KulminderKaur7“ਇਹਨਾਂ ਸੋਚਾਂ ਦੇ ਵਹਿਣਾਂ ਵਿੱਚ ਖੁੱਭੀ ਹੋਈ ਸਾਂ ਕਿ ਉੱਪਰੋਂ ਕਿਰਾਏਦਾਰ ਦਾ ਲੜਕਾ ...”
(19 ਮਈ 2017)

 

ਨਵੇਂ ਸਾਲ ਦੀ ਖੁਸ਼ਆਮਦੀਦ ਦੇ ਪਹਿਲੇ ਦਿਨ ਆਦਤਨ ਆਮ ਵਾਂਗ ਮੈਂ ਸਵੇਰੇ ਜਲਦੀ ਉੱਠ ਕੇ ਚਾਹ ਦਾ ਕੱਪ ਲੈ, ਡਰਾਇੰਗ ਰੂਮ ਵਿੱਚ ਗਈ। ਕਮਰੇ ਦੇ ਪਰਦੇ ਪਾਸੇ ਕੀਤੇ ਤਾਂ ਬਾਹਰ ਗਲੀ ਵਿੱਚ ਸੜਕ ਦੇ ਇੱਕ ਪਾਸੇ ਅੱਜ ਦੇ ਯੁੱਗ ਦੀ ਕਹਾਣੀ ਬਿਆਨ ਕਰਦੀ ਕਾਰਾਂ ਦੀ ਲੰਬੀ ਕਤਾਰ ਤੋਂ ਪਹਿਲਾਂ ਮੇਰੀ ਨਜ਼ਰ ਮੇਰੇ ਹੀ ਘਰ ਦੇ ਵਿਹੜੇ ਵਿੱਚ ਖੜ੍ਹੇ ਨਵੇਂ ਸਾਈਕਲ ਤੇ ਟਿਕ ਗਈ। ਜ਼ਾਹਿਰ ਸੀ ਕਿ ਉੱਪਰਲੀ ਮੰਜ਼ਿਲ ’ਤੇ ਰਹਿੰਦੇ ਕਿਰਾਏਦਾਰ ਹੀ ਰਾਤ ਖਰੀਦ ਕੇ ਲਿਆਏ ਹਨ।

ਇਸ ਸਾਈਕਲ ਨੂੰ ਆਪਣੇ ਵਿਹੜੇ ਵਿੱਚ ਵੇਖ, ਮੇਰੇ ਮਨ-ਪੰਖੇਰੂ ਨੇ ਯਾਦਾਂ ਦੇ ਖੰਭ ਖਿਲਾਰ ਲਏ ਤੇ ਮੈਨੂੰ ਚੇਤੇ ਆਇਆ, ਅੱਜ ਤੋਂ ਪੰਜ ਦਹਾਕੇ ਪਹਿਲਾਂ ਦਾ ਸਮਾਂ ਜਦੋਂ ਸਭ ਤੋਂ ਵਧੀਆ ਤੇ ਤੇਜ਼ ਸਪੀਡ ਵਾਲਾ ਆਵਾਜਾਈ ਦਾ ਸਾਧਨ ਸਾਈਕਲ (ਵਾਤਾਵਰਣ-ਮਿੱਤਰ) ਹੀ ਸੀ। ਸਾਡੇ ਘਰ ਵਿੱਚ ਮੇਰੇ ਪਿਤਾ ਜੀ ਦਾ ਇੱਕ ਸਾਈਕਲ ਸੀ। ਉਹ ਰੋਜ਼ ਪਿੰਡ ਤੋਂ ਚਾਰ ਮੀਲ ਦੂਰ ਸ਼ਹਿਰ ਆਪਣੀ ਡਾਕਟਰੀ (ਵੈਦ) ਦੀ ਦੁਕਾਨ ’ਤੇ ਜਾਂਦੇ ਸਨ। ਸ਼ਾਮ ਨੂੰ ਘਰ ਆਉਂਦੇ ਤਾਂ ਅਸੀਂ ਦੂਰੋਂ ਹੀ ਸਾਈਕਲ ਫੜਨ ਲਈ ਭੱਜਦੇਸਾਰਾ ਸਮਾਨ ਉਤਾਰ ਕੇ ਵਰਾਂਡੇ ਵਿੱਚ ਖੜ੍ਹਾ ਕਰਦੇ। ਕਾਰ ਤੋਂ ਵੱਧ ਦੇਖ-ਭਾਲ ਉਦੋਂ ਸਾਈਕਲ ਦੀ ਹੁੰਦੀ ਸੀ। ਅਸੀਂ ਵੱਡੀਆਂ ਜਮਾਤਾਂ ਵਿੱਚ ਸ਼ਹਿਰ ਪੜ੍ਹਨ ਲੱਗੇ ਤਾਂ ਇੱਕ ਸਾਈਕਲ ਘਰ ਵਿੱਚ ਹੋਰ ਆਇਆ। ਇੱਕ, ਦੋ ਵੱਡੇ ਭਰਾਵਾਂ ਲਈ ਤੇ ਮੈਨੂੰ ਪਿਤਾ ਜੀ ਮਗਰਲੀ ਕਾਠੀ ’ਤੇ ਬਿਠਾ ਲੈਂਦੇ। ਰਸਤੇ ਵਿੱਚ ਇੱਕ ਰੋਹੀ ਪੈਂਦੀ ਸੀ। ਪਿਤਾ ਜੀ ਮੋਢੇ ਤੇ ਸਾਇਕਲ ਚੁੱਕ ਕੇ ਵਾਰੀ-ਵਾਰੀ ਪਾਰ ਲੰਘਾਉਂਦੇ।

ਆਪਣੇ ਭਰਾਵਾਂ ਵਾਂਗ ਸਾਈਕਲ ਚਲਾਉਣ ਦੀ ਰੀਝ ਮੇਰੇ ਮਨ ਵਿੱਚ ਜਾਗਦੀ। ਕਈ ਵੇਰ ਵਿਹੜੇ ਵਿੱਚ ਖੜ੍ਹਾ ਕਰਕੇ ਮੇਰਾ ਭਰਾ ਫੜਦਾ, ਮੈਂ ਖੁਰਲੀ ਦੇ ਨਾਲ ਗੱਡੇ ਕਿੱਲੇ ’ਤੇ ਪੈਰ ਧਰ ਕੇ ਕਾਠੀ ’ਤੇ ਬੈਠ ਪੈਡਲ ਮਾਰਦੀ ਰਹਿੰਦੀ। ਜਲਦੀ ਹੀ ਮੈਂ ਕੈਂਚੀ ਮਾਰ ਕੇ ਗਲੀਆਂ ਵਿੱਚ ਸਾਈਕਲ ਚਲਾਉਣ ਲੱਗੀ ਪਰ ਉੱਪਰ ਕਾਠੀ ’ਤੇ ਚੜ੍ਹਨ ਵਿੱਚ ਮੂਹਰਲਾ ਡੰਡਾ ਮੇਰੀ ਅੜਚਨ ਬਣ ਗਈ। ਜਲੰਧਰ ਹੋਸਟਲ ਵਿੱਚ ਬੀ.ਐੱਸ.ੀ ਦੌਰਾਨ ਪਤਾ ਲੱਗਾ ਕਿ ਹੁਣ ਚੱਲੇ ਲੇਡੀ ਸਾਈਕਲ ਵਿੱਚ ਮੇਰੇ ਲਈ ਮੁਸੀਬਤ ਬਣਿਆ ਅਗਲਾ ਡੰਡਾ ਗਾਇਬ ਹੈ। ਜਦ ਐੱਮ.ਐੱਸ.ਸੀ ਕਰਨ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੀ ਤਾਂ ਹੋਸਟਲ ਤੋਂ ਮੇਰੇ ਐਂਥਰੋਪੌਲੋਜੀ ਵਿਭਾਗ ਤੱਕ ਪੈਦਲ ਰਸਤਾ ਮਸਾਂ ਦੱਸ ਮਿੰਟ ਦਾ ਸੀ। ਮੇਰੀ ਇੱਕ ਜਮਾਤਣ ਘਰੋਂ ਸਾਈਕਲਤੇ ਆਉਂਦੀ ਸੀ। ਮੇਰੇ ਮਨ ਵਿੱਚ ਵੀ ਪ੍ਰਬਲ ਇੱਛਾ ਜਾਗੀ ਕਿ ਹੋਸਟਲ ਵਿੱਚ ਆਪਣਾ ਸਾਈਕਲ ਰੱਖਾਂ, ਪਰ ਘਰ ਦਿਆਂ ਅੱਗੇ ਮੰਗ ਰੱਖਣੀ ਖਾਲਾ ਜੀ ਦਾ ਵਾੜਾ ਨਹੀਂ ਸੀ।

ਸੈਕਿੰਡ ਯੀਅਰ ਵਿੱਚ ਪਤਾ ਲੱਗਾ ਕਿ ਨੰਬਰਾਂ ਦੇ ਅਧਾਰਤੇ ਲੋਨ ਸ਼ਕਾਲਰਸ਼ਿੱਪ ਮਿਲ ਸਕਦਾ ਹੈ। ਮੈਂ ਆਪਣੇ ਵੱਡੇ ਭਰਾ ਨਾਲ ਗੱਲ ਸਾਂਝੀ ਕੀਤੀ ਤੇ ਇਸ ਤੋਂ ਅੱਗੇ ਉਸਨੇ ਮੇਰੀ ਮਦਦ ਕੀਤੀ। ਉਹ ਪਿੰਡ ਗਿਆ ਤੇ ਮੇਰੇ ਹੋਸਟਲ ਦੇ ਖਰਚੇ ਦੇ ਨਾਲ ਹੀ 400 ਰੁਪਏ ਵੱਧ ਲੈ ਆਇਆ। ਪਿਤਾ ਜੀ ਨੂੰ ਸ਼ਾਇਦ ਮੇਰਾ ਸਕਾਲਰਸ਼ਿੱਪ ਮਿਲਣਾ ਭਾਅ ਗਿਆ ਸੀ। ਉਂਝ ਜੇਕਰ ਉਹ ਆਕੇ ਹੋਸਟਲ ਤੋਂ ਵਿਭਾਗ ਦੀ ਦੂਰੀ ਵੇਖਦੇ ਤਾਂ ਇਸ ਨੂੰ ਮੇਰੀ ਅਯਾਸ਼ੀ ਸਮਝ ਕੇ ਝਿੜਕ-ਝੰਬ ਜ਼ਰੂਰ ਕਰਦੇ। ਵਿਭਾਗ ਤੋਂ ਕਾਗਜ਼ੀ ਕਾਰਵਾਈ ਪੂਰੀ ਕਰਵਾ ਕੇ ਸਬੰਧਿਤ ਦਫਤਰ ਤੋਂ ਮੈਂ 500 ਰੁਪਏ ਵਸੂਲ ਪਾਏ। 900 ਰੁਪਏ ਵਿੱਚ ਨਕਦ ਸਾਈਕਲ ਖਰੀਦ ਕੇ ਟੋਕਰੀ. ਸਟੈਂਡ ਤੇ ਘੰਟੀ ਲਗਵਾ ਕੇ ਹੋਸਟਲ ਦੇ ਸਟੈਂਡ ’ਤੇ ਸੰਗਲੀ ਨਾਲ ਬੰਨ੍ਹ ਲਿਆ।

ਹੁਣ ਸਾਈਕਲ (ਵਾਤਾਵਰਣ ਮਿੱਤਰ) ਮੇਰਾ ਸੱਚਾ ਸਾਥੀ ਬਣ ਗਿਆ। ਉਸ ਉੱਪਰ ਸਾਰੀ ਯੂਨੀਵਰਸਿਟੀ ਵਿੱਚ ਘੁੰਮਣਾ, ਨੇੜੇ ਦੀ ਮਾਰਕੀਟ ਪਾਰਕ ਤੇ ਲਾਈਬਰੇਰੀ ਜਾਣਾ। ਵਿਭਾਗ ਵੱਲ ਸਾਈਕਲ ’ਤੇ ਆਉਂਦੇ-ਜਾਂਦੇ ਸਮੇਂ ਕਈ ਮਨਚਲੇ ਜਵਾਨ ਲੜਕੇ ਮੈਨੂੰ ਰਸਤਾ ਦਿੰਦੇ ਤੇ ਦਬਵੀਂ ਅਵਾਜ਼ ਵਿੱਚ ਕੋਈ ਕੁਮੈਂਟ ਵੀ ਕੱਸਦੇ। ਮੈਂ ਪਿੰਡ ਦੀ ਹੁੰਦੜ-ਹੇਲ, ਮਗਰੂਰ ਕੁੜੀ ਕਿਸੇ ਨੂੰ ਟਿੱਚ ਨਾ ਜਾਣਦੀ, ਤੇ ਹਵਾ ਨਾਲ ਗੱਲਾਂ ਕਰਦੀ ਸਭ ਨੂੰ ਪਿੱਛੇ ਛੱਡ ਜਾਂਦੀ। ਐੱਮ.ਐੱਸ.ਸੀ. ਦਾ ਆਖਰੀ ਵਰ੍ਹਾ ਹੋਣ ਕਰਕੇ ਵਿਦਾਇਗੀ ਪਾਰਟੀ ਦਾ ਦਿਨ ਆ ਗਿਆ। ਹਾਸਾ-ਠੱਠਾ, ਮਜ਼ਾਕ ਤੇ ਖੁਸ਼ਗਵਾਰ ਮਾਹੌਲ ਵਿੱਚ ਪ੍ਰੋਫੈਸਰਾਂ ਤੇ ਸਹਿਪਾਠੀਆਂ ਨੂੰ ਉਹਨਾਂ ਦੇ ਸੁਭਾਅ, ਆਦਤਾਂ ਤੇ ਸਖਸ਼ੀਅਤ ਅਨੁਸਾਰ ਕਿਸੇ ਨਾ ਕਿਸੇ ਟੋਟਕੇ ਨਾਲ ਵੀ ਨਿਵਾਜਿਆ ਗਿਆ। ਮੇਰੀ ਵਾਰੀ ਤੇ ਇੱਕ ਸ਼ੇਅਰ ਅਰਜ਼ ਹੋਇਆ:

ਦੁਨੀਆਂ ਜਲਤੀ ਹੈ, ਤੋਂ ਜਲਨੇ ਦੋ,
ਲੇਡੀ ਸਾਈਕਲ ਕਾ ਪਹੀਆ ਚਲਨੇ ਦੋ।

ਅਤੀਤ ਦੇ ਅਜਿਹੇ ਹੁਸੀਨ ਪਲਾਂ ਦੀ ਯਾਦ ਹੀ ਹੁਣ ਸਰੀਰਕ ਥਕਾਵਟ ਤੇ ਅਕੇਵੇਂ ਭਰੀ ਜ਼ਿੰਦਗੀ ਵਿੱਚ ਤਾਜ਼ਗੀ ਦੇ ਰੰਗ ਭਰਦੀ ਹੈ।

ਚੰਡੀਗੜ੍ਹ ਦੀਆਂ ਸਾਫ-ਸੁਥਰੀਆਂ ਤੇ ਖੁੱਲ੍ਹੀਆਂ ਸੜਕਾਂ ’ਤੇ ਸਾਈਕਲ ਚਲਾਉਣ ਦੀ ਜੋ ਮੁਹਾਰਤ ਹਾਸਲ ਕੀਤੀ, ਉਹ ਮੇਰੇ ਬਹੁਤ ਕੰਮ ਆਈ। ਵਿਆਹ ਤੋਂ ਬਾਅਦ ਨੌਕਰੀ ਮਿਲੀ ਤਾਂ ਦੂਰ-ਨੇੜੇ, ਪਿੰਡਾਂ ਦੇ ਸਕੂਲਾਂ ਵਿੱਚ ਜਾਣ ਲਈ ਕੱਚੇ ਰਾਹਾਂ, ਪਗਡੰਡੀਆਂ ਤੇ ਡਾਂਡੇ-ਮੀਂਡੇ (ਸ਼ਾਰਟ-ਕੱਟ) ਰਾਹਾਂ ’ਤੇ ਵੀ ਮੇਰਾ ਸਾਈਕਲ ਚੱਲਦਾ ਰਿਹਾ। ਵੱਡੇ ਸ਼ਹਿਰਾਂ ਵਿੱਚ ਭੀੜਾਂ ਨੂੰ ਚੀਰਦੀ ਲੰਘਦੀ ਰਹੀ। ਕਿਸੇ ਸਟਾਪ ਤੋਂ ਬੱਸ ਲੈਣੀ ਹੁੰਦੀ ਤਾਂ ਸਾਈਕਲ ਤੇ ਉੱਥੇ ਪਹੁੰਚਦੀ ਵਾਪਸੀ ਤੇ ਇਹ ਘਰ ਦੇ ਸਮਾਨ ਨਾਲ ਲੱਦਿਆ ਹੁੰਦਾ। ਇਸ ਤਰ੍ਹਾਂ ਕਈ ਦਹਾਕੇ ਮੈਂ ਇਸਦਾ ਸਾਥ ਮਾਣਿਆ। ਰਿਟਾਇਰਮੈਂਟ ਤੋਂ ਬਾਅਦ ਇਸਦੀ ਵਰਤੋਂ ਘੱਟ ਹੋ ਗਈ। ਫਿਰ ਜਦੋਂ ਵੱਡੇ ਸ਼ਹਿਰ ਮੋਹਾਲੀ ਵਿੱਚ ਆਣ ਵਸੇ ਤਾਂ ਉੱਥੇ ਹੀ ਕਿਸੇ ਲੋੜਵੰਦ ਨੂੰ ਦੇ ਆਈ।

ਉਸ ਸਾਈਕਲ ਦੀ ਬਦੌਲਤ ਹੀ ਸ਼ਾਇਦ ਮੇਰੇ ਗੋਡਿਆਂ ਤੇ ਹੁਣ ਤੱਕ ਕਿਰਪਾ ਬਣੀ ਹੋਈ ਹੈ। ਇਹਨਾਂ ਸੋਚਾਂ ਦੇ ਵਹਿਣਾਂ ਵਿੱਚ ਖੁੱਭੀ ਹੋਈ ਸਾਂ ਕਿ ਉੱਪਰੋਂ ਕਿਰਾਏਦਾਰ ਦਾ ਲੜਕਾ ਆਇਆ ਤੇ ਸਾਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਮੁਬਾਰਕਵਾਦ ਦਿੰਦਿਆਂ, ਅਸੀਂ ਉਸ ਦੇ ਸਾਈਕਲ ਰੱਖਣ ਦੇ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ। ਉਸ ਕਿਹਾ, “ਆਂਟੀ! ਮੇਰੇ ਕੰਮ ਵਾਲੀ ਜਗ੍ਹਾ ਦੂਰ ਨਹੀਂ ਹੈ ਅਤੇ ਹੋਰ ਨੇੜੇ-ਤੇੜੇ ਜਾਣਾ ਹੋਵੇ ਤਾਂ ਠੀਕ ਹੈ, ਸਿਹਤ ਦਾ ਵੀ ਸੁਧਾਰ ਹੋਵੇਗਾ। ਲੜਕੇ ਦੀ ਇਸ ਸੋਚ ਤੇ ਰਸ਼ਕ ਕਰਦਿਆਂ ਮਨ ਵਿੱਚ ਵਿਚਾਰ ਉੱਠੇ ਕਿ ਕਾਸ਼! ਇਹ ਨੌਜਵਾਨ ਪੀੜ੍ਹੀ ਇਸ ‘ਵਾਤਾਵਰਣ-ਮਿੱਤਰ’ ਨਾਲ ਨਾਤਾ ਜੋੜ ਲਵੇ ਤੇ ਘਰ ਵਿੱਚ ਇੱਕ ਹੋਰ ਕਾਰ ਲੈ ਕੇ ਆਉਣ ਦੀ ਬਜਾਏ ਸਾਈਕਲ ਰੱਖਣ ਨੂੰ ਤਰਜੀਹ ਦੇਵੇ। ਇਸ ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੇ ਤੇ ਸਿਹਤ ਵੀ ਬਰਕਰਾਰ ਰਹੇ।

*****

(706)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author