“ਕਾਦਰ ਦੀ ਕੁਦਰਤ ਵੀ ਇਹੋ ਮੰਗ ਕਰਦੀ ਹੈ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਮਿਲੇ ਜ਼ਖਮਾਂ, ਤਰੇੜਾਂ ਤੇ ਕਮੀਆਂ ਨੂੰ”
(12 ਦਸੰਬਰ 2017)
ਆਪਣੇ ਘਰ ਵਿੱਚ ਕੰਮ ਕਰਨ ਵਾਲੀ ਬਾਈ ਲੱਭਦਿਆਂ, ਇੱਕ ਔੌਰਤ ਨਾਲ ਜਾਣਕਾਰੀ ਹੋਈ, ਜੋ ਲੰਗੜਾ ਕੇ ਚੱਲ ਰਹੀ ਸੀ। ਮੇਰੇ ਮਨ ਨੇ ਹਾਮੀ ਨਾ ਭਰੀ ਕਿਉਂਕਿ ਸਾਫ ਸਫਾਈ ਤੇ ਝਾੜੂ-ਪੋਚਾ ਕਰਦਿਆਂ ਕਈ ਵੇਰ ਉੱਠਣਾ-ਬੈਠਣਾ ਪੈਂਦਾ ਹੈ। ਥੋੜ੍ਹਾ ਹਿਚਕਚਾਉਂਦਿਆਂ ਮੈਂ ਕਿਹਾ, “ਤੈਨੂੰ ਕੰਮ ਵਿੱਚ ਔੌਖ ਹੁੰਦੀ ਹੋਵੇਗੀ।”
ਉਸਨੇ ਵਿਸਵਾਸ਼ਪੂਰਵਕ ਬਿਨਾਂ ਕਿਸੇ ਹੀਣ ਭਾਵਨਾ ਦੇ ਜਵਾਬ ਦਿੱਤਾ, “ਅਰੇ ਆਂਟੀ, ਆਪ ਕਾਮ ਕਰਵਾ ਕੇ ਤੋ ਦੇਖੋ।”
ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ, ਹਾਂ ਕਰ ਦਿੱਤੀ ਤੇ ਸੋਚਿਆ, ਇਸ ਬਹਾਨੇ ਇਸਦੀ ਮਦਦ ਵੀ ਹੋ ਜਾਵੇਗੀ। ਬਾਅਦ ਵਿੱਚ ਮੈਂ ਉਸ ਨੂੰ ਹਟਾ ਹੀ ਨਹੀਂ ਸਕੀ ਕਿਉਂਕਿ ਬਗੈਰ ਬੋਲਿਆਂ ਤੇ ਸਮਾਂ ਬਰਬਾਦ ਕੀਤਿਆਂ, ਵਧੀਆ ਚੁਸਤੀ-ਫੁਰਤੀ ਨਾਲ ਆਮ ਵਾਂਗ ਕੰਮ ਕਰਦੀ ਹੈ। ਸਾਫ-ਸੁਥਰੀ, ਚੰਗੇ ਵਿਚਾਰ ਤੇ ਚੰਗੀਆਂ ਆਦਤਾਂ ਤੇ ਇਮਾਨਦਾਰ, ਪਤੀ ਤੋਂ ਵੱਖ ਰਹਿ ਕੇ ਆਪਣੇ ਦੋ ਬੱਚਿਆਂ ਨੂੰ ਪੜ੍ਹਾ-ਲਿਖਾ ਰਹੀ ਹੈ। ਆਸਵੰਦ ਜੀਵਨ ਮਾਣਦੀ ਹੋਈ ਪਿੰਡ ਜਾ ਕੇ ਦੋ ਕਮਰੇ ਬਣਾਉਣ ਖਾਤਿਰ ਪੈਸੇ ਜੋੜ ਰਹੀ ਹੈ। ਦੱਸਦੀ ਹੈ ਕਿ ਬਚਪਨ ਵਿੱਚ ਉਸ ਨੂੰ ਅਧਰੰਗ ਹੋਇਆ ਸੀ ਤੇ ਮਾਂ-ਬਾਪ ਵੀ ਜਲਦੀ ਸਾਥ ਛੱਡ ਗਏ। ਘਰ ਵਿੱਚ ਵੱਡੀ ਸੀ ਤੇ ਬਾਕੀ ਭੈਣ ਭਰਾਵਾਂ ਨੂੰ ਦਾਦੀ ਨਾਲ ਰਹਿ ਕੇ ਉਸਨੇ ਹੀ ਪਾਲਿਆ।
ਆਪਣੇ ਘਰਾਂ, ਆਲੇ-ਦੁਆਲੇ ਤੇ ਚੌਗਿਰਦੇ ਵਿੱਚ ਆਮ ਹੀ ਵੇਖਣ ਵਿੱਚ ਆਉਂਦਾ ਹੈ ਕਿ ਅਜਿਹੇ ਅਸੰਤੁਲਤ ਸਰੀਰ ਰੱਖਣ ਵਾਲੇ ਵਿਅਕਤੀ ਅਨੂਠੀ ਸ਼ਖਸੀਅਤ ਦੇ ਮਾਲਕ ਹੁੰਦੇ ਹਨ। ਹੱਥਾਂ ਤੋਂ ਆਰ੍ਹੀ ਬਠਿੰਡੇ ਦਾ ਜੰਮਪਲ ਜਸਪਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਾਸਟਰ ਡਿਗਰੀ ਕਰ ਰਿਹਾ ਹੈ। ਆਪਣੇ ਆਪ ਨੂੰ ਉਸਨੇ ਕਦੇ ਅਧੂਰਾ ਮਹਿਸੂਸ ਨਹੀਂ ਕੀਤਾ ਅਤੇ ਕਈ ਅੰਤਰ ਵਿਭਾਗੀ ਮੁਕਾਬਲਿਆਂ ਵਿੱਚ ਵੀ ਝੰਡੇ ਬੁਲੰਦ ਕੀਤੇ ਹਨ। ਪੱਗ ਬੰਨ੍ਹਣ ਤੋਂ ਲੈ ਕੇ ਮੋਬਾਇਲ, ਲੈਪ-ਟਾਪ, ਕੰਪਿਊਟਰ ਤੇ ਵੱਖ ਵੱਖ ਤਰ੍ਹਾਂ ਦੀਆਂ ਕਾਰਾਂ ਚਲਾਉਣ ਵਿੱਚ ਮੁਹਾਰਤ ਰੱਖਦਾ ਉਹ ਸਾਬਤ ਤੇ ਸਿਹਤਮੰਦ ਇਨਸਾਨਾਂ ਲਈ ਨਸੀਹਤ ਬਣ ਚੁੱਕਾ ਹੈ।
ਸੰਗੀਤ ਦੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਅਜਿਹੇ ਇੱਕ ਨੌਜਵਾਨ ਨੇ ਆਪਣੀ ਪ੍ਰਤਿਭਾ ਨੂੰ ਅਸੀਮ ਸ਼ਕਤੀ, ਸਿਰੜ, ਸਿਦਕ ਨਾਲ ਇਸ ਕਦਰ ਨਿਖਾਰਿਆ ਹੈ ਕਿ ਉਹ ਇੱਕ ਕਮਾਊ ਤੇ ਆਤਮ-ਨਿਰਭਰ ਇਨਸਾਨ ਹੈ। ਆਪਣੀ ਹਿਰਦੇਵੇਦਨਾ ਜ਼ਾਹਿਰ ਕਰਦਿਆਂ ਉਸਨੇ ਕਿਹਾ ਕਿ ਜੰਗ ਦੇ ਮੈਦਾਨ ਵਿੱਚ ਖੜ੍ਹਾ ਕੋਈ ਸਿਪਾਹੀ ਤਲਵਾਰ ਨਹੀਂ ਚਲਾਏਗਾ ਤਾਂ ਹੋਰ ਕੀ ਕਰੇਗਾ। ਆਪਣੇ ਆਸਤਿਤਵ ਨੂੰ ਹਰ ਕੋਈ ਕਾਇਮ ਰੱਖਦਾ ਹੀ ਹੈ। ਜ਼ਿੰਦਗੀ ਤੇ ਸਫਰ ਵਿੱਚ ਕਦੇ ਤਾਂ ਇਕੱਲੇ ਰਹਿਣਾ ਪੈਂਦਾ ਹੈ, ਤਾਂ ਕਿਸੇ ’ਤੇ ਨਿਰਭਰ ਰਹਿ ਕੇ ਜ਼ਿੰਦਗੀ ਕਿਵੇਂ ਚੱਲ ਸਕਦੀ ਹੈ। ਬਚਪਨ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਉਸਦੀ ਇਹ ਹਾਲਤ ਹੋਈ ਹੈ। ਢਹਿ-ਢੇਰੀ ਹੋਏ ਤੇ ਨਿਰਾਸ਼ਾ ਦੇ ਆਲਮ ਵਿੱਚ ਬੈਠੇ ਨੌਜਵਾਨਾਂ ਲਈ ਇਹ ਇੱਕ ਸਬਕ ਹੈ। ਸੁਧਾ ਚੰਦਰਨ, ਜੋ ਇੱਕ ਲੱਤ ਗਵਾ ਕੇ ਵੀ ਪ੍ਰਸਿੱਧ ਡਾਂਸਰ ਰਹੀ ਹੈ। ਦੋਵੇਂ ਲੱਤਾਂ ਤੋਂ ਅੰਗਹੀਣ, ਬਠਿੰਡਾ ਦਾ ਰਣਜੀਤ ਸਿੰਘ ਜਿਸਨੇ ਗੱਤਕਾ ਤੇ ਬਾਡੀ ਬਿਲਡਿੰਗ ਵਿੱਚ ਨਾਮਣਾ ਖੱਟਿਆ ਹੈ।
ਅਕਸਰ ਕਈ ਤਰ੍ਹਾਂ ਦੇ ਸਵਾਲ ਮਨ ਵਿੱਚ ਉੱਠਦੇ ਹਨ ਕਿ ਕੁਦਰਤ ਦੀ ਕਰੋਪੀ ਦੇ ਸ਼ਿਕਾਰ ਇਹ ਲੋਕ ਆਪਣੇ ਖੇਤਰ ਵਿੱਚ ਕਿਵੇਂ ਮੱਲਾਂ ਮਾਰ ਜਾਂਦੇ ਹਨ। ਇਹਨਾਂ ਲੋਕਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਬਾਰੇ ਸੋਚਦਿਆਂ ਮਨ ਕਈ ਤਰ੍ਹਾਂ ਦੇ ਬੋਝਲ, ਦੁਖਦਾਈ ਤੇ ਦਿਲ ਟੁੰਭਵੇਂ ਅਹਿਸਾਸਾਂ ਹੇਠ ਦੱਬ ਕੇ ਰਹਿ ਜਾਂਦਾ। ਇਹਨਾਂ ਅਹਿਸਾਸਾਂ ਦੇ ਚੱਕਰਵਿਊ ਵਿੱਚ ਹੀ ਜਪਾਨੀ ਕਲਾ ਦਾ ਇੱਕ ਖੂਬਸੂਰਤ ਪੱਖ ‘ਕਿੰਟਸੁਗੀ’, ਮੇਰੇ ਜ਼ਿਹਨ ਦੇ ਧੁੰਦਲੇਪਨ ਵਿੱਚ ਉੱਕਰਿਆ, ਜਿਸ ਬਾਰੇ ਮੈਂ ਕਿਧਰੇ ਪੜ੍ਹਿਆ ਜਾਂ ਸੁਣਿਆ ਸੀ। ਜਪਾਨ ਵਿੱਚ ਇਹ ਰੀਤ ਹੈ ਕਿ ਕਿਸੇ ਵੀ ਚੀਨੀ ਮਿੱਟੀ ਜਾਂ ਕੱਚ ਦੇ ਬਣੇ ਹੋਏ ਬਰਤਨ ਤੇ ਫੁੱਲਦਾਨ ਦੀ ਟੁੱਟ-ਭੱਜ ਹੋ ਜਾਵੇ ਜਾਂ ਤਰੇੜ ਆ ਜਾਵੇ ਤਾਂ ਉਸ ਨੂੰ ਖੁਸ਼ੀ ਨਾਲ ਸਵੀਕਾਰਿਆ ਜਾਂਦਾ ਹੈ। ਅਸੀਂ ਅਕਸਰ ਅਜਿਹੀਆਂ ਵਸਤੂਆਂ ਨੂੰ ਫਜ਼ੂਲ ਜਾਣ ਕੇ ਬਾਹਰ ਸੁੱਟ ਦਿੰਦੇ ਹਾਂ। ਵੱਖਰੀ ਗੱਲ ਹੈ ਕਿ ਕੋਈ ਕਲਾਕਾਰ ਇਹਨਾਂ ਟੁਕੜਿਆਂ ਨੂੰ ਜੋੜ ਕੇ ਵੱਖ-ਵੱਖ ਮਨਮੋਹਕ ਆਕ੍ਰਿਤੀਆਂ ਵਿੱਚ ਬਦਲ ਲੈਂਦੇ ਹਨ, ਜੋ ਮੂੰਹ ਬੋਲਦੀਆਂ ਤਸਵੀਰਾਂ ਤਾਂ ਬਣ ਜਾਂਦੀਆਂ ਹਨ ਪਰ ਉਹਨਾਂ ਦਾ ਇਤਿਹਾਸ ਜਾਂ ਵਿਰਸਾ ਖਤਮ ਹੋ ਜਾਂਦਾ ਹੈ। ‘ਕਿੰਟਸੁਗੀ’ ਕਲਾ ਵਿੱਚ ਇਹਨਾਂ ਵਸਤੂਆਂ ਦੀ ਹਰ ਸੰਭਵ ਮੁਰੰਮਤ ਇੱਕ ਅਜਿਹੇ ਗੂੰਦ ਜਾਂ ਵਾਰਨਿਸ਼ ਨਾਲ ਕੀਤੀ ਜਾਂਦੀ ਹੈ, ਜਿਸ ਵਿੱਚ ਸੋਨੇ ਵਰਗੀਆਂ ਕੀਮਤੀ ਧਾਤਾਂ ਰਲੀਆਂ ਹੁੰਦੀਆਂ ਹਨ ਜਾਂ ਫਿਰ ਉੱਪਰ ਧੂੜਦੇ ਹਨ। ਇਸ ਤਰ੍ਹਾਂ ਇਹ ਪਹਿਲਾਂ ਤੋਂ ਵੀ ਵੱਧ ਸੁੰਦਰ, ਆਕਰਸ਼ਕ ਤੇ ਮਹਿੰਗੀ ਹੋ ਜਾਂਦੀ ਹੈ। ਇਸ ਨੂੰ ‘ਸੁਨਹਿਰੀ ਮੁਰੰਮਤ’ ਵੀ ਕਿਹਾ ਜਾਂਦਾ ਹੈ।
ਠੀਕ ਇਹੀ ਸਿਧਾਂਤ ਤੇ ਫਲਸਫਾ ਸਾਡੀ ਜੀਵਨ-ਜਾਂਚ ਵਿੱਚ ਵੀ ਸ਼ਾਮਲ ਹੈ। ਇਹ ਵਿਧੀ ਸੰਕੇਤ ਕਰਦੀ ਹੈ ਕਿ ਜਦੋਂ ਅਸੀਂ ਸੰਘਰਸ਼ ਭਰੀ ਜ਼ਿੰਦਗੀ ਦੇ ਖਲਾਅ ਤੇ ਕਮੀਆਂ ਨੂੰ ਗਲੇ ਲਗਾ ਕੇ ਪੂਰੇ ਜੀਅ-ਜਾਨ ਨਾਲ ਪੁਲਾਘਾਂ ਪੁੱਟਦੇ ਹੋਏ ਇਹਨਾਂ ਦੀ ਪੂਰਤੀ ਕਰਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਕਿ ਇੱਕ ਵੇਰ ਟੁੱਟਣ ਤੋਂ ਬਾਅਦ ਅਸੀਂ ਹੋਰ ਵਧੀਆ ਜ਼ਿੰਦਗੀ ਜੀਣ ਦੇ ਯੋਗ ਹਾਂ। ਫਿਰ ਸਾਡੇ ਜ਼ਖਮ ਤੇ ਅਧੂਰਾਪਨ ਹੀ ਸਫਲ ਜ਼ਿੰਦਗੀ ਦਾ ਰਾਜ਼ ਬਣਦੇ ਹਨ। ਸਰੀਰਕ ਪੱਖੋਂ ਅਸਮਰੱਥ ਇਰਾ ਸਿੰਘਲ ਨੇ ਲਗਾਤਾਰ ਕੋਸ਼ਿਸ਼ਾਂ ਕਰਕੇ 2016 ਵਿੱਚ ਸਿਵਲ ਸੇਵਾਵਾਂ ਪ੍ਰੀਖਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਵੀਲ ਚੇਅਰ ਨਾਲ ਜੁੜੀ ਜ਼ਿੰਦਗੀ ਜੀਅ ਰਹੇ ਪੰਜਾਬ ਦੇ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਨੇ ਪੀ. ਡਬਲਿਯੂ.ਐੱਫ ਯੂਗਾਂਡਾਂ ਪੈਰਾ ਬੈਡਮਿੰਟਨ ਇੰਟਰਨੈਸ਼ਨਲ 2017 ਵਿੱਚ ਭਾਰਤ ਲਈ ਪਹਿਲੀ ਵਾਰ ਵੀਲ ਚੇਅਰ-2 ਵਿੱਚ ਗੋਲਡ ਮੈਡਲ ਜਿੱਤਿਆ। ਮਾਰਕ ਜੈਕੋਬਸ ਦੇ ਕਥਨ ਅਨੁਸਾਰ, “ਮੈਂ ਹਮੇਸ਼ਾ ਸੁੰਦਰਤਾ ਵੇਖਦਾ ਹਾਂ, ਉਹਨਾਂ ਵਸਤਾਂ ਵਿੱਚ ਜਿਹਨਾਂ ਵਿੱਚ ਵਖਰੇਵਾਂ ਤੇ ਅਧੂਰਾਪਨ ਹੁੰਦਾ ਹੈ। ਉਹ ਬਹੁਤ ਦਿਲਚਸਪ ਹੁੰਦੀਆਂ ਹਨ।”
ਸੁਨਿਹਰੀ ਮੁਰੰਮਤ ਵਾਲੀ, ‘ਕਿੰਟਸੁਗੀ’ ਜ਼ਿੰਦਗੀ ਜੀਣ ਵਾਲਿਆਂ ਦੀਆਂ ਉਦਾਹਰਣਾਂ ਤਾਂ ਨਾ ਮੁੱਕਣਯੋਗ ਹਨ। ਲਿਖਦਿਆਂ ਕਲਮ ਲਈ ਸ਼ਬਦ ਨਹੀਂ ਮਿਲਣਗੇ। ਮੇਰੀ ਕਲਮ ਦੇ ਇਹ ਕੁਝ ਚੋਣਵੇਂ ਸ਼ਬਦ ਉਹਨਾਂ ਲਈ ਸਮਰਪਿਤ ਹਨ ਜੋ ਮੇਰੇ ਨਿੱਜਪ੍ਰਸਤ ਦੇ ਦਾਇਰੇ ਵਿੱਚ ਹਨ। ਡਾ. ਐੱਸ. ਤਰਸੇਮ, ਪ੍ਰੋ. ਕਿਰਪਾਲ ਸਿੰਘ ਕਸੇਲ, ਮੋਹਨ ਸਿੰਘ ਬਾਸਰਕੇ ਆਦਿ ਕਈ ਅਜਿਹੇ ਸਖਸ਼ ਹਨ, ਜਿਹਨਾਂ ਨੇ ਸਮਾਜਿਕ ਤੇ ਸਾਹਿਤਕ ਖੇਤਰ ਵਿੱਚ ਸਰਗਰਮ ਰਹਿ ਕੇ ਅੰਗਹੀਣਤਾ ਦੇ ਸਰਾਪ ਨੂੰ ਵਰਦਾਨ ਸਮਝ ਕੇ ਕਬੂਲਿਆ। ਅਜਿਹੇ ਕਰਮਯੋਗੀਆਂ ਦੀ ਸੂਚੀ ਵਿੱਚ ਇੱਕ ਹੋਰ ਨਾਮ ਹਰਪਿੰਦਰ ਰਾਣਾ ਵੀ ਸ਼ਾਮਲ ਹੈ, ਜਿਸ ਤੋਂ ਮੈਂ ਬਹੁਤ ਮੁਤਾਸਿਰ ਹਾਂ। ਅੱਠ ਮਹੀਨਿਆਂ ਦੀ ਉਮਰ ਵਿੱਚ ਉਹ ਗਲਤ ਡਾਕਟਰੀ ਇਲਾਜ ਕਾਰਨ ਚੱਲਣ ਫਿਰਨ ਤੋਂ ਅਸਮਰੱਥ ਵੀਲ ਚੇਅਰ ਦੇ ਹਵਾਲੇ ਹੋ ਗਈ। ਬਾਲ ਮਨ ਉਡਾਰੀ ਮਾਰਨਾ, ਭੱਜਣਾ, ਨੱਸਣਾ ਲੋਚਦਾ ਹੈ, ਪਰ ਉਹ ਮਸੀਂ ਰਿੜ੍ਹਨ ਜੋਗੀ ਸੀ। ਬੇਵਸੀ ਦੇ ਹੰਝੂ ਭਰੀਆਂ ਅੱਖਾਂ ਤੇ ਹਉਕਿਆਂ ਭਰੇ ਬਚਪਨ ਦੀ ਬਾਰੀ ਵਿੱਚੋਂ ਝਾਕਦਿਆਂ ਆਪਣੇ ਆਪ ਨੂੰ ਟੁੱਟੇ ਖੰਭਾਂ ਵਾਲੀ ਤਿੱਤਲੀ ਕਿਆਸਦੀ। ਅੱਜ ਕੁਦਰਤ ਤੇ ਸਾਹਿਤ ਉਸਦੇ ਦੋ ਖੰਭ ਹਨ ਜਿਹਨਾਂ ਨਾਲ ਉਹ ਲੰਬੀ ਪਰਵਾਜ਼ ਭਰਦੀ ਹੈ। ਅਥਾਹ ਮੁਸ਼ਕਿਲਾਂ ਦੇ ਬਾਵਜੂਦ ਅੱਜ ਪੀ.ਜੀ.ਡੀ.ਸੀ.ਏ, ਐੱਮ.ਏ., ਬੀ.ਐੱਡ ਆਦਿ ਡਿਗਰੀਆਂ ਹਾਸਲ ਕਰਕੇ ਮੁਕਤਸਰ ਤੋਂ ਕੁਝ ਦੂਰੀ ਤੇ ਸਕੂਲ ਵਿੱਚ ਅਧਿਆਪਕਾ ਹੈ।
ਸਮੇਂ ਸਮੇਂ ’ਤੇ ਮੈਨੂੰ ਉਸ ਨਾਲ ਫੋਨ ’ਤੇ ਗੱਲਬਾਤ ਕਰਕੇ ਹਾਲ ਚਾਲ ਤੇ ਉਸਦੀਆਂ ਗਤੀਵਿਧੀਆਂ ਬਾਰੇ ਜਾਣਨਾ ਅੱਛਾ ਲੱਗਦਾ ਹੈ। ਸੰਪਰਕ ਵਿੱਚ ਹੋਣ ਕਰਕੇ ਇੱਕ ਦਿਨ ਉਸਨੇ ਰਸਮੀ ਸੁਨੇਹਾ ਭੇਜਿਆ, “ਮੈਡਮ, ਸਵੇਰੇ ਡੀ.ਡੀ. ਪੰਜਾਬੀ ’ਤੇ ‘ਗੱਲਾਂ ਤੇ ਗੀਤ’ ਪ੍ਰੋਗਰਾਮ ਵੇਖਿਆ ਜੇ।” ਪ੍ਰੋਗਰਾਮ ਦੌਰਾਨ ਵੀਲ-ਚੇਅਰ ’ਤੇ ਬੈਠੀ ਇਹ ਸਾਹਿਤਕਾਰਾ ਬੜੇ ਇਤਮੀਨਾਨ ਤੇ ਆਤਮ-ਵਿਸ਼ਵਾਸ ਨਾਲ ਗੱਲਾਂ ਕਰਕੇ ਸਭ ਦੇ ਦਿਲਾਂ ਨੂੰ ਜਿੱਤ ਰਹੀ ਸੀ। ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਦਰਸ਼ਕਾਂ ਨਾਲ ਉਹ ਆਪਣੀਆਂ ਭਾਵਨਾਵਾਂ ਤੇ ‘ਕਿੰਟਸੁਗੀ ਜ਼ਿੰਦਗੀ’ ਦੀ ਅਸਲੀਅਤ ਤੇ ਇਤਿਹਾਸ ਫਰੋਲ ਰਹੀ ਸੀ। ਬਚਪਨ ਵਿੱਚ ਗਲੀ ਵਿੱਚ ਬੈਠੀ ਗੰਦੀ ਨਾਲੀ ਵਿੱਚੋਂ ਚਿੱਟੇ ਰੰਗ ਦੇ ਪੂਛਾਂ ਵਾਲੇ ਸੁੰਡਾਂ ਨੂੰ ਤੀਲੇ ਨਾਲ ਬਾਹਰ ਕੱਢਕੇ ਫਿਰ ਵਿੱਚ ਸੁੱਟਦੀ ਹੋਈ ਸੋਚਦੀ ਕਿ ਇਹ ਇੰਨੇ ਗੰਦ ਵਿੱਚ ਵੀ ਚਿੱਟੇ ਕਿਵੇਂ ਰਹਿ ਸਕਦੇ ਹਨ। ਦਰਵਾਜ਼ੇ ਦੀਆਂ ਚੀਥਾਂ ਵਿੱਚੋਂ ਜੁਗਨੂੰ ਫੜ ਕੇ ਡੱਬੀ ਵਿੱਚ ਪਾ ਲੈਂਦੀ। ਰਾਤ ਨੂੰ ਸਿਰ੍ਹਾਣੇ ’ਤੇ ਖਿਲਾਰ ਲੈਂਦੀ। ਬੇਸੁੱਧ ਹੋਏ ਉੱਡ ਨਾ ਸਕਦੇ ਪਰ ਲਾਈਟਾਂ ਮਾਰੀ ਜਾਂਦੇ ਜਾਪਦਾ ਜਿਵੇਂ ਤਾਰੇ ਥੱਲੇ ਉੱਤਰ ਆਏ ਹੋਣ। ਉਹ ਆਪਣਾ ਹੀ ਅਕਾਸ਼-ਮੰਡਲ ਸਿਰਜ ਲੈਂਦੀ। ਇਹ ਉਸਦੀਆਂ ਖੇਡਾਂ ਵੀ ਸਨ ਤੇ ਕਲਪਨਾ ਸ਼ਕਤੀ ਦੀ ਸ਼ੁਰੂਆਤ ਵੀ। ਕੁਦਰਤ ਨੇ ਉਸਦੇ ਅੰਦਰ ਅਥਾਹ ਸ਼ਕਤੀ ਤੇ ਸਵੈ-ਵਿਸ਼ਵਾਸ ਭਰਿਆ ਹੈ ਤੇ ਅੱਜ ਉਹ ਬਹੁ-ਵਿਧਾਵੀ ਲੇਖਿਕਾ ਬਣ ਚੁੱਕੀ ਹੈ। ਇੱਕੋ ਸਮੇਂ ਕਵਿਤਾ ਕਹਾਣੀ ਤੇ ਨਾਵਲ, ਲੇਖ ਆਦਿ ਲਿਖਣ ਵਾਲੀ ਅੱਜ ਉਹ ਸਿਹਤਮੰਦ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਵੀ ਹੈ। ਕਈ ਸਮਾਜਿਕ ਸਰਗਰਮੀਆਂ ਵਿੱਚ ਵੀ ਹਿੱਸਾ ਲੈਂਦੀ ਹੈ।
ਹਾਲ ਹੀ ਵਿੱਚ ਮੈਗਜ਼ੀਨ “ਹੁਣ” ਦੇ ਅਦਾਰੇ ਨੇ ਹਰਪਿੰਦਰ ਰਾਣਾ ਨੂੰ ਨਾਵਲ “ਸ਼ਾਹਰਗ” ਲਈ ਸਨਮਾਨਿਤ ਵੀ ਕੀਤਾ ਹੈ। ਇਹ ਹਰ ਹਾਲ ਵਿੱਚ ਜ਼ਿੰਦਗੀ ਨੂੰ ਭਰਪੂਰਤਾ ਨਾਲ ਮਾਣਨ ਵਾਲੇ ਸਿਰੜੀ ਵਿਅਕਤੀਆਂ ਦੇ ਨਾਂ ਸਮਰਪਿਤ ਹੈ। ਨਾਵਲ ਵਿੱਚ ਸਪਾਈਨਲ ਇੰਜਰੀ ਤੋਂ ਪੀੜਤ ਦੀ ਹਿਰਦੇਵੇਦਕ ਕਥਾ ਨੂੰ ਬਿਆਨ ਕੀਤਾ ਗਿਆ ਹੈ। ਇਸ ਦੇ ਸਾਰੇ ਪਾਤਰ ਆਪਣੀ ਮਾਨਸਿਕ ਤੇ ਅੰਦਰੂਨੀ ਅਦੁੱਤੀ ਸ਼ਕਤੀ ਰਾਹੀਂ ਆਪਣੀਆਂ ਬੇਵਸੀਆਂ, ਬਿਹਬਲਤਾਵਾਂ, ਲਾਚਾਰੀਆਂ, ਦੁਸ਼ਵਾਰੀਆਂ ਤੇ ਵੇਦਨਾਵਾਂ ਦਾ ਮੂੰਹ ਚਿੜਾਉਂਦੇ ਜਾਪਦੇ ਹਨ। ਇੱਕ ਦਿਨ ਉਸਦਾ ਅੰਦਰਲਾ ਫਰੋਲਦਿਆਂ ਮੈਂ ਪੁੱਛ ਬੈਠੀ, “… ਤੇਰੇ ਮਨ ਵਿੱਚ ਆਉਂਦਾ ਹੋਵੇਗਾ ਕਿ ਆਮ ਲੜਕੀ ਵਾਂਗ ਮੈਂ ਵੀ ਵਿਆਹੁਤਾ ਜੀਵਨ ਮਾਣਦੀ ਤੇ ਆਪਣੇ ਘਰ-ਪਰਿਵਾਰ ਵਾਲੀ ਬਣਦੀ।”
ਹਰਪਿੰਦਰ ਬੇਬਾਕ ਅੰਦਾਜ਼ ਵਿੱਚ ਹੱਸਦਿਆਂ ਬੋਲੀ, “ਮੈਡਮ ... ਇਹ ਵੀ ਹੋ ਸਕਦਾ ਸੀ ਕਿ ਘਰ ਦੇ ਮੈਨੂੰ ਪੜ੍ਹਾਉਂਦੇ ਵੀ ਨਾ, ਤੇ ਛੋਟੀ ਉਮਰ ਵਿੱਚ ਵਿਆਹ ਦੇਂਦੇ। ਦੋ-ਚਾਰ ਨਿਆਣੇ ਜੰਮ ਕੇ ਪਤੀ ਦੀ ਕੁੱਟ-ਮਾਰ ਨਾ ਸਹਿੰਦੀ ਹੋਈ ਫਿਰ ਪੇਕੇ ਪਰਿਵਾਰ ਵਿੱਚ ਆ ਬੈਠਦੀ।”
ਇੰਨੀ ਗੱਲ ਕਰਕੇ ਹਰਪਿੰਦਰ ਨੇ ਆਪਣੀ ਸਰਾਪੀ ਜ਼ਿੰਦਗੀ ਨੂੰ ਕੁਦਰਤ ਦਾ ਵਰਦਾਨ ਸਿੱਧ ਕੀਤਾ ਤੇ ਅਖੌਤੀ ਸਿਹਤਮੰਦ ਸਮਾਜ ਨੂੰ ਨਕਾਰਿਆ ਵੀ ਹੈ।
ਕਾਦਰ ਦੀ ਕੁਦਰਤ ਵੀ ਇਹੋ ਮੰਗ ਕਰਦੀ ਹੈ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਮਿਲੇ ਜ਼ਖਮਾਂ, ਤਰੇੜਾਂ ਤੇ ਕਮੀਆਂ ਨੂੰ ਆਪਣੇ ’ਤੇ ਹਾਵੀ ਨਾ ਹੋਣ ਦੇਵੇ। ਸਰੀਰਕ, ਮਾਨਸਿਕ ਜਾਂ ਆਰਥਿਕ ਥੁੜਾਂ ਵਿੱਚੋਂ ਲੰਘਦੇ ਮਹਾਨ ਵਿਅਕਤੀ ਜਦੋਂ ਸੰਘਰਸ਼ ਤੇ ਸਖਤ ਚੁਣੌਤੀਆਂ ਦਾ ਸਾਹਮਣਾ ਆਪਣੇ ਸਿਦਕ, ਸਿਰੜ, ਜੁਗਤ, ਯੋਜਨਾ ਤੇ ਦ੍ਰਿੜ੍ਹ ਇਰਾਦੇ ਨਾਲ ਕਰਦੇ ਹਨ ਤਾਂ ਫਿਰ ਜ਼ਿੰਦਗੀ ਵਿੱਚ ਮਿਲੀਆਂ ਤਰੇੜਾਂ ਖੁਦ-ਬਖੁਦ ਸੁਨਹਿਰੀ ਹੋ ਕੇ ਚਮਕ ਪੈਂਦੀਆਂ ਹਨ। ਜ਼ਿੰਦਗੀ ਦੀ ਇਸ ‘ਸੁਨਹਿਰੀ ਮੁਰੰਮਤ’ ਤੋਂ ਬਾਅਦ ਉਹ ਸਫਲ ਜੀਵਨ ਦੇ ਹੱਕਦਾਰ ਬਣ ਜਾਂਦੇ ਹਨ।
**
Wikipedia
As a philosophy, kintsugi can be seen to have similarities to the Japanese philosophy of wabi-sabi, an embracing of the flawed or imperfect. Japanese ‘aesthetics’ values marks of wear by the use of an object. This can be seen as a rationale for keeping an object around even after it has broken and as a justification of kintsugi itself, highlighting the cracks and repairs as simply an event in the life of an object rather than allowing its service to end at the time of its damage or breakage.
*****
(927)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)