“ਕੋਈ ਹਾਰਨ ਤੇ ਹੂਟਰ ਨਹੀਂ ਵੱਜਿਆ। ਇੰਝ ਲੱਗਾ ਜਿਵੇਂ ਪਰਾਈ ਧਰਤੀ ’ਤੇ ਅੱਜ ਸਹੀ ਮਾਅਨਿਆਂ ਵਿੱਚ ਅੰਮ੍ਰਿਤ ਵੇਲੇ ਦਾ ...”
(24 ਅਕਤੂਬਰ 2024)
ਮੇਰੇ ਪਤੀ ਦੀ ਮੌਤ ਤੋਂ ਬਾਅਦ ਹੁਣ ਉਮਰ ਦਾ ਬਾਕੀ ਪੈਂਡਾ ਇਕੱਲੇ ਤੈਅ ਕਰਨ ਦਾ ਤਸੱਵਰ ਮੈਨੂੰ ਉਦਾਸੀ ਦੇ ਆਲਮ ਵਿੱਚ ਲੈ ਜਾਂਦਾ। ਕਈ ਤਰ੍ਹਾਂ ਦੇ ਵਿਚਾਰ ਅਤੇ ਸੋਚਾਂ ਮੇਰਾ ਪਿੱਛਾ ਨਾ ਛੱਡਦੀਆਂ। ਉੱਧਰ ਮੇਰੀ ਬੇਟੀ ਆਸਟ੍ਰੇਲੀਆ (ਸਿਡਨੀ) ਤੋਂ ਆਈ ਹੋਈ ਸੀ। ਉਸਦੀ ਵੱਡੀ ਬੇਟੀ (ਮੇਰੀ ਦੋਹਤੀ) ਦਾ ਵਿਆਹ ਰੱਖਿਆ ਸੀ। ਚੰਡੀਗੜ੍ਹ ਦੇ ਕਿਸੇ ਵੱਡੇ ਰੀਜ਼ਾਰਟ ਵਿੱਚ ਦਾਦਕੇ ਪਰਿਵਾਰ ਵੱਲੋਂ ਆਲੀਸ਼ਾਨ ਵਿਆਹ ਹੋਇਆ। ਬਹੁਤਾ ਸਮਾਂ ਇਹਨਾਂ ਮੇਰੇ ਨਾਲ ਹੀ ਬਿਤਾਇਆ। ਇਹ ਕਹਿੰਦੇ ਰਹਿੰਦੇ ਕਿ ਤੁਸੀਂ ਸਾਡੇ ਨਾਲ ਆਸਟ੍ਰੇਲੀਆ ਰਹੋਗੇ। ਮੈਂ ਦਿਲੋਂ ਕੁਝ ਵੀ ਸਵੀਕਾਰਨਾ ਨਹੀਂ ਸੀ ਚਾਹੁੰਦੀ। ਜਾਣ ਵੇਲੇ ਛੋਟੀ ਦੋਹਤੀ ਅਨਮੋਲ ਨੇ ਕਿਹਾ, ਨਾਨੀ ਜ਼ਰੂਰ ਆ ਜਾਇਓ, ਅਸੀਂ ਤੁਹਾਡੇ ਪੇਪਰ ਭੇਜਾਂਗੇ। ਅਨਮੋਲ ਦੇ ਮੋਹ-ਭਿੱਜੇ ਬੋਲ ਮੇਰੇ ਜ਼ਿਹਨ ਵਿੱਚ ਅੰਦਰ ਤਕ ਲਹਿ ਗਏ। ਜ਼ਿੰਦਗੀ ਦੇ ਸ਼ਾਇਦ ਪਹਿਲਾਂ ਤੋਂ ਤੈਅ ਕੀਤੇ ਹੋਏ ਇਸ ਫੈਸਲੇ ਨੂੰ ਮੈਂ ਮੰਨ ਲਿਆ।
ਸਾਰੀ ਪ੍ਰਕਿਰਿਆ ਬੜੀ ਜਲਦੀ ਪੂਰੀ ਹੋ ਗਈ। 4 ਜੂਨ ਨੂੰ 2 ਵੱਜ ਕੇ 20 ਮਿੰਟ ’ਤੇ ਮੇਰੀ ਦਿੱਲੀ ਤੋਂ ਸਿੱਧੀ ਉਡਾਣ ਸਿਡਨੀ ਤਕ ਦੀ ਸੀ। ਰਾਤ ਦੇ ਹਨੇਰਿਆਂ ਨੂੰ ਚੀਰਦਾ ਹੋਇਆ ਜਹਾਜ਼ ਸਵੇਰੇ ਸਾਢੇ 7 ਵਜੇ ਸੂਰਜ ਦੀਆਂ ਕਿਰਨਾਂ ਵਿੱਚੋਂ ਲੰਘਦਾ ਹੋਇਆ ਸਿਡਨੀ ਪਹੁੰਚ ਗਿਆ। ਬੜਾ ਮਨਮੋਹਕ ਦ੍ਰਿਸ਼ ਸੀ। ਸਮੁੰਦਰ ਦੀਆਂ ਕਈ ਸ਼ਾਖਾਵਾਂ ਧਰਤੀ ਅਤੇ ਪਹਾੜਾਂ ਨਾਲ ਟਕਰਾ ਰਹੀਆਂ ਸਨ।। ਜਹਾਜ਼ ਹੇਠਾਂ ਆਇਆ ਤੇ ਉੱਤਰ ਕੇ ਕਾਗਜ਼ ਪੱਤਰ ਵਿਖਾਉਂਦੇ ਸਮੇਂ ਮੇਰੀ ਮਦਦ ਇਟਲੀ ਦੀ ਇੱਕ ਕੁੜੀ ਨੇ ਕੀਤੀ। ਐਨਕ ਉਤਾਰ ਕੇ ਮੇਰੀ ਪਛਾਣ ਹੋਈ ਤਾਂ ਉਸ ਕੁੜੀ ਨੇ ਇੰਗਲਿਸ਼ ਵਿੱਚ ਮੈਨੂੰ ਕਿਹਾ, “ਆਂਟੀ! ਤੁਹਾਡੀਆਂ ਅੱਖਾਂ ਖੂਬਸੂਰਤ ਹਨ।”
ਮੈਨੂੰ ਹੈਰਾਨੀ ਹੋਈ ਕਿ ਉਮਰ ਦੇ ਇਸ ਪੜਾਅ ’ਤੇ ਮੇਰੀਆਂ ਸੁੱਜੀਆਂ ਅੱਖਾਂ ਨੂੰ ਦੁਨੀਆਂ ਦੇ ਇਸ ਕੋਨੇ ’ਤੇ ਬੈਠੀ ਕੁੜੀ ਸੁੰਦਰ ਕਹਿ ਬੈਠੀ ਵਰਨਾ ਮੇਰੇ ਵਤਨ ਵਿੱਚ ਤਾਂ ਕੋਈ ਤਵੱਜੋ ਨਹੀਂ ਦਿੱਤੀ ਜਾਂਦੀ। ਸਮਾਨ ਟਰਾਲੀ ਵਿੱਚ ਰੱਖ ਕੇ ਮੈਂ ਬਾਹਰ ਨਿੱਕਲੀ ਤਾਂ ਅੱਗੇ ਮੇਰੇ ਧੀ-ਜਵਾਈ ਲੈਣ ਆਏ ਹੋਏ ਸਨ। ਛੋਟੀ ਦੋਹਤੀ ਸ਼ਾਮ ਨੂੰ ਜੌਬ ਤੋਂ ਆਈ। ਵੱਡੀ ਦੋਹਤੀ ਵੀ ਆਪਣੇ ਪਤੀ ਨਾਲ, ਨਾਨੀ ਨੂੰ ਮਿਲਣ ਪਹੁੰਚ ਗਈ। ਦੇਰ ਰਾਤ ਤਕ ਰੌਣਕ ਲੱਗੀ ਰਹੀ। ਦੋਵਾਂ ਨੇ ਮੇਰੇ ਕਮਰੇ ਵਿੱਚ ਸਮਾਨ ਸੈੱਟ ਕੀਤਾ ਤੇ ਬੈਗ ਖੋਲ੍ਹ ਕੇ ਆਪਣਾ ਸਮਾਨ ਕੱਢ ਲਿਆ। ਮੈਨੂੰ ਬਹੁਤ ਸਕੂਨ ਮਿਲਿਆ ਤੇ ਅਪਣੱਤ ਮਹਿਸੂਸ ਹੋਈ।
ਦੋ ਦਿਨਾਂ ਦੀ ਥਕਾਵਟ ਤੋਂ ਬਾਅਦ ਉਸ ਰਾਤ ਗੜੁੱਚ ਨੀਂਦ ਆਈ। ਸਵੇਰ ਹੋਣ ’ਤੇ ਬਾਹਰਲਾ ਚਾਨਣ ਖਿੜਕੀ ਵਿੱਚ ਦੀ ਕਮਰੇ ਨੂੰ ਉਜਾਲਾ ਕਰ ਰਿਹਾ ਸੀ। ਮੈਨੂੰ ਅਜੇ ਵੀ ਸਮਝ ਨਾ ਆਵੇ ਕਿ ਮੈਂ ਕਿੱਥੇ ਹਾਂ। ਫਿਰ ਯਾਦ ਆਇਆ ਕਿ ਇਹ ਤਾਂ ਆਸਟ੍ਰੇਲੀਆ ਦੀ ਧਰਤੀ ਹੈ। ਬਿਸਤਰੇ ਵਿੱਚ ਪਿਆਂ ਮੈਨੂੰ ਕੋਈ ਅਵਾਜ਼ ਨਾ ਸੁਣਾਈ ਦੇਵੇ। ਗੁਰਦੁਆਰੇ ਵਿੱਚੋਂ ਪਾਠ ਕਰਨ ਤੇ ਮੰਦਰ ਵਿੱਚ ਵੱਜ ਰਹੀਆਂ ਘੰਟੀਆਂ ਦੀ ਰਲਗੱਡ ਅਵਾਜ਼ ਨੂੰ ਯਾਦ ਕੀਤਾ। ਹੇਠਾਂ ਆ ਕੇ ਚਾਹ ਪਾਣੀ ਪੀਂਦਿਆਂ ਸੋਚ ਰਹੀ ਸੀ ਕਿ ਵਾਹ ਜੀ, ਇੱਥੇ ਨਾ ਤਾਂ ਦੁੱਧ ਤੇ ਸਬਜ਼ੀ ਵਾਲੀ ਕੋਈ ਰੇਹੜੀ ਆਵੇ ਤੇ ਨਾ ਹੀ ਬਾਹਰ ਵੱਲ ਦੌੜਨਾ ਪਵੇ। ਅਖਬਾਰ ਵਾਲੇ ਦੇ ਆਉਣ ਦੀ ਉਡੀਕ ਨਹੀਂ। ਕੋਈ ਹਾਰਨ ਤੇ ਹੂਟਰ ਨਹੀਂ ਵੱਜਿਆ। ਇੰਝ ਲੱਗਾ ਜਿਵੇਂ ਪਰਾਈ ਧਰਤੀ ’ਤੇ ਅੱਜ ਸਹੀ ਮਾਅਨਿਆਂ ਵਿੱਚ ਅੰਮ੍ਰਿਤ ਵੇਲੇ ਦਾ ਆਨੰਦ ਮਾਣਿਆ ਹੋਵੇ। ਸ਼ਾਂਤ ਮਾਹੌਲ, ਸ਼ੁੱਧ ਵਾਤਾਵਰਣ ਤੇ ਸਾਰੇ ਵੇਲ ਬੂਟੇ ਨਿੱਖਰੇ ਹੋਏ ਸਾਫ ਸੁਥਰੇ ਵਿਖਾਈ ਦੇ ਰਹੇ ਸਨ।
ਇਹਨਾਂ ਦੇ ਘਰ ਦੇ ਨੇੜੇ ਪਾਰਕ ਨਹੀਂ ਹੈ, ਸੜਕਾਂ ਦੇ ਫੁੱਟਪਾਥ ’ਤੇ ਹੀ ਸੈਰ ਕਰ ਲੈਂਦੀ ਹਾਂ। ਸੋਚਦੀ ਹਾਂ ਕਿ ਕਾਸ਼! ਮੇਰੇ ਦੇਸ਼ ਵਿੱਚ ਵੀ ਸਫਾਈ ਦੀ ਵਿਵਸਥਾ ਅਜਿਹੀ ਹੁੰਦੀ। ਘਰਾਂ ਤੋਂ ਹੀ ਸਫਾਈ ਦੀ ਸ਼ੁਰੂਆਤ ਹੁੰਦੀ ਹੈ। ਆਲੇ ਦੁਆਲੇ ਆਪ ਹੀ ਮਸ਼ੀਨਾਂ ਨਾਲ ਸਫਾਈ ਕਰਦੇ ਤੇ ਘਾਹ ਸੈੱਟ ਕਰਦੇ ਹਨ। ਘਰ ਵਿੱਚ ਗਿੱਲੇ ਸੁੱਕੇ ਕੂੜੇ ਦੇ ਵੱਡੇ ਬਿਨ ਹਨ। ਸ਼ੁੱਕਰਵਾਰ ਸਵੇਰੇ 5 ਵਜੇ ਵੱਖਰੇ-ਵੱਖਰੇ ਟਰੱਕ ਆਉਂਦੇ ਨੇ। ਲੀਵਰ ਰਾਹੀਂ ਬਿਨ ਚੁੱਕ ਕੇ ਟਰੱਕ ਵਿੱਚ ਪਲਟੇ ਜਾਂਦੇ ਹਨ। ਮੈਂ ਆਪਣੇ ਸ਼ਹਿਰ ਵਿੱਚ ਰੇਹੜੀ ’ਤੇ ਬੁਰੇ ਹਾਲੀਂ ਕੂੜਾ ਚੁੱਕਣ ਵਾਲੇ ਮਜ਼ਦੂਰਾਂ ਬਾਰੇ ਸੋਚਦੀ ਹਾਂ। ਸਾਡੇ ਦੇਸ਼ ਦੇ ਕਸਬੇ ਤੇ ਸ਼ਹਿਰ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਗੰਦਗੀ ਵਾਲੇ ਅਤੇ ਪ੍ਰਦੂਸ਼ਣ ਸਹਿਣ ਵਾਲਿਆਂ ਵਿੱਚੋਂ ਇੱਕ ਹਨ। ਸਰਦੀਆਂ ਦੀ ਦਸਤਕ ਨਾਲ ਹਵਾ ਦਾ ਪ੍ਰਦੂਸ਼ਣ ਸਾਹਾਂ ’ਤੇ ਭਾਰੀ ਪੈਂਦਾ ਹੈ।
ਇੱਥੇ ਸਰਦੀ ਦੀ ਰੁੱਤ ਹੈ, ਮੇਰਾ ਸਾਹ ਵੀ ਸੌਖਾ ਤੇ ਕੰਨਾਂ ਨੂੰ ਅਵਾਜ਼ ਪ੍ਰਦੂਸ਼ਣ ਤੋਂ ਰਾਹਤ ਵੀ। ਅੱਜ ਸਵੇਰੇ ਖਬਰ ਪੜ੍ਹ ਕੇ ਮਨ ਦੁਖੀ ਹੋਇਆ। ਮੇਰੇ ਸੈਕਟਰ ਦੇ ਨਾਲ ਲਗਦੇ ਪਿੰਡ ਕੁੰਭੜਾ ਵਿੱਚ ਸਭ ਤੋਂ ਵੱਧ ਹੈਜ਼ੇ ਦੇ ਮਰੀਜ਼ ਸਰਕਾਰੀ ਹਸਪਤਾਲ ਵਿੱਚ ਦਾਖਲ ਨੇ। ਕਾਰਨ ਆਲੇ ਦੁਆਲੇ ਦੀ ਗੰਦਗੀ ਤੇ ਦੂਸ਼ਿਤ ਪਾਣੀ ਹੈ। ਕੱਲ੍ਹ ਮੇਰੀ ਭਣੇਵੀਂ ਦਾ ਖਰੜ ਤੋਂ ਫੋਨ ਆਇਆ। ਉਸ ਵੱਲੋਂ ਮੇਰਾ ਹਾਲ-ਚਾਲ ਪੁੱਛਣ ’ਤੇ ਮੇਰਾ ਜਵਾਬ ਸੀ, “ਠੀਕ-ਠਾਕ ਹਾਂ ਪਰ ਮੈਨੂੰ ਆਪਣੀ ਗਲੀ ਦੇ ਕੁੱਤੇ ਯਾਦ ਆਉਂਦੇ ਹਨ।”
ਇਸ ਗੱਲ ’ਤੇ ਅਸੀਂ ਦੋਵੇਂ ਹੱਸ ਪਈਆਂ। ਉਹ ਜਦੋਂ ਸਾਨੂੰ ਮਿਲਣ ਆਉਂਦੇ ਹਨ ਤਾਂ ਸਾਰੇ ਹੀ ਓਪਰੀ ਕਾਰ ਵੇਖ ਕੇ ਭੌਂਕਣ ਲੱਗਦੇ ਹਨ। ਚੰਗੀ ਦਹਿਸ਼ਤ ਬਣੀ ਹੋਈ ਹੈ। ਸੈਰ ਕਰਨ ਵਾਲਿਆਂ ਨੂੰ ਹੱਥ ਵਿੱਚ ਸੋਟੀ ਲੈ ਕੇ ਜਾਣਾ ਪੈਂਦਾ ਹੈ। ਮਨੁੱਖ ਤੇ ਪਸ਼ੂਆਂ ਦਾ ਸੰਘਰਸ਼, ਕੁੱਤਿਆਂ ਵੱਲੋਂ ਜਾਨਲੇਵਾ ਹਮਲੇ ਤੇ ਕਈ ਜੰਗਲੀ ਜੀਵਾਂ ਦਾ ਬਸਤੀਆਂ ਤਕ ਪੁੱਜ ਕੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਇੱਥੇ ਕੋਈ ਅਵਾਰਾ ਕੁੱਤੇ ਜਾਂ ਪਸ਼ੂ ਨਹੀਂ ਦਿਸੇ।
ਇਸ ਸਭ ਕਾਸੇ ਦੇ ਬਾਵਜੂਦ ਵੀ ਮੈਨੂੰ ਆਪਣੇ ਦੇਸ਼ ਖਾਸਕਰ ਪੰਜਾਬ ਨਾਲ ਬਹੁਤ ਮੋਹ ਹੈ। ਇੱਥੇ ਤਾਂ ਮੈਂ ਪਰਾਈ ਧਰਤੀ ’ਤੇ ਬੈਠੀ ਹਾਂ। ਮੇਰੀਆਂ ਜੜ੍ਹਾਂ ਤਾਂ ਉੱਥੇ ਹੀ ਲੱਗੀਆਂ ਹਨ। ਮੇਰਾ ਬਚਪਨ, ਜਵਾਨੀ ਤੇ ਹੁਣ ਬੁਢਾਪਾ ਵੀ ਉੱਥੇ ਹੀ ਪ੍ਰਵਾਨ ਚੜ੍ਹੇਗਾ। ਇੱਥੇ ਕਈ ਵਿਦਿਆਰਥੀ ਮਜ਼ਦੂਰਾਂ ਦੀ ਤਰ੍ਹਾਂ ਮਿਹਨਤ ਕਰਦੇ ਹੋਏ ਵੇਖੇ। ਦੁੱਖ ਲਗਦਾ ਹੈ ਜਦੋਂ ਕਹਿੰਦੇ ਹਨ ਕਿ ਅਸੀਂ ਮਜਬੂਰ ਹੋ ਕੇ ਹੀ ਆਏ ਹਾਂ। ਮੇਰੀ ਵੱਡੀ ਦੋਹਤੀ ਦੀ ਸਹੇਲੀ ਦਾ ਇੱਥੇ ਵਿਆਹ ਵੇਖਿਆ। ਸਾਰੇ ਰਸਮੋ-ਰਿਵਾਜ਼ ਪੰਜਾਬੀਅਤ ਦੇ ਰੰਗ ਵਿੱਚ ਰੰਗੇ ਹੋਏ ਸਨ। ਸੰਗੀਤ ਵਾਲੇ ਦਿਨ ਸੁਹਾਗ ਤੇ ਲੋਕ-ਗੀਤ ਗਾਉਣ ਤੋਂ ਬਾਅਦ ਗਿੱਧਾ-ਬੋਲੀਆਂ ਪਾਈਆਂ। ਦੂਜੀ ਪੀੜ੍ਹੀ ਨੇ ਪੰਜਾਬੀ ਗਾਣਿਆਂ ’ਤੇ ਡਾਂਸ ਕੀਤਾ। ਹਾਲ ਦੇ ਬਾਹਰ ਦੋ ਟ੍ਰੈਕਟਰ ਖੜ੍ਹੇ ਸਨ। ਸਾਰੇ ਉੱਥੇ ਖੜ੍ਹੇ ਹੋ ਕੇ ਫੋਟੋਆਂਆਂ ਖਿੱਚ ਰਹੇ ਸਨ। ਮੈਂ ਤਨਜ਼ ਕੱਸਿਆ, “ਇੱਥੇ ਪੰਜਾਬ ਨੂੰ ਇੰਨਾ ਯਾਦ ਕਰਦੇ ਹੋ ਤਾਂ ਆਏ ਕਿਉਂ।”
ਉਹ ਕਹਿਣ ਲੱਗੇ, “ਆਂਟੀ! ਉਹ ਤਾਂ ਸਾਡਾ ਚੋਗ ਇੱਥੇ ਖਿਲਰਿਆ ਸੀ ਤੇ ਚੁਗਣ ਆ ਗਏ ਹਾਂ। ਆਪਣਾ ਮੁਲਕ ਛੱਡਣ ਨੂੰ ਕਿਸਦਾ ਜੀਅ ਕਰਦਾ ਹੈ।” ਉਹਨਾਂ ਦੀਆਂ ਆਹਾਂ ਦੇ ਸੇਕ ਨਾਲ ਮੇਰਾ ਦਿਲ ਵਲੂੰਧਰਿਆ ਗਿਆ।
ਹਾਲ ਵਿੱਚ ਹੀ ਸਾਡੇ ਪ੍ਰਧਾਨ ਮੰਤਰੀ ਜੀ ਨੇ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਸੁਪਨੇ ਨੂੰ ਹਰ ਭਾਰਤੀ ਦਾ ਸੁਪਨਾ ਦੱਸਿਆ ਹੈ। ਮੇਰੇ ਸੰਵੇਦਨਸ਼ੀਲ ਮਨ ਦੀ ਦਿਲੀ ਚਾਹਤ ਹੈ ਕਿ ਦੇਸ਼ ਸੱਚਮੁੱਚ ਵਿਕਾਸ ਦੇ ਰਾਹਾਂ ’ਤੇ ਪੈ ਜਾਵੇ। ਦੇਸ਼ ਦੇ ਇਨਫਰਾਸਟ੍ਰਕਚਰ ਵਿੱਚ ਸਫਾਈ ਦੇ ਉੱਚ-ਮਾਪਦੰਡਾਂ, ਗੁਣਵੱਤਾ ਵਾਲੀ ਸਿੱਖਿਆ ਤੇ ਬਿਹਤਰ ਸਿਹਤ ਸਹੂਲਤਾਂ ਨੂੰ ਖਾਸ ਤਰਜੀਹ ਦਿੱਤੀ ਜਾਵੇ। ਨੌਜਵਾਨਾਂ ਨੂੰ ਨਸ਼ਿਆਂ ਦੇ ਸੰਤਾਪ ਤੋਂ ਬਚਾ ਕੇ ਰੁਜ਼ਗਾਰ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਉਹ ਵਿਦੇਸ਼ਾਂ ਵੱਲੋਂ ਮੂੰਹ ਮੋੜ ਲੈਣ। ਨੌਜਵਾਨ ਦੇਸ਼ ਦਾ ਭਵਿੱਖ ਤੇ ਵਿਕਾਸ ਦਾ ਜ਼ਰੀਆ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5391)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.