KulminderKaur7ਕਹਿੰਦੇ ਹਨ ਕਿ ਜੰਗਲ ਨੂੰ ਅੱਗ ਲੱਗ ਜਾਵੇ ਤਾਂ ਪੰਛੀ ਆਪਣੇ ਆਲ੍ਹਣਿਆਂ ਵਿੱਚੋਂ ਨਿਕਲ ਕੇ ...
(12 ਅਪ੍ਰੈਲ 2023)
ਇਸ ਸਮੇਂ ਪਾਠਕ: 110.


ਅੱਜ ਵਿਸ਼ਵੀਕਰਨ ਦੇ ਦੌਰ ਵਿੱਚ ਵਿਦੇਸ਼ਾਂ ਵਿੱਚ ਪਰਵਾਸ ਨੇ ਲੱਖਾਂ ਪੰਜਾਬੀ ਬਾਹਰ ਢੋਅ ਦਿੱਤੇ ਹਨ
ਹੁਣ ਅਸੀਂ ਧਰਤੀ ਉੱਤੇ ਕਈ ਜਗ੍ਹਾ ’ਤੇ ਪੰਜਾਬ ਬਣੇ ਵੇਖ ਰਹੇ ਹਾਂਪੰਜਾਬ ਵਿੱਚੋਂ ਰੋਜ਼ਾਨਾ ਔਸਤਨ 250 ਵਿਅਕਤੀ ਜਹਾਜ਼ ਚੜ੍ਹ ਰਹੇ ਹਨਇਹਨਾਂ ਵਿੱਚ ਬਹੁ-ਗਿਣਤੀ ਨੌਜਵਾਨਾਂ ਦੀ ਹੁੰਦੀ ਹੈਇਹ ਮੁੜ ਪੰਜਾਬ ਪਰਤਣ ਲਈ ਨਹੀਂ, ਬਲਕਿ ਹਮੇਸ਼ਾ ਲਈ ਉੱਥੇ ਵਸਣ ਦੇ ਸੁਪਨੇ ਸਜ਼ਾ ਕੇ ਹੀ ਸਫਰ ਸ਼ੁਰੂ ਕਰਦੇ ਹਨਪਾਰਕ ਵਿੱਚ ਸੈਰ ਕਰਦਿਆਂ ਜਦੋਂ ਇੱਥੇ ਬਾਹਰਲੇ ਸੂਬਿਆਂ ਤੋਂ ਆਏ ਲੜਕੇ ਹਾਸਾ ਠੱਠਾ ਕਰਦੇ ਰੋਜ਼ਾਨਾ ਵਿਖਾਈ ਦਿੰਦੇ ਹਨ ਤਦ ਸਾਨੂੰ ਇੰਝ ਲੱਗਦਾ ਹੈ ਕਿ ਅਸੀਂ ਕਿਧਰੇ ਹੋਰ ਹੀ ਤੁਰੇ ਫਿਰਦੇ ਹਾਂਸਾਡਾ ਆਪਣਾ ਪੰਜਾਬ ਤਾਂ ਕਿਧਰੇ ਨਜ਼ਰ ਨਹੀਂ ਆ ਰਿਹਾਠੇਠ ਪੰਜਾਬੀ ਬੋਲਦੇ, ਉੱਚੇ-ਲੰਮੇ ਛੈਲ-ਛਬੀਲੇ, ਗੁੰਦਵੇਂ ਸਰੀਰ ਵਾਲੇ ਗੱਭਰੂ ਨੌਜਵਾਨ ਤਾਂ ਹੁਣ ਲੱਭਣੇ ਮੁਸ਼ਕਿਲ ਹੋ ਗਏ ਹਨਪਤਾ ਨਹੀਂ ਕੇਹੀ ਨਜ਼ਰ ਲੱਗੀ ਹੈ ਪੰਜਾਬ ਨੂੰ

ਅੱਜ ਬਾਰ੍ਹਵੀਂ ਜਮਾਤ ਕਰਕੇ ਹਰ ਦੂਸਰਾ ਨੌਜਵਾਨ ਕਹੇਗਾ ਕਿ ਉਹ ਆਈਲੈਟਸ ਕਰ ਰਿਹਾ ਹੈਸਭ ਤੋਂ ਸੌਖਾ, ਵਧੀਆ ਤੇ ਸੁਰੱਖਿਅਤ ਰਸਤਾ ਬਾਹਰ ਜਾਣ ਦਾ ਇਹੀ ਜਾਣਿਆ ਜਾਂਦਾ ਹੈਜਸਟਿਸ ਟਰੂਡੋ ਦੀ ਨਰਮ-ਦਿਲੀ ਤਹਿਤ ਵੀਜ਼ੇ ਲੱਗ ਜਾਣ ਵਾਲੇ ਵਿਦਿਆਰਥੀਆਂ ਦੇ ਮਾਪੇ ਕੈਨੇਡਾ ਸਰਕਾਰ ਨੂੰ ਅਸੀਸਾਂ ਦੇ ਰਹੇ ਹਨਅੱਜ ਗੁਰਦਵਾਰੇ ਵਿੱਚ ਇੱਕ ਬੀਬੀ ਵੱਲੋਂ ਅਰਦਾਸ ਸੀ ਕਿ ਮੇਰੇ ਬੱਚੇ ਦੇ ਪੇਪਰਾਂ ਵਿੱਚੋਂ ਚੰਗੇ ਨੰਬਰ ਆ ਜਾਣਬਾਅਦ ਵਿੱਚ ਪੁੱਛਣ ’ਤੇ ਉਸਨੇ ਦੱਸਿਆ ਕਿ ਮੁੰਡਾ ਆਈਲੈਟਸ ਵਿੱਚ ਵਧੀਆ ਬੈੱਡ ਲੈ ਕੇ ਬਾਹਰ ਚਲਾ ਜਾਵੇ ਤਾਂ ਠੀਕ ਹੈਇੱਥੇ ਨੌਕਰੀ ਕੋਈ ਮਿਲਦੀ ਨਹੀਂ ਤੇ ਵਿਹਲੇ ਨਿਆਣੇ ਨਸ਼ੇ ਕਰਨਗੇ, ਲੜਾਈ-ਝਗੜੇ ਕਰਨਗੇਮੇਰੇ ਜ਼ਿਹਨ ਵਿੱਚ ਆਪਣੇ ਹੱਕਾਂ, ਮੰਗਾਂ ਤੇ ਰੁਜ਼ਗਾਰ ਖਾਤਰ ਨਿੱਤ ਦਿਨ ਮੁੱਖ-ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨੇ ਲਗਾਉਂਦੇ ਤੇ ਸੰਘਰਸ਼ ਕਰਦੇ ਨੌਜਵਾਨ ਘੁੰਮਦੇ ਹਨਬਣਦੇ ਹੱਕ ਤੇ ਰੁਜ਼ਗਾਰ ਨਾ ਮਿਲਣ ’ਤੇ ਨੌਜਵਾਨਾਂ ਦਾ ਮਨੋਬਲ ਡਿਗਦਾ ਹੈ ਨੌਜਵਾਨਾਂ ਨੂੰ ਆਪਣਾ ਭਵਿੱਖ ਅਸੁਰੱਖਿਅਤ ਨਜ਼ਰ ਆਉਂਦਾ ਹੈ, ਜੋ ਵਿਕਾਸ ਦੀ ਦਾਅਵੇਦਾਰੀ ਕਰ ਰਹੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹਾ ਕਰਦਾ ਹੈ

ਪੰਜਾਬ ਵਿੱਚ ਵਧ ਰਹੇ ਗੈਂਗਸਟਰ ਕਲਚਰ ਤੇ ਹੁਣ ਚੱਲ ਰਹੇ ਅਪਰੇਸ਼ਨ ਵਰਗੇ ਅਸੁਰੱਖਿਅਤ ਮਾਹੌਲ ਤੋਂ ਤਰਾਹੁੰਦੇ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨਉਹ ਬੱਚਿਆਂ ਖਾਤਰ ਪੁਰਖਿਆਂ ਵੱਲੋਂ ਹੱਡ-ਭੰਨਵੀਂ ਮਿਹਨਤ ਕਰਕੇ ਬਣਾਈ ਜ਼ਮੀਨ ਜਾਇਦਾਦ ਵੇਚ-ਵੱਟ ਕੇ ਵਿਦੇਸ਼ੀ ਕਾਲਜਾਂ ਅਤੇ ਏਜੰਟਾਂ ਦੀਆਂ ਫੀਸਾਂ ਭਰਦੇ ਹਨਜਹਾਜ਼ਾਂ ਵਾਲੇ ਬਾਬੇ ਦੇ ਨਾਂ ’ਤੇ ਡੇਰੇ ਹੋਂਦ ਵਿੱਚ ਆ ਗਏ ਹਨਇੱਥੇ ਖਿਡੌਣਾ ਜਹਾਜ਼ ਚੜ੍ਹਾ ਕੇ ਵਿਦੇਸ਼ ਜਾਣ ਲਈ ਅਸ਼ੀਰਵਾਦ ਲਈ ਜਾਂਦੀ ਹੈਬਾਬੇ ਦੇ ਯਕੀਨ ਦਿਵਾਉਣ ’ਤੇ ਹਰ ਹਰਬਾ, ਹੀਲਾ-ਵਸੀਲਾ ਵਰਤਦੇ ਹੋਏ ਆਪਣੀ ਮੰਜ਼ਿਲ ਵੱਲ ਵਧਦੇ ਹਨਏਜੰਟਾਂ ਦੇ ਵਿਛਾਏ ਧੋਖਾਧੜੀ ਦੇ ਜਾਲ ਵਿੱਚ ਫਸਕੇ ਕਈ ਗੈਰ ਕਾਨੂੰਨੀ ਢੰਗਾਂ ਰਾਹੀਂ ਆਪਣੀ ਕਿਸਮਤ ਅਜ਼ਮਾਈ ਕਰਦੇ ਹਨਜਿਹਨਾਂ ਬਾਰੇ ਸੋਚਦਿਆਂ ਕਲੇਜਾ ਨੂੰ ਵੱਲ ਆਉਂਦਾ ਹੈ, ਰੂਹ ਕੰਬਦੀ ਹੈ ਪਰ ਇਹ ਵਰਤਾਰਾ ਹਾਲੇ ਤਕ ਵੀ ਠੱਲ੍ਹਿਆ ਨਹੀਂ ਹੈ

ਅਜਿਹੀ ਉਦਾਹਰਣ ਸਾਡੇ ਕਰੀਬੀ ਰਿਸ਼ਤੇਦਾਰੀ ਵਿੱਚ ਹੀ ਵੇਖਣ ਨੂੰ ਮਿਲੀ ਹੈਹੋਇਆ ਇੰਝ ਕਿ ਮੇਰੀ ਭਤੀਜੀ ਨੇ ਇੱਕ ਦਿਨ ਫੋਨ ’ਤੇ ਦੱਸਿਆ ਕਿ ਮੇਰੇ ਦਿਉਰ ਦਾ ਲੜਕਾ ਸਰਹਿੰਦ ਸ਼ਹੀਦੀ ਜੋੜ ਮੇਲੇ ’ਤੇ ਜਾ ਰਿਹਾ ਸੀਰਸਤੇ ਵਿੱਚ ਹੀ ਏਜੰਟ ਦਾ ਫੋਨ ਆ ਗਿਆ ਕਿ ਤੇਰਾ ਵੀਜ਼ਾ ਲੱਗ ਗਿਆ ਹੈਉਹ ਆਪਣੀ ਸ਼ਰਧਾ ਇਸ ਬਹੁਤ ਹੀ ਵੱਡੇ ਕਾਰਜ ਨਾਲ ਜੋੜ ਰਹੀ ਸੀ ਥੋੜ੍ਹੇ ਦਿਨਾਂ ਬਾਅਦ ਉਸਨੇ ਦੱਸਿਆ ਕਿ ਸਵੇਰੇ ਮੁੰਡੇ ਨੇ ਜਹਾਜ਼ ਚੜ੍ਹਨਾ ਹੈਇਸੇ ਖੁਸ਼ੀ ਵਿੱਚ ਹੀ ਅੱਜ ਪਾਰਟੀ ਚੱਲ ਰਹੀ ਹੈ

ਫਿਰ ਇੱਕ ਰੋਜ਼ ਮੈਂ ਉਸ ਲੜਕੇ ਦੀ ਸੁੱਖ-ਸਾਂਦ ਬਾਰੇ ਪੁੱਛਿਆ ਤਾਂ ਨਿਰਾਸ਼ਾਜਨਕ ਖਬਰ ਹੀ ਮਿਲੀਤੁਰਕੀ ਪਹੁੰਚ ਕੇ, ਇੰਗਲੈਂਡ ਵਾਲੇ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਜਦੋਂ ਉਸਦੇ ਪੇਪਰ ਚੈੱਕ ਹੋਏ ਤਾਂ ਵਾਪਸ ਦਿੱਲੀ ਭੇਜ ਦਿੱਤਾ ਉੱਥੋਂ ਆਪਣੇ ਕਿਸੇ ਦੋਸਤ ਨੂੰ ਉਸਨੇ ਫੋਨ ’ਤੇ ਦੱਸਿਆ ਤੇ ਉਹ ਦੋਸਤ ਉਸ ਨੂੰ ਦਿੱਲੀ ਤੋਂ ਲੈ ਕੇ ਆਇਆਘਰ ਜਾਣ ਦੀ ਬਜਾਏ ਉਹ ਲੜਕਾ ਆਪਣੀ ਮਾਸੀ ਕੋਲ ਰਿਹਾ, ਅਖੇ ਪਿੰਡ ਵਿੱਚ ਮੇਰੀ ਨਮੋਸ਼ੀ ਹੋਵੇਗੀਸਾਰਿਆਂ ਨੂੰ ਚਿੰਤਾ ਹੋਈ ਕਿ ਮੁੰਡਾ ਕੁਝ ਕਰ ਨਾ ਲਵੇ ਥੋੜ੍ਹੀ ਜਿਹੀ ਪੈਲੀ ਸੀ ਤੇ ਨਾਲ ਦੁੱਧ ਵੇਚ ਕੇ ਗੁਜ਼ਾਰਾ ਚੱਲ ਰਿਹਾ ਸੀਪਿਉ ਅੰਤਾਂ ਦਾ ਸ਼ਰਾਬੀ, ਵਿਹਲੜ ਤੇ ਨਿਕੰਮਾ ਹੈਨਿੱਤ ਦੀ ਲੜਾਈ, ਕਲੇਸ਼ ਤੇ ਗਰੀਬੀ ਤੋਂ ਤੰਗ ਮਾਂ ਮੁੰਡੇ ਦਾ ਬਾਹਰ ਜਾਣਾ ਬਿਹਤਰ ਸਮਝਦੀਡੰਗਰ ਤੇ ਅੱਧੀ ਪੈਲੀ ਵੇਚ ਕੇ ਏਜੰਟ ਨੂੰ 20 ਲੱਖ ਦਿੱਤਾ ਸੀ

ਉਸਦਾ ਇਹ ਦੁਖਾਂਤ ਕਾਫੀ ਲੰਬੇ ਸਮੇਂ ਤਕ ਚੱਲਿਆਖਬਰ ਮਿਲੀ ਕਿ ਮੁੰਡਾ ਹੁਣ ਫਿਰ ਜਹਾਜ਼ ਵਾਲੇ ਬਾਬੇ ਕੋਲ ਗਿਆ ਸੀਆ ਕੇ ਇਹੀ ਰਟ ਲਗਾਈ ਕਿ ਜਾਵਾਂਗਾ ਤਾਂ ਮੈਂ ਬਾਹਰ ਹੀਇਸ ਏਜੰਟ ਨੇ ਬਾਂਹ ਨਹੀਂ ਫੜਾਈ ਤਾਂ ਕਿਸੇ ਹੋਰ ਨੂੰ ਪੈਸੇ ਦੇ ਕੇ ਮੁੜ ਵੀਜ਼ਾ ਲਗਵਾ ਕੇ ਸਰਬੀਆ ਪਹੁੰਚ ਗਿਆਇੱਥੇ ਵੀ ਇੰਗਲੈਂਡ ਵਾਲੇ ਜਹਾਜ਼ ਵਿੱਚੋਂ ਉਤਾਰ ਦਿੱਤਾ ਗਿਆਇਸ ਵੇਰ ਉਹ ਵਾਪਸ ਨਹੀਂ ਮੁੜਿਆ ਤੇ ਉੱਥੇ ਹੀ ਲੁਕ ਗਿਆਏਜੰਟ ਨੂੰ ਸੰਪਰਕ ਕੀਤਾ ਤਾਂ ਇੱਥੇ ਕਿਸੇ ਏਜੰਟ ਵੱਲੋਂ ਮਦਦ ਕੀਤੀ ਗਈ ਥੋੜ੍ਹੇ ਦਿਨਾਂ ਬਾਅਦ ਉਹ ਡੌਂਕੀ ਲਗਾ ਕੇ ਆਸਟਰੀਆ ਪਹੁੰਚ ਗਿਆਬੁਰੇ ਹਾਲੀਂ ਸੜਕਾਂ ’ਤੇ ਰਾਤਾਂ ਗੁਜ਼ਾਰਦਾ ਰਿਹਾਇਸਦੇ ਜਾਣਕਾਰ ਨੇ ਰੱਖਣ ਤੋਂ ਨਾਂਹ ਕਰ ਦਿੱਤੀ ਤਾਂ ਇੰਡੀਆ, ਫੋਨ ਤੇ ਵਿਥਿਆ ਸੁਣਾਈਉੱਥੇ ਰਹਿੰਦੇ ਕਿਸੇ ਦੂਰ ਦੇ ਰਿਸ਼ਤੇਦਾਰ ਨੂੰ ਸੰਪਰਕ ਕਰਕੇ ਇਸਦੀ ਮਦਦ ਕਰਨ ਲਈ ਕਿਹਾਉਹ ਇਸ ਨੂੰ ਘਰ ਲਿਆਇਆ, ਰਾਤ ਰੱਖਿਆ ਤੇ ਕੱਪੜੇ ਧੋਤੇਸਵੇਰੇ ਉਸ ਨੂੰ ਸ਼ਰਨਾਰਥੀ ਕੈਂਪ ਵਿੱਚ ਚਲੇ ਜਾਣ ਲਈ ਕਹਿ ਦਿੱਤਾਉੱਥੋਂ ਦੇ ਤੌਰ-ਤਰੀਕੇ ਸਮਝਾਏ ਤੇ ਦੱਸਿਆ ਕਿ ਸਿਰਫ ਇਹੀ ਰਸਤਾ ਹੈ ਇੱਥੇ ਰਹਿਣ ਦਾ ਤੇ ਕੰਮ ਕਰਨ ਦਾਹਾਲੇ ਵੀ ਸੰਘਰਸ਼ ਜਾਰੀ ਹੈ

ਕਹਿੰਦੇ ਹਨ ਕਿ ਜੰਗਲ ਨੂੰ ਅੱਗ ਲੱਗ ਜਾਵੇ ਤਾਂ ਪੰਛੀ ਆਪਣੇ ਆਲ੍ਹਣਿਆਂ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਂਵਾਂ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੇ ਹਨਬੇਰੁਜ਼ਗਾਰੀ ਦੀ ਝੰਬੀ ਜਵਾਨੀ ਨਾਲ ਵੀ ਕੁਝ ਅਜਿਹਾ ਹੀ ਵਾਪਰਦਾ ਪ੍ਰਤੀਤ ਹੁੰਦਾ ਹੈਉਹਨਾਂ ਲਈ ਆਪਣੇ ਪੁਰਖਿਆਂ ਦਾ ਵਤਨ ਤੇ ਜਨਮ-ਭੋਏਂ ਹੀ ਮਤਰੇਈ ਹੋ ਗਈ ਹੈਬਿਗਾਨੀ ਧਰਤੀ ’ਤੇ ਵਸਣ ਦਾ ਜਨੂੰਨ ਅੱਜ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈਵਿਦੇਸ਼ ਜਾ ਕੇ ਨੌਜਵਾਨਾਂ ਨੂੰ ਕਈ ਮੁਸ਼ਕਿਲਾਂ ਤੇ ਨਵੀਂਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਨੌਜਵਾਨ ਦਿਮਾਗੀ ਬੋਝ ਵੀ ਸਹਿੰਦੇ ਹਨ ਪਰ ਫਿਰ ਵੀ ਹਰ ਨੌਜਵਾਨ ‘ਉੱਡਣਲਈ ਕਾਹਲਾ ਹੈਉਹਨਾਂ ਦਾ ਮੰਨਣਾ ਹੈ ਕਿ ਉੱਥੋਂ ਦੀਆਂ ਸਰਕਾਰਾਂ ਸਾਨੂੰ ਸਾਂਭਦੀਆਂ ਹਨ ਉੱਥੋਂ ਦਾ ਵਧੀਆ ਨਿਜ਼ਾਮ, ਸਹੂਲਤਾਂ, ਅਨੁਸ਼ਾਸਨ-ਬੱਧ ਤੇ ਇਮਾਨਦਾਰੀ ਵਾਲਾ ਜੀਵਨ ਵੀ ਨੌਜਵਾਨਾਂ ਨੂੰ ਆਕਰਸ਼ਿਤ ਕਰਦਾ ਹੈ

ਸਰਕਾਰ ਇਸ ਗੱਲ ਬਾਰੇ ਸੰਜੀਦਾ ਹੀ ਨਹੀਂ ਹੈ ਕਿ ਦੇਸ਼ ਦੀ ਜਵਾਨੀ ਵੀ ਵਿਦੇਸ਼ ਜਾ ਰਹੀ ਹੈ ਤੇ ਸਰਮਾਇਆ ਵੀਨਾਲ ਹੀ ਵਿਸ਼ਵ ਨੂੰ ਪੈਗਾਮ ਵੀ ਦਿੱਤਾ ਜਾ ਰਿਹਾ ਹੈ ਕਿ ਦੇਸ਼ ਵਿੱਚ ਨਾ ਮਾਹੌਲ ਸੁਰੱਖਿਅਤ ਹੈ ਨਾ ਹੀ ਭਵਿੱਖਅੰਧ-ਵਿਸ਼ਵਾਸ, ਜਾਤੀਵਾਦ, ਰਾਜਨੀਤੀ ਤੇ ਸਭ ਧਰਮਾਂ ਤੋਂ ਉੱਪਰ ਉੱਠ ਕੇ ਅੱਜ ਪੰਜਾਬ ਨੂੰ ਨਵੀਆਂ ਨੀਤੀਆਂ ਘੜਨ ਦੀ ਜ਼ਰੂਰਤ ਹੈਹਰ ਪੰਜਾਬੀ ਨੂੰ ਇਹ ਅਹਿਸਾਸ ਹੋਵੇ ਕਿ ਸਾਡਾ ਭਵਿੱਖ ਪੰਜਾਬ ਵਿੱਚ ਹੀ ਹੈ, ਵਿਦੇਸ਼ਾਂ ਵਿੱਚ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3905)

(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author