“ਆਸਟ੍ਰੇਲੀਆ ਆਪਣੀ ਧੀ ਨੂੰ ਮਿਲਣ ਗਈ ਮੇਰੀ ਇੱਕ ਦੋਸਤ ਨੇ ਦੱਸਿਆ ...”
(13 ਮਾਰਚ 2020)
ਅੱਜ ਵਿਸ਼ਵੀਕਰਨ ਦੇ ਦੌਰ ਵਿੱਚ ਦੇਸ਼ ਦੇ ਬਾਕੀ ਸੂਬਿਆਂ ਤੋਂ ਵੱਧ ਵਿਦੇਸ਼ਾਂ ਵਿੱਚ ਪਰਵਾਸ ਨੇ ਲੱਖਾਂ ਪੰਜਾਬੀ ਬਾਹਰ ਢੋਅ ਦਿੱਤੇ ਹਨ। ਹੁਣ ਅਸੀਂ ਧਰਤੀ ਉੱਤੇ ਕਈ ਥਾਂਈਂ ਪੰਜਾਬ ਬਣੇ ਵੇਖ ਰਹੇ ਹਾਂ। ਜਿੰਨੇ ਕੁ ਪੰਜਾਬੀ ਬਾਹਰ ਨਿਕਲੇ ਹਨ, ਉਸ ਤੋਂ ਪੰਜਵਾਂ-ਛੇਵਾਂ ਹਿੱਸਾ ਪਰਵਾਸੀ ਮਜ਼ਦੂਰ ਬਾਹਰਲੇ ਸੂਬਿਆਂ ਤੋਂ ਪੰਜਾਬ ਆ ਵੜੇ ਹਨ। ਇਹ ਲੜੀ ਪਤਾ ਨਹੀਂ ਕਦੋਂ ਰੁਕੇਗੀ। ਪਾਰਕ ਵਿੱਚ ਸੈਰ ਕਰਦਿਆਂ ਵੇਖਦੇ ਹਾਂ ਕਿ ਉੱਥੇ ਵਧੇਰੇ ਲੋਕ ਉਹ ਹਨ, ਜੋ ਬਾਹਰਲੇ ਸੂਬਿਆਂ ਤੋਂ ਆਏ ਹਨ। ਸਾਡੇ ਨੇੜਲੇ ਸੈਕਟਰ ਵਿੱਚ ਆਈ.ਟੀ. ਨਾਲ ਸਬੰਧਿਤ ਕਈ ਕੰਪਨੀਆਂ ਚੱਲ ਰਹੀਆਂ ਹਨ, ਜਿੱਥੇ ਆਮ ਤੌਰ ਉੱਤੇ ਬਾਹਰਲੇ ਸੂਬਿਆਂ ਤੋਂ ਆਏ ਨੌਜਵਾਨ ਘੱਟ ਪੈਸਿਆਂ ’ਤੇ ਭਰਤੀ ਕਰ ਲਏ ਜਾਂਦੇ ਹਨ। ਉਹ ਇੱਥੇ ਖੁਸ਼ ਹਨ, ਕਿਉਂਕਿ ਆਪਣੇ ਸੂਬੇ ਵਿੱਚ ਇਹਨਾਂ ਨੂੰ ਬਹੁਤ ਘੱਟ ਉਜਰਤ ਮਿਲਦੀ ਹੈ। ਵਿਹਲੇ ਸਮੇਂ ਵਿੱਚ ਉਹ ਪਾਰਕਾਂ ਵਿੱਚ ਆਪਣੇ ਸਹਿਕਰਮੀ ਲੜਕੇ-ਲੜਕੀਆਂ ਨਾਲ ਗਰੁੱਪਾਂ ਵਿੱਚ ਘੁੰਮਦੇ ਹੱਸਦੇ-ਖੇਡਦੇ ਤੇ ਆਪਣੀ ਭਾਸ਼ਾ ਵਿੱਚ ਗੱਲਾਂ ਕਰਦੇ, ਗਾਣੇ ਗਾਉਂਦੇ ਹੋਏ ਮਨ ਪਰਚਾਉਂਦੇ ਨਜ਼ਰ ਆਉਂਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਆਪਣੀ ਹੈਸੀਅਤ ਤੋਂ ਵੱਧ ਉਹ ਕਿੰਨੇ ਵਧੀਆ ਮਾਹੌਲ ਅਤੇ ਆਧੁਨਿਕ ਜ਼ਮਾਨੇ ਵਿੱਚ ਪਹੁੰਚ ਗਏ ਹਨ। ਤਦ ਸਾਨੂੰ ਇੰਝ ਲੱਗਦਾ ਹੈ ਕਿ ਅਸੀਂ ਕਿਧਰੇ ਹੋਰ ਹੀ ਤੁਰੇ ਫਿਰਦੇ ਹਾਂ। ਸਾਡਾ ਆਪਣਾ ਪੰਜਾਬ ਤਾਂ ਨਜ਼ਰ ਨਹੀਂ ਆ ਰਿਹਾ। ਠੇਠ ਪੰਜਾਬੀ ਬੋਲਦੇ, ਗੁੰਦਵੇ ਸਰੀਰ, ਉੱਚੇ-ਲੰਬੇ, ਛੈਲ-ਛਬੀਲੇ, ਭਰਵੇਂ ਡੀਲ-ਡੌਲ ਵਾਲੇ ਸੁਹਣੇ ਸੁਨੱਖੇ ਨੌਜਵਾਨ ਗੱਭਰੂ ਤਾਂ ਹੁਣ ਲੱਭਣੇ ਮੁਸ਼ਕਿਲ ਹੋ ਗਏ ਹਨ। ਪਤਾ ਨਹੀਂ ਕੇਹੀ ਨਜ਼ਰ ਲੱਗੀ ਹੈ ਪੰਜਾਬ ਨੂੰ। ਸੁਰਜੀਤ ਪਾਤਰ ਦੀ ਕਵਿਤਾ ਦੇ ਬੋਲ ਜ਼ਿਹਨ ’ਤੇ ਹਾਵੀ ਹੁੰਦੇ ਹਨ:
ਅੱਜ ਲੱਗੀ ਨਜ਼ਰ ਪੰਜਾਬ ਨੂੰ, ਏਹਦੀ ਦੀ ਨਜ਼ਰ ਉਤਾਰੋ,
ਲੈ ਕੇ ਮਿਰਚਾਂ ਕੌੜੀਆਂ, ਇਹਦੇ ਸਿਰ ਤੋਂ ਵਾਰੋ।
ਪੰਜਾਬ ਦੇ ਗੱਭਰੂ, ਬੇਰੁਜ਼ਗਾਰ ਨੌਜਵਾਨ ਤਾਂ ਵਿਦਿਆਰਥੀ ਵੀਜ਼ੇ, ਕਿਸੇ ਕੰਪਨੀ ਵੱਲੋਂ, ਜਾਂ ਕਈ ਏਜੰਟਾਂ ਦੇ ਧੱਕੇ ਚੜ੍ਹਕੇ ਗਲਤ ਰਸਤੇ ਬਾਹਰਲੇ ਮੁਲਕਾਂ ਵਿੱਚ ਉਡਾਰੀ ਮਾਰ ਰਹੇ ਹਨ। ਜਾਣਦੇ ਹਨ ਕਿ ਉਹਨਾਂ ਦੇ ਮਾਂ-ਬਾਪ ਸਭ ਕੁਝ ਵੇਚ-ਵੱਟ ਕੇ ਵੀ ਬਾਹਰ ਭੇਜ ਦੇਣਗੇ। ਅੱਜ ਬਾਰ੍ਹਵੀਂ ਜਮਾਤ ਕਰਕੇ ਹਰ ਦੂਸਰਾ ਨੌਜਵਾਨ ਕਹੇਗਾ ਕਿ ਉਹ ਆਈਲੈਟਸ ਕਰ ਰਿਹਾ ਹੈ। ਸਭ ਤੋਂ ਸੌਖਾ, ਵਧੀਆ ਤੇ ਸੁਰੱਖਿਅਤ ਰਸਤਾ ਬਾਹਰ ਜਾਣ ਦਾ ਇਹੀ ਜਾਣਿਆ ਜਾ ਰਿਹਾ ਹੈ। ਜਸਟਿਸ ਟਰੂਡੋ ਦੀ ਨਰਮ-ਦਿਲੀ ਤਹਿਤ ਵੀਜ਼ੇ ਲੱਗ ਜਾਣ ਵਾਲੇ ਵਿਦਿਆਰਥੀਆਂ ਦੇ ਮਾਪੇ ਅੱਜ ਕੈਨੇਡਾ ਸਰਕਾਰ ਨੂੰ ਅਸੀਸਾਂ ਦੇ ਰਹੇ ਹਨ। ਆਈਲੈਟਸ ਸੈਂਟਰਾਂ ਦਾ ਕਾਰੋਬਾਰ ਵਧ ਫੁੱਲ ਰਿਹਾ ਹੈ ਤੇ ਕਰੋੜਾਂ ਦਾ ਧੰਦਾ ਬਣ ਗਿਆ ਹੈ। ਪੰਜਾਬ ਦੇ ਡਿਗਰੀ ਤੇ ਤਕਨੀਕੀ ਕਾਲਜਾਂ ਵਿੱਚ ਦਾਖਲੇ ਨਾ-ਮਾਤਰ ਹਨ। ਮਹਿੰਗੀ ਸਿੱਖਿਆਂ ਪਿੱਛੋਂ ਵੀ ਉਹਨਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਜੇਕਰ ਕੋਈ ਮੁੰਡਾ ਆਈਲੈਟਸ ਵਿੱਚੋਂ ਨੰਬਰ ਲੈਣ ਦੇ ਯੋਗ ਨਹੀਂ ਤਾਂ ਵੀ ਕੋਈ ਖਾਸ ਗੱਲ ਨਹੀਂ, ਫਿਰ ਉਹ ਆਪਣੇ ਵਿਆਹ ਲਈ 6-7 ਬੈਂਡ ਵਾਲੀ ਕੁੜੀ ਦੀ ਭਾਲ ਕਰਦਾ ਹੈ ਤੇ ਉਹ ਹੀ ਸਰਬ-ਗੁਣ ਸੰਪਨ ਸੰਜੋਗ ਬਣਦਾ ਹੈ। ਦਾਜ-ਦਹੇਜ ਕੋਈ ਨਹੀਂ ਤੇ ਬਾਹਰ ਜਾਣ ਦਾ ਖਰਚਾ ਵੀ ਮੁੰਡੇ ਵਾਲੇ ਕਰਦੇ ਹਨ। ਇੱਦਾਂ ਕੁੜੀਆਂ ਦੀ ਵੁਕਤ ਦਾ ਵੀ ਪਤਾ ਲੱਗਾ ਹੈ ਸਭ ਨੂੰ।
ਅੱਜ ਗੁਰਦਵਾਰੇ ਵਿੱਚ ਇੱਕ ਬੀਬੀ ਵੱਲੋਂ ਅਰਦਾਸ ਸੀ ਕਿ ਮੇਰੇ ਬੱਚੇ ਦੇ ਪੇਪਰਾਂ ਵਿੱਚੋਂ ਚੰਗੇ ਨੰਬਰ ਆ ਜਾਣ। ਬਾਅਦ ਵਿੱਚ ਮੇਰੇ ਪੁੱਛਣ ਤੇ ਉਨੇ ਦੱਸਿਆ ਕਿ ਮੁੰਡਾ ਆਈਲੈਟਸ ਵਿੱਚ ਚੰਗੇ ਬੈਂਡ ਲੈ ਕੇ ਬਾਹਰ ਚਲਾ ਜਾਵੇ ਤਾਂ ਚੰਗਾ ਹੈ। ਇੱਥੇ ਨੌਕਰੀ ਕੋਈ ਮਿਲਦੀ ਨਹੀਂ ਤੇ ਵਿਹਲੇ ਨਿਆਣੇ ਨਸ਼ੇ ਕਰਦੇ ਤੇ ਲੜਾਈ-ਝਗੜੇ ਹੀ ਕਰਨਗੇ। ਇੱਥੇ ਮਾੜਾ-ਮੋਟਾ ਧੰਦਾ ਜਾਂ ਖੇਤੀ-ਬਾੜੀ ਕਰਨ ਨੂੰ ਤਿਆਰ ਨਹੀਂ। ਮੈਂਨੂੰ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਖਬਰ ਯਾਦ ਆਉਂਦੀ ਹੈ ਕਿ ਕਿਵੇਂ ਅਧਿਆਪਕ ਦੀ ਯੋਗਤਾ ਰੱਖਣ ਵਾਲੇ ਬੇਰੁਜ਼ਗਾਰ ਨੌਜਵਾਨ ਆਪਣੀ ਨੌਕਰੀ ਲਈ ਸੰਘਰਸ਼ ਕਰਦੇ, ਸਰਕਾਰ ਕੋਲ ਫਰਿਆਦ ਲੈ ਕੇ ਜਾਂਦੇ ਹਨ, ਤਾਂ ਉਹਨਾਂ ਦੇ ਮਹਿਕਮੇ ਦੇ ਮੰਤਰੀ ਹੀ ਉਹਨਾਂ ਦੀ ਦੁੱਖ-ਤਕਲੀਫ ਸੁਣਨ ਦੀ ਬਜਾਏ ਉਹਨਾਂ ਨੂੰ ਖਦੇੜਨ ਲਈ ਭੱਦੀ ਸ਼ਬਦਾਵਲੀ ਵਰਤਦਾ ਹੈ। ਉਹਨਾਂ ਦਾ ਮਨੋਬਲ ਡਿੱਗਦਾ ਹੈ ਤੇ ਭਵਿੱਖ ਅਸੁਰੱਖਿਅਤ ਵਿਖਾਈ ਦਿੰਦਾ ਹੈ, ਜੋ ਵਿਕਾਸ ਦੀ ਦਾਅਵੇਦਾਰੀ ਕਰ ਰਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹਾ ਕਰਦਾ ਹੈ। ਜੇਕਰ ਦੇਸ਼ ਅੰਦਰ ਹੀ ਉਹਨਾਂ ਨੂੰ ਮਾਣ-ਸਨਮਾਣ ਤੇ ਬਣਦਾ ਰੁਜ਼ਗਾਰ ਮੁਹੱਈਆ ਹੁੰਦਾ ਹੋਵੇ ਤਾਂ ਕੋਈ ਗੈਰ-ਕਾਨੂੰਨੀ ਢੰਗ ਨਾਲ ਜਾਨ ਜੋਖ਼ਮ ਵਿੱਚ ਪਾ ਕੇ ਮੈਕਸੀਕੋ ਦੀਆਂ ਕੰਧਾਂ ਨਾ ਟੱਪਦਾ, ਤੇ ਨਾ ਹੀ ਰੂਸ ਰੁਜ਼ਗਾਰ ਲੈਣ ਗਏ ਹਾਲ ਵਿੱਚ ਹੀ 24 ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਮਹਿਕਮਿਆਂ ਦੀ ਖੱਜਲ-ਖੁਆਰੀ ਹੁੰਦੀ।
ਨੌਜਵਾਨ ਵੀ ਵਿਦੇਸ਼ੀ ਚਮਕ ਤਾਂ ਵੇਖਦੇ ਹਨ ਪਰ ਉਸ ਲਈ ਕਿੰਨੇ ਘੰਟੇ ਖੜ੍ਹੇ ਹੋ ਕੇ ਕੰਮ ਕਰਨਾ ਤੇ ਜਫ਼ਰ ਜਾਲਣੇ ਪੈਂਦੇ ਹਨ, ਇਸ ਨੂੰ ਉਹ ਨਜ਼ਰ ਅੰਦਾਜ਼ ਕਰਦੇ ਹਨ। ਉੱਥੇ ਬਿਨਾਂ ਸੰਗ-ਸ਼ਰਮ ਤੋਂ ਕੋਈ ਵੀ ਕੰਮ ਕਰਨ ਨੂੰ ਤਿਆਰ ਹਨ ਪਰ ਪੰਜਾਬ ਵਿੱਚ ਮਿਹਨਤ ਕਰਨ ਤੋਂ ਇਨਕਾਰੀ ਹਨ। ਆਸਟ੍ਰੇਲੀਆ ਆਪਣੀ ਧੀ ਨੂੰ ਮਿਲਣ ਗਈ ਮੇਰੀ ਇੱਕ ਦੋਸਤ ਨੇ ਦੱਸਿਆ ਕਿ ਉਹਨਾਂ ਦੇ ਘਰ ਲੱਕੜ ਦਾ ਕੰਮ ਕਰਨ ਆਏ ਭਾਰਤੀ ਮਿਸਤਰੀ ਨਾਲ ਇੱਕ 24 ਸਾਲ ਦਾ ਮੁੰਡਾ ਸੰਦ ਤੇ ਮਸ਼ੀਨ ਨੂੰ ਗੱਡੀ ਵਿੱਚੋਂ ਕੱਢ ਕੇ ਲਿਆ ਰਿਹਾ ਸੀ। ਬੀ.ਕਾਮ ਕਰਕੇ ਸਟੱਡੀ ਵੀਜ਼ੇ ’ਤੇ ਗਿਆ, ਹਫਤੇ ਵਿੱਚ ਦੋ ਦਿਨ ਕਾਲਜ ਜਾਂਦਾ ਤੇ ਬਾਕੀ ਦਿਨ ਕੰਮ ਕਰਦਾ ਹੈ। ਇਸ ਨਾਲ ਫੀਸ ਲਈ ਕੁਝ ਪੈਸੇ ਬਣ ਜਾਂਦੇ ਹਨ। ਇਹੀ ਮੁੰਡਾ ਪਿੰਡ ਖੇਤ ਦੀ ਵੱਟ ਤੇ ਖੜੋ ਕੇ ਪਰਵਾਸੀ ਮਜ਼ਦੂਰ ’ਤੇ ਰੋਹਬ ਝਾੜਦਾ ਰਿਹਾ ਹੋਵੇਗਾ। ਸਟੱਡੀ ਵੀਜ਼ੇ ਉੱਤੇ ਗਏ ਹਰੇਕ ਨੌਜਵਾਨ ਦਾ ਇਹੀ ਹਾਲ ਹੈ। 15-18 ਘੰਟੇ ਕੰਮ ਕਰਕੇ ਰੋਟੀ ਪਕਾਉਣ ਦਾ ਸਮਾਂ ਵੀ ਨਹੀਂ ਬਚਦਾ ਤਾਂ ਗੁਰਦਵਾਰੇ ਦੀ ਸ਼ਰਨ ਲੈਂਦੇ ਹਨ। ਹਮਦਰਦੀ ਰੱਖਦੇ, ਉਹ ਲੰਗਰ ਛਕਾਉਂਦੇ ਤੇ ਪੈਕ ਵੀ ਕਰ ਦਿੰਦੇ ਹਨ।
ਇਹ ਖੁਦ ਕਿਉਂ ਨਹੀਂ ਸੋਚਦੇ ਕਿ ਇੰਨੀ ਮਿਹਨਤ ਤੇ ਪੈਸੇ ਨਾਲ ਤਾਂ ਇੱਥੇ ਵੀ ਬੜਾ ਕੁਝ ਹਾਸਲ ਹੋ ਸਕਦਾ ਹੈ। ਅਜਿਹੇ ਗੰਭੀਰ ਤੇ ਨਾਜ਼ੁਕ ਦੌਰ ਵਿੱਚ ਬੇਰੁਜ਼ਗਾਰੀ ਨਾਲ ਲੜਨ ਲਈ ਸਮਾਜ ਦਾ ਚੇਤੰਨ ਵਰਗ ਅੱਗੇ ਆ ਰਿਹਾ ਹੈ। ਇੱਕ ਉਦਾਹਰਣ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਹੁਨਰਮੰਦ ਕਰਕੇ ਆਤਮ ਨਿਰਭਰ ਬਣਾਉਣ ਵਿੱਚ ਸਹਾਈ ਹੋ ਰਿਹਾ ਹੈ। ਇੱਕ ਲੜਕੀ ਨੇ ਤਿੰਨ ਮਹੀਨੇ ਦਾ ‘ਮੇਕ ਅੱਪ ਆਰਟਿਸਟ’ ਕੋਰਸ ਕਰਕੇ ਬਲੌਂਗੀ ਵਿਖੇ ‘ਮਿਸਟਰੀ ਮੇਕ ਓਵਰ’ ਨਾਂ ਦਾ ਸੈਲੂਨ ਸ਼ੁਰੂ ਕੀਤਾ ਹੈ ਤੇ ਅੱਜ ਮਹੀਨੇ ਦੇ 20 ਹਜ਼ਾਰ ਤੋਂ ਵੱਧ ਕਮਾ ਰਹੀ ਹੈ। ਦੂਜੇ ਪਾਸੇ ਇੱਕ ਦੋਸਤ ਦੀ ਕੈਨੇਡਾ ਰਹਿੰਦੀ ਮਾਂ ਦੀ ਸਾਂਭ-ਸੰਭਾਲ ਲਈ ਉਹਨਾਂ ਪੰਜਾਬੋਂ ਗਈ ਲੜਕੀ ਨੂੰ ਰੱਖਿਆ ਹੈ। ਉਸਦੇ ਪਿਓੁ ਨੇ ਜ਼ਮੀਨ ਵੇਚ ਕੇ 25 ਲੱਖ ਰੁਪਏ ਖਰਚ ਕੇ ਮਹਿਜ਼ ਇੱਕ ਸਾਲ ਦੇ ਵੀਜ਼ੇ ’ਤੇ ਭੇਜਿਆ। ਅੱਗੇ ਸਾਲ ਬਾਅਦ ਉਸਦਾ ਭਵਿੱਖ ਕਿੰਨਾ ਅਨਿਸ਼ਚਤ ਹੈ, ਉਹ ਬੇਹੱਦ ਚਿੰਤਿਤ ਹੈ।
ਪੰਜਾਬ ਦੀ ਆਰਥਿਕ ਸਥਿਤੀ ਅੱਜ ਡਾਵਾਂਡੋਲ ਹੋ ਰਹੀ ਹੈ। ਪੰਜਾਬੀ ਆਪਣੀ ਜਮ੍ਹਾਂ-ਪੂੰਜੀ ਵੇਚ-ਵੱਟ ਕੇ ਵਿਦੇਸ਼ਾਂ ਵਿੱਚ ਨਿਵੇਸ਼ ਕਰਕੇ, ਸਾਮਰਾਜੀ ਦੇਸ਼ਾਂ ਦੀ ਆਰਥਿਕਤਾ ਵਿੱਚ ਵਾਧਾ ਕਰ ਰਹੇ ਹਨ। ਇਹ ਚਿੰਤਾ ਦਾ ਵਿਸ਼ਾ ਹੈ, ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਆਪਣੇ ਨਿੱਜਵਾਦ ਤੋਂ ਉੱਪਰ ਉੱਠ ਕੇ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਨੀਤੀਗਤ ਬਦਲਾਅ ਲਿਆਉਣਾ ਪਵੇਗਾ। ਜਿਸ ਤਹਿਤ ਹਰ ਵਰਗ ਲਈ ਰੁਜ਼ਗਾਰ, ਕਿੱਤਾ-ਮੁਖੀ ਸਿੱਖਿਆ, ਮੁਫਤ ਇਲਾਜ, ਸਮਾਜਿਕ ਸੁਰੱਖਿਆ ਅਤੇ ਬਿਹਤਰ ਕਾਨੂੰਨ ਵਿਵਸਥਾ ਆਦਿ ਸਹੂਲਤਾਂ ਹੋਣ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1990)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)