KulminderKaur7ਹਮੇਸ਼ਾ ਰੁਝੇਵਿਆਂ ਵਿੱਚ ਅਸਥ-ਵਿਅਸਥ, ਕੁਦਰਤ ਦੇ ਅਣਮੋਲ ਤੋਹਫਿਆਂ ਦਾ ...
(16 ਨਵੰਬਰ 2018)

 

ਮੈਂ ਮੱਥਾ ਟੇਕ ਕੇ ਸੰਗਤ ਵਿੱਚ ਬੈਠੀ ਤਾਂ ਮੇਰੀ ਨਿਗ੍ਹਾ ਇੱਕ ਵਾਕਫਕਾਰ ਔੌਰਤ ’ਤੇ ਪੈ ਗਈਉਹ ਆਪਣੇ ਪਰਿਵਾਰ ਨਾਲ ਗੁਰਦਵਾਰੇ ਆਈ ਹੋਈ ਸੀ ਤੇ ਉਹਦੇ ਚਿਹਰੇ ਉੱਤੇ ਸੰਤੁਸ਼ਟਤਾ ਭਰੀ ਖੁਸ਼ੀ ਝਲਕ ਰਹੀ ਸੀਅੱਜ ਦੀ ਅਰਦਾਸ ਵਿੱਚ ਉਸ ਪਰਿਵਾਰ ਵੱਲੋਂ ਕੀਤੀ ਗਈ ਸ਼ੁਕਰਾਨੇ ਦੀ ਅਰਦਾਸ ਵੀ ਸ਼ਾਮਲ ਸੀਲੜਕੇ ਦਾ ਬਾਹਰਲੇ ਮੁਲਕ ਜਾਣ ਦਾ ਵੀਜ਼ਾ ਲੱਗਾ ਸੀ

ਬਾਅਦ ਵਿੱਚ ਕਈਆਂ ਨੇ ਉਸ ਔਰਤ ਵਧਾਈਆਂ ਦਿੱਤੀਆਂ, ਜਿਵੇਂ ਜ਼ਿੰਦਗੀ ਦੀ ਵੱਡੀ ਕਾਮਯਾਬੀ ਹਾਸਲ ਕਰ ਲਈ ਹੋਵੇਮੈਂ ਵੀ ਅੱਗੇ ਹੋ ਕੇ ਉਸ ਨੂੰ ਮਿਲੀ ਤੇ ਵਧਾਈ ਦਿੰਦੇ ਹੋਏ ਕਟਾਖਸ਼ ਕੱਸਿਆ, “ਹੁਣ ਤਾਂ ਸ਼ੁਕਰਾਨਾ ਕਰ ਰਹੀ ਹੈਂ, ਫਿਰ ਕਹੇਂਗੀ - ਪੁੱਤ ਦੂਰ ਪ੍ਰਦੇਸ਼ ਵਿੱਚ ਗਿਆ, ਹੁਣ ਸਾਡੀ ਸਾਰ ਵੀ ਲੈਣ ਨਹੀਂ ਆਉਂਦਾਉੱਥੇ ਬੁਲਾਇਆਂ ਤਾਂ ਆਪਣੀਆਂ ਹੀ ਬੁੱਤੀਆਂ-ਨੱਤੀਆਂ ਕਰਾਉਣ ਲਈ, ਨਾ ਹੀ ਸਾਡਾ ਉੱਥੇ ਜੀਅ ਲੱਗਦਾ ਹੈ

ਵਿਚਾਰਨਯੋਗ ਗੱਲ ਹੈ ਕਿ ਬੱਚਿਆਂ ਨੂੰ ਰਸਤਾ ਅਸੀਂ ਖੁਦ ਵਿਖਾ ਰਹੇ ਹਾਂਜੀਵਨ ਦੀ ਤੇਜ਼ ਰਫਤਾਰੀ ਦੌੜ ਵਿੱਚ ਸ਼ਾਮਲ ਹੋਣ ਦੇ ਕਾਬਲ ਵੀ ਬਣਾਇਆਅੱਜ ਦੀ ਪੀੜ੍ਹੀ ਹੁਣ ਇਸ ਪਦਾਰਥਵਾਦੀ ਯੁਗ ਦੇ ਨਵੇਂ ਰਾਹਾਂ ਦੀ ਪਾਂਧੀ ਬਣ ਕੇ ਇੰਨਾ ਅੱਗੇ ਵਧ ਗਈ ਹੈ ਕਿ ਮੁੜ ਪਿੱਛੇ ਵੇਖਣਾ ਉਨ੍ਹਾਂ ਲਈ ਕਠਿਨ ਹੈਵਹਿੰਗੀਆਂ, ਡੰਗੋਰੀਆਂ ਆਦਿ ਸਹਾਰੇ ਬਣਨ ਵਾਲੇ ਸਰਵਣ ਪੁੱਤਾਂ ਦਾ ਯੁੱਗ ਤਾਂ ਲੱਗਦਾ ਹੈ, ਬਹੁਤ ਹੀ ਪਿੱਛੇ ਰਹਿ ਗਿਆ ਹੈ

ਪਹਿਲੇ ਵੇਲਿਆਂ ਵਿੱਚ ਪੁੱਤ ਘਰੇ ਹੀ ਜੱਦੀ-ਪੁਸ਼ਤੀ ਧੰਦਿਆਂ ਨੂੰ ਅਪਨਾ ਲੈਂਦੇ ਸਨਬਜ਼ੁਰਗਾਂ ਦੀ ਛਤਰ-ਛਾਇਆ ਹੇਠ ਰਹਿ ਕੇ ਉਹਨਾਂ ਦੇ ਹਰ ਸਲਾਹ-ਮਸ਼ਵਰੇ ਅਨੁਸਾਰ ਚੱਲਦੇ ਸਨਘਰਾਂ ਵਿੱਚ ਬਜ਼ੁਰਗਾਂ ਦਾ ਹੀ ਦਬਦਬਾ ਹੁੰਦਾ ਸੀਉਹਨਾਂ ਦੇ ਕਹਿਣੇ ਅਨੁਸਾਰ ਚੱਲਣਾ ਹੀ ਉਦੋਂ ਰਵਾਇਤ ਸੀਘਰ ਵਿੱਚ ਪੂਰਾ ਇੱਜ਼ਤ ਮਾਣ, ਸਤਿਕਾਰ ਸੀ ਤੇ ਉਹਨਾਂ ਦੀ ਹਰ ਦੁੱਖ-ਤਕਲੀਫ ਸੁਣੀ ਜਾਂਦੀ ਸੀਨੂੰਹ-ਪੁੱਤ ਉਹਨਾਂ ਨਾਲ ਸਮਾਂ ਬਤੀਤ ਕਰਦੇ, ਕਮਜ਼ੋਰ ਸਰੀਰ ਦੀ ਮੁੱਠੀ-ਚਾਪੀ ਕਰਦੇ ਤੇ ਸਿਹਤ-ਸੰਭਾਲ ਦੀ ਜ਼ਿੰਮੇਵਾਰੀ ਅੰਤ ਤੱਕ ਨਿਭਾਉਂਦੇਪਰ ਹੁਣ ਤਾਂ ਹਰ ਇੱਕ ਦੀ ਜ਼ਬਾਨ ’ਤੇ ਇਹੋ ਹੈ, “ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਰਹੀਆਂ ...

ਬੱਚੇ ਪੜ੍ਹ ਲਿਖ ਕੇ ਰੋਜ਼ਗਾਰ ਦੀ ਖਾਤਰ ਦੇਸ ਵਿਦੇਸ਼ ਵਿੱਚ ਦੂਰ ਉਡਾਰੀ ਮਾਰ ਜਾਂਦੇ ਹਨਸੰਚਾਰ ਸਾਧਨਾਂ ਦੀ ਬਦੌਲਤ ਸਿਹਤ ਸਬੰਧੀ ਸੂਚਨਾ ਲੈਂਦੇ ਰਹਿੰਦੇ ਹਨ। ਕਈ ਵੇਰ ਉਹਨਾਂ ਦੇ ਦੇਸ ਪਹੁੰਚਣ ਤੋਂ ਪਹਿਲਾਂ ਹੀ ਮਾਂ-ਬਾਪ ਸਦਾ ਲਈ ਤੁਰ ਜਾਂਦੇ ਹਨਜਿਹੜੇ ਬਜ਼ੁਰਗ ਸਮਾਜਿਕ ਦਾਇਰੇ ਤੋਂ ਕਿਨਾਰਾ ਕਰਕੇ ਘਰ ਵਿੱਚ ਇਕੱਲੇ ਰਹਿੰਦੇ ਹਨ ਜਾਂ ਭਰੇ-ਪੂਰੇ ਪਰਿਵਾਰ ਵਿੱਚ ਰਹਿੰਦਿਆਂ ਵੀ ਅਣਗੌਲਿਆ ਮਹਿਸੂਸ ਕਰਦੇ ਹਨ, ਉਹਨਾਂ ਦੀ ਮਨੋਦਸ਼ਾ ਵਿਗੜਦੀ ਹੈਉਹ ਇਕੱਲਤਾ ਅਤੇ ਉਦਾਸੀਨਤਾ ਦਾ ਸੰਤਾਪ ਭੋਗਦੇ ਹਨ ਤੇ ਅਸੁਰੱਖਿਅਤ ਦੀ ਭਾਵਨਾ ਵੀ ਪ੍ਰਬਲ ਹੁੰਦੀ ਹੈਨਿਜ਼ਾਮ ਵਿੱਚ ਆਏ ਇਸ ਪਰਿਵਰਤਨ ਨੂੰ ਬੁਨਿਆਦੀ ਨਿਯਮਾਂ ਵਜੋਂ ਜਾਣ ਕੇ ਗੰਭੀਰਤਾ ਨਾਲ ਨਾ ਲਿਆ ਜਾਵੇ ਤਾਂ ਬਹੁਤੀ ਸਮੱਸਿਆ ਨਹੀਂ ਆਉਂਦੀ

ਬੁਢਾਪਾ ਕੁਦਰਤ ਦੀ ਦੇਣ ਹੈ ਤੇ ਇਸ ਨੂੰ ਕਦੇ ਖਤਰਨਾਕ, ਲਾਹਨਤ ਜਾਂ ਸੰਤਾਪ ਨਾ ਸਮਝੋਲੋੜ ਹੈ ਇਸ ਅਵਸਥਾ ਬਾਰੇ ਜਾਨਣਾ, ਸਮਝਣਾ, ਇਸ ਨੂੰ ਮਾਨਣਾ ਤੇ ਆਪਣੀ ਸਿਹਤ ਨੂੰ ਸੰਭਾਲਣਾਇਸ ਅਵਸਥਾ ਵਿੱਚ ਸੈੱਲਾਂ ਦਾ ਨਵਿਆਉਣਾ ਲਗਭਗ ਠੱਪ ਹੋ ਜਾਂਦਾ ਹੈ। ਅੰਗਾਂ ਦੀ ਕ੍ਰਿਆਸ਼ੀਲਤਾ ਥਿੜਕਣ ਲਗਦੀ ਹੈਹਾਰਮੋਨਾਂ ਦਾ ਰਿਸਣਾ ਘੱਟ ਹੋ ਜਾਂਦਾ ਹੈਮਾਸਪੇਸ਼ੀਆਂ ਵਿੱਚ ਪਹਿਲੇ ਵਾਲੀ ਲਚਕ ਨਹੀਂ ਰਹਿੰਦੀਦਿਲ ਦੀ ਧੜਕਣ ਅਨਿਯਮਤ ਹੋ ਜਾਂਦੀ ਹੈ, ਯਾਦਸ਼ਕਤੀ ਘਟਣ ਲਗਦੀ ਹੈਸਰੀਰ ਅੰਦਰ ਰੋਗਾਣੂ ਰੋਧਕ ਸ਼ਕਤੀ ਨਿਘਰਣ ਨਾਲ ਕੋਈ ਨਾ ਕੋਈ ਬਿਮਾਰੀ ਆਣ ਘੇਰਦੀ ਹੈਉਂਝ ਦੇਰ ਸਵੇਰ ਇਹਨਾਂ ਰੋਗਾਂ ਨੇ ਆਉਣਾ ਹੀ ਹੁੰਦਾ ਹੈਸ਼ਾਇਦ ਇਹ ਹੀ ਬੁਢਾਪੇ ਦੀ ਪਛਾਣ ਹੈਇਸ ਤੋਂ ਘਬਰਾਉਣਾ ਜਾਂ ਨਿਰਾਸ਼ਤਾ ਦੇ ਆਲਮ ਵਿੱਚ ਗੁੰਮ ਹੋ ਜਾਣਾ ਠੀਕ ਨਹੀਂ ਹੈਕਿਸੇ ਲੇਖਕ ਦੀਆਂ ਲਿਖੀਆਂ ਸਤਰਾਂ ਹੀ ਇਹੋ ਗੱਲ ਕਹਿੰਦੀਆਂ ਹਨ:

ਚਸਕਣ ਹੱਡ ਤੇ ਖੱਲੀਆਂ, ਪੈਂਦੀ ਕਦੇ ਕੁੜੱਲ,
ਲਾਈ ਰੱਖਣ ਰੌਣਕਾਂ, ਭੁੱਲੀ ਰਹੇ ਇਕੱਲ

ਸੰਜਮ ਸਹਿਤ ਸੰਤੁਲਿਤ ਖਾਣ ਪੀਣ ਤੇ ਘੱਟ ਭਾਰ ਵਾਲੇ ਵਿਅਕਤੀ ਕੁਝ ਹੱਦ ਤੱਕ ਇਹਨਾਂ ਅਲਾਮਤਾਂ ਤੋਂ ਬਚਦੇ ਹਨਨਿੱਤ ਦੀ ਵਰਜ਼ਿਸ, ਸੈਰ, ਯੋਗਾ ਆਦਿ ਨਾਲ ਦਿਮਾਗ ਅੰਦਰ ਰਿਸ ਰਹੇ ਨਸ ਸੰਚਾਲਕ, ਕਿਸੇ ਨਾ ਕਿਸੇ ਤਰ੍ਹਾਂ ਸੈੱਲਾਂ ਦੀ ਅਰੋਗਤਾ ਬਣਾਈ ਰੱਖਣ ਵਿੱਚ ਸਹਾਈ ਹੁੰਦੇ ਹਨਸੁੱਤੇ ਪਿਆਂ ਵੀ ਸੁਪਨੇ ਵੇਖਣ ਦਾ ਆਦੀ ਮਨੁੱਖੀ ਦਿਮਾਗ ਕਦੇ ਸ਼ਾਂਤ ਨਹੀਂ ਬੈਠਦਾਐਵੇਂ ਨਿਰਮੂਲ ਤੌਖਲਿਆਂ ਅਤੇ ਵਿਚਾਰਾਂ ਵਿੱਚ ਉਲਝ ਕੇ ਉਦਾਸੀਨਤਾ ਦੇ ਆਲਮ ਵਿੱਚ ਧਸਣ ਤੋਂ ਬਿਹਤਰ ਹੈ ਕਿ ਇਸ ਨੂੰ ਕਿਸੇ ਨਾ ਕਿਸੇ ਰੁਝੇਵੇਂ ਰਾਹੀਂ ਵਿਅਸਤ ਰੱਖੀਏ

ਸਿਹਤ ਸਮੱਸਿਆ ਦੇ ਮੱਦੇਨਜ਼ਰ ਮੈਂ ਆਪਣੇ ਅਧਿਆਪਨ ਕਿੱਤੇ ਤੋਂ ਪੰਜ ਸਾਲ ਪਹਿਲੇ ਰਿਟਾਇਰਮੈਂਟ ਲੈ ਲਈਹੁਣ ਸਰੀਰ ਨੂੰ ਤਾਂ ਅਰਾਮ ਅਵਸਥਾ ਵਿੱਚ ਲੈ ਆਂਦਾ, ਪਰ ਦਿਮਾਗ ਉੰਨਾ ਹੀ ਅਸ਼ਾਂਤ ਹੋ ਗਿਆ, ਕਿਉਂਕਿ ਇਸਦਾ ਮਨਪਸੰਦ ਰੁਝੇਵਾਂ ਖੁਸ ਗਿਆਜ਼ਿੰਦਗੀ ਬੜੀ ਮੰਤਵਹੀਣ, ਨੀਰਸ, ਬੇਚੈਨ, ਨਿਰਾਰਥਕ ਜਾਪਣ ਲੱਗੀਬੀਤੀ ਜ਼ਿੰਦਗੀ ਇੱਕ ਰੀਲ ਵਾਂਗ ਮੇਰੇ ਦਿਮਾਗ ਦੇ ਚਿੱਤਰਪਟ ’ਤੇ ਘੁੰਮਦੀ ਵਿਖਾਈ ਦੇਂਦੀਨਾ ਰਾਤਾਂ ਮੁੱਕਣ ਤੇ ਨਾ ਹੀ ਸੋਚਾਂ ਵਿਚਾਰਾਂ ਦੀ ਲੜੀ ਟੁੱਟੇਆਰਾਮਦਾਇਕ ਜ਼ਿੰਦਗੀ ਮੈਨੂੰ ਰਾਸ ਨਾ ਆਈ। ਫਿਰ ਮੈਂ ਦਿਮਾਗ ਨੂੰ ਇਸੇ ਦੇ ਪੜ੍ਹਨ-ਲਿਖਣ ਦੇ ਸ਼ੌਕ ਵਿੱਚ ਝੋਕ ਕੇ ਸੁਰਖਰੂ ਹੋ ਗਈਹੁਣ ਸੋਚਦੀ ਹਾਂ ਕਿ ਦਿਨ-ਰਾਤ ਹੋਰ ਲੰਬੇ ਹੋ ਜਾਣ, ਮੇਰੇ ਤਾਂ ਕੰਮ ਹੀ ਨਹੀਂ ਮੁੱਕਦੇਘਰ ਦੇ ਸਾਰੇ ਕੰਮ ਆਪ ਕਰਨੇ ਤੇ ਵਿਹਲਾ ਸਮਾਂ ਅਖਬਾਰਾਂ, ਮੈਗਜ਼ੀਨ ਪੜ੍ਹ ਕੇ ਬਤੀਤ ਕਰਨਾਫਿਰ ਕਦੇ ਪੈੱਨ ਫੜ ਕੇ ਮਨ ਦੇ ਗੁਬਾਰ ਕੱਢ ਲੈਣੇ, ਮੇਰਾ ਸ਼ੌਕ ਤੇ ਅਕੇਵਾਂ ਦੂਰ ਕਰਨ ਦੇ ਸਾਧਨ ਬਣੇ। ਪਾਠਕਾਂ ਦਾ ਦਾਇਰਾ ਹੁਣ ਮੇਰਾ ਭਾਈਚਾਰਾ ਬਣ ਚੁੱਕਾ ਹੈ, ਜਿਨ੍ਹਾਂ ਨਾਲ ਵਿਚਾਰ ਸਾਂਝੇ ਕਰਦਿਆਂ ਮੇਰੇ ਗਿਆਨ ਵਿੱਚ ਹੋਰ ਵਾਧਾ ਹੁੰਦਾ ਹੈਉਹ ਮੈਂਨੂੰ ਸੰਸਾਰਕ ਦੁੱਖ ਤਕਲੀਫਾਂ ਅਤੇ ਸਮਾਜ ਦੀਆਂ ਅਸਲ ਹਕੀਕਤਾਂ ਦੇ ਨੇੜੇ ਵੀ ਲੈ ਆਉਂਦੇ ਹਨਮੇਰੇ ਇੱਕ ਪਾਠਕ ਵੀਰ ਬਲਦੇਵ ਰਾਜ ਕਾਲੜਾ ਕੋਲ ਤਾਂ ਪੁਰਾਤਨ ਕਥਾਵਾਂ ਅਤੇ ਅਖੌਤਾਂ ਦਾ ਖਜ਼ਾਨਾ ਹੈ

ਆਪਣੀ ਸਰੀਰਕ ਸਮਰਥਾ ਅਨੁਸਾਰ ਰੁੱਝੇ ਰਹਿਣ ਨਾਲ ਬੁਢਾਪਾ ਸੌਖਿਆ ਲੰਘ ਸਕਦਾ ਹੈਘਰ ਦੇ ਬਾਹਰ ਬਣੀ ਹੋਈ ਬਗੀਚੀ ਵਿੱਚ ਫੁੱਲ, ਪੌਦੇ ਸਬਜ਼ੀਆਂ ਉਗਾ ਕੇ ਉਹਨਾਂ ਨਾਲ ਮੋਹ ਪਾਲਣਾ, ਪਾਰਕ ਵਿੱਚ ਸੈਰ ਕਰਨੀ, ਸਾਰਿਆਂ ਵਿੱਚ ਰਲ ਬੈਠਣਾ ਤੇ ਵਿਚਾਰ ਸਾਂਝੇ ਕਰਨ ਨਾਲ ਮਾਨਸਿਕ ਸੰਤੁਲਨ ਨਹੀਂ ਵਿਗੜਦਾਨੇੜੇ ਦੇ ਸਿਨੀਅਰ ਸਿਟੀਜਨ ਕਲੱਬ ਵਿੱਚ ਜਾ ਕੇ ਉੱਥੇ ਹੁੰਦੀਆਂ ਕਈ ਖੇਡਾ, ਮਨੋਰੰਜਕ ਤੇ ਸਭਿਆਚਾਰਕ ਕ੍ਰਿਆਵਾਂ ਵਿੱਚ ਹਿੱਸਾ ਲੈ ਸਕਦੇ ਹੋਉੱਥੇ ਲਾਇਬਰੇਰੀ ਵਿੱਚ ਕਿਤਾਬਾਂ, ਮੈਗਜ਼ੀਨ, ਅਖਬਾਰਾਂ ਨਾਲ ਦੋਸਤੀ ਕਰ ਲਓ ਕੰਪਿਊਟਰ ਤੇ ਕਈ ਭਾਸ਼ਾਵਾਂ ਦੇ ਸਿੱਖਿਅਕ ਤੇ ਸਿਖਿਆਰਥੀ ਬਣ ਜਾਓਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਆਪਣੇ ਵਰਗੇ ਬਜ਼ੁਰਗਾਂ ਦੀ ਸਿਹਤ ਸੰਭਾਲ ਤੇ ਹੋਰ ਸਮੱਸਿਆਵਾਂ ਵਿੱਚ ਸਹਾਇਕ ਬਣਿਆ ਜਾਵੇ

ਚੰਡੀਗੜ੍ਹ ਤੋਂ ਮੇਰੇ ਇੱਕ ਲੇਖਕ ਵੀਰ ਪ੍ਰਿੰਸੀਪਲ ਐੱਸ.ਐੱਸ. ਪ੍ਰਿੰਸ ਕਈ ਸਾਲ ਸੀਨੀਅਰ ਸਿਟੀਜਨਜ਼ ਕਲੱਬ ਵੱਲੋਂ ਚਲਾਏ ਜਾ ਰਹੇ ਮੈਗਜ਼ੀਨ “ਗੋਲਡਨ ਯੀਅਰਜ਼” ਦੇ ਸੰਪਾਦਕ ਰਹੇਹੁਣ 90 ਸਾਲ ਦੀ ਉਮਰ ਵਿੱਚ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪ ਕੇ ਹਲਕਾ ਫੁਲਕਾ ਲਿਖਦੇ ਰਹਿੰਦੇ ਹਨਹਾਲ ਵਿੱਚ ਹੀ ਇੱਕ ਅਕਤੂਬਰ ਨੂੰ ਗਵਰਨਰ ਪੰਜਾਬ ਵੱਲੋਂ ਉਹਨਾਂ ਨੂੰ ਵਧੀਆ ਸੰਪਾਦਕੀ ਦੇ ਇਵਜ਼ ਵਿੱਚ ਸਨਮਾਨਿਆ ਵੀ ਗਿਆ ਹੈਆਪਣੀ ਹੀ ਧੁੰਨ ਵਿੱਚ ਮਗਨ ਤੇ ਮੰਤਵ ਪ੍ਰਾਪਤੀ ਵਿੱਚ ਰੁੱਝੇ ਵਿਦਵਾਨਾਂ, ਗੀਤਕਾਰ, ਚਿੱਤਰਕਾਰ, ਕਲਾਕਾਰ, ਵਿਚਾਰਵਾਨ ਆਗੂ ਤੇ ਵਿਗਿਆਨੀ ਅਮੂਮਨ ਲੰਬੀ ਆਯੂ ਭੋਗਦੇ ਹਨਸ਼੍ਰੋਮਣੀ ਸਾਹਿਤਕਾਰ ਤੇ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਜੀ ਦੀ ਕਲਮ, ਉਹਨਾਂ ਦੀ ਉਮਰ ਦੇ ਸੌਵੇਂ ਸਾਲ ਵਿੱਚ ਸਾਥ ਨਿਭਾ ਰਹੀ ਹੈ ਕੱਲ੍ਹ ਇੱਕ ਟੀ.ਵੀ. ਸ਼ੋਅ ਵਿੱਚ 85 ਸਾਲਾ ਗਾਇਕਾ ਆਸ਼ਾ ਭੌਂਸਲੇ ਨੇ ਦਮਦਾਰ ਤੇ ਬੁਲੰਦ ਅਵਾਜ਼ ਵਿੱਚ ਗਾਣੇ ਗਾ ਕੇ ਆਪਣੀ ਤੀਜੀ-ਚੌਥੀ ਪੀੜ੍ਹੀ ਵਿੱਚ ਵੀ ਵਿਸਮਾਦੀ ਰੰਗ ਬੰਨ੍ਹਿਆ

93 ਸਾਲ ਦੀ ਆਯੂ ਭੋਗਣ ਵਾਲੇ ਕਵੀ ਤੇ ਗੀਤਕਾਰ ਗੋਪਾਲ ਦਾਸ ਨੀਰਜ ਆਖਰੀ ਦਿਨਾਂ ਵਿੱਚ ਕਈ ਵੇਰ ਬਿਮਾਰ ਪਏਹਰ ਵੇਰ ਠੀਕ ਹੋਣ ਤੋਂ ਬਾਅਦ ਮੁਸਕਰਾ ਕੇ ਫੁਸਫਸਾਉਂਦੇ ਰਹਿੰਦੇ, “ਚਲਤਾ ਹੂੰ ... ਅਭੀ ਚਲਤਾ ਹੂੰ, ਏਕ ਗੀਤ ਔੌਰ ਗਾ ਲੂੰ ਤੋ ਚਲੂੰ ਇਹ ਕਵਿਤਾ ਉਸਦੇ ਤੁਰ ਜਾਣ ਤੋਂ ਬਾਅਦ ਮੇਜ਼ ਦੇ ਕੋਨੇ ’ਤੇ ਪਈ ਮਿਲੀ, ਜਿਵੇਂ ਮੌਤ ਉਸਦਾ ਇੰਤਜ਼ਾਰ ਕਰ ਰਹੀ ਸੀਅਜਿਹੇ ਵਿਅਕਤੀ ਸਾਡੇ ਲਈ ਪ੍ਰੇਰਨਾ ਸਰੋਤ ਹਨ

ਹਮੇਸ਼ਾ ਰੁਝੇਵਿਆਂ ਵਿੱਚ ਅਸਥ-ਵਿਅਸਥ, ਕੁਦਰਤ ਦੇ ਅਣਮੋਲ ਤੋਹਫਿਆਂ ਦਾ ਆਨੰਦ ਮਾਣਦਿਆਂ ਸਿਹਤ ਬਰਕਰਾਰ ਰੱਖਦੇ ਹੋਏ ਮਨ-ਮਸਤਕ ਨੂੰ ਇਹ ਸੋਚਣ ਦਾ ਮੌਕਾ ਹੀ ਨਾ ਦਿਓ ਕਿ ਮੈਂ ਬੁਢਾਪਾ ਹੰਢਾ ਰਿਹਾ ਹਾਂਇਹੀ ਆਸ ਰੱਖੀਏ ਕਿ ਪੂਰਨ ਸੰਤੁਸ਼ਟਤਾ ਨਾਲ ਅਸੀਂ ਆਪਣੀ ਆਖਰੀ ਮੰਜ਼ਿਲ ਵੱਲ ਵਧਦੇ ਜਾਈਏ

*****

(1392)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author