KulminderKaur7ਨਸ਼ਿਆਂ ਦੇ ਧੰਦੇ ਜੋਰਾਂ ’ਤੇ ਹਨ ਤੇ ਇਸਦੀ ਮਾਰ ਹਰ ਘਰ ’ਤੇ ਪਈ ਹੈ ...
(18 ਨਵੰਬਰ 2016)

 

ਔਰਤਾਂ ਵਿਰੁੱਧ ਵਧ ਰਹੇ ਅਪਰਾਧਾਂ ਬਾਰੇ ਨਿੱਤ ਅਖਬਾਰਾਂ ਅਤੇ ਟੀ.ਵੀ. ਵਿਚ ਪੜ੍ਹਦੇ ਸੁਣਦੇ ਰਹਿੰਦੇ ਹਾਂ। ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਸਗੋਂ ਇਸਦਾ ਗਰਾਫ ਤਾਂ ਵਧਦਾ ਹੀ ਜਾਂਦਾ ਹੈ। ਇਸ ਬਾਰੇ ਸੋਚ ਕੇ ਮਨ ਅੰਦਰ ਸਵਾਲਾਂ ਦਾ ਬਵਾਲ ਖੜ੍ਹਾ ਹੋ ਜਾਂਦਾ ਹੈ, ਕਿ ਕਾਰਨ ਕੀ, ਤੇ ਕਿੱਥੇ ਹੈ? ਇਹਨਾਂ ਸਵਾਲਾਂ ਦੀ ਲੜੀ ਵਿੱਚੋਂ ਉੱਭਰਨ ਲਈ ਅੱਜ ਕੱਲ੍ਹ ਮੈਂ ਅਜਿਹੀਆਂ ਖਬਰਾਂ ਨੂੰ ਨਜ਼ਰ-ਅੰਦਾਜ਼ ਕਰਕੇ ਸਹਿਜ ਰਹਿਣ ਦੀ ਕੋਸ਼ਿਸ਼ ਕਰਦੀ ਹਾਂ। ਫਿਰ ਇੱਕ ਦਿਨ 20 ਅਗਸਤ ਨੂੰ ਮੁੱਖ ਸੁਰਖੀ ਹੇਠ ਖਬਰ “ਗੁਰਦੁਆਰੇ ‘ਵਿਚ ਵਿਆਹੁਤਾ ਨੂੰ ਛੇੜਿਆ, ਦਿੱਤੀਆਂ ਧਮਕੀਆਂਪੜ੍ਹ ਕੇ ਮੈਂ ਰੋਜ਼ਮਰਾ ਦੀ ਘਟਨਾ ਜਾਣ ਕੇ ਵਰਕਾ ਪਲਟਣ ਹੀ ਲੱਗੀ ਸੀ ਕਿ ਨਿਗ੍ਹਾ ਕਰਾਈਮ ਰਿਪੋਰਟਰ ਤਰਨਤਾਰਨ ’ਤੇ ਪੈ ਗਈ। ਮਨ ਵਿ‘ਚ ਉਤਸੁਕਤਾ ਕਿ ਵੇਖਾਂ, ਪਿੰਡ ਤੇ ਸ਼ਹਿਰ ਕਿਹੜਾ ਹੈ, ਕਿਉਂਕਿ ਇਹੀ ਤਾਂ ਮੇਰੇ ਪੇਕੇ ਪਿੰਡ ਦਾ ਜ਼ਿਲ੍ਹਾ ਹੈ। ਖਬਰ ਪੜ੍ਹਦਿਆਂ ਮੇਰੀ ਤਾਂ ਖਾਨਿਉਂ ਹੀ ਗਈ। ਇੰਜ ਲੱਗਾ ਜਿਵੇਂ ਕਿੱਧਰੋਂ ਆਏ ਤੇਜ਼ ਗਰਮ ਹਵਾ ਦੇ ਬੁੱਲੇ ਨੇ ਮੇਰਾ ਤਨ-ਮਨ ਲੂਹ ਕੇ ਰੱਖ ਦਿੱਤਾ ਹੋਵੇ, ਚੂੰਕਿ ਇਹ ਖਬਰ ਮੇਰੇ ਆਪਣੇ ਪੇਕੇ ਪਿੰਡ ਦੀ ਸੀ।

ਇਸ ਪਿੰਡ ‘ਦੀ ਤਿੰਨ ਸਾਲ ਪਹਿਲਾਂ ਮਹਿਲਾ ਪੁਲਿਸ ‘ਵਿਚ ਭਰਤੀ ਹੋਣ ਵਾਲੀ ਪਹਿਲੀ ਲੜਕੀ ਤੇ ਮੇਰਾ ਲਿਖਿਆ ਲੇਖ “ਮੇਰੇ ਪਿੰਡ ਦੀ ਮਾਣ ਮੱਤੀ ਧੀ” ਛਪਿਆ ਤਾਂ ਸਰਾਹਨਾ ਕਰਦਿਆਂ ਕਈਆਂ ਨੇ ਉਸ ਧੀ ਨੂੰ ਸਾਬਾਸ਼ ਦਿੱਤੀ। ਮੇਰਾ ਸਿਰ ਵੀ ਮਾਣ ਨਾਲ ਉੱਚਾ ਹੋਇਆ ਤੇ ਉਸਦੀ ਕਾਮਯਾਬੀ ਮੇਰਾ ਸੀਨਾ ਠਾਰ ਗਈ। ਪਰ ਅੱਜ ਦੀ ਖਬਰ ਤਾਂ ਪੰਜਾਬ ਦੀ ਖਬਰ ਬਣ ਕੇ ਛਪੀ ਹੈ, ਜਿਸਨੇ ਮੈਨੂੰ ਸ਼ਰਮਸਾਰ ਕੀਤਾ ਹੈ। ਨਿਰਾਸ਼ ਅਤੇ ਬੇਜ਼ਾਰ ਮਨ ਅੱਜ ਸੋਚਦਾ ਹੈ ਕਿ ਪੇਕੇ ਪਿੰਡ ਦੀ ਮੈਂ ਕਾਹਦੀ ਪੈਂਠ ਕਰਾਂ? ਸ਼ਾਇਦ ਇਸ ਵਾਰਦਾਤ ਬਾਰੇ ਲਿਖਣ ਦਾ ਮੇਰਾ ਹੀਆਂ ਨਾ ਪੈਂਦਾ, ਪਰ ਦੋ ਮਹੀਨੇ ਪਹਿਲਾਂ ਹੀ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਦੀ ਖਬਰ “ਹਵਸ ‘ਵਿਚ ਅੰਨ੍ਹੇ ਗ੍ਰੰਥੀ ਵੱਲੋਂ ਧਾਰਮਿਕ ਅਸਥਾਨ ’ਤੇ ਕੁੜੀ ਦਾ ਕਤਲ” ਅੱਜ ਫਿਰ ਸਿਰ ਕੱਢ ਖੜੋਤੀ ਹੈ। ਇਹਨਾਂ ਦੋਹਾਂ ਖਬਰਾਂ ਨੇ ਅੱਜ ਮੈਨੂੰ ਹਲੂਣ ਕੇ ਰੱਖ ਦਿੱਤਾ ਕਿ ਹੈਂ! ਇਹ ਘਟਨਾਵਾਂ ਤਾਂ ਘਰਾਂ, ਸੜਕਾਂ, ਬੱਸਾਂ, ਗੱਡੀਆਂ, ਸਕੂਲਾਂ, ਕਾਲਜਾਂ ਤੇ ਸੰਨਸਾਨ ਥਾਵਾਂ ਵਿੱਚੋਂ ਹੁੰਦੀਆਂ ਹੋਈਆਂ ਅੱਜ ਧਾਰਮਿਕ ਅਸਥਾਨਾਂ ਤੱਕ ਪਹੁੰਚ ਗਈਆਂ। ਔਰਤ ਤਾਂ ਗੁਰੂ ਘਰ ਵਿ‘ਚ ਵੀ ਸੁਰੱਖਿਅਤ ਨਹੀਂ ਹੈ।

ਦੋਨੋਂ ਖਬਰਾਂ ਜਦੋਂ ਰਲਗੱਡ ਹੋ ਕੇ ਮੇਰੇ ਦਿਲੋ-ਦਿਮਾਗ ’ਤੇ ਹਾਵੀ ਹੋ ਰਹੀਆਂ ਸਨ ਤਾਂ ਹੀ ਮੈਂ ਸੋਚਿਆ, ਕਿਉਂ ਨਾ ਕਲਮ ਚੁੱਕ ਕੇ ਅੱਜ ਆਪਣੇ ਪਾਠਕਾਂ ਨਾਲ ਕੁਝ ਗੱਲਾਂ ਸਾਂਝੀਆਂ ਕਰ ਲਵਾਂ। ਪਹਿਲੀ ਖਬਰ ਵਿ‘ਚ ਗ੍ਰੰਥੀ ਨੇ ਕਬੂਲ ਕੀਤਾ ਕਿ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਨਾਕਾਮ ਕੋਸ਼ਿਸ਼ ਵਿ‘ਚ ਖੁਲਾਸਾ ਹੋ ਜਾਣ ਦੇ ਡਰੋਂ ਹੀ ਪਹਿਲਾਂ ਸਾਹ ਘੁੱਟ ਕੇ ਤੇ ਫਿਰ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਕੇ ਕਤਲ ਕਰ ਦਿੱਤਾ। ਵਿਚਾਰ ਗੋਚਰੀ ਗੱਲ ਇਹ ਹੈ ਕਿ ਮੁਲਜ਼ਮ ਪੰਜ ਸਾਲਾਂ ਤੋਂ ਰਾਤ ਦਿਨ ਗੁਰੂਆਂ ਦੀ ਬਾਣੀ ’ਤੇ ਸ਼ਬਦਾਂ ਦੇ ਖਜ਼ਾਨੇ ਮਹਾਨ ਗ੍ਰੰਥ ਸਾਹਿਬ ਦੀ ਤਾਬਿਆ ਵਿ‘ਚ ਬੈਠਦਾ, ਪਾਠ ਕਰਦਾ ਤੇ ਇਹਨਾਂ ਹੱਥਾਂ ਨਾਲ ਸਾਂਭ-ਸੰਭਾਲ ਵੀ ਕਰਦਾ ਰਿਹਾ ਪਰ ਉਸਤੇ ਧਾਰਮਿਕਤਾ ਦਾ ਰੰਗ ਨਹੀਂ ਚੜ੍ਹ ਸਕਿਆ। ਇਹੀ ਹੱਥ ਇੱਕ ਅਣਭੋਲ ਸ਼ਰਧਾ ਵਿ‘ਚ ਗੜੂੰਦ, ਗੁਰੂ ਘਰ ਵਿ‘ਚ ਰਸੋਈ ਦੀ ਸਫਾਈ ਕਰ ਰਹੀ ਲੜਕੀ ਦੇ ਖੂਨ ਵਿ‘ਚ ਰੰਗੇ ਗਏ। ਕੇਹਾ ਘੋਰ ਕਲਯੁੱਗ ਹੈ? ਸਹੀ ਜੀਵਨ ਸੇਧ ਬਖਸ਼ਣ ਵਾਲੀ ਬਾਣੀ ਦਾ ਰਾਤ ਦਿਨ ਸਿਮਰਨ ਕਰਦਿਆਂ ਆਪਣੇ ਮਨ ਮਸਤਕ ਨੂੰ ਇਸ ਤੋਂ ਕੋਰਾ ਰੱਖਿਆ, ਇਹ ਮੇਰੀ ਤਾਂ ਸਮਝ ਤੋਂ ਪਰੇ ਹੈ।

ਇਸੇ ਗ੍ਰੰਥ ਸਾਹਿਬ ਵਿ‘ਚ ਔਰਤਾਂ ਨੂੰ ਉੱਚਾ ਸਥਾਨ ਦਿੱਤਾ ਗਿਆ ਹੈ ਤੇ ਇਸਦੀ ਮਹਿਮਾ ਦਾ ਵਰਨਣ ਬਾਰ ਬਾਰ ਆਉਂਦਾ ਹੈ। ਇਸ ਗ੍ਰੰਥੀ ਨੂੰ ਹੀ ਕੋਈ ਪੁੱਛੇ ਕਿ ਹੇ ਮੂਰਖ ਬੰਦੇ! ਤੂੰ ਪਾਠ ਕਰਦਿਆਂ ਕਦੇ ਇਹਨਾਂ ਸਹਿਜ ਤੇ ਸਰਲ ਤੁਕਾਂ:

* ਗੁਰੂ ਦੁਆਰੈ ਹੋਇ ਸੋਝੀ ਪਾਇਸੀ॥

* ਦੇਖਿ ਪਰਾਈਆਂ ਚੰਗੀਆਂ, ਮਾਵਾਂ, ਭੈਣਾਂ ਧੀਆ ਜਾਣੈ॥

ਦਾ ਮਤਲਬ ਹੀ ਨਹੀਂ ਜਾਣਿਆ ਤਾਂ ਪਵਿੱਤਰ ਗ੍ਰੰਥ ਦੀ ਸਾਂਭ ਸੰਭਾਲ ਦਾ ਹੱਕਦਾਰ ਕਿਵੇਂ ਬਣ ਬੈਠਾ?

ਦੂਜੀ ਖਬਰ ਦੇ ਸੰਦਰਭ ਵਿ‘ਚ ਪਿੰਡ ਫੋਨ ਕਰਨ ’ਤੇ ਹੁਣ ਨਵੀਂ ਪੀੜੀ ਵਿੱਚੋਂ ਉਸ ਵਿਅਕਤੀ ਬਾਰੇ ਤਾਂ ਜਾਣੂ ਨਾ ਹੋ ਸਕੀ ਪਰ ਗੁਆਂਢ ‘ਵਿਚ ਰਹਿੰਦੀ ਪੀੜਤ ਔਰਤ ਬਾਰੇ ਵਾਕਫੀਅਤ ਮੇਰੀ ਮਾਂ ਵੇਲੇ ਤੋਂ ਸੀ। ਤਿੰਨ ਕੁ ਸਾਲ ਪਹਿਲਾਂ ਮੇਰੀ ਮਾਂ ਦੇ ਆਖਰੀ ਦਿਨਾਂ ‘ਵਿਚ ਅਸੀਂ ਅਕਸਰ ਉੱਥੇ ਜਾ ਕੇ ਕਈ ਦਿਨ ਰਹਿੰਦੇ। ਮੇਰੀ ਮਾਂ ਦਾ ਇਸ ਨਾਲ ਵਾਹਵਾ ਦਿਲ ਭਿੱਜਦਾ ਸੀ। ਘਰ ਦੀ ਜ਼ਰੂਰਤ ਦਾ ਹਰ ਸਾਜ਼ੋ ਸਮਾਨ ਉਸ ਤੋਂ ਸ਼ਹਿਰੋਂ ਮੰਗਵਾ ਲੈਂਦੀਬੜੀ ਹੀ ਸੁੱਘੜ-ਸਿਆਣੀ, ਸੰਜਮੀ ਸੰਕੋਚੀ, ਵਿਹਾਰਕ, ਜਾਗਰੂਕ, ਮੋਹਵੰਤੀ ਔਰਤ ਜੋ ਆਪਣੇ ਸਹੁਰੇ ਪਰਿਵਾਰ ਅਤੇ ਪਿੰਡ ਦੀ ਮਾਣ-ਮਰਿਆਦਾ ਦੀ ਹਦੂਦ ਅੰਦਰ ਰਹਿਣਾ ਜਾਣਦੀ ਹੈ। ਹਰ ਮਿਲਣ ਵਾਲੇ ’ਤੇ ਆਪਣੀ ਸਖਸ਼ੀਅਤ ਦੀ ਅਮਿੱਟ ਛਾਪ ਛੱਡਦੀ ਹੈ। ਇਨ੍ਹਾਂ ਦਿਨਾਂ ‘ਵਿਚ ਹੀ ਪਿੰਡ ਦੀ ਬਦਲੀ ਹੋਈ ਨੁਹਾਰ ਨੂੰ ਨੇੜਿਓ ਜਾਣ ਸਕੀ।

ਧਾਰਮਿਕ ਸ਼ਰਧਾ ਦੇ ਫਲਸਰੂਪ ਸਭ ਤੋਂ ਵੱਧ ਵਿਕਾਸ ਅਤੇ ਤਰੱਕੀ ਗੁਰਦਵਾਰੇ ਦੀ ਹੋਈ ਹੈ। ਸਾਡੇ ਵੇਲੇ ਕੋਠੜੀ ਨੁਮਾ ਗੁਰਦੁਵਾਰਾ ਅੱਜ ਆਧੁਨਿਕ ਸੁਖ ਸਹੂਲਤਾਂ ਵਾਲੀ ਵਿਸ਼ਾਲ ਇਮਾਰਤ ‘ਵਿਚ ਬਦਲ ਗਿਆ ਹੈ, ਲੇਕਿਨ ਵਿੱਦਿਆ ਦਾ ਚਾਨਣ ਫੈਲਾਉਣ ਵਾਲਾ ਸਕੂਲ ਜਿੱਥੇ ਛੇ ਦਹਾਕੇ ਪਹਿਲਾਂ ਮੈਂ ਚੌਥੀ ਜਮਾਤ ਪਾਸ ਕੀਤੀ ਸੀ, ਅੱਜ ਉਹ ਮਿਡਲ ਤੱਕ ਹੀ ਪਹੁੰਚ ਸਕਿਆ ਹੈ। ਕੁਝ ਸਾਲਾਂ ਤੋਂ ਹਸਪਤਾਲ ਹੈ ਪਰ ਸਹੂਲਤਾਂ, ਦਵਾ ਅਤੇ ਡਾਕਟਰ ਤੋਂ ਸੱਖਣਾ ਹੈ। ਨਸ਼ਿਆਂ ਦੇ ਧੰਦੇ ਜੋਰਾਂ ’ਤੇ ਹਨ ਤੇ ਇਸਦੀ ਮਾਰ ਹਰ ਘਰ ’ਤੇ ਪਈ ਹੈ। ਸਭ ਤੋਂ ਵੱਧ ਪੈਸਾ ਅਤੇ ਮਨੁੱਖੀ ਸ਼ਕਤੀ ਗੁਰਦੁਆਰੇ ਦੇ ਪ੍ਰਬੰਧਾਂ ਅਤੇ ਕਾਰਗੁਜ਼ਾਰੀ ’ਤੇ ਖਰਚ ਹੁੰਦੀ ਹੈ। ਉੱਥੇ ਗਿਆਂ ਨੂੰ ਲੱਗਦਾ ਹੈ ਜਿਵੇਂ ਸਾਰਾ ਜ਼ੋਰ ਸਵੇਰੇ ਸਪੀਕਰਾਂ ਦੀ ਉੱਚੀ ਅਵਾਜ ‘ਵਿਚ ਪਾਠ ਸੁਣਾਉਣ ’ਤੇ ਲਗਾਇਆ ਜਾਂਦਾ ਹੈ। ਕੋਈ ਬੁੱਧੀਵਾਨ, ਵਿਦਵਾਨ ਵਿਅਕਤੀ ਸਮਝਾਉਣ ਦੀ ਕੋਸ਼ਿਸ ਕਰਦਾ ਹੈ ਤਾਂ ਉਸਦਾ ਪੁਰਜ਼ੋਰ ਵਿਰੋਧ ਕੀਤਾ ਜਾਦਾ ਹੈ। ਠੀਕ ਹੈ, ਗੁਰੂ ਘਰ ਦੀ ਮਹਿਮਾ ਕਰਨੋਂ ਕੋਈ ਰੋਕ ਨਹੀਂ ਸਕਦਾ, ਬਾਣੀ ਨਾਲ ਜੁੜਨਾ ਚਾਹੀਦਾ ਹੈ ਪਰ ਰਹਿਤ ਮਰਿਆਦਾ ਵੀ ਜ਼ਰੂਰੀ ਹੈ ਅਤੇ ਜ਼ਿੰਦਗੀ ਦੇ ਹੋਰ ਪੱਖਾਂ ਬਾਰੇ ਵੀ ਸਾਨੂੰ ਚੇਤੰਨ ਹੋਣਾ ਪਵੇਗਾ।

ਧਾਰਮਿਕ ਆਗੂਆਂ, ਪ੍ਰਚਾਰਕਾਂ, ਪ੍ਰਬੰਧਕਾਂ ਅਤੇ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਪਿੰਡ ਦੇ ਸਮੁੱਚੇ ਵਿਕਾਸ ਬਾਰੇ ਸੋਚਣਾ ਚਾਹੀਦਾ ਹੈ। ਪਿੰਡ ਵਾਸੀਆਂ ਨੂੰ ਗੁਰਬਾਣੀ ਦੇ ਗਿਆਨ ਰਾਹੀਂ ਨਸ਼ਿਆਂ ਵਰਗੀਆਂ ਅਲਾਮਤਾਂ ਅਤੇ ਸਮਾਜਿਕ ਬੁਰਾਈਆਂ ਵਿੱਚੋਂ ਬਾਹਰ ਨਿਕਲਣ ਦੇ ਢੰਗ ਤਰੀਕੇ ਆਪਣੀ ਰਹਿਨੁਮਾਈ ਅਤੇ ਅਸਰ-ਰਸੂਖ ਹੇਠ ਅਸਾਨੀ ਨਾਲ ਸਮਝਾ ਸਕਦੇ ਹਨ। ਵਧੀਆ ਸਕੂਲ ਕਾਲਜ, ਖੇਡਾਂ ਦੇ ਮੈਦਾਨ ਅਤੇ ਹਸਪਤਾਲ ਬਣਾਉਣ ਦਾ ਟੀਚਾ ਰੱਖੋ। ਸਭ ਤੋਂ ਵੱਧ ਸਮੇਂ ਦੀ ਮੰਗ ਹੈ ਕਿ ਅੱਜ ਦੀ ਪੀੜ੍ਹੀ ਦੇ ਬੱਚੇ - ਨੌਜਵਾਨ ਜੋ ਕੱਲ੍ਹ ਦੇ ਜ਼ਿੰਮੇਵਾਰ ਮਰਦ-ਔਰਤ ਹਨ ਉਹਨਾਂ ਨੂੰ ਸਭਿਅਤਾ, ਸੰਸਕ੍ਰਿਤੀ, ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ। ਮਹਾਨ ਔਰਤਾਂ ਦੀਆਂ ਜੀਵਨੀਆਂ, ਪ੍ਰਾਪਤੀਆਂ ਤੇ ਸੰਘਰਸ਼ਾਂ ਬਾਰੇ ਦੱਸਿਆ ਜਾਵੇ ਤਾਂ ਜੋ ਔਰਤ-ਜਾਤੀ ਦੀ ਇੱਜ਼ਤ ਕਰਨੀ ਸਿੱਖ ਜਾਣ। ਮਹਾਨ ਗ੍ਰੰਥ ਸਾਹਿਬ ਦੇ ਸਹੀ ਮਾਅਨੇ ਅਤੇ ਅਰਥ ਆਪਣੀ ਜੀਵਨ-ਜਾਂਚ ‘ਵਿਚ ਸ਼ਾਮਲ ਕਰ ਸਕਣ ਦੇ ਕਾਬਲ ਬਣ ਜਾਣ।

ਇਹ ਜੋ ਪਿੰਡ ਵਿ‘ਚ ਔਰਤ ਨੂੰ ਜ਼ਲੀਲ ਕਰਨ ਦੀ ਵਾਰਦਾਤ ਹੋਈ ਹੈ, ਇੱਥੇ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਉਹ ਵਿਅਕਤੀ ਗੁਰਦੁਆਰੇ ਜਾਂਦਾ ਹੈ ਪਰ ਉੱਥੇ ਜਾ ਕੇ ਕੀ ਸਿੱਖਣਾ ਅਤੇ ਅਮਲ ਕਰਨਾ ਉਸਦੇ ਵੱਸੋਂ ਬਾਹਰਾ ਹੈ ਤੇ ਅਧਿਆਤਮਿਕ ਪੱਖੋਂ ਪੂਰਾ ਉੂਣਾ ਹੈ। ਅਜਿਹੀ ਔਰਤ ਨੂੰ ਤਾਂ ਸਲਾਮ ਕਰਨਾ ਬਣਦਾ ਹੈ, ਜੋ ਸਿਲਾਈ-ਕਢਾਈ ਕਰਕੇ ਵੀ ਘਰ ਦੇ ਗੁਜ਼ਾਰੇ ਲਈ ਪਤੀ ਦਾ ਹੱਥ ਵਟਾਉਂਦੀ ਹੈ। ਇਸ ਔਰਤ ਨੂੰ ਜ਼ਲੀਲ ਕਰਨ ਦਾ ਹੱਕ ਕਿਸੇ ਨੂੰ ਨਹੀਂ ਹੈ। ਸਮਾਜ ‘ਵਿਚ ਰਹਿੰਦੇ ਹੋਏ, ਜੇਕਰ ਹਰ ਵਿਅਕਤੀ ਆਪਣੇ ਨੇਕ ਇਰਾਦੇ ਨਾਲ ਸਮਾਜਿਕ ਬੁਰਾਈਆਂ ਨੂੰ ਤਿਲਾਂਜਲੀ ਦੇ ਕੇ ਗੁਰੂ ਘਰ ਦੀ ਨੇੜਤਾ ਮਾਣਦੇ ਹੋਏ ਸੱਚਾ ਸ਼ਰਧਾਲੂ ਬਣ ਜਾਏ ਤਾਂ ਹਰ ਪਿੰਡ/ਸ਼ਹਿਰ/ਘਰ ਸਵਰਗ ਬਣ ਜਾਏ ਤੇ ਇਹੋ ਜਿਹੀਆਂ ਖਬਰਾਂ ਪੜ੍ਹਨ ਸੁਣਨ ਨੂੰ ਨਾ ਮਿਲਣ।. ਹਰ ਧੀ ਨੂੰ ਆਪਣੇ ਪੇਕੇ ਪਿੰਡ/ਸ਼ਹਿਰ ਵੱਲੋਂ ਤਨ-ਮਨ ਨੂੰ ਠਾਰਦੀ ਤੇ ਰੂਹਾਂ ਨੂੰ ਤ੍ਰਿਪਤ ਕਰਦੀ ਠੰਢੀ-ਰੁਮਕਦੀ ਹਵਾ ਦੇ ਬੁੱਲੇ ਹਮੇਸ਼ਾ ਆਉਂਦੇ ਰਹਿਣ।

*****

(500)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author