“ਆਂਟੀ, ਤੁਸੀਂ ਦੋਵੇਂ ਜਣੇ ਟੈਸਟ ਕਰਵਾ ਲਉ, ਕੇਸ ਬਹੁਤ ਵਧ ਗਏ ਹਨ। ਹਾਲਾਤ ਕਾਫੀ ਖਰਾਬ ਨੇ ...”
(4 ਅਗਸਤ 2021)
ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਮਈ ਦੇ ਦੂਜੇ ਹਫਤੇ ਵਿੱਚ ਪਹਿਲੀ ਵਾਰ ਦਿਮਾਗ ਸੁੰਨ ਹੋ ਗਏ ਜਦੋਂ ਸਭ ਤੋਂ ਵੱਧ ਮੌਤਾਂ ਦੀਆਂ ਖਬਰਾਂ ਸੁਣੀਆਂ। ਉਸ ਵਿਕਰਾਲ ਸਮੇ ਵਿੱਚ ਇੱਕੋ ਦਿਨ ਵਿਦੇਸ਼ ਵਸਦੇ ਭਤੀਜੇ, ਭਾਣਜੇ ਅਤੇ ਮੇਰੇ ਆਪਣੇ ਬੱਚਿਆਂ ਦੇ ਫੋਨ ਆਏ। ਖਬਰਾਂ ਦੇ ਹਵਾਲੇ ਨਾਲ ਉਹ ਕਹਿ ਰਹੇ ਸਨ, ਸੰਸਾਰ ਪ੍ਰਸਿੱਧ ਟਾਈਮ ਮੈਗਜ਼ੀਨ ਦੇ ਟਾਈਟਲ ਪੰਨੇ ’ਤੇ ਸ਼ਮਸ਼ਾਨ ਘਾਟ ਵਿੱਚ ਜਲਦੀਆਂ ਲਾਸ਼ਾਂ ਦੀ ਤਸਵੀਰ ਪ੍ਰਕਾਸ਼ਿਤ ਹੋਣ ਨਾਲ ਸਮੁੱਚੇ ਸੰਸਾਰ ਵਿੱਚ ਸਾਡੇ ਮੁਲਕ ਦੀ ਸਾਖ ਡਿੱਗੀ ਹੈ।
ਆਪਣੀ ਜਨਮ-ਭੋਏਂ ਵਿੱਚ ਫੈਲੀ ਮਹਂਮਾਰੀ ਨੂੰ ਕੌਮਾਂਤਰੀ ਸਮੱਸਿਆ ਦੇ ਤੌਰ ’ਤੇ ਵੇਖੇ ਜਾਣ ਕਰਕੇ ਚਿੰਤਾ ਕਰਦੇ ਹੋਏ ਉਹ ਸਾਡੇ ਲਈ ਫਿਕਰਮੰਦ ਹੋ ਰਹੇ ਸਨ। ਦੱਸ ਰਹੇ ਸਨ ਕਿ ਇੱਥੇ ਸਰਕਾਰਾਂ ਨੇ ਆਪਣੇ ਨਾਗਰਿਕਾਂ ਦੀ ਸਮਾਜਿਕ ਅਤੇ ਆਰਥਿਕ ਮਹਾਜ਼ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਰੁਜ਼ਗਾਰ ਖੁੱਸ ਜਾਣ ’ਤੇ ਮੁਆਵਜ਼ਾ ਅਤੇ ਬਜ਼ੁਰਗਾਂ ਦੇ ਪੈਨਸ਼ਨ ਖਾਤੇ ਵਿੱਚ ਦੁੱਗਣੇ ਪੈਸੇ ਪਾਏ ਜਾਂਦੇ ਹਨ। ਉਦਾਸੀ ਦੇ ਆਲਮ ਵਿੱਚ ਉਹਨਾਂ ਦਾ ਕਹਿਣਾ ਸੀ, ਲਗਦਾ ਹੈ ਸਾਡੇ ਤੋਂ ਇਸ ਸਾਲ ਵੀ ਇੰਡੀਆ ਨਹੀਂ ਆਇਆ ਜਾਣਾ। ਮੈਂ ਉਨ੍ਹਾਂ ਨੂੰ ਜਿੱਥੇ ਵੀ ਰਹੋ, ਠੀਕਠਾਕ ਤੇ ਸੁਰੱਖਿਅਤ ਰਹੋ, ਦਾ ਅਸ਼ੀਰਵਾਦ ਦੇ ਕੇ ਫੋਨ ਰੱਖ ਦਿੰਦੀ। ਉਸ ਸਮੇਂ ਬੱਚਿਆਂ ਦੇ ਵਿਦੇਸ਼ ਤੁਰ ਜਾਣ ਦੇ ਝੋਰੇ ਤੋਂ ਤਾਂ ਮੈਂ ਮੁਕਤ ਹੋ ਗਈ ਪਰ ਉਨ੍ਹਾਂ ਦੇ ਆਪਣੇ ਹੀ ਘਰ ਤੇ ਮੁਲਕ ਨਾ ਆ ਸਕਣ ਦਾ ਦਰਦ ਮੈਂਨੂੰ ਜ਼ਰੂਰ ਸਤਾਉਣ ਲੱਗਾ। ਪਿਛਲੇ ਦੋ ਸਾਲਾਂ ਤੋਂ ਅਸੀਂ ਵੀ ਮਿਲਣ ਦੀ ਤਾਂਘ ਲਾਈ ਬੈਠੇ ਹਾਂ।
ਇਸੇ ਕਸ਼ਮਕਸ਼ ਵਿੱਚ ਮੇਰੇ ਮਨ ਦੀ ਸਥਿਤੀ ਡਾਵਾਂਡੋਲ ਹੋ ਰਹੀ ਸੀ। ਸਿਹਤ ਵੀ ਥੋੜ੍ਹੀ ਨਾਸਾਜ਼ ਸੀ। ਦਿਮਾਗ ਦੀਆਂ ਨਾੜਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਚ ਮੈਂ ਬਾਹਰ ਜਾ ਕੇ ਪੌਦਿਆਂ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਇੱਧਰ ਉੱਧਰ ਨਿਗਾਹ ਘੁਮਾ ਰਹੀ ਸੀ ਕਿ ਉਸੇ ਪਲ ਦਫਤਰ ਤੋਂ ਆ ਰਹੀ ਮੇਰੀ ਗੁਆਂਢਣ ਮੇਰੇ ਕੋਲ ਰੁਕ ਗਈ। ਆਉਂਦੇ ਜਾਂਦੇ ਉਹ ਅਕਸਰ ਹੀ ਸਾਡਾ ਹਾਲ-ਚਾਲ ਪੁੱਛ ਲੈਂਦੀ, ਜੋ ਸਾਨੂੰ ਅੱਛਾ ਲੱਗਦਾ। ਵੈਸੇ ਵੀ ਮੈਂ ਆਪਣਾ ਬੋਝਲ ਮਨ ਹਲਕਾ ਕਰਨਾ ਚਾਹ ਰਹੀ ਸੀ। ਉਸਦੇ ਪੁੱਛਣ ਤੇ ਕਿ ਆਂਟੀ ਕੀ ਹਾਲ ਹੈ. ਮੇਰੇ ਤੋਂ ਇੱਕਦਮ ਕਹਿ ਹੋ ਗਿਆ, “ਵੇਖ, ਤੇਰੇ ਅੰਕਲ ਬਾਰੇ ਤਾਂ ਤੈਨੂੰ ਪਤਾ ਹੀ ਹੈ ਬਦਲਦੇ ਮੌਸਮ ਵਿੱਚ ਉਹਨਾਂ ਨੂੰ ਐਲਰਜੀ ਕਾਰਨ ਸਾਹ ਦੀ ਤਕਲੀਫ਼ ਹੋ ਜਾਂਦੀ ਹੈ, ਦਵਾਈ ਲੈ ਰਹੇ ਹਨ। ਅੱਜ ਪਤਾ ਨਹੀਂ ਕਿਉਂ ਮੇਰਾ ਵੀ ਮਨ ਉਚਾਟ ਹੈ ਤੇ ਗਲੇ ਵਿੱਚ ਖਰਖਰੀ ਜਿਹੀ ਹੋ ਰਹੀ ਹੈ।”
ਇਹ ਗੱਲ ਸੁਣਦੇ ਹੀ ਉਸ ਗਵਾਂਢਣ ਕੁੜੀ ਨੇ ਮੇਰੇ ਬੇਜ਼ਾਰ ਦਿਲ ਦਾ ਹਾਲ ਤਾਂ ਕੀ ਜਾਣਨਾ ਸੀ, ਬੱਸ ਯੂ-ਟਰਨ ਲੈ ਕੇ ਆਪਣੇ ਅੰਦਰ ਵੜ ਗਈ ਤੇ ਦੋਵੇਂ ਗੇਟ ਬੰਦ ਕਰ ਲਏ। ਫਿਰ ਪਹਿਲੀ ਮੰਜ਼ਿਲ ਦੀ ਗੈਲਰੀ ਵਿੱਚ ਖੜ੍ਹੀ ਹੋ ਕੇ ਉਸਨੇ ਉੱਚੀ ਦੇਣੇ ਕਿਹਾ, “ਆਂਟੀ, ਤੁਸੀਂ ਦੋਵੇਂ ਜਣੇ ਟੈਸਟ ਕਰਵਾ ਲਉ, ਕੇਸ ਬਹੁਤ ਵਧ ਗਏ ਹਨ। ਹਾਲਾਤ ਕਾਫੀ ਖਰਾਬ ਨੇ।”
ਉਸਦੀ ਇਹ ਸਲਾਹ ਸੁਣ ਕੇ ਮੈਂ ਅੰਦਰ ਆ ਗਈ। ਆਪਣੇ ਵਜੂਦ ਨਾਲ ਸੰਵਾਦ ਰਚਾ, ਸਵਾਲ ਕਰਦੀ ਹਾਂ ਕਿ ਇਹ ਸਮਾਜਿਕ ਰਿਸ਼ਤੇ ਬੜੇ ਸੰਜੋਅ ਕੇ ਰੱਖੇ ਜਾਂਦੇ ਹਨ, ਪਰ ਆਹ ਕੀ! ਗੁਆਂਢੀਆਂ ਤੋਂ ਅਜਿਹੀ ਆਸ ਨਹੀਂ ਹੁੰਦੀ ਕਿ ਗਲੇ ਦੀ ਖਰਾਬੀ ਦਾ ਨਾਮ ਸੁਣਦੇ ਹੀ ਦਰਵਾਜ਼ੇ ਬੰਦ ਕਰ ਲੈਣ? ਬੇਵਸੀ, ਪਰੇਸ਼ਾਨੀ, ਬੇਚੈਨੀ ਤੇ ਲਾਚਾਰੀ ਦੀ ਹਾਲਤ ਵਿੱਚ ਮੈਂਨੂੰ ਸੋਝੀ ਆਈ ਕਿ ਕਰੋਨਾ ਦੀ ਦੂਜੀ ਲਹਿਰ ਨੇ ਜੋ ਕਹਿਰ ਢਾਹਿਆ ਹੈ, ਉਸ ਤੋਂ ਹਰ ਕੋਈ ਭੈ-ਭੀਤ ਹੈ ਅਤੇ ਇਸਦੇ ਮੁਢਲੇ ਲੱਛਣ ਵੀ ਤਾਂ ਖੰਘ-ਜ਼ੁਕਾਮ ਹੀ ਹਨ। ਇਸ ਲਈ ਕਰੋਨਾ ਬਿਮਾਰੀ ਦੀ ਲਪੇਟ ਵਿੱਚ ਆ ਜਾਣ ਦੀ ਸੰਭਾਵਨਾ ਤਾਂ ਹੋ ਸਕਦੀ ਹੈ। ਉਸ ਗੁਆਂਢੀ ਪਰਿਵਾਰ ਨੇ ਕਈ ਦਿਨ ਸਾਡੇ ਨਾਲ ਰਾਬਤਾ ਨਹੀਂ ਰੱਖਿਆ। ਸਾਡੇ ਦੋਹਾਂ ਘਰਾਂ ਵਿੱਚ ਇੱਕ ਹੀ ਕੰਮ ਕਰਨ ਵਾਲੀ ਹੋਣ ਕਾਰਨ ਉਸ ਤੋਂ ਵੀ ਦੋ ਹਫਤੇ ਕੰਮ ਕਰਵਾਉਣ ਤੋਂ ਗਵਾਂਢਣ ਨੇ ਨਾਂਹ ਕਰ ਦਿੱਤੀ ਅਖੇ, ਅੰਕਲ-ਆਂਟੀ ਬਿਮਾਰ ਹਨ। ਉਸ ਨੂੰ ਸਾਡੇ ਵੀ ਕੰਮ ਨਾ ਕਰਨ ’ਤੇ ਜ਼ੋਰ ਦਿੱਤਾ।
ਪਰ ਇਸ ਸਾਰੇ ਕਿੱਸੇ ਵਿੱਚ ਮੈਂ ਹੈਰਾਨ ਸਾਂ ਕਿ ਇਸ ਪੜ੍ਹੇ-ਲਿਖੇ ਪਰਿਵਾਰ ਨਾਲੋਂ ਇਹ ਤਬਕਾ ਕਿੰਨਾ ਨਿਡਰ ਅਤੇ ਤਰਕਪੂਰਨ ਹੈ, ਜਿਸਦਾ ਮੰਨਣਾ ਸੀ ਕਿ ਖਾਂਸੀ-ਜ਼ੁਕਾਮ ਹੋਣਾ ਹੀ ਕਰੋਨਾ ਨਹੀਂ ਹੈ। ਆਂਟੀ ਨੂੰ ਬੁਖਾਰ ਨਹੀਂ ਹੈ ਤੇ ਉਹ ਘਰ ਦੇ ਸਾਰੇ ਕੰਮ ਕਰਦੇ ਹਨ। ਖੰਘ-ਜ਼ੁਕਾਮ, ਛਿੱਕਣਾ ਆਦਿ ਕਦੇ ਕੁਦਰਤੀ ਪ੍ਰਕਿਰਿਆ ਹੁੰਦੀ ਸੀ, ਕਰੋਨਾ ਕਾਲ ਵਿੱਚ ਇਹੀ ਸਰਾਪ ਹਨ। ਇਸਦੇ ਸ਼ਿਕਾਰ ਲੋਕਾਂ ਤੋਂ ਹਰ ਕੋਈ ਤਰਾਹੁੰਦਾ ਹੈ।
ਇਸੇ ਸ਼ਹਿਰ ਵਿੱਚ ਰਹਿੰਦੇ ਆਪਣੇ ਵੱਡੇ ਭਰਾ ਨਾਲ ਮੈਂ ਸਾਰੀ ਵਿਥਿਆ ਸਾਂਝੀ ਕੀਤੀ। ਉਸ ਹੌਸਲਾ ਦਿੰਦੇ ਹੋਏ ਕਿਹਾ, “ਤੂੰ ਘਬਰਾਉਣ ਵਾਲੀ ਤਾਂ ਹੈ ਨਹੀਂ, ਸਾਇੰਸ ਪੜ੍ਹਦੇ ਪੜ੍ਹਾਉਂਦੇ ਤੈਨੂੰ ਤਾਂ ਇਨਫੈਕਸ਼ਨ ਜਾਂ ਵਾਇਰਸ ਬਾਰੇ ਪੂਰੀ ਜਾਣਕਾਰੀ ਹੈ, ਇਹ ਫਲੂ ਵਾਇਰਸ ਹੀ ਹੋਵੇਗਾ।” ਉਸਨੇ ਸਲਾਹ ਦਿੱਤੀ ਕਿ ਤੁਸੀਂ ਕੈਮਿਸਟ ਤੋਂ ਆਪਣੀ ਦਵਾਈ ਲਿਆ ਕੇ ਖਾਣੀ ਸ਼ੁਰੂ ਕਰ ਦਿਉ। ਜੇਕਰ ਬੁਖਾਰ ਤੇਜ਼ ਰਿਹਾ ਤਾਂ ਹੀ ਟੈਸਟ ਕਰਵਾਉਣ ਜਾਇਆ ਜੇ। ਪਰ ਸਾਨੂੰ ਬੁਖਾਰ ਨਹੀਂ ਸੀ। ਮੈਂ ਤਾਂ ਦੋ ਡੋਜ਼ ਨਾਲ ਹੀ ਠੀਕ ਹੋ ਗਈ ਅਤੇ ਮੇਰੇ ਪਤੀ ਆਪਣੀ ਐਲਰਜੀ ਦੀ ਦਵਾਈ ਨਾਲ ਚਾਰ ਦਿਨ ਬਾਅਦ ਠੀਕ ਹੋ ਗਏ। ਸ਼ੁਕਰ ਮਨਾਇਆ ਕਿ ਚਲੋ ਕਰੋਨਾ ਦੀ ਜ਼ਹਿਮਤ ਤੋਂ ਬਚ ਨਿਕਲੇ।
ਤਣਾਅ, ਘਬਰਾਹਟ ਅਤੇ ਚਿੰਤਾ ਸਾਡੀ ਰੋਗ ਰੋਕੂ ਸ਼ਕਤੀ ਨੂੰ ਕਮਜ਼ੋਰ ਕਰਦੇ ਹਨ। ਇਸ ਲਈ ਇਹਨਾਂ ਦਿਨਾਂ ਵਿੱਚ ਅਸੀਂ ਆਪਣੀ ਮਾਨਸਿਕ ਅਤੇ ਸਰੀਰਕ ਸ਼ਕਤੀ ਨੂੰ ਕਾਇਮ ਰੱਖਦੇ ਹੋਏ ਮਨੋਬਲ ਨੂੰ ਘੱਟ ਨਹੀਂ ਹੋਣ ਦਿੱਤਾ। ਸਾਡੀ ਸੇਵਾਦਾਰ ਦਾ ਰੋਜ਼ ਸਾਡੇ ਘਰ ਕੰਮ ਲਈ ਆਉਣਾ ਸਾਨੂੰ ਬਿਮਾਰੀ ਵਿੱਚੋਂ ਉਭਾਰਨ ਦਾ ਕੰਮ ਕਰ ਗਿਆ। ਉਸ ਦਾ ਕਿਰਦਾਰ ਦੱਸਦਾ ਹੈ ਕਿ ਸਰੀਰਕ ਦੂਰੀ ਦਾ ਖਿਆਲ ਰੱਖਦਿਆਂ, ਭਾਵਨਾਤਮਿਕ ਦੂਰੀ ਨਾ ਬਣਾਉ। ਉਂਝ ਇਸ ਸਾਰੇ ਘਟਨਾਕ੍ਰਮ ਵਿੱਚ ਅਸੀਂ ਡਰ ਬਹੁਤ ਗਏ ਸੀ। ਅਸੀਂ ਦੋਵੇਂ ਹੀ ਬੀ ਪੀ ਦੇ ਮਰੀਜ਼ ਹਾਂ, ਇਹੀ ਲੱਗਾ ਕਿ ਹੁਣ ਕਰੋਨਾ ਹੋ ਗਿਆ ਤਾਂ ਅਗਲੇ ਪਾਰ ਜਾ ਕੇ ਖਹਿੜਾ ਛੁੱਟਣਾ ਹੈ।
ਫਿਰ ਲੱਗਾ ਕਿ ਅਸੀਂ ਮੌਤ ਦੇ ਪੰਜੇ ਵਿੱਚੋਂ ਬਾਹਰ ਹੋ ਗਏ ਹਾਂ। ਦਰਅਸਲ ਡਰ, ਦਹਿਸ਼ਤ ਕਰੋਨਾ ਬਿਮਾਰੀ ਤੋਂ ਨਹੀਂ ਬਲਕਿ ਕਾਰਨ ਰਿਹਾ, ਪ੍ਰਸ਼ਾਸਨ ਦੀ ਬਦ-ਇੰਤਜ਼ਾਮੀ ਤੇ ਸਿਹਤ-ਤੰਤਰ ਵਿੱਚ ਕਮੀਆਂ। ਅਸੀਂ ਭਾਸ਼ਣ ਅਤੇ ਬਿਆਨਾਂ ਰਾਹੀਂ ਵਿਸ਼ਵ ਗੁਰੂ ਬਣਨ ਵੱਲ ਵਧ ਰਹੇ ਸੀ ਪਰ ਸਾਡੇ ਇੱਥੇ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਕਾਰਨ ਵਿਲਕਦੇ ਰੋਗੀ, ਵੈਂਟੀਲੇਟਰਾਂ ਅਤੇ ਬੈੱਡਸ ਦੀ ਕਮੀ, ਪ੍ਰਾਈਵੇਟ ਹਸਪਤਾਲਾਂ ਦੀ ਨਾਦਰਸ਼ਾਹੀ ਲੁੱਟ-ਖਸੁੱਟ ਤੇ ਚੱਲ ਰਹੀ ਚੋਰ-ਬਜ਼ਾਰੀ ਵੇਖਣ ਨੂੰ ਮਿਲੀ, ਜਿੱਥੇ ਜ਼ਿੰਦਗੀ ਪੈਸਿਆਂ ਦੇ ਦਾਅ ’ਤੇ ਲੱਗੀ ਹੋਈ ਹੈ। ਲੋਕਾਂ ਕੋਲ ਸਮਾਜਿਕ ਸੁਰੱਖਿਆ ਨਹੀਂ ਹੈ, ਭ੍ਰਿਸ਼ਟ ਦੇਸ਼ ਵਿੱਚ ਲੋਕਾਂ ਨੂੰ ਹੌਸਲਾ ਦਿਲਾਸਾ ਦੇਣ ਵਾਲਾ ਕੋਈ ਹੱਥ ਨਜ਼ਰ ਨਾ ਆਵੇ ਤਾਂ ਲੋਕਾਂ ਦਾ ਡਰ ਜਾਣਾ ਸੁਭਾਵਕ ਹੈ।
ਸਰਕਾਰ ਦਾ ਕੋਵਿਡ ਪ੍ਰਬੰਧਨ ਬੁਰੀ ਤਰ੍ਹਾਂ ਅਸਫਲ ਰਿਹਾ। ਗਲੀ-ਮਹੱਲੇ ਵਾਲਿਆਂ ਵੱਲੋਂ ਕਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਵੇਖਿਆ ਗਿਆ ਅਤੇ ਕਈ ਪਰਿਵਾਰ ਸਦਾ ਲਈ ਵਿੱਛੜ ਜਾਣ ਵਾਲਿਆਂ ਪ੍ਰਤੀ ਅਣਮਨੁੱਖੀ ਵਤੀਰਾ ਰੱਖਣ ਲੱਗੇ। ਇਸ ਨਾਲ ਸਭਿਆਚਾਰਕ ਅਤੇ ਸਾਂਝੀਵਾਲਤਾ ਨੂੰ ਢਾਹ ਲੱਗੀ ਹੈ। ਇੱਕ ਨਾਮਵਰ ਅਖਬਾਰ (ਪੰਜਾਬੀ ਜਾਗਰਣ) ਵੱਲੋਂ 14 ਜੂਨ ਨੂੰ ਕਰੋਨਾ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਅਤੇ ਪੀੜਤਾਂ ਦੀ ਸਿਹਤਯਾਬੀ ਅਤੇ ਹੌਸਲਾ ਵਧਾਉਣ ਲਈ ਸਰਬ-ਧਰਮ ਪ੍ਰਾਰਥਨਾ ਕਰਨਾ ਸਲਾਹੁਣਯੋਗ ਰਿਹਾ। ਸਾਡੇ ਦੇਸ਼ ਦੀ ਵਧੇਰੇ ਵਸੋਂ ਵਿੱਚ ਗਰੀਬੀ ਦੀ ਭਰਮਾਰ ਹੈ, ਇਸ ਲਈ ਸਮੁੱਚੇ ਸਰਕਾਰੀ ਸਿਹਤ ਤੰਤਰ ਦੀ ਦਰੁਸਤੀ ਤੇ ਇਸ ਵਿੱਚ ਵਿਸ਼ਵਾਸ ਦੀ ਬਹਾਲੀ ਦੀ ਜ਼ਰੂਰਤ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2933)
(ਸਰੋਕਾਰ ਨਾਲ ਸੰਪਰਕ ਲਈ: