“ਫਿਰ ਮੈਂ ਸੋਚਦਾ ਹਾਂ ਕਿ ਇਹ ਕਿਹੋ ਜਿਹੀ ਜ਼ਿੰਦਗੀ ਹੈ, ਆਪਣੇ ਲਈ ਵੀ ਸਮਾਂ ਨਹੀਂ। ਲਗਦਾ ਹੈ ਕਿ ਅਸੀਂ ...”
(8 ਨਵੰਬਰ 2024)
ਪੰਜਾਬ ਵਾਸੀਆਂ ਨਾਲ ਅੱਜ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ। ਇੱਕ ਸਮਾਂ ਸੀ ਜਦੋਂ ਪਿੰਡਾਂ ਦੇ ਲੋਕ ਬਹੁਤ ਮਿਹਨਤ ਕਰਦੇ ਸਨ ਤੇ ਦਿਨ ਚੜ੍ਹਦੇ ਆਪਣੇ ਕੰਮ ਵਿੱਚ ਲੀਨ ਹੋ ਜਾਂਦੇ ਸਨ। ਕੋਈ ਖੇਤਾਂ ਨੂੰ ਚਲਿਆ ਜਾਂਦਾ, ਕੋਈ ਪਸ਼ੂਆਂ ਦੇ ਦੁਆਲੇ ਹੋ ਜਾਂਦਾ। ਔਰਤਾਂ ਵੀ ਧਾਰਾਂ ਕਢਕੇ, ਕਾੜ੍ਹਨੀ ਰਿੜਕਣ ਲੱਗਦੀਆਂ, ਕੰਮ ਤੋਂ ਵਾਪਸ ਆਇਆ ਨੂੰ ਮੱਖਣ, ਲੱਸੀ ਨਾਲ ਸ਼ਾਹਵੇਲੇ ਦੀ ਰੋਟੀ ਖਵਾਉਣੀ। ਸਕੂਲ ਜਾਣ ਤੋਂ ਪਹਿਲਾਂ ਲਵੇਰੇ ਨੂੰ ਪੱਠੇ ਪਾਉਣ ਦਾ ਕੰਮ ਸਾਡਾ ਹੀ ਹੁੰਦਾ ਸੀ। ਜਿਨ੍ਹਾਂ ਦੇ ਬੰਦੇ ਨੌਕਰੀ ਕਰਦੇ ਸਨ, ਉਹ ਵੀ ਆਪਣੇ ਕੰਮ ’ਤੇ ਜਾਣ ਤੋਂ ਪਹਿਲਾਂ ਖੇਤਾਂ ਵਿੱਚ ਗੇੜਾ ਜ਼ਰੂਰ ਮਾਰ ਕੇ ਆਉਂਦੇ। ਆਥਣ ਨੂੰ ਸਾਰੇ ਮਿਲਕੇ ਬੈਠਦੇ ਤੇ ਆਥਣ ਵੇਲੇ ਦੀ ਚਾਹ (ਗੁੜ ਵਾਲੀ) ਨਾਲ ਇੱਕ ਅੱਧੀ ਰੋਟੀ ਲੂਣ ਧੂੜ ਕੇ ਖਾ ਲੈਣੀ, ਫਿਰ ਮਰਦਾਂ ਨੇ ਖੇਤਾਂ ਵਲ ਨੂੰ ਤੁਰ ਪੈਣਾ। ਜੇਕਰ ਖੇਤ ਘਰ ਦੇ ਨੇੜੇ ਹੋਣਾ ਤਾਂ ਪੱਠੇ ਵੱਢ ਕੇ ਪੱਠਿਆਂ ਦੀ ਪੰਡ ਸਿਰ ’ਤੇ ਚੁੱਕ ਕੇ ਲਿਆਉਂਦੇ, ਨਹੀਂ ਤਾਂ ਗੱਡਾ ਜੋੜ ਲੈਣਾ। ਉਸਦਾ ਵੀ ਵੱਖਰਾ ਸੁਆਦ ਹੁੰਦਾ ਸੀ। ਘਰ ਆ ਕੇ ਟੋਕੇ ’ਤੇ ਜ਼ੋਰ ਵਿਖਾਉਣਾ, ਨਾਲੇ ਚੋਰੀ-ਚੋਰੀ ਵੇਖਣਾ ਕਿ ਡੌਲੇ ਕਿੰਨੇ ਕੁ ਬਣ ਗਏ। ਟਾਈਮ ਕੱਢਕੇ ਹਾਣੀਆਂ ਨਾਲ ਖੁੱਦੋ ਨਾਲ ਖੇਡਣਾ ਜਾਂਖੇਡਣਾ। ਕਦੀ ਘੋਲ਼ ਕਰਨੇ, ਨੰਗੇ ਪੈਰ ਵਾਹਣਾਂ ਵਿੱਚ ਭੱਜਣਾ। ਕੋਈ ਕੋਈ ਆੜੀ ਹੇਕਾਂ ਲਾਉਣ ਦਾ ਵੀ ਸ਼ੌਕ ਰੱਖਦਾ। ਕਦੋਂ ਸੂਰਜ ਢਲਣ ਲਗਦਾ, ਪਤਾ ਹੀ ਨਾ ਲਗਦਾ। ਕੁੜੀਆਂ ਨੇ ਵੀ ਵਿਹਲੇ ਸਮੇਂ ਵਿੱਚ ਚਾਦਰਾਂ, ਸਿਰਹਾਣੇ ਕੱਢਣੇ, ਕੌਣ ਪਹਿਲਾਂ ਚਾਦਰ ਪੂਰੀ ਕਰੂ ਇਹ ਮੁਕਾਬਲਾ ਚਲਦਾ। ਇੱਕ ਤੋਂ ਇੱਕ ਵਧੀਆ ਫੁੱਲ ਤੇ ਵੇਲਾਂ ਪਾਉਣੀਆਂ। ਵਡੇਰੀਆਂ ਵੀ ਰੂੰ ਕੱਤਦੀਆਂ ਤੇ ਮੇਰੇ ਵਰਗੇ ਤੋਂ ਤਕਲਾ ਵਿੰਗਾ ਹੋ ਜਾਂਦਾ ਤਾਂ ਝਿੜਕਾਂ ਪੈਂਦੀਆਂ। ਉਹ ਝਿੜਕਾਂ ਵੀ ਕਿਸੇ ਸੰਗੀਤ ਵਰਗੀਆਂ ਲੱਗਦੀਆਂ।
ਉਦੋਂ ਸਾਰਾ ਦਿਨ ਥੱਕ ਕੇ ਰਾਤ ਨੂੰ ਨੀਂਦ ਵੀ ਬਹੁਤ ਵਧੀਆ ਆ ਜਾਂਦੀ। ਟੈਨਸ਼ਨ ਵਰਗੇ ਸ਼ਬਦ ਦਾ ਪਤਾ ਨਹੀਂ ਹੁੰਦਾ ਸੀ। ਬਿਮਾਰੀ ਦੇ ਨਾਮ ਤੇ ਸਿਰਫ ਤਾਪ ਤੇ ਠੰਢ ਲੱਗਣ ਦਾ ਪਤਾ ਹੁੰਦਾ ਸੀ ਤੇ ਉਸਦਾ ਇਲਾਜ ਵੀ ਘਰ ਵਿੱਚ ਹੀ ਹੁੰਦਾ ਸੀ। ਡਾਕਦਾਰ (ਡਾਕਟਰ) ਦੇ ਨਾਮ ਤੋਂ ਡਰ ਲਗਦਾ। ਨਸ਼ਿਆਂ ਨਾਲ ਮਰਦੇ ਨੌਜਵਾਨਾਂ ਬਾਰੇ ਜਾਣਕਾਰੀ ਨਹੀਂ ਸੀ ਤੇ ਨਾ ਹੀ ਬਲੱਡ ਪ੍ਰੈੱਸ਼ਰ ਵਧਣ ਜਾਂ ਸ਼ੂਗਰ ਵਰਗੀਆਂ ਬਿਮਾਰੀਆਂ ਬਾਰੇ ਜਾਣਕਾਰੀ ਸੀ। ਪਿੰਡ ਦੇ ਲੋਕਾਂ ਵਿੱਚ ਸਾਂਝ ਇਸ ਕਦਰ ਹੁੰਦੀ ਸੀ ਕਿ ਕੇਸੇ ਦੀ ਵੀ ਧੀ ਜਾਂ ਭੈਣ ਸਾਰੇ ਪਿੰਡ ਦੀ ਧੀ ਭੈਣ ਹੁੰਦੀ ਸੀ। ਸਾਰੇ ਪਿੰਡ ਵਾਸੀ ਇੱਕ ਦੂਜੇ ਦੇ ਦੁੱਖ ਸੁਖ ਵਿੱਚ ਸ਼ਰੀਕ ਹੁੰਦੇ ਸਨ।
ਇੱਕ ਦੂਜੇ ਦਾ ਗੱਡਾ, ਜਾਂ ਖੇਤੀ ਸੰਦ ਮੰਗ ਕੇ ਲੈ ਜਾਣਾ ਆਮ ਗੱਲ ਸੀ। ਸੁਆਣੀਆਂ ਵੱਲੋਂ ਇੱਕ ਘਰ ਵਿੱਚ ਤੰਦੂਰ ਮਘਾਉਣਾ ਤੇ ਰਲ਼ ਕੇ ਰੋਟੀਆਂ ਸੇਕਣੀਆਂ। ਇੱਕ ਨੇ ਪੇੜੇ ਕਰੀ ਜਾਣਾ ਤੇ ਸਾਥਣਾਂ ਨੇ ਤੰਦੂਰ ਵਿੱਚ ਲਾਈ ਜਾਣੀਆਂ।
ਉਦੋਂ ਲੋਕ ਜ਼ਿੰਦਗੀ ਜਿਊਂਦੇ ਸਨ, ਜ਼ਿੰਦਗੀ ਦਾ ਆਨੰਦ ਮਾਣਿਆ ਜਾਂਦਾ ਸੀ। ਪਰ ਹੁਣ ਜ਼ਿਆਦਾਤਰ ਲੋਕ ਜ਼ਿੰਦਗੀ ਕੱਟ ਰਹੇ ਹਣ। ਹੁਣ ਅਸੀਂ ਜੋ ਵੀ ਕਰ ਰਹੇ ਹਾਂ, ਉਹ ਸਿਰਫ ਜਲਦੀ ਮਰਨ ਲਈ। ਜ਼ਿੰਦਗੀ ਦਾ ਆਨੰਦ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਹੈ। ਜ਼ਿੰਦਗੀ ਵਿੱਚ ਭੱਜ ਦੌੜ ਜ਼ਿਆਦਾ ਹੋ ਗਈ ਹੈ, ਠਹਿਰਾਓ ਕਿਤੇ ਨਜ਼ਰ ਨਹੀਂ ਆਉਂਦਾ। ਪੈਸੇ ਪਿੱਛੇ ਭੱਜ ਰਹੇ ਹਾਂ ਅਸੀਂ ਤੇ ਇੱਕ ਦੂਜੇ ਤੋਂ ਪੈਸੇ ਪੱਖੋਂ ਅੱਗੇ ਨਿਕਲਣ ਦੀ ਜ਼ਿਦ ਨੇ ਸਾਡੇ ਕੋਲੋਂ ਜ਼ਿੰਦਗੀ ਦਾ ਅਸਲੀ ਆਨੰਦ ਖੋ ਲਿਆ ਹੈ।
ਮੇਰੇ ਕੋਲ ਸ਼ਰੀਕਾਂ ਤੋਂ ਵੱਡੀ ਕਾਰ ਹੋਵੇ, ਸ਼ਰੀਕਾਂ ਤੋਂ ਵੱਡੀ ਕੋਠੀ ਹੋਵੇ, ਬੱਸ ਇਹੋ ਜ਼ਿੰਦਗੀ ਦਾ ਮਕਸਦ ਰਹਿ ਗਿਆ ਹੈ, ਫਿਰ ਚਾਹੇ ਉਸ ਲਈ ਮੈਨੂੰ ਜ਼ਮੀਨ ਵੇਚਨੀ ਪੈ ਜਾਵੇ ਜਾਂ ਬੈਂਕ ਤੋਂ ਲਿਮਟ ਚੁੱਕਣੀ ਪੈ ਜਾਵੇ। ਫਿਰ ਸਾਰੀ ਉਮਰ ਕਰਜ਼ੇ ਦਾ ਬੋਝ ਸਿਰ ’ਤੇ ਲੈ ਕੇ ਸਰਕਾਰਾਂ ਤੋਂ ਕਰਜ਼ਾ ਮੁਆਫੀ ਦੀ ਆਸ ਲਾਈ ਬੈਠਣਾ। ਕਰਜ਼ੇ ਦੇ ਬੋਝ ਹੇਠ ਅੱਧੀ ਉਮਰੇ ਚਿਹਰੇ ਉੱਤੇ ਝੁਰੜੀਆਂ ਵਿਖਾਈ ਦੇਣ ਲੱਗ ਜਾਂਦੀਆਂ ਹਨ, ਅੱਖਾਂ ਦੀ ਰੌਸ਼ਨੀ ਵੀ ਘਟਣ ਲੱਗ ਜਾਂਦੀ ਹੈ। ਮੁੰਡੇ ਨੇ ਜ਼ਿਦ ਫੜੀ, ਮੈਂ ਬਾਹਰ ਜਾਣਾ, ਬੱਸ ਫਿਰ ਲਿਮਟ ਚੁੱਕ ਤੇ ਭੈਣ ਭਰਾਵਾਂ ਤੋਂ ਕਰਜ਼ਾ ਚੁੱਕ ਮੁੰਡਾ ਬਾਹਰ ਤੌਰ ਦਿੱਤਾ। ਫਿਰ ਘਰ ਵਿੱਚ ਇਕੱਲੇਪਣ ਨੇ ਜ਼ਿੰਦਗੀ ਦਾ ਆਨੰਦ ਮਾਣਨ ਹੀ ਨਾ ਦਿੱਤਾ। ਅੱਜ ਬੰਦਾ ਬੈਠਾ ਯਾਦ ਕਰਦਾ ਹੈ ਉਹ ਵੇਲਾ ਕਿ ਕਿੱਦਾਂ ਸਾਰਾ ਟੱਬਰ ਇਕੱਠੇ ਇੱਕ ਛੱਤ ਥੱਲੇ ਰਹਿੰਦੇ ਸੀ। ਪੈਸਾ ਭਾਵੇਂ ਘੱਟ ਸੀ ਪਰ ਪਿਆਰ ਬਹੁਤ ਸੀ ਤੇ ਜ਼ਿੰਦਗੀ ਦਾ ਆਨੰਦ ਮਾਣਦੇ ਸੀ। ਉਦੋਂ ਚਿਹਰੇ ’ਤੇ ਹਾਸਾ ਹੁੰਦਾ ਸੀ ਤੇ ਹੁਣ ਸਿਰਫ ਫਿਕਰਾਂ ਦੇ ਬੱਦਲ਼।
ਉਹ ਵੇਲਾ ਸੀ, ਜਦੋਂ ਤੰਦੂਰ ਦੀਆਂ ਰੋਟੀਆਂ ਤੇ ਹਾਰੇ ਦੀ ਦਾਲ ਬਹੁਤ ਸੁਆਦ ਲਗਦੀ ਸੀ। ਨਾਲ਼ ਗੰਡਾ ਮੁੱਕੀ ਮਾਰ ਕੇ ਭੰਨ ਲੈਣਾ ਪਰ ਹੁਣ ਦੇ ਪੀਜ਼ਾ ਬਰਗਰਾਂ ਨੇ ਨਿਆਣਿਆ ਤੋਂ ਉਹ ਸੁਆਦ ਖੋ ਲਿਆ। ਉਦੋਂ ਰੋਟੀ ਖਾਣ ਲਈ ਮਿਹਨਤ ਕਰਦੇ ਸੀ ਪਰ ਹੁਣ ਤਾਂ ਸਿਰਫ ਢਿੱਡ ਭਰਨ ਲਈ ਸਮਾਂ ਹੀ ਨਹੀਂ ਸਾਡੇ ਬੱਚਿਆਂ ਕੋਲ ਤੇ ਪੀਜ਼ਾ ਬਰਗਰ ਹੀ ਖਾਣਾ ਇੱਕ ਤਰ੍ਹਾਂ ਦੀ ਮਜਬੂਰੀ ਵੀ ਬਣ ਗਿਆ ਉਹਨਾਂ ਲਈ।
ਅੱਜ ਆਪਣੇ ਪਿਓ ਨੂੰ ਕੁੜਤੇ ਚਾਦਰੇ ਵਿੱਚ ਦੇਖਣ ’ਤੇ ਨਿਆਣੇ ਸ਼ਰਮ ਮਹਿਸੂਸ ਕਰਦੇ ਸਨ। ਮੇਰੇ ਲਈ ਪੈਂਟ ਸ਼ਰਟ ਪਾਉਣੀ ਕੋਈ ਸ਼ੌਕ ਨਹੀਂ, ਮਜਬੂਰੀ ਵੱਧ ਲਗਦੀ। ਅੱਜ ਮੈਂ ਪਰਿਵਾਰ ਹੁੰਦੇ ਹੋਏ ਵੀ ਇਕੱਲਾਪਨ ਮਹਿਸੂਸ ਕਰਦਾ ਹਾਂ। ਕਿਸੇ ਸਮੇਂ ਮੇਰੇ ਘਰ ਦਾ ਵਿਹੜਾ ਹਾਸੇ ਠੱਠਿਆਂ ਨਾਲ ਗੂੰਜਦਾ ਸੀ ਪਰ ਅੱਜ ਫਿਜ਼ਾ ਉਦਾਸ ਹੈ। ਅੱਖਾਂ ਦਾ ਸੁੰਨੇਪਣ ਨਾਲ ਦਰਾਂ ਵੱਲ ਤੱਕਦਾ ਰਹਿੰਦਾ ਹਾਂ ਕਿ ਕੋਈ ਆਪਣਾ ਆਏਗਾ ਤੇ ਫਰੋਲਾਂਗੇ ਬਹਿ ਕੇ ਜ਼ਿੰਦਗੀ ਦੇ ਦੁੱਖ ਸਰ ਪਰ ਫਿਰ ਭੁੱਲ ਜਾਂਦਾ ਹਾਂ ਕਿ ਮੇਰੇ ਆੜੀ ਤਾਂ ਆਪ ਮੇਰੇ ਵਾਂਗ ਇਸ ਦੌਰ ਵਿੱਚੋਂ ਗੁਜ਼ਰ ਰਹੇ ਹਨ। ਬੱਚਿਆਂ ਕੋਲ ਤਾਂ ਫੋਨ ’ਤੇ ਗੱਲ ਕਰਨ ਦਾ ਵੀ ਸਮਾਂ ਨਹੀਂ। ਅਖੇ ਭਾਪਾ ਜੀ। ਟਾਈਮ ਨਹੀਂ ਲਗਦਾ। ਕੰਮ ਬਹੁਤ ਜ਼ਿਆਦਾ ਹੁੰਦਾ। ਰਾਤ ਦੇ 11 ਵੱਜ ਜਾਂਦੇ ਹਨ। ਫਿਰ ਮੈਂ ਸੋਚਦਾ ਹਾਂ ਕਿ ਇਹ ਕਿਹੋ ਜਿਹੀ ਜ਼ਿੰਦਗੀ ਹੈ, ਆਪਣੇ ਲਈ ਵੀ ਸਮਾਂ ਨਹੀਂ। ਲਗਦਾ ਹੈ ਕਿ ਅਸੀਂ ਜ਼ਿੰਦਗੀ ਜਿਉਣੀ ਭੁੱਲ ਗਏ ਹਾਂ, ਬੱਸ ਦਿਨ ਕਟੀ ਕਰ ਰਹੇ ਹਾਂ।
ਇੱਕ ਦਿਨ ਬਾਹਰੋਂ ਮੇਰੇ ਇੱਕ ਆੜੀ ਦਾ ਫੋਨ ਆਇਆ, ਬਹੁਤ ਲੰਬੇ ਸਮੇਂ ਬਾਅਦ। ਮੈਂ ਪੁੱਛਿਆ, ਕਿੱਦਾਂ ਜ਼ਿੰਦਗੀ? ਅੱਗੋਂ ਜਵਾਬ ਮਿਲਿਆ, “ਡਾਲਰਾਂ ਦੀ ਚਕਾਚੌਂਧ ਵਿੱਚ ਜ਼ਿੰਦਗੀ ਤਾਂ ਗੁਆਚ ਈ ਗਈ। ਹੁਣ ਤਾਂ ਆਪਣਾ ਪਿੰਡ ਤੇ ਪੁਰਾਣਾ ਸਮਾਂ ਯਾਦ ਆਉਂਦਾ ਪਰ ਕੀ ਕਰਾਂ, ਹੁਣ ਵਾਪਸ ਵੀ ਨਹੀਂ ਮੁੜ ਹੋਣਾ।”
ਰੋਜ਼ ਇਕੱਲਾ ਬੈਠਾ ਮੈਂ ਇਹੀ ਮੈਂ ਸੋਚਦਾ ਰਹਿੰਦਾ ਹਾਂ, ਕੀ ਅਸੀਂ ਹੁਣ ਜ਼ਿੰਦਗੀ ਜੀ ਰਹੇ ਹਾਂ ਜਾਂ ਦਿਨ ਕਟੀ ਕਰ ਰਹੇ ਹਾਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5427)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)