KulminderKaur7“ਇਸ ਵਾਰ ਵੋਟ ਪਾਉਣ ਦਾ ਕੋਈ ਉਤਸ਼ਾਹ ਨਹੀਂ ਸੀ ਪਰ ਅੱਜ ਇਸ ਨੌਜਵਾਨ ਪੀੜ੍ਹੀ ਨੇ ਆਸ ਜਗਾਈ ਹੈ ...”
(22 ਫਰਵਰੀ2017)

 

ਇਹਨੀਂ ਦਿਨੀਂ ਸਰਦੀਆਂ ਦੇ ਮੌਸਮ ਵਿੱਚ ਡਾਕਟਰਾਂ ਦੇ ਕਹਿਣ ਮੂਜਬ ਮੈਂ ਸੈਰ ਕਰਨ ਦਿਨੇਂ ਧੁੱਪ ਵਿੱਚ ਹੀ ਜਾਂਦੀ ਹਾਂ। ਅੱਜ ਘਰੋਂ ਨਿਕਲੀ ਤਾਂ ਗਲੀ ਵਿੱਚੋਂ ਕਿਰਾਏ ਦੇ ਘਰ ਵਿੱਚ ਰਹਿੰਦੀ ਇੱਕ ਭੈਣ ਵੀ ਮੇਰੇ ਨਾਲ ਰਲ ਗਈ। ਅੱਗੇ ਗਏ ਤਾਂ ਕੋਨੇ ’ਤੇ ਘਰ ਦੇ ਬਾਹਰ ਮੰਜੇ ਤੇ ਬੈਠੀ ਧੁੱਪ ਸੇਕਦੀ ਸਾਡੀ ਬਜ਼ੁਰਗ ਭੈਣ ਨੇ ਅਵਾਜ਼ ਮਾਰ ਲਈ। ਉਸਦੀ ਸੁੱਖ-ਸਾਂਦ ਪੁੱਛਦਿਆਂ ਉੱਥੇ ਹੀ ਬੈਠ ਗਈਆਂ। ਮੇਰੇ ਨਾਲ ਆਈ ਭੈਣ ਨੇ ਆਪਸੀ ਗੱਲ-ਬਾਤ ਦੌਰਾਨ ਦੱਸਿਆ ਕਿ ਉਸਦੇ ਪਤੀ ਤਾਂ ਅੱਜ ਪਿੰਡ (ਫਰੀਦਕੋਟ) ਵੋਟ ਪਾਉਣ ਗਏ ਹਨਕੱਲ੍ਹ ਨੂੰ ਵੋਟ ਪਾ ਕੇ ਮੁੜਨਗੇ। ਇਸੇ ਗੱਲ ਤੇ ਸਾਡੀ ਵੋਟਾਂ ਦੇ ਮਾਹੌਲ ਬਾਰੇ ਵਿਚਾਰ-ਚਰਚਾ ਛਿੜ ਪਈ।

ਉਸਨੇ ਕਿਹਾ ਕਿ ਪਹਿਲੇ ਵੇਲਿਆਂ ਵਿੱਚ ਵੋਟ ਪਾਉਣ ਜਾਣ ਦਾ ਕਿਸੇ ਮੇਲੇ ਵਿੱਚ ਜਾਣ ਜਿੰਨਾ ਚਾਅ ਹੁੰਦਾ ਸੀ। ਹਰ ਪਿੰਡ ਵਿੱਚ ਬੂਥ ਨਹੀਂ ਸੀ ਬਣਦੇ, ਕਈ ਵੇਰ ਲਾਗਲੇ ਪਿੰਡਾਂ ਵਿੱਚ ਜਾਣਾ ਪੈਂਦਾ ਸੀ। ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਚੱਲ ਪੈਂਦੀਆਂ ਬਜ਼ੁਰਗ ਔਰਤਾਂ ਘੱਗਰੇ ਪਾ ਕੇ ਚਾਦਰੇ ਨਾਲ ਸਿਰ ਢੱਕਦੀਆਂ ਤੇ ਨੂੰਹਾਂ ਨੇ ਲੰਮੇ ਘੁੰਡ ਕੱਢੇ ਹੋਣੇ। ਉੱਥੇ ਪਰਚੀਆਂ ’ਤੇ ਚੋਣ ਨਿਸ਼ਾਨ ਦੇ ਸਾਹਮਣੇ ਠੱਪਾ ਲਗਾਉਣ ਤੋਂ ਬਾਅਦ ਸੰਦੂਕੜੀ ਵਿੱਚ ਵੋਟ ਪਾ ਕੇ ਲੋਕਤੰਤਰ ਪ੍ਰਣਾਲੀ ਦਾ ਹਿੱਸਾ ਬਣਨ ਤੇ ਸਵੈਮਾਣ ਮਹਿਸੂਸ ਕਰਦੀਆਂ। ਉਦੋਂ ਕੋਈ ਲੁਕ-ਲੁਕਾ ਨਹੀਂ ਸੀ ਤੇ ਪਿੰਡਾਂ ਵਿੱਚ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਘਰ ਘੋਸ਼ਿਤ ਹੁੰਦੇ ਸਨ। ਤੱਕੜੀ ਤੇ ਪੰਜੇ ਦੇ ਨਿਸ਼ਾਨ ਵਾਲੀਆਂ ਦੋ ਪਾਰਟੀਆਂ ਅਕਾਲੀ ਤੇ ਕਾਂਗਰਸ ਹੀ ਜਾਣਦੇ ਸਾਂ। ਬਾਅਦ ਵਿੱਚ ਦਾਤੀ-ਹਥੌੜੇ ਵਾਲੀ ਕਮਿਊਨਿਸਟ ਪਾਰਟੀ ਨਾਲ ਵੀ ਜਾਣਕਾਰੀ ਹੋਈ।

KulminderKB3ਮੈਂ ਵੀ ਉਹਨਾਂ ਨਾਲ ਗੱਲ ਸਾਂਝੀ ਕੀਤੀ ਕਿ ਮੇਰਾ ਪਿੰਡ ਤਰਨਤਾਰਨ ਹਲਕੇ ਵਿੱਚ ਪੈਂਦਾ ਹੈ। ਲਾਗਲੇ ਪਿੰਡ ਕੈਰੋਂ ਮੇਰੇ ਨਾਨਕੇ ਹਨ, ਤਾਂ ਸਾਡੀ ਵੋਟ ਉਦੋਂ ਦੇ ਮੁੱਖ-ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਵੱਲ ਹੁੰਦੀ ਸੀ। ਬਾਲ ਮਨ ਦੀਆਂ ਯਾਦਾਂ ਵਿੱਚ ਅੱਜ ਵੀ ਮੈਂ ਉਸ ਵੇਲੇ ਦੇ ਪੰਜਾਬ ਦੇ ਵਿਕਾਸ ਦੀ ਕਹਾਣੀ ਦੇ ਅਕਸਰ ਰੂ-ਬ-ਰੂ ਹੁੰਦੀ ਹਾਂ। ਸਾਡੇ ਸਾਰੇ ਇਲਾਕੇ ਵਿੱਚ ਸ਼ਹਿਰ ਨੂੰ ਜਾਂਦੇ ਰਸਤੇ ਵਿੱਚ ਇੱਕ ਰੋਹੀ ਪੈਂਦੀ ਸੀ। ਬਰਸਾਤਾਂ ਵਿੱਚ ਹੜ੍ਹ ਆਉਣ ਤੇ ਉਸਦਾ ਵਿਕਰਾਲ ਰੂਪ ਕਈ ਜਾਨਾਂ ਦਾ ਖੌਅ ਬਣਦਾ। ਕੰਮਾਂ ਕਾਰਾਂ ਵਾਲੇ ਤੇ ਸਕੂਲੀ ਬੱਚੇ ਸ਼ਹਿਰ ਤੋਂ ਕੱਟ ਕੇ ਰਹਿ ਜਾਂਦੇ। ਮੇਰੇ ਪੜ੍ਹੇ ਲਿਖੇ ਮਾਂ-ਬਾਪ ਤੇ ਇਲਾਕੇ ਦੇ ਮੋਹਤਬਰ ਬੰਦਿਆਂ ਨੇ ਮਿਲਜੁਲ ਕੇ ਮੁੱਖ ਮੰਤਰੀ ਕੋਲ ਉੱਥੇ ਪੁਲ ਬਣਾਉਣ ਦੀ ਮੰਗ ਰੱਖੀ। ਲੋਕਾਂ ਦਾ ਦੁੱਖ ਦਰਦ ਸਮਝਦੇ ਹੋਏ ਉਹ ਉਸ ਜਗ੍ਹਾ ਦਾ ਜਾਇਜ਼ਾ ਲੈਣ ਉੱਥੇ ਖੁਦ ਪਹੁੰਚੇ। ਪਹਿਲ ਦੇ ਅਧਾਰ ’ਤੇ ਪੁਲ ਤੇ ਬਾਅਦ ਵਿੱਚ ਪੱਕੀ ਸੜਕ ਵੀ ਬਣ ਗਈ। ਉਸ ਵਕਤ ਦੀ ਮੁੱਖ-ਮੰਤਰੀ ਨਾਲ ਖਿੱਚੀ ਪੁਰਾਣੀ ਫੋਟੋ ਮੈਂ ਸੰਭਾਲੀ ਹੋਈ ਹੈ, ਜਿਸ ਵਿੱਚ ਸਾਡਾ ਸਾਰਾ ਪਰਿਵਾਰ ਹੈ, ਮੈਨੂੰ ਮਾਂ ਨੇ ਕੁੱਛੜ ਚੁੱਕਿਆ ਹੋਇਆ ਹੈ।

ਮੈਂ ਨੌਵੀਂ ਜਮਾਤ ਵਿੱਚ ਹੋਵਾਂਗੀ ਜਦੋਂ ਅਸੀਂ ਪਿੰਡਾਂ ਵਿੱਚ ਬਿਜਲੀ ਦੇ ਖੰਭੇ ਗੱਡੇ ਵੇਖੇ ਤੇ ਬਲਬਾਂ ਦੀ ਰੋਸ਼ਨੀ ਦਾ ਰੰਗ ਮਾਣਿਆ ਸਾਰੇ ਇਲਾਕਾ ਵਾਸੀ ਮੁੱਖ-ਮੰਤਰੀ ਦੇ ਕੰਮਾਂ ਤੋਂ ਮੁਤਾਸਿਰ ਸਨ ਤੇ ਹਰ ਪਾਸੇ ਉਸਦੇ ਗੁਣਗਾਣ ਹੁੰਦੇ। ਉਹਨਾਂ ਨੂੰ ਇਸ ਅਹੁਦੇ ’ਤੇ ਆਉਣ ਜਾਂ ਟਿਕੇ ਰਹਿਣ ਲਈ ਕੋਈ ਅੱਡੀ ਚੋਟੀ ਦਾ ਟਿੱਲ ਲਾਉਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਚੋਣਾਂ ਦਾ ਕੰਮ ਬੜੀ ਸ਼ਾਂਤੀ ਪੂਰਵਕ ਚਲਦਾ ਸੀ। ਜਲਸੇ, ਜਲੂਸ, ਇਕੱਠ, ਸਪੀਕਰਾਂ ਰਾਹੀਂ ਉਮੀਦਵਾਰ ਤੇ ਪ੍ਰਚਾਰਕਾਂ ਵੱਲੋਂ ਇਸ ਤਰ੍ਹਾਂ ਵੋਟਰਾਂ ਨੂੰ ਵਾਅਦਿਆਂ, ਦਾਅਵਿਆਂ ਨਾਲ ਭਰਮਾਉਣਾ ਤੇ ਖੈਰਾਤਾਂ ਦੇ ਟੋਕਰੇ ਵੰਡਣ, ਵਰਗੀ ਪਿਰਤ ਉਦੋਂ ਨਹੀਂ ਸੀ। ਉਮੀਦਵਾਰ ਜਾਂ ਸਮਰਥਕ ਘਰੋ-ਘਰੀ ਜਾ ਕੇ ਵੋਟਰਾਂ ਨੂੰ ਵੋਟਾਂ ਦਾ ਦਿਨ, ਸਮਾਂ, ਪੋਲਿੰਗ ਬੂਥ ਦਾ ਸਥਾਨ ਤੇ ਵੋਟ ਕਿਵੇਂ ਪਾਉਣੀ ਹੈ, ਬਾਰੇ ਸੂਚਿਤ ਕਰਨਾ ਫਰਜ਼ ਸਮਝਦੇ ਸਨ। ਨਵੀਆਂ ਵੋਟਾਂ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਸੀ। ਮੇਰੇ ਮਾਂ-ਬਾਪ ਵੀ ਸਾਈਕਲ ’ਤੇ ਨੇੜਲੇ ਪਿੰਡਾਂ ਵਿੱਚ ਜਾ ਕੇ ਇਹ ਫਰਜ਼ ਬਾਖੂਬੀ ਨਿਭਾਉਂਦੇ ਸਨ। ਅੱਜ ਕੱਲ ਤਾਂ ਚੋਣ-ਪ੍ਰਚਾਰ ਤੋਂ ਬਾਅਦ ਵੀ ਕੰਨ ਵੱਜਦੇ ਰਹਿੰਦੇ ਹਨ। ਉੱਚੀਆਂ ਅਵਾਜ਼ਾਂ ਦਾ ਭੁਲੇਖਾ ਪੈਂਦਾ ਹੈ, “ਫਿਰ ਇਸ ਵਾਰ ਸਾਡੀ ਸਰਕਾਰ

ਗੱਲਾਂ ਚੱਲ ਹੀ ਰਹੀਆਂ ਸਨ ਕਿ ਉਸ ਘਰ ਦੀ ਬੀਬੀ ਦਾ ਜਵਾਨ ਪੋਤਰਾ – ਜਗਦੀਪ - ਕਮਰੇ ਵਿੱਚੋਂ ਬਾਹਰ ਨਿਕਲਿਆ। ਦੁਆ-ਸਲਾਮ ਕਰਕੇ ਸਾਡੇ ਨੇੜੇ ਬੈਠਦਿਆਂ ਪੁੱਛਣ ਲੱਗਾ, “ਹਾਂ! ਤੇ ਆਂਟੀ ਫਿਰ ਵੋਟ ਕਿੱਧਰ ਪਾਉਣੀ ਹੈ ਐਤਕੀਂ” ਮੈਂ ਕਿਹਾ, “ਜਿੱਧਰ ਕਹੇਂਗਾ ਕਾਕਾ, ਪਾ ਦੇਵਾਂਗੇ ਸਮਝ ਤਾਂ ਲੱਗਦੀ ਨਹੀਂ ਕਿ ਕੌਣ ਵੱਧ ਯੋਗ ਤੇ ਸੁਧਾਰਵਾਦੀ ਹੈ ਜੋ ਪੰਜਾਬ ਦਾ ਵਿਗੜਿਆ ਹੋਇਆ ਅਕਸ ਸੰਵਾਰੇਗਾ। ਸੁਪਨਿਆਂ ਦਾ ਪੰਜਾਬ ਤਾਂ ਹੁਣ ਗਾਇਬ ਹੈ। ਇਹ ਤਾਂ ਸਾਰੇ ਇੱਕੋ ਹੀ ਥਾਲੀ ਦੇ ਚੱਟੇ-ਵੱਟੇ ਲੱਗਦੇ ਹਨ। ਅਸੀਂ ਤਾਂ ਸਾਰਿਆਂ ਦੇ ਰਾਜ ਵਿੱਚ ਇਹੀ ਕੁਝ ਵੇਖਿਆ ਹੈ। ਕੋਈ ਥੋੜ੍ਹਾ ਵੱਧ ਤੇ ਕੋਈ ਘੱਟ। ਮੇਰੀ ਗੱਲ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਉਹ ਨੌਜਵਾਨ ਬੋਲਿਆ, “ਸਭ ਤੋਂ ਵੱਧ ਮਾਰ ਤਾਂ ਨੌਜਵਾਨ ਵਰਗ ਨੂੰ ਪੈ ਰਹੀ ਹੈ ਜਦੋਂ ਕਿ ਸਾਨੂੰ ਦੇਸ ਦਾ ਭਵਿੱਖ ਕਿਹਾ ਜਾਂਦਾ ਹੈ। ਬਜ਼ੁਰਗਾਂ ਦੀ ਸਿਹਤ-ਸੰਭਾਲ, ਸਹੂਲਤਾਂ ਤੇ ਰੱਖਿਆ ਪ੍ਰਤੀ ਇਹ ਸਰਕਾਰ ਕਿੰਨੀ ਕੁ ਸੰਜੀਦਾ ਰਹੀ ਹੈ, ਆਪਾਂ ਸਭ ਜਾਣਦੇ ਹਾਂ।”

ਫਿਰ ਜਗਦੀਪ ਬੋਲਿਆ, “ਨਸ਼ਿਆਂ ਦੀ ਸਮੱਸਿਆ ਪੰਜਾਬ ਦਾ ਇੱਕ ਕੌੜਾ ਸੱਚ ਹੈ। ਜਿਸਦਾ ਕਾਰਨ ਹੈ ਕਿ ਇੱਥੇ ਨਸ਼ਿਆਂ ਦੀ ਤਸਕਰੀ ਤੇ ਧੰਦੇ ਸ਼ਰੇਆਮ ਚਲਦੇ ਹਨ ਤੇ ਹਰ ਘਰ ਤੱਕ ਅਸਾਨੀ ਨਾਲ ਪਹੁੰਚ ਵੀ ਹੈ। ਘਰ-ਪਰਿਵਾਰ, ਬੱਚੇ, ਮਾਪੇ ਸਭ ਰੁਲ ਰਹੇ ਹਨ। ਮਹਿੰਗੇ ਨਸ਼ਿਆਂ ਨੇ ਜਵਾਨੀ ਨਿਗਲ ਲਈ ਹੈ। ਸਮਾਜ ਦੀ ਇਸ ਵਾਸਤਵਿਕਤਾ ਨੂੰ ਬਿਆਨ ਕਰਦੀ, ਮਿੰਟੂ ਗੁਰੂਸਰੀਆ ਦੀ ਕਿਤਾਬ “ਡਾਕੂਆਂ ਦਾ ਮੁੰਡਾ” ਮੇਰੇ ਕੋਲ ਹੈ, ਜੋ ਖੁਦ ਇਸ ਸੰਤਾਪ ਵਿੱਚੋਂ ਲੰਘਿਆ ਹੈ ਤੇ ਹੁਣ ਆਪਣੇ ਹੀ ਆਤਮ-ਬਲ, ਸਿਰੜ, ਸਿਦਕ ਨਾਲ ਇਸ ਅਲਾਮਤ ਵਿੱਚੋਂ ਨਿਕਲ ਕੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਬਣਿਆ ਹੈ। ਉਸਨੇ ਆਪਣੀ ਵਿਥਿਆ ਨੂੰ ਇਸ ਕਿਤਾਬ ਵਿੱਚ ਕਲਮ-ਬੱਧ ਕੀਤਾ ਹੈ, ਤੁਹਾਨੂੰ ਵੀ ਦੇਵਾਂਗਾ ਹੁਣੇ। ਅੱਜ ਕੱਲ ਤਾਂ ਸਾਰੇ ਪੰਜਾਬ ਵਿੱਚ ਗੈਂਗਸਟਰਾਂ ਨੇ ਵੀ ਖਰੂਦ ਮਚਾਇਆ ਹੋਇਆ ਹੈ।”

ਥੋੜ੍ਹਾ ਕੁ ਸਾਹ ਲੈਕੇ ਜਗਦੀਪ ਨੇ ਕਿਹਾ, “ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਮਤਦਾਨ ਵੇਲੇ ਬਟਨ ਦਬਾਉਣ ਤੋਂ ਪਹਿਲਾਂ ਅਸੀਂ ਪੰਜਾਬ ਦਾ ਦੋ ਕੁ ਸਾਲ ਪੁਰਾਣਾ ਸਮਾਂ ਹੀ ਯਾਦ ਰੱਖੀਏ। ਬੇਰੁਜ਼ਗਾਰੀ, ਨਸ਼ਾਖੋਰੀ, ਭ੍ਰਿਸ਼ਟਾਚਾਰੀ, ਕਿਸੇ ਬੇਕਸੂਰ ਕਰਜ਼ਾਈ ਦੀ ਟਾਹਲੀ ਤੇ ਲਟਕਦੀ ਲਾਸ਼ ਜਾਨਲੇਵਾ ਦੀਪ ਤੇ ਔਰਬਿੱਟ ਬੱਸਾਂ, ਮੰਡੀਆਂ ਵਿੱਚ ਰੁਲਦਾ ਕਿਸਾਨ, ਸੜਕਾਂ ਤੇ ਰੁਲਦੇ ਕੁਰਾਨ, ਗੀਤਾ ਤੇ ਗ੍ਰੰਥ ਸਾਹਿਬ, ਨਕਲੀ ਬੀਜ ਰੇਹ ਤੇ ਸਪਰੇਆਂ ਨੂੰ ਯਾਦ ਰੱਖਿਓ ਤੇ ਯਾਦ ਕਰਿਓ ਧੀ ਦੇ ਵਿਆਹ ਤੋਂ ਪਹਿਲਾਂ ਪਰਾਲੀ ਵਿੱਚ ਸੜਿਆ ਇੱਕ ਬਾਪ ... ਗਰੀਬ ਜਨਤਾ ਦੇ ਸੁਪਨੇ ਚਕਨਾਚੂਰ ਕਰਕੇ ਸਰਕਾਰ ਨੇ ਆਪਣੇ ਸੁਪਨੇ ਪੂਰੇ ਕੀਤੇ ਹਨ। ਨਸ਼ਾਂ ਕਰਕੇ, ਪੈੱਗ ਪੀ ਕੇ ਕਹਿੰਦੇ ਹਨ ਹੁਣ ਨਸ਼ਿਆਂ ਦੀ ਸਮੱਸਿਆ ਦਾ ਹੱਲ ਕਰਾਂਗੇ। ...”

ਫਿਰ ਜਗਦੀਪ ਆਪਣੇ ਕਿਸੇ ਸਾਥੀ ਬਾਰੇ ਦੱਸਣ ਲੱਗਾ, “ਇਕ ਨੌਜਵਾਨ ਪੀੜਤ ਵਰਗ ਦਾ ਨੁਮਾਇੰਦਾ ਆਪਣੇ ਮਨ ਦੀ ਭੜਾਸ ਕੱਢ ਰਿਹਾ ਸੀ ਤੇ ਅਸੀਂ ਸੁਣ ਰਹੇ ਸਾਂ। ਪਿਛਲੇ ਸਾਲ ਪੁਲੀਸ ਭਰਤੀ ਦੌਰਾਨ ਹੋਏ ਡੋਪ-ਟੈਸਟ ਤੇ ਹੋਰ ਸਾਰੇ ਟੈਸਟ ਪਾਸ ਕਰਕੇ ਵੀ ਉਹ ਭ੍ਰਿਸ਼ਟਾਚਾਰ ਦੇ ਆੜੇ ਆ ਗਿਆ। ਜੇਕਰ ਇੱਥੇ ਕੋਈ ਰੁਜ਼ਗਾਰ ਮਿਲ ਜਾਂਦਾ ਤਾਂ ਠੀਕ ਸੀ, ਹੁਣ ਆਪਣੀ ਜ਼ਿੰਦਗੀ ਤੇ ਭਵਿੱਖ ਸੰਵਾਰਨ ਲਈ ਉਹ ਕਿਸੇ ਬਾਹਰਲੇ ਮੁਲਕ ਵਿੱਚ ਜਾਣ ਲਈ ਹੱਥ ਪੈਰ ਮਾਰ ਰਿਹਾ ਹੈ। ...”

ਉੱਥੇ ਬੈਠਿਆਂ ਹੀ ਮੈਨੂੰ ਘਰੋਂ ਬੁਲਾਵਾ ਆ ਗਿਆ ਤੇ ਮੈਂ ਉਸ ਲੜਕੇ ਜਗਦੀਪ ਤੋਂ ਕਿਤਾਬ ਲੈ ਕੇ ਘਰ ਪਹੁੰਚੀ। ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਜ਼ਿੰਮੇਵਾਰ ਰਾਜਨੀਤਕ ਧਿਰਾਂ ਲਈ ਮਨ ਵਿੱਚ ਉਸਦੇ ਵਿਰੋਧਾਭਾਸ ਕਾਰਨ ਇਸ ਵਾਰ ਵੋਟ ਪਾਉਣ ਦਾ ਕੋਈ ਉਤਸ਼ਾਹ ਨਹੀਂ ਸੀ ਪਰ ਅੱਜ ਇਸ ਨੌਜਵਾਨ ਪੀੜ੍ਹੀ ਨੇ ਆਸ ਜਗਾਈ ਹੈ।

ਅਗਲੇ ਦਿਨ 4 ਫਰਵਰੀ 2017 ਨੂੰ ਅਸੀਂ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਫਰਜ਼ ਨਿਭਾਉਂਦੇ ਵੋਟ ਪਾਉਣ ਚੱਲੇ ਹਾਂ। ਗਲੀ ਦੇ ਮੋੜ ਤੇ ਉਹ ਨੌਜਵਾਨ ਖੜ੍ਹਾ ਹੈ, ਕੱਲ੍ਹ ਦੀ ਵਾਰਤਾਲਾਪ ਯਾਦ ਆਉਂਦੀ ਹੈ। ਨੌਜਵਾਨ ਪੀੜ੍ਹੀ ਦਾ ਇਹ ਬਾਸ਼ਿੰਦਾ ਸਮਾਜਿਕ ਬੁਰਾਈਆਂ ਬਾਰੇ ਸੁਚੇਤ ਤੇ ਚਿੰਤਤ ਹੈ। ਆਪਣੇ ਆਪ ਨੂੰ ਪੰਜਾਬ ਦਾ ਭਵਿੱਖ ਦੱਸਦਾ ਹੋਇਆ ਰਾਜਨੀਤਕ ਬਦਲਾਅ ਤੇ ਵਿਕਾਸ ਚਾਹੁੰਦਾ ਹੈ। ਸਭ ਤੋਂ ਵੱਧ ਕਿ ਉਹ ਚੰਗੇ ਕਲਮ-ਬੱਧ ਕੀਤੇ ਸੁਧਾਰਵਾਦੀ ਸਾਹਿਤ ਨੂੰ ਵੀ ਆਪਣਾ ਹਥਿਆਰ ਸਮਝਦਾ ਹੈ। ਉਹ ਚਾਹੁੰਦਾ ਹੈ ਕਿ ਪੰਜਾਬ ਉਸਦੇ ਸੁਪਨਿਆਂ ਦੇ ਮੇਚ ਦਾ ਹੋਵੇ ਤਾਂਕਿ ਕਿਸੇ ਨੌਜਵਾਨ ਨੂੰ ਮਾਂ ਦੇ ਹਉਕਿਆਂ ਵਿੱਚੋਂ ਲੰਘ ਕੇ ਪਰਦੇਸ ਨਾ ਜਾਣਾ ਪਵੇ। ਮਾਂਵਾਂ ਨੂੰ ਇਹ ਨਾ ਕਹਿਣਾ ਪਵੇ ਕਿ ਜਾ ਵੇ ਪੁੱਤ, ਇੱਥੇ ਨਸ਼ਿਆਂ ਦੀ ਝੁੱਲਦੀ ਹਨੇਰੀ ਕਿਧਰੇ ਤੈਨੂੰ ਵੀ ਵਲ੍ਹੇਟ ਨਾ ਲਵੇ। ਪੋਲਿੰਗ ਬੂਥ ’ਤੇ ਪਹੁੰਚ ਕੇ ਪੰਜਾਬ ਦੀ ਹੁਣ ਤੱਕ ਬਣ ਚੁੱਕੀ ਤਸਵੀਰ ਸਾਹਮਣੇ ਆ ਰਹੀ ਸੀ। ਅਗਲੇਰੀ ਪੀੜ੍ਹੀ ਦੇ ਭਵਿੱਖ ਬਾਰੇ ਸੋਚਦੀ ਵਿਕਾਸ ਦੇ ਨਾਂ ’ਤੇ ਬਟਨ ਦਬਾ ਕੇ ਇਸ ਜਾਗੀ ਹੋਈ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਹੀ ਠੁੰਮ੍ਹਣਾ ਦੇ ਆਈ ਸਾਂ।

*****

(610)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author