KulminderKaur7ਉਹ ਯਕਲਖਤਨਿੰਮੋਝੂਣੀ ਤੇ ਨਿਰਾਸ਼ ਹੋ ਕੇ ਬੋਲੀ, “ਕਿੱਥੇ ਭੈਣ! ਇਹ ਤਾਂ ਮੇਰੀ ...
(17 ਫਰਬਰੀ 2018)

 

ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਮਾਦਾ ਭਰੂਣ-ਹੱਤਿਆ ਰੋਕਣ ਸਬੰਧੀ ਜਿੱਥੇ “ਬੇਟੀ ਬਚਾਓ ਤੇ ਬੇਟੀ ਪੜ੍ਹਾਉ” ਮੁਹਿੰਮ ਸੁਕੰਨਿਆਂ ਸਮਰਿਧੀ ਯੋਜਨਾ ਦਾ ਅਗਾਜ਼ ਹੋਇਆ ਹੈ, ਉੱਥੇ ਹੀ ਕੁਝ ਅਰਸੇ ਤੋਂ ਇਸ ਪਿਤਾ-ਪੁਰਖੀ ਸਮਾਜ ਵਿੱਚ ਪੜ੍ਹੇ ਲਿਖੇ ਮਧਵਰਗੀ ਪਰਿਵਾਰਾਂ ਵਿੱਚ ਧੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ਼ ਵੀ ਚੱਲ ਪਿਆ ਹੈ। ਲੋਹੜੀ ਦੇ ਤਿਓੁਹਾਰ ਦੀ ਖੁਸ਼ੀ ਸਿਰਫ ਮੁੰਡੇ ਦੇ ਜਨਮ ਤੇ ਉਸਦੇ ਵਿਆਹ ਨਾਲ ਜੋੜਨ ਦੀ ਇਹ ਪਿਰਤ ਤੇ ਰਵਾਇਤ ਇਸ ਸਾਲ ਕਾਫੀ ਮੱਧਮ ਜਾਪੀ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਥਾਂ ਥਾਂ ਸੈਮੀਨਾਰ ਲਗਾ ਕੇ ਧੀਆਂ ਦੀ ਲੋਹੜੀ ਦੇ ਨਾਮ ਤੇ ਫੰਕਸ਼ਨ ਕਰਵਾਏ ਗਏ। ਮੁੰਡੇ-ਕੁੜੀਆਂ ਇਕੱਠੇ ਹੀ ਨੱਚਦੇ-ਟੱਪਦੇ, ਅਖਬਾਰਾਂ ਤੇ ਸੋਸ਼ਲ ਮੀਡੀਆ ਵਿੱਚ ਵਿਖਾਈ ਦੇ ਰਹੇ ਸਨ। ਸਾਡੇ ਫੂਡ ਪ੍ਰੋਸੈੱਸਿੰਗ ਮੰਤਰੀ ਹਰ ਸਿਮਰਤ ਕੌਰ ਬਾਦਲ ਜੀ ਤਾਂ ਕਈ ਸਾਲਾਂ ਤੋਂ ਪ੍ਰਚਾਰ ਮੀਡੀਆ ਰਾਹੀਂ ਧੀਆਂ ਦੇ ਮਾਣ-ਸਤਿਕਾਰ ਦੀਆਂ ਹੀ ਗੱਲਾਂ ਕਰਦੇ ਹਨ। ਤੇ ਹੁਣ ਧੀਆਂ ਤੇ ਪੁੱਤਰਾਂ ਦਾ ਫਰਕ ਮਿਟਾਈਏ, ਧੀਆਂ ਦੀ ਲੋਹੜੀ ਮਨਾਈਏ ਦਾ ਨਾਹਰਾ ਵੀ ਲਗਾਇਆ।

ਨਿਰਸੰਦੇਹ ਇਹ ਇੱਕ ਨਵੀਂ ਅਗਾਹ-ਵਧੂ ਸੋਚ, ਸੇਧ ਤੇ ਸਮਾਜਿਕ ਤਬਦੀਲੀ ਵੱਲ ਵਧਿਆ ਨਵਾਂ ਕਦਮ ਤੇ ਹੰਭਲਾ ਜ਼ਰੂਰ ਹੈ। ਸਾਡੀ ਗਲੀ ਵਿੱਚ ਸਾਹਮਣੇ ਘਰ ਵੀ ਪਹਿਲੀ ਪੋਤਰੀ ਦੀ ਲੋਹੜੀ ਖੁਸ਼ੀਆਂ ਤੇ ਚਾਵਾਂ ਨਾਲ ਮਨਾਈ ਗਈ। ਇਹ ਗੱਲ ਵੱਖਰੀ ਹੈ ਕਿ ਦੂਸਰਾ ਬੱਚਾ, ਪੋਤਰੇ ਦੀ ਆਸ ਲਗਾਈ ਹੋਵੇ ਜਾਂ ਦੂਜੀ ਪੋਤੀ ਹੋਣ ਤੇ ਇਹ ਚਾਅ-ਮਲ੍ਹਾਰ ਚੇਤੇ ਹੀ ਨਾ ਰਹਿਣ।

ਇੱਥੇ ਮੈਨੂੰ ਯਾਦ ਆਇਆ ਅੱਜ ਤੋਂ ਛੇ ਦਹਾਕੇ ਪਹਿਲਾਂ ਦਾ ਸਮਾਂ ਜਦੋਂ ਧੀਆਂ ਦੀ ਲੋਹੜੀ ਤਾਂ ਕੀ, ਉਸ ਜਿਉਂਦੀ ਜਾਨ ਨੂੰ ਸਾਹ ਲੈਣ ਤੋਂ ਪਹਿਲਾਂ ਹੀ ਦੱਬ ਦਿੱਤਾ ਜਾਂਦਾ ਸੀ। ਇਸ ਕਰੋਪੀ ਤੋਂ ਬਚ ਨਿਕਲੀਆਂ ਧੀਆਂ ਨਾਲ ਸ਼ੁਰੂ ਤੋਂ ਹੀ ਦਵੈਤ ਹੁੰਦੀ ਰਹੀ ਹੈ। ਮੈਂ ਆਪਣੀ ਦਾਦੀ ਨਹੀਂ ਵੇਖੀ ਪਰ ਮਾਂ ਦੱਸਦੀ ਹੁੰਦੀ ਸੀ ਕਿ ਮੇਰੀ ਵੱਡੀ ਭੈਣ ਵੀ ਦਾਦੀ ਦੀ ਬੇਰੁਖੀ ਦਾ ਸ਼ਿਕਾਰ ਹੁੰਦੀ ਰਹੀ ਸੀ, ਦੋ ਰੋਟੀਆਂ ਦੀ ਬਜਾਏ ਇੱਕ ਹੀ ਫੜਾਉਂਦੀ। ਉਸੇ ਮੇਰੀ ਭੈਣ ਨੇ, ਪੁੱਤਾਂ ਵੱਲੋਂ ਸਤਾਈ ਮਾਂ ਦੇ ਕਈ ਵੇਰ ਅੱਥਰੂ ਪੂੰਝੇ। ਸਾਰੇ ਪਿੰਡ ਵਿੱਚ ਉਹ ਪਹਿਲੀ ਕੁੜੀ ਪੜ੍ਹ-ਲਿਖ ਕੇ ਅਧਿਆਪਕਾ ਬਣੀ। ਕਈ ਸਾਲ ਦੇਸ਼-ਕੌਮ ਦੇ ਭਵਿੱਖ ਬੱਚਿਆਂ ਦੀ ਸੇਵਾ ਕਰਕੇ ਨਾਮਨਾ ਖੱਟਿਆ ਤੇ ਆਪਣੀ ਕਮਾਈ ਖਾਧੀ। ਇਸੇ ਭੈਣ ਦਾ ਇਕਲੌਤਾ ਪੁੱਤਰ ਵੱਡਾ ਹੋ ਕੇ ਬਾਹਰਲੇ ਮੁਲਕ ਵਿੱਚ ਪਰਿਵਾਰ ਸਮੇਤ ਉਡਾਰੀ ਮਾਰ ਗਿਆ। ਜਦੋਂ ਆਉਂਦਾ ਤਾਂ ਭਾਵੇਂ ਕਈ ਵੇਰ ਉਸਦੀ ਵਿਲਕਦੀ ਰੂਹ ਲੋਕ ਬੋਲਦੀ, “ਰਿਜ਼ਕ ਵਿਹੂਣੇ ਆਦਮੀ, ਗਏ ਮੁਹੱਬਤਾਂ ਤੋੜ।” ਦਾ ਤਾਹਨਾ ਦੇਂਦੀ, ਦਰਦ ਵਿੰਨ੍ਹੇ ਅਹਿਸਾਸ ਵਿੱਚੋਂ ਲੰਘਦੀ, ਪਰ ਉਸਦੇ ਤੁਰਨ ਵੇਲੇ ਤੱਕ ਆਪਣੇ-ਆਪ ਨੂੰ ਸੰਭਾਲਦੀ, ਸਹਿਜ ਹੋ ਕੇ ਖੁਸ਼ੀ-ਖੁਸ਼ੀ ਤੋਰਦੀ। ਬਹੁਤ ਬਿਮਾਰ ਹੋਣ ਜਾਣ ’ਤੇ ਵੀ ਸਬਰ-ਸਬੂਰੀ ਦਾ ਘੁੱਟ ਭਰਕੇ ਕਦੇ ਨਾ ਉਭਾਸਰਦੀ। ਇਹੀ ਸੋਚਦੀ ਕਿ ਪਰਦੇਸਾਂ ਦੇ ਮਾਮਲੇ ਕਿਵੇਂ ਪਰਿਵਾਰ ਨੂੰ ਛੱਡ ਕੇ ਮੇਰੇ ਕੋਲ ਆਵੇ। ਤੁਰਨ-ਫਿਰਨ ਤੋਂ ਵੀ ਆਤੁਰ ਹੋ ਗਈ ਤਾਂ ਇਸੇ ਸ਼ਹਿਰ ਵਿੱਚ ਰਹਿੰਦੇ ਧੀ-ਜਵਾਈ ਉਸ ਕੋਲ ਆ ਕੇ ਰਹਿਣ ਲੱਗੇ। ਰਾਤ-ਦਿਨ ਮਾਂ ਦੀ ਸੇਵਾ ਕਰਦੇ ਜੋ ਨੂੰਹ-ਪੁੱਤ ਵੀ ਨਾ ਕਰ ਸਕਦੇ। ਮੇਰੀ ਭੈਣ ਤਾਂ ਚੱਲ ਵਸੀ, ਪਰ ਧੀ ਹੁਣ ਬਾਪ ਦੀ ਸੇਵਾ ਕਰਦੀ ਹੈ। ਉਹਨੂੰ ਆਪਣੇ ਬੱਚੇ ਵਾਂਗ ਬਿਨਾਂ ਕਿਸੇ ਉਹਲੇ ਦੇ ਨਹਾਉਂਦੀ, ਧੁਆਉਂਦੀ ਤੇ ਕੱਪੜੇ ਪਾਉਂਦੀ ਹੈ।

ਇੱਥੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਧੀਆਂ ਜਿੱਥੇ ਸਮਾਜਿਕ ਕਦਰਾਂ-ਕੀਮਤਾਂ ਤੇ ਸਭਿਆਚਾਰਕ ਵਿਰਸੇ ਦੀ ਸਾਂਭ-ਸੰਭਾਲ ਕਰਦੀਆਂ ਹਨ, ਉੱਥੇ ਉਹ ਰਿਸ਼ਤੇ ਨਿਭਾਉਣਾ ਵੀ ਖੂਬ ਜਾਣਦੀਆਂ ਹਨ। ਸਮਾਜਿਕ ਕੁਰੀਤੀਆਂ ਤੇ ਨਸ਼ਿਆਂ ਦੀ ਦਲਦਲ ਵਿੱਚ ਫਸਕੇ ਜਾਂ ਪਦਾਰਥਵਾਦੀ ਸੋਚ ਦੀ ਪੈਂਠ ਚੜ੍ਹ ਜਾਣ ’ਤੇ ਜਦੋਂ ਲੜਕੇ ਆਪਣੇ ਜਨਮ-ਦਾਤਿਆਂ ਨੂੰ ਦੁਰਕਾਰਦੇ ਹਨ ਤਾਂ ਧੀ ਉਹਨਾਂ ਦਾ ਸਹਾਰਾ ਬਣਨ ਲਈ ਮੋਢਾ ਅੱਗੇ ਕਰਦੀ ਹੈ। ਆਪਣੇ ਸਹੁਰੇ ਪਰਿਵਾਰ ਦੀ ਜ਼ਿੰਮੇਵਾਰੀ ਦੇ ਨਾਲ ਮਾਂ-ਬਾਪ ਦਾ ਕਰਜ਼ ਵੀ ਬਾਖੂਬੀ ਲਾਹੁੰਦੀ ਹੈ। ਉਸ ਘਰ ਵਿੱਚ ਬਰਾਬਰ ਦੀ ਜਾਇਦਾਦ ਦਾ ਹੱਕ ਰੱਖਦੀ ਹੋਈ ਉਹ ਸਿਰਫ ਉਹਨਾਂ ਦੀ ਖੁਸ਼ਹਾਲੀ ਤੇ ਬਿਹਤਰੀ ਬਾਰੇ ਹੀ ਸੋਚਦੀ ਹੈ। ਚਾਹੇ ਇਸ ਲਈ ਉਸ ਨੂੰ ਕਈ ਤਰ੍ਹਾਂ ਦੇ ਮਾਨਸਿਕ ਦਬਾਅ ਵਿੱਚੋਂ ਵੀ ਕਿਉਂ ਨਾ ਲੰਘਣਾ ਪਵੇ।

ਮੇਰੀ ਭਰਜਾਈ ਦਾ ਇਕਲੋਤਾ ਵੀਰ ਪ੍ਰਦੇਸ ਗਿਆ ਹੈ। ਮਾਂ ਪਿੰਡ ਇਕੱਲੀ ਰਹਿੰਦੀ ਸੀ, ਬਿਮਾਰ ਹੁੰਦੀ ਤਾਂ ਆਪਣੇ ਕੋਲ ਲੈ ਆਉਂਦੀ। ਘਰ ਵਿੱਚ ਖੇਚਲ ਤੇ ਜ਼ਿੰਮੇਵਾਰੀ ਵਧ ਜਾਣ ਕਾਰਨ ਕਈ ਵੇਰ ਤਣਾਅ ਪੈਦਾ ਹੋ ਜਾਂਦਾ। ਉਂਝ ਧੀਆਂ ਦੇ ਪਰਿਵਾਰ ਵਾਲੇ ਸੁਖਾਲੇ ਰਹਿੰਦੇ ਹਨ। ਸੋ ਧੀਆਂ-ਪੁੱਤਾਂ ਵਿੱਚ ਫਰਕ ਕਰਨ ਦੀ ਬਜਾਏ ਬੱਚਿਆਂ ਨੂੰ ਚੰਗੇ ਸੰਸਕਾਰ ਹੀ ਦੇਣੇ ਚਾਹੀਦੇ ਹਨ।

ਕੁਝ ਦਿਨ ਪਹਿਲਾਂ ਦੀ ਗੱਲ ਹੈ, ਪਾਰਕ ਵਿੱਚ ਸੈਰ ਕਰਦਿਆਂ ਇੱਕ ਪਾਸੇ ਬੈਂਚ ’ਤੇ ਬੈਠੀ ਬਜ਼ੁਰਗ ਔੌਰਤ ’ਤੇ ਮੇਰੀ ਨਜ਼ਰ ਪਈ। ਉਹ ਮੈਨੂੰ ਲੱਤਾਂ ਪਸਾਰ ਕੇ ਸੁਖਾਵੀਂ ਧੁੱਪ ਦਾ ਆਨੰਦ ਮਾਣਦੀ ਪ੍ਰਤੀਤ ਹੋਈ। ਮੇਰਾ ਮਨ ਬੈਠਣ ਦਾ ਹੋਇਆ ਤਾਂ ਮੈਂ ਉਸੇ ਬੈਂਚ ਵੱਲ ਤੁਰ ਪਈ। ਲੱਤਾਂ ਥੋੜ੍ਹਾ ਸਰਕਾ ਕੇ ਉਸਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ। ਸਰਸਰੀ ਲਹਿਜ਼ੇ ਵਿੱਚ ਮੈਂ ਸਵਾਲ ਕੀਤਾ, “ਤੁਸੀਂ ਕਿੰਨੇ ਕੁ ਚੱਕਰ ਲਗਾ ਲੈਂਦੇ ਹੋ?”

ਉਹ ਕਹਿਣ ਲੱਗੀ, “ਭੈਣ, ਮੈਂ ਗੋਡੇ ਪਵਾਏ ਹਨ, ਜਿਆਦਾ ਚੱਲ ਨਹੀਂ ਸਕਦੀਬੱਸ ਘਰੋਂ ਇੱਥੇ ਆ ਕੇ ਬੈਠ ਜਾਂਦੀ ਹਾਂ।

ਗੱਲਾਂ-ਬਾਤਾਂ ਵਿੱਚ ਮੈਂ ਕਿਹਾ, “ਭਾਗਾਂ ਵਾਲੀ ਹੈਂ ਤੂੰ ਭੈਣ, ਜਿਸਦੇ ਬੇਟੇ ਨੇ ਇੰਨਾ ਪੈਸਾ ਖਰਚ ਕੇ ਚੱਲਣ-ਫਿਰਨ ਲਾ’ਤਾ ...।”

ਮੈਨੂੰ ਲੱਗਾ ਜਿਵੇਂ ਮੈਂ ਉਸਦੀ ਦੁਖਦੀ ਰਗ ’ਤੇ ਹੱਥ ਰੱਖ ਦਿੱਤਾ ਹੋਵੇ। ਉਹ ਯਕਲਖਤ, ਨਿੰਮੋਝੂਣੀ ਤੇ ਨਿਰਾਸ਼ ਹੋ ਕੇ ਬੋਲੀ, “ਕਿੱਥੇ ਭੈਣ! ਇਹ ਤਾਂ ਮੇਰੀ ਬੇਟੀ ਨੇ ਪਵਾਏ ਹਨ। ਮੈਂ ਇੱਥੇ ਉਸ ਕੋਲ ਆਈ ਹਾਂ। ...”

ਜ਼ਿੰਦਗੀ ਦੀਆਂ ਬੁਝਾਰਤਾਂ ਸੁਲਝਾ ਰਹੀ ਉਸ ਔੌਰਤ ਦੇ ਮਨ ਦੀ ਵੇਦਨਾ ਉਸਦੀ ਜੁਬਾਨੀ ਸੁਣੋ:

ਦੋ ਲੜਕੇ ਤੇ ਇੱਕ ਲੜਕੀ ਵਾਲਾ ਪਰਿਵਾਰ ਹੈ ਮੇਰਾ। ਬੱਚਿਆਂ ਦੇ ਵਿਆਹ ਤੋਂ ਬਾਅਦ ਮੇਰਾ ਪਤੀ ਚੱਲ ਵਸਿਆ। ਮੁੰਡੇ ਆਪ ਹੁਦਰੇ ਹੋ ਗਏ। ਸਾਂਝੀ ਦੁਕਾਨ ਤੇ ਕੋਠੀ ਵੇਚ ਕੇ ਸ਼ਹਿਰ ਵਿੱਚ ਆਪੋ ਆਪਣੇ ਫਲੈਟ ਤੇ ਵੱਖਰੇ ਕਾਰੋਬਾਰ ਕਰਨ ਲੱਗੇ। ਵੱਡਾ ਮੁੰਡਾ ਮੈਨੂੰ ਲੈ ਗਿਆ। ਉੱਥੋਂ ਤੰਗ ਹੋ ਕੇ ਮੈਂ ਛੋਟੇ ਕੋਲ ਚਲੇ ਗਈ। ਹੁਣ ਉਹ ਵੀ ਮੈਨੂੰ ਨਹੀਂ ਝੱਲਦਾ। ਮੇਰਾ ਚੱਲਣਾ-ਫਿਰਨਾ ਦੁੱਭਰ ਹੋ ਗਿਆ। ਮੇਰਾ ਇਲਾਜ ਤਾਂ ਕੀ ਕਰਾਉਣਾ ਸੀ ਉਨ੍ਹਾਂ ਨੇ, ਕਹਿੰਦੇ, ਤੈਨੂੰ ਰਹਿਣ-ਸਹਿਣ ਦਾ ਸਲੀਕਾ ਨਹੀਂ, ਘਰ ਵਿੱਚ ਗੰਦ ਪਾਈ ਰੱਖਦੀ ਏਂ। ... ਪੋਤੇ-ਪੋਤੀ ਵੀ ਮੇਰੇ ਨਾਲ ਗੱਲ ਨਾ ਕਰਦੇ। ਬੱਸ, ਇਕੱਲੀ ਪਈ ਰਹਿੰਦੀ।

ਮੇਰੀ ਧੀ ਨੇ, ਭਰਾਵਾਂ ਨੂੰ ਸਮਝਾਇਆ ਪਰ ਪਰਨਾਲਾ ਉੱਥੇ ਦਾ ਉੱਥੇ। ਫਿਰ ਧੀ ਦੇ ਘਰ ਨੇੜਲੇ ਹਸਪਤਾਲ ਵਿੱਚ ਗੋਡੇ ਬਦਲਣ ਦਾ ਕੈਂਪ ਲੱਗਾ। ਧੀ ਜਵਾਈ ਮੈਨੂੰ ਉੱਥੇ ਲੈ ਗਏ, ਉਹਨਾਂ ਇੱਕ ਲੱਖ ਦੇ ਦਿੱਤਾ, ਅਖੇ ਕਿਸੇ ਤੋਂ ਫੜੇ ਹਨ। ਬਾਕੀ ਪੈਸੇ ਜਵਾਈ ਨੇ ਪਾ ਕੇ ਮੇਰਾ ਆਪ੍ਰੇਸ਼ਨ ਕਰਵਾ ਕੇ ਚੱਲਣ-ਫਿਰਨ ਯੋਗੀ ਕਰ ਦਿੱਤਾ। ਹੁਣ ਵੇਖੋ ਅੱਗੇ ਕੀ ਬਣਦਾ ਹੈ?...

ਮੈਂ ਉਸ ਨੂੰ ਇਹ ਤਾਂ ਅੱਜ-ਕੱਲ ਘਰ ਘਰ ਦੀ ਕਹਾਣੀ ਹੈਕਹਿ ਕੇ ਨਿਰਾਸ਼ਤਾ ਵਿੱਚੋਂ ਕੱਢਣ ਦਾ ਯਤਨ ਕੀਤਾ। ਅੱਜ ਦੇ ਜਮਾਨੇ ਤੇ ਬੱਚਿਆਂ ਦੀ ਸੋਚ ਅਨੁਸਾਰ ਚੱਲਦਿਆਂ, ਸਹਿਜਤਾ, ਰੁਝੇਵੇਂ ਭਰਪੂਰ ਜ਼ਿੰਦਗੀ ਜੀਣ ਦੀ ਅਤੇ ਆਪਣੀ ਸਿਹਤ-ਸੰਭਾਲ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ।

ਉੱਥੋਂ ਉੱਠ ਕੇ ਮੈਂ ਘਰ ਆਉਂਦੀ ਹੋਈ ਸੋਚ ਰਹੀ ਸੀ ਕਿ ਧੀਆਂ ਇੰਝ ਦੀਆਂ ਕਿਉਂ ਹੁੰਦੀਆਂ ਨੇ? ਉਹਨਾਂ ਦਾ ਵੱਸ ਚੱਲੇਤਾਂ ਉਹ ਕਬਰਾਂ ਵਿੱਚੋਂ ਕੱਢ ਕੇ ਵੀ ਮਾਪੇ ਜਿੰਦਾ ਰੱਖ ਲੈਣ। ਪਤਾ ਨਹੀਂ ਇਹ ਕਿਹੜੀ ਮਿੱਟੀ ਦੀਆਂ ਬਣੀਆਂ ਨੇ। ਹਾਲਾਂਕਿ ਧੀਆਂ ਨੂੰ ਸ਼ੁਰੂ ਤੋਂ ਹੀ ਰੱਬ ਅੱਗੇ ਇੱਕ ਵੀਰ ਦੇਣ ਤੇ ਉਸਦੀ ਸੁੱਖ ਮੰਗਣ ਲਈ ਕਿਹਾ ਜਾਂਦਾ ਰਿਹਾ ਹੈ। ਕਈਆਂ ਦੇ ਤਾਂ ਨਾਂਅ ਇਸੇ ਲਈ ਵੀਰੋ, ਵੀਰਾਂਵੰਤੀ ਤੇ ਵੀਰਪਾਲ ਆਦਿ ਰੱਖੇ ਜਾਂਦੇ ਹਨ। ਲੜਕਿਆਂ ਦੇ ਮੁਕਾਬਲੇ ਉਹ ਜਨਮ ਤੋਂ ਹੀ ਸੰਘਰਸ਼ਮਈ ਜ਼ਿੰਦਗੀ ਨਾਲ ਜੂਝਦੀਆਂ ਆਪਣੀ ਮੰਜ਼ਿਲ ਵੱਲ ਵਧਦੀਆਂ ਹਨ। ਇਹ ਸਾਰਾ ਵਰਤਾਰਾ ਹੀ ਉਨ੍ਹਾਂ ਨੂੰ ਸਹਿਨਸ਼ੀਲਤਾ, ਆਤਮ-ਵਿਸ਼ਵਾਸ, ਦ੍ਰਿੜ੍ਹ ਸੰਕਲਪ, ਸਮਰਪਣ ਤੇ ਸੇਵਾ ਭਾਵਨਾ ਵਰਗੇ ਗੁਣਜ਼ ਨਾਲ ਲਬਰੇਜ਼ ਕਰ ਦਿੰਦਾ ਹੈ। ਆਪਣੇ ਬਹੁ-ਪਰਤੀ ਵਿਅਕਤੀਤਵ ਸਦਕਾ ਉਹ ਤਰੱਕੀ ਦੀਆਂ ਉਚਾਈਆਂ ਛੂਹ ਜਾਂਦੀਆਂ ਹਨ। ਅੱਜ ਉਹ ਹਰ ਖੇਤਰ, ਦੋਜ਼ਖ ਭਰੇ ਮਹਿਕਮੇਂ ਜਿਵੇਂ ਫੌਜ, ਪੁਲੀਸ, ਹਵਾਈ ਸੈਨਾ ਪ੍ਰਸ਼ਾਸਨ, ਰਾਜਨੀਤੀ ਵਿੱਚ ਲੜਕਿਆਂ ਦੇ ਬਰਾਬਰ ਆਪਣੀ ਜ਼ਹਿਨੀਅਤ ਦਾ ਸਬੂਤ ਪੇਸ਼ ਕਰਦੀਆਂ ਹਨ। ਸਾਰੇ ਪੁਲਾੜ ਤੇ ਜਿੱਤ ਪ੍ਰਾਪਤ ਕਰਨ ਵਾਲੀ ਕਲਪਨਾ ਚਾਵਲਾ ਦੀ ਬਰਸੀ ਵੀ ਫਰਵਰੀ ਨੂੰ ਮਨਾਈ ਗਈ।

ਅੱਜ ਔੌਰਤ ਸਮਾਜ ਨੂੰ ਸੱਚ ਦਾ ਸ਼ੀਸ਼ਾ ਵਿਖਾ ਕੇ ਵੰਗਾਰ ਰਹੀ ਹੈ। ਨਵੇਂ ਸਾਲ ਦੇ ਪਹਿਲੇ “ਮਨ ਕੀ ਬਾਤ” ਪਰੋਗਰਾਮ ਵਿੱਚ ਸਾਡੇ ਪ੍ਰਧਾਨ ਮੰਤਰੀ ਨੇ ਵੀ ਨਾਰੀ ਸ਼ਕਤੀ ਬਾਰੇ ਬੋਲਦਿਆਂ ਕਿਹਾ ਕਿ ਸਦੀਆਂ ਪਹਿਲੇ ਸਾਡੇ ਸ਼ਾਸਤਰਾਂ ਵਿੱਚ ਵੀ ਨਾਰੀ ਸ਼ਕਤੀ ਨੂੰ ਸਵੀਕਾਰ ਕੀਤਾ ਗਿਆ ਹੈ ਤੇ ਇੱਕ ਧੀ ਨੂੰ ਦੱਸ ਪੁੱਤਰਾਂ ਦੇ ਬਰਾਬਰ ਦੱਸਿਆ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਲਿੰਗ ਅਸਮਾਨਤਾ ਦੀ ਦਰ ਘਟਾਉਣ ਲਈ ਸਮੇਂ ਸਮੇਂ ਤੇ ਕਈ ਲੋਕ ਲਹਿਰਾਂ ਚਲਾਈਆਂ ਜਾ ਰਹੀਆਂ ਹਨ। ਹਾਲ ਵਿੱਚ ਹੀ 24 ਜਨਵਰੀ ਨੂੰ ਕੌਮੀ ਬਾਲੜੀ ਦਿਵਸ ਮਨਾਇਆ ਗਿਆ। ਬਿਨਾਂ ਸ਼ੱਕ ਬਹੁ-ਗਿਣਤੀ ਲੋਕਾਂ ਵਿੱਚ ਚੇਤੰਨਤਾ ਪੈਦਾ ਹੋਈ ਹੈ, ਪਰ ਕਈ ਵਰਗ ਹਾਲੇ ਵੀ ਕੁੜੀ ਦੇ ਜਨਮ ਨੂੰ ਬੋਝ ਸਮਝਦੇ ਹਨ। ਉਸਦੀ ਪੜ੍ਹਾਈ ਦੇ ਖਿਲਾਫ ਜਾਂ ਅਸਮਰਥ ਹਨ। ਹੁਣ ਤੱਕ ਵੀ ਨਵ-ਜੰਮੀਆਂ ਬੱਚੀਆਂ ਤੇ ਮਾਦਾ-ਭਰੂਣ, ਨਾਲਿਆਂ, ਰੂੜੀਆਂ ਤੇ ਰੁਲਦੇ ਫਿਰਦੇ ਹਨ। ਪਿਛਲੇ ਦਿਨੀਂ ਖਬਰ ਪੜ੍ਹੀ ਕਿ ਖਮਾਣੋਂ ਸ਼ਹਿਰ ਦੇ ਐਲੀਮੈਂਟਰੀ ਸਕੂਲ ਵਿੱਚ ਕੁੱਤਾ ਮੂੰਹ ਵਿੱਚ ਨਵ-ਜੰਮੀ ਬੱਚੀ ਨੂੰ ਚੁੱਕੀ ਫਿਰਦਾ ਸੀ। ਸਟਾਫ ਨੇ ਛੁਡਵਾ ਕੇ ਪੁਲੀਸ ਨੂੰ ਸੂਚਿਤ ਕੀਤਾ। ਹਸਪਤਾਲ ਪਹੁੰਚਦਿਆਂ ਤੱਕ ਉਹ ਲਾਸ਼ ਬਣ ਚੁੱਕੀ ਸੀ।

ਅੱਜ ਲੋੜ ਹੈ ਸਮਾਜ ਦੇ ਹਰ ਵਰਗ ਨੂੰ ਜਾਗਰੂਕ ਕਰਨਾ ਤੇ ਚੱਲ ਰਹੀਆਂ ਲੋਕ ਲਹਿਰਾਂ ਤੇ ਯੋਜਨਾਵਾਂ ਬਾਰੇ ਜਾਣਕਾਰੀ ਤੇ ਲਾਭ ਮੁਹੱਈਆ ਕਰਵਾਉਣਾ, ਤਾਂ ਜੋ ਉਹ ਧੀਆਂ ਪ੍ਰਤੀ ਆਪਣਾ ਨਜ਼ਰੀਆ ਤੇ ਸੋਚ ਬਦਲ ਕੇ ਉਹਨਾਂ ਦਾ ਭਵਿੱਖ ਸੰਵਾਰ ਸਕਣ ਸਾਸ਼ਨ ਤੇ ਸਰਕਾਰਾਂ ਨੂੰ ਇਸ ਬਾਰੇ ਹੋਰ ਗੰਭੀਰ ਹੋਣਾ ਪਵੇਗਾ।

ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਸਾਰੇ ਸਮਾਜ ਨੂੰ ਸਿੱਖਿਅਤ ਕਰਨਾ ਅਤਿਅੰਤ ਜ਼ਰੂਰੀ ਹੈ। ਧੀਆਂ ਦੀ ਲੋਹੜੀ ਮਨਾ ਕੇ ਉਹਨਾਂ ਦਾ ਗੌਰਵ ਵਧਾਉਣਾ, ਮਾਣ ਸਤਿਕਾਰ ਵਿੱਚ ਵਾਧਾ ਕਰਨਾ ਤਾਂ ਹੀ ਹੋਵੇਗਾ, ਜੇਕਰ ਨੌਜਵਾਨ ਲੜਕੇ ਲੋਹੜੀ ਦਾ ਗੀਤ, ਸੁੰਦਰ ਮੁੰਦਰੀਏ ਹੋ ... ਲੰਮੀ ਸੁਰ ਤੇ ਹੇਕਾਂ ਲਾ ਕੇ ਗਾਉਂਦੇ ਨੱਚਦੇ ਟੱਪਦੇ ਮਹਿਜ ਮਨੋਰੰਜਨ ਹੀ ਨਾ ਕਰਨ, ਇਸਦੇ ਮਤਲਬ ਵੀ ਸਮਝਣ। ਇਸ ਨਾਲ ਜੁੜੇ ਨਾਇਕ ਦੁੱਲਾ-ਭੱਟੀ ਦੇ ਅਕਸ ਨੂੰ ਧੁਰ ਅੰਦਰ ਉਤਾਰ ਕੇ ਮਜ਼ਲੂਮਾਂ ਤੇ ਧੀਆਂ-ਭੈਣਾਂ ਦੀ ਇੱਜ਼ਤ ਦੇ ਰਖਵਾਲੇ ਬਣ ਜਾਣ। ਧੀ ਨੂੰ ਸੰਬੋਧਨ ਕਰਦੇ ਗੀਤ ਦੇ ਬੋਲ ਹਨ ... ਮੇਰੀ ਪੱਗ ਨੂੰ ਦਾਗ ਨਾ ਲਾਵੀਂ। ਇਹ ਚਿਤਾਵਨੀ ਹੁਣ ਪੁੱਤਰਾਂ ਲਈ ਵੱਧ ਜ਼ਰੂਰੀ ਹੈ। ਲੜਕੀਆਂ ਦੀ ਸੁਰੱਖਿਆ ’ਤੇ ਲਿੰਗ ਸਮਾਨਤਾ ਲਈ ਦੁਨੀਆਂ ਭਰ ਵਿੱਚ ਅਵਾਜ਼ ਉਠਾਉਣ ਵਾਲੀ ਨੌਜਵਾਨ ਪਾਕਿਸਤਾਨੀ ਕਾਰਕੁੰਨ, ਮਲਾਲਾ ਯੂਸਫਜ਼ਈ ਨੇ ਵੀ ਔੌਰਤਾਂ ਦੇ ਅਧਿਕਾਰਾਂ ਬਾਰੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਉਸਨੇ ਕਿਹਾ ਕਿ ਜਦੋਂ ਅਸੀਂ ਨਾਰੀਵਾਦ ਤੇ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ, ਤਾਂ ਦਰਅਸਲ ਅਸੀਂ ਪੁਰਸ਼ਾਂ ਨੂੰ ਹੀ ਸੰਬੋਧਨ ਕਰਦੇ ਹੁੰਦੇ ਹਾਂ। ਨੌਜਵਾਨਾਂ ਨੂੰ ਚੇਤੇ ਰੱਖਣਾ ਹੋਵੇਗਾ ਕਿ ਅੱਧ ਧਰਤੀ ਦੀ ਮਾਲਕ ਔੌਰਤ ਵੀ ਬਰਾਬਰ ਦੇ ਅਧਿਕਾਰ ਰੱਖਦੀ ਹੈ।

ਸਮੇਂ ਦੀ ਮੰਗ ਤੇ ਹਾਲਾਤ ਦੇ ਅਨੁਸਾਰ ਆਉ ਅਸੀਂ ਲੜਕਿਆਂ ਨੂੰ ਘਰ ਵਿੱਚ ਵਿਸ਼ੇਸ਼ ਵਿਅਕਤੀ ਦੀ ਥਾਂ ਦੇਣ ਦੀ ਬਜਾਏ, ਧੀਆਂ-ਪੁੱਤਰਾਂ ਵਿੱਚ ਫਰਕ ਮਿਟਾ ਕੇ ਉਹਨਾਂ ਅੱਗੇ ਸਿਰਫ ਸੰਸਕਾਰਾਂ ਦੀ ਥਾਲੀ ਪਰੋਸੀਏ। ਘਰ ਬੱਚਿਆਂ ਦੀ ਮੁਢਲੀ ਪਾਠਸ਼ਾਲਾ ਹੈ। ਬੱਚਿਆਂ ਨੂੰ ਸਮਾਜਿਕ ਕਦਰਾਂ-ਕੀਮਤਾਂ, ਨੈਤਿਕਤਾ, ਉਸਾਰੂ ਸੋਚ ਤੇ ਖਾਸ ਕਰਕੇ ਲੜਕਿਆਂ ਨੂੰ ਹਰ ਧੀ-ਭੈਣ ਦਾ ਆਦਰ-ਮਾਣ, ਸਤਿਕਾਰ ਕਰਨਾ ਸਿਖਾਈਏ ਤਾਂ ਜੋ ਸਮਾਜ ਵਿੱਚ ਉਹ ਸੁਰੱਖਿਅਤ ਹੋਵੇ ਤੇ ਉੱਚ ਵਿੱਦਿਆ ਹਾਸਲ ਕਰਨ ਦੀ ਹੱਕਦਾਰ ਬਣੇ। ਔੌਰਤ ਹੀ ਘਰ-ਪਰਿਵਾਰ ਸਮਾਜ ਤੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹ ਸਕਦੀ ਹੈ। ਤੇ ਹਾਂ, ਸੱਚ! ਮੇਰੇ ਜ਼ਿਹਨ ਵਿੱਚ ਅਟਕੀ ਉਲਝਣ, “ਧੀਆਂ ਇੰਝ ਦੀਆਂ ਕਿਉਂ ਹਨ।” ਦਾ ਜਵਾਬ ਮੇਰੇ ਮਨ ਮਸਤਕ ਨੇ ਇਹੀ ਦਿੱਤਾ ਹੈ ਕਿ ਆਪਣੇ ਬਹੁ-ਪਰਤੀ ਵਿਅਕਤੀਤਵ ਕਾਰਨ ਹੀ ਇਹ ਵਿਲੱਖਣ-ਬੁੱਧੀ ਤੇ ਸ਼ਕਤੀ ਦੀਆਂ ਮਾਲਕ ਹੁੰਦੀਆਂ ਹਨ। ਤੇ ਬਾਕੀ ਮੈਂ ਪਾਠਕਾਂ ’ਤੇ ਛੱਡਦੀ ਹਾਂ ...।

*****

(1015)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author