“ਨਿਰਾਸ਼ਾ ਦੇ ਆਲਮ ਤੋਂ ਬਚਦੇ ਬਚਾਉਂਦੇ ਆਪਣੇ ਹੌਸਲੇ, ਹਿੰਮਤ ਤੇ ਜ਼ਾਬਤੇ ਨਾਲ ...”
(8 ਅਗਸਤ 2020)
ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਸਾਰਾ ਦੇਸ਼ 22 ਮਾਰਚ ਨੂੰ ਜਨਤਕ ਕਰਫਿਊ, ਤੇ ਫਿਰ 24 ਮਾਰਚ ਨੂੰ ਅਚਨਚੇਤ ਤਾਲਾਬੰਦੀ ਵਿੱਚ ਚਲਾ ਜਾਂਦਾ ਹੈ। ਫਿਰ ਪੰਜਾਬ ਇਸ ਨੂੰ ਕਰਫਿਊ ਵਿੱਚ ਬਦਲ ਦਿੰਦਾ ਹੈ। ਇਸ ਸਮੇਂ ਦੌਰਾਨ ਕਿਧਰੇ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਸਾਡੀ ਸਰਕਾਰ ਸਿਹਤ ਸਬੰਧੀ ਪ੍ਰਬੰਧਾਂ ਪ੍ਰਤੀ ਸੰਜੀਦਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਕਰੋਨਾ ਵਿਰੁੱਧ ਲੜਨ ਵਾਲੇ ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ ਤੇ ਸਫਾਈ ਕਰਮਚਾਰੀਆਂ ਦੀਆਂ ਸਰਕਾਰ ਵਿਰੋਧੀ ਸੁਰਾਂ ਬਾਰੇ ਜ਼ਰੂਰ ਪਤਾ ਚੱਲਦਾ ਰਿਹਾ। 75 ਦਿਨ ਦੇ ਲਾਕ-ਡਾਊਨ ਨੂੰ ਪੜਾਅਵਾਰ ਖਤਮ ਕੀਤੇ ਜਾਣ ਦੇ ਐਲਾਨ ਨਾਲ ਇੱਕ ਵੇਰ ਤਾਂ ਦੇਸ਼ ਦੀ ਅੱਕੀ, ਥੱਕੀ ਤੇ ਹਾਰੀ ਜਨਤਾ ਨੇ ਸੁਖ ਦਾ ਸਾਹ ਲਿਆ।
ਇਹਨਾਂ ਦਿਨਾਂ ਵਿੱਚ ਹੀ ਇੱਕ ਦਿਨ ਮੈਂ ਘਰ ਦੇ ਨੇੜਲੇ ਪਾਰਕ ਵਿੱਚ ਮੂੰਹ-ਸਿਰ ਲਪੇਟੀ ਸੈਰ ਕਰ ਰਹੀ ਸੀ। ਨਾਲ ਹੀ ਲੰਘਦੀ ਸੜਕ ’ਤੇ ਹਾਸੇ ਬਿਖੇਰਦੇ ਅਠਖੇਲ੍ਹੀਆਂ ਕਰਦੇ ਕਿਰਤੀ-ਕਾਮੇ ਸਾਈਕਲਾਂ ਦੇ ਪਿੱਛੇ ਰੋਟੀ ਦੇ ਡੱਬੇ ਬੰਨ੍ਹੀ ਆਪਣੇ ਕੰਮਾਂ ’ਤੇ ਜਾ ਰਹੇ ਸਨ। ਪਿਛਲੇ ਦਿਨਾਂ ਵਿੱਚ ਇਹ ਦਿਹਾੜੀਦਾਰ ਤੇ ਰੋਜ਼ ਕਮਾ ਕੇ ਖਾਣ ਵਾਲੇ ਮਜ਼ਦੂਰ ਰੋਟੀ-ਰੋਜ਼ੀ ਤੋਂ ਆਤੁਰ ਹੋਏ ਬੈਠੇ ਸਨ। ਸੱਚੀ-ਸੁੱਚੀ ਤੇ ਨੇਕ ਕਮਾਈ ਕਰਕੇ ਖਾਣ ਵਾਲੇ ਇਹੀ ਕਿਰਤੀ ਰਾਸ਼ਨ ਤੇ ਲੰਗਰ ਦੀਆਂ ਲਾਈਨਾਂ ਵਿੱਚ ਲੱਗੇ ਮੰਗਤੇ ਬਣਨ ਲਈ ਮਜਬੂਰ ਹੋਏ। ਇਹਨਾਂ ਵਿੱਚੋਂ ਬਹੁਤੇ ਆਪਣੇ ਪਿੱਤਰੀ ਸੂਬੇ ਦੇ ਘਰਾਂ ਵਿੱਚ ਬੀਮਾਰ ਮਾਂ-ਬਾਪ, ਪਤਨੀ-ਬੱਚਿਆਂ ਨੂੰ ਮਿਲਣ ਲਈ ਅਜਿਹੇ,ਙ ਉਤਾਵਲੇ ਹੋਏ ਕਿ ਇਹ ਸਾਧਨ-ਵਿਹੂਣੇ ਪ੍ਰਵਾਸੀ, ਪੈਦਲ ਹੀ ਜਾਂ ਜਿਵੇਂ-ਕਿਵੇਂ ਜੁਗਾੜ ਕਰਕੇ ਦੁਸ਼ਵਾਰੀਆਂ ਭਰੇ ਸਫਰ ਦੇ ਪਾਂਧੀ ਬਣਕੇ ਹਜ਼ਾਰਾਂ ਕਿਲੋਮੀਟਰ ਤੇ ਕਈ ਸੂਬਿਆਂ ਦੇ ਬਾਰਡਰ ਪਾਰ ਕਰ ਗਏ। ਇਹ ਦ੍ਰਿਸ਼ ਬਾਰ ਬਾਰ ਵਿਖਾਏ ਜਾ ਰਹੇ ਸਨ। ਮੈਂ ਟੀ.ਵੀ ਬੰਦ ਕਰਕੇ ਦਿਮਾਗ ਦੀਆਂ ਨਾੜੀਆਂ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ, ਪਰ ਦਿਲ-ਚੀਰਵੇਂ ਦ੍ਰਿਸ਼ ਖਹਿੜਾ ਹੀ ਨਾ ਛੱਡਦੇ ਤੇ ਅਚੇਤ ਮਨ ਵਿੱਚੋਂ ਇੱਕ ਅਵਾਜ਼ ਉੱਭਰ ਆਉਂਦੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ...।
ਜਿਸ ਦੇਸ਼ ਦਾ ਇਤਿਹਾਸ ਰੋਜ਼ੀ-ਰੋਟੀ, ਸਿੱਖਿਆ ਤੇ ਕਿਰਾਏ ਦੇ ਘਰਾਂ ਵਿੱਚ ਰਹਿਣ ਲਈ ਸ਼ਹਿਰਾਂ ਵੱਲ ਹਿਜਰਤ ਦਾ ਹੋਵੇ, ਉੱਥੇ ਇੰਨੀ ਵੱਡੀ ਅਬਾਦੀ ਦੇ ਖਾਣ-ਪੀਣ ਦਾ ਪ੍ਰਬੰਧ ਤੇ ਉਹਨਾਂ ਦੇ ਮੂਲ ਸਥਾਨ ਦੇ ਪਰਤਣ ਦਾ ਪ੍ਰਬੰਧ ਕੀਤੇ ਬਗੈਰ ਤਾਲਾਬੰਦੀ ਕਰ ਦੇਣ ਨਾਲ ਹੀ ਭਿਆਨਕ ਨਤੀਜੇ ਨਿਕਲੇ ਹਨ। ਯੂ.ਪੀ. ਤੋਂ ਇੱਕ ਟੇਲਰ ਕੋਲ ਮੇਰੇ ਕੁਝ ਕੱਪੜੇ ਸਨ। ਫੋਨ ਕਰਨ ’ਤੇ ਪਤਾ ਚੱਲਿਆ ਕਿ ਉਸਦੀ ਮਾਂ ਬਿਮਾਰ ਹੈ, ਇਸ ਲਈ ਜਦੋਂ ਰਸਤਾ ਖੁੱਲ੍ਹਿਆ ਤਾਂ ਉਹ 8 ਮੈਂਬਰ 50 ਹਜ਼ਾਰ ਰੁਪਏ ਵਿੱਚ ਟੈਕਸੀ ਕਰਕੇ ਘਰ ਪਹੁੰਚੇ। ਉਹ ਕਹਿ ਰਿਹਾ ਸੀ ਆਂਟੀ ਮੈਂ ਆਵਾਂਗਾ ਜ਼ਰੂਰ, ਕਮਾਈ ਤਾਂ ਪੰਜਾਬ ਵਿੱਚ ਹੀ ਕਰਨੀ ਹੈ। ਘਰੇਲੂ ਨੌਕਰਾਣੀਆਂ ਨੂੰ ਸੁਸਾਇਟੀ, ਗਲੀ, ਮੁਹੱਲੇ ਦੇ ਪ੍ਰਧਾਨ ਘਰਾਂ ਵਿੱਚ ਕੰਮ ਕਰਨ ਤੋਂ ਰੋਕਦੇ ਰਹੇ। ਉਸ ਸਾਰੇ ਤਬਕੇ ਵਿੱਚ ਵੀ ਬੇਹੱਦ ਘਬਰਾਹਟ, ਚਿੰਤਾ ਤੇ ਨਿਰਾਸ਼ਾ ਵੇਖਣ ਨੂੰ ਮਿਲੀ। ਅਸੀਂ ਆਪਣੀ ਕੰਮ ਵਾਲੀ ਨੂੰ ਦੋ-ਤਿੰਨ ਘਰਾਂ ਨੇ ਸਭ ਤੋਂ ਪਹਿਲਾਂ ਬੁਲਾ ਲਿਆ। ਉਹ ਖੁਦ ਸੁਚੇਤ ਹੈ ਮਾਸਕ ਪਾ ਕੇ ਤੇ ਸੈਨੇਟਾਈਜ਼ਰ ਦੀ ਸ਼ੀਸ਼ੀ ਆਪਣੇ ਨਾਲ ਰੱਖਦੀ ਹੈ। ਬਹੁਤ ਖੁਸ਼ ਹੈ ਕਿ ਮੈਂਨੂੰ ਕੰਮ ਮਿਲ ਗਿਆ, ਹਾਲਾਂਕਿ ਅਸੀਂ ਪਹਿਲੇ ਵੀ ਉਸਦੀ ਮਦਦ ਕਰ ਚੁੱਕੇ ਸੀ, ਸ਼ਾਇਦ ਮੁਫਤ ਖਾਣ ਨਾਲ ਉਸਦੀ ਜ਼ਮੀਰ ਮਰਦੀ ਸੀ। ਲਗਭੱਗ 88 ਲੱਖ ਪਰਵਾਸੀ ਆਪਣੇ ਘਰਾਂ ਨੂੰ ਪਰਤੇ ਹਨ ਪਰ ਆਖਿਰ ਫਿਰ ਉਹਨਾਂ ਨੂੰ ਰੁਜ਼ਗਾਰ ਲਈ ਦੂਰ-ਦੁਰੇਡੇ ਰਸਤਿਆਂ ਦੇ ਪਾਂਧੀ ਬਣਨਾ ਪੈਣਾ ਹੈ। ਕਿਰਤੀ ਕਾਮਿਆਂ ਦੀ ਹਿੰਮਤ ਹੌਸਲਾ, ਸੰਜਮ, ਸਿਰੜ, ਸਹਿਸ਼ੀਲਤਾ ਤੇ ਸਭ ਤੋਂ ਬੱਧ ਹੁਨਰਮੰਦ ਹੋਣ ਦੀ ਪੂਰਤੀ ਕੋਈ ਨਹੀਂ ਕਰ ਸਕਦਾ।
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਫੈਕਟਰੀਆਂ ਦੇ ਤਾਲੇ ਖੁੱਲ੍ਹ ਗਏ ਹਨ ਪਰ ਹੁਨਰਮੰਦ ਕਾਮਿਆਂ ਦੀ ਥੋੜ ਕਾਰਨ ਹੁਣ ਸਨਅਤਕਾਰ, ਹਵਾਈ ਜਹਾਜ਼ ਤੇ ਟੈਕਸੀਆਂ ਰਾਹੀਂ ਇਹਨਾਂ ਨੂੰ ਵਾਪਸ ਬੁਲਾ ਰਹੇ ਹਨ। ਲਾਕ-ਡਾਊਨ ਵੇਲੇ ਇਹਨਾਂ ਮਾਲਕਾਂ ਨੇ ਹੀ ਮਜ਼ਦੂਰਾਂ ਨੂੰ ਇਹ ਕਹਿਕੇ ਕਿ ਸਾਡੇ ਕੋਲ ਤੁਹਾਡਾ ਕੋਈ ਪ੍ਰਬੰਧ ਨਹੀਂ, ਘਰਾਂ ਨੂੰ ਤੋਰ ਦਿੱਤਾ ਸੀ। ਹੁਣ ਉਹਨਾਂ ਨੂੰ ਹਰ ਹਾਲ ਵਿੱਚ ਰੋਟੀ-ਰੋਜ਼ੀ ਤੇ ਹਰ ਤਰ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਦੇਸ਼ ਦੀ ਆਰਥਿਕਤਾ ਤੇ ਵਿਕਾਸ ਦੀ ਦਰ ਦਾ ਸਿੱਧਾ ਸਬੰਧ ਕਿਰਤੀਆਂ ਨਾਲ ਹੈ। ਸਰਕਾਰ ਨੂੰ ਇਹਨਾਂ ਦੀ ਭਲਾਈ ਤੇ ਮੁਸ਼ਕਿਲਾਂ ਪ੍ਰਤੀ ਸੰਜੀਦਾ ਹੋਣਾ ਪਵੇਗਾ। ਹਾਲ ਵਿੱਚ ਹੀ ਐਲਾਨੀ ਗਈ ਗਰੀਬ ਕਲਿਆਣ ਯੋਜਨਾ ਉੱਤੇ ਜੇਕਰ ਸਹੀ ਮਾਅਨਿਆਂ ਵਿੱਚ ਪੂਰੀ ਵਚਨਬੱਧਤਾ ਨਾਲ ਅਮਲ ਹੁੰਦਾ ਹੈ ਤਾਂ ਇਹ ਬਹੁਪੱਖੀ ਸਰੋਕਾਰਾਂ ਵਾਲੀ ਹੋ ਸਕਦੀ ਹੈ ਤੇ ਰਾਜਾਂ ਦੀ ਆਰਥਿਕਤਾ ਵਿੱਚ ਵੀ ਵਿਆਪਕ ਸੁਧਾਰ ਹੋ ਸਕਦਾ ਹੈ।
ਇਹਨਾਂ ਦਿਨਾਂ ਵਿੱਚ ਕਰੋਨਾ ਦੀ ਦਸਤਕ ਦੇ ਮੁੱਦੇ ਨੂੰ ਵੀ ਸਿਆਸੀ ਰੰਗ ਦੇਣ ਦੇ ਯਤਨ ਜਾਰੀ ਹਨ ਜਿਸਨੂੰ ਉਭਾਰਨ ਦਾ ਕੰਮ ਸੋਸ਼ਲ ਮੀਡੀਆ ਨੇ ਬਾਖੂਬੀ ਨਿਭਾਇਆ ਹੈ। ਤਬਲੀਗੀ ਜਮਾਤ ਤੋਂ ਲੈ ਕੇ ਨੰਦੇੜ ਸਾਹਿਬ ਦੇ ਯਾਤਰੂਆਂ ਤਕ ਇਹ ਵਰਤਾਰਾ ਚਲਦਾ ਰਿਹਾ। ਕਿਸੇ ਵੀ ਥਾਂ ਤੋਂ ਸੱਤਾਧਾਰੀ ਤੇ ਵਿਰੋਧੀ ਪਾਰਟੀ ਵਿੱਚ ਉਹ ਸਾਂਝ, ਤਾਲ-ਮੇਲ ਵੇਖਣ ਨੂੰ ਨਹੀਂ ਮਿਲਿਆ ਜਿਹੜਾ ਇਸ ਆਫਤ ਵਿੱਚ ਹੋਣਾ ਚਾਹੀਦਾ ਸੀ। ਸਮਾਜਿਕ ਮਾਹੌਲ ਵਿੱਚ ਵੀ ਕਈ ਮਰੀਜ਼ਾਂ ਨੂੰ ਘਰਾਂ ਵਿੱਚ ਇਕਾਂਤਵਾਸ ਦੌਰਾਨ ਪਿੰਡ ਵਾਸੀਆਂ ਤੇ ਗਲੀ-ਮੁਹੱਲੇ ਵਾਲਿਆਂ ਵੱਲੋਂ ਹਿਕਾਰਤ ਦੀ ਨਜ਼ਰ ਨਾਲ ਵੇਖਿਆ ਗਿਆ ਤੇ ਕਈ ਸਦਾ ਲਈ ਵਿੱਛੜ ਜਾਣ ਵਾਲਿਆਂ ਪ੍ਰਤੀ ਅਣਮਨੁੱਖੀ ਵਤੀਰਾ ਰੱਖਣ ਲੱਗੇ। ਇਸ ਨਾਲ ਸਭਿਆਚਾਰਕ ਸਾਂਝੀਵਾਲਤਾ ਨੂੰ ਢਾਹ ਲੱਗੀ ਹੈ। ਅਖਬਾਰਾਂ ਦੁਆਰਾ ਕਰੋਨਾ ਫੈਲਣ ਦੀਆਂ ਅਫਵਾਹਾਂ ਤੇ ਮਿੱਥਾਂ ਕਾਰਨ ਲੋਕਾਂ ਨੇ ਅਖਬਾਰਾਂ ਤੋਂ ਮੂੰਹ ਮੋੜਿਆ, ਜਦੋਂ ਕਿ ਪੀ.ਜੀ. ਆਈ ਦੇ ਡਾਇਰੈਕਟਰ ਡਾ. ਜਗਤ ਰਾਮ ਤੇ ਹੋਰ ਵਿਗਿਆਨੀਆਂ ਨੇ ਇਸ ਤੱਥ ਨੂੰ ਨਕਾਰਿਆ ਹੈ।
ਪਹਿਲਾਂ ਤੋਂ ਚੱਲ ਰਹੀ ਬੇਰੁਜ਼ਗਾਰੀ ਵਿੱਚ ਵਾਧੇ ਕਾਰਨ ਹੁਣ ਬੇਆਸ ਤੋਂ ਬੇਵੱਸ ਹੋਏ ਬੀ.ਐੱਡ, ਟੈੱਟ ਪਾਸ ਨੌਜਵਾਨ ਝੋਨਾ ਲਗਾ ਰਹੇ ਹਨ। ਮਜ਼ਦੂਰ ਔਰਤਾਂ ਤੋਂ ਲੈ ਕੇ ਖੋਜਾਰਥੀ ਵਿਦਿਆਰਖਣਾਂ ਖੇਤਾਂ ਵਿੱਚ ਉੱਤਰੀਆਂ ਹਨ। ਅੱਠਵੀਂ ਵਿੱਚ ਪੜ੍ਹਦੀ ਲੜਕੀ ਮਾਂ ਨਾਲ ਝੋਨਾ ਲਗਾ ਕੇ, ਆਨ ਲਾਈਨ ਪੜ੍ਹਾਈ ਕਰਨ ਲਈ ਸਮਾਰਟ ਫੋਨ ਖਰੀਦੇਗੀ। ਇਹ ਸਾਰੇ ਵਰਤਾਰੇ ਸਰਕਾਰ ਨੂੰ ਚੁਣੌਤੀ ਤਾਂ ਦੇ ਹੀ ਰਹੇ ਹਨ, ਪਰ ਨਿਰਾਸ਼ਾ ਦੇ ਆਲਮ ਤੋਂ ਬਚਦੇ ਬਚਾਉਂਦੇ ਆਪਣੇ ਹੌਸਲੇ, ਹਿੰਮਤ ਤੇ ਜ਼ਾਬਤੇ ਨਾਲ ਕਰੋਨਾ ਕਾਲ ਦੇ ਅਸਲੀ ਹੀਰੋ ਤੇ ਯੋਧਿਆਂ ਵਿੱਚ ਵੀ ਸ਼ਾਮਲ ਹਨ, ਜੋ ਜ਼ਿੰਦਗੀ ਨੂੰ ਲੀਹਾਂ ’ਤੇ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਹੋਰਨਾਂ ਲਈ ਪ੍ਰੇਰਨਾ ਸਰੋਤ ਵੀ ਬਣੇ ਹਨ। ਡਾਰਵਿਨ ਦਾ ਸਿਧਾਂਤ ਵੀ ਹੈ, ਕਿ ਜ਼ਿੰਦਗੀ ਆਪਣੇ ਬਲਬੂਤੇ ’ਤੇ ਹੀ ਕਾਇਮ ਰਹਿ ਸਕਦੀ ਹੈ।
ਮੁੱਖ-ਮੰਤਰੀ ਵੱਲੋਂ ਐਲਾਨੀ ਗਈ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕਰਕੇ ਇਸ ਮੁਹਿੰਮ ਦੇ ਵਾਰੀਅਰਜ਼ ਬਣਨ ਲਈ ਪ੍ਰੇਰਿਆ ਜਾਂਦਾ ਹੈ। ਜਨਤਾ ਦੀ ਮੰਗ ’ਤੇ ਜੇਕਰ ਉਹਨਾਂ ਦੇ ਨੁਮਾਇੰਦੇ ਵੀ ਇਸ ਮੁਹਿੰਮ ਵਿੱਚ ਆਮ ਚੋਣ ਪ੍ਰਚਾਰ ਦੀ ਤਰ੍ਹਾਂ ਜਮੀਨੀ ਪੱਧਰ ’ਤੇ ਸ਼ਾਮਿਲ ਹੋ ਜਾਣ ਤਾਂ ਵੱਧ ਪ੍ਰਭਾਵ ਪਵੇਗਾ। ਲਾਕ-ਡਾਊਨ ਤੋਂ ਬਾਅਦ ਕਰੋਨਾ ਦਾ ਪ੍ਰਕੋਪ ਵਧਿਆ ਹੈ।
ਇਸਦੇ ਮੱਦੇ ਨਜ਼ਰ ਅਸੀਂ ਬਿਨਾਂ ਵਜ੍ਹਾ ਘਰੋਂ ਨਹੀਂ ਨਿਕਲਣਾ ਹੈ। ਅਹਿਤਿਆਤ ਵਰਤਦੇ ਹੋਏ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਕੇ ਜ਼ਿੰਦਗੀ ਦੀ ਰਫਤਾਰ ਨਾਲ ਚਲਦੇ ਹੋਏ ਇਸਦੇ ਰਖਵਾਲੇ ਵੀ ਬਣਨਾ ਹੈ। ਗੁਲਜ਼ਾਰ ਸਾਹਿਬ ਦੀ ਨਜ਼ਮ ਅਨੁਸਾਰ ਵੀ:
ਬੇਵਜਹ ਘਰ ਸੇ ਨਿਕਲਨੇ ਕੀ ਜ਼ਰੂਰਤ ਕਿਆ ਹੈ,
ਮੌਤ ਸੇ ਆਂਖੇਂ ਮਿਲਾਨੇ ਕੀ ਜ਼ਰੂਰਤ ਕਿਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2286)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com