“ਵਰਤਮਾਨ ਪੀੜ੍ਹੀ ਦੇ ਨੌਜਵਾਨ ਕੁਝ ਹੱਦ ਤਕ ਕਾਗਜ਼ਾਂ ’ਤੇ ਲਿਖਣ ਲਈ ਮਜਬੂਰ ਹਨ ਪਰ ਸਾਡੀਆਂ ...”
(6 ਅਪਰੈਲ 2025)
ਸਾਲ 2020, 22 ਮਾਰਚ ਨੂੰ ਅਚਾਨਕ ਇੱਕ ਦਿਨ ਦਾ ਲਾਕਡਾਊਨ ਦੀ ਘੋਸ਼ਣਾ ਹੁੰਦੀ ਹੈ। ਕਾਰਨ ਸੀ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣਾ। ਇੱਕ ਦਿਨ ਤੋਂ ਬਾਅਦ 7 ਦਿਨ ਫਿਰ 14 ਦਿਨ ਕਰਦੇ ਕਰਦੇ ਲਗਭਗ ਇੱਕ ਸਾਲ ਤਕ ਲਾਕਡਾਊਨ ਚਲਦਾ ਰਿਹਾ ਤੇ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ ਸਕੂਲ ਕਾਲਜਾਂ ’ਤੇ। ਸਭ ਵਿੱਦਿਅਕ ਅਦਾਰੇ ਬੰਦ ਹੋ ਗਏ। ਸ਼ੁਰੂਆਤ ਵਿੱਚ ਲੱਗਿਆ ਕਿ ਸਭ ਕੁਛ ਜਲਦੀ ਠੀਕ ਹੋ ਜਾਏਗਾ ਤੇ ਸਕੂਲ ਮੁੜ ਤੋਂ ਸ਼ੁਰੂ ਹੋ ਜਾਣਗੇ, ਪਰ ਇੱਦਾਂ ਨਹੀਂ ਹੋਇਆ। ਪਹਿਲਾਂ ਕੁਝ ਪ੍ਰਾਈਵੇਟ ਅਦਾਰਿਆਂ ਨੇ ਵਟਸਐਪ ਰਾਹੀਂ ਵਿਦਿਆਰਥੀਆਂ ਨਾਲ ਜੁੜਨਾ ਸ਼ੁਰੂ ਕੀਤਾ ਅਤੇ ਵੇਖੋ ਵੇਖੀ ਸਾਰੇ ਹੀ ਪ੍ਰਾਈਵੇਟ ਅਤੇ ਸਰਕਾਰੀ ਅਦਾਰੇ ਵਿਦਿਆਰਥੀਆਂ ਨਾਲ ਆਨਲਾਈਨ ਜੁੜਨ ਲੱਗੇ। ਜ਼ੂਮ ਐਪ ਅਤੇ ਗੂਗਲ ਮੀਟ ਵਰਗੀਆਂ ਐਪ ਨਾਲ ਆਨਲਾਈਨ ਕਲਾਸਾਂ ਲੱਗਣ ਲੱਗ ਗਈਆਂ। ਮਾਪਿਆਂ ਨੂੰ ਮੋਬਾਇਲ ਫੋਨ ਲਾਜ਼ਮੀ ਤੌਰ ’ਤੇ ਆਪਣੇ ਬੱਚਿਆਂ ਦੇ ਹੱਥ ਦੇਣਾ ਪਿਆ। ਬਹੁਤ ਸਾਰੇ ਕੇਸਾਂ ਵਿੱਚ ਬੱਚਿਆਂ ਨੂੰ ਨਵੇਂ ਮੋਬਾਇਲ ਫੋਨ ਲੈ ਕੇ ਦਿੱਤੇ। ਜਿਹੜੇ ਮਾਂ ਬਾਪ ਗਰੀਬ ਸਨ, ਉਹਨਾਂ ਨੇ ਵੀ ਕਰਜ਼ ਚੁੱਕ ਕੇ ਆਪਣੇ ਬੱਚਿਆਂ ਨੂੰ ਸਮਾਰਟ ਫੋਨ ਲੈ ਕੇ ਦਿੱਤੇ। ਬੇਸ਼ਕ ਲਾਕਡਾਊਨ ਤੋਂ ਬਾਅਦ ਸਕੂਲ ਆਮ ਵਾਂਗ ਖੁੱਲ੍ਹ ਗਏ ਪਰ ਅਧਿਆਪਕਾਂ ਨੂੰ ਇਹ ਕੰਮ ਬਹੁਤ ਰਾਸ ਆਇਆ। ਸੈਸ਼ਨ ਦੇ ਸ਼ੁਰੂਆਤ ਵਿੱਚ ਹੀ ਵਟਸਐਪ ਗਰੁੱਪ ਬਣਾ ਕੇ ਅਧਿਆਪਕ ਬਹੁਤਾ ਕਰਕੇ ਨੋਟਸ ਅਤੇ ਘਰ ਲਈ ਕੰਮ ਬੱਚਿਆਂ ਦੇ ਵਟਸਐਪ ਗਰੁੱਪ ਵਿੱਚ ਹੀ ਪਾ ਦਿੰਦੇ ਹਨ ਜੋ ਕੇ ਗਲਤ ਰੁਝਾਨ ਹੈ। ਬੇਸ਼ਕ ਇਸ ਤਰ੍ਹਾਂ ਕਰਨ ਨਾਲ ਅਧਿਆਪਕਾਂ ਦਾ ਆਪਣਾ ਬੋਝ ਤਾਂ ਘਟ ਹੋਇਆ ਹੈ ਪਰ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਬਹੁਤ ਹਾਨੀਕਾਰਕ ਨਤੀਜੇ ਵੇਖਣ ਨੂੰ ਮਿਲਣਗੇ।
ਲਾਕਡਾਊਨ ਤੋਂ ਬਾਅਦ ਇਹ ਸਿਰਫ ਸਕੂਲਾਂ ਤਕ ਹੀ ਸੀਮਤ ਨਹੀਂ ਰਿਹਾ ਬਲਕਿ ਸਾਰੇ ਹੀ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿੱਚ, ਹੁਣ ਡਾਕ ਜਾਂ ਸੂਚਨਾ ਦੇ ਆਦਾਨ ਪ੍ਰਦਾਨ ਦਾ ਮਾਧਿਅਮ ਮੋਬਾਇਲ ਫੋਨ ਹੀ ਬਣ ਗਿਆ ਹੈ। ਹੁਣ ਕਿਸੇ ਵੀ ਤਰ੍ਹਾਂ ਦੀ ਸੂਚਨਾ ਭੇਜਣੀ ਹੋਵੇ ਤਾਂ ਮੋਬਾਇਲ ’ਤੇ ਹੀ ਮੈਸੇਜ ਟਾਈਪ ਕਰਕੇ ਅੱਗੇ ਗਰੁੱਪਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਅਗਰ ਕੋਈ ਸੂਚਨਾ ਦੀ ਮੰਗ ਵੀ ਹੋਵੇ ਜਾਂ ਕੋਈ ਚਿੱਠੀ ਪੱਤਰ ਆਦਿ ਹੋਵੇ, ਉਹ ਵੀ ਹੁਣ ਮੋਬਾਇਲ ’ਤੇ ਹੀ ਟਾਈਪ ਕਰਕੇ ਭੇਜ ਦਿੱਤਾ ਜਾਂਦਾ ਹੈ। ਮੋਬਾਇਲ ਫੋਨ ਵਿੱਚ ਹੁਣ ਹਰ ਪ੍ਰਕਾਰ ਦੀ ਸੂਚਨਾ ਪ੍ਰਦਾਨ ਕਰਨ ਲਈ ਐਪ ਹਨ, ਸੂਚਨਾ ਚਾਹੇ ਪੱਤਰ ਦੇ ਰੂਪ ਵਿੱਚ ਹੋਵੇ ਜਾਂ ਐਕਸਲ ਸ਼ੀਟ ਦੇ ਰੂਪ ਵਿੱਚ ਸਭ ਕੁਝ ਮੋਬਾਇਲ ਵਿੱਚ ਹੋ ਜਾਂਦਾ ਹੈ।
ਬੇਸ਼ਕ ਇਸ ਤਰ੍ਹਾਂ ਕਰਨ ਨਾਲ ਸਮੇਂ ਦੀ ਬੱਚਤ ਜ਼ਰੂਰ ਹੁੰਦੀ ਹੈ ਅਤੇ ਸੂਚਨਾ ਦਾ ਆਦਾਨ ਪ੍ਰਦਾਨ ਵੀ ਕੁਝ ਹੀ ਸਮੇਂ ਵਿੱਚ ਹੋ ਜਾਂਦਾ ਹੈ ਪਰ ਭਵਿੱਖ ਲਈ ਇਸਦਾ ਅਸਰ ਬਹੁਤ ਵਧੀਆ ਨਹੀਂ ਹੋਵੇਗਾ। ਸਕੂਲ ਵਿੱਚ ਵੱਡੀਆਂ ਜਮਾਤਾਂ ਹੋਣ ਜਾਂ ਕਾਲਜ ਵਿੱਚ, ਇੱਕ ਸਮਾਂ ਸੀ ਜਦੋਂ ਵਿਦਿਆਰਥੀ ਕਿਸੇ ਸਵਾਲ ਦਾ ਉੱਤਰ ਲੱਭਣ ਲਈ ਕਿਤਾਬਾਂ ਫਰੋਲਦੇ ਸਨ, ਲਾਇਬਰੇਰੀ ਵਿੱਚ ਜਾ ਕੇ ਬੈਠਦੇ ਸਨ ਅਤੇ ਰਜਿਸਟਰਾਂ ਦੇ ਪੰਨੇ ਲਿਖ ਲਿਖ ਕੇ ਭਰ ਦਿੰਦੇ ਸਨ। ਇਹ ਹਮੇਸ਼ਾ ਮੰਨਿਆ ਜਾਂਦਾ ਰਿਹਾ ਹੈ ਕਿ ਲਿਖਣ ਨਾਲ ਦਿਮਾਗ ਵਿੱਚ ਕੋਈ ਵੀ ਗੱਲ ਜਲਦੀ ਬੈਠ ਜਾਂਦੀ ਹੈ ਅਤੇ ਲੰਬੇ ਸਮੇਂ ਤਕ ਰਹਿੰਦੀ ਹੈ। ਲਾਕਡਾਊਨ ਤੋਂ ਪਹਿਲਾਂ ਬੋਰਡ ਦੀਆਂ ਜਮਾਤਾਂ ਵਿੱਚ ਵਿਕਲਪਿਕ ਉੱਤਰ ਵਾਲੇ ਪ੍ਰਸ਼ਨ ਘੱਟ ਹੁੰਦੇ ਸਨ ਅਤੇ ਲਿਖਣ ਵਾਲਾ ਕੰਮ ਜ਼ਿਆਦਾ ਹੁੰਦਾ ਸੀ। 3 ਘੰਟੇ ਵਾਲੀ ਪ੍ਰੀਖਿਆ ਵਿੱਚ ਪ੍ਰੀਖਿਆ ਦੇਣ ਵਾਲਾ ਵਿਦਿਆਰਥੀ 3 ਘੰਟੇ ਦਾ ਸਮਾਂ ਬਤੀਤ ਕਰਦਾ ਸੀ ਅਤੇ ਕਈ ਵਾਰ ਇਹ ਸਮਾਂ ਘੱਟ ਪ੍ਰਤੀਤ ਹੁੰਦਾ ਸੀ। ਕਾਲਜ ਪੱਧਰ ’ਤੇ ਵਿਦਿਆਰਥੀ ਅਕਸਰ ਕਿਤਾਬਾਂ ਨਾਲ ਮੱਥਾ ਮਾਰਦੇ ਅਤੇ ਨੋਟਸ ਲਿਖਦੇ ਹੀ ਨਜ਼ਰ ਆਉਂਦੇ ਅਤੇ ਪ੍ਰੀਖਿਆ ਵਿੱਚ ਮਿਲਿਆ 3 ਘੰਟੇ ਦਾ ਸਮਾਂ ਉਹਨਾਂ ਨੂੰ ਘੱਟ ਹੀ ਲਗਦਾ। ਕਈ ਵਿਦਿਆਰਥੀ ਲਾਇਬਰੇਰੀਅਨ ਨੂੰ ਬਾਰ ਬਾਰ ਕਿਸੇ ਖ਼ਾਸ ਕਿਤਾਬ ਬਾਰੇ ਜਾ ਕੇ ਪੁੱਛਦੇ ਕਿ ਉਹ ਕਦੋਂ ਉਹਨਾਂ ਨੂੰ ਮਿਲ ਸਕਦੀ ਹੈ। ਵਿਦਿਆਰਥੀ ਇੱਕ ਦੂਸਰੇ ਤੋਂ ਨੋਟਸ ਮੰਗਦੇ ਤੇ ਘਰ ਜਾ ਕੇ ਆਪਣੇ ਰਜਿਸਟਰ ਵਿੱਚ ਉਤਾਰਦੇ।
ਲਾਕਡਾਊਨ ਤੋਂ ਬਾਅਦ ਸਭ ਕੁਝ ਬਦਲ ਗਿਆ ਹੈ। ਹੁਣ ਰਜਿਸਟਰ ਦੇ ਪੰਨੇ ਬਹੁਤ ਘੱਟ ਭਰ ਹੁੰਦੇ ਹਨ। ਸਕੂਲ, ਕਾਲਜ ਦੀਆਂ ਲਾਇਬਰੇਰੀਆਂ ਉਡੀਕਦੀਆਂ ਹਨ ਕਿ ਵਿਦਿਆਰਥੀ ਉਹਨਾਂ ਵਿਚਲੇ ਬੈਂਚਾਂ ’ਤੇ ਕਦੋਂ ਆ ਕੇ ਬੈਠਣਗੇ। ਲਾਇਬਰੇਰੀਅਨ ਰਜਿਸਟਰ ਖੋਲ੍ਹ ਕੇ ਬੈਠਾ ਉਡੀਕ ਰਿਹਾ ਹੁੰਦਾ ਹੈ ਕਿ ਕਦੋਂ ਕੋਈ ਕਿਤਾਬ ਇਸ਼ੂ ਕਰਵਾਉਣ ਲਈ ਆਵੇਗਾ। ਹੁਣ ਸਿਰਫ ਇੱਕ ਕਲਿੱਕ ਨਾਲ ਗੂਗਲ ’ਤੇ ਹਰ ਇੱਕ ਸਵਾਲ ਦਾ ਜਵਾਬ ਮਿਲ ਜਾਂਦਾ ਹੈ। ਵਿਦਿਆਰਥੀ ਹੁਣ ਰਜਿਸਟਰ ਦੇ ਪੰਨੇ ਭਰਨ ਦੀ ਜਗ੍ਹਾ ਗੂਗਲ ਤੋਂ ਡਾਊਨਲੋਡ ਕਰਕੇ ਰੱਖ ਲੈਂਦੇ ਹਨ। ਲਿਖਣ ਤੋਂ ਗੁਰੇਜ਼ ਕਰਨ ਲੱਗੇ ਹਨ। ਹਾਲ ਦੀ ਘੜੀ ਬੇਸ਼ਕ ਇਮਤਿਹਾਨ ਲਿਖਤੀ ਰੂਪ ਵਿੱਚ ਲਏ ਜਾ ਰਹੇ ਹਨ ਪਰ ਕਈ ਯੂਨੀਵਰਸਿਟੀਆਂ ਖਾਸ ਕਰਕੇ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਆਨਲਾਈਨ ਇਮਤਿਹਾਨ ਲੈਣੇ ਸ਼ੁਰੂ ਕਰ ਦਿੱਤੇ ਹਨ। ਹੁਣ ਤਾਂ ਅਸਾਈਨਮੈਂਟਸ ਵੀ ਲਿਖਤੀ ਨਹੀਂ ਦਿੱਤੀਆਂ ਜਾਂਦੀਆਂ, ਉਹ ਵੀ ਹੁਣ ਟਾਈਪ ਕਰਕੇ ਹੀ ਭੇਜੀਆਂ ਜਾਂਦੀਆਂ ਹਨ। ਬਹੁਤ ਸਾਰੇ ਅਦਾਰਿਆਂ ਵਿੱਚ ਹੁਣ ਹਸਤਾਖਰ ਵੀ ਡਿਜਿਟਲ ਹੋ ਗਏ ਹਨ। ਸਕੂਲ ਪੱਧਰ ਦੇ ਪ੍ਰਸ਼ਨ ਪੱਤਰ ਦਾ ਵੱਡਾ ਹਿੱਸਾ ਵਿਕਲਪਿਕ ਪ੍ਰਸ਼ਨਾਂ ਵਾਲਾ ਹੋ ਗਿਆ ਹੈ, ਇਸ ਲਈ ਵਿਦਿਆਰਥੀ ਨੂੰ ਬਹੁਤ ਘੱਟ ਲਿਖਣਾ ਪੈਂਦਾ ਹੈ।
ਅੱਜ ਦੇ ਡਿਜਿਟਲ ਯੁਗ ਵਿੱਚ ਲੇਖਕ ਵੀ ਆਪਣੀ ਕਲਮ ਨਾਲ ਵਰਕਿਆਂ ’ਤੇ ਸਾਹਿਤ ਨਹੀਂ ਉਲੀਕਦੇ, ਉਹ ਵੀ ਹੁਣ ਮੋਬਾਇਲ ’ਤੇ ਹੀ ਟਾਈਪ ਕਰਦੇ ਹਨ। ਸਾਹਿਤ ਰਚਣਾ ਹੁਣ ਸੌਖਾ ਹੋ ਗਿਆ ਹੈ। ਏ ਆਈ ਦਾ ਜ਼ਮਾਨਾ ਹੈ, ਬਹੁਤ ਕੁਛ ਡਿਜਿਟਲ ਤੌਰ ’ਤੇ ਤੁਹਾਡੇ ਕੋਲ ਆਪਣੇ ਆਪ ਹੀ ਆ ਜਾਂਦਾ ਹੈ। ਸਾਹਿਤ ਰਚਨਾ ਲਈ ਹੁਣ ਵਿਆਕਰਣ ਦੇ ਗਿਆਨ ਦੀ ਬਹੁਤੀ ਲੋੜ ਨਹੀਂ, ਵਾਕਾਂ ਵਿਚਲੀਆਂ ਗਲਤੀਆਂ ਵੀ ਗੂਗਲ ਆਪ ਹੀ ਠੀਕ ਕਰ ਦਿੰਦਾ ਹੈ। ਵਰਤਮਾਨ ਪੀੜ੍ਹੀ ਦੇ ਨੌਜਵਾਨ ਕੁਝ ਹੱਦ ਤਕ ਕਾਗਜ਼ਾਂ ’ਤੇ ਲਿਖਣ ਲਈ ਮਜਬੂਰ ਹਨ ਪਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੂਰੀ ਤਰ੍ਹਾਂ ਡਿਜਿਟਲ ਹੋਣਗੀਆਂ, ਜਿੱਥੇ ਨਾ ਕਿਤਾਬਾਂ ਦੀ ਲੋੜ ਰਹੇਗੀ ਅਤੇ ਨਾ ਹੀ ਕਾਗਜ਼ ਦੀ। ਹਸਤਾਖਰ ਵੀ ਪੂਰੀ ਤਰ੍ਹਾਂ ਡਿਜਿਟਲ ਹੋਣਗੇ। ਹੁਣ ਤਾਂ ਗਣਿਤ ਦੇ ਸਵਾਲ ਵੀ ਬੋਰਡ ’ਤੇ ਹੱਲ ਨਹੀਂ ਕਰਵਾਏ ਜਾਂਦੇ। ਆਉਣ ਵਾਲੇ ਸਮੇਂ ਵਿੱਚ ਇੱਕ ਉਹ ਪੀੜ੍ਹੀ ਹੋਵੇਗੀ ਜੋ ਕਾਗਜ਼ ’ਤੇ ਲਿਖਣਾ ਨਹੀਂ ਜਾਣਦੀ ਹੋਵੇਗੀ ਤੇ ਲਿਖਣਾ ਕੀ ਹੁੰਦਾ ਹੈ, ਇਹ ਸਿਰਫ ਇਤਿਹਾਸ ਬਣਕੇ ਰਹਿ ਜਾਵੇਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (