“ਇਸ ਤੋਂ ਪਹਿਲਾਂ ਜ਼ਿੰਦਗੀ ਦੀ ਚਾਲ ਇੰਨੀ ਤੇਜ਼ ਨਹੀਂ ਸੀ ਕਿ 20-25 ਸਾਲ ਦਾ ਫਰਕ ...”
(20 ਮਾਰਚ 2019)
ਸਾਡੇ ਗੁਆਂਢ ਵਿੱਚ ਇੱਕ ਪਰਿਵਾਰ, ਸਾਡੇ ਸੈਕਟਰ ਦੇ ਨਾਲ ਲਗਦੇ ਪਿੰਡ ਤੋਂ ਆ ਕੇ ਵਸਿਆ ਹੈ। ਉਹਨਾਂ ਦਾ ਦੁੱਧ ਵੇਚਣ ਦਾ ਧੰਦਾ ਹਾਲੇ ਤੱਕ ਬਰਕਰਾਰ ਹੈ। ਪਸ਼ੂ-ਡੰਗਰ ਪਿੰਡ ਵਿੱਚ ਹੀ ਰੱਖੇ ਹਨ। ਅਸੀਂ ਵੀ ਦੁੱਧ ਉਹਨਾਂ ਤੋਂ ਹੀ ਲੈਂਦੇ ਹਾਂ। ਇਹਨੀਂ ਦਿਨੀਂ ਮੇਰੀ ਬੇਟੀ ਆਪਣੇ ਪਰਿਵਾਰ ਸਮੇਤ ਬਾਹਰਲੇ ਮੁਲਕ ਵਿੱਚੋਂ ਸਾਨੂੰ ਮਿਲਣ ਆਈ ਹੋਈ ਸੀ। ਇੱਕ ਦਿਨ ਮੈਂ ਦੁੱਧ ਲੈ ਕੇ ਆਈ ਤਾਂ ਮੇਰੇ ਹੱਥ ਵਿੱਚ ਇੱਕ ਹੋਰ ਗੜਵੀ ਸੀ। ਮੈਂ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਗੜਵੀ ਵਿੱਚ ਬਹੁਲੀ ਵਾਲਾ ਦੁੱਧ ਹੈ, ਮੈਂ ਹੁਣੇ ਬਣਾ ਕੇ ਖਵਾਉਂਦੀ ਹਾਂ। ਮੇਰੀਆਂ ਦੋ ਜਵਾਨ ਦੋਹਤੀਆਂ ਝੱਟ ਦੇਣੇ ਬੋਲੀਆਂ, ਨਾਨੀ! ਇਹ ਕੀ ਗੜਵੀ ਤੇ ਬਹੁਲੀ ਵਾਲਾ ਦੁੱਧ, ਸਾਨੂੰ ਤਾਂ ਕੁਝ ਨਹੀਂ ਪਤਾ। ਉਹਨਾਂ ਦੀ ਮੰਮੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, “ਬੇਟਾ ਮੱਝ-ਗਾਂ ਦੇ ਸੂਣ ’ਤੇ ਪਹਿਲੇ ਕੁਝ ਦਿਨ ਉਸਦੇ ਗਾੜੇ ਦੁੱਧ ਤੋਂ ਬਹੁਲੀ ਬਣਦੀ ਹੈ।” ਪਰ ਇਹ ਸੂਣ ਲਫਜ਼ ਵੀ ਉਹਨਾਂ ਲਈ ਬੁਝਾਰਤ ਸੀ। ਹੁਣ ਉਹਨਾਂ ਦੇ ਡੈਡੀ ਨੇ ਕਿਹਾ, ਮੱਝ ਦੇ ਬੱਚੇ ਦੇ ਬਰਥ ਹੋਣ ’ਤੇ ਇਹ ਲਫਜ਼ ਵਰਤਦੇ ਹਾਂ। ਸਾਡੀ ਪਹਿਲੀ ਪੀੜ੍ਹੀ ਨੇ ਤਾਂ ਮੰਨਿਆ ਕਿ ਜਦੋਂ ਅਸੀਂ ਨਾਨਕੇ-ਦਾਦਕੇ ਪਿੰਡਾਂ ਵਿੱਚ ਜਾਂਦੇ ਸੀ ਤਾਂ ਬਹੁਲੀ ਖਾਣ ਨੂੰ ਮਿਲਦੀ ਸੀ। ਉਹ ਤਾਂ ਇਸਨੂੰ ਖਾਣ ਦੇ ਇੱਛੁਕ ਸਨ ਤੇ ਸ਼ੌਕ ਨਾਲ ਖਾਧੀ। ਪਰ ਨੌਜਵਾਨ ਪੀੜ੍ਹੀ ਨੇ ਖਾਣਾ ਤਾਂ ਇੱਕ ਪਾਸੇ. ਵੇਖਿਆ ਤੱਕ ਨਹੀਂ। ਕਿਉਂਕਿ ਅਸੀਂ ਉਹਨਾਂ ਨੂੰ ਵਿਰਸੇ ਦੀਆਂ ਇਹਨਾਂ ਦੁਰਲੱਭ, ਬੇਸ਼ਕੀਮਤੀ ਨੇਹਮਤਾਂ ਤੇ ਸ਼ਬਦਾਂ ਤੋਂ ਵਾਂਝਿਆਂ ਕੀਤਾ ਹੈ। ਉਹਨਾਂ ਨੂੰ ਤਾਂ ਸ਼ਾਇਦ ਅਮ੍ਰਿਰਤ ਵੇਲਾ, ਵੱਡਾ ਤੜਕਾ, ਧੰਮੀ ਵੇਲਾ, ਸ਼ਾਹ ਵੇਲਾ, ਟਿਕੀ ਦੁਪਹਿਰ, ਲੋਏ ਲੋਏ, ਲੌਢਾ ਵੇਲਾ, ਸਾਝਰਾ, ਪਲ-ਛਿੰਨ ਆਦਿ ਸ਼ਬਦਾਂ ਦੀ ਕੋਈ ਜਾਣਕਾਰੀ ਨਹੀਂ ਹੈ, ਸ਼ਾਇਦ ਇਹ ਕਿਧਰੇ ਸਮੇਂ ਦੀ ਮਾਰ ਹੇਠ ਹੀ ਦੱਬ ਗਏ ਹਨ। ਸੁਰਜੀਤ ਪਾਤਰ ਜੀ ਨੇ ਅਜਿਹੇ ਸ਼ਬਦਾਂ ਨੂੰ ਕਵਿਤਾ-ਬੱਧ ਕਰਦਿਆਂ ਕਿਹਾ ਹੈ: ਨਿਮਖ ਵਿਚਾਰੇ, ਮਾਰੇ ਗਏ ਇਕੱਲੇ, ਟਾਈਮ ਹੱਥੋਂ ਇਹ ਸ਼ਬਦ ਸਾਰੇ।...
ਜਿਵੇਂ ਜਿਵੇਂ ਅਸੀਂ ਆਧੁਨਿਕਤਾ ਦੀ ਪੌੜੀ ਚੜ੍ਹਦੇ ਗਏ ਹਾਂ, ਸਾਡਾ ਵਿਰਸਾ ਸਭਿਆਚਾਰ ਕਿਧਰੇ ਸਮੇਂ ਦੇ ਵਹਾਅ ਵਿੱਚ ਰੁੜ੍ਹਦਾ ਗਿਆ। ਇਸ ਪੌੜੀ ਦਾ ਪਹਿਲਾ ਡੰਡਾ ਵੀਹਵੀਂ ਸਦੀ ਦੇ ਮੱਧ ਵਿੱਚ ਜਨਮੀ ਹੋਈ ਸਾਡੀ ਪੀੜ੍ਹੀ ਨੇ ਫੜਿਆ। ਸ਼ਾਇਦ ਅਸੀਂ ਖੁਸ਼ਕਿਸਮਤ ਉਹ ਪਹਿਲੀ ਪੀੜ੍ਹੀ ਹਾਂ ਜਿਹਨਾਂ ਆਪਣੇ ਪੁਰਾਤਨ ਵਿਰਸੇ ਨੂੰ ਭਰਪੂਰ ਮਾਣਿਆ ਤੇ ਫਿਰ ਆਧੁਨਿਕਤਾ ਦੀ ਪੌੜੀ ਵੀ ਆਪਣੇ ਬਲਬੂਤੇ ਚੜ੍ਹੇ। ਸਾਡੀਆਂ ਅਗਲੀਆਂ ਪੀੜ੍ਹੀਆਂ ਨੇ ਤਾਂ ਪਹਿਲੀ-ਦੂਜੀ ਮੰਜਿਲ ਦੇ ਪੌਡਿਆਂ ’ਤੇ ਸਿੱਧਾ ਹੀ ਪੈਰ ਜਮਾ ਲਏ ਹਨ। ਸਾਡੇ ਵਿੱਚੋਂ ਬਹੁਤ ਸਾਰੇ ਹੁਣ ਹੇਠੋਂ ਹੀ ਉਹਨਾਂ ਨੂੰ ਉੱਪਰ ਚੜ੍ਹਦੇ ਵੇਖ ਸਕਦੇ ਹਨ। ਸਮਾਂ ਇੰਨਾ ਬਦਲ ਗਿਆ ਹੈ ਕਿ ਮੇਰੀ ਦੂਜੀ ਪੀੜ੍ਹੀ ਜੋ ਕਈ ਸਾਲਾਂ ਬਾਅਦ ਆਈ ਤਾਂ ਸਾਨੂੰ ਮਿਲਣ ਸੀ ਪਰ ਉਹ ਤਾਂ ਬਹੁਤਾ ਸਮਾਂ ਸ਼ਾਪਿੰਗ, ਆਪਣੇ ਕੰਮ-ਕਾਜ ਕਰਨ ਤੇ ਘੁੰਮਣ-ਫਿਰਨ ਵਿੱਚ ਰੁੱਝੇ ਰਹੇ। ਸਾਡੀਆਂ ਤਕਲੀਫਾਂ ਸੁਣਨਾ, ਉਹਨਾਂ ਦੇ ਹੱਲ ਸੋਚਣ-ਸਮਝਣ ਬਾਰੇ ਫੁਰਸਤ ਜਾਂ ਮੋਹ-ਪਿਆਰ ਜਿਤਾਉਣ ਦਾ ਸਮਾਂ ਹੀ ਨਹੀਂ ਬਚਿਆ। ਛੋਟੀ ਦਾ ਤਾਂ ਮਨ ਹੀ ਕਿਧਰੇ ਨਹੀਂ ਖੁੱਭ ਰਿਹਾ ਸੀ ਤੇ ਇਸੇ ਟੈਨਸ਼ਨ ਵਿੱਚ ਬਿਮਾਰ ਹੋ ਗਈ। ਸਾਨੂੰ ਆਪ ਹੀ ਕਹਿਣਾ ਪਿਆ ਕਿ ਭਾਈ! ਅੱਗੇ ਤੋਂ ਇਸ ਤੋਂ ਵੀ ਘੱਟ ਸਮੇਂ ਵਿੱਚ ਸਾਨੂੰ ਮਿਲ ਕੇ ਵਾਪਸ ਚਲੇ ਜਾਇਆ ਕਰੋ। ਸ਼ਾਇਦ ਇਸੇ ਨੂੰ ਪੀੜ੍ਹੀ-ਪਾੜਾ ਕਹਿੰਦੇ ਹਾਂ।
ਅੱਜ ਤੋਂ ਛੇ ਦਹਾਕੇ ਪੁਰਾਣੇ ਸਮੇਂ ਵੱਲ ਨਜ਼ਰ ਮਾਰੀਏ ਤਾਂ ਲਗਦਾ ਹੈ ਕਿ ਹੁਣ ਤਾਂ ਅਸੀਂ ਕਿਸੇ ਵੱਖਰੇ ਯੁੱਗ ਵਿੱਚ ਪਹੁੰਚ ਗਏ ਹਾਂ। ਜੀਵਨ-ਸ਼ੈਲੀ ਬੜੀ ਸਧਾਰਨ ਸੀ। ਅਸੀਂ ਸਕੂਲਾਂ ਵਿੱਚ ਪੜ੍ਹਨ ਲੱਗੇ ਤਾਂ ਬੈਠਣ ਲਈ ਘਰੋਂ ਬੋਰੀ ਲੈ ਕੇ ਜਾਂਦੇ। ਬਸਤਾ ਬੱਸ ਇੱਕ ਸਲੇਟ, ਫੱਟੀ, ਕੈਦਾ ਤੇ ਕਲਮ-ਦਵਾਤ ਸੀ। ਕੋਈ ਕਾਪੀ ਪੈਨਸਲ ਨਹੀਂ. ਸਵਾਲ ਵੀ ਫੱਟੀ ’ਤੇ ਹੱਲ ਕਰਕੇ ਲੈ ਜਾਂਦੇ। ਜਮ੍ਹਾਂ-ਘਟਾਓ ਦੇ ਸਵਾਲਾਂ ਵਿੱਚ ਹਾਸਲ ਲੈਣ-ਦੇਣ ਦਾ ਕੰਮ ਮਿੱਟੀ ’ਤੇ ਲੀਕਾਂ ਮਾਰ ਕੇ ਕਰਦੇ ਸਾਂ। ਅੱਜ ਤੇਜ਼ ਰਫਤਾਰੀ ਜ਼ਿੰਦਗੀ ਵਿੱਚ ਦੂਜੀ ਪੀੜ੍ਹੀ ਦੇ 9-10 ਸਾਲ ਦੇ ਬੱਚੇ ਸਾਡੀ ਪੀੜ੍ਹੀ ਨੂੰ ਵਿਹਲੜ ਦੱਸਦੇ ਹਨ ਤੇ ਉਹ ਵੀ ਸਾਡੇ ਵਾਂਗੂੰ ਰਿਟਾਇਰ ਹੋਣਾ ਚਾਹੁੰਦੇ ਹਨ। ਕਹਿੰਦੇ ਹਨ, ਤੁਸੀਂ ਵਿਹਲੇ ਮੌਜਾਂ ਮਾਣਦੇ ਹੋ, ਨਾ ਸਵੇਰੇ ਜਲਦੀ ਉੱਠਣ ਦੀ ਪਾਬੰਦੀ ਨਾ ਹੋਮ ਵਰਕ ਕਰਨ ਦਾ ਝੰਜਟ, ਉੱਤੋ ਹਰ ਮਹੀਨੇ ਪੈਸੇ ਵੀ ਮਿਲਦੇ ਹਨ। ਫਿਰ ਅਸੀਂ ਸਮਝਾਉਂਦੇ ਹਾਂ ਕਿ ਵੇਲਾ ਕੋਈ ਵੀ ਅਸਾਨ ਨਹੀਂ ਹੁੰਦਾ। ਅਸੀਂ ਤੁਹਾਡੇ ਵਾਂਗ ਬੂਹੇ ਅੱਗੋਂ ਬੱਸ ਵਿੱਚ ਬੈਠ ਕੇ ਸਕੂਲ ਨਹੀਂ ਸਾਂ ਜਾਂਦੇ। ਸਾਨੂੰ ਤਾਂ ਕਈ ਮੀਲ ਪੈਦਲ ਚੱਲਣਾ ਪੈਂਦਾ ਸੀ। ਬਸਤੇ ਸਿਰਾਂ ’ਤੇ ਰੱਖ ਕੇ ਰਾਹ ਵਿੱਚ ਪੈਂਦੀ ਰੋਹੀ ਵੀ ਪਾਰ ਕਰਨੀਂ ਪੈਂਦੀ ਸੀ। ਇੰਨਾ ਫਰਕ ਜਰੂਰ ਹੈ ਕਿ ਤੁਹਾਨੂੰ ਸਾਫ ਪਾਣੀ ਦੀ ਬੋਤਲ ਘਰ ਤੋਂ ਲੈ ਕੇ ਜਾਣੀ ਪੈਂਦੀ ਹੈ ਤੇ ਅਸੀਂ ਤੁਰੇ ਜਾਂਦੇ ਖੂਹਾਂ, ਸੂਇਆਂ ਤੇ ਖਾਲਾਂ ਤੋਂ ਬੁੱਕਾਂ ਭਰ-ਭਰ ਕੇ ਪਾਣੀ ਪੀਂਦੇ ਹੋਏ ਬੋਲਦੇ ... ਰੱਬ ਨਾਲੋਂ ਕੋਈ ਉੱਚਾ ਨਹੀਂ, ਤੇ ਜਲ ਨਾਲੋਂ ਕੋਈ ਸੁੱਚਾ ਨਹੀਂ। ਫਿਰ ਘਰਾਂ ਵਿੱਚ ਸਾਈਕਲ ਆਏ ਤਾਂ ਅਸੀਂ ਵੀ ਆਧੁਨਿਕਤਾ ਦੀ ਪੌੜੀ ਦੇ ਪਹਿਲੇ ਪੌਡੇ ’ਤੇ ਪੈਰ ਧਰ ਲਿਆ। ਪਿੰਡ ਵਿੱਚ ਥੋੜ੍ਹੇ ਜੀਅ ਹੀ ਪੜ੍ਹੇ-ਲਿਖੇ ਸਨ, ਜਿਹਨਾਂ ਵਿੱਚੋਂ ਮੇਰੇ ਮਾਂ-ਬਾਪ ਵੀ ਸਨ। ਘਰ ਵਿੱਚ ਸੁਹਜ-ਸਲੀਕਾ, ਅਨੁਸ਼ਾਸਨ, ਸਮੇਂ ਦੀ ਪਾਬੰਦੀ ਵਰਗੇ ਸਾਰੇ ਕਾਨੂੰਨ ਲਾਗੂ ਸਨ ਪਰ ਦੂਜੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਤੋਂ ਕੋਈ ਵਖਰੇਵਾਂ ਵੀ ਨਹੀਂ ਸੀ। ਰਹਿਣ-ਸਹਿਣ ਦੇ ਢੰਗ-ਤਰੀਕੇ ਵੀ ਉਹੀ ਸਨ। ਵੱਡੇ ਛੋਟੇ ਪਿਆਰ-ਸਤਿਕਾਰ ਨਾਲ ਰਹਿੰਦੇ। ਅਮੀਰੀ-ਗਰੀਬੀ ਦਾ ਵੱਡਾ ਫਰਕ ਅਸੀਂ ਨਹੀਂ ਵੇਖਿਆ। ਅਸੀਂ ਕੋਈ ਵੱਧ ਸਹੂਲਤਾਂ ਨਹੀਂ ਸੀ ਮਾਣ ਰਹੇ ਕਿਉਂਕਿ ਹਾਲੇ ਕੋਈ ਸਾਧਨ ਹੀ ਜ਼ਿਆਦਾ ਵਿਕਸਤ ਨਹੀਂ ਸਨ ਹੋਏ। ਸਮਾਂ ਬੜੀ ਸਹਿਜਤਾ ਨਾਲ ਚੱਲ ਰਿਹਾ ਸੀ। ਸਾਡੇ ਪਿਡਾਂ ਵੱਲ ਤਾਂ ਬਿਜਲੀ ਵੀ ਨਹੀਂ ਸੀ। ਨੌਵੀਂ ਜਮਾਤ ਵਿੱਚ ਸਾਂ ਜਦੋਂ ਪਹਿਲੀ ਵੇਰ ਬਲਬ ਜਗਿਆ।
ਮੇਰੀ ਸਮਕਾਲੀ ਪੀੜ੍ਹੀ ਆਖਰੀ ਹੈ ਜਿਸਨੇ ਆਪਣੇ ਮਾਂ-ਬਾਪ ਦੀ ਸੁਣੀ ਤੇ ਹੁਣ ਅਗਲੀ ਦੀ ਵੀ। ਇਹ ਸਾਡੀ ਵੱਖਰੀ ਪਛਾਣ ਰਹੇਗੀ। ਚੱਕੀ ਦੇ ਪੁੜਾਂ ਵਿਚਕਾਰ ਪਿਸਣ ਵਾਂਗ ਆਪਣੀਆਂ ਅੰਤਰੀਵ ਭਾਵਨਾਵਾਂ ਤੇ ਜ਼ਾਬਤਾ ਰੱਖਣ ਦੀ ਮਿਸਾਲ ਵੀ ਬਣਨਾ ਪੈ ਰਿਹਾ ਹੈ। ਮੇਰੇ ਇੱਕ ਪਾਠਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਇਕਲੌਤਾ ਪੋਤਰਾ ਮੇਰੀ ਮਰਜ਼ੀ ਦੇ ਖਿਲਾਫ, ਬਾਹਰਲੇ ਮੁਲਕ ਚਲਾ ਗਿਆ ਹੈ। ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਪਰ ਪਤਾ ਨਹੀਂ ਕਿਉਂ ਇਹ ਝੱਲ ਉੱਠਿਆ, ਹੁਣ ਮੈਂ ਇਕੱਲ ਭੋਗ ਰਿਹਾ ਹਾਂ। ਦਰਅਸਲ ਮਾਪਿਆਂ ਤੇ ਬੱਚਿਆਂ ਵਿੱਚ 20-25 ਸਾਲ ਦਾ ਫਰਕ ਹੋਣ ਕਾਰਨ ਉਹਨਾਂ ਦੀਆਂ ਸੋਚਾਂ-ਇੱਛਾਵਾਂ, ਆਸਾਂ-ਉਮੀਦਾਂ ਤੇ ਸੁਭਾਅ ਵਿੱਚ ਫਰਕ ਪੈਣਾ ਸੁਭਾਵਿਕ ਹੈ। ਕਈ ਵੇਰ ਇਹ ਫਰਕ ਉਹਨਾਂ ਦੇ ਸਬੰਧ ਅਸੁਖਾਵੇਂ ਬਣਾਉਣ ਦਾ ਕੰਮ ਵੀ ਕਰ ਜਾਂਦਾ ਹੈ। ਦੇਸ਼ ਦੀ ਵੰਡ ਵੇਲੇ ਸਾਡੇ ਮਾਂ-ਬਾਪ ਨੂੰ ਸਦੀਆਂ ਤੋਂ ਵਸਦੇ ਘਰਾਂ ਨੂੰ ਛੱਡ ਕੇ ਮੁੜ-ਵਸੇਬਾ ਕਰਨਾ ਪਿਆ। ਇਸ ਤੋਂ ਬਾਅਦ ਭਾਰਤ-ਪਾਕਿ ਜੰਗ ਤੇ ਅਤਿਵਾਦ ਵੀ ਭੋਗਿਆ। ਇਸੇ ਲਈ ਇਹ ਪੀੜ੍ਹੀ ਬੜੀ ਸਧਾਰਨ, ਗੁਸੈਲ ਤੇ ਸਖਤ ਸੁਭਾਅ ਦੀ ਮਾਲਕ ਰਹੀ। ਆਪਸੀ ਭਾਈਚਾਰਾ ਤੇ ਮਿਲਵਰਤਨ ਉਦੋਂ ਸਮੇਂ ਦੀ ਮੰਗ ਸੀ।
ਹਰ ਫਿਰਕੇ ਤੇ ਵਰਗ ਦੇ ਲੋਕਾਂ ਦੀ ਇੱਕ ਦੂਜੇ ’ਤੇ ਨਿਰਭਰਤਾ ਸੀ। ਸ਼ਿਲਪਕਾਰੀ, ਦਸਤਕਾਰੀ, ਖੇਤੀਬਾੜੀ ਵਰਗੇ ਧੰਦੇ ਤੇ ਹੋਰ ਕਾਰੋਬਾਰ ਸਥਾਨਕ ਖੇਤਰ ਤੱਕ ਸੀਮਤ ਹੋਣ ਕਾਰਨ ਪੀੜ੍ਹੀ-ਪਾੜਾ ਘੱਟ ਸੀ। ਇਹੀ ਕਾਰਨ ਹੈ ਕਿ ਅਜ਼ਾਦੀ ਦੇ ਪਹਿਲੇ ਦੋ ਦਹਾਕਿਆਂ ਵਿੱਚ ਸਮਾਜਿਕ ਕਦਰਾਂ ਕੀਮਤਾਂ ਤੇ ਨੈਤਿਕ-ਮੁੱਲਾਂ ਜਿਹੀ ਵਿਚਾਰਧਾਰਾ ਵਿਆਪਕ ਸੀ। ਫਿਰ ਸਾਇੰਸੀ ਸਮਾਜ ਦੇ ਵਿਕਾਸ ਨਾਲ ਤੇ ਘਰ ਤੋਂ ਬਾਹਰੀ ਪ੍ਰਭਾਵਾਂ ਨੇ ਜਦੋਂ ਪ੍ਰਬਲਤਾ ਵਿਖਾਈ ਤਦ ਹੀ ਪੀੜ੍ਹੀ-ਪਾੜਾ ਵਿਖਾਈ ਦੇਣ ਲੱਗਾ। ਇਹ ਕੁਝ ਧੁਰੋਂ ਚਲਦਾ ਨਹੀਂ ਆਇਆ, ਬਲਕਿ ਸਾਡੇ ਸਮਾਜਿਕ, ਆਰਥਿਕ ਤੇ ਰਾਜਨੀਤਕ ਢਾਂਚੇ ਦੀ ਭੰਨ-ਤੋੜ ਦਾ ਸਿੱਟਾ ਹੀ ਹੈ। ਇਸ ਤੋਂ ਪਹਿਲਾਂ ਜ਼ਿੰਦਗੀ ਦੀ ਚਾਲ ਇੰਨੀ ਤੇਜ਼ ਨਹੀਂ ਸੀ ਕਿ 20-25 ਸਾਲ ਦਾ ਫਰਕ, ਸਾਡੀਆਂ ਸੋਚਾਂ-ਇਛਾਵਾਂ ਦੇ ਅੰਤਰ ਨੂੰ ਇੰਨਾ ਵੱਡਾ ਕਰ ਦੇਵੇ ਜਿਸ ਨਾਲ ਘਰੇਲੂ ਸਮੱਸਿਆਵਾਂ ਪੈਦਾ ਹੋ ਜਾਣ। ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਸੰਸਕ੍ਰਿਤੀ, ਵਿਰਸਾ ਤੇ ਸੰਸਕਾਰ ਭੁੱਲ ਕੇ ਤੇਜ਼ ਰਫਤਾਰੀ ਜ਼ਿੰਦਗੀ ਨਾਲੋਂ ਵੀ ਤੇਜ਼ ਦੌੜ ਰਹੀ ਹੈ। ਅਸੀਂ ਇਹਨਾਂ ਵਾਸਤੇ ਹਰ ਸੁਖ ਸਹੂਲਤਾਂ ਜੁਟਾਉਣ ਦੇ ਯਤਨ ਕਰਦੇ ਰਹੇ ਹਾਂ ਤਾਂਕਿ ਸਾਡੀ ਆਉਣ ਵਾਲੀ ਪੀੜ੍ਹੀ ਸੁਖੀ ਵਸੇ ਪਰ ਉਹਨਾਂ ’ਤੇ ਅਜਿਹੀ ਪਦਾਰਥਵਾਦੀ ਪੈਂਠ ਚੜ੍ਹ ਗਈ ਹੈ ਕਿ ਅੱਜ ਹਰ ਪਾਸੇ ਇਹਨਾਂ ਦੀਆਂ ਨਿਰਮੋਹੀ ਤੇ ਵਿਦਰੋਹੀ ਸੁਰਾਂ ਵਿਆਪਕ ਹਨ, ਜਿਸਦਾ ਅੰਦਾਜ਼ਾ ਕਦਾਚਿਤ ਨਹੀਂ ਸੀ ਲਗਾਇਆ। ਸਾਡੀ ਪੀੜ੍ਹੀ ਸਮਾਜਿਕ ਮਾਹੌਲ ਵੇਖਦੇ ਹੋਏ ਆਪਣੀ ਜਮ੍ਹਾਂ-ਪੂੰਜੀ, ਜਮੀਨ-ਜਾਇਦਾਦ ਨਾਲ ਅਖੀਰ ਤੱਕ ਜੁੜੇ ਰਹਿਣਾ ਚਾਹੁੰਦੀ ਹੈ। ਪਰ ਨੌਜਵਾਨ ਪੀੜ੍ਹੀ ਵਿੱਚ ਠਹਿਰਾਵ, ਸਹਿਜਤਾ ਤੇ ਦੂਰ-ਅੰਦੇਸ਼ੀ ਵਾਲੇ ਗੁਣ ਗਾਇਬ ਹਨ। ਉਹ ਇੰਤਜ਼ਾਰ ਦੀਆਂ ਘੜੀਆਂ ਸਹਿਣ ਨਹੀਂ ਕਰ ਪਾ ਰਹੀ। ਘਰੇਲੂ ਸਮੱਸਿਆਵਾਂ ਵਧ ਰਹੀਆਂ ਹਨ। ਅਸੀਂ ਉਹ ਵੇਲੇ ਵਿਹਾ ਚੁੱਕੇ ਹਾਂ ਜਦੋਂ ਬਜ਼ੁਰਗ ਦਾ ਇੱਕ ਉੱਚਾ ਬੋਲ ਸ਼ਾਂਤੀ ਵਰਤਾ ਦੇਂਦਾ ਸੀ, ਹੁਣ ਤਾਂ ਦੜ ਵੱਟ ਜ਼ਮਾਨਾ ਕੱਟ ਵਾਲੇ ਹਾਲਾਤ ਹਨ। ਘਰਾਂ ਵਿੱਚ ਪਿਆਰ ਮੁਹੱਬਤ ਦੇ ਰੰਗ ਨਹੀਂ ਬਲਕਿ ਮਾਇਆਵਾਦੀ ਸੋਚ ਦਾ ਰੰਗ ਜ਼ੋਰ ਫੜਦਾ ਜਾ ਰਿਹਾ ਹੈ। ਮਾਨਸਿਕਤਾ ਇਸ ਕਦਰ ਵਿਗੜ ਗਈ ਹੈ ਕਿ ਜਾਇਦਾਦ ਖਾਤਰ ਪੋਤਰਾ ਦਾਦੇ ਦਾ ਤੇ ਪੁੱਤਰ ਪਿਉ ਦਾ ਕਾਤਲ ਬਣ ਰਿਹਾ ਹੈ। ਆਪਣੇ ਘਰਾਂ ਵਿੱਚ ਬੱਚਿਆਂ ਦੇ ਹੱਥਾਂ ਵਿੱਚ ਵੀ ਇਹ ਪੀੜ੍ਹੀ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਸਾਡੀ ਗੁਜ਼ਾਰਿਸ਼ ਹੈ ਨਵੀਂ ਪੀੜ੍ਹੀ ਨੂੰ ਕਿ ਹੋ ਸਕਦਾ ਕਿਧਰੇ ਸਾਡੇ ਅਨੁਵੰਸ਼ਿਕ ਗੁਣਾਂ ਕਾਰਨ ਸਾਡੀ ਪੀੜ੍ਹੀ ਵਿੱਚ ਕੁਝ ਸਖਤ ਤੇ ਗੁਸੈਲ ਸੁਭਾਅ ਜਾਗ ਪਿਆ ਹੋਵੇ। ਕਈ ਗਲਤ ਫੈਸਲੇ ਵੀ ਹੋ ਗਏ ਹੋਣਗੇ ਪਰ ਹੁਣ ਅਸੀਂ ਤੁਹਾਡੇ ਨਾਲ ਰਲ ਕੇ ਪੁਰਾਣਾ ਵਿਰਸਾ ਮਾਣਨਾ ਚਾਹੁੰਦੇ ਹਾਂ, ਜੋ ਅਸੀਂ ਕਿਧਰੇ ਭੁੱਲ ਬੈਠੇ ਹਾਂ। ਅਸੀਂ ਭੁੱਲ ਗਏ ਪਰ ਤੁਸੀਂ ਨਾ ਭੁੱਲਿਓ ਤੇ ਅਗਲੀਆਂ ਪੀੜ੍ਹੀਆਂ ਲਈ ਵੀ ਰੋਲ ਮਾਡਲ ਬਣਿਓ। ਆਪਣੇ ਵਿਰਸੇ ਨੂੰ ਸਮਝੋ-ਪੜ੍ਹੋ ਤੇ ਉਹ ਕਦਰਾਂ ਕੀਮਤਾਂ ਅਪਣਾ ਲਓ ਜੋ ਜਮਾਨੇ ਦੀ ਹਵਾ ਵਿੱਚ ਕਿਧਰੇ ਖੇਰੂੰ-ਖੇਰੂੰ ਹੋ ਗਈਆਂ ਹਨ। ਉਹਨਾਂ ਨੂੰ ਮੁੜ ਜੀਵਤ ਕਰੋ ਤਾਂਕਿ ਕਿਸੇ ਮਾਂ ਨੂੰ ਧੀ ਹੱਥੋਂ ਕਤਲ ਨਾ ਹੋਣਾ ਪਵੇ। ਸੁੱਖਾਂ ਲੱਧੇ ਵੀਰ ਦੇ ਘਰ ਜੰਮੇ ਭਤੀਜੇ ਭਤੀਜੀਆਂ ਦੇ ਚਾਅ-ਮਲ੍ਹਾਰ ਕਰਦੀ ਭੂਆ ਉਹਨਾਂ ਦੀ ਕਾਤਲ ਨਾ ਬਣੇ। ਇਹੋ ਜਿਹੀਆਂ ਵਾਰਦਾਤਾਂ ਪੜ੍ਹ-ਸੁਣ ਕੇ ਲਿਖਣ ਲੱਗਿਆ ਇਹ ਕਲਮ ਨੂੰ ਰੋਣਾ ਨਾ ਪਵੇ। ਸਮਾਜ ਸੇਵੀ, ਧਾਰਮਿਕ, ਵਿੱਦਿਅਕ ਸੰਸਥਾਵਾਂ ਤੇ ਸਮੇਂ ਦੀਆਂ ਸਰਕਾਰਾਂ ਲਈ ਵੀ ਇਹ ਗੰਭੀਰ ਚਿੰਤਾ ਦਾ ਵਿਸ਼ਾ ਤੇ ਅਹਿਮ-ਮੁੱਦਾ ਹੋਵੇ ਤਾਂ ਕਿ ਪੀੜ੍ਹੀ-ਪਾੜੇ ਦਾ ਫਰਕ ਘੱਟ ਹੋ ਸਕੇ।
*****
(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1516)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)