”ਸਾਡੇ ਬਾਪ ਨੇ ਜੋ ਸਾਡੇ ਪੱਲੇ ਬੰਨ੍ਹ ਕੇ ਤੋਰਿਆ, ਉਹ ਸੀ ਵਿੱਦਿਆ ਦਾ ਚਾਨਣ ...””
(23 ਜੂਨ 2021)
ਅੱਜ ਤੋਂ ਛੇ ਦਹਾਕੇ ਪਹਿਲਾਂ ਦੀਆਂ ਯਾਦਾਂ ਵਿੱਚ ਸਾਨੂੰ ਸਾਡਾ ਬਾਪ ਬਹੁਤ ਗੁਸੈਲ ਤੇ ਸਖਤ ਸੁਭਾਅ ਵਾਲਾ ਲਗਦਾ ਸੀ, ਪਰ ਹੁਣ ਮਾਂ-ਬਾਪ ਦੇ ਦਾਇਰੇ ਵਿੱਚੋਂ ਲੰਘੇ ਤਾਂ ਅੰਦਾਜ਼ਾ ਹੋਇਆ ਕਿ ਭਲੇ ਪਿਓ ਵਿੱਚ ਮਾਂ ਦੇ ਵਿਵਹਾਰ ਵਾਂਗ ਕੋਮਲਤਾ ਤੇ ਮਮਤਾ ਦੀ ਝਲਕ ਨਹੀਂ ਸੀ ਮਿਲਦੀ ਪਰ ਉਸਦਾ ਮਕਸਦ ਤਾਂ ਸਾਡਾ ਭਵਿੱਖ ਸੰਵਾਰਨਾ ਹੀ ਸੀ। ਉਸ ਨੇ ਘਰ ਪਰਿਵਾਰ ਤੇ ਸਮਾਜ ਵਿੱਚ ਆਪਣਾ ਅਹਿਮਤਰੀਨ ਰੋਲ ਨਿਭਾਇਆ। ਸਾਰੇ ਪਿੰਡ ਵਿੱਚੋਂ ਇਹੀ ਪਹਿਲੇ ਮੈਟ੍ਰਿਕ ਪਾਸ ਸ਼ਖਸ ਹੋਏ। ਦਸਵੀਂ ਤੋਂ ਬਾਅਦ ਡਾਕਟਰ (ਵੈਦ) ਦੀ ਯੋਗਤਾ ਪ੍ਰਾਪਤ ਕਰਕੇ ਪਿੰਡ ਤੋਂ ਚਾਰ ਕਿਲੋਮਿਟਰ ਦੂਰ ਸ਼ਹਿਰ ਵਿੱਚ ਆਪਣੇ ਪਿਉ (ਸਾਡੇ ਦਾਦੇ) ਦੀ ਵਿਰਾਸਤ ਦੁਕਾਨ … ਡਾ. ਖੇਮ ਸਿੰਘ, ਟੇਕ ਸਿੰਘ ਦੇ ਨਾਮ ’ਤੇ ਸੰਭਾਲੀ। ਉਹਨਾਂ ਵੇਲਿਆਂ ਵਿੱਚ ਹਕੀਮ, ਵੈਦ ਨੂੰ ਪਿੰਡ ਦੀ ਸਭ ਤੋਂ ਇੱਜ਼ਤਦਾਰ ਸ਼ਖਸੀਅਤ ਮੰਨਿਆ ਜਾਂਦਾ ਸੀ।
ਸਾਰੀ ਉਮਰ ਕਿਸਾਨੀ ਧੰਦੇ ਦੇ ਨਾਲ ਹੀ ਇਸ ਕਿੱਤੇ ਪ੍ਰਤੀ ਪੂਰੀ ਦਿਆਨਤਦਾਰੀ ਤੇ ਤਨਦੇਹੀ ਨਾਲ ਨਿਭਦੇ ਰਹੇ। ਸਾਡੀ ਸੰਭਾਲ ਵਿੱਚ ਉਹ ਸ਼ਹਿਰ ਸਾਈਕਲ ’ਤੇ ਹੀ ਜਾਂਦੇ ਸਨ। ਜ਼ਮਾਨਾ ਸਕੂਟਰਾਂ ਤਕ ਪਹੁੰਚ ਗਿਆ ਤਾਂ ਵੀ ਆਪਣੇ ਹਠੀ ਤੇ ਸਿਰੜੀ ਸੁਭਾਅ ਕਾਰਨ, ਉਮਰ ਦੇ ਆਖਰੀ ਪੜਾਅ ਤਕ ਵੀ ਸਾਈਕਲ ਦਾ ਖਹਿੜਾ ਨਾ ਛੱਡਿਆ। ਉਹਨਾਂ ਵੇਲਿਆਂ ਵਿੱਚ ਸਮਾਜਿਕ ਕੁਰੀਤੀਆਂ ਤੇ ਪਿਛਾਂਹ ਖਿੱਚੂ ਸੋਚ ਦੇ ਫੈਲਾਅ ਦਾ ਮੁੱਖ ਸਰੋਤ ਅਨਪੜ੍ਹਤਾ ਹੀ ਮੰਨਿਆ ਜਾਂਦਾ ਸੀ। ਪਿਤਾ ਹੀ ਪੜ੍ਹੇ ਲਿਖੇ ਹੋਣ ਕਾਰਨ ਜਾਗਰੂਕਤਾ ਪੈਦਾ ਕਰਨ ਦਾ ਜਜ਼ਬਾ ਰੱਖਦੇ ਸਨ। ਇਸਦੀ ਸ਼ੁਰੂਆਤ ਘਰ ਤੋਂ ਹੀ ਹੋਈ। ਮੇਰੀ ਮਾਂ ਜਦੋਂ ਵਿਆਹੀ ਆਈ ਤਾਂ ਉਹ ਅੱਠਵੀਂ ਪਾਸ ਸੀ। ਪਿੰਡ ਦੇ ਆਮ ਲੋਕਾਂ ਵਾਂਗ ਸੋਚਦੇ ਤਾਂ ਮਾਂ ਘਰ ਦੀ ਹੋ ਕੇ ਰਹਿ ਜਾਂਦੀ ਪਰ ਪਿਤਾ ਜੀ ਨੇ ਮਾਂ ਦੀ ਸੋਚ ਤੇ ਜ਼ਜਬੇ ਨੂੰ ਠੁੰਮਣਾਂ ਦਿੱਤਾ। ਨੇੜੇ ਤੇੜੇ ਦੇ ਪਿੰਡਾਂ ਤਕ ਕੋਈ ਸਕੂਲ ਨਹੀਂ ਸੀ ਤਾਂ ਪਿਉ ਨੇ ਮਾਂ ਨੂੰ ਪਿੰਡ ਵਿੱਚ ਸਕੂਲ ਖੋਲ੍ਹ ਦਿੱਤਾ ਤੇ ਫਿਰ ਉਸ ਸਮੇਂ ਦੇ ਮੁੱਖ-ਮੰਤਰੀ ਸ, ਪਰਤਾਪ ਸਿੰਘ ਕੈਰੋਂ ਨੂੰ ਬੇਨਤੀ ਕਰਕੇ ਡਿਸਟ੍ਰਿਕਟ ਬੋਰਡ ਦੀ ਮਨਜ਼ੂਰੀ ਲਈ। ਜਾਤ-ਪਾਤ, ਪਾਖੰਡਵਾਦ ਤੇ ਵਹਿਮਾਂ ਭਰਮਾਂ ਦਾ ਪਿਤਾ ਜੀ ਵਿਰੋਧ ਕਰਦੇ। ਪਿੰਡ ਵਿੱਚ ਪੰਡਿਤ, ਭਾਟੜੇ, ਪਾਂਧੇ, ਪਿਤਾ ਜੀ ਨੂੰ ਵੇਖਦਿਆਂ ਹੀ ਰਸਤਾ ਨਾਪ ਲੈਂਦੇ। ਸਿੰਘ ਸਭਾ ਲਹਿਰ ਦੇ ਮੈਂਬਰ ਹੋਣ ਦੇ ਬਾਵਜੂਦ ਧਾਰਮਿਕ ਕੱਟੜਤਾ ਤੋਂ ਉਹ ਦੂਰ ਸਨ। ਹੱਕ-ਹਲਾਲ ਦੀ ਕਮਾਈ ਖਾਣਾ, ਹੱਥੀਂ ਕਿਰਤ ਕਰਨੀ, ਸਾਦਾ ਜੀਵਨ, ਸਚਾਈ ਤੇ ਇਮਾਨਦਾਰੀ ਨੂੰ ਹੀ ਧਰਮ ਸਮਝਦੇ ਸਨ। ਘਰ ਵਿੱਚ ਹੀ ਗੁਰੂ ਗਰੰਥ ਸਾਹਿਬ ਦਾ ਪਾਠ ਨਿੱਤ-ਨੇਮ ਨਾਲ ਕਰਦੇ, ਘਰ ਵਿੱਚ ਪਾਠ ਰੱਖਦੇ, ਭੋਗ ਪੈਂਦੇ ਪਰ ਕਦੇ ਸਪੀਕਰ ਨਹੀਂ ਸੀ ਲਾਉਣ ਦਿੰਦੇ।
ਕਦੇ ਪਿਤਾ ਜੀ ਨੇ ਮੈਂਨੂੰ ਕੁੜੀ ਹੋਣ ਦਾ ਇਹਸਾਸ ਨਹੀਂ ਸੀ ਹੋਣ ਦਿੱਤਾ। ਕਿਧਰੇ ਵੀ ਜਾਣਾ ਹੁੰਦਾ ਤਾਂ ਭਰਾਵਾਂ ਦੇ ਨਾਲ ਮੈਂਨੂੰ ਵੀ ਲੱਭਦੇ … ਕਾਕੀ ਕਿੱਥੇ ਹੈਂ ਤੂੰ? ਆਜਾ ਭਈ। ਮੈਂਨੂੰ ਉਹ ਨਾਲ ਲੈ ਕੇ ਜਾਂਦੇ। ਐਤਵਾਰ ਛੁੱਟੀ ਵਾਲੇ ਦਿਨ ਸਾਨੂੰ ਸਾਰੇ ਪਿੰਡ ਦੀ ਸੈਰ ਕਰਾਉਂਦੇ। ਬਾਗਾਂ ਵਿੱਚੋਂ ਅੰਬਾਂ, ਅਮਰੂਦਾਂ ਦੇ ਝੋਲੇ ਭਰ ਲੈਂਦੇ, ਕਦੇ ਪਿੰਡ ਦੇ ਪਿਛਵਾੜੇ ਖੇਤਾਂ ਵਿੱਚ ਗੇੜਾ ਮਾਰਨ ਜਾਂਦੇ ਤਾਂ ਉੱਥੇ ਨਾਲ ਹੀ ਵਹਿੰਦੇ ਸੂਏ ਵਿੱਚ ਅਸੀਂ ਭੈਣ ਭਰਾ ਖੂਬ ਤਾਰੀਆਂ ਲਾਉਂਦੇ। ਮੈਂਨੂੰ ਕਦੇ ਵੀ ਉਹ ਕੁੜੀ ਹੋਣ ਕਰਕੇ ਰੋਕਦੇ ਟੋਕਦੇ ਨਾ, ਉਹ ਤਾਂ ਜਦੋਂ ਮੈਂਨੂੰ ਖੁਦ ਨੂੰ ਵੱਡੀ ਹੋ ਜਾਣ ਦਾ ਇਹਸਾਸ ਹੋਇਆ ਤਾਂ ਮੈਂ ਜਾਣਾ ਬੰਦ ਕਰ ਦਿੱਤਾ। ਮੇਰਾ ਪਿਉ ਦੋ ਧੀਆਂ ਨੂੰ ਆਪਣੇ ਤਿੰਨ ਪੁੱਤਰਾਂ ਤੋਂ ਵੱਧ ਲਾਇਕ ਤੇ ਸਮਝਦਾਰ ਮੰਨਦੇ ਤੇ ਅੱਗੇ ਵਧਣ ਦੇ ਵਧੇਰੇ ਮੌਕੇ ਦਿੱਤੇ। ਮੇਰੀ ਵੱਡੀ ਭੈਣ ਤਾਂ ਜੇ. ਬੀ.ਟੀ. ਕਰਕੇ ਅਧਿਆਪਕਾ ਬਣ ਗਈ ਸੀ। ਮੈਂਨੂੰ ਹਾਇਰ ਸੈਕੰਡਰੀ ਤੋਂ ਬਾਅਦ ਜਲੰਧਰ ਦੇ ਵਧੀਆ ਕਾਲਜ ਦੇ ਹੋਸਟਲ ਵਿੱਚ ਦਾਖਲ ਕਰਾ ਦਿੱਤਾ। ਮੇਰਾ ਟੀਚਾ ਨਰਸ ਬਣਨਾ ਸੀ ਪਰ ਪਿਤਾ ਜੀ ਦੀ ਕੋਸ਼ਿਸ਼ ਤੇ ਖਾਹਿਸ਼ ਨੇ ਮੈਂਨੂੰ ਲੈਕਚਰਾਰ ਦੇ ਅਹੁਦੇ ਤਕ ਪਹੁੰਚਾ ਦਿੱਤਾ। ਇਹਸਾਸੇ ਜ਼ਿਕਰ ਹੈ ਕਿ ਇਹ ਕਿੱਤਾ ਵੱਧ ਸਕੂਨਦੇਹ ਸਾਬਤ ਹੋਇਆ ਤੇ ਮੈਂਨੂੰ ਬੇਹੱਦ ਮਾਣ-ਸਤਿਕਾਰ ਤੇ ਆਤਮ-ਵਿਸ਼ਵਾਸ ਦਾ ਬਲ ਬਖਸ਼ਿਆ।
ਸਾਡੇ ਬਾਪ ਨੂੰ ਸਾਹਿਤ ਪ੍ਰਤੀ ਬੇਹੱਦ ਮੋਹ ਤੇ ਲਗਾਵ ਸੀ। ਮਿਲਾਪ ਤੇ ਅਕਾਲੀ-ਪਤ੍ਰਕਾ ਅਖਬਾਰ ਰੋਜ਼ ਦੁਕਾਨ ’ਤੇ ਆਉਂਦੇ, ਦਿਨੇ ਆਪ ਪੜ੍ਹਦੇ ਤੇ ਸ਼ਾਮ ਨੂੰ ਘਰ ਲੈ ਆਉਂਦੇ।ਫਿਰ ਕਈ ਹੋਰ ਪੜ੍ਹਨ ਲਈ ਲੈ ਜਾਂਦੇ। ਪ੍ਰੀਤ-ਲੜੀ ਮੈਗਜ਼ੀਨ ਦੇ ਉਹ ਜੀਵਨ-ਮੈਂਬਰ ਸਨ। ਇੱਦਾਂ ਸਾਹਿਤਕ ਕਿਤਾਬਾਂ ਪੜ੍ਹਨ ਦਾ ਮੇਰਾ ਵੀ ਸ਼ੌਕ ਰਿਹਾ। ਧੀਆਂ ਦੇ ਵਿਆਹ ਦੀ ਗੱਲ ਚੱਲੀ ਤਾਂ ਆਪ ਚੰਗੀ ਜ਼ਮੀਨ-ਜਾਇਦਾਦ ਦੇ ਮਾਲਕ ਹੁੰਦੇ ਹੋਏ ਵੀ ਸਧਾਰਨ ਲੇਕਿਨ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਰਿਸ਼ਤੇ ਕੀਤੇ। ਸਮਾਜਿਕ ਚੇਤਨਾ ਦੀ ਹਾਮੀ ਭਰਦੇ ਬਾਪ ਨੇ ਦਾਜ-ਦਹੇਜ ਦਾ ਵਿਰੋਧ ਕੀਤਾ, ਅਖੇ ਇਹ ਤਾਂ ਸਮਾਜ ਦਾ ਵੱਡਾ ਕਲੰਕ ਅਤੇ ਲਾਹਨਤ ਹੈ। ਸਾਦੇ ਵਿਆਹ, ਗੁਰ-ਮਰਿਆਦਾ ਅਨੁਸਾਰ ਆਨੰਦ-ਕਾਰਜ ਕਰਾ ਕੇ ਬਿਨਾ ਦਾਜ-ਦਹੇਜ ਅਤੇ ਪਰਦੇ ਤੋਂ ਧੀਆਂ ਨੂੰ ਸਹੁਰੇ ਘਰ ਤੋਰਿਆ। ਇਹ ਗੱਲਾਂ ਉਸ ਜਮਾਨੇ ਵਿਚ ਕਿਸੇ ਅਜੂਬੇ ਤੋਂ ਘੱਟ ਨਹੀਂ ਸਨ। ਮੇਰੇ ਬਾਪ ਦੇ ਇਹ ਵਿਚਾਰ ਪਿੰਡ ਦੀ ਸੱਥ ਵਿੱਚ ਖੁੰਢ-ਚਰਚਾ ਦਾ ਵਿਸ਼ਾ ਤਾਂ ਹੁੰਦੇ ਪਰ ਉਸਦੇ ਸਾਹਮਣੇ ਕੋਈ ਨੁਕਤਾਚੀਨੀ ਨਹੀਂ ਸੀ ਕਰਦਾ।
ਸਾਡੇ ਬਾਪ ਨੇ ਜੋ ਸਾਡੇ ਪੱਲੇ ਬੰਨ੍ਹ ਕੇ ਤੋਰਿਆ, ਉਹ ਸੀ ਵਿੱਦਿਆ ਦਾ ਚਾਨਣ ਤੇ ਆਪਣੀ ਸੋਚ, ਜੋ ਕਦੇ ਖਤਮ ਨਹੀਂ ਹੋ ਸਕਦੀ ਤੇ ਨਾ ਹੀ ਕੋਈ ਖੋਹ ਸਕਦਾ ਹੈ। ਇਮਾਨਦਾਰੀ, ਸਚਾਈ, ਫਰਜ਼ਾਂ ਦੀ ਪੂਰਤੀ, ਨੇਕ ਕਮਾਈ ਤੇ ਰਹਿੰਦੀ ਜ਼ਿੰਦਗੀ ਤਕ ਕਿਰਤ ਕਰਦੇ ਹੋਏ ਇਸ ਦੁਨੀਆਂ ਤੋਂ ਰੁਖਸਤ ਹੋ ਜਾਣ ਦਾ ਬਲ-ਬੁੱਧ ਵੀ ਬਖਸ਼ਿਆ। ਮੇਰੀ ਰਿਟਾਇਰਮੈਂਟ ਤੋਂ ਬਾਅਦ ਮੈਂ ਤੇ ਮੇਰੀ ਭੈਣ, ਸਬੱਬੀਂ ਇੱਕ ਹੀ ਬੈਂਕ ਵਿੱਚ ਪੈਨਸ਼ਨ ਲੈਣ ਜਾਂਦੀਆਂ। ਕਦੇ ਮਿਲ ਬੈਠਦੀਆਂ ਤਾਂ ਰਿਸ਼ਤੇ ਨਾਤਿਆਂ ਦੀਆਂ ਇਬਾਰਤਾਂ ਪਾਉਂਦੀ ਹੋਈ ਅਕਸਰ ਭੈਣ ਦੋਵੇਂ ਹੱਥ ਜੋੜ ਕੇ ਕਹਿੰਦੀ, “ਸ਼ੁਕਰ ਹੈ, ਸਾਡੇ ਬਾਪ ਨੇ ਸਾਨੂੰ ਖੁਦਦਾਰ ਬਣਾਇਆ ਹੈ ਤੇ ਅਸੀਂ ਆਪਣੀ ਕਮਾਈ ਹੀ ਖਾਧੀ ਹੈ। ਮੇਰੇ ਪਤੀ ਨੇ ਰਿਟਾਇਰਮੈਂਟ ਵੇਲੇ ਮਹਿਕਮੇ ਤੋਂ ਇਕੱਠੇ ਪੈਸੇ ਵਸੂਲ ਕਰ ਲਏ ਸਨ। ਹੁਣ ਇੰਝ ਲਗਦਾ ਹੈ ਕਿ ਘਰ ਦਾ ਖਰਚਾ ਮੇਰੀ ਪੈਨਸ਼ਨ ਤੋਂ ਹੀ ਚੱਲ ਰਿਹਾ ਹੈ।
ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗ ਪਿਆਰ ਕਰੋ - ਦਾ ਹੋਕਾ ਅੱਜ ਇੱਕੀਵੀਂ ਸਦੀ ਵਿੱਚ ਵੀ ਦੇਣਾ ਪੈ ਰਿਹਾ ਹੈ। ਸਾਡੀ ਕਹਾਣੀ ਤਾਂ ਇੱਕ ਸਦੀ ਪਿਛਾਂਹ ਦੀ ਹੈ। ਉਦੋਂ ਸਮਾਜਿਕ ਪਛੜੇਪਨ ਦੀ ਇੰਤਹਾ ਸੀ ਤੇ ਕੁੜੀਆਂ ਦੀ ਮਾਨਤਾ ਮੁੰਡਿਆਂ ਤੋਂ ਮਗਰਲੀ ਕਤਾਰ ਵਿੱਚ ਸੀ।
ਆਪਣੀ ਉਮਰ ਹੰਢਾ ਚੁੱਕੇ ਬਾਪ ਨੂੰ ਮੈਂ ਅੱਜ ਵੀ ਸਿਜਦਾ ਕਰਦੀ ਹਾਂ ਤੇ ਰਹਿੰਦੀ ਉਮਰ ਤਕ ਉਸ ਦੀ ਅਹਿਸਾਨਮੰਦ ਤੇ ਰਿਣੀ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2857)
(ਸਰੋਕਾਰ ਨਾਲ ਸੰਪਰਕ ਲਈ: