“ਇਸ ਤਰ੍ਹਾਂ ਗੁਮਰਾਹਕੁੰਨ ਅਤੇ ਸਨਸਨੀਖੇਜ਼ ਖਬਰਾਂ ਪ੍ਰਸਾਰਿਤ ਕਰਨਾ ਸਮਾਜ ਲਈ ਹੀ ...”
(26 ਜੁਲਾਈ 2019)
ਆਪਣੇ ਪਿਛੋਕੜ, ਸੰਸਕਾਰਾਂ, ਪਰੰਪਰਾਵਾਂ ਤੇ ਕੁਦਰਤ ਦੇ ਭੇਦ ਜਾਣਨਾ ਮਨੁੱਖੀ ਸੁਭਾ ਵਿੱਚ ਸ਼ਾਮਲ ਹੈ ਜੋ ਉਸਨੂੰ ਸਮੇਂ ਦੇ ਮੀਡੀਆ ਨਾਲ ਜੋੜ ਕੇ ਰੱਖਦਾ ਹੈ। ਬਚਪਨ ਵਿੱਚ ਅੱਜ ਤੋਂ ਪੰਜਾਹ ਸਾਲ ਪਹਿਲਾਂ ਸਾਡਾ ਵਾਹ ਪ੍ਰਿੰਟ ਮੀਡੀਆ ਨਾਲ ਹੀ ਪਿਆ। ਮੇਰੇ ਮਾਂ-ਬਾਪ ਪੜ੍ਹੇ ਲਿਖੇ ਸਨ। ਪਿਤਾ ਜੀ ਪੰਜਾਬੀ, ਉਰਦੂ ਦੀਆਂ ਦੋ ਅਖਬਾਰਾਂ ਰੋਜ਼ ਪੜ੍ਹਦੇ ਤੇ ਪ੍ਰੀਤਲੜੀ ਮੈਗਜ਼ੀਨ ਦੇ ਜੀਵਨ ਮੈਂਬਰ ਸਨ। ਹਰ ਮਹੀਨੇ ਆਪ ਪੜ੍ਹਦੇ ਤੇ ਫਿਰ ਸ਼ਹਿਰੋਂ, ਦੁਕਾਨ ਤੋਂ ਆਉਂਦੇ ਹੋਏ ਘਰ ਲੈ ਆਉਂਦੇ। ਸਾਡੇ ਵਿੱਚੋਂ ਜਿਸਨੂੰ ਵੀ ਝੋਲੇ ਵਿੱਚੋਂ ਮੈਗਜ਼ੀਨ ਮਿਲ ਜਾਂਦਾ, ਉਹ ਇਸਦਾ ਪਹਿਲਾ ਹੱਕਦਾਰ ਬਣ ਜਾਂਦਾ। ਉਹ ਰਾਤ ਨੂੰ ਵੱਡੇ ਲੈਂਪ ਅੱਗੇ ਪੜ੍ਹਨ ਬੈਠਦਾ ਤਾਂ ਉਹ ਸਭ ਤੋਂ ਪਹਿਲਾਂ ਪ੍ਰੀਤ ਲੜੀ ਦੇ ਵਰਕੇ ਫਰੋਲਦਾ। ਅਗਲੇ ਦਿਨ ਸਾਰਾ ਪੜ੍ਹ ਕੇ ਹੀ ਹੋਰਾਂ ਨੂੰ ਦਿੰਦਾ। ਸਾਡੇ ਦੋਸਤ ਘਰ ਆਉਂਦੇ ਤਾਂ ਅਸੀਂ ਖੇਡਦੇ-ਮੱਲ੍ਹਦੇ ਤੇ ਫਿਰ ਪ੍ਰੀਤ ਲੜੀ ਅਤੇ ਹੋਰ ਮੈਗਜ਼ੀਨ ਬਾਲ ਸੰਦੇਸ਼ ਵਗੈਰਾ ਪੜ੍ਹਦੇ ਤੇ ਆਪਣਾ ਮਨੋਰੰਜਨ ਕਰਦੇ। ਇਨ੍ਹਾਂ ਵਿਚਲੇ ਲੇਖ, ਸਵੈ-ਸੰਪੂਰਨਤਾ, ਸਵੈ ਭਰੋਸਾ ਤੇ ਸਫਲ ਜ਼ਿੰਦਗੀ ਆਦਿ ਪੜ੍ਹਨ ’ਤੇ ਇਹਨਾਂ ਦੇ ਮੂਲ-ਅਰਥ ਸਾਡੇ ਮਨਾਂ ਨੂੰ ਟੁੰਬਦੇ। ਇੰਝ ਲੱਗਦਾ, ਅੱਜ ਤੱਕ ਧੁਰ ਅੰਦਰ ਕਿਧਰੇ ਵਸਦੇ ਹਨ। ਇਸ ਤਰ੍ਹਾਂ ਸਾਡੀ ਪੀੜ੍ਹੀ ਅੱਜ ਤੱਕ ਇਸੇ ਮੀਡੀਆ ਅਤੇ ਸਾਹਿਤ ਨਾਲ ਜੁੜੀ ਹੋਈ ਹੈ।
ਹੋਸਟਲ ਵਿੱਚ ਰਹਿ ਕੇ ਪੜ੍ਹਨ ਲੱਗੀ ਤਾਂ ਘਰ ਤੋਂ ਕਈ ਮੈਗਜ਼ੀਨ ਨਾਲ ਲੈ ਜਾਂਦੀ। ਉੱਥੇ ਅਸੀਂ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਮੁਨਸ਼ੀ ਪ੍ਰੇਮ ਚੰਦ ਤੇ ਗੁਲਸ਼ਨ ਨੰਦਾ ਦੇ ਨਾਵਲ ਬਹੁਤ ਪੜ੍ਹੇ। ਵਿਆਹ ਤੋਂ ਬਾਅਦ ਮੈਗਜ਼ੀਨ ਜਾਂ ਕਿਤਾਬ ਤਾਂ ਪਰਸ ਵਿੱਚ ਰੱਖਦੀ ਪਰ ਅਖਬਾਰਾਂ ਨੂੰ ਮੈਂ ਰਾਜਨੀਤਿਕ ਖਬਰਾਂ ਵਧਾ-ਚੜ੍ਹਾ ਕੇ ਲਿਖਣ ਦਾ ਮਾਧਿਅਮ ਹੀ ਸਮਝਦੀ ਤੇ ਇਹ ਕੰਮ ਮੈਂ ਆਪਣੇ ਪਤੀ ਨੂੰ ਸੌਂਪਿਆ ਸੀ। ਹੁਣ ਰਿਟਾਇਰਮੈਂਟ ਤੋਂ ਬਾਅਦ ਜਦੋਂ ਫੁਰਸਤ ਦੇ ਕੁਝ ਪਲ ਵੱਧ ਮਿਲੇ ਤਾਂ ਅਖਬਾਰਾਂ ਨਾਲ ਜੁੜ ਕੇ ਮੈਂਨੂੰ ਸਮਝ ਆਈ ਕਿ ਇਹ ਸਾਨੂੰ ਰਾਜਨੀਤਕ ਵਿਸ਼ਿਆਂ ਤੋਂ ਇਲਾਵਾ ਸਮਾਜਿਕ, ਆਰਥਿਕ, ਖੇਡਾਂ, ਦੂਰ ਸੰਚਾਰ ਤਕਨੀਕ, ਸਿਹਤ ਸਿੱਖਿਆ ਅਤੇ ਹੋਰ ਨਵੀਆਂ ਖੋਜਾਂ ਅਤੇ ਸਭਿਆਚਾਰਕ ਵਿਸ਼ਿਆਂ ਬਾਰੇ ਨਿੱਗਰ ਜਾਣਕਾਰੀ ਪ੍ਰਦਾਨ ਕਰਦੇ ਹਨ। ਕਈ ਤਰ੍ਹਾਂ ਦੇ ਕਾਨੂੰਨ ਅਤੇ ਹੈਲਪ ਲਾਈਨ ਵੀ ਸਮੇਂ ਸਮੇਂ ਤੇ ਪ੍ਰਕਾਸ਼ਿਤ ਹੁੰਦੀ ਹੈ ਜੋ ਔਰਤ ਵਰਗ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ। ਵਿਦਵਾਨ ਲੇਖਕ, ਮਾਹਿਰ, ਖੋਜਾਰਥੀ ਨਿੱਤ ਨਵੇਂ ਜਾਂ ਚਲੰਤ ਮਾਮਲਿਆਂ ਬਾਰੇ ਆਪਣੇ ਵਿਚਾਰ ਲੈ ਕੇ ਆਉਂਦੇ ਹਨ, ਜੋ ਸਾਡੇ ਮਨ ਦੀਆਂ ਅੱਖਾਂ ਖੋਲ੍ਹਦੇ ਹਨ। ਇੱਕ ਅਖਬਾਰ ਪੜ੍ਹਦਿਆਂ ਪਤਾ ਲੱਗਾ ਕਿ ਗੁਰੂ ਗ੍ਰਰੰਥ ਸਾਹਿਬ ਵਿੱਚ ਦਰਜ ਬਾਰਹ-ਮਾਂਹ ਦੋ ਗੁਰੂਆਂ ਦੁਆਰਾ ਅੰਕਿਤ ਕੀਤਾ ਗਿਆ ਹੈ ਜੋ ਹੁਣ ਉਮਰ ਦਰਾਜ ਹੋਣ ਤੱਕ ਵੀ ਮੇਰੇ ਗਿਆਨ ਦਾਇਰੇ ਤੋਂ ਪਰੇ ਸੀ। ਇੱਕ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੁਖਾਰੀ ਰਾਗ ਵਿੱਚ ਹੈ, ਜਿਸਦੇ 17 ਸ਼ਬਦ ਹਨ ਤੇ ਦੂਜਾ ਗੁਰੂ ਅਰਜਨ ਦੇਵ ਜੀ ਦਾ ਮਾਝ ਰਾਗ ਵਿੱਚ ਹੈ, ਇਸਦੇ 14 ਸ਼ਬਦ ਹਨ। ਇਹ ਹੀ ਹਰ ਮਹੀਨੇ ਪੜ੍ਹਿਆ ਜਾਂਦਾ ਹੈ। ਗਿਆਨ ਵਰਧਕ ਇਤਿਹਾਸਿਕ ਵਿਰਸੇ ਸਬੰਧੀ ਪੂਰਨ ਸਮੱਗਰੀ ਦੇਣ ਵਾਲੇ ਮੀਡੀਆਂ ਨਾਲ ਜੁੜੇ ਰਹਿਣ ’ਤੇ ਅੰਤਰੀਵ ਖੁਸ਼ੀ ਜ਼ਰੂਰ ਹੁੰਦੀ ਹੈ।
ਸਾਡੇ ਜੀਵਨ ਕਾਲ ਵਿੱਚ ਅਗਲੀ ਪੀੜ੍ਹੀ ਦੇ ਸਮੇਂ ਇਲੈਕਟ੍ਰੌਨਿਕ ਮੀਡੀਆਂ ਵਿੱਚ ਜਦੋਂ ਟੀ.ਵੀ. ਦਾ ਅਗਾਜ਼ ਹੋਇਆ ਤਾਂ ਕੇਬਲ ਅਤੇ ਰਿਮੋਟ ਨਹੀਂ ਸਨ। ਸਾਰਾ ਟੱਬਰ ਇਕੱਠਾ ਬੈਠ ਕੇ ਥੋੜ੍ਹੇ ਚੈਨਲਾਂ ਉੱਤੇ ਖਬਰਾਂ, ਚਿੱਤਰਹਾਰ, ਕਈ ਲੜੀਵਾਰ, ਫੌਜੀ, ਮੁੰਗੇਰੀ ਲਾਲ ਦੇ ਹਸੀਨ ਸਪਨੇ, ਹਮ ਲੋਗ ਤੇ ਬੁਨਿਆਦ ਆਦਿ ਵੇਖਦੇ। ਹਮ ਲੋਗ ਵਿੱਚ ਹਰ ਕਹਾਣੀ ਤੋਂ ਬਾਅਦ ਅਸ਼ੋਕ ਕੁਮਾਰ ਦਾ ਸਮਾਜਿਕ ਮੈਸਿਜ਼ ਹੁੰਦਾ ਤੇ ਬੁਨਿਆਦ ਬਟਵਾਰੇ ਦਾ ਦਰਦ ਬਿਆਨ ਕਰਦਾ। ਮੇਰੀ ਬੇਟੀ ਦੀ ਪਸੰਦ ਤਾਂ ਚਿੱਤਰਹਾਰ ਪ੍ਰੋਗਰਾਮ ਹੀ ਬਣਦਾ। ਕੁਝ ਵੀ ਕਰ ਰਹੀ ਹੁੰਦੀ ਆ ਕੇ ਇਹ ਨੱਚਦੇ ਟੱਪਦੇ ਗਾਣੇਂ ਵੇਖ ਕੇ ਦੌੜ ਜਾਂਦੀ। ਕੇਬਲ ਆਉਣ ’ਤੇ ਜਿਵੇਂ ਟੀ.ਵੀ. ਚੈਨਲਾਂ ਦੀ ਗਿਣਤੀ ਵਧਣ ਲੱਗੀ ਤਾਂ ਆਪਸੀ ਪ੍ਰਤੀਯੋਗਤਾ ਅਤੇ ਟੀ.ਆਰ.ਪੀ. ਦੇ ਚੱਕਰਾਂ ਵਿੱਚ ਭੜਕਾਊ, ਵਹਿਮਾਂ-ਭਰਮਾਂ ਤੇ ਗੈਰ ਵਿਗਿਆਨਕ ਤੱਥਾਂ ਨੂੰ ਉਭਾਰਿਆ ਜਾਣ ਲੱਗਾ ਹੈ। ਪੁਲਵਾਮਾ ਘਟਨਾ ਤੋਂ ਬਾਅਦ ਸਰਹੱਦਾਂ ਉੱਤੇ ਬੈਠੇ ਲੋਕ ਤਣਾਅ ਦੀ ਸਥਿਤੀ ਵਿੱਚ ਤਰਾਹ ਤਰਾਹ ਕਰ ਰਹੇ ਸਨ, ਉਦੋਂ ਜੰਗ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਕੇ ਸ਼ਾਂਤ ਰਹਿਣ ਦੀ ਅਪੀਲ ਕਰਨ ਦੀ ਬਜਾਏ ਸਥਿਤੀ ਇਹ ਸੀ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਫੌਜਾਂ ਜੰਗ ਲਈ ਉੰਨੀਆਂ ਕਾਹਲੀਆਂ ਨਹੀਂ ਸਨ, ਜਿੰਨੇ ਚੈਨਲਾਂ ਵਾਲੇ। ਇਸ ਤਰ੍ਹਾਂ ਗੁਮਰਾਹਕੁੰਨ ਅਤੇ ਸਨਸਨੀਖੇਜ਼ ਖਬਰਾਂ ਪ੍ਰਸਾਰਿਤ ਕਰਨਾ ਸਮਾਜ ਲਈ ਹੀ ਘਾਤਕ ਸਿੱਧ ਨਹੀਂ ਹੁੰਦਾ ਬਲਕਿ ਸੰਵਿਧਾਨਕ ਮਰਿਆਦਾਵਾਂ ਦੇ ਵੀ ਉਲਟ ਹੈ। ਪਰ ਫਿਰ ਦੂਜੇ ਪਾਸੇ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕੀ ਵੇਖਣਾ ਚਾਹੁੰਦੇ ਹਾਂ। ਕੁਝ ਚੈਨਲਾਂ ਉੱਤੇ ਬਹੁਤ ਕੁਝ ਵਧੀਆ ਵੀ ਪਰੋਸਿਆ ਜਾਂਦਾ ਹੈ। ਔਰਤ ਦੀ ਦਸ਼ਾ ਅਤੇ ਦਿਸ਼ਾ ਨੂੰ ਦਰਸਾਉਂਦਾ ਇੱਕ ਲੜੀਵਾਰ ਪਟਿਆਲਾ ਬੇਬਜ਼ ਚੱਲ ਰਿਹਾ ਹੈ। ਇਸ ਵਿੱਚ ਮਾਂ-ਬੇਟੀ ਵਿਚਕਾਰ ਖੂਬਸੂਰਤ ਬੰਧਨ ਨੂੰ ਸਾਹਮਣੇ ਲਿਆਉਣ ਦਾ ਸ਼ਾਨਦਾਰ ਕੰਮ ਕੀਤਾ ਗਿਆ ਹੈ। ਨਵੀਂ ਪੀੜ੍ਹੀ ਦੀ ਧੀ ਮਿੰਨੀ ਆਤਮ ਵਿਸਵਾਸ਼ੀ, ਸਵੈ-ਰੱਖਿਆ ਲਈ ਕੈਰਾਟੇ ਚੈਂਪੀਅਨ ਆਪਣੀ ਮਾਂ ਦਾ ਮਾਣ-ਸਤਿਕਾਰ ਇੱਜ਼ਤ ਬਚਾਉਂਦੀ ਹੋਈ, ਅੱਜ ਦੇ ਯੁੱਗ ਵਿੱਚ ਜਿਊਣ ਦਾ ਨਵਾਂ ਜਜ਼ਬਾ ਪੈਦਾ ਕਰਦੀ ਹੈ। ਇਸ ਤਰ੍ਹਾਂ ਸਮਾਜਿਕ ਅਤੇ ਪਰਿਵਾਰਕ ਜੀਵਨ ਵਿੱਚ ਮਾਨਸਿਕ ਸ਼ੋਸ਼ਣ ਦੀ ਸ਼ਿਕਾਰ ਉਸਦੀ ਮਾਂ ਬਬੀਤਾ (ਬੇਬਜ਼) ਹਰ ਹਾਲਾਤ ਦਾ ਡਟ ਕੇ ਮੁਕਾਬਲਾ ਵੀ ਕਰਦੀ ਹੈ। ਆਪਣੇ ਬੇਵਫਾ ਪਤੀ ਦੇ ਮੁਰਦਊਪੁਣੇ ਨੂੰ ਕੋਰਟ ਵਿੱਚ ਵੰਗਾਰਦੀ ਹੋਈ ਮੂੰਹ ਤੋੜਵਾਂ ਜਵਾਬ ਵੀ ਦਿੰਦੀ ਹੈ। ਔਰਤਾਂ ਦੇ ਕਈ ਅਧਿਕਾਰਾਂ ਬਾਰੇ ਜਾਣਕਾਰੀ ਵੀ ਮਿਲਦੀ ਹੈ ਜਿਵੇਂ ਕਿ ਅਦਾਲਤ ਵਿੱਚ ਆਪਣਾ ਕੇਸ ਖੁਦ ਲੜ ਸਕਣਾ। ਪਿਛਲੇ ਸਮੇਂ ਦੌਰਾਨ ਇੱਕ ਚੈਨਲ ਉੱਤੇ ਹਫਤਾਵਾਰੀ ਲੜੀਵਾਰ ਨੀਲੀ ਛਤਰੀ ਵਾਲੇ ਤਹਿਤ ਕਿਸੇ ਵੀ ਸਮਾਜਿਕ ਬੁਰਾਈ ਨੂੰ ਉਭਾਰ ਕੇ ਉਸਦਾ ਹੱਲ ਦੱਸਿਆ ਜਾਂਦਾ। ਕਰਜ਼ੇ ਥੱਲੇ ਦੱਬੇ ਕਿਸਾਨ ਨੂੰ ਪਰਿਵਾਰਕ ਸਾਥ ਅਤੇ ਹਮਦਰਦੀ ਮਿਲ ਜਾਣ ਉੱਤੇ ਉਹ ਖੁਦਕੁਸ਼ੀ ਦਾ ਰਸਤਾ ਛੱਡ ਕੇ ਮਿਹਨਤ ਅਤੇ ਮੁੜ ਵਸੇਬੇ ਦੇ ਸਾਧਨ ਜੁਟਾ ਪਾਉਂਦਾ ਹੈ।
ਅੱਜ ਇੰਟਰਨੈੱਟ ਯੁਗ ਵਿੱਚ ਨਵੀਂ ਪੀੜ੍ਹੀ ਸ਼ੋਸਲ ਮੀਡੀਆ ਨੂੰ ਵੱਧ ਮਾਣਤਾ ਦੇ ਰਹੀ ਹੈ। ਵਿਦਿਆਰਥੀਆਂ, ਨੌਕਰੀ ਪੇਸ਼ਾ ਤੇ ਬਿਜ਼ਨਸਮੈਨ ਲੋਕਾਂ ਲਈ ਇਹ ਸੇਵਾਵਾਂ ਜ਼ਰੂਰੀ ਅਤੇ ਲਾਹੇਵੰਦ ਹਨ। ਘੜੀਆਂ, ਕੈਲਕੂਲੇਟਰ, ਰੇਡੀਓ, ਕੈਮਰਾ, ਟੈਲੀਵਿਜ਼ਨ ਆਦਿ ਇੱਕ ਥਾਂ ’ਤੇ ਹੋ ਗਏ ਹਨ। ਕਾਮੇਂ-ਕਿਰਤੀ ਤੋਂ ਲੈ ਕੇ ਦੁਕਾਨਦਾਰ, ਰਿਕਸ਼ਾਚਾਲਕ, ਮਜ਼ਦੂਰ ਤੱਕ ਵੀ ਮੋਬਾਇਲ ਰੱਖਦਾ ਹੈ। ਇਹ ਉਸਦੀ ਰੋਜ਼ੀ ਰੋਟੀ ਕਮਾਉਣ ਵਿੱਚ ਮਦਦ ਕਰਦਾ ਹੈ। ਸੋ ਮਸ਼ੀਨ ਦੀ ਵਰਤੋਂ ਜੇ ਸਹੀ ਹੈ ਤਾਂ ਸਕੂਨ ਦਿੰਦੀ ਹੈ, ਜੇ ਦੁਰਵਰਤੋਂ ਹੈ ਤਾਂ ਯਕੀਨਨ ਬੁਰੀ, ਘਟੀਆ ਅਤੇ ਘਿਨਾਉਣੀ ਵੀ ਹੈ। ਵਾਇਰਲ ਹੁੰਦੇ ਨਿਰਾਧਾਰ ਸੰਦੇਸ਼, ਅਸ਼ਲੀਲ ਵੀਡੀਓਜ਼ ਦਹਿਸ਼ਤ ਅਤੇ ਅਫਵਾਹਾਂ ਫੈਲਾਉਂਦੇ ਹਨ। ਪਰ ਦੂਜੇ ਪਾਸੇ ਕੁਝ ਵਧੀਆ ਦਿਮਾਗ ਵੀ ਕੰਮ ਕਰਦੇ ਹਨ, ਜਿਵੇਂਕਿ ਸੰਸਾਰ ਭਰ ਵਿੱਚ ਅਮਨ ਦਾ ਸੁਨੇਹਾ ਦੇਣ ਵਾਲੀ ਵੀਡੀਓੁ “ਗਵਾਂਢਣੇ-ਗਵਾਂਢਣੇ” 3 ਅਪ੍ਰੈਲ 2019 ਨੂੰ ਸ਼ੇਅਰ ਕੀਤੀ ਗਈ, ਜੋ ਭਾਰਤ ਪਾਕਿਸਤਾਨ ਦੀ ਕੁੱਲ ਲੋਕਾਈ ਦੇ ਜਜ਼ਬਾਤਾਂ ਨੂੰ ਪੇਸ਼ ਕਰਦੀ ਹੈ। ਵੱਡੀ ਭੈਣ ਕਹਾਣੀਕਾਰ ਨੀਲਮ ਅਹਿਮਦ ਬਸੀਰ ਦੁਆਰਾ ਲਿਖੀ ਕਵਿਤਾ ਨੂੰ ਛੋਟੀਆਂ ਭੈਣਾਂ ਬੁਸ਼ਰਾ ਅੰਸਾਰੀ ਤੇ ਅਸਮਾ ਅੱਬਾਸ ਨੇ ਸੰਗੀਤ ਅਤੇ ਨਾਟਕੀ ਅੰਦਾਜ਼ ਵਿੱਚ ਗਾ ਕੇ ਗੁਆਢਣਾਂ ਦੇ ਦੁੱਖ ਸੁਖ, ਫਿਕਰਮੰਦੀਆਂ ਦੀ ਬਹੁਤ ਵਧੀਆ ਤਸਵੀਰ ਸੰਸਾਰ ਸਾਹਮਣੇ ਰੱਖੀ ਹੈ, ਜੋ ਦੋਹਾਂ ਦੇਸਾਂ ਲਈ ਆਸ ਦੀ ਕਿਰਨ ਹੈ। ਸਮਾਜਿਕ ਜੁਰਮਾਂ, ਅਪਰਾਧਾਂ, ਸਰਕਾਰ ਅਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਨੂੰ ਜਨਤਕ ਕਰਨ ’ਤੇ ਸਬੰਧਿਤ ਵਰਗ ਸੁਚੇਤ ਅਤੇ ਸਤਰਕ ਰਹਿੰਦਾ ਹੈ। ਹੁਣੇ ਪਿੱਛੇ ਜਿਹੇ ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਘਟਨਾ ਦਾ ਦਰਦ ਸਾਰੇ ਪੰਜਾਬ ਦੀ ਅਵਾਜ਼ ਬਣਿਆ। ਲਾਹਨਤ ਹੈ, ਵਿਸ਼ਵ ਦੀ ਸਭ ਤੋਂ ਵੱਡੀ ਮੂਰਤੀ ਸਥਾਪਤ ਕਰਨ ਵਾਲੇ ਦੇਸ਼ ਕੋਲ ਹਾਲੇ ਤੱਕ ਅਜਿਹੀ ਤਕਨੀਕ ਵਿਕਸਤ ਨਹੀਂ ਹੋ ਸਕੀ ਜਿਸ ਨਾਲ ਬੱਚੇ ਨੂੰ ਕੱਢ ਸਕੀਏ ਜਾਂ ਚੌਥੀ ਮੰਜ਼ਿਲ ਤੇ ਲੱਗੀ ਅੱਗ ਬੁਝਾ ਸਕੀਏ। ਅਜਿਹੇ ਅਵੇਸਲੇ ਮਾਂ-ਬਾਪ .ਤੇ ਲਾਹਨਤ ਹੈ, ਜਿਹਨਾਂ ਤੋਂ ਆਪਣੇ ਬੱਚਿਆਂ ਦੀ ਸੰਭਾਲ ਨਹੀਂ ਹੋ ਰਹੀ। ਅਜਿਹੇ ਸਨੇਹੇ ਸਮਾਜ ਦਾ ਸ਼ੀਸਾ ਬਣਦੇ ਹਨ।
ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਮੀਡੀਆਂ ਨੂੰ ਸੁਚੱਜੇ, ਸੁਚਾਰੂ ਢੰਗ ਨਾਲ ਸੀਮਤ ਸਮੇਂ ਤੱਕ ਨੈਤਿਕਤਾ ਦਾ ਪੱਲਾ ਫੜਦੇ ਹੋਏ ਇਸਦੇ ਚੰਗੇ ਪ੍ਰਭਾਵਾਂ ਨੂੰ ਗ੍ਰਹਿਣ ਕਰੀਏ ਤਾਂਕਿ ਇਹ ਸਾਡੀ ਆਦਤ ਅਤੇ ਕਮਜ਼ੋਰੀ ਨਾ ਬਣ ਜਾਵੇ ਤੇ ਨਕਾਰਤਮਿਕਤਾ ਦੀ ਡੂੰਘੀ ਖਾਈ ਵਿੱਚ ਜਾਣ ਤੋਂ ਬਚਿਆ ਜਾਵੇ। ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ ਅਤੇ ਸਿਹਤਮੰਦ ਸਮਾਜ ਲਈ ਜ਼ਰੂਰੀ ਹੈ ਕਿ ਇਹ ਆਪਣੀ ਜ਼ਿੰਮੇਵਾਰੀ ਪ੍ਰਤੀ ਵਚਨਬੱਧ ਰਹੇ। ਸਮੇਂ ਦੀ ਮੰਗ ਅਤੇ ਜਨਹਿਤ ਲਈ ਜ਼ਰੂਰੀ ਹੈ ਕਿ ਹਰ ਮੀਡੀਆ ਲਾਹੇਵੰਦ ਸਾਬਤ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1678)
(ਸਰੋਕਾਰ ਨਾਲ ਸੰਪਰਕ ਲਈ: