿੱਚ ਹੈ ਤੇ ਕੰਪੀਟੀਸ਼ਨ ਦੀ ਤਿਆਰੀ ਕਰ ਰਿਹਾ ਹੈ, ਡਾਕਟਰ ਬਣਨਾ ਚਾਹੁੰਦਾ ਹੈ।” ਸਾਡਾ ਜਵਾਬ ਸੀ।
“ਬਹੁਤ ਵਧੀਆ ਗੱਲ ਹੈ। ਪਰ ਮੇਰੀ ਇੱਕ ਗੱਲ ਮੰਨੋ, ਤੁਸੀਂ 12ਵੀਂ ਤੋਂ ਬਾਅਦ ਆਪਣੇ ਬੱਚੇ ਨੂੰ ਬਾਹਰ ਭੇਜ ਦੇਵੋ, ਇੱਥੇ ਹਾਲਾਤ ਬਹੁਤ ਮਾੜੇ ਹਨ। ਮੈਂ ਆਪ ਆਪਣੇ ਦੋਨੋਂ ਬੱਚੇ ਬਾਹਰ ਭੇਜ ਦਿੱਤੇ ਹਨ ਤੇ ਰਿਟਾਇਰਮੈਂਟ ਤੋਂ ਬਾਅਦ ਆਪ ਵੀ ਉੱਥੇ ਚਲੇ ਜਾਣਾ ਹੈ।”
ਉਸ ਅਧਿਕਾਰੀ ਸਾਹਿਬ ਦੀਆਂ ਗੱਲਾਂ ਸੁਣ ਕਿ ਸਮਝ ਨਹੀਂ ਆ ਰਿਹਾ ਸੀ ਕਿ ਅਸਲੀ ਗੁਨਾਹਗਾਰ ਕੌਣ ਹੈ? ਜਿਸਨੇ ਜੁਰਮ ਕੀਤਾ ਹੈ ਜਾਂ ਜਿਸ ਨਾਲ ਧੱਕਾ ਹੋਇਆ ਹੈ? ਅਧਿਕਾਰੀ ਸਾਹਿਬ ਨੇ ਆਪਣੀ ਗੱਲ ਜਾਰੀ ਰੱਖੀ, “ਜੇ ਪਰਚਾ ਦਰਜ ਵੀ ਹੋ ਗਿਆ ਤਾਂ ਅਦਾਲਤਾਂ ਦੇ ਚੱਕਰ ਵਿੱਚ ਐਵੇਂ ਹੀ ਤੁਹਾਡੀ ਵੀ ਤੇ ਬੱਚੇ ਦੀ ਵੀ ਜ਼ਿੰਦਗੀ ਖਰਾਬ ਹੋਣੀ ਹੈ।”
ਜਦੋਂ ਅਸੀਂ ਪੁੱਛਿਆ ਕਿ ਪਰਚਾ ਦਰਜ਼ ਨਾ ਹੋਣ ਪਿੱਛੇ ਕੀ ਕਾਰਨ ਹੈ ਤਾਂ ਉਹ ਅਧਿਕਾਰੀ ਸਾਹਿਬ ਪਹਿਲਾਂ ਤਾਂ ਕੁਛ ਬੋਲੇ ਨਹੀਂ, ਫਿਰ ਕਹਿਣ ਲੱਗੇ, “ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਪਤਾ ਹੈ, ਸਿਸਟਮ ਹੀ ਖਰਾਬ ਹੈ। ਇੱਥੇ ਬਦਮਾਸ਼ਾਂ ਦੀ ਚਲਦੀ ਹੈ। ਉਹ ਚਲਾਕ ਹੁੰਦੇ ਨੇ ਤੇ ਉੱਪਰੋਂ ਵੀ ਸਾਡੇ ’ਤੇ ਦਬਾਅ ਹੁੰਦਾ ਹੈ। ਹੁਣ ਤੁਸੀਂ ਆਪ ਹੀ ਸਿਆਣੇ ਹੋ। ... ਇੱਕ ਗੱਲ ਹੋਰ, ਜੇਕਰ ਪਰਚਾ ਕੱਟਦੇ ਵੀ ਹਾਂ ਤਾਂ ਸਾਰਾ ਖਰਚ ਪੜਤਾਲੀਆ ਅਫਸਰ ’ਤੇ ਹੀ ਪੈਂਦਾ ਹੈ। ਕਿੰਨੇ ਹੀ ਕਾਗਜ਼ ਲਗਦੇ ਹਨ, ਕਈ ਵਾਰ ਨਾਲ ਸੀ ਡੀ ਜਾਂ ਪੈੱਨ ਡਰਾਈਵ ਆਦਿ ਅਤੇ ਫਿਰ ਬਾਰ ਬਾਰ ਕੋਰਟ ਦੇ ਖਰਚੇ, ਸਭ ਕੁਝ ਪੱਲੇ ਤੋਂ ਕਰਨਾ ਪੈਂਦਾ ਹੈ। ਇਸੇ ਲਈ ਲੜਾਈ ਝਗੜੇ, ਚੋਰੀ, ਐਕਸੀਡੈਂਟ ਆਦਿ ਦੇ ਕੇਸਾਂ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਹੀ ਕਰਦੇ ਹਾਂ, ਜੇਕਰ ਉੱਪਰੋਂ ਜ਼ਿਆਦਾ ਦਬਾਓ ਹੋਵੇ ਤਾਂ ਫਿਰ ਪਰਚਾ ਕੱਟ ਦਿੰਦੇ ਹਾਂ।”
“ਦਬਾਓ ਕਿਸਦਾ?” ਅਸੀਂ ਪੁੱਛਿਆ।
ਕੁਝ ਦੇਰ ਚੁੱਪ ਵੱਟਣ ਤੋਂ ਬਾਅਦ ਅਧਿਕਾਰੀ ਸਾਹਿਬ ਬੋਲੇ, “ਲੀਡਰਾਂ ਦਾ ... ਵੱਡੇ ਅਧਿਕਾਰੀਆਂ ਉੱਤੇ, ਉਹਨਾਂ ਦਾ ਛੋਟੇ ਅਫਸਰਾਂ ਉੱਤੇ ...।”
ਇਹ ਸਾਰੀਆਂ ਗੱਲਾਂ ਸੁਣਕੇ ਸਾਨੂੰ ਪੁਲਿਸ ਵਾਲਿਆਂ ’ਤੇ ਤਰਸ ਵੀ ਆਉਣ ਲੱਗ ਗਿਆ। ਕਿਉਂਕਿ ਅਧਿਕਾਰੀ ਨਾਲ ਖੁੱਲ੍ਹ ਕੇ ਗੱਲਾਂ ਹੋਣ ਲੱਗ ਗਈਆਂ ਤਾਂ ਫਿਰ ਅਸੀਂ ਇੱਕ ਹੋਰ ਸਵਾਲ ਦਾਗ਼ ਦਿੱਤਾ, ਭਾਵੇਂ ਡਰ ਵੀ ਲੱਗ ਰਿਹਾ ਸੀ ਕਿ ਅਧਿਕਾਰੀ ਸਾਹਿਬ ਨਰਾਜ਼ ਹੀ ਨਾ ਹੋ ਜਾਣ। ਸਵਾਲ ਸੀ, “ਪੁਲਿਸ ਵਾਲੇ ਬਿਨਾਂ ਪੈਸਿਆਂ ਤੋਂ ਕੰਮ ਕਿਉਂ ਨਹੀਂ ਕਰਦੇ?”
ਅਧਿਕਾਰੀ ਸਾਹਿਬ ਦਾ ਜਵਾਬ ਸਭ ਡਰ ਅਤੇ ਸ਼ੰਕੇ ਦੂਰ ਕਰ ਗਿਆ, “ਨਹੀਂ, ਸਾਰੇ ਪੁਲਿਸ ਵਾਲੇ ਮਾੜੇ ਨਹੀਂ, ਕੁਝ ਕੁ ਹੁੰਦੇ ਨੇ ਤੇ ਉਹਨਾਂ ਕਰਕੇ ਪੂਰਾ ਪੁਲਿਸ ਵਿਭਾਗ ਬਦਨਾਮ ਹੋ ਜਾਂਦਾ ਹੈ। ਬਾਕੀ ਤੁਸੀਂ ਖੁਦ ਸਮਝਦਾਰ ਹੋ ਕਿ ਜਦੋਂ ਕੋਈ ਖ਼ਾਸ ਅਹੁਦਾ ਜਾਂ ਸਟੇਸ਼ਨ ਲੈਣਾ ਹੁੰਦਾ ਹੈ ਤਾਂ ਕੀਮਤ ਚੁਕਾਉਣੀ ਪੈਂਦੀ ਹੈ ਤੇ ਉਹ ਕੀਮਤ ਫਿਰ ਆਪਣੀ ਤਨਖਾਹ ਤੋਂ ਤਾਂ ਪੂਰੀ ਹੋਣੀ ਨਹੀਂ ਹੁੰਦੀ ...। ਬਾਕੀ ਕਈ ਵਾਰ ਇੱਦਾਂ ਦੀਆਂ ਵਗਾਰਾਂ ਹੁੰਦੀਆਂ ਹਨ, ਜਿਨ੍ਹਾਂ ਲਈ ਸਹਿਯੋਗ ਲੈਣਾ ਪੈਂਦਾ ਹੈ।” ਇੰਨੀ ਗੱਲ ਕਹਿ ਕੇ ਅਧਿਕਾਰੀ ਸਾਹਿਬ ਹੱਸ ਪਏ। ਹੁਣ ਅਸੀਂ ਵੀ ਉੱਠਣ ਲੱਗੇ ਪਰ ਮੰਨ ਫੈਸਲਾ ਨਹੀਂ ਲੈ ਪਾ ਰਿਹਾ ਸੀ ਕਿ ਕੀ ਕਰੀਏ।
“ਚਲੋ ਠੀਕ ਹੈ ... ਦੱਸ ਦੇਣਾ ਕੀ ਚਾਹੁੰਦੇ ਹੋ ਤੁਸੀਂ ... ਉੱਦਾਂ ਹੀ ਹੋ ਜਾਵੇਗਾ।” ਇਹ ਸ਼ਬਦ ਸਨ ਉਸ ਅਧਿਕਾਰੀ ਸਾਹਿਬ ਦੇ।
ਭਰੇ ਮਨ ਨਾਲ ਘਰ ਆਉਂਦੇ ਆਉਂਦੇ ਇੱਕ ਹੀ ਗੱਲ ਦਿਮਾਗ ਵਿੱਚ ਚੱਲ ਰਹੀ ਸੀ ਕਿ ਜਿੱਥੇ ਪੁਲਿਸ ਵਾਲਿਆਂ ਦੇ ਆਪਣੇ ਬੱਚੇ ਇੱਥੇ ਸੁਰੱਖਿਅਤ ਨਹੀਂ, ਤੇ ਪੁਲਿਸ ਵਾਲੇ ਆਪ ਹੀ ਆਪਣੇ ਸਿਸਟਮ ਦੇ ਖਿਲਾਫ ਬੋਲ ਰਹੇ ਹਨ, ਉੱਥੇ ਇਨਸਾਫ਼ ਮਿਲਣਾ ਸੌਖੀ ਗੱਲ ਨਹੀਂ।
ਅਸੀਂ ਹਾਲਾਂਕਿ ਆਪਣੀ ਜ਼ਿਦ ’ਤੇ ਅੜੇ ਰਹੇ ਤੇ ਦੋਸ਼ੀਆਂ ਖਿਲਾਫ ਪਰਚਾ ਦਰਜ਼ ਕਰਵਾਉਣ ਵਿੱਚ ਕਾਮਯਾਬ ਵੀ ਰਹੇ, ਹਾਂ ਇਹ ਗੱਲ ਵੱਖਰੀ ਹੈ ਕਿ ਪਰਚਾ ਦਰਜ਼ ਕਰਵਾਉਣ ਲਈ ਸਾਨੂੰ ਵੀ ਉਹ ਸਭ ਕੁਝ ਕਰਨਾ ਪਿਆ ਜਿਸ ਲਈ ਪੁਲਿਸ ਮਸ਼ਹੂਰ ਹੈ। ਪਰ ਬਾਰ ਬਾਰ ਉਸ ਉੱਚ ਅਧਿਕਾਰੀ ਦੀ ਇਹ ਗੱਲ ਕੰਨਾਂ ਵਿੱਚ ਸੁਣਾਈ ਦੇ ਰਹੀ ਸੀ, “ਨਾ ਇੱਥੇ ਨੌਜਵਾਨਾਂ ਲਈ ਰੋਜ਼ਗਾਰ ਹੈ ਅਤੇ ਨਾ ਕੋਈ ਸੁਣਵਾਈ। ਵਿਹਲੜ ਨੌਜਵਾਨੀ ਨਸ਼ਿਆਂ ਮਗਰ ਦੌੜਦੀ ਹੈ। ਸਿਸਟਮ ਵਿਗੜਿਆ ਹੋਇਆ ਹੈ। ਅਸੀਂ ਤਾਂ ਆਪ ਇਸੇ ਦੁੱਖੋਂ ਆਪਣੇ ਬੱਚੇ ਬਾਹਰ ਭੇਜ ਦਿੱਤੇ ਹਨ ... ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ।”
ਇੰਝ ਲੱਗ ਰਿਹਾ ਸੀ ਕਿ ਉਹ ਪੁਲਿਸ ਦਾ ਉੱਚ ਅਧਿਕਾਰੀ ਸਿਸਟਮ ਤੋਂ ਬਹੁਤ ਨਰਾਜ਼ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)