“ਉਸ ਦਿਨ ਨੀਤਿਕਾ ਦੇ ਭਰਾ ਦਾ ਅੱਥਰੂਆਂ ਭਿੱਜੀ ਅਵਾਜ਼ ਵਿੱਚ ਫੋਨ ਆਇਆ, “ਮੈਡਮ, ਅੱਜ ਫਿਰ ਮੇਰੀ ਭੈਣ ਦੀ ਬੜੀ ਯਾਦ ਆਈ ਹੈ।””
(11 ਮਾਰਚ 2017)
ਆਪਣੇ ਜੀਵਨ ਕਾਲ ਦੇ ਪਹਿਲੇ ਦਹਾਕਿਆਂ ਵਿੱਚ ਮੈਂ ਮੌਤ ਦੇ ਸੰਕਲਪ ਬਾਰੇ ਕਦੇ ਸੰਜੀਦਗੀ ਨਾਲ ਨਹੀਂ ਸੀ ਵਿਚਾਰਿਆ। ਕਿਸੇ ਨੇੜਲੇ ਰਿਸ਼ਤੇਦਾਰ ਜਾਂ ਪਿੰਡ ਵਿੱਚ ਕਿਸੇ ਦੀ ਮੌਤ ਹੋਣ ’ਤੇ ਮੈਂ ਇਹ ਜਾਣਨ ਦੀ ਕੋਸ਼ਿਸ਼ ਜਰੂਰ ਕਰਦੀ ਕਿ ਇਸ ਅਣਹੋਣੀ ਦਾ ਸਬੱਬ ਕੀ ਬਣਿਆ? ਆਮ ਤੌਰ ’ਤੇ ਇਹੀ ਸੁਣਨ ਵਿੱਚ ਆਉਂਦਾ, ਕਿ ਕਈ ਦਿਨ ਬੁਖਾਰ ਚੜ੍ਹਦਾ ਰਿਹਾ, ਬਥੇਰੇ ਓਹੜ-ਪੋਹੜ ਕੀਤੇ, ਸ਼ਹਿਰ ਵੀ ਲੈ ਕੇ ਗਏ, ਪਰ ਜਦੋਂ ਬੁਲਾਵਾ ਆ ਜਾਵੇ ਉੱਪਰ ਵਾਲੇ ਦਾ ਤਾਂ ਬੰਦੇ ਦੇ ਕੀ ਵੱਸ। ਜਨਮ ਦਾ ਇੱਕੋ ਹੀ ਢੰਗ ਹੈ ਪਰ ਮਰਨ ਦੇ ਤਾਂ ਕਈ ਰਾਹ-ਢੰਗ ਸਾਡੇ ਸਾਹਮਣੇ ਹਨ। ਕੁਦਰਤੀ ਜਾਂ ਸੁਭਾਵਿਕ ਮੌਤ ਨੂੰ ਜਲਦੀ ਸਵੀਕਾਰ ਲਿਆ ਜਾਂਦਾ ਹੈ। ਪਰ ਹੋਰ ਅਣਿਆਈਆਂ ਮੌਤਾਂ ਵੀ ਹੁੰਦੀਆਂ ਹਨ, ਮਸਲਨ ਸੜਕੀ ਆਵਾਜਾਈ ਜਾਂ ਹਾਦਸੇ ਦੌਰਾਨ ਕਿਸੇ ਦਾ ਭਰ ਜਵਾਨੀ ਵਿੱਚ ਇਸ ਸੰਸਾਰ ਤੋਂ ਤੁਰ ਜਾਣਾ ਕਿਆਸਿਆ ਨਹੀਂ ਜਾਂਦਾ ਤੇ ਸਭ ਤੋਂ ਵੱਧ ਤਕਲੀਫਦੇਹ ਅਤੇ ਅਸਹਿ ਜਾਪਦਾ ਹੈ।
ਜ਼ਿੰਦਗੀ ਤੇ ਮੌਤ ਦਾ ਫਾਸਲਾ ਤਾਂ ਪਲ ਛਿਣ ਵਿੱਚ ਮਿਟ ਜਾਂਦਾ ਹੈ, ਹੁਣ ਸਾਹ ਚਲਦਾ ਹੈ ਤਾਂ ਜ਼ਿੰਦਗੀ ਹੈ, ਨਬਜ਼ ਰੁਕ ਗਈ ਤਾਂ ਬੰਦਾ ਮੁੱਕ ਜਾਂਦਾ ਹੈ। ਇਸ ਦਾ ਅਹਿਸਾਸ ਮੇਰੇ ਅੱਖਾਂ ਸਾਹਮਣੇ ਬੜੀ ਹੀ ਪਿਆਰੀ, ਮੋਹਵੰਤੀ, ਮੇਰੇ ਨਾਲ ਧੀ ਦਾ ਰਿਸ਼ਤਾ ਨਿਭਾ ਰਹੀ ਇੱਕ ਕੁਲੀਗ ਅਧਿਆਪਕਾ ਨਾਲ ਵਾਪਰੀ ਘਟਨਾ ਨੇ ਕਰਾ ਦਿੱਤਾ। ਬਾਰਾਂ-ਤੇਰਾਂ ਸਾਲ ਪਹਿਲਾਂ ਫਰੀਦਕੋਟ ਤੋਂ 20 ਕਿਲੋਮੀਟਰ ਦੂਰ ਇੱਕ ਸਕੂਲ ਵਿੱਚ ਮੇਰੀ ਨੌਕਰੀ ਦੇ ਅੰਤਿਮ ਸਾਲ ਸਨ, ਜਿੱਥੇ ਮੈਂ ਰਿਟਾਇਰ ਵੀ ਹੋਈ। ਨੀਤਿਕਾ ਹਿੰਦੀ ਟੀਚਰ ਸੀ ਤੇ ਇੱਥੇ ਉਸਦੀ ਪਹਿਲੀ ਨਿਯੁਕਤੀ ਹੋਈ ਸੀ। ਇਹ ਵਿਸ਼ਾ ਅਮੂਮਨ ਪਿੰਡ ਦੇ ਬੱਚਿਆਂ ਨੂੰ ਔਖਾ ਸਮਝ ਆਉਂਦਾ ਹੈ ਪਰ ਉਹ ਬੜੀ ਮਿਹਨਤ ਤੇ ਲਗਨ ਨਾਲ ਪੜ੍ਹਾਉਂਦੀ ਤੇ ਬੱਚਿਆਂ ਵਿੱਚ ਇਸ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਦੀ ਪੂਰੀ ਵਾਹ ਲਾਉਂਦੀ। ਦੋ ਭਰਾਵਾਂ ਦੀ ਇਕਲੌਤੀ ਭੈਣ ਪਰ ਮਾਂ-ਪਿਆਰ ਤੋਂ ਵਿਹੂਣੀ ਨੀਤਿਕਾ ਵਿਹਲੇ ਸਮੇਂ ਵਿੱਚ ਕਈ ਸਮਾਜਿਕ ਅਤੇ ਘਰੇਲੂ ਮਸ਼ਵਰਿਆਂ ਵਿੱਚ ਮੇਰੀ ਸਲਾਹ ਲੈਂਦੀ। ਬਹੁਤ ਹੀ ਸਿਆਣੀ ਤੇ ਘੱਟ ਉਮਰ ਦੀ ਹੋਣ ਨਾਤੇ ਸਾਰੇ ਸਟਾਫ ਦਾ ਮੋਹ ਬਟੋਰਦੀ ਸੀ। ਸਕੂਲ ਦੇ ਹਰ ਕੰਮ ਵਿੱਚ ਦਿਲਚਸਪੀ ਰੱਖਦੀ ਤੇ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੀ।
ਹਰ ਰੋਜ਼ ਦੀ ਤਰ੍ਹਾਂ ਇੱਕ ਦਿਨ ਛੁੱਟੀ ਤੋਂ ਬਾਅਦ ਅਸੀਂ ਸਕੂਲ ਗੇਟ ਤੋਂ ਬਾਹਰ ਇੱਕ ਮਿੰਨੀ ਬੱਸ ਦੀ ਉਡੀਕ ਵਿੱਚ ਖੜ੍ਹੇ ਸਾਂ। ਕੁਝ ਸਮਾਂ ਇੰਤਜ਼ਾਰ ਕਰਕੇ ਅਸੀਂ ਇੱਕ ਖਾਲੀ ਆਏ ਟੈਂਪੂ ਵਿੱਚ ਬੈਠ ਗਏ। ਮੇਨ ਰੋਡ ’ਤੇ ਚੜ੍ਹਨ ਤੋਂ ਪਹਿਲਾਂ ਕੋਈ ਦੋ ਕਿਲੋਮੀਟਰ ਲਿੰਕ ਰੋਡ ਸੀ, ਜਿੱਥੇ ਉਸ ਸਮੇਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਕਈ ਦਿਨਾਂ ਤੋਂ ਉੱਥੇ ਪੱਥਰ ਖਿਲਰੇ ਪਏ ਸਨ।
ਨੀਤਿਕਾ ਆਪਣੀ ਸਹੇਲੀ ਨਾਲ ਅੱਗੇ ਡਰਾਈਵਰ ਦੀ ਸੀਟ ’ਤੇ ਬਾਹਰਵਾਰ ਬੈਠੀ ਸੀ। ਸਾਵਧਾਨੀ ਦੇ ਤੌਰ ’ਤੇ ਅੱਗੇ ਇੱਕ ਹੈਂਡਲ ਨੂੰ ਫੜ ਕੇ ਰੱਖਣਾ ਚਾਹੀਦਾ ਹੈ। ਸਾਰੇ ਗੱਲਾਂ ਕਰਦੇ ਹੱਸਦੇ ਹਸਾਉਂਦੇ ਹੀ ਜਾ ਰਹੇ ਸਾਂ ਕਿ ਟੈਂਪੂ ਅੱਗੇ ਇੱਕ ਵੱਡਾ ਪੱਥਰ ਆ ਗਿਆ। ਟੈਂਪੂ ਜ਼ੋਰ ਦੀ ਉੱਛਲਿਆ ਤੇ ਨੀਤਿਕਾ ਬੁੜ੍ਹਕ ਕੇ ਬਾਹਰ ਸੜਕ ਤੇ ਡਿੱਗ ਪਈ, ਸਿੱਧੀ ਚੁਫਾਲ। ਸਾਰੇ ਉੱਤਰ ਕੇ ਪਿੱਛੇ ਨੂੰ ਦੌੜੇ। ਉਹ ਬੇਸੁਰਤ ਪਈ ਸੀ। ਉਸ ਨੂੰ ਚੁੱਕ ਕੇ ਟੈਂਪੂ ਦੀ ਸੀਟ ’ਤੇ ਲਿਟਾਇਆ ਤੇ ਸਿਰ ਮੇਰੀ ਗੋਦੀ ਵਿੱਚ ਸੀ। ਮੂੰਹ ਵਿੱਚ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝ ਨਾ ਆਵੇ, ਕੀ ਬਣਿਆ ਹੈ? ਡਰਾਈਵਰ ਨੂੰ ਹੁਸ਼ਿਆਰੀ ਤੇ ਕੁਝ ਤੇਜ਼ੀ ਨਾਲ ਚੱਲਣ ਨੂੰ ਕਿਹਾ। ਙ
ਮੇਨ ਰੋਡ ’ਤੇ ਪਹੁੰਚ ਕੇ ਕਸਬੇ ਦੇ ਡਾਕਟਰ ਤੋਂ ਸਲਾਹ ਲਈ। ਉਸਨੇ ਫਰੀਦਕੋਟ ਮੈਡੀਕਲ ਹਸਪਤਾਲ ਪਹੁੰਚਣ ਨੂੰ ਕਿਹਾ, ਜੋ ਇਸੇ ਰੋਡ ’ਤੇ ਸੀ। ਰਸਤੇ ਵਿੱਚ ਐੱਸ.ਟੀ.ਡੀ. ਤੋਂ ਨੀਤਿਕਾ ਦੇ ਘਰ ਫੋਨ ਕਰ ਦਿੱਤਾ। ਅਸੀਂ ਉਸਨੂੰ ਕਦੇ ਬੁਲਾਉਂਦੇ, ਹੱਥ ਪੈਰ ਮਲਦੇ, ਨਬਜ਼ ਟੋਂਹਦੇ, ਰੱਬ ਅੱਗੇ ਅਰਦਾਸਾਂ ਕਰੀ ਜਾ ਰਹੇ ਸੀ। ਕੁੜੀ ਦੇ ਨਾਂ ਕੋਈ ਚੋਟ ਦਾ ਨਿਸ਼ਾਨ ਸੀ ਤੇ ਨਾ ਹੀ ਕਿਧਰੇ ਖੂਨ ਵਹਿ ਰਿਹਾ ਸੀ, ਬੱਸ ਅਡੋਲ ਪਈ ਸੀ। ਅਸੀਂ ਆਪਸ ਵਿੱਚ ਹਾਂ ਤੇ ਕਦੇ ਨਾਂਹ ਵਾਚਕ ਇਸ਼ਾਰੇ ਕਰੀ ਜਾਂਦੇ। ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਆਕਸੀਜਨ ਲਗਾਈ। ਹਾਰਟ ਉੱਤੇ ਹੱਥਾਂ ਤੇ ਮਸ਼ੀਨ ਨਾਲ ਕਈ ਧੱਫੇ ਜਿਹੇ ਮਾਰੇ। ਥੋੜ੍ਹੀ ਦੇਰ ਬਾਅਦ ਹੀ ਡਾਕਟਰ ਨੇ ਘੋਸ਼ਿਤ ਕਰ ਦਿੱਤਾ ਕਿ ਇਸਦੀ ਮੌਤ ਘਟਨਾ ਵਾਲੀ ਥਾਂ ’ਤੇ ਹੀ ਦਿਲ ਫੇਲ ਹੋ ਜਾਣ ਕਾਰਨ ਹੋ ਗਈ ਸੀ। ਪਰਿਵਾਰ ਵਾਲੇ ਪਹੁੰਚ ਚੁੱਕੇ ਸਨ। ਦੋ ਭਰਾਵਾਂ ਦੀ ਲਡਿੱਕੀ ਭੈਣ ਅੱਜ ਘਰ ਪਹੁੰਚਣ ਦੀ ਬਜਾਏ ਸਦੀਵੀਂ ਵਿਛੋੜਾ ਦੇ ਗਈ ਤੇ ਵਿਯੋਗ ਵਿੱਚ ਉਹ ਧਾਹਾਂ ਮਾਰਦੇ ਡਾਕਟਰਾਂ ਦੇ ਮਗਰ ਵਾਹੋ-ਦਾਹੀ ਭੱਜੇ ਫਿਰ ਰਹੇ ਸਨ। ਸਾਡੇ ਤੋਂ ਵਾਪਰੀ ਘਟਨਾ ਬਾਰੇ ਸਵਾਲ ਤੇ ਸਵਾਲ ਪੁੱਛ ਰਹੇ ਸਨ। ਬਿਰਧ ਬਾਪ ਦਿਲ ਵਿੱਚ ਉੱਠਦੇ ਵੈਰਾਗ ਤੇ ਉਬਾਲ ਨੂੰ ਅੰਦਰ ਸਮਾ ਕੇ ਹੁਣ ਮੌਕਾ ਸੰਭਾਲਣ ਵਿੱਚ ਲੱਗ ਗਿਆ।
ਇਸ ਬਾਪ ਨੇ ਮਾਂ ਬਣ ਕੇ ਧੀ ਨੂੰ ਪਾਲਿਆ ਪੋਸਿਆ ਤੇ ਆਪਣੀ ਕਸ਼ਮਕਸ਼ ਭਰੀ ਜਿੰਦਗੀ ਵਿੱਚ ਵੀ ਉਸਨੂੰ ਇਸ ਮੁਕਾਮ ’ਤੇ ਪਹੁੰਚਾ ਕੇ ਜਿੰਦਗੀ ਸਫਲ ਸਮਝਦਾ ਸੀ। ਉੱਚ ਤਾਲੀਮ ਯਾਫਤਾ ਬਣਾ ਕੇ ਉਸਨੂੰ ਇੱਕ ਸੁਲਝੀ ਹੋਈ ਸੂਝਵਾਨ, ਪਿੰਡਾਂ ਦੇ ਬੱਚਿਆਂ ਵਿੱਚ ਵਿੱਦਿਆ ਦਾ ਚਾਨਣ ਬਿਖੇਰਦੀ ਹੋਣਹਾਰ ਅਧਿਆਪਕਾ ਦੇ ਰੂਪ ਵਿੱਚ ਵੇਖ ਅੰਤਾਂ ਦਾ ਮਾਣ ਕਰਦਾ। ਹੁਣ ਉਹ ਰਾਤ ਦਿਨ ਆਪਣੀ ਧੀ ਲਈ ਚੰਗਾ ਵਰ ਘਰ ਲੱਭ ਕੇ ਬੜੀਆਂ ਸੱਧਰਾਂ ਨਾਲ ਉਸਦੀ ਡੋਲੀ ਸਜਾ ਕੇ ਘਰੋਂ ਵਿਦਾ ਕਰਨ ਦੇ ਸੁਫਨੇਂ ਲੈਂਦਾ ਸੀ। ਉਸਦੇ ਸੁਫਨਿਆਂ ਦਾ ਅੰਤ ਧੀ ਦਾ ਦੁਨੀਆਂ ਤੋਂ ਰੁਖਸਤੀ ਤੇ ਅੰਤਮ ਵਿਦਾਇਗੀ ਦੇ ਰੂਪ ਵਿੱਚ ਹੋਇਆ। ਉਸ ਧੀ ਨੂੰ ਡੋਲੀ ਦੀ ਥਾਂ ਅਰਥੀ ਨਸੀਬ ਹੋਈ ਸੀ, ਜੋ ਪਲ-ਛਿਣ ਵਿੱਚ ਜਿੰਦਗੀ ਦਾ ਸਫਰ ਅੱਧਵਾਟੇ ਛੱਡ ਕੇ ਪਤਾ ਨਹੀਂ ਕਿਸ ਦੁਨੀਆਂ ਵੱਲ ਤੁਰ ਪਈ। ਅਣਗੌਲੀ ਸੜਕ ’ਤੇ ਕਈ ਦਿਨਾਂ ਤੋਂ ਖਿਲਰਿਆ ਪਿਆ ਪੱਥਰ ਹੀ ਇੱਕ ਅਣਮੋਲ ਜਿੰਦੜੀ ਦਾ ਕਾਲ ਰੂਪ ਹੋ ਨਿੱਬੜਿਆ।
ਇਹ ਮਲੂਕੜੀ ਜਿਹੀ ਮੁਟਿਆਰ, ਜੋ ਸਾਡੀ ਇੰਚਾਰਜ ਪ੍ਰਿੰਸੀਪਲ ਤੋਂ ਲੈ ਕੇ ਸਾਰੇ ਸਟਾਫ ਦੀ ਚਹੇਤੀ ਕੁਲੀਗ ਅਤੇ ਵਿਦਿਆਰਥੀਆਂ ਦੀ ਹਰਮਨ ਪਿਆਰੀ, ਮਿੱਠ ਬੋਲੜੀ ਅਧਿਆਪਕਾ ਨੂੰ ਅਸੀਂ ਸਾਰੇ ਪੂਰੀ ਵਾਹ ਲਾ ਕੇ ਵੀ ਮੌਤ ਦੇ ਜ਼ਾਲਮ ਪੰਜੇ ਵਿੱਚੋਂ ਨਹੀਂ ਬਚਾ ਸਕੇ। ਥੋੜ੍ਹਾ ਸਮਾਂ ਪਾ ਕੇ ਸਕੂਲ ਵਿੱਚ ਵੀ ਨੀਤਿਕਾ ਦੇ ਨਮਿਤ ਅਖੰਡ ਪਾਠ ਕਰਾਇਆ। ਹਰ ਇੱਕ ਨੇ ਨਮ-ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਪਰਿਵਾਰ ਵਾਲਿਆਂ ਨੇ ਉਸਦੀ ਸਾਰੀ ਜ੍ਹਮਾਂ-ਪੂੰਜੀ ਵਿੱਚ ਇੱਕ ਕਮਰਾ ਬਣਾਉਣ ਦਾ ਐਲਾਨ ਕੀਤਾ। ਸਾਰਾ ਸਕੂਲ ਉਦਾਸ ਸੀ, ਵਿਦਿਆਰਥੀਆਂ ਦੇ ਅੱਥਰੂ ਨਹੀਂ ਸਨ ਰੁਕ ਰਹੇ।
ਮੈਂ ਉਸ ਦਿਨ ਤਸੱਵਰ ਕੀਤਾ ਸੀ ਕਿ ਕਾਸ਼! ਇਹੋ ਜਿਹੇ ਸ਼ਰਧਾਂਜਲੀ ਸਮਾਰੋਹ ਕੋਈ ਨਾ ਹੰਢਾਏ ਪਰ ਅਫਸੋਸ ਹੈ ਕਿ ਅੱਜ ਵੀ ਸੜਕਾਂ ਦੀ ਹਾਲਤ ਅਤੇ ਆਵਾਜਾਈ ਦੇ ਪ੍ਰਬੰਧਾਂ ਵਿੱਚ ਨਿੱਘਰ ਚੁੱਕੇ ਸਿਸਟਮ ਦੀ ਗਵਾਹੀ ਪੰਜਾਬ ਵਿੱਚ ਵੱਡੇ ਪੱਧਰ ’ਤੇ ਹੋ ਰਹੇ ਸੜਕ ਹਾਦਸੇ ਭਰ ਰਹੇ ਹਨ। ਕੋਈ ਅਜਿਹਾ ਦਿਨ ਨਹੀਂ ਲੰਘਦਾ ਜਦੋਂ ਕਿਧਰੇ ਹਾਦਸਿਆਂ ਦੀ ਖਬਰ ਪੜ੍ਹੀ ਸੁਣੀ ਨਾ ਹੋਵੇ। ਪੂਰਾ ਭਰਿਆ ਪਰਿਵਾਰ, ਪ੍ਰਤਿਭਾਵਾਨ ਸਖਸ਼ੀਅਤਾਂ, ਅਣਮੁੱਲੀਆਂ ਜਾਨਾਂ ਐਵੇਂ ਅਣਿਆਈ ਮੌਤ ਦੇ ਹਵਾਲੇ ਹੋ ਰਹੀਆਂ ਹਨ।
ਲੰਘੇ ਸਾਲ 10 ਦਸੰਬਰ ਨੂੰ ਅਖਬਾਰ ਦੀ ਮੁੱਖ ਸੁਰਖੀ ਹੇਠ ਛਪੀ ਖਬਰ “ਧੁੰਦ ਬਣੀ ਕਾਲ, ਸੜਕ ਹਾਦਸੇ ਵਿੱਚ 12 ਅਧਿਆਪਕਾਂ ਦੀ ਮੌਤ” ਪੜ੍ਹ ਕੇ ਇੱਕ ਵੇਰ ਫਿਰ ਮੇਰਾ ਮਨ ਝੰਜੋੜਿਆ ਗਿਆ। ਚੌਗਿਰਦੇ ਫੈਲੀ ਅਪਾਰਦਰਸ਼ਿਤਾ ਵਿੱਚ ਵੀ ਮੰਜ਼ਿਲ ’ਤੇ ਪਹੁੰਚਣ ਦੀ ਕਾਹਲੀ ਵਿੱਚ ਤੇਜ਼ ਸਪੀਡ ਨਾਲ ਅਗਲੇ ਵਾਹਨ ਨੂੰ ਓਵਰਟੇਕ ਕਰਦਿਆਂ ਹੀ ਇਹ ਹਾਦਸਾ ਵਾਪਰਿਆ। 25 ਸਾਲਾ ਤੇਜਿੰਦਰ ਕੌਰ ਦਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਇੱਕ ਟੀਚਰ ਸੱਤ ਮਹੀਨੇਂ ਦੀ ਗਰਭਵਤੀ ਸੀ। ਦੇਸ਼ ਦਾ ਭਵਿੱਖ ਸੰਵਾਰਨ ਜਾ ਰਹੀਆਂ ਪ੍ਰਤਿਭਾਵਾਨ ਸਖਸ਼ੀਅਤਾਂ ਦਾ ਜੀਵਨ-ਸਫਰ ਪਲ-ਛਿਣ ਵਿੱਚ ਸੜਕ ਹਾਦਸੇ ਦੀ ਭੇਂਟ ਚੜ੍ਹ ਗਿਆ। ਇਹ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਦੂਰ ਨੇੜੇ ਬੈਠੇ ਹਰ ਵਿਅਕਤੀ ਦੇ ਮਨ-ਮਸਤਕ ਵਿੱਚ ਸਾਕਾਰ ਹੋਇਆ ਤੇ ਕਈਆਂ ਦੇ ਅੱਲ੍ਹੇ ਜ਼ਖ਼ਮ ਵੀ ਫਿਰ ਹਰੇ ਹੋਏ। ਉਸ ਦਿਨ ਨੀਤਿਕਾ ਦੇ ਭਰਾ ਦਾ ਅੱਥਰੂਆਂ ਭਿੱਜੀ ਅਵਾਜ਼ ਵਿੱਚ ਫੋਨ ਆਇਆ, “ਮੈਡਮ, ਅੱਜ ਫਿਰ ਮੇਰੀ ਭੈਣ ਦੀ ਬੜੀ ਯਾਦ ਆਈ ਹੈ।” ਮੇਰੀ ਕਲਮ ਨੇ ਵੀ ਅੱਖਾਂ ਸਾਹਮਣੇ ਵਾਪਰੇ ਹਾਦਸੇ ਕਾਰਨ ਹੰਢਾਏ ਅਣਚਾਹੇ ਦਰਦ ਦੀ ਕਹਾਣੀ, ਹਰਫਾਂ ਰਾਹੀਂ ਸਭ ਨਾਲ ਸਾਂਝੀ ਕੀਤੀ ਹੈ।
ਪਰਿਵਾਰਾਂ ਦੇ ਅੱਲ੍ਹੇ ਜ਼ਖ਼ਮ ਹਰੇ ਨਾ ਹੋਣ ਤੇ ਸਮਾਜ ਨੂੰ ਇਹ ਖਮਿਆਜ਼ਾ ਕਦੇ ਨਾ ਭੁਗਤਣਾ ਪਵੇ, ਇਸ ਲਈ ਸੜਕੀ ਆਵਾਜਾਈ ਨੂੰ ਸੁਚਾਰੂ ਤੇ ਸੁਰੱਖਿਅਤ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਅਤੇ ਜਨ-ਸਮੂਹਿਕ ਤੌਰ ’ਤੇ ਭਰਪੂਰ ਯਤਨ ਕੀਤੇ ਜਾਣੇ ਚਾਹੀਦੇ ਹਨ। ਸੜਕ ਸੁਰੱਖਿਆ ਅਤੇ ਸੇਫ ਵਾਹਨ ਸਕੀਮ ਅਧੀਨ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ।
*****
(630)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)