“ਵਿਗਿਆਨਕ ਸੋਚ ਦੇ ਧਾਰਨੀ ਇਸ ਪਰਿਵਾਰ ਵਿੱਚ ਵੀਰ ਵੱਲੋਂ ਭਾਬੀ ਦੀ ਅੰਤਿਮ ਵਿਦਾਇਗੀ ਬਿਨਾਂ ਧਾਰਮਿਕ ...”
(27 ਨਵੰਬਰ 2021)
ਪਿਛਲੇ ਸਾਲ ਇਹਨੀਂ ਦਿਨੀਂ ਮੇਰੀ ਵੱਡੀ ਭਾਬੀ ਪੇਟ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਸੀ। ਜੋੜਾਂ ਦੇ ਦਰਦ ਤੇ ਬਲੱਡ ਪ੍ਰੈੱਸ਼ਰ ਦੀ ਬਿਮਾਰੀ ਨਾਲ ਪੀੜਤ ਹੋਣ ਦੇ ਬਾਵਜੂਦ ਵੀ ਉਹ ਦਵਾਈਆਂ ਖਾ ਕੇ ਹੁਣ ਤਕ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਅਤੇ ਘਰ ਦੇ ਕੰਮ, ਕਿਸੇ ਦੀ ਮਦਦ ਲਏ ਬਗੈਰ ਹੀ ਕਰਨਾ ਪਸੰਦ ਕਰਦੇ ਰਹੇ ਪਰ ਹੁਣ ਬੇਵੱਸ ਤੇ ਲਾਚਾਰ ਹੋ ਗਏ। ਨਰਸ ਭਤੀਜੀ ਆਪਣੇ ਡਾਕਟਰ ਪਤੀ ਨਾਲ ਹਸਪਤਾਲ ਚਲਾ ਰਹੀ ਹੈ, ਭੂਆ ਦੀ ਬਿਮਾਰੀ ਸਮੇਂ ਉਹ ਦੋਵੇਂ ਆ ਕੇ ਇਲਾਜ ਤੇ ਸੇਵਾ ਕਰਦੇ ਰਹੇ। ਬੜਾ ਯਕੀਨ ਸੀ, ਇਹਨਾਂ ਦੇ ਇਲਾਜ ’ਤੇ। ਮੇਰੇ ਭਰਾ ਨੇ ਦਿਨ ਰਾਤ ਨਹੀਂ ਵੇਖਿਆ, ਹਰ ਡਾਕਟਰੀ ਇਲਾਜ, ਸਹੂਲਤ ਤੇ ਸਾਧਨ ਉਸ ਨੂੰ ਠੀਕ ਕਰਨ ਲਈ ਅਜ਼ਮਾਉਣ ਵਿੱਚ ਲੱਗ ਗਿਆ, ਪਰ ਮੌਤ ਭਾਬੀ ਨੂੰ ਧੂਹ ਰਹੀ ਸੀ। ਆਖਰ ਜ਼ਿੰਦਗੀ ਹਾਰ ਗਈ ਤੇ 17 ਦਸੰਬਰ ਨੂੰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ।
ਇਹਨਾਂ ਦਾ ਇਕਲੌਤਾ ਬੱਚਾ, ਬੇਟਾ ਸਿਡਨੀ (ਆਸਟ੍ਰੇਲੀਆ) ਦਾ ਨਾਗਰਿਕ ਹੈ। ਪੁੱਤਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮਾਂ ਉੱਥੇ ਉਹਨਾਂ ਕੋਲ ਰਹੇ ਪਰ ਉਸ ਨਾ ਮੰਨਿਆ। ਭਰਾ ਕਈ ਵਾਰ ਸਿਡਨੀ ਜਾ ਆਇਆ ਤੇ ਆਪ ਪਿੱਛੇ ਇਕੱਲੇ ਰਹਿੰਦੇ। ਇਸੇ ਲਈ ਲੜਕਾ ਹਰ ਸਾਲ ਮਾਂ ਨੂੰ ਮਿਲਣ ਆਉਂਦਾ। ਕਰੋਨਾ ਕਾਲ ਦਾ ਜੋ ਸੰਤਾਪ ਸਾਰੀ ਖ਼ਲਕਤ ਨੇ ਭੋਗਿਆ ਉਸੇ ਦੀ ਲਪੇਟ ਵਿੱਚ ਇਹ ਮਾਂ-ਪੁੱਤ ਦਾ ਰਿਸ਼ਤਾ ਵੀ ਆ ਗਿਆ। ਬੜਾ ਉਡੀਕਿਆ ਸੀ ਪੁੱਤ ਨੂੰ, ਉਸ ਨੂੰ ਲੱਗਣਾ ਕਿ ਉਹ ਆ ਗਿਆ ਹੈ ਤੇ ਪੁੱਛਣਾ, “ਕਿੱਥੇ ਹੈ ਘੋਲਾਂ (ਜਗਪ੍ਰੀਤ)? ਬਾਹਰ ਠੰਢ ਹੈ, ਉਸ ਨੂੰ ਕਹੋ, ਅੰਦਰ ਮੇਰੇ ਕੋਲ ਆ ਜਾਵੇ।”
ਸੁਣਨ ਵਾਲਿਆਂ ਦੇ ਦਿਲ ਵਿੰਨ੍ਹੇ ਜਾਂਦੇ। ਮਨ ਵਿੱਚ ਵਿਚਾਰ ਉੱਠਦੇ, ਕਾਸ਼ ਦੇਸ਼ ਦੇ ਨਾਕਸ ਪ੍ਰਬੰਧਾਂ ਕਾਰਨ ਬੁੱਧੀਮਾਨ ਤੇ ਜ਼ਹੀਨ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਰੁਖ ਨਾ ਕਰਨਾ ਪਵੇ। ਪੁੱਤ ਮਾਂ ਦੀ ਜ਼ਿੰਦਗੀ ਦੇ ਅੰਤਿਮ ਪਲਾਂ ਤਕ ਵੀ ਪਹੁੰਚ ਨਾ ਸਕਿਆ।
ਵਹਿਮਾਂ ਭਰਮਾਂ ਨੂੰ ਨਕਾਰਦੇ ਹੋਏ, ਵਿਗਿਆਨਕ ਸੋਚ ਦੇ ਧਾਰਨੀ ਇਸ ਪਰਿਵਾਰ ਵਿੱਚ ਵੀਰ ਵੱਲੋਂ ਭਾਬੀ ਦੀ ਅੰਤਿਮ ਵਿਦਾਇਗੀ ਬਿਨਾਂ ਧਾਰਮਿਕ ਰਸਮਾਂ ਦੇ ਹੀ ਕੀਤੀ ਗਈ। ਸਾਡੇ ਵੱਡੇ ਭੈਣ ਜੀ ਦੀ ਛੋਟੀ ਬੇਟੀ ਸ਼ਰਨ ਨਾਲ ਭਾਬੀ ਜੀ ਮਾਂ-ਬੇਟੀ ਵਾਂਗ ਨੇੜਤਾ ਰੱਖਦੇ ਰਹੇ, ਤੇ ਉਸੇ ਨੇ ਮਾਮੀ ਨੂੰ ਅਗਨੀ ਭੇਂਟ ਕੀਤਾ। ਬੇਸ਼ਕ ਪਤਾ ਹੈ ਜੀਣਾ ਝੂਠ ਤੇ ਮਰਨਾ ਸੱਚ ਹੈ ਪਰ ਆਪਣਿਆਂ ਦਾ ਦੁੱਖ ਜਰਨਾ ਸੌਖਾ ਨਹੀਂ ਹੁੰਦਾ। ਪਿਆਰ ਤੇ ਦੁੱਖ ਦੇ ਮਿਲੇ ਜੁਲੇ ਅਨੁਭਵ ਨਾਲ ਜਾਣ ਵਾਲੇ ਦਾ ਸਾਰਾ ਜ਼ਿੰਦਗੀਨਾਮਾ ਅੱਖਾਂ ਅੱਗੇ ਘੁੰਮਣ ਲਗਦਾ ਹੈ।
ਭਾਬੀ ਦੇ ਇੱਕ ਭਤੀਜੇ ਨੇ ਭਾਵੁਕ ਹੁੰਦਿਆਂ ਆਪਣੀ ਭੂਆ ਬਾਰੇ ਦੱਸਿਆ, “ਸਾਡੀ ਭੂਆ ਧੱਤਲ ਪਿੰਡ (ਤਰਨਤਾਰਨ) ਦੀ ਪਹਿਲੀ ਲੜਕੀ ਸੀ ਜੋ ਸਕੂਲ ਗਈ। ਛੇਵੀਂ ਜਮਾਤ ਤੋਂ ਬਾਅਦ ਹੀ ਹੋਸਟਲ ਵਿੱਚ ਰਹਿ ਕੇ ਪੜ੍ਹਾਈ ਕੀਤੀ। ਪਹਿਲੀ ਲੜਕੀ ਜੋ ਪ੍ਰੋਫੈਸ਼ਨਲ ਕੋਰਸ ਕਰਕੇ ਸਰਕਾਰੀ ਨੌਕਰੀ ਵਿੱਚ ਆਈ। ਉਹ ਸਿਹਤ ਵਿਭਾਗ ਵਿੱਚ ਐੱਲ ਐੱਚ ਵੀ ਦੀ ਪੋਸਟ ’ਤੇ ਸੀ।
ਭਾਬੀ ਦੇ ਪਿਤਾ ਜੀ ਕਾਮਰੇਡ ਸਨ। ਸਾਡੇ ਪਿਤਾ ਜੀ ਦੇ ਹਮ ਖਿਆਲੀ ਤੇ ਦੋਸਤ ਹੋਣਾ ਹੀ ਇਹਨਾਂ ਦੇ ਰਿਸ਼ਤੇ ਦਾ ਸਬੱਬ ਬਣਿਆ। ਵੀਰ ਜੀ ਪਿੰਜੌਰ ਐੱਚ ਐੱਮ ਟੀ ਫੈਕਟਰੀ ਵਿੱਚ ਕੰਮ ਕਰਦੇ ਸਨ ਤੇ ਇਹਨਾਂ ਦੀ ਪੋਸਟਿੰਗ ਲੁਧਿਆਣਾ (ਪੰਜਾਬ) ਵਿੱਚ ਸੀ। ਜ਼ਿੰਦਗੀ ਦਾ ਇਮਤਿਹਾਨ ਤਾਂ ਇੱਥੇ ਹੀ ਸ਼ੁਰੂ ਹੋ ਗਿਆ। ਭਾਬੀ ਨੇ ਨੌਕਰੀ ਛੱਡ ਦਿੱਤੀ ਤੇ ਦੋਵੇਂ ਜੀਅ ਇਕੱਠੇ ਰਹਿਣ ਲੱਗੇ। ਖੱਬੇ-ਪੱਖੀ ਸਿਧਾਂਤਾਂ ਦੀ ਹਾਮੀ ਭਰਦੇ, ਵੀਰ ਜੀ ਵਰਕਰ ਯੂਨੀਅਨ ਦੇ ਪ੍ਰਧਾਨ ਸਨ। ਆਰਥਿਕ ਤੰਗੀ-ਤੁਰਸ਼ੀਆਂ ਝੱਲਦਿਆਂ ਉਹ ਯੂਨੀਅਨ ਦੇ ਦਫਤਰ ਵਿੱਚ ਰਹਿੰਦੇ ਰਹੇ। ਹਰ ਤਰ੍ਹਾਂ ਦੇ ਕੰਮਾਂ ’ਤੇ ਸੰਘਰਸ਼ ਵਿੱਚ ਭਾਬੀ ਦਾ ਪੂਰਾ ਯੋਗਦਾਨ ਹੁੰਦਾ ਸੀ।
ਅੱਜ-ਕੱਲ੍ਹ ਮੇਰੇ ਵੀਰ ਅਭੈ ਸਿੰਘ ਸਾਹਿਤਕ ਖੇਤਰ ਨਾਲ ਜੁੜੇ ਵਧੀਆ ਲੇਖਕ ਨੇ, ਭਾਬੀ ਬਹੁਤ ਵਧੀਆ ਪਾਠਕ ਸੀ। ਜਦੋਂ ਵੀ ਵੀਰ ਦੀ ਰਚਨਾ ਛਪਦੀ, ਮੈਂਨੂੰ ਫੋਨ ਕਰਕੇ ਦੱਸਣਾ, “ਤੇਰੇ ਵੀਰ ਜੀ ਦਾ ਅੱਜ ਲੇਖ ਲੱਗਾ ਹੈ, ਸਵੇਰ ਤੋਂ ਪਾਠਕਾਂ ਨਾਲ ਗੱਲਬਾਤ ਤੇ ਬਹਿਸ ਚੱਲ ਰਹੀ ਹੈ, ਤੂੰ ਵੀ ਪੜ੍ਹ ਲਵੀਂ।”
ਵੀਰ ਜੀ ਮੇਰਾ ਲੇਖ ਪੜ੍ਹ ਕੇ ਅਕਸਰ ਕਹਿੰਦੇ, “ਤੂੰ ਤਾਂ ਵਧੀਆ ਲਿਖ ਲੈਂਦੀ ਹੈਂ।”
ਕਰੋਨਾ ਦਾ ਸੰਕਟ ਟਲਿਆ ਤਾਂ ਵਿਦੇਸ਼ਾਂ ਦੇ ਲਾਂਘੇ ਖੁੱਲ੍ਹ ਜਾਣ ’ਤੇ ਇਹਨਾਂ ਦਾ ਬੇਟਾ ਮਾਂ ਦੇ ਤੁਰ ਜਾਣ ਤੋਂ 11 ਮਹੀਨੇ ਬਾਅਦ ਇੰਡੀਆ ਆਇਆ। ਵੀਰ ਜੀ ਬੇਟੇ ਨੂੰ ਦਿੱਲੀ ਤੋਂ ਲੈ ਕੇ ਆਏ। ਅਜੇ ਤਾਲਾ ਖੋਲ੍ਹ ਕੇ ਅੰਦਰ ਵੜੇ ਹੀ ਸੀ ਕਿ ਮੇਰਾ ਫੋਨ ਚਲਾ ਗਿਆ, “ਆ ਗਏ ਮੁੰਡੇ ਨੂੰ ਲੈ ਕੇ?”
ਵੀਰ ਜੀ ਦੀ ਭੁੱਬ ਨਿਕਲ ਗਈ, “ਉਹ ਪੁੱਤ ਨੂੰ ਉਡੀਕਦਿਆਂ ਤੁਰ ਗਈ ਹੁਣ ਇਸ ਨੂੰ ਮਾਂ ਨਹੀਂ ਮਿਲੀ।”
ਉਦੋਂ ਵੀਰ ਨੇ ਇੱਕ ਗੈਰ ਧਾਰਮਿਕ ਸ਼ੋਕ ਸਮਾਗਮ ਦੀ ਯੋਜਨਾ ਉਲੀਕੀ ਸੀ ਪਰ ਕਰੋਨਾ ਕਾਰਨ ਨੇਪਰੇ ਨਾ ਚੜ੍ਹ ਸਕੀ। ਹੁਣ ਬੇਟੇ ਦੇ ਆ ਜਾਣ ’ਤੇ ਕੱਲ੍ਹ (28 ਨਵੰਬਰ) ਨੂੰ ਪਰਿਵਾਰਕ ਤੇ ਆਪਸੀ ਸਾਂਝ ਸੰਗਠਨ ਸਮਾਗਮ ਕਰਕੇ ਭਾਬੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਯਾਦ ਕੀਤਾ ਜਾਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3169)
(ਸਰੋਕਾਰ ਨਾਲ ਸੰਪਰਕ ਲਈ: