KulminderKaur7ਮੇਰੀਆਂ ਯਾਦਾਂ ਵਿੱਚ ਵਸੇ ਸਹੁਰੇ ਪਿੰਡ ਦੀ ਰੂਪ-ਰੇਖਾ ਵੀ ਗਵਾਹੀ ਭਰਦੀ ਹੈ ਕਿ ਉਸ ਪਿੰਡ ਨੂੰ ...
(23 ਜੂਨ 2017)

 

ਨਵੰਬਰ 2016 ਦੀ ਗੱਲ ਹੈ, ਇੱਕ ਦਿਨ ਅਖਬਾਰ ਫਰੋਲਦਿਆਂ ਇੱਕ ਪੰਨੇ ਤੇ ਲੇਖ, “ਸਫਾਈ ਤੇ ਖੂਬਸੂਰਤੀ ਪੱਖੋਂ ਪੰਜਾਬ ਵਿੱਚ ਅੱਵਲ ਪਿੰਡ” ਬੜੇ ਗਹੁ ਨਾਲ ਪੜ੍ਹਨਾ ਸ਼ੁਰੂ ਕੀਤਾ। ਜਾਣਨ ਦੀ ਇੱਛੁਕ ਸੀ ਕਿ ਕਿਹੜਾ ਪਿੰਡ ਹੋਵੇਗਾ? ਇਕ ਖੋਜਾਰਥੀ ਲੇਖਿਕਾ ਖੁਸ਼ਮਿੰਦਰ ਕੌਰ ਨੇ ਪਿੰਡ ਦਾ ਵੇਰਵਾ ਤੇ ਇਸ ਦੀਆਂ ਖਾਸੀਅਤਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ ਸੀ:

ਪਿੰਡ ਕੋਟ ਕਰੋੜ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਦੇ ਸ਼ੁਰੂਆਤੀ ਪਿੰਡਾਂ ਵਿੱਚ ਬਲਾਕ ਘੱਲ-ਖੁਰਦ ਤੇ ਤਹਿਸੀਲ ਤਲਵੰਡੀ ਭਾਈ ਦੀ ਬੁੱਕਲ ਵਿੱਚ ਫਰੀਦਕੋਟ ਜਾਣ ਵਾਲੀ ਸੜਕ ਤੇ ਸਥਿਤ ਹੈ। ਇਹ ਪਿੰਡ ਆਪਣੀਆਂ ਖੂਬੀਆਂ ਨਾਲ ਪੰਜਾਬ ਭਰ ਵਿੱਚ ਅੱਵਲ ਆਇਆ ਹੈ।

ਬੱਸ ਸਟੈਂਡ, ਆਂਗਣਵਾੜੀ ਸੈਂਟਰ, ਪੰਚਾਇਤ ਘਰ, ਮਿਡਲ ਸਕੂਲ ਵਿੱਚ ਬੋਟੈਨੀਕਲ ਗਾਰਡਨ, ਘਰਾਂ ਦੇ ਅੱਗੇ ਨੇਮ ਪਲੇਟਾਂ, ਕੰਕਰੀਟ ਦੀਆਂ ਗਲੀਆਂ ਤੇ ਸੀਵਰੇਜ ਸਿਸਟਮ ਇਸ ਨੂੰ ਬਾਕੀ ਪਿੰਡਾਂ ਤੋਂ ਜੁਦਾ ਕਰਦਾ ਹੈ। ਸਰਪੰਚ ਵੱਲੋਂ ਆਪਣੇ ਪਿਤਾ ਗੁਰਦੇਵ ਸਿੰਘ ਰਾਠ ਦੀ ਯਾਦ ਵਿੱਚ ਦੋ ਕਨਾਲ ਜ਼ਮੀਨ ਦੇ ਕੇ ਵਧੀਆ ਪਾਰਕ ਤੇ ਬਜ਼ੁਰਗਾਂ ਲਈ ਸੱਥ ਤਿਆਰ ਕਰਵਾਈ ਗਈ। ਇੱਥੋਂ ਦੀ ਹਰਿਆਲੀ ਤੇ ਕੁਦਰਤੀ ਖੂਬਸੂਰਤੀ ਕਰਕੇ ਇਹ ਪਿੰਡ ਇਸ ਵਸਦੀ ਦੁਨੀਆਂ ਦੇ ਸਵਰਗ ਵਾਂਗ ਜਾਪਦਾ ਹੈ। ਧਰਮਸ਼ਾਲਾ ਤੇ ਗੁਰਦਵਾਰੇ ਦੀ ਸੁੰਦਰ ਇਮਾਰਤ ਤੋਂ ਇਲਾਵਾ, ਪਿੰਡ ਵਿੱਚ ਸਕਿੱਲ ਸੈਂਟਰ ਖੋਹਲ ਕੇ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਹੁਣ ਜੋ ਸਨਮਾਨ ਵਜੋਂ ਇਸ ਪਿੰਡ ਨੂੰ ਦਸ ਲੱਖ ਦੀ ਰਕਮ ਮਿਲੀ ਹੈ ਇਸ ਨੂੰ ਨੈਸ਼ਨਲ ਪੱਧਰ ’ਤੇ ਅੱਵਲ ਆਉਣ ਦੇ ਯਤਨ ਕਰਦੇ ਹੋਏ ਪਿੰਡ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤਾ ਜਾਵੇਗਾ।

ਲੇਖ ਪੜ੍ਹਦਿਆਂ ਇੱਕ ਹੈਰਾਨੀਕੁੰਨ ਖੁਸ਼ੀ ਨਾਲ ਮੇਰੇ ਤਾਂ ਕੰਨਾਂ ਵਿੱਚੋਂ ਸੇਕ ਜਿਹਾ ਨਿਕਲਣ ਲੱਗਾ, ਕਿਉਂਕਿ ਮੇਰੇ ਲਈ ਇਹ ਇੱਕ ਅਣਕਿਆਸਿਆ ਸੱਚ ਸੀ। ਮੇਰਾ ਮਨ-ਪੰਖੇਰੂ ਵੀ ਪੰਜਤਾਲੀ ਸਾਲ ਪੁਰਾਣੇ ਸਮੇਂ ਵੱਲ ਉਡਾਰੀ ਮਾਰ ਗਿਆ, ਜਦੋਂ ਮੈਂ ਘੁੱਗ ਵਸਦੇ ਮਾਝੇ ਖੇਤਰ ਦੇ ਪਿੰਡ ਵਿੱਚੋਂ ਮਾਲਵੇ ਦੇ ਇਸ ਪਿੰਡ ਵਿੱਚ ਵਿਆਹੀ ਆਈ ਸਾਂ। ਜੀ ਹਾਂ, ਇਹੀ ਤਾਂ ਮੇਰਾ ਸਹੁਰਾ ਪਿੰਡ ਹੈ। ਉਦੋਂ ਮੇਰੇ ਪੇਕੇ ਪਿੰਡ ਵਿੱਚ ਚੁੰਝ ਚਰਚਾ ਵੀ ਚੱਲੀ ਸੀ ਕਿ ਸਾਡੇ ਤਾਂ ਕੋਈ ਮਾਲਵੇ ਵਿੱਚ ਕੁੜੀ ਨਹੀਂ ਵਿਆਹੁੰਦਾ, ਉੱਥੋਂ ਲੈ ਜ਼ਰੂਰ ਆਉਂਦੇ ਹਨ। ਉਦੋਂ ਸਾਡੇ ਪਿੰਡ ਵਿੱਚ ਕਈ ਮਲਵੈਣਾਂ ਸਨ। ਕਾਰਨ ਸਭਿਆਚਾਰਕ ਵਖੇਰਵਾਂ ਅਤੇ ਪਛੜਿਆਪਨ ਹੋ ਸਕਦਾ ਸੀ ਪਰ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਅਸੂਲਾਂ ਤੇ ਸਿਧਾਂਤਾਂ ਦੀ ਹਾਮੀ ਭਰਦੇ ਮੇਰੇ ਬਾਪ ਦੇ ਮਨ ਵਿੱਚ ਅਜਿਹੇ ਵਿਚਾਰਾਂ ਲਈ ਕੋਈ ਗੁੰਜਾਇਸ਼ ਨਹੀਂ ਸੀ। ਉਸ ਵਾਸਤੇ ਤਾਂ ਵਿਆਹ ਦਾ ਮਾਪ-ਦੰਡ ਮੇਰੇ ਬਰਾਬਰ ਦੇ ਪੜ੍ਹੇ ਲਿਖੇ ਵਰ ਦਾ ਲੱਭਣਾ ਸੀ। ਮੇਰੇ ਸਹੁਰਾ ਸਾਹਿਬ ਮਾਲ ਮਹਿਕਮੇ ਵਿੱ ਕਾਨੂੰਗੋ ਸਨ ਤੇ ਇਸ ਪੜ੍ਹੇ ਲਿਖੇ ਪਰਿਵਾਰ ਵਿੱਚ ਮੇਰਾ ਰਿਸ਼ਤਾ ਹੋ ਗਿਆ।

ਸਾਦੇ ਵਿਆਹ ਦੀਆਂ ਰਸਮਾਂ ਤੋਂ ਬਾਅਦ ਇੱਕ ਜੀਪ ਵਿੱਚ ਮੇਰੀ ਡੋਲੀ ਰਵਾਨਾ ਹੋਈ। ਸਹੁਰੇ ਪਿੰਡ ਦੇ ਨੇੜੇ ਪਹੁੰਚਦਿਆਂ ਜੀਪ ਉੱਬੜ-ਖਾਬੜ ਕੱਚੇ-ਪੱਕੇ ਰਸਤੇ ’ਤੇ ਧੂੜਾਂ ਉਡਾਉਂਦੀ ਹੋਈ ਘਰ ਪਹੁੰਚੀ। ਕੁਝ ਹੀ ਦਿਨਾਂ ਵਿੱਚ ਖਿੱਤਿਆ ਦਾ ਫਰਕ ਸਾਫ ਝਲਕਦਾ ਵਿਖਾਈ ਦਿੱਤਾ। ਅਨਪੜ੍ਹਤਾ ਪਿਛਾਂਹ-ਖਿੱਚੂ ਸੋਚ, ਕਮਜ਼ੋਰ ਆਰਥਿਕ ਵਿਵਸਥਾ ਤੇ ਸਾਧਨਾਂ ਦੀ ਕਮੀ, ਬੋਲੀ ਤੇ ਪਹਿਰਾਵੇ ਵਿੱਚ ਬੇਹੱਦ ਵਖਰੇਵਾਂ ਸੀ। ਉਂਝ ਲੋਕ ਖੁੱਲ੍ਹੇ ਡੁੱਲ੍ਹੇ ਸੁਭਾਅ ਵਾਲੇ, ਹਾਸਾ-ਠੱਠਾ ਮਜ਼ਾਕ ਕਰਨ ਵਾਲੇ ਤੇ ਗੱਲ-ਗੱਲ ਉੱਤੇ ਖਹਿਣ ਵਾਲੇ ਅੰਤਾਂ ਦਾ ਮੋਹ ਵੀ ਪਾਲਦੇ ਸਨ। ਸਾਰੇ ਪਿੰਡ ਵਿੱਚ ਮੇਰੇ ਪਤੀ ਹੀ ਪਹਿਲੇ ਪੜ੍ਹੇ ਲਿਖੇ ਨੌਜਵਾਨ ਹੋਏ ਜਿਸਨੇ ਉਸ ਸਮੇਂ ਪੰਜਾਬ ਯੂਨੀਵਰਸਿਟੀ ਤੋਂ ਐੱਮ.ਐੱਸ.ਸੀ. ਆਨਰਜ਼ ਕਰਕੇ ਬੈਂਕ ਦੀ ਨੌਕਰੀ ਹਾਸਲ ਕੀਤੀ। ਫਿਰ ਵਿਆਹ ਹੋਇਆ ਤਾਂ ਮੈਂ ਉਸ ਪਿੰਡ ਵਿੱਚ ਪਹਿਲੀ ਪੜ੍ਹੀ-ਲਿਖੀ ਨੌਕਰੀਯਾਫਤਾ ਨੂੰਹ ਹੋਈ ਜੋ ਉੱਥੇ ਇੱਕ ਅਜੂਬਾ ਸੀ। ਵੱਡਾ ਭਰਾ ਪਹਿਲਾਂ ਹੀ ਐੱਚ.ਐੱਮ.ਟੀ. ਫੈਕਟਰੀ ਵਿੱਚ ਨੌਕਰੀ ’ਤੇ ਸੀ, ਛੋਟਾ ਹਾਲੇ ਪੜ੍ਹਦਾ ਸੀ।

ਉਸ ਪਿੰਡ ਦਾ ਪਾਣੀ ਵੀ ਪੀਣ ਯੋਗ ਨਹੀਂ ਸੀ ਤੇ ਲੋਕਾਂ ਨੂੰ ਕਈ ਮੀਲ ਦੂਰ ਕਿਸੇ ਖਾਸ ਨਲਕੇ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ। ਮੇਰੇ ਲਈ ਕੱਪੜੇ ਧੋਣਾ, ਨਹਾਉਣਾ ਸਭ ਮੁਸੀਬਤ ਬਣਿਆ, ਬੱਸ ਖਾਰੇ ਪਾਣੀ ਨਾਲ ਬਣੀ ਲੂਣੀ ਚਾਹ ਹੀ ਮੈਨੂੰ ਸਵਾਦ ਲੱਗੀ ਸੀ। ਰਿੰਨ੍ਹਣ-ਪਕਾਉਣ ਵੇਲੇ ਵੀ ਇਸ ਪਾਣੀ ਨਾਲ ਦਾਲ ਸਬਜ਼ੀ ਨਹੀਂ ਸੀ ਗਲਦੀ। ਜਮੀਨ ਵਿੱਚ ਕੱਲਰ ਏਨਾ ਕਿ ਉਸ ਤੋਂ ਕੱਪੜੇ ਧੋਣ ਲਈ ਸੋਡਾ ਵੀ ਬਣਾ ਬਵੋ। ਕੋਈ ਦਰਖਤ, ਨਿੰਮ-ਟਾਹਲੀ ਸ਼ਹਿਤੂਤ ਵਗੈਰਾ ਇਸ ਜ਼ਮੀਨ ਵਿੱਚ ਨਹੀਂ ਸੀ ਉੱਗਦਾ। ਖੇਤੀ ਬਾੜੀ ਦਾ ਮੰਦਾ ਹਾਲ ਸੀ। ਸਾਡੇ ਘਰ ਦੇ ਅੱਗੇ ਖਾਲੀ ਪਈ ਜ਼ਮੀਨ ਵਿੱਚ ਮੇਰੇ ਸਹੁਰੇ ਨੇ ਕਿਧਰੋਂ ਪਹਾੜੀ ਕਿੱਕਰ ਦਾ ਬੀਜ ਲਿਆ ਕੇ ਸੁੱਟ ਦਿੱਤਾ ਸੀ ਜੋ ਇੱਕ ਵੱਡੇ ਝੂੰਡ ਦਾ ਰੂਪ ਧਾਰ ਕੇ ਹਰਿਆ ਭਰਿਆ ਵਾਤਾਵਰਣ ਪੈਦਾ ਕਰ ਰਿਹਾ ਸੀ। ਕਿੱਕਰਾਂ ਦੀ ਛਾਂ ਮਾਣਦੇ ਤੇ ਫਿਰ ਲੱਕੜਾਂ ਸੁਕਾ ਕੇ ਬਾਲਣ ਦੇ ਕੰਮ ਲੈ ਆਉਂਦੇ। ਘਰ ਦੇ ਅੰਦਰ ਕਮਰਿਆਂ ਤੱਕ ਕੱਲਰ ਭੁੱਬਲ ਵਾਂਗ ਉੱਡਦਾ ਫਿਰਦਾ। ਬਥੇਰਾ ਪਾਣੀ ਵਗੈਰਾ ਤਰੌਂਕ ਕੇ ਪੋਚਾ ਫੇਰਨਾ ਪਰ ਨਾ ਟਿਕਦਾ। ਹਮੇਸ਼ਾ ਪੈਰ ਗੰਦੇ ਰਹਿਣ ਦਾ ਅਹਿਸਾਸ ਅਜੇ ਤੱਕ ਨਹੀਂ ਭੁੱਲਦਾ। ਬੇੱਸ਼ਕ ਮੈਂ ਵੀ ਪਿੰਡ ਦੀ ਕੁੜੀ ਸਾਂ ਤੇ ਸਾਡੇ ਘਰ ਵੀ ਪੱਕੇ ਫਰਸ਼ ਨਹੀਂ ਸਨ ਪਰ ਉੱਥੇ ਪੋਚਾ ਫੇਰਿਆ ਪਲੱਸਤਰ ਬਣ ਜਾਂਦਾ ਸੀ। ਪਿੰਡ ਵੜਦਿਆਂ ਹੀ ਹਰਿਆਲੀ ਨਜ਼ਰੇ ਪੈਂਦੀ। ਲਹਿਲਹਾਉਂਦੇ ਖੇਤਾਂ ਦੁਆਲੇ ਟਾਹਲੀ, ਸ਼ਹਿਤੂਤ, ਨਿੰਮਾਂ ਦੇ ਦਰਖਤ ਕੋਈ ਅਗੰਮੀ ਨਜ਼ਾਰਾ ਪੇਸ਼ ਕਰਦੇ।

ਮੇਰੇ ਪਤੀ ਦੀ ਪੋਸਟਿੰਗ ਘਰ ਦੇ ਨੇੜੇ ਫਿਰੋਜ਼ਪੁਰ ਹੀ ਸੀ। ਆਵਾਜਾਈ ਦੇ ਸਾਧਨ ਤੇ ਵਹੀਕਲਾਂ ਦੀ ਕਮੀ ਕਾਰਨ ਰੋਜ਼ ਆਉਣਾ ਜਾਣਾ ਸੰਭਵ ਨਹੀਂ ਸੀ, ਪਰ ਸਾਨੂੰ ਇਹ ਰਾਸ ਆ ਗਿਆ। ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਰਹਿ ਕੇ ਪੜ੍ਹਿਆ ਤੇ ਮੈਂ ਅੱਠਵੀਂ ਤੋਂ ਬਾਅਦ ਹੀ ਸ਼ਹਿਰਾਂ ਦੇ ਹੋਸਟਲਾਂ ਵਿੱਚ ਪੜ੍ਹਾਈ ਕੀਤੀ। ਮਨ ਵਿੱਚ ਸ਼ਹਿਰੀਪੁਣੇ ਦੀ ਲਲਕ ਸੀ ਤੇ ਹੁਣ ਇਸ ਵਾਤਾਵਰਣ ਵਿੱਚ ਰਹਿਣ ਤੋਂ ਇਨਕਾਰੀ ਸੀ। ਮੇਰੀ ਪੋਸਟਿੰਗ ਵੀ ਬਾਰਡਰ ਦੇ ਪਿੰਡ ਮਮਦੋਟ ਸਕੂਲ ਵਿੱਚ ਹੋਈ। ਇਸ ਲਈ ਅਸੀਂ ਸ਼ਹਿਰ ਹੀ ਰਹਿਣਾ ਸ਼ੁਰੂ ਕਰ ਦਿੱਤਾ। ਅਕਸਰ ਇੱਕ ਜਾਂ ਦੋ ਹਫਤੇ ਬਾਅਦ ਪਿੰਡ ਮਿਲਣ ਜਾਂਦੇ ਤਾਂ ਬੱਸ ਤੋਂ ਉੱਤਰ ਕੇ ਡੇਢ-ਦੋ ਮੀਲ ਪੈਦਲ ਚੱਲ ਕੇ ਘਰ ਪਹੁੰਚਦੇ। ਘਰ ਦੀ ਸਾਂਝੀ ਕੰਧ ਗੁਆਂਢ ਵਿੱਚ ਚਾਚੇ ਬੋਹੜ ਦੇ ਘਰ ਹਰ ਵੀਰਵਾਰ ਦੀਵਾਨ ਲੱਗਦਾ ਤੇ ਉਹ ਵਹਿਮਾਂ-ਭਰਮਾਂ ਵਿੱਚ ਫਸੇ ਲੋਕਾਂ ਦਾ ਇਲਾਜ ਕਰਦਾ ਸੀ। ਰਾਤ ਨੂੰ ਚਿਮਟੇ, ਢੋਲਕੀ ਦੀ ਅਵਾਜ਼ ਆਉਂਦੀਅਸੀਂ ਛੱਤ ’ਤੇ ਖੜ੍ਹ ਕੇ ਹਨੇਰੇ ਵਿੱਚ ਅਜਿਹੇ ਮਾਨਸਿਕ ਰੋਗੀਆਂ ਨੂੰ ਜ਼ੋਰ ਜ਼ੋਰ ਦੀ ਖੁੱਲ੍ਹੇ ਵਾਲਾਂ ਨਾਲ ਸਿਰ ਘੁੰਮਾਉਂਦੇ ਹੋਏ ਵੇਖਦੇ ਸਾਂ। ਉਂਝ ਸਾਡੇ ਪੜ੍ਹੇ-ਲਿਖਿਆਂ ਦੀ ਮੌਜੂਦਗੀ ਵਿੱਚ ਚਾਚਾ ਝੇਂਪ ਜ਼ਰੂਰ ਜਾਂਦਾ ਸੀ। ਕੁਝ ਵੀ ਉਲਟਾ ਸਿੱਧਾ ਬੋਲਣ ਤੋਂ ਮਾਂ ਮਨ੍ਹਾਂ ਕਰਦੀ ਸੀ। ਪੇਕੇ ਪਿੰਡ ਤੇ ਉਸ ਇਲਾਕੇ ਵਿੱਚ ਬਾਬਾ ਬੋਹੜ ਹੀ ਸਹੁਰੇ ਪਿੰਡ ਦੀ ਪਛਾਣ ਬਣਿਆ ਹੋਇਆ ਸੀ। ਮੈਂ ਯਾਦਾਂ ਦੀ ਵਲਗਣ ਵਿੱਚੋਂ ਨਿਕਲ ਕੇ ਵਟਸ ਐਪ ਰਾਹੀਂ ਇਸ ਲੇਖ ਦੀ ਫੋਟੋ ਭੇਜ ਕੇ ਹੋਰ ਪਰਿਵਾਰਕ ਮੈਂਬਰਾਂ ਨਾਲ ਵੀ ਇਹ ਖੁਸ਼ੀ ਦੇ ਪਲ ਸਾਂਝੇ ਕੀਤੇ।

ਪਿੰਡ ਵਿੱਚ ਤਰੱਕੀ ਦੀ ਜਾਗ ਸਾਡੇ ਪਰਿਵਾਰ ਵੱਲੋਂ ਵੀ ਲੱਗੀ ਹੈ। ਮੇਰੇ ਸਹੁਰਾ ਸਾਹਿਬ ਨੇ ਆਪਣੇ ਅਸਰ-ਰਸੂਖ ਹੇਠ ਪਿੰਡ ਨੂੰ ਨਹਿਰੀ ਪਾਣੀ ਦੀ ਸੁਵਿਧਾ ਮੁਹੱਈਆ ਕਰਵਾਈ। ਕੱਲਰੀ ਮਿੱਟੀ ਤੋਂ ਰਾਹਤ ਮਿਲੀ ਤਾਂ ਝੋਨੇ ਦੀ ਫਸਲ ਦੀ ਬਿਜਾਈ ਵੀ ਸ਼ੁਰੂ ਹੋਈ। ਮੇਰੇ ਪਤੀ ਦੀ ਬੈਂਕ ਦੀ ਨੌਕਰੀ ਦੌਰਾਨ ਜਦੋਂ ਇਹ ਪਿੰਡ ਅਧਿਕਾਰ ਖੇਤਰ ਵਿੱਚ ਸੀ ਤਾਂ ਉਹ ਪਿੰਡ ਵਾਸੀਆਂ ਨੂੰ ਖੇਤੀ-ਬਾੜੀ ਪ੍ਰਫੁਲਿਤ ਕਰਨ ਸਬੰਧੀ ਸਹੂਲਤਾਂ ਦੇ ਕੇ ਅੱਗੇ ਵਧਣ ਲਈ ਉਤਸ਼ਾਹਿਤ ਵੀ ਕਰਦੇ ਰਹਿੰਦੇ।

ਹੁਣ ਇਸ ਪਿੰਡ ਨੇ ਰਾਸ਼ਟਰੀ ਐਵਾਰਡ ਵੀ ਜਿੱਤ ਕੇ ਸਨਮਾਨ ਹਾਸਲ ਕਰ ਲਿਆ ਹੈ। ਇੱਕ ਅਖਬਾਰ ਦੇ ਵਿਸ਼ੇਸ਼ ਪ੍ਰਤੀਨਿਧ ਵਲੋਂ ਦਿੱਤੀ ਰਿਪੋਰਟ, ”ਕਿਸੇ ਵਿਦੇਸ਼ੀ ਪਿੰਡ ਦਾ ਭੁਲੇਖਾ ਪਾਉਂਦੀ ਹੈ ਕੋਟ ਕਰੋੜ ਖੁਰਦ ਦੀ ਨੁਹਾਰ” ਪੜ੍ਹਨ ਨੂੰ ਮਿਲੀ। ਮਹਾਨ ਸ਼ਾਇਰ ਸੁਰਜੀਤ ਪਾਤਰ ਦੀਆਂ ਲਿਖੀਆਂ ਦੋ ਸ਼ਤਰਾਂ:

ਮੈਂ ਰਾਹਾਂ ’ਤੇ ਨਹੀਂ ਤੁਰਦਾ,
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ।”

ਦੇ ਨਾਲ ਸੰਬੋਧਨ ਕਰਦਿਆਂ, ਬੁਲੰਦ ਸ਼ਖ਼ਸੀਅਤ ਪਿੰਡ ਦੀ ਮਹਿਲਾ ਸਰਪੰਚ ਵੀਰਪਾਲ ਕੌਰ ਤੇ ਉਸਦੇ ਪਰਿਵਾਰ ਨੂੰ ਹਵਾਵਾਂ ਦੇ ਉਲਟ ਉੱਡਣ ਵਾਲੇ ਸਖਸ਼ ਗਰਦਾਨਿਆ ਗਿਆ ਹੈ। ਗੱਲਾਂ ਬਹੁਤ ਢੁੱਕਵੀਆਂ ਹਨ, ਜਿਵੇਂ ਕਿ ਮੇਰਾ ਪਰਿਵਾਰ ਇਹਨਾਂ ਦੇ ਪੂਰਵਜਾਂ ਨੂੰ ਵੀ ਜਾਣਦਾ ਹੈ, ਉਹਨਾਂ ਦੇ ਕਹਿਣ ਮੂਜਬ ਇਹ ਸਾਰੇ ਪਿੰਡ ਚੋ ਅਗਾਂਹਵਧੂ, ਸਕਾਰਾਤਮਿਕ ਸੋਚ, ਨੇਕ ਦਿਲ ਵਾਲੇ ਸੱਚੇ-ਸੁੱਚੇ ਇਨਸਾਨ ਰਹੇ ਹਨ। ਮੇਰੀਆਂ ਯਾਦਾਂ ਵਿੱਚ ਵਸੇ ਸਹੁਰੇ ਪਿੰਡ ਦੀ ਰੂਪ-ਰੇਖਾ ਵੀ ਗਵਾਹੀ ਭਰਦੀ ਹੈ ਕਿ ਉਸ ਪਿੰਡ ਨੂੰ ਹਰਿਆਵਲ ਵਿਕਾਸ ਤੇ ਸਫਾਈ ਪੱਖੋਂ ਇਸ ਮੁਕਾਮ ਤੱਕ ਪਹੁੰਚਾਉਣਾ ਕਈ ਤੁਫਾਨਾਂ ਤੇ ਸੁਨਾਮੀ ਨੂੰ ਪਾਰ ਕਰਨ ਦੇ ਤੁਲ ਹੋਵੇਗਾ। ਸੋ ਸਲਾਮ ਹੈ ਉਸ ਪਿੰਡ ਦੀ ਮਹਿਲਾ ਸਰਪੰਚ ਤੇ ਪਿੰਡ ਵਾਸੀਆਂ ਨੂੰ ਜਿਹਨਾਂ ਦੀ ਬਦੌਲਤ ਅਸੀਂ ਅੱਜ ਕੋਹਾਂ ਦੂਰ ਬੈਠੇ ਵੀ ਮਾਣਮੱਤੀ ਪ੍ਰਾਪਤੀ ਦੇ ਭਾਗੀਦਾਰ ਬਣੇ ਹਾਂ।

*****

(741)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author