“ਡਾਕਟਰ ਅਪਰੇਸ਼ਨ ਕਰਕੇ ਨਾੜਾਂ ਕੱਟ ਦੇਣਗੇ, ਜਿਸ ਨਾਲ ਦਰਦ ਨਹੀਂ ਹੋਵੇਗੀ ਪਰ ਨਿਗਾਹ ਨਹੀਂ ...”
(19 ਜਨਵਰੀ 2023)
ਇਸ ਸਮੇਂ ਮਹਿਮਾਨ: 395.
ਇਹ ਸਾਡੇ ਬਚਪਨ ਵੇਲੇ ਦੀਆਂ ਗੱਲਾਂ ਹਨ। ਮੇਰੇ ਪਿਤਾ ਜੀ ਰੋਜ਼ ਸ਼ਹਿਰ ਜਾਂਦੇ ਜਿੱਥੇ ਉਹਨਾਂ ਦੀ ਡਾਕਟਰੀ (ਵੈਦ) ਦੀ ਦੁਕਾਨ ਸੀ। ਉਹ ਸਾਹਿਤਕ ਰਸੀਏ ਸਨ। ਰੋਜ਼ਾਨਾ ਅਕਾਲੀ ਪੱਤ੍ਰਿਕਾ, ਉਰਦੂ ਦਾ ਮਿਲਾਪ ਅਖਬਾਰ ਅਤੇ ਮਾਸਿਕ ਰਸਾਲਾ ਪ੍ਰੀਤਲੜੀ ਵੀ ਦੁਕਾਨ ’ਤੇ ਆਉਂਦਾ। ਆਪ ਪੜ੍ਹ ਕੇ ਪਿਤਾ ਜੀ ਅਖਬਾਰਾਂ, ਰਸਾਲੇ ਸ਼ਾਮ ਨੂੰ ਘਰ ਲੈ ਕੇ ਆਉਂਦੇ। ਝੋਲਾ ਖੋਲ੍ਹਣ ਵੇਲੇ ਅਸੀਂ ਤਾਂ ਪੰਜਾਬੀ ਦਾ ਅਖਬਾਰ ਵੇਖਦੇ ਤੇ ਵੱਡੇ ਵੀਰ ਦੀ ਨਜ਼ਰ ਮਿਲਾਪ ’ਤੇ ਪੈਂਦੀ। ਚਾਹ ਪੀਂਦੇ ਹੋਏ ਵੀਰ ਜੀ ਪਿਤਾ ਜੀ ਵਾਂਗ ਹੀ ਨਕਲ ਕਰਦੇ ਹੋਏ ਐਵੇਂ-ਕਿਵੇਂ ਪੜ੍ਹਦੇ। ਅਸੀਂ ਹੱਸ ਪੈਂਦੇ ਤਾਂ ਕਹਿੰਦੇ, ਵੇਖਣਾ, ਮੈਂ ਕਿਸੇ ਦਿਨ ਉਰਦੂ ਸਿੱਖ ਜਾਵਾਂਗਾ। ਯਾਦ ਹੈ, ਕੁਝ ਦਿਨਾਂ ਬਾਅਦ ਪਿਤਾ ਜੀ ਉਰਦੂ ਦਾ ਕੈਦਾ ਘਰ ਲੈ ਆਏ ਸਨ, ਜਿਸ ’ਤੇ ਵੀਰ ਜੀ ਨੇ ਮੱਲ ਮਾਰ ਲਈ।
ਹੁਣ ਮੇਰੇ ਇਹ ਵੱਡੇ ਵੀਰ ਅਭੈ ਸਿੰਘ, ਸਾਹਿਤ ਨਾਲ ਜੁੜੇ ਹੋਏ ਹਨ। ਮਾਤ-ਭਾਸ਼ਾ ਪੰਜਾਬੀ ਨਾਲ ਅਥਾਹ ਪਿਆਰ ਕਰਦੇ ਹੋਏ, ਉਹਨਾਂ ਦੀ ਉਰਦੂ ਵਿੱਚ ਮੁਹਾਰਤ ਵੀ ਪ੍ਰਤੱਖ ਹੈ। ਇੱਕ ਦਿਨ ਸਾਹਿਤਕ ਮਿਲਣੀ ਦੀ ਖਬਰ ਵਿੱਚ ਇਹਨਾਂ ਦੇ ਨਾਮ ਅੱਗੇ ਪ੍ਰੋ. ਲੱਗਾ ਵੇਖ ਮੈਂ ਫੋਨ ’ਤੇ ਕਿਹਾ, “ਪ੍ਰੋਫੈਸਰ ਤਾਂ ਛੋਟਾ ਵੀਰ ਹੈ, ਗਲਤੀ ਨਾਲ ਤੁਹਾਨੂੰ ਲਿਖ ਦਿੱਤਾ ਹੈ।” ਤਾਂ ਉਹ ਕਹਿਣ ਲੱਗੇ, “ਨਹੀਂ, ਮੈਂ ਹਾਂ ਤਾਂ … ਪ੍ਰਸ਼ਾਸਨਕ ਪ੍ਰੀਖਿਆ ਵਿੱਚ ਚੁਣੇ ਜਾ ਚੁੱਕੇ ਉਮੀਦਵਾਰਾਂ ਦੀਆਂ ਉਰਦੂ ਤੇ ਪੰਜਾਬੀ ਦੀਆਂ ਜ਼ਰੂਰੀ ਕਲਾਸਾਂ ਲਗਾ ਕੇ ਮੇਰੇ ਵੱਲੋਂ ਟਰੇਨਿੰਗ ਦਿੱਤੀ ਜਾਂਦੀ ਹੈ।” ਉਨ੍ਹਾਂ ਅੱਗੇ ਦੱਸਿਆ, “ਡਾ. ਕਰਨੈਲ ਸਿੰਘ ਥਿੰਦ, ਦਰਸ਼ਨ ਸਿੰਘ ਆਸ਼ਟ ਤੇ ਡਾ. ਜਗਜੀਤ ਕੌਰ ਜੌਲੀ ਦੇ ਸਹਿਯੋਗ ਨਾਲ ਸਾਡੇ ਵੱਲੋਂ ਕੋਰੋਨਾ ਕਾਲ ਤੋਂ ਪਹਿਲਾਂ ਇੱਕ ਮੈਗਜ਼ੀਨ ‘ਪੰਜਾਬੀ ਆਲਮ’ ਸ਼ੁਰੂ ਕੀਤਾ ਗਿਆ। ਇਹ ਗੁਰਮੁਖੀ ਤੇ ਸ਼ਾਹਮੁਖੀ, ਦੋਵਾਂ ਲਿਪੀਆਂ ਵਿੱਚ ਛਪਣ ਵਾਲਾ ਚੜ੍ਹਦੇ ਪੰਜਾਬ ਦਾ ਪਹਿਲਾ ਪੰਜਾਬੀ ਪਰਚਾ ਰਿਹਾ ਹੈ। ਇਸ ਪਰਚੇ ਲਈ ਮੇਰੇ ਵੱਲੋਂ ਉਰਦੂ-ਪੰਜਾਬੀ ਵਿੱਚ ਸੰਪਾਦਕੀ ਲਿਖਣ ਤੋਂ ਹੀ ਇਹ ਸਬੱਬ ਬਣਿਆ।
ਉਰਦੂ ਦੇ ਅਖਬਾਰ ਰੋਜ਼ਾਨਾ ‘ਕਸ਼ਮੀਰ ਉਜ਼ਮਾ’ ਵਿੱਚ ਇਹਨਾਂ ਦੇ ਲੇਖ ਛਪਦੇ ਹਨ। ਉੱਥੋਂ ਦੇ ਲੇਖਕਾਂ ਨਾਲ ਪਰਿਵਾਰਕ ਦੋਸਤੀ ਤੇ ਸਾਹਿਤਕ ਸਾਂਝ ਰੱਖਦੇ ਹਨ। ਕੋਈ ਵੀ ਸਾਹਿਤ ਹੋਵੇ, ਸਾਨੂੰ ਧਾਰਮਿਕ ਤੇ ਜਾਤੀਵਾਦ ਦੀ ਕੱਟੜਤਾ ਤੋਂ ਉੱਪਰ ਉੱਠ ਕੇ ਹਰ ਧਰਮ ਤੇ ਮਾਨਵਤਾ ਨੂੰ ਪਿਆਰ ਕਰਨਾ ਸਿਖਾਉਂਦਾ ਹੈ। ਅਜਿਹਾ ਹੀ ਹੈ ਮੇਰਾ ਇਹ ਵੀਰ, ਜੋ ਜਾਇਜ਼ ਤੇ ਲੋੜਵੰਦ ਇਨਸਾਨ ਨਾਲ ਬੇਗਰਜ਼ ਸਾਂਝਾਂ ਗੰਢ ਲੈਂਦਾ ਹੈ। ਹੁਣ ਖਬਰ ਸੀ ਕਿ ਇੱਕ ਕਸ਼ਮੀਰੀ ਲੜਕੀ ਸ਼ਗੁਫਤਾ ਆ ਰਹੀ ਹੈ। ਇੱਕ ਰੋਜ਼ ਸ਼ਾਮ ਨੂੰ ਵੀਰ ਦਾ ਫੋਨ ਆਇਆ ਕਿ ਪਰਸੋਂ ਤੋਂ ਸ਼ਗੁਫਤਾ ਆਪਣੇ ਦੋਨੋਂ ਬੱਚਿਆਂ, ਮਾਂ ਤੇ ਚਚੇਰੇ ਭਰਾ ਨਾਲ ਆਈ ਹੋਈ ਹੈ ਤੇ ਉਹ ਤੁਹਾਨੂੰ ਸਾਰਿਆਂ ਨੂੰ ਵੀ ਮਿਲਣਾ ਚਾਹੁੰਦੀ ਹੈ। ਇਸ ਲਈ ਅਸੀਂ ਕੱਲ੍ਹ 10 ਕੁ ਵਜੇ ਤੁਹਾਡੇ ਵੱਲ ਆਵਾਂਗੇ। ਸ਼ਗੁਫਤਾ ਸ੍ਰੀਨਗਰ ਨੇੜੇ ਗਾਂਦਰਬਲ ਜ਼ਿਲ੍ਹੇ ਦੇ ਪਿੰਡ ਬਟਵਿਨ ਵਿੱਚ ਆਪਣੇ ਮਾਂ-ਬਾਪ ਨਾਲ ਰਹਿ ਰਹੀ ਹੈ। ਇਸਦੇ ਪਰਿਵਾਰ ਨਾਲ ਵੀਰ ਦੇ ਦੋਸਤਾਨਾ ਸਬੰਧ ਹਨ। ਸ਼ਗੁਫਤਾ ਪਹਿਲੀ ਵੇਰ ਹੀ ਇੱਧਰ ਆਈ ਹੈ ਤੇ ਅਸੀਂ ਵੀ ਇਸ ਨੂੰ ਮਿਲਣ ਲਈ ਉਤਸੁਕ ਸਾਂ।
ਅਗਲੇ ਦਿਨ ਉਹ ਆਏ ਤੇ ਅਸੀਂ ਸਾਰੇ ਇੱਕ ਦੂਜੇ ਨੂੰ ਬੜੇ ਤਪਾਕ ਨਾਲ ਮਿਲੇ। ਆਪਸੀ ਸੱਖ-ਸਾਂਦ ਪੁੱਛਦਿਆਂ ਪਤਾ ਚੱਲਿਆ ਕਿ ਉਸਦੇ ਛੋਟੇ ਬੇਟੇ ਨੂੰ ਕਿਡਨੀ ਦੀ ਤਕਲੀਫ਼ ਹੈ। ਸ੍ਰੀਨਗਰ ਦੇ ਡਾਕਟਰ ਨੇ ਕਿਹਾ ਕਿ ਇਸਦੇ ਵੱਡੇ ਹੁੰਦੇ ਹੋਏ ਰੋਗ ਵੀ ਠੀਕ ਹੋ ਸਕਦਾ ਹੈ ਪਰ ਮਾਂ ਦਾ ਦਿਲ ਕਿੱਥੇ ਮੰਨੇ ਤੇ ਲੰਮਾ ਕਸ਼ਟਦਾਇਕ ਸਫਰ ਤੈਅ ਕਰਕੇ ਉਹ ਚੰਡੀਗੜ੍ਹ ਪਹੁੰਚੀ। ਹੁਣ ਪੀ.ਜੀ. ਆਈ ਵਿਖੇ ਉਸਦੇ ਬੇਟੇ ਦਾ ਇਲਾਜ ਚੱਲ ਰਿਹਾ ਹੈ। ਕਈ ਟੈਸਟ ਤੇ ਰਿਪੋਰਟਾਂ ਲੈਣ ਵਿੱਚ ਰੁੱਝੇ ਹੋਏ ਹਨ।
ਉਸ ਦਿਨ ਐਤਵਾਰ ਸੀ ਤੇ ਇੱਕੋ ਸ਼ਹਿਰ ਵਿੱਚ ਰਹਿੰਦੇ ਸਾਡੇ ਹੋਰ ਰਿਸ਼ਤੇਦਾਰਾਂ ਨੂੰ ਵੀ ਮਿਲਦੇ ਰਹੇ। ਸ਼ਗੁਫਤਾ ਵੀਰ ਨੂੰ ਮਾਮੂ ਹੀ ਕਹਿ ਰਹੀ ਸੀ ਤੇ ਹੁਣ ਇਹ ਸੁੰਦਰ, ਮੋਹਵੰਤੀ, ਸੁਹਜ-ਸਲੀਕੇ ਵਾਲੀ ਸ਼ਗੁਫਤਾ ਅੱਖਾਂ ਵਿੱਚ ਦਰਦ ਲੁਕੋਈ, ਹਾਸੇ ਬਿਖੇਰਦੀ, ਸਾਡੇ ਨਾਲ ਵੀ ਰਿਸ਼ਤੇ ਜੋੜ ਗਈ ਹੈ। ਕੱਲ੍ਹ ਵੀਰ ਨੇ ਫੋਨ ਤੇ ਦੱਸਿਆ ਕਿ ਡਾਕਟਰ ਨੇ ਦੋ ਮਹੀਨੇ ਬਾਅਦ ਆਉਣ ਲਈ ਕਿਹਾ ਹੈ ਤੇ ਉਹ ਠੀਕ-ਠਾਕ ਘਰ ਪਹੁੰਚ ਗਏ ਹਨ। ਤਦੇ ਮੈਂ ਸਵਾਲ ਕੀਤਾ ਕਿ ਤੁਸੀਂ ਸ਼ਗੁਫਤਾ ਦੇ ਮਾਮੂ” ਕਿਵੇਂ ਬਣ ਗਏ?
ਵੀਰ ਜੀ ਦੱਸਣ ਲੱਗੇ, “ਮੈਂ ਸ੍ਰੀਨਗਰ ਆਪਣੇ ਲੇਖਕ ਦੋਸਤਾਂ ਨੂੰ ਮਿਲਕੇ ਕੇ ਵਾਪਸੀ ’ਤੇ ਜੰਮੂ ਵਾਲੀ ਬੱਸ ਵਿੱਚ ਬੈਠਾ ਸਾਂ ਤਾਂ ਨਾਲ ਦੀ ਸਵਾਰੀ ਨੇ ਮੇਰੇ ਹੱਥ ਵਿੱਚ ਉਰਦੂ ਦਾ ਅਖਬਾਰ ਵੇਖ ਕੇ ਹੈਰਾਨੀ ਨਾਲ ਪੁੱਛਿਆ, ਤੁਹਾਨੂੰ ਉਰਦੂ ਆਉਂਦਾ ਹੈ? ਮੈਂ ਕਿਹਾ, ਹਾਂ ਜੀ। ਇਹਨਾਂ ’ਚ ਮੇਰੇ ਲੇਖ ਵੀ ਛਪਦੇ ਨੇ। ਇੱਕ ਦੂਜੇ ਦੇ ਪਰਿਵਾਰ ਬਾਰੇ ਜਾਣਕਾਰੀ ਹਾਸਲ ਕਰਦਿਆਂ ਪਤਾ ਲੱਗਾ ਕਿ ਉਸਦੀ ਪਤਨੀ ਤੇ ਇਕਲੌਤੀ ਸੰਤਾਨ, ਬੇਟੀ ਅਗਲੀ ਸੀਟ ’ਤੇ ਬੈਠੀਆਂ ਹਨ। ਪਤਨੀ ਨੂੰ ਇੱਕ ਅੱਖ ’ਚੋਂ ਨਜ਼ਰ ਨਹੀਂ ਆ ਰਿਹਾ ਤੇ ਅੰਮ੍ਰਿਤਸਰ ਅੱਖਾਂ ਵਾਲੇ ਡਾਕਟਰ ਕੋਲ ਜਾਣਾ ਸੀ। ਜੰਮੂ ਤੋਂ ਬੱਸਾਂ ਅਲੱਗ ਹੋ ਗਈਆਂ, ਵੀਰ ਨੇ ਚੰਡੀਗੜ੍ਹ ਪਹੁੰਚਣਾ ਸੀ। ਇੱਕ ਦੂਜੇ ਦੇ ਨੰਬਰ ਨੋਟ ਕਰ ਲਏ ਸਨ। ਇਸ ਕਸ਼ਮੀਰੀ ਦੋਸਤ ਨੂੰ ਕੋਈ ਦਿੱਕਤ ਹੋਣ ’ਤੇ ਦੱਸਣ ਬਾਰੇ ਵੀ ਕਿਹਾ।
“ਕੁਝ ਦਿਨਾਂ ਬਾਅਦ ਮੈਂ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਸ਼ੂਗਰ ਦਾ ਵੱਧ ਪੱਧਰ ਅੱਖ ’ਤੇ ਅਸਰ ਕਰ ਚੁੱਕਾ ਹੈ। ਡਾਕਟਰ ਅਪਰੇਸ਼ਨ ਕਰਕੇ ਨਾੜਾਂ ਕੱਟ ਦੇਣਗੇ, ਜਿਸ ਨਾਲ ਦਰਦ ਨਹੀਂ ਹੋਵੇਗੀ ਪਰ ਨਿਗਾਹ ਨਹੀਂ ਆ ਸਕਦੀ। ਸਾਡੇ ਪਾਸ ਪੈਸੇ ਨਹੀਂ ਸਨ ਤੇ ਅਸੀਂ ਵਾਪਸ ਆ ਗਏ। ਮੈਂ ਕਿਹਾ, ਤੁਸੀਂ ਮੈਨੂੰ ਫੋਨ ਕਰਦੇ ਤਾਂ ਮੈਂ ਪ੍ਰਬੰਧ ਕਰਦਾ। ਉਹਨਾਂ ਦੇ ਫੋਨ ਦਾ ਸਿਮ ਇੱਥੇ ਬੰਦ ਹੋ ਗਿਆ ਸੀ। ਦੁਬਾਰਾ ਉਹ ਮੇਰੇ ਨਾਲ ਪ੍ਰੋਗਰਾਮ ਤੈਅ ਕਰ ਕੇ ਆਏ। ਮੈਂ ਉਹਨਾਂ ਨੂੰ ਹਸਪਤਾਲ ਵਿੱਚ ਮਿਲਿਆ। ਡਾਕਟਰ ਨੂੰ ਮਿਲਕੇ ਇਹਨਾਂ ਦਾ ਇਲਾਜ ਪਹਿਲ ਦੇ ਅਧਾਰ ’ਤੇ ਕਰਨ ਲਈ ਬੇਨਤੀ ਕੀਤੀ।
“ਅਪਰੇਸ਼ਨ ਠੀਕ ਹੋਣ ’ਤੇ ਉਹ ਵਾਪਸ ਘਰ ਜਾ ਕੇ ਫੋਨ ਤੇ ਬੜੇ ਅਭਾਰੀ ਹੋ ਰਹੇ ਸਨ ਤਾਂ ਮੈਂ ਭਾਵੁਕਤਾ ਦੇ ਰੌਂ ਵਿੱਚ ਕਿਹਾ, ਨਹੀਂ! ਮੈਂ ਇਸ ਨੂੰ ਆਪਣੀ ਛੋਟੀ ਭੈਣ ਮੰਨਦਾ ਹਾਂ। ਉਸ ਤੋਂ ਬਾਅਦ ਸ਼ਗੁਫਤਾ ਵੀ ਫੋਨ ਕਰਦੀ, ਆਪਣੀ ਪੜ੍ਹਾਈ ਤੇ ਘਰ ਦੀ ਮੰਦੀ-ਆਰਥਿਕ ਹਾਲਤ ਬਾਰੇ ਦੱਸਦੀ। ਇੱਕ ਦਿਨ ਬੜੀ ਅਪਣੱਤ ਨਾਲ ਸ਼ਗੁਫਤਾ ਨੇ ਕਿਹਾ, ਜੇਕਰ ਮੰਮੀ ਤੁਹਾਡੀ ਭੈਣ ਹੈ ਤਾਂ ਉਸ ਹਿਸਾਬ ਨਾਲ ਤੁਸੀਂ ਮੇਰੇ ਮਾਮੂ ਹੋਏ। ਬੱਸ ਉਸ ਦਿਨ ਤੋਂ ਮੈਂ ਸ਼ੁਗਫਤਾ ਦਾ ਮਾਮੂ ਹੋਇਆ, ਸਾਡਾ ਰਿਸ਼ਤਾ ਹੋਰ ਵੀ ਪਿਆਰਾ ਤੇ ਪਕੇਰਾ ਹੋ ਗਿਆ। ਉਸਦੇ ਦੁੱਖ-ਸੁਖ ਵਿੱਚ ਮੈਂ ਸ਼ਾਮਲ ਹੁੰਦਾ ਹਾਂ। ਹੋਰ ਕਈ ਔਰਤਾਂ ਦੀ ਤਰ੍ਹਾਂ ਸਮਾਜ ਦੇ ਥਪੇੜੇ ਇਸ ਨੂੰ ਵੀ ਸਹਿਣੇ ਪੈ ਰਹੇ ਹਨ। ਪਹਿਲੇ ਵਿਆਹ ਦਾ ਦੋ ਮਹੀਨੇ ਬਾਅਦ ਹੀ ਤਲਾਕ ਹੋ ਗਿਆ। ਹੁਣ ਦੂਜੇ ਵਿਆਹ ਵਿੱਚ ਦੋ ਬੇਟੇ ਹਨ ਪਰ ਪਤੀ ਦਾ ਇਸ ਬੇਟੇ ਦੇ ਇਲਾਜ ਵਿੱਚ ਵੀ ਕੋਈ ਸਹਿਯੋਗ ਨਹੀਂ ਤੇ ਮਾਂ-ਬਾਪ ਹੀ ਸਾਥ ਦੇ ਰਹੇ ਨੇ।”
ਮੈਂ ਕਿਹਾ, “ਜੀ! ਠੀਕ ਹੈ ਵੀਰ ਜੀ, ਇਸਦੇ ਬੱਚੇ ਦੇ ਇਲਾਜ ਲਈ ਅਗਰ ਜ਼ਰੂਰਤ ਪਈ ਤਾਂ ਅਸੀਂ ਵੀ ਸਾਰੇ ਮਦਦਗਾਰ ਹੋਵਾਂਗੇ ਕਿਉਂਕਿ ਹੁਣ ਤਾਂ ਉਹ ਸਾਡੇ ਨਾਲ ਵੀ ਰਿਸ਼ਤੇ ਜੋੜ ਗਈ ਹੈ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3747)
(ਸਰੋਕਾਰ ਨਾਲ ਸੰਪਰਕ ਲਈ: